ਸਿੱਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ [ਨਾਂਪੁ] ਸਿੱਖ ਧਰਮ ਦਾ ਪੈਰੋਕਾਰ; ਚੇਲਾ , ਸ਼ਿਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੱਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ. ਸ਼ਿ੄਴. ਦੇਖੋ, ਸਿਖ। ੨ ਗੁਰੁਸਿੱਖ. ਸਿੱਖ ਧਰਮ ਧਾਰੀ. ਦੇਖੋ ਸਿੱਖ ਧਰਮ. “ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ.” (ਭਾਗੁ) “ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸਬਦ ਸੁਰਤਿ ਸੋਈ ਸਿੱਖ ਜਗ ਜਾਨੀਐ.” (ਭਾਗੁ ਕ)

ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ

ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,

ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ

ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,

ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ

ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,

ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ , ਪੈ—

ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.

(ਭਾਗੁ ਕ)

ਸਤ੍ਯ ਕਰਤਾਰ ਕੀ ਉਪਾਸਨਾ ਕਰਨ ਹਾਰੋ

ਪੂਜੈ ਨਹੀਂ ਮਾਯਾ ਵਿਧਿ ਵਿ੃ਨੁ ਮਹੇਸ਼ ਕੋ,

ਉੱਦਮ ਸੇ ਲੱਛਮੀ ਕਮਾਵੈ ਆਪ ਖਾਵੈ ਭਲੈ

ਔਰਨ ਖੁਲਾਵੈ ਕਰੈ ਨਿਤ ਹਿਤ ਦੇਸ਼ ਕੋ,

ਵਾਦ ਵੈਰ ਈਰਖਾ ਵਿਕਾਰ ਮਨ ਲਾਵੈ ਨਾਹਿ

ਪਰ ਹਿਤ ਖੇਦ ਸਹੈ ਦੇਵੈ ਨ ਕਲੇਸ਼ ਕੋ,

ਸਦਾਚਾਰੀ ਸਾਹਸੀ ਸੁਹ੍ਰਿਦ ਸਤ੍ਯਵ੍ਰਤ ਧਾਰੀ,

ਐਸੋ ਗੁਰੂ ਸਿੱਖ ਸਰਤਾਜ ਹੈ ਵ੍ਰਿਜੇਸ਼ ਕੋ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੱਖ: ਇਹ ਸ਼ਬਦ ਸੰਸਕ੍ਰਿਤ ਦੇ ਸ਼ਿਸ਼ੑਯ ਸ਼ਬਦ ਦਾ ਤਦਭਵ ਰੂਪ ਹੈ ਜਿਸ ਦਾ ਅਰਥ ਹੈ ਜੋ ਸਿਖਿਆ ਦੇਣ ਯੋਗ ਹੋਵੇ, ਜੋ ਸਿਖਿਆ ਗ੍ਰਹਿਣ ਕਰੇ , ਸ਼ਾਗਿਰਦ। ਪੰਜਾਬੀ ਸਭਿਆਚਾਰ ਵਿਚ ‘ਸਿੱਖ’ ਉਸ ਨੂੰ ਕਿਹਾ ਜਾਂਦਾ ਹੈ ਜੋ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੀ ਸਿਖਿਆ ਅਥਵਾ ਉਪਦੇਸ਼ ਅਨੁਸਾਰ ਆਪਣਾ ਜੀਵਨ ਬਤੀਤ ਕਰੇ — ਸਿਖੀ ਸਿਖਿਆ ਗੁਰ ਵੀਚਾਰੁ ਇਸ ਤਰ੍ਹਾਂ ਹੁਣ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਧਰਮ ਵਿਚ ਵਿਸ਼ਵਾਸ ਰਖਣ ਵਾਲੇ ਵਿਅਕਤੀ ਲਈ ਰੂੜ੍ਹ ਹੋ ਗਿਆ ਹੈ— ਜਿਸ ਦੇ ਚਿੱਤ ਵਿਚ ਗੁਰੂ ਦੇ ਉਪਦੇਸ਼ ਦਾ ਅਸਰ ਹੈ ਅਤੇ ਜਿਸ ਦੀ ਸੁਰਤ ਗੁਰੂ-ਸ਼ਬਦ ਵਿਚ ਲੀਨ ਹੈ, ਉਹੀਸਿੱਖਹੈ

            ‘ਸਿੱਖ’ ਦਾ ਸਰੂਪ ਅਤੇ ਆਚਾਰ ਕਿਹੋ ਜਿਹਾ ਹੋਵੇ? ਇਨ੍ਹਾਂ ਗੱਲਾਂ ਬਾਰੇ ਗੁਰੂ ਨਾਨਕ ਦੇਵ ਜੀ ਦੇ ਪਰਵਰਤੀ ਗੁਰੂ ਸਾਹਿਬਾਨ ਦੀ ਬਾਣੀ ਵਿਚ ਕੁਝ ਸੰਕੇਤ ਮਿਲਦੇ ਹਨ। ਇਹ ਆਚਾਰ ਉਨ੍ਹਾਂ ਨੇ ਆਪ ਹੰਢਾਇਆ ਹੈ ਕਿਉਂਕਿ ਗੁਰੂ-ਪਦ ਪ੍ਰਾਪਤ ਕਰਨ ਤੋਂ ਪਹਿਲਾਂ ਉਹ ਆਪ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੀ ਸਨ। ਗੁਰੂ ਅਮਰਦਾਸ ਜੀ ਨੇ ਸੋਰਠਿ ਰਾਗ ਵਿਚ ਕਿਹਾ ਹੈ — ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ (ਗੁ.ਗ੍ਰੰ.601-602)।

            ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿਚ ਸਿੱਖ ਦੇ ਸਰੂਪ ਅਤੇ ਨਿੱਤ-ਕਰਮ ਉਤੇ ਵਿਸਤਾਰ ਨਾਲ ਝਾਤ ਪਾਈ ਹੈ। ‘ਗਉੜੀ ਕੀ ਵਾਰ ’ ਵਿਚ ਆਪ ਕਹਿੰਦੇ ਹਨ :ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਿਦਿਆ ਉਠਦਿਆ ਹਰਿਨਾਮੁ ਧਿਆਵੈ ਜੋ ਸਾਸਿ ਗਿਰਾਸਿ ਧਿਆਇ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸ ਸੁਣਾਵੈ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹਿ ਨਾਮੁ ਜਪਾਵੈ            (ਗੁ.ਗ੍ਰੰ.305-06)

            ਗੁਰੂ ਰਾਮਦਾਸ ਜੀ ਨੇ ‘ਵਡਹੰਸ ਕੀ ਵਾਰ ’ ਵਿਚ ਉਨ੍ਹਾਂ ਗੁਰਸਿੱਖਾਂ ਨੂੰ ਧੰਨ ਧੰਨ ਕਿਹਾ ਹੈ ਜੋ ਸਤਿਗੁਰੂ ਦੀ ਚਰਣ-ਸ਼ਰਣ ਵਿਚ ਜਾਂਦੇ ਹਨ, ਜੋ ਹਰਿ-ਨਾਮ ਨੂੰ ਮੁਖ ਤੋਂ ਉਚਾਰਦੇ ਹਨ, ਜੋ ਹਰਿ-ਨਾਮ ਸੁਣ ਕੇ ਆਨੰਦਿਤ ਹੁੰਦੇ ਹਨ, ਜੋ ਗੁਰੂ ਦੀ ਸੇਵਾ ਕਰਕੇ ਹਰਿ-ਨਾਮ ਦੀ ਦਾਤ ਲੈਂਦੇ ਹਨ, ਜੋ ਗੁਰੂ ਦੇ ਭਾਣੇ ਵਿਚ ਚਲਦੇ ਹਨ— ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮ ਸੁਣਿਐ ਮਨ ਅਨਦੁ ਭਇਆ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਕਰਿ ਹਰਿ ਨਾਮੁ ਲਇਆ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿਖੁ ਚਲਿਆ (ਗੁ.ਗ੍ਰੰ.593)।

            ਸਪੱਸ਼ਟ ਹੈ ਕਿ ‘ਸਿੱਖ’ ਤੋਂ ਭਾਵ ਹੈ ਉਹ ਸਦਾਚਾਰੀ ਵਿਅਕਤੀ ਜੋ ਗੁਰੂ ਨਾਨਕ ਦੇਵ ਜੀ ਅਤੇ ਪਰਵਰਤੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰੇ ਅਤੇ ਉਨ੍ਹਾਂ ਦੀ ਰਜ਼ਾ ਵਿਚ ਚਲੇ

       ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੇ ਲਿਖਾਰੀ ਅਤੇ ਗੁਰਮਤਿ ਦੇ ਸੁਪ੍ਰਸਿੱਧ ਵਿਆਖਿਆਕਾਰ ਭਾਈ ਗੁਰਦਾਸ ਨੇ ਆਪਣੀ ਬਾਣੀ ਵਿਚ ਸਿੱਖ ਦੇ ਸਰੂਪ ਅਤੇ ਆਚਾਰ ਉਤੇ ਬੜੇ ਵਿਸਤਾਰ ਨਾਲ ਪ੍ਰਕਾਸ਼ ਪਾਇਆ ਹੈ। ਸਚ ਪੁਛੋ ਤਾਂ ਭਾਈ ਗੁਰਦਾਸ ਦੀਆਂ ਵਾਰਾਂ ਇਕ ਪ੍ਰਕਾਰ ਨਾਲ ਸਿੱਖ ਦੀ ਰਹਿਤ-ਮਰਯਾਦਾ ਦੀ ਭੂਮਿਕਾ ਨਿਭਾਉਂਦੀਆਂ ਹਨ। ਇਸ ਸੰਬੰਧ ਵਿਚ ਉਨ੍ਹਾਂ ਦੀ 12ਵੀਂ ਵਾਰ ਵਿਸ਼ੇਸ਼ ਉੱਲੇਖਯੋਗ ਹੈ। ਭਾਈ ਗੁਰਦਾਸ ਨੇ ਸਿੱਖ ਦੇ ਸਰੂਪ ਦਾ ਵਿਸ਼ਲੇਸ਼ਣ ਗੁਰਬਾਣੀ ਦੇ ਅਨੁਰੂਪ ਹੀ ਕੀਤਾ ਹੈ। ਇਥੇ ਭਾਈ ਗੁਰਦਾਸ ਦੀਆਂ ਦੋ ਤਿੰਨ ਪਉੜੀਆਂ ਦਾ ਪਾਠ ਦੇਣਾ ਅਨੁਚਿਤ ਨਹੀਂ ਹੋਵੇਗਾ:

(1)  ਕੁਰਬਾਣੀ ਤਿੰਨ੍ਹਾ ਗੁਰੁ ਸਿਖਾਂ ਪਿਛਲ ਰਾਤੀ ਉਠਿ ਬਹਿੰਦੇ ਕੁਰਬਾਣੀ ਤਿੰਨ੍ਹਾ ਗੁਰੁ ਸਿਖਾਂ ਅੰਮ੍ਰਿਤ ਵੇਲੇ ਸਰ ਨ੍ਹਾਵੰਦੇ ਕੁਰਬਾਣੀ ਤਿੰਨ੍ਹਾ ਗੁਰੁ ਸਿਖਾਂ ਇਕ ਮਨ ਹੋ ਗੁਰੁ ਜਾਪ ਜਪੰਦੇ ਕੁਰਬਾਣੀ ਤਿੰਨ੍ਹਾ ਗੁਰੁ ਸਿਖਾਂ ਸਾਧੁ ਸੰਗਤਿ ਚਲਿ ਜਾਇ ਜੁੜੰਦੇ ਕੁਰਬਾਣੀ ਤਿੰਨ੍ਹਾ ਗੁਰੁ ਸਿਖਾਂ ਗੁਰੁਬਾਣੀ ਨਿਤਿ ਗਾਇ ਸੁਣੰਦੇ ਕੁਰਬਾਣੀ ਤਿੰਨ੍ਹਾ ਗੁਰੁ ਸਿਖਾਂ ਮਨ ਮੇਲੀ ਕਰਿ ਮੇਲ ਮਿਲਿੰਦੇ ਕੁਰਬਾਣੀ ਤਿੰਨ੍ਹਾ ਗੁਰੁ ਸਿਖਾਂ ਭਾਇ ਭਗਤਿ ਗੁਰ ਪੁਰਬ ਕਰੰਦੇ ਗੁਰੁ ਸੇਵਾ ਫਲ ਸੁਫਲ ਫਲਿੰਦੇ (12/21)

(2)  ਹਉ ਤਿਸ ਵਿਟਹੁੰ ਵਾਰਿਆ ਹੋਂਦੈ ਤਾਣ ਜੁ ਹੋਇ ਨਿਤਾਣਾ ਹਉ ਤਿਸ ਵਿਟਹੁੰ ਵਾਰਿਆ ਹੋਂਦੈ ਮਾਣ ਜੁ ਰਹੈ ਨਿਮਾਣਾ ਹਉ ਤਿਸ ਵਿਟਹੁੰ ਵਾਰਿਆ ਛਡਿ ਸਿਆਣਪ ਹੋਇ ਇਆਣਾ ਹਉ ਤਿਸ ਵਿਟਹੁੰ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ ਹਉ ਤਿਸ ਵਿਟਹੁੰ ਵਾਰਿਆ ਗੁਰਮੁਖ ਮਾਰਗ ਦੇਖਿ ਲੁਭਾਣਾ ਹਉ ਤਿਸ ਵਿਟਹੁੰ ਵਾਰਿਆ ਚਲਣ ਜਾਣ ਜੁਗਤਿ ਮਿਹਮਾਣਾ ਦੀਨ ਦੁਨੀ ਦਰਗਹ ਪਰਵਾਣਾ (12/3)

(3)  ਹਉ ਤਿਸ ਘੋਲ ਘੁਮਾਇਆ ਗੁਰਮਤਿ ਰਿਦੈ ਗ਼ਰੀਬੀ ਆਵੈ ਹਉ ਤਿਸ ਘੋਲ ਘੁਮਾਇਆ ਪਰਨਾਰੀ ਕੇ ਨੇੜ ਜਾਵੈ ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੋ ਹਥ ਲਾਵੈ ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣਿ ਆਪ ਹਟਾਵੈ ਹਉ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ ਕਮਾਵੈ ਹਉ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ ਗੁਰਮੁਖ ਸੋਈ ਸਹਜ ਸਮਾਵੈ (12/4)

            ਭਾਈ ਮਨੀ ਸਿੰਘ ਨੇ ਵੀ ਗੁਰਸਿੱਖ ਦੇ ਗੁਣਾਂ ਦਾ ਜ਼ਿਕਰ ਕਰਦਿਆਂ ‘ਸਿੱਖਾਂ ਦੀ ਭਗਤਮਾਲਾ ’ ਵਿਚ ਲਿਖਿਆ ਹੈ:

            ਗੁਰੂ ਦੇ ਸਿੱਖਾਂ ਦਾ ਮਨੁੱਖਾ ਜਨਮ ਸਫਲ ਹੈ, ਜੋ ਗੁਰੂ ਦੇ ਸਿੱਖਾਂ ਦੀ ਸੰਗਤਿ ਕਰਕੇ ਗੁਰੂ ਕੇ ਦੁਆਰੇ ਸਾਧ-ਸੰਗਤ ਵਿਚ ਟੁਰ ਜਾਂਦੇ ਹਨ, ਗੁਰੂ ਕੇ ਸ਼ਬਦ ਅਗੇ ਮੱਥਾ ਟੇਕ ਕਰ ਗੁਰਮੁਖ ਸਿੱਖਾਂ ਦਾ ਦਰਸ਼ਨ ਕਰਦੇ ਹੈਨ, ਪਖੇ ਪਾਣੀ ਦੀ ਟਹਿਲ ਕਰਦੇ ਹੈਨ; ਤੇ ਗੁਰੂ ਦੇ ਦਰਬਾਰ ਦੀ ਪਰਦਖਣਾ ਕਰਕੇ ਚਰਣਧੂੜਿ ਮਸਤਕ ਤੇ ਲਾਂਵਦੇ ਹੈਨ, ਤੇ ਵਾਹਗੁਰੂ ਦਾ ਮੰਤਰ ਸ਼ਬਦ ਧਯਾਨ ਲਾਇਕੈ ਸੁਣਦੇ ਹੈਨ ਤੇ ਸੱਚੀ ਰਹਿਰਾਸਿ ਸੁਣਨ ਦਾ ਨੇਮ ਕਰਦੇ ਹੈਨ, ਤੇ ਗੁਰੂ ਦੇ ਸਿੱਖਾਂ ਦੀ ਪੈਰੀਂ ਪਵੰਦੇ ਹੈਨ, ਧਨ ਵਾਹਿਗੁਰੂ ਹੈ ਜੋ ਅਸਾਂ ਨੂੰ ਸ਼ਬਦ ਦੇ ਲੜ ਲਾਇਕੈ ਉਧਾਰ ਕੀਤਾ ਹੈਸੁ ਉਨ੍ਹਾਂ ਦੀ ਸੱਚੀ ਪ੍ਰੀਤਿ ਵੇਖ ਕੇ ਸਾਰਾ ਜਗਤ ਉਨ੍ਹਾਂ ਦੀ ਪੈਰੀ ਪਵਦਾ ਹੈ ਗੁਰੂ ਕੇ ਸਿਖ ਕਾਮ ਨੂੰ ਤਿਆਗਦੇ ਹੈਨ, ਆਪਣੀ ਧਰਮ ਦੀ ਇਸਤਰੀ ਬਿਨਾ ਹੋਰ ਕਿਧਰੇ ਧਿਆਨ ਨਹੀਂ ਕਰਦੇ, ਤੇ ਕਿਸੇ ਨੂੰ ਕ੍ਰੋਧ ਨਹੀਂ ਕਰਦੇ, ਕਹਿੰਦੇ ਹੈਨ ਜੋ ਕ੍ਰਿੋਧ ਚੰਡਾਲ ਹੈ, ਇਸ ਦੇ ਨਾਲ ਛੋਹਿਆ ਨਹੀਂ ਚਾਹੀਦਾ ਜੇ ਕੋਈ ਹੋਰ ਕ੍ਰਿੋਧ ਕਰਦਾ ਹੈ, ਤਾਂ ਸਹਿੰਦੇ ਹੈਨ ਅਗੋਂ ਮਿੱਠਾ ਬੋਲਦੇ ਹਨ ਤੇ ਹੰਕਾਰ ਨਹੀਂ ਕਰਦੇ, ਕਹਿੰਦੇ ਸਲ ਜੋ ਅਸੀਂ ਸਭਨਾਂ ਥੀਂ ਨੀਚ ਹਾਂ, ਗੁਰੂ ਦੇ ਸਿਖ ਹਾਂ, ਗੁਰੂ ਦੇ ਸਿਖ ਸਭ ਅਸਾਂ ਥੀ ਵਿਸੇਖ ਹਨ ਤੇ ਜਤ ਕਰਦੇ ਹਨ, ਪਰਾਈ ਇਸਤਰੀ ਨੂੰ ਮਾਂ ਭੈਣ ਦੇ ਸਮਾਨ ਜਾਣਦੇ ਹੈਨ ਲੜਕੇ ਪੁਤ੍ਰ ਸਮਾਨ ਜਾਣਦੇ ਹਨ ਧਰਮ ਦੀ ਕਿਰਤ ਕਰਕੇ ਵੰਡ ਖਾਂਵਦੇ ਹਨ, ਗੁਰੂ ਦਾ ਦਸਵੰਦ ਕਢਦੇ ਹਨ, ਗ਼ਰੀਬਾਂ ਤੇ ਅਗਿਆਨੀਆਂ ਪਰ ਦਯਾ ਕਰਦੇ ਹਨ ਆਪਣੇ ਗੁਰੂ ਦੇ ਧਰਮ ਪਰ ਦ੍ਰਿੜ੍ਹ ਰਹਿੰਦੇ ਹਨ ਅੰਮ੍ਰਿਤ ਵੇਲੇ ਉਠ ਕੇ ਇਸਨਾਨ ਕਰਕੇ ਬਾਣੀ ਪੜ੍ਹਦੇ ਹਨ ਪਰਸਾਦ ਗੁਰੂ ਕੇ ਨਿਮਿਤ ਦੇ ਕੇ ਖਾਂਵਦੇ ਹਨ ਬਸਤ੍ਰ ਗੁਰੂ ਕੇ ਨਿਮਿਤ ਦੇ ਕੇ ਪਹਿਨਦੇ ਹਨ ਤੇ ਗੁਰੂ ਕੇ ਸ਼ਬਦ ਨੂੰ ਅਠੇ ਪਹਿਰ ਵਿਚਾਰਦੇ ਹਨ

            ‘ਭਾਈ ਬਾਲੇ ਵਾਲੀ ਜਨਮਸਾਖੀ ’ ਵਿਚ ਸਿੱਖਾਂ ਦੀ ਉਚਤਾ ਸੰਬੰਧੀ ਸਪੱਸ਼ਟ ਲਿਖਿਆ ਹੈ ਕਿ ਨਿਰਮਲ ਸਿੱਖ ਉਹ ਹੀ ਹਨ ਜੋ ਗੁਰੂ ਤੋਂ ਬਿਨਾ ਕੁਝ ਨਹੀਂ ਜਾਣਦੇ ਅਤੇ ਗੁਰੂ ਦੇ ਬਚਨਾਂ ਉਤੇ ਨ ਚਲਣ ਵਾਲਾ ਸਿੱਖ ਮਲੀਨ ਹੁੰਦਾ ਹੈ। ਗੁਰਸਿੱਖਾਂ ਦਾ ਆਪਣੇ ਗੁਰ ਭਾਈਆਂ ਨਾਲ ਪਿਆਰ ਵੀ ਬਾਕੀ ਰਿਸ਼ਤਿਆਂ ਤੋਂ ਪਵਿੱਤਰ ਤੇ ਉੱਚਾ ਹੈ। ਇਨ੍ਹਾਂ ਕਥਨਾਂ ਤੋਂ ਇਲਾਵਾ ਸਿੱਖ ਇਤਿਹਾਸ ਗ੍ਰੰਥਾਂ ਅਤੇ ਰਹਿਤਨਾਮਿਆਂ ਵਿਚ ਸਿੱਖਾਂ ਦੀਆਂ ਵਿਸ਼ੇਸ਼ਤਾਵਾਂ ਉਤੇ ਵਿਸਤਾਰ ਸਹਿਤ ਪ੍ਰਕਾਸ਼ ਪਾਇਆ ਗਿਆ ਹੈ। ਕੇਸਾਂ ਨੂੰ ਮੁਖ ਰਖਦਿਆਂ ਸਿੱਖਾਂ ਦਾ ਵਰਗੀਕਰਣ ਵੀ ਹੋਇਆ ਹੈ, ਜਿਵੇਂ ਅੰਮ੍ਰਿਤਧਾਰੀ , ਕੇਸਧਾਰੀ ਅਤੇ ਸਹਿਜਧਾਰੀ। ਵਖ ਵਖ ਸੰਪ੍ਰਦਾਵਾਂ ਵਾਲੇ ਸਿੱਖ ਨੂੰ ਉਨ੍ਹਾਂ ਦੀਆਂ ਸੰਪ੍ਰਦਾਵਾਂ ਨਾਲ ਸੰਬੰਧਿਤ ਕੀਤਾ ਜਾਂਦਾ ਹੈ, ਜਿਵੇਂ ਉਦਾਸੀ ਸਿੱਖ, ਨਿਰਮਲਾ ਸਿੱਖ ਆਦਿ।

            ਗੁਰੂ ਤੇਗ ਬਹਾਦਰ ਜੀ ਤਕ ਸਿੱਖ ਬਣਨ ਦੀ ਦੀਖਿਆ-ਵਿਧੀ ਚਰਣ-ਪਾਹੁਲ ਨਾਲ ਸੰਪੰਨ ਹੁੰਦੀ ਸੀ , ਪਰ ਗੁਰੂ ਗੋਬਿੰਦ ਸਿੰਘ ਨੇ ਸੰਨ 1699 ਈ. ਦੀ ਵਿਸਾਖੀ ਵਾਲੇ ਦਿਨ ‘ਚਰਣ-ਪਾਹੁਲ’ ਦੀ ਥਾਂ ‘ਪੀਓ ਪਾਹੁਲ ਖੰਡੇਧਾਰ’ ਦੀ ਪਰੰਪਰਾ ਚਲਾਈ ਅਤੇ ਆਪਣੇ ਅਨੁਯਾਈਆਂ ਨੂੰ ‘ਸਿੱਖ’ ਤੋਂ ‘ਸਿੰਘ’ ਬਣਾਇਆ।

            ਰਾਜਨੈਤਿਕ ਪਰਿਸਥਿਤੀਆਂ ਅਤੇ ਧਾਰਮਿਕ ਆਵੱਸ਼ਕਤਾਵਾਂ ਦੇ ਮੱਦੇਨਜ਼ਰ ਪੰਜਾਬ ਦਾ ‘ਸਿਖ ਗੁਰਦੁਆਰਾ ਐਕਟ, 1925’ ਅਤੇ ‘ਦਿੱਲੀ ਸਿੱਖ ਗੁਰਦੁਆਰਾ ਐਕਟ 1971’ ਦੇ ਪਾਸ ਹੋਣ ਨਾਲ ਸਿੱਖ ਦੀ ਪਰਿਭਾਸ਼ਾ , ਸਰੂਪ ਅਤੇ ਆਚਾਰ ਨੂੰ ਚੰਗੀ ਤਰ੍ਹਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿਚ ਆਏ ‘ਸਿਖ ਸੰਕਲਪ ’ ਦਾ ਇਨ੍ਹਾਂ ਐਕਟਾਂ ਵਿਚ ਕਾਫ਼ੀ ਵਿਕਾਸ ਹੋ ਗਿਆ ਹੈ। ਭਾਰਤ ਦੇ ਸੰਵਿਧਾਨ ਵਿਚ ਸਵੀਕਾਰ ਕਰ ਲਿਆ ਗਿਆ ਹੈ ਕਿ ਸਿੱਖ ਇਕ ਵਖਰਾ ਧਰਮ ਹੈ ਅਤੇ ਇਕ ਵਖਰਾ ਭਾਈਚਾਰਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਿੱਖ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ : ਸ਼ਬਦ ਸੰਸਕ੍ਰਿਤ ਦੇ ਸ਼ਿਸ਼ਯ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਸਿਖਾਂਦਰੂ ਜਾਂ ਸਿਖਣ ਵਾਲਾ।ਪਾਲੀ ਭਾਸ਼ਾ ਵਿਚ ਇਹੋ ਸ਼ਿਸ਼ਯ ਸ਼ਬਦ ਬਦਲ ਕੇ ਸ਼ਿਸ਼ ਬਣ ਗਿਆ। ਪਾਲੀ ਸ਼ਬਦ ‘ਸੇਖਾ` ਦਾ ਅਰਥ ਵੀ ਵਿਦਿਆਰਥੀ ਜਾਂ ਧਾਰਮਿਕ ਸਿਧਾਂਤ ਦਾ ਸਿੱਖਣ ਵਾਲਾ ਹੈ। ਇਸ ਸ਼ਬਦ ਦਾ ਪੰਜਾਬੀ ਰੂਪ ਸਿੱਖ ਹੈ। ਸ਼ਬਦ ਸਿੱਖ ਪੰਜਾਬ ਅਤੇ ਬਾਕੀ ਥਾਵਾਂ’ਤੇ ਉਹਨਾਂ ਸਿਖਿਆਰਥੀਆਂ ਲਈ ਵਰਤਿਆ ਜਾਣ ਲੱਗਾ ਜੋ ਗੁਰੂ ਨਾਨਕ ਦੇਵ (1469-1539) ਅਤੇ ਉਹਨਾਂ ਦੇ ਨੌਂ ਅਧਿਆਤਮਿਕ ਗੱਦੀ ਨਸ਼ੀਨਾਂ ਦੇ ਸਿੱਖ ਸਨ। ਵਿਸ਼ੇਸ਼ ਤੌਰ ਤੇ ਅਰੰਭ ਵਿਚ(ਨਾਨਕ ਦੇ ਰਾਹ ’ਤੇ ਚੱਲਣ ਵਾਲੇ) ਨਾਨਕਪੰਥੀਆਂ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਸੀ। ਗੁਰੂ ਹਰਗੋਬਿੰਦ ਜੀ (1595-1644) ਅਤੇ ਗੁਰੂ ਹਰਰਾਇ ਜੀ(1630-61) ਦਾ ਸਮਕਾਲੀ ਮੋਬਿਦ ਜ਼ੁਲਫ਼ਿਕਾਰ ਅਰਦਸਤਾਨੀ ਆਪਣੀ ਫ਼ਾਰਸੀ ਦੀ ਪੁਸਤਕ ਦਬਿਸਤਾਨ-ਇ-ਮਜ਼ਾਹਿਬ ਵਿਚ ਸਿੱਖਾਂ ਦੀ ਵਿਆਖਿਆ ਕਰਦਾ ਹੋਇਆ ਲਿਖਦਾ ਹੈ ਕਿ “ਨਾਨਕ ਪੰਥੀ ਗੁਰਸਿੱਖਾਂ ਦੇ ਤੌਰ ‘ਤੇ ਜਾਣੇ ਜਾਂਦੇ ਹਨ ਜੋ ਮੂਰਤੀਆਂ ਅਤੇ ਮੰਦਰਾਂ ਵਿਚ ਵਿਸ਼ਵਾਸ ਨਹੀਂ ਰੱਖਦੇ"। 1925 ਦੇ ਸਿੱਖ ਗੁਰਦੁਆਰਾ ਐਕਟ ਜੋ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀ ਅਨੁਸਾਰ “ਜੋ ਮਨੁੱਖ ਸਿੱਖ ਧਰਮ ਨੂੰ ਮੰਨਦਾ ਹੈ ਸਿੱਖ ਹੈ"। ਇਸੇ ਐਕਟ ਵਿਚ ਅੱਗੇ ਲਿਖਿਆ ਹੈ ਕਿ ਕਿਸੇ ਸ਼ੱਕ ਦੀ ਸੂਰਤ ਵਿਚ ਜੋ ਮਨੁੱਖ ਹੇਠ ਲਿਖਿਆ ਐਲਾਨ ਕਰੇਗਾ ਸਿੱਖ ਅਖਵਾਏਗਾ: “ਮੈਂ ਗੰਭੀਰਤਾ ਪੂਰਬਕ ਪੱਕੇ ਤੌਰ’ਤੇ ਕਹਿੰਦਾ ਹਾਂ ਕਿ ਮੈਂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦਾ ਹਾਂ, ਮੈਂ ਦਸ ਗੁਰੂਆਂ ਵਿਚ ਵਿਸ਼ਵਾਸ ਰੱਖਦਾ ਹਾਂ ਅਤੇ ਮੈਂ ਇਸ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ"। ਦਿੱਲੀ ਸਿੱਖ ਗੁਰਦੁਆਰਾ ਐਕਟ, 1971 ਜਿਸ ਨੂੰ ਭਾਰਤੀ ਪਾਰਲੀਮੈਂਟ ਨੇ ਪਾਸ ਕੀਤਾ ਹੈ ਵਿਚ ਸਿੱਖ ਦੀ ਹੋਰ ਵੀ ਸਹੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਸਿੱਖ ਲਈ ਕੇਸ ਸਾਬਤ ਰੱਖਣੇ ਮੁਖ ਯੋਗਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂਆਂ ਵਿਚ ਵਿਸ਼ਵਾਸ ਰੱਖਣ ਤੋਂ ਇਲਾਵਾ ਇਕ ਸਿੱਖ ਲਈ ਜ਼ਰੂਰੀ ਹੈ ਕਿ ਉਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ। ਇਸ ਲਈ ਦਿੱਲੀ ਸਿੱਖ ਗੁਰਦੁਆਰਾ ਐਕਟ ਵਿਚ ਸਹਜਧਾਰੀਆਂ (ਜੋ ਸਿੱਖ ਧਰਮ ਵਿਚ ਵਿਸ਼ਵਾਸ ਤਾਂ ਰੱਖਦੇ ਹਨ ਪਰ ਕੇਸ ਰੱਖਣ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ) ਅਤੇ ਨਾਮਧਾਰੀਆਂ ਅਤੇ ਨਿਰੰਕਾਰੀਆਂ ਵਰਗੇ ਫ਼ਿਰਕਿਆਂ ਨੂੰ ਜੋ ਦਸ ਗੁਰੂਆਂ ਤੋਂ ਬਿਨਾਂ ਦੇਹਧਾਰੀ ਗੁਰੂ ਨੂੰ ਮੰਨਦੇ ਹਨ, ਸ਼ਾਮਲ ਨਹੀਂ ਕੀਤਾ ਗਿਆ।

      ਅਰੂਪ , ਸਦੀਵੀ, ਪਰਾਭੌਤਿਕ ਅਤੇ ਸਰਬਸ਼ਕਤੀਮਾਨ ਪਰਮਾਤਮਾ ਦੀ ਇੱਕਤਾ (ਦਵੈਤ ਰਹਿਤਤਾ) ਵਿਚ ਸਿੱਖ ਵਿਸ਼ਵਾਸ ਰਖਦੇ ਹਨ। ਪਰਮਾਤਮਾ ਦੀ ਇੱਕਤਾ ਦਾ ਅਰਥ ਹੈ ਕਿਸੇ ਦੇਵੀ ਦੇਵਤਿਆਂ, ਮੂਰਤੀ ਅਤੇ ਮੂਰਤੀ ਪੂਜਾ ਵਿਚ ਵਿਸ਼ਵਾਸ ਨਾ ਰੱਖਣਾ ਅਤੇ ਦੂਸਰੇ ਪਾਸੇ, ਜਨਮ, ਜਾਤ ਜਾਂ ਦੇਸ ਦੇ ਆਧਾਰ ਤੇ ਮਨੁੱਖਤਾ ਦੀ ਵੰਡ ਨੂੰ ਨਾ ਮੰਨਣਾ। ਸਿੱਖ ਧਾਰਮਿਕ ਅਸਥਾਨਾਂ ਜਿਨ੍ਹਾਂ ਨੂੰ ਗੁਰਦੁਆਰੇ ਕਿਹਾ ਜਾਂਦਾ ਹੈ ਵਿਚ ਮੂਰਤੀਆਂ ਨਾ ਤਾਂ ਰੱਖੀਆਂ ਜਾਂਦੀਆਂ ਹਨ ਅਤੇ ਨਾ ਹੀ ਪੂਜੀਆਂ ਜਾਂਦੀਆਂ ਹਨ। ਗੁਰਦੁਆਰੇ ਅੰਦਰ ਸਤਿਕਾਰ ਕੇਵਲ ਪਵਿੱਤਰ ਧਾਰਮਿਕ ਗ੍ਰੰਥ , ਗੁਰੂ ਗ੍ਰੰਥ ਸਾਹਿਬ ਦਾ ਹੀ ਕੀਤਾ ਜਾਂਦਾ ਹੈ। ਸਿੱਖ ਇਸ ਸ੍ਰਿਸ਼ਟੀ ਨੂੰ ਮਾਇਆ ਜਾਂ ਛਲਾਵਾ ਨਹੀਂ ਮੰਨਦੇ ਅਤੇ ਸੰਸਾਰੀ ਜੀਵਨ ਦੇ ਸਨਮਾਨ ਵਿਚ ਵਿਸ਼ਵਾਸ ਰਖਦੇ ਹੋਏ ਇਕ ਉਚੇਰਾ ਇਖ਼ਲਾਕੀ ਜੀਵਨ ਜਿਉਂਦੇ ਹਨ। ਮਨੁੱਖਾ ਜੀਵਨ ਅੱਛੇ ਕੰਮਾਂ ਕਰਕੇ ਪ੍ਰਾਪਤ ਹੁੰਦਾ ਹੈ ਇਸ ਲਈ ਇਸ ਨੂੰ ਅਰਦਾਸ , ਸ਼ਰਧਾ ਅਤੇ ਚੰਗੇ ਕੰਮਾਂ ਵਿਚ ਲਾਉਣਾ ਚਾਹੀਦਾ ਹੈ। ਇਮਾਨਦਾਰੀ ਨਾਲ ਜੀਵਨ ਜਿਊਣ ਲਈ ਸਿੱਖੀ ਦੀ ਪ੍ਰਸਿੱਧ ਜੁਗਤ ਹੈ ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ। ਸਿੱਖ ਧਰਮ ਸਿੱਖਾਂ ਨੂੰ ਬਲਸ਼ਾਲੀ ਅਤੇ ਦਲੇਰੀ ਨਾਲ ਜਿਊਣ ਦੀ ਸਿੱਖਿਆ ਦਿੰਦਾ ਹੈ। ਚੌਥੇ ਗੁਰੂ, ਗੁਰੂ ਰਾਮ ਦਾਸ ਜੀ ਆਪਣੇ ਇਕ ਸ਼ਬਦ ਵਿਚ ਸਿੱਖ ਨੂੰ ਅੰਮ੍ਰਿਤ ਵੇਲੇ ਉਠਣ ਦਾ, ਇਸ਼ਨਾਨ ਕਰਨ ਉਪਰੰਤ ਕੇਵਲ ਆਪ ਹੀ ਬਾਣੀ ਪੜ੍ਹਨ, ਪਰਮਾਤਮਾ ਦਾ ਸਿਮਰਨ ਕਰਨ ਅਤੇ ਆਪਣੇ ਕਰਤੱਵਾਂ ਦੇ ਪਾਲਣ ਦਾ ਉਪਦੇਸ਼ ਨਹੀਂ ਦਿੰਦੇ ਸਗੋਂ ਦੂਸਰਿਆਂ ਨੂੰ ਵੀ ਨਾਮ ਜਪਣ ਵਿਚ ਸਹਾਇਤਾ ਕਰਨ ਦਾ ਆਦੇਸ਼ ਦਿੰਦੇ ਹਨ। ਇਸੇ ਤਰ੍ਹਾਂ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਆਦਰਸ਼ ਮਨੁੱਖ ਉਸ ਨੂੰ ਮੰਨਦੇ ਹਨ ਜੋ ਕਿਸੇ ਨੂੰ ਭੈ ਨਾ ਦੇਵੇ ਅਤੇ ਨਾ ਕਿਸੇ ਦਾ ਭੈ ਮੰਨੇ। ਸਿੱਖ ਗ੍ਰਹਿਸਤੀ ਹੁੰਦੇ ਹਨ। ਇਹਨਾਂ ਵਿਚ ਪੁਜਾਰੀ ਸ਼੍ਰੇਣੀ ਨਹੀਂ ਹੈ। ਸਾਰੇ ਹੀ ਤੰਦਰੁਸਤੀ ਦੀ ਹਾਲਤ ਵਿਚ ਇਕ ਗ੍ਰੰਥੀ ਦੀ ਸੇਵਾ ਨਿਭਾ ਸਕਦੇ ਹਨ। ਸਿੱਖਾਂ ਵਿਚ ਇਸਤਰੀ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ।

    ਭਾਵੇਂ ਕਿ ਸਿੱਖ ਪਰਵਾਰ ਵਿਚ ਜਨਮੇ ਅਤੇ ਪਲੇ ਹੋਏ ਮਨੁੱਖ ਨੂੰ ਸਿੱਖ ਕਿਹਾ ਜਾਂਦਾ ਹੈ ਪਰੰਤੂ ਨਿਯਮਾਂ ਅਨੁਸਾਰ ਵਿਸ਼ੇਸ਼ ਰੀਤੀ ਰਾਹੀਂ ਅੰਮ੍ਰਿਤ ਛਕ ਦੇ ਸਿੱਖ ਧਰਮ ਧਾਰਨ ਕਰਨਾ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਿਰਜਣਾ ਦੇ ਸਮੇਂ 1699 ਤਕ , ਚਰਨ ਪਾਹੁਲ ਰਾਹੀਂ ਸਿੱਖੀ ਧਾਰਨ ਕਰਨਾ ਪ੍ਰਚਲਿਤ ਸੀ। ਇਸ ਰੀਤੀ ਅਨੁਸਾਰ ਧਰਮ ਵਿਚ ਪ੍ਰਵੇਸ਼ ਕਰਨ ਵਾਲੇ ਵਿਅਕਤੀ ਲਈ ਗੁਰੂ ਪਾਣੀ ਵਿਚ ਪੈਰ ਦਾ ਅੰਗੂਠਾ ਡੁਬੋਂਦਾ ਸੀ ਜਾਂ ਅੰਗੂਠੇ ਉੱਤੇ ਜਲ ਪਾਇਆ ਜਾਂਦਾ ਸੀ ਅਤੇ ਵਿਅਕਤੀ ਇਸ ਜਲ ਨੂੰ ਪੀਂਦਾ ਸੀ ਅਤੇ ਸਿੱਖ ਬਣ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦਾ ਅੰਮ੍ਰਿਤ ਛਕਣ ਦੀ ਮਰਿਆਦਾ ਕਾਇਮ ਕੀਤੀ ਅਤੇ ਅਵੱਸ਼ਕ ਰੂਪ ਵਿਚ ਕੇਸਾਂ ਸਮੇਤ ਪੰਜ ਕੱਕੇ ਧਾਰਨ ਕਰਨ ਦਾ ਆਦੇਸ਼ ਕਰ ਦਿੱਤਾ। ਸਹਜਧਾਰੀ ਸਿੱਖ ਥੋੜ੍ਹੇ ਸਮੇਂ ਲਈ ਇਹਨਾਂ ਤੋਂ ਛੋਟ ਮੰਗਣ ਦਾ ਦਾਹਵਾ ਕਰਦੇ ਹਨ।


ਲੇਖਕ : ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੱਖ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ : ਰਜਨੀਕਾਂਤ ਗੁਪਤਾ ਦੀ ਸੰਖੇਪ ਰਚਨਾ ਹੈ ਜੋ ਬੰਗਾਲੀ ਭਾਸ਼ਾ ਵਿਚ ਹੈ। ਇਹ ਗੁਰੂ ਨਾਨਕ (1469-1539) ਤੋਂ ਲੈ ਕੇ 1849 ਵਿਚ ਪੰਜਾਬ ਨੂੰ ਬ੍ਰਿਟਿਸ਼ ਦੁਆਰਾ ਜਿੱਤੇ ਜਾਣ ਤਕ ਦਾ ਇਤਿਹਾਸ ਹੈ। ਗੁਪਤਾ ਨੇ ਇਸ ਤੋਂ ਪਹਿਲਾਂ ਵੀ ਆਪਣੀਆਂ ਪੁਸਤਕਾਂ ਵਿਚੋਂ ਇਕ ਵਿਚ ਗੁਰੂ ਨਾਨਕ ਦੇਵ ਦਾ ਜੀਵਨ ਲਿਖ ਕੇ 1880 ਵਿਚ ਛਾਪਿਆ ਸੀ। ਮਾਰਚ 1883 ਵਿਚ ਇਸ ਨੇ ਸਿਟੀ ਕਾਲਜ, ਕੋਲਕੱਤਾ ਵਿਖੇ ਸਿੱਖਾਂ ਬਾਰੇ ਇਕ ਭਾਸ਼ਨ ਦਿੱਤਾ ਸੀ ਜਿਹੜਾ ਬਾਅਦ ਵਿਚ ਇਕ ਲੰਮੇ ਨਿਬੰਧ ਦੇ ਤੌਰ ਤੇ ‘ਸਿੱਖ` ਸਿਰਲੇਖ ਹੇਠ ਅਪ੍ਰੈਲ 1883 ਵਿਚ ਛਪਿਆ ਸੀ। ਆਪਣੇ ਸ੍ਰੋਤਾਂ ਲਈ ਲੇਖਕ ਜ਼ਿਆਦਾਤਰ ਮੈਲਕਾਮ ਅਤੇ ਕਨਿੰਘਮ ਉੱਤੇ ਨਿਰਭਰ ਕਰਦਾ ਹੈ। ਭਾਵੇਂ ਇਹ ਸਿੱਖਾਂ ਨੂੰ ਹਿੰਦੂਆਂ ਦਾ ਹੀ ਇਕ ਹਿੱਸਾ ਮੰਨਦਾ ਹੈ ਪਰੰਤੂ ਇਸ ਦੀ ਇਹਨਾਂ ਗੱਲਾਂ ਦੀ ਵਿਆਖਿਆ ਜਿਵੇਂ ਕਿ 1699 ਵਿਚ ਖ਼ਾਲਸੇ ਦੀ ਸਿਰਜਣਾ, ਮੁਗਲ ਰਾਜ ਦਾ ਗੁਰੂ ਗੋਬਿੰਦ ਸਿੰਘ ਵੱਲੋਂ ਡਟ ਕੇ ਫ਼ੌਜੀ ਮੁਕਾਬਲਾ ਕਰਨਾ ਜਿਸ ਵਿਚ ਹਿੰਦੂ ਅਤੇ ਮੁਸਲਮਾਨ ਸ਼ਾਮਲ ਸਨ ਅਤੇ ਜਿਨ੍ਹਾਂ ਨੇ ਇਕੋ ਜਿਹਾ ਨੁਕਸਾਨ ਉਠਾਇਆ, ਕਾਫ਼ੀ ਹੱਦ ਤਕ ਤਰਕਸੰਗਤ ਹੈ। ਇਹ ਨਿਬੰਧ ਅਠਾਰ੍ਹਵੀਂ ਸਦੀ ਦੇ ਸਿੱਖ ਸੰਘਰਸ਼ ਵੱਲ ਵੀ ਸੰਖੇਪ ਇਸ਼ਾਰਾ ਕਰਦਾ ਹੈ ਅਤੇ ਲੇਖਕ ਅੰਤ ਵਿਚ ਸਿੱਖਾਂ ਦੀ ਜਿੱਤ, ਇਹਨਾਂ ਦੇ ਵਧੀਆ ਫ਼ੌਜੀ ਸੰਗਠਨ , ਯੋਗ ਲੀਡਰਸ਼ਿਪ ਅਤੇ ਸਵੈ-ਕੁਰਬਾਨੀ ਲਈ ਬਹਾਦਰੀ ਕਰਕੇ ਹੋਈ ਮੰਨਦਾ ਹੈ। ਰਣਜੀਤ ਸਿੰਘ ਦੀ ਚੜ੍ਹਤ ਮਿਸਲਾਂ ਦੇ ਪਤਨ ਹੋਣ ਦੀ ਪਿੱਠ ਭੂਮੀ ਵਿਚ ਵਿਖਾਈ ਗਈ ਹੈ। ਸਿੱਖ ਰਾਜ ਦੇ ਖ਼ਾਤਮੇ ਨੂੰ ਇਹ ਬ੍ਰਿਟਿਸ ਦੀਆਂ ਚਾਲਸਾਜ਼ੀਆਂ ਅਤੇ ਲਾਲ ਸਿੰਘ ਅਤੇ ਤੇਜ ਸਿੰਘ ਵਰਗੇ ਦਰਬਾਰੀਆਂ ਦੀਆਂ ਗੱਦਾਰੀਆਂ ਨੂੰ ਇਹ ਸਿੱਖ ਰਾਜ ਦੇ ਖ਼ਾਤਮੇ ਦਾ ਦੋਸ਼ੀ ਮੰਨਦਾ ਹੈ। ਇਸ ਦੇ ਪਿੱਛੋਂ ਸੰਸਕਰਨ ਵਿਚ ਲੇਖਕ ਨੇ ਇਸ ਪਿੱਛੋਂ ਹੋਈਆਂ ਹੋਰ ਘਟਨਾਵਾਂ ਜਿਵੇਂ ਕਿ ਧਰਮ ਬਦਲੀ ਅਤੇ ਗੱਦੀ ਤੋਂ ਉਤਾਰੇ ਦਲੀਪ ਸਿੰਘ ਨੂੰ ਇੰਗਲੈਂਡ ਭੇਜਣਾ, ਇਸ ਦਾ ਬ੍ਰਿਟਿਸ਼ ਨਾਲ ਨਾ ਖੁਸ਼ ਹੋਣਾ ਅਤੇ ਪੰਜਾਬ ਵਾਪਸ ਆ ਕੇ ਅੰਮ੍ਰਿਤ ਛਕ ਕੇ ਖ਼ਾਲਸਾ ਬਣਨ ਦੀ ਲਾਲਸਾ ਦਾ ਜ਼ਿਕਰ ਮਿਲਦਾ ਹੈ।


ਲੇਖਕ : ਹ.ਬ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੱਖ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ : ਬਿਪਨ ਬਿਹਾਰੀ ਨੰਦੀ ਦਾ ਇਕ ਨਾਟਕ ਹੈ ਜਿਹੜਾ 1909 ਦੇ ਸਮੇਂ ਬੰਗਾਲੀ ਵਿਚ ਛਪਿਆ ਸੀ। ਇਸ ਵਿਚ ਗੁਰੂ ਗੋਬਿੰਦ ਸਿੰਘ ਦੁਆਰਾ ਸਿੱਖਾਂ ਦੇ ਖ਼ਾਲਸਾ ਪੰਥ ਦੇ ਤੌਰ ’ਤੇ ਸੰਗਠਿਤ ਹੋਣ ਦਾ ਵਰਨਨ ਮਿਲਦਾ ਹੈ। ਲੰਮੀ ਬਿਰਤਾਂਤਿਕ ਸ਼ੈਲੀ ਵਿਚ ਲਿਖੀ ਇਹ ਖੁੱਲ੍ਹੀ ਕਵਿਤਾ ਹੈ, ਜਿਸ ਦੇ ਬੰਦਾਂ ਵਿਚ ਅਕਸਰ 15 ਤੋਂ 20 ਪੰਗਤੀਆਂ ਰੱਖੀਆਂ ਗਈਆਂ ਹਨ। ਇਸ ਨਾਟਕ ਨੂੰ ਛੇ ਦ੍ਰਿਸ਼ਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਗੁਰੂ ਤੇਗ਼ ਬਹਾਦਰ , ਗੁਰੂ ਗੋਬਿੰਦ ਸਿੰਘ ਅਤੇ ਬਾਦਸ਼ਾਹ ਔਰੰਗਜ਼ੇਬ ਸਮੇਤ ਪੰਜ ਇਤਿਹਾਸਿਕ ਮਹੱਤਤਾ ਵਾਲੇ ਪਾਤਰ ਸ਼ਾਮਲ ਹਨ। ਇਸ ਦੇ ਅਰੰਭ ਵਿਚ ਹੀ ਔਰੰਗ਼ਜੇਬ ਆਪਣੇ ਇਕ ਵਿਸ਼ਵਾਸਪਾਤਰ ਜਰਨੈਲ ਨਾਲ ਗੁਰੂ ਤੇਗ਼ ਬਹਾਦਰ ਦੀ ਗ਼ੈਰ ਹਾਜ਼ਰੀ ਵਿਚ ਉਹਨਾਂ ਨੂੰ ਰਾਜ ਦੇ ਖਿਲਾਫ਼ ਲੜਾਈ ਛੇੜਨ ਦਾ ਦੋਸ਼ੀ ਕਰਾਰ ਕੇ ਸਿੱਖਾਂ ਵਿਰੁੱਧ ਮੁਹਿੰਮ ਦੀ ਤਿਆਰੀ ਬਾਰੇ ਵਿਚਾਰ ਕਰ ਰਿਹਾ ਹੈ। ਦੂਜੇ ਦ੍ਰਿਸ਼ ਵਿਚ ਗੁਰੂ ਤੇਗ਼ ਬਹਾਦਰ ਨੂੰ ਦਿੱਲੀ ਗ੍ਰਿਫ਼ਤਾਰ ਕਰ ਕੇ ਲਿਆਂਦਾ ਵਿਖਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਤੀਸਰੇ ਦ੍ਰਿਸ਼ ਵਿਚ ਦਿਖਾਏ ਗਏ ਹਨ ਜਿਥੇ ਇਹ ਮੁਗਲ ਰਾਜ ਦੇ ਜ਼ੁਲਮ ਨੂੰ ਖ਼ਤਮ ਕਰਨ ਦੀ ਪਰਤਿਗਿਆ ਕਰਦੇ ਹਨ। ਸਾਰੇ ਸਵੈ ਮਾਣ ਵਾਲੇ ਅਤੇ ਠੀਕ ਸੋਚ ਵਾਲੇ ਲੋਕਾਂ ਦਾ ਅਤੇ ਅਨਿਆਂ ਦੇ ਵਿਰੁੱਧ ਇਕ ਝੰਡੇ ਹੇਠ ਇਕੱਠਾ ਹੋਣ ਦੇ ਸੰਦਰਭ ਵਿਚ ਖ਼ਾਲਸੇ ਦੀ ਸਿਰਜਣਾ ਦੀ ਵਿਆਖਿਆ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਦੀਆਂ ਸ਼ਾਨਦਾਰ ਜਿੱਤਾਂ ਕਾਰਨ ਔਰੰਗਜ਼ੇਬ ਦੇ ਉਤਰਾਧਿਕਾਰੀ ਬਹਾਦਰ ਸ਼ਾਹ ਨੇ ਸ਼ਾਂਤੀ ਸਥਾਪਿਤ ਕਰਨ ਲਈ ਸੁਲਹ ਸਫ਼ਾਈ ਦੇ ਯਤਨ ਕੀਤੇ। ਅਖ਼ੀਰਲੇ ਦ੍ਰਿਸ਼ ਵਿਚ ਬਾਦਸ਼ਾਹ ਨੂੰ ਗੁਰੂ ਜੀ ਦਾ ਇਕ ਸ਼ਰਧਾਲੂ ਦਿਖਾਇਆ ਗਿਆ ਹੈ। ਬਾਦਸ਼ਾਹ ਮਰਨ ਕਿਨਾਰੇ ਪਿਆ ਹੈ ਪਰੰਤੂ ਸਿੱਖਾਂ ਨਾਲ ਪੱਕੀ ਤਰ੍ਹਾਂ ਸ਼ਾਂਤੀ ਸਥਾਪਿਤ ਕਰਨ ਲਈ ਇਕ ਯੋਜਨਾ ਬਣਾਉਂਦਾ ਹੈ ਅਤੇ ਇਸ ਦਾ ਖਰੜਾ ਤਿਆਰ ਕਰਦਾ ਹੈ।

    ਇਹ ਪੁਸਤਕ ਗੁਰੂ ਗੋਬਿੰਦ ਸਿੰਘ ਨੂੰ ਭਾਰਤ ਦੀ ਏਕਤਾ ਅਤੇ ਆਨ ਸ਼ਾਨ ਦੇ ਚਿੰਨ੍ਹ ਦੇ ਤੌਰ’ਤੇ ਦਰਸਾਉਂਦੀ ਹੈ। ਇਹ ਉਹ ਸਮਾਂ ਹੈ ਜਦੋਂ ਕਈ ਬੰਗਾਲੀ ਬੁਧੀਜੀਵੀ ਅਤੇ ਲੇਖਕ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਲੜਨ ਲਈ ਇਕ ਜੁਝਾਰੂ ਮੋਰਚਾ ਤਿਆਰ ਕਰਨ ਦਾ ਯਤਨ ਕਰ ਰਹੇ ਸਨ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲਈ ਸੀ। ਇਸ ਕਿਤਾਬ ਵਿਚ ਤੱਥ ਅਤੇ ਵਿਆਖਿਆ ਦੀਆਂ ਕਈ ਵੱਡੀਆਂ ਭੁੱਲਾਂ ਵੀ ਮੌਜੂਦ ਹਨ।


ਲੇਖਕ : ਹ.ਬ. ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੱਖ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿੱਖ: ਅੱਜ ਕਲ੍ਹ ‘ਸਿੱਖ’ ਸ਼ਬਦ ਆਮ ਕਰਕੇ ਕੇਵਲ ਉਨ੍ਹਾਂ ਵਿਅਕਤੀਆਂ ਲਈ ਹੀ ਵਰਤੀਂਦਾ ਹੈ ਜੋ ਸਿੱਖ ਧਰਮ ਦੇ ਮੰਨਣ ਵਾਲੇ ਹਨ ਅਤੇ ਅੰਮ੍ਰਿਤ ਛਕ ਕੇ ਸਿੰਘ ਸਜ ਜਾਂਦੇ ਹਨ। ‘ਸਿੱਖ’ ਸ਼ਬਦ ਅਸਲ ਵਿਚ ਸੰਸਕ੍ਰਿਤ ਦੇ ‘ਸ਼ਿਸ਼ੑਯ’ ਸ਼ਬਦ ਦਾ ਤਦਭਵ ਰੂਪ ਹੈ। ‘ਸਿੱਖ’ ਸ਼ਬਦ ਦਾ ਸ਼ਾਬਦਿਕ ਅਰਥ ਹੈ ਸਿਖਿਆਰਥੀ ਅਰਥਾਤ ਸਿੱਖਿਆ ਲੈਣ ਵਾਲ। ਸਪਸ਼ਟ ਹੈ ਕਿ ‘ਸਿੱਖ’ ਕਿਸੇ ਵੀ ਧਰਮ ਦਾ ਧਾਰਨੀ ਹੋ ਸਕਦਾ ਹੈ; ਉਹ ਆਪਣੇ ਮੱਤ ਅਨੁਸਾਰ ਆਪਣੇ ਗੁਰੂ ਦਾ ‘ਸਿੱਖ’ (ਸ਼ਿਸ਼) ਹੈ। ਬੇਸ਼ਕ ਸਿੱਖ ਧਰਮ ਵਿਚ ‘ਸਿੱਖ’ ਸ਼ਬਦ ਹਰ ਕੇਸਾਧਾਰੀ ਲਈ ਜਾਂ ਸਿੱਖ ਧਰਮ ਦੇ ਮੰਨਣ ਵਾਲੇ ਵਿਅਕਤੀ ਲਈ ਵਰਤਿਆ ਜਾਣਾ ਉਚਿਤ ਹੈ। ਉਂਜ ਹਰੇਕ ਸਿੱਖ ਸਦਾ ਵਿਦਿਆਰਥੀ ਅਥਵਾ ਸਿਖਿਆਰਥੀ ਜਾਂ ਸ਼ਿਸ਼ ਹੈ। ਜੋ ਸਦਾ ਆਪਣੇ ਗੁਰੂ ਜਾਂ ਗੁਰੂ ਰੂਪ ਸਾਧ–ਸੰਗਤ ਪਾਸੋਂ ਸਿੱਖਿਆ ਜਾਂ ਗਿਆਨ ਪ੍ਰਾਪਤ ਕਰਦਾ ਰਹਿੰਦਾ ਹੈ। ਗੁਰੂ ਦਾ ਸਿੱਖ ਸਦਾ ਗੁਰੂ ਦੀ ਰਜ਼ਾ ਵਿਚ ਚਲਦਿਆਂ ਗੁਰਮਤਿ ਮਰਯਾਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਇਸ ਮਾਰਗ ਤੇ ਤੁਰਦਾ ‘ਸਿੱਖ’ ਗੁਰੂ ਨਾਲ ਤਦਰੂਪ ਹੋ ਜਾਂਦਾ ਹੈ, ਅਰਥਾਤ ਗੁਰੂ ਅਤੇ ਸਿੱਖ ਵਿਚ ਕੋਈ ਭੇਦ ਨਹੀਂ ਰਹਿ ਜਾਂਦਾ:

                   ਗੁਰੁ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ।                        (ਆ.ਗ੍ਰੰ. ਪੰ.੪੪੪)

ਇਸ ਕਰਕੇ ਗੁਰੂ ਰਾਮਦਾਸ ਜੀ ‘ਸਲੋਕ’ ਵਾਰਾਂ ਤੇ ‘ਵਧੀਕ’ ਵਿਚ ਆਦਰਸ਼ ਸਿੱਖ ਦੀ ਚਰਨ ਧੂੜ ਲੋਚਦੇ ਹਨ:

                    ਗੁਰੁ ਸਿਖਾ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਰਤਿ ਪਾਹ।                   (ਆ.ਗ੍ਰੰ. ੧੪੨੪)

          ਭਾਈ ਗੁਰਦਾਸ ਜੀ ਨੇ ਆਪਣੀ ਗਿਆਰ੍ਹਵੀਂ ਵਾਰ ਵਿਚ ਗੁਰਸਿੱਖਾਂ ਦੇ ਗੁਣਾਂ ਅਤੇ ਰਹਿਣੀ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ ਗੁਰੂ ਦੇ ਸਿੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਵੈਰ ਦਾ ਤਿਆਗ ਕਰਦੇ ਹਨ; ਸੱਚ, ਸੰਤੋਖ, ਦਯਾ, ਧਰਮ , ਨਾਮ, ਦਾਨ ਅਤੇ ਇਸ਼ਨਾਨ ਨੂੰ ਅੰਗੀਕਾਰ ਕਰਦੇ ਹਨ; ਗੁਰ ਸ਼ਬਦ ਵਿਚ ਮਨ ਦੀ ਬਿਰਤੀ ਲਾਉਂਦੇ ਹਨ, ਸਾਧੂ ਸੰਪਰਕ ਵਿਚ ਅਤੇ ਅਸਾਧੂਆਂ ਤੋਂ ਦੂਰ ਰਹਿੰਦੇ ਹਨ, ਭਾਣੇ ਨੂੰ ਮਾਣਦੇ ਹਨ; ਉੱਤਮ ਕਰਮ ਕਰਕੇ ਵੀ ਆਪਣੀ ਮਹਿਮਾ ਨਹੀਂ ਚਾਹੁੰਦੇ । ਗੁਰੂ ਉਪਦੇਸ਼ ਤੇ ਅਮਲ ਕਰਦੇ ਤੇ ਪਰਉਪਕਾਰ ਨੂੰ ਮੁੱਖ ਜਾਣਦੇ ਹਨ। ਸਹਿਣਸ਼ੀਲ ਰਹਿੰਦੇ ਹਨ ਅਤੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰਦੇ, ਪ੍ਰੇਮ ਰਸ ਪੀ ਕੇ ਆਨੰਦ ਵਿਚ ਮਸਤ ਰਹਿੰਦੇ ਹਨ, ਮਿੱਠਾ ਬੋਲਦੇ ਅਤੇ ਨਿਉਂ ਕੇ ਚਲਦੇ ਹਨ; ਕਿਸੇ ਤੋ ਮੰਗਦੇ ਨਹੀਂ ਸਗੋਂ ਹੱਥੋਂ ਦਿੰਦੇ ਹਨ : ਸਭ ਦਾ ਭਲਾ ਚਾਹੁੰਦੇ ਹਨ; ਇਕ ਵਾਹਿਗੁਰੂ ਦੀ ਉਪਾਸਨਾ ਕਰਦੇ ਹਨ; ਉਸ ਦੇ ਤੁਲ ਕਿਸੇ ਨੂੰ ਨਹੀਂ ਮੰਨਦੇ। ਇਸ ਤੋਂ ਬਿਨਾ ਭਾਈ ਸਾਹਿਬ ਨੇ ਗੁਰਸਿੱਖਾਂ ਦੇ ਗੁਣਾਂ ਦਾ ਵਰਣਨ ਆਪਣੀਆਂ ਵਾਰਾਂ (12, 16, 32, 39,) ਵਿਚ ਬੜੇ ਵਿਸਥਾਰ ਨਾਲ ਕੀਤਾ ਹੈ। ਵਾਰਾਂ ਤੋਂ ਬਿਨਾ ਕਬਿੱਤਾਂ ਵਿਚ ਵੀ ਭਾਈ ਸਾਹਿਬ ਨੇ ਗੁਰਸਿੱਖਾਂ ਦੇ ਗੁਣਾਂ ਦਾ ਵਿਵਰਣ ਦਿੱਤਾ ਹੈ।

          ਭਾਈ ਮਨੀ ਸਿੰਘ ਜੀ ਨੇ ਵੀ ਗੁਰਸਿੱਖਾਂ ਦੇ ਗੁਣਾਂ ਦਾ ਜ਼ਿਕਰ ਕਰਦਿਆਂ ‘ਭਗਤ ਰਤਨਾਵਲੀ’ ਵਿਚ ਲਿਖਿਆ ਹੈ “ਗੁਰੂ ਦੇ ਸਿੱਖਾਂ ਦਾ ਮਨੁੱਖਾ ਜਨਮ ਸਫ਼ਲ ਹੈ, ਜੋ ਗੁਰੂ ਦੇ ਸਿੱਖਾਂ ਦੀ ਸੰਗੀਤ ਕਰਕੇ ਗੁਰੂ ਦੇ ਦੁਆਰੇ ਸਾਧ–ਸੰਗਤ ਵਿਚ ਟੁਰ ਜਾਂਦੇ ਹਨ, ਗੁਰੂ ਕੇ ਸ਼ਬਦ ਅੱਗੇ ਮੱਥਾ ਟੇਕ ਕਰ ਗੁਰਮੁੱਖ ਸਿੱਖਾਂ ਦਾ ਦਰਸ਼ਨ ਕਰਦੇ ਹੈਨ ਓ ਪੱਖੇ ਪਾਣੀ ਵੀ ਟਹਿਲ ਕਰਦੇ ਹੈਨ, ਤੇ ਗੁਰੂ ਦੇ ਦਰਬਾਰ ਦੀ ਪਰਦਖਣਾ ਕਰਕੇ ਚਰਣਧੂੜਿ ਮਸਤਕ ਤੇ ਲਾਂਵਦੇ ਹੈਨ, ਤੇ ਵਾਹਗੁਰੂ ਦਾ ਮੰਤਰ ਸ਼ਬਦ ਧਯਾਨ ਲਾਇਕੈ ਸੁਣਦੇ ਹੈਲ ਤੇ ਸੱਚੀ ਰਹਿਰਾਸਿ ਸੁਣਨ ਦਾ ਨੇਮ ਕਰਦੇ ਹੈਨ, ਤੇ ਗੁਰੂ ਦੇ ਸਿੱਖਾਂ ਦੀ ਪੈਰੀਂ ਪਵੰਦੇ ਹੈਨ, ਧਨ ਵਾਹਿਗੁਰੂ ਹੈ ਜੋ ਅਸਾਂ ਨੂੰ ਸ਼ਬਦ ਦੇ ਲੜ ਲਾਇਕੇ ਉਧਾਰ ਕੀਤਾ ਹੈਸੁ। ਉਨ੍ਹਾਂ ਦੀ ਸੁੱਚੀ ਪ੍ਰੀਤਿ ਵੇਖ ਕੇ ਸਾਰਾ ਜਗਤ ਉਨ੍ਹਾਂ ਦੀ ਪੈਰੀ ਪਾਵਦਾ ਹੈ। ਗੁਰੂ ਕੇ ਸਿਖ, ਕਾਮ ਨੂੰ ਤਿਆਗਦੇ ਹੈਨ, ਆਪਣੀ ਧਰਮ ਦੀ ਇਸਤਰੀ ਬਿਨਾ ਹੋਰ ਕਿਧਰੇ ਧਿਆਨ ਨਹੀਂ ਕਰਦੇ, ਤੇ ਕਿਸੇ ਨੂੰ ਕ੍ਰੋਧ ਨਹੀਂ ਕਰਦੇ, ਕਹਿੰਦੇ ਹੈਨ ਜੋ ਕ੍ਰੋਧ ਚੰਡਾਲ ਹੈ, ਇਸ ਦੇ ਨਾਲ ਛੋਹਿਆ ਨਹੀਂ ਚਾਹੀਦਾ। ਜੇ ਕੋਈ ਹੋਰ ਕ੍ਰੋਧ ਹੋਰ ਕਰਦਾ ਹੈ, ਤਾਂ ਸਹਿੰਦੇ ਹੈਨ ਅੱਗੋਂ ਮਿੱਠਾ ਬੋਲਦੇ ਹਨ ਤੇ ਹੰਕਾਰ ਨਹੀਂ ਕਰਦੇ, ਕਹਿੰਦੇ ਸਨ ਜੋ ਅਸੀਂ ਸਭਨਾ ਥੀਂ ਨੀਚ ਹਾਂ, ਗੁਰੂ ਦੇ ਸਿਖ ਹਾਂ, ਗੁਰੂ ਦੇ ਸਿਖ ਸਭ ਅਸਾਂ ਥੀ ਵਿਸੇਖ ਹਨ ਤੇ ਜਤ ਕਰਦੇ ਹਨ, ਪਰਾਈ ਇਸਤ੍ਰੀ ਨੂੰ ਮਾਂ ਭੈਣ ਦੇ ਸਮਾਨ ਜਾਣਦੇ ਹੈਨ। ਲੜਕੇ ਪੁਤ੍ਰ ਸਮਾਨ ਜਾਣਦੇ ਹਨ। ਧਰਮ ਦੀ ਕਿਰਤ ਕਰਕੇ ਵੰਡ ਖਾਂਵਦੇ ਹਨ, ਗੁਰੂ ਦਾ ਦਸਵੰਦ ਕਢਦੇ ਹਨ, ਗਰੀਬਾਂ ਤੇ ਅਗਿਆਨੀਆਂ ਪਰ ਦਯਾ ਕਰਦੇ ਹਨ। ਆਪਣੇ ਗੁਰੂ ਦੇ ਧਰਮ ਪਰ ਦ੍ਰਿੜ੍ਹ ਰਹਿੰਦੇ ਹਨ। ਅੰਮ੍ਰਿਤ ਵੇਲੇ ਉਠਕੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹਨ। ਪਰਸਾਦ ਗੁਰੂ ਕੇ ਨਿਮਿਤ ਦੇ ਕੇ ਖਾਂਵਦੇ ਹਨ। ਬਸਤ੍ਰ ਗੁਰੂ ਕੇ ਨਿਮਿਤ ਦੇ ਕੇ ਪਹਿਨਦੇ ਹਨ ਤੇ ਗੁਰੂ ਦੇ ਸ਼ਬਦ ਨੂੰ ਅਠੇ ਪਹਿਰ ਵਿਚਾਰਦੇ ਹਨ।” ‘ਭਾਈ ਬਾਲੇ ਵਾਲੀ ਜਨਮਸਾਖੀ’ ਵਿਚ ਗੁਰਸਿੱਖਾਂ ਦੀ ਉਚਤਾ ਸੰਬੰਧੀ ਸਪਸ਼ਟ ਲਿਖਿਆ ਹੈ ਕਿ ਨਿਰਮਲ ਸਿੱਖ ਉਹ ਹੀ ਹਨ ਜੋ ਗੁਰੂ ਤੋਂ ਬਿਨਾ ਕੁਝ ਨਹੀਂ ਜਾਣਦੇ ਅਤੇ ਗੁਰੂ ਦੇ ਬਚਨਾਂ ਉੱਤੇ ਨਾ ਚਲਣ ਵਾਲਾ ਸਿੱਖ ਮਲੀਨ ਹੁੰਦਾ ਹੈ। ਗੁਰਸਿੱਖਾਂ ਦੇ ਆਪਣੇ ਗੁਰ ਭਾਈਆਂ ਨਾਲ ਪਿਆਰ ਵੀ ਬਾਕੀ ਰਿਸ਼ਤਿਆਂ ਤੋਂ ਪਵਿੱਤਰ ਉੱਚਾ ਹੈ :

          ‘ਗੁਰਸਿਖਾਂ ਇਕੋ ਪਿਆਰੁ ਗੁਰਮਿਤਾ ਪੁਤਾ ਭਾਈਆ।’                              (ਆ. ਗ੍ਰੰ. ਪੰਨਾ ੬੪੮)

          ਇਸ ਤੋਂ ਇਲਾਵਾ ਸਿੱਖ ਇਤਿਹਾਸ ਗ੍ਰੰਥਾਂ ਤੇ ਰਹਤਨਾਮਿਆਂ ਵਿਚ ਸਿੱਖਾਂ ਦੀਆਂ ਵਿਸ਼ੇਸ਼ਤਾਵਾਂ ਉੱਤੇ ਵਿਸਤਾਰ ਸਹਿਤ ਪ੍ਰਕਾਸ਼ ਪਾਇਆ ਗਿਆ ਹੈ। ਅਸਲ ਵਿਚ, ਗੁਰਸਿੱਖ ਗੁਰਮਤਿ ਦਾ ਇਕ ਆਦਰਸ਼ ਪੁਰਸ਼ ਹੈ ਜਿਸ ਵਿਚ ਗੁਰੂ ਸਾਹਿਬਾਨ ਨੇ ਪੂਰਣ ਮਨੁੱਖ ਦੀ ਸਰੂਪ–ਸਥਾਪਨਾ ਕੀਤੀ ਹੈ। ਅਜਿਹੀ ਅਵਸਥਾ ਵਿਚ ਉਹ ਗੁਰੂ–ਰੂਪ ਸਮਝਿਆ ਜਾਂਦਾ ਹੈ ਅਤੇ ਗੁਰਬਾਣੀ ਵਿਚ ਗੁਰਸਿੱਖ ਅਤੇ ਗੁਰੂ ਦੀ ਅਭੇਦਤਾ ਨੂੰ ਸਵੀਕਾਰ ਕੀਤਾ ਗਿਆ ਹੈ।

 [ਸਹਾ. ਗ੍ਰੰਥ–ਮ. ਕੋ.; ਗੁ. ਮਾ.; ਭਾਈ ਗੁਰਦਾਸ : ‘ਵਾਰਾ’ ਅਤੇ ‘ਕਬਿਤ ਸਵੱਯੋ’ ਭਾਈ ਮਨੀ ਸਿੰਘ : ‘ਭਗਤ ਰਤਨਾਵਲੀ’; ਭਾਈ ਨੰਦ ਲਾਲ : ‘ਰਹਿਤਨਾਮਾ’ ; ‘ਸ਼ਬਦਾਰਥ ਗੁਰੂ ਗ੍ਰੰਥ ਸਾਹਿਬ]


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸਿੱਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿੱਖ, (ਸੰਸਕ੍ਰਿਤ : ਸਿਕਸ਼ਾ) / ਇਸਤਰੀ ਲਿੰਗ : ਸਿੱਖਿਆ, ਉਪਦੇਸ਼

–ਸਿਖਮਤ, ਇਸਤਰੀ ਲਿੰਗ : ਨਸੀਹਤ, ਸਿੱਖਿਆ, ਉਪਦੇਸ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-17-05, ਹਵਾਲੇ/ਟਿੱਪਣੀਆਂ:

ਸਿੱਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿੱਖ, ਪੁਲਿੰਗ : ਚੇਲਾ, ਸ਼ਗਿਰਦ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਸਾਰੀ, ਸਿੱਖ ਮੱਤ ਨੂੰ ਮੰਨਣ ਵਾਲਾ, ਗੁਰੂ ਦਾ ਸਿੰਘ

–ਸਿਖਣੀ, ਇਸਤਰੀ ਲਿੰਗ

–ਸਿੱਖ ਸਕੂਲ, ਪੁਲਿੰਗ : ਸਿੱਖ ਵਿਚਾਰਧਾਰਾ, ਸਿੱਖ ਪਰੰਪਰਾ

–ਸਿੱਖ ਸਭਾ, ਇਸਤਰੀ ਲਿੰਗ : ਨਾਨਕ ਪੰਥੀਆਂ ਦੀ ਸਭਾ, ਸਿੱਖ ਸੰਗਤ

–ਸਿੱਖ ਮਤ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਮੱਤ, ਸਿੱਖ ਮਤ, ਸਿੱਖ ਮਜ਼੍ਹਬ, ਸਿੱਖ ਸੰਪਰਦਾ, ਸਿੱਖ ਪੰਥ

–ਸਿੱਖਸ਼ਾਹੀ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਮਚੀ ਅਰਾਜਕਤਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-23-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.