ਸਿੱਖ ਰਿਆਸਤਾਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ ਰਿਆਸਤਾਂ ਦੇਖੋ, ਕਪੂਰਥਲਾ , ਕਲਸੀਆ, ਜੀਂਦ , ਨਾਭਾ , ਪਟਿਆਲਾ , ਫਰੀਦਕੋਟ ਅਤੇ ਫੂਲ ਵੰਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੱਖ ਰਿਆਸਤਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੱਖ ਰਿਆਸਤਾਂ: ਜੂਨ 1716 ਈ. ਵਿਚ ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਪੰਜਾਬ ਵਿਚ ਅਰਾਜਕਤਾ ਦਾ ਵਾਤਾਵਰਣ ਪੈਦਾ ਹੋ ਗਆ। ਨਾਦਰਸ਼ਾਹ ਅਤੇ ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਨੇ ਮੁਗ਼ਲ ਸਲਤਨਤ ਨੂੰ ਝੰਝੋੜ ਕੇ ਰਖ ਦਿੱਤਾ। ਪੰਜਾਬ ਵਿਚ ਕੋਈ ਵੀ ਮੁਗ਼ਲ ਪ੍ਰਸ਼ਾਸਕ ਅਮਨ ਚੈਨ ਕਾਇਮ ਕਰਨ ਵਿਚ ਕਾਮਯਾਬ ਨ ਹੋ ਸਕਿਆ। ਅਜਿਹੀ ਸਥਿਤੀ ਵਿਚ ਸਿੱਖਾਂ ਨੂੰ ਆਪਣੀ ਸੁਰਖਿਆ ਲਈ ਜੱਥੇ ਬਣਾਉਣੇ ਪਏ। ਸੰਨ 1734 ਈ. ਵਿਚ ਸਾਰੇ ਸਿੱਖ ਜੱਥਿਆਂ ਵਿਚ ਤਾਲ-ਮੇਲ ਕਾਇਮ ਕਰਨ ਅਤੇ ਪ੍ਰਬੰਧਕੀ ਵਿਵਸਥਾ ਨੂੰ ਸਹੀ ਦਿਸ਼ਾ ਦੇਣ ਲਈ ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਨ੍ਹਾਂ ਨੂੰ ਦੋ ਦਲਾਂ ਵਿਚ ਵੰਡ ਦਿੱਤਾ — ਬੁਢਾ ਦਲ ਅਤੇ ਤਰੁਣਾ ਦਲ। ਸੰਨ 1748 ਈ. ਤਕ ਇਨ੍ਹਾਂ ਜੱਥਿਆਂ ਦੀ ਗਿਣਤੀ 65 ਤਕ ਪਹੁੰਚ ਗਈ। ਸ. ਜੱਸਾ ਸਿੰਘ ਆਹਲੂਵਾਲੀਆ ਨੇ 29 ਮਾਰਚ 1748 ਈ. ਦੇ ਸਰਬੱਤ ਖ਼ਾਲਸੇ ਵਲੋਂਦਲ ਖ਼ਾਲਸਾ ’ ਦੀ ਸਥਾਪਨਾ ਕਰਵਾ ਕੇ ਸਾਰੀ ਸਿੱਖ ਸ਼ਕਤੀ ਨੂੰ 11 ਮਿਸਲਾਂ ਵਿਚ ਵੰਡ ਦਿੱਤਾ। ਇਨ੍ਹਾਂ ਮਿਸਲਾਂ ਦਾ ਵਿਚਰਣ ਖੇਤਰ ਸਤਲੁਜ ਨਦੀ ਦੇ ਉਸ-ਪਾਰ ਸੀ ਅਤੇ ਸਤਲੁਜ ਨਦੀ ਦੇ ਇਸ ਪਾਰ ਫੂਲਕੀਆ ਮਿਸਲ ਕਾਇਮ ਹੋ ਚੁਕੀ ਸੀ ਜਿਸ ਦਾ ਖੇਤਰ ਅਧਿਕਤਰ ਮਾਲਵਾ ਸੀ। ਇਸ ਤਰ੍ਹਾਂ ਕੁਲ 12 ਮਿਸਲਾਂ ਬਣ ਗਈਆਂ।

            ਮੂਲ ਰੂਪ ਵਿਚ ਆਪਣੀ ਰਖਿਆ ਲਈ ਬਣੇ ਜੱਥੇ ਪਰਿਸਥਿਤੀਆਂ ਦੇ ਅਨੁਕੂਲ ਹੋਣ ਨਾਲ ਸ਼ਕਤੀਵਰ ਮਿਸਲਾਂ ਬਣ ਗਈਆਂ। ਇਨ੍ਹਾਂ ਨੇ ਮਿਲ ਕੇ ਸਰਹਿੰਦ ਨੂੰ ਜਿਤਿਆ ਅਤੇ ਜ਼ੈਨ ਖ਼ਾਨ ਨਾਂ ਦੇ ਸੂਬੇਦਾਰ ਨੂੰ ਮਾਰਿਆ। ਇਸ ਤਰ੍ਹਾਂ ਮਿਸਲਾਂ ਦੀ ਸ਼ਕਤੀ ਵਧਦੀ ਗਈ ਅਤੇ ਉਸ ਵਕਤ ਦਾ ਸਾਰਾ ਪੰਜਾਬ ਇਨ੍ਹਾਂ ਦੇ ਘੋੜਿਆਂ ਦੀਆਂ ਟਾਪਾਂ ਅਧੀਨ ਹੋ ਗਿਆ। ਹਰ ਮਿਸਲ ਨੇ ਆਪਣਾ ਆਪਣਾ ਇਲਾਕਾ ਮਲ ਲਿਆ। ਇਸ ਨਾਲ ਇਨ੍ਹਾਂ ਦੀ ਪਰਸਪਰ ਏਕਤਾ ਅਤੇ ਸਾਂਝੇ ਉਦੇਸ਼ ਲਈ ਜੱਥੇਬੰਦ ਹੋ ਕੇ ਲੜਨ ਦੀ ਥਾਂ ਆਪਸੀ ਹਿੱਤਾਂ ਅਤੇ ਇਲਾਕਿਆਂ ਕਾਰਣ ਲੜਨਾ ਸ਼ੁਰੂ ਹੋ ਗਿਆ। ਇਸ ਨਾਲ ਇਨ੍ਹਾਂ ਦੇ ਏਕਤਾ ਦੀ ਭਾਵਨਾ ਨੂੰ ਬਹੁਤ ਧੱਕਾ ਲਗਾ। ਕਪੂਰਥਲਾ ਨੂੰ ਛਡ ਕੇ ਸਤਲੁਜ ਪਾਰ ਦੀਆਂ ਸਾਰੀਆਂ ਰਿਆਸਤਾਂ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਰਬਾਰ ਅਧੀਨ ਕਰ ਲਈਆਂ।

            ਮਾਲਵਾ ਖੇਤਰ ਵਿਚ ਫੂਲਕੀਆ ਮਿਸਲ ਦੀਆਂ ਰਿਆਸਤਾਂ ਹੋਂਦ ਵਿਚ ਆ ਗਈਆਂ, ਜਿਵੇਂ ਪਟਿਆਲਾ , ਨਾਭਾ , ਜੀਂਦ ਅਤੇ ਕੈਥਲ। ਇਨ੍ਹਾਂ ਤੋਂ ਇਲਾਵਾ ਫਰੀਦਕੋਟ ਅਤੇ ਕਸਲੀਆ ਰਿਆਸਤਾਂ ਦੀ ਵੀ ਸੁਤੰਤਰ ਹੋਂਦ ਹੋ ਗਈ। ਕਪੂਰਥਲਾ ਸਮੇਤ ਇਹ ਸੱਤ ਰਿਆਸਤਾਂ ਕਾਇਮ ਹੋ ਗਈਆਂ। ਇਨ੍ਹਾਂ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧ ਸੁਖਾਵੇਂ ਰਹੇ। ਪਰ ਮਹਾਰਾਜੇ ਦੀ ਵਿਸਤਾਰਵਾਦੀ ਰੁਚੀ ਤੋਂ ਅੰਦਰੋਂ- ਅੰਦਰ ਇਨ੍ਹਾਂ ਰਿਆਸਤਾਂ ਦੇ ਸੁਆਮੀ ਡਰਨ ਵੀ ਲਗ ਗਏ। ਇਨ੍ਹਾਂ ਨੇ ਅੰਗ੍ਰੇਜ਼ ਸਰਕਾਰ ਤੋਂ ਲੋੜ ਵੇਲੇ ਸੁਰਖਿਆ ਪ੍ਰਾਪਤੀ ਦੀ ਆਸ ਵਿਚ, ਆਪਣੇ ਵਲੋਂ ਵੀ ਲੋੜ ਪੈਣ’ਤੇ ਅੰਗ੍ਰੇਜ਼ਾਂ ਦੀ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ। ਪਹਿਲੀ ਅੰਗ੍ਰੇਜ਼-ਸਿੱਖ ਲੜਾਈ ਵੇਲੇ ਪਟਿਆਲਾ, ਜੀਂਦ, ਫਰੀਦਕੋਟ ਅਤੇ ਕਲਸੀਆ ਨੇ ਅੰਗ੍ਰੇਜ਼ਾਂ ਦੀ ਮਦਦ ਕੀਤੀ, ਜਦ ਕਿ ਨਾਭਾ, ਕਪੂਰਥਲਾ ਅਤੇ ਲਾਡਵਾ ਆਦਿ ਨੇ ਸੰਕੋਚ ਕੀਤਾ। ਫਲਸਰੂਪ ਮਦਦ ਕਰਨ ਵਾਲਿਆਂ ਨੂੰ ਅੰਗ੍ਰੇਜ਼ ਸਰਕਾਰ ਵਲੋਂ ਸ਼ੁਕਰਾਨੇ ਵਜੋਂ ਹੋਰ ਇਲਾਕੇ, ਇਨਾਮ ਅਤੇ ਖ਼ਿਤਾਬ ਮਿਲੇ ਜਦ ਕਿ ਦੂਜੀਆਂ ਰਿਆਸਤਾਂ ਤੋਂ ਕੁਝ ਇਲਾਕੇ ਖੋਹ ਲਏ ਗਏ ਅਤੇ ਲਾਡਵਾ, ਕੈਥਲ ਆਦਿ ਰਿਆਸਤਾਂ ਦਾ ਸਭ ਕੁਝ ਜ਼ਬਤ ਕਰ ਲਿਆ ਗਿਆ।

            ਸੰਨ 1857 ਈ. ਦੇ ਗ਼ਦਰ ਵੇਲੇ ਇਨ੍ਹਾਂ ਰਿਆਸਤਾਂ ਨੇ ਅੰਗ੍ਰੇਜ਼ਾਂ ਦੀ ਬਹੁਤ ਮਦਦ ਕੀਤੀ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਨੂੰ ਨ ਕੇਵਲ ਹੋਰ ਇਲਾਕੇ ਪ੍ਰਦਾਨ ਕੀਤੇ ਗਏ, ਸਗੋਂ ਮੁਤਬੰਨਾ ਬਣਾਉਣ ਦਾ ਹੱਕ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਅਨੇਕ ਪ੍ਰਕਾਰ ਦੇ ਖ਼ਿਤਾਬਾਂ ਅਤੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਖ਼ਿਰਾਜ ਦੇਣ ਬਾਰੇ ਕਈ ਛੋਟਾਂ ਦਿੱਤੀਆਂ ਗਈਆਂ। ਇਸ ਤਰ੍ਹਾਂ ਇਹ ਰਿਆਸਤਾਂ ਅੰਗ੍ਰੇਜ਼ ਰਾਜ ਵਿਚ ਆਪਣੀ ਹੋਂਦ ਕਾਇਮ ਰਖ ਸਕੀਆਂ। ਦੇਸ਼ ਦੀ ਆਜ਼ਾਦੀ ਤੋਂ ਬਾਦ ਇਨ੍ਹਾਂ ਨੂੰ ਪੈਪਸੂ ਨਾਂ ਦੀ ਯੂਨੀਅਨ ਵਿਚ ਸਮੋ ਦਿੱਤਾ ਗਿਆ ਅਤੇ ਸੰਨ 1956 ਈ. ਵਿਚ ਪੈਪਸੂ ਨੂੰ ਵੀ ਪੂਰਬੀ ਪੰਜਾਬ ਦਾ ਅੰਗ ਬਣਾ ਦਿੱਤਾ ਗਿਆ। ਇਸ ਤਰ੍ਹਾਂ ਇਨ੍ਹਾਂ ਰਿਆਸਤਾਂ ਦੀ ਸੁਤੰਤਰ ਹੋਂਦ ਖ਼ਤਮ ਹੋ ਗਈ। ਇਨ੍ਹਾਂ ਬਾਰੇ ਵੇਖੋ ਸੁਤੰਤਰ ਇੰਦਰਾਜ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਿੱਖ ਰਿਆਸਤਾਂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੱਖ ਰਿਆਸਤਾਂ :ਅਠਾਰ੍ਹਵੀਂ ਸਦੀ ਦੇ ਭਾਰਤ ਵਿਚ ਰਾਜਨੀਤਿਕ ਹਾਲਤਾਂ ਨੇ ਰਾਜ ਲਈ ਕਈ ਵੱਖ-ਵੱਖ ਹੱਕਦਾਰਾਂ ਨੂੰ ਪੈਦਾ ਕੀਤਾ ਅਤੇ ਇਸ ਤਰ੍ਹਾਂ ਸੰਗਠਨਾਂ ਦਾ ਨਵਾਂ ਰੂਪ ਹੋਂਦ ਵਿਚ ਆਇਆ। ਇਸ ਸਮੇਂ ਵਿਚ ਸਿੱਖ ਹਕੂਮਤ ਵਾਲੇ ਇਲਾਕਿਆਂ ਦਾ ਉਭਾਰ ਵਿਸ਼ੇਸ਼ ਤੌਰ ਤੇ ਦੇਖਣ ਵਾਲੀ ਘਟਨਾ ਸੀ। ਸਾਰੇ ਭਾਰਤ ਵਿਚ ਮੁਗਲ ਰਾਜ ਖ਼ਤਮ ਹੋ ਰਿਹਾ ਸੀ ਅਤੇ ਰਾਜ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਪੰਜਾਬ ਵਿਚ ਕਈ ਸਨ। ਮੁਗਲ ਏਜੰਟਾਂ ਤੋਂ ਇਲਾਵਾ ਪੂਰੇ ਤਾਣ ਨਾਲ ਆਪਣੀ ਸ਼ਾਹੀ ਤਾਕਤ ਨੂੰ ਮੁੜ ਜਤਾਉਣ ਵਾਲਿਆਂ ਵਿਚੋਂ ਨਾਦਰ ਸ਼ਾਹ ਦੀ ਅਗਵਾਈ ਵਿਚ ਫ਼ਾਰਸੀ , ਅਹਮਦ ਸ਼ਾਹ ਦੁੱਰਾਨੀ ਦੀ ਮਦਦ ਵਾਲੇ ਅਫ਼ਗਾਨ, ਉੱਤਰ ਵਲ ਵਧਦੇ ਹੋਏ ਕੁਝ ਮਰਾਠਾ ਰਜਵਾੜੇ ਅਤੇ ਕਈ ਯੂਰਪੀਨ ਲੁਟੇਰੇ ਜਿਵੇਂ ਜਾਰਜ ਥਾਮਸ ਆਦਿ ਸ਼ਾਮਲ ਸਨ। ਇਸ ਰਾਜਨੀਤਿਕ ਉਥਲ ਪੁਥਲ ਵਿਚ ਜਿਥੇ ਦੁਸ਼ਮਨ ਜਿਆਦਾ ਅਤੇ ਸਹਾਇਕ ਸ਼ਾਇਦ ਕੋਈ ਵੀ ਨਹੀਂ ਸੀ, ਸਿੱਖਾਂ ਨੇ ਆਪਣੇ ਬਚਾਅ ਲਈ ਆਪਣੇ ਆਪ ਨੂੰ ਛੋਟੇ-ਛੋਟੇ ਜਥਿਆਂ ਵਿਚ ਜਥੇਬੰਦ ਕੀਤਾ ਅਤੇ ਅਠਾਰ੍ਹਵੀਂ ਸਦੀ ਦੇ ਅੱਧ ਤਕ ਇਹ ਬਾਰਾਂ ਮਿਸਲਾਂ ਵਿਚ ਸੰਗਠਿਤ ਹੋ ਗਏ। ਇਕ ਸ਼ਬਦ ਦੇ ਤੌਰ ਤੇ ਮਿਸਲ ਦਾ ਅਰਥ ਦਰਜਾ ਜਾਂ ਫਾਈਲ ਅਥਵਾ ਬਰਾਬਰੀ ਵਾਲਿਆਂ ਦਾ ਇਕ ਸਮੂਹ ਹੈ ਅਤੇ ਦਰਅਸਲ ਇਹ ਸਵੈਇੱਛਤ ਫ਼ੌਜ ਇਕ ਰਾਜਨੀਤਿਕ ਖੇਤਰ ਵਿਚੋਂ ਭਰਤੀ ਕੀਤੀ ਗਈ ਹੁੰਦੀ ਸੀ। ਹੌਲੀ-ਹੌਲੀ ਇਹਨਾਂ ਮਿਸਲਾਂ ਨੇ ਆਰਥਿਕ ਲਾਭਾਂ ਬਦਲੇ ਖਾਸ-ਖਾਸ ਇਲਾਕਿਆਂ ਵਿਚ ਲੋਕਾਂ ਦੀ ਸੁਰੱਖਿਆ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਇਹ ਆਪਣੇ ਆਸਰਿਤ ਲੋਕਾਂ ਉਪਰ ਜਿਹੜੇ ਕਿ ਕਈ ਵਾਰੀ ਸਿੱਖ ਵੀ ਨਹੀਂ ਹੁੰਦੇ ਸਨ, ਰਾਜਨੀਤਿਕ ਪ੍ਰਭੂਸੰਪੰਨਤਾ ਕਾਇਮ ਕਰਨ ਵਿਚ ਕਾਮਯਾਬ ਹੋ ਗਏ। ਆਹਲੂਵਾਲੀਆ, ਭੰਗੀ , ਡੱਲੇਵਾਲੀਆ, ਫੈਜ਼ਲਪੁਰੀਆ (ਸਿੰਘਪੁਰਾ), ਕਨ੍ਹਈਆ, ਕਰੋੜਸਿੰਘੀਆ, ਨਕਈ, ਨਿਸ਼ਾਨਵਾਲੀਆ, ਰਾਮਗੜ੍ਹੀਆ, ਸ਼ਹੀਦ ਅਤੇ ਸੁੱਕਰਚੱਕੀਆ ਗਿਆਰਾਂ ਮਿਸਲਾਂ ਸਨ ਜਿਹੜੀਆਂ ਮਾਝਾ ਇਲਾਕੇ ਜਾਂ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਬਾਰੀ ਦੁਆਬ ਵਿਚ ਬਣੀਆਂ ਸਨ ਜਦੋਂ ਕਿ ਬਾਰ੍ਹਵੀਂ ਮਿਸਲ ਫੂਲਕੀਆਂ ਸਤਲੁਜ ਦਰਿਆ ਦੇ ਦੱਖਣ ਵੱਲ ਮਾਲਵਾ ਇਲਾਕੇ ਵਿਚ ਸਥਾਪਿਤ ਹੋਈ ਸੀ।

    ਜਨਵਰੀ 1764 ਵਿਚ, ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਿੱਖ ਸਤਲੁਜ ਪਾਰ ਕਰ ਗਏ ਅਤੇ ਸਰਹਿੰਦ (ਸਰਹੰਦ) ਤਕ ਆਪਣਾ ਬੋਲਬਾਲਾ ਕਾਇਮ ਕਰ ਲਿਆ; ਸਰਹਿੰਦ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣਵਾਉਣ ਨਾਲ ਸੰਬੰਧਿਤ ਹੋਣ ਕਰਕੇ ਘਿਰਣਾ ਦਾ ਪਾਤਰ ਬਣਿਆ ਹੋਇਆ ਸੀ। ਅਫ਼ਗਾਨ ਗਵਰਨਰ ਜ਼ੈਨ ਖ਼ਾਨ ਜੰਗ ਵਿਚ ਮਾਰਿਆ ਗਿਆ ਅਤੇ ਸ਼ਹਿਰ ਰੱਜ ਕੇ ਲੁੱਟਿਆ ਗਿਆ। ਸਿੱਖਾਂ ਦਾ ਹੁਣ ਇਸ ਇਲਾਕੇ ਉੱਤੇ ਪੂਰਾ ਕਬਜ਼ਾ ਸੀ ਇਹ ਬਿਨਾਂ ਕਿਸੇ ਰੋਕ ਟੋਕ ਦੂਰ-ਦੁਰਾਡੇ ਜਾਂਦੇ ਸਨ ਅਤੇ ਦੂਰ ਦੇ ਪ੍ਰਾਂਤਾਂ ਨੂੰ ਵੀ ਆਪਣੇ ਅਧੀਨ ਕਰਨ ਲਗ ਪਏ ਸਨ। ਇਸ ਮੁਹਿੰਮ ਦੇ ਸਿੱਟੇ ਵਜੋਂ ਫੂਲਕੀਆਂ ਮਿਸਲ ਦੇ ਮੈਂਬਰਾਂ ਨੇ ਰਾਜ ਦਾ ਦਾਹਵਾ ਸਥਾਪਿਤ ਕਰ ਦਿੱਤਾ। ਇਹਨਾਂ ਵਿਚ ਆਲਾ ਸਿੰਘ ਪਟਿਆਲਾ , ਹਮੀਰ ਸਿੰਘ ਨਾਭਾ , ਗਜਪਤ ਸਿੰਘ ਜੀਂਦ ਅਤੇ ਕੈਥਲ ਦਾ ਦੇਸੂ ਸਿੰਘ ਸ਼ਾਮਲ ਸੀ। ਸਤਲੁਜੋਂ ਪਾਰ ਕੁਝ ਮਿਸਲਾਂ ਨੇ ਇਹਨਾਂ ਜਿੱਤਾਂ ਵਿਚੋਂ ਸਤਲੁਜ ਦੇ ਦੱਖਣ ਵਿਚ ਕੁਝ ਇਲਾਕਾ ਪ੍ਰਾਪਤ ਕਰ ਲਿਆ। ਕਈ ਮਿਸਲਾਂ ਨੇ ਅਠਾਰ੍ਹਵੀਂ ਸਦੀ ਦੇ ਪਿੱਛਲੇ ਦਹਾਕਿਆਂ ਵਿਚ ਬਹੁਤ ਵਾਧਾ ਕੀਤਾ, ਇਹ ਵਾਧਾ ਜਾਂ ਤਰੱਕੀ ਦਰਅਸਲ ਇਕ ਦੂਜੇ ਦੀ ਕੀਮਤ ਤੇ ਹੋਈ ਨਾ ਕਿ ਘਰੇਲੂ ਅਥਵਾ ਦੇਸੀ ਮੁਸਲਮਾਨਾਂ ਹਾਕਮਾਂ ਕਰਕੇ ਹੋਈ। ਲਗਾਤਾਰ ਆਪਸੀ ਲੜਾਈ ਨੇ ਮਿਸਲ ਦੇ ਸੰਗਠਨਾਤਮਿਕ ਰੂਪ ਨੂੰ ਖੋਰਾ ਲਾਇਆ ਅਤੇ ਸਿੱਖ ਕਾਮਨਵੈਲਥ (ਰਾਸ਼ਟਰ ਮੰਡਲ) ਦੇ ਆਦਰਸ਼ ਨੂੰ ਕਮਜ਼ੋਰ ਕਰ ਦਿੱਤਾ। ਨਿਰਾਸ਼ਾ ਦੇ ਇਸ ਸਮੇਂ ਵਿਸ਼ਾਲ ਰਾਜਨੀਤਿਕ ਦ੍ਰਿਸ਼ਟੀਕੋਣ ਵਾਲਾ ਸੁੱਕਰਚੱਕੀਆ ਮਿਸਲ ਦਾ ਇਕ ਸਿੱਖ ਸਰਦਾਰ ਰਣਜੀਤ ਸਿੰਘ ਉਭਰ ਕੇ ਅੱਗੇ ਆਇਆ। 1799 ਵਿਚ, ਇਹ ਲਾਹੌਰ ਅੰਦਰ ਦਾਖ਼ਲ ਹੋ ਗਿਆ ਅਤੇ ਇਸਨੇ ਪੰਜਾਬ ਵਿਚ ਪਹਿਲਾਂ ਪਹਿਲਾਂ ਬਾਕੀ ਸਿੱਖ ਮਿਸਲਦਾਰਾਂ ਦੀਆਂ ਜਾਇਦਾਦਾਂ ਨਾਲ ਅਤੇ ਫਿਰ ਗੈਰ ਸਿੱਖ ਇਲਾਕਿਆਂ ਨੂੰ ਪ੍ਰਾਪਤ ਕਰਕੇ ਆਪਣੀ ਰਾਜ ਸ਼ਕਤੀ ਬਾਹਰ ਵੱਲ ਵਧਾਉਣੀ ਸ਼ੁਰੂ ਕਰ ਦਿੱਤੀ। ਸਤਲੁਜ ਪਾਰ ਦੇ ਖੇਤਰ ਵਿਚ ਕਪੂਰਥਲਾ ਦੀ ਆਹਲੂਵਾਲੀਆ ਸਟੇਟ ਰਣਜੀਤ ਸਿੰਘ ਦੀ ਨੇੜੇ ਦੀ ਸਹਾਇਕ ਰਿਆਸਤ ਦੇ ਤੌਰ ਤੇ ਬੇਚੈਨ ਜਿਹੀ ਹੋਂਦ ਨਾਲ ਕਾਇਮ ਰਹੀ ਜਦੋਂ ਕਿ ਜ਼ਿਆਦਾਤਰ ਬਾਕੀ ਦੀਆਂ ਰਿਆਸਤਾਂ ਲਗਭਗ ਖਤਮ ਹੀ ਹੋ ਗਈਆਂ। ਸਤਲੁਜ ਪਾਰ ਦੀਆਂ ਸਿੱਖ ਰਿਆਸਤਾਂ ਜਿਵੇਂ ਕਿ ਪਟਿਆਲਾ, ਨਾਭਾ, ਜੀਂਦ, ਕੈਥਲ, ਫਰੀਦਕੋਟ ਅਤੇ ਕਲਸੀਆ ਨੇ ਆਮ ਤੌਰ ਤੇ ਅੱਗੇ ਵੱਧ ਰਹੇ ਰਣਜੀਤ ਸਿੰਘ ਨਾਲ ਦੋਸਤਾਨਾ ਸੰਬੰਧ ਹੀ ਰੱਖੇ ਪਰੰਤੂ ਆਪਣੇ ਨੇੜੇ ਦੇ ਜਿੱਤੇ ਜਾ ਰਹੇ ਇਲਾਕਿਆਂ ਵਿਚੋਂ ਰਣਜੀਤ ਸਿੰਘ ਵੱਲੋਂ ਛੋਟੇ-ਛੋਟੇ ਟੁਕੜੇ ਭੇਟ ਸਰੂਪ ਦਿੱਤੇ ਜਾਣ ਦੇ ਬਾਵਜੂਦ ਇਹ ਰਣਜੀਤ ਸਿੰਘ ਦੀ ਮਹੱਤਵ ਅਕਾਂਖਿਆ ਤੋਂ ਭੈਭੀਤ ਰਹਿਣ ਲਗੇ। ਕਈਆਂ ਨੇ ਦੱਖਣ ਵਿਚ ਵੱਧ ਰਹੀ ਬ੍ਰਿਟਿਸ਼ ਸ਼ਕਤੀ ਨਾਲ ਗਲਬਾਤ ਅਰੰਭ ਕਰ ਦਿੱਤੀ ਅਤੇ 1809 ਵਿਚ ਪਟਿਆਲਾ, ਨਾਭਾ, ਜੀਂਦ, ਕੈਥਲ, ਫਰੀਦਕੋਟ ਅਤੇ ਕਲਸੀਆ ਰਿਆਸਤਾਂ ਨੇ ਲੋੜ ਪੈਣ ਤੇ ਮਿਲਟਰੀ ਸਹਾਇਤਾ ਦੇਣੀ ਪਰਵਾਨ ਕਰ ਕੇ ਬ੍ਰਿਟਿਸ਼ ਸੁਰੱਖਿਆ ਲੈ ਲਈ। ਦਰਅਸਲ 1826 ਵਿਚ ਕਪੂਰਥਲਾ ਦੇ ਸਰਦਾਰ ਫਤਿਹ ਸਿੰਘ ਨੇ ਵੀ ਸਤਲੁਜ ਪਾਰ ਦੇ ਆਪਣੇ ਇਲਾਕੇ ਵਿਚ ਬ੍ਰਿਟਿਸ਼ ਦੀ ਸੁਰੱਖਿਆ ਪ੍ਰਾਪਤ ਕਰ ਲਈ ਜਦੋਂ ਕਿ ਦਰਿਆਉਂ ਆਰ-ਪਾਰ ਦੇ ਇਲਾਕੇ ਰਣਜੀਤ ਸਿੰਘ ਅਤੇ ਉਸਦੇ ਜਾਨਸ਼ੀਨਾਂ ਦੀ ਸੁਰੱਖਿਆ ਗਰੰਟੀ ਅਧੀਨ ਹੀ ਰਹੇ। ਇਸੇ ਦੌਰਾਨ 1843 ਵਿਚ, ਕੈਥਲ ਰਿਆਸਤ ਦਾ ਵੱਡਾ ਖੇਤਰ ਭਾਈ ਉਦੇ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਉਸਦੇ ਬੱਚਾ ਨਾ ਹੋਣ ਕਰਕੇ ਬ੍ਰਿਟਿਸ਼ ਦੀ ਰਾਜ ਸੰਪੱਤੀ ਬਣ ਗਈ।

    ਬ੍ਰਿਟਿਸ਼ ਨਾਲ ਗਠਜੋੜ ਦੀ ਪਹਿਲੀ ਮਹੱਤਵਪੂਰਨ ਪਰੀਖਿਆ 1845-46 ਵਿਚ ਐਂਗਲੋ-ਸਿੱਖ ਜੰਗ ਨਾਲ ਸਾਮ੍ਹਣੇ ਆਈ। ਜਦੋਂ ਸਿੱਖ ਭਰਾਵਾਂ ਦੇ ਵਿਰੁੱਧ ਵਿਦੇਸ਼ੀ ਰਾਜ ਦੀ ਮਦਦ ਕਰਨ ਦੀ ਮੰਗ ਆਈ ਤਾਂ ਸਿੱਖ ਰਿਆਸਤਾਂ ਦਾ ਪ੍ਰਤੀਕਰਮ ਵੱਖ-ਵੱਖ ਸੀ। ਪਟਿਆਲਾ, ਜੀਂਦ, ਫਰੀਦਕੋਟ ਅਤੇ ਕਲਸੀਆ ਨੇ ਤੁਰੰਤ ਆਪਣੇ ਸਾਰੇ ਸਾਧਨ ਬ੍ਰਿਟਿਸ਼ ਨੂੰ ਸੌਂਪ ਦਿੱਤੇ ਜਦੋਂ ਕਿ ਨਾਭਾ, ਕਪੂਰਥਲਾ ਅਤੇ ਲਾਡਵਾ ਨੇ ਸੰਕੋਚ ਕੀਤਾ ਅਥਵਾ ਖ਼ਾਲਸਾ ਨਾਲ ਰਲ ਕੇ ਜੰਗ ਲੜੀ। ਵਫ਼ਾਦਾਰਾਂ ਨੂੰ ਸਨਮਾਨ ਅਤੇ ਗਰਾਂਟਾਂ ਉਹਨਾਂ ਜਿੱਤੇ ਹੋਏ ਇਲਾਕਿਆਂ ‘ਚੋਂ ਦਿੱਤੀਆਂ ਗਈਆਂ ਜਦੋਂ ਕਿ ਦੂਸਰੇ ਜਿਵੇਂ ਲਾਡਵਾ ਦੀਆਂ ਸਾਰੀਆਂ ਸਹੂਲਤਾਂ ਖਤਮ ਕਰ ਦਿੱਤੀਆਂ ਗਈਆਂ ਜਾਂ ਫਿਰ ਕਪੂਰਥਲਾ ਅਤੇ ਨਾਭਾ ਦੀ ਤਰ੍ਹਾਂ ਉਹਨਾਂ ਦੇ ਇਲਾਕੇ ਖੋਹੇ ਗਏ।

        1849 ਵਿਚ, ਬ੍ਰਿਟਿਸ਼ ਨੇ ਨਿਯਮਿਤ ਰੂਪ ਵਿਚ ਪੰਜਾਬ ਰਾਜ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਸਤਲੁਜ ਪਾਰ ਸਾਰੀਆਂ ਮਿਸਲਾਂ ਦੀ ਸਾਰੀ ਰਹਿੰਦੀ ਖੂੰਹਦੀ ਰਾਜਨੀਤਿਕ ਪ੍ਰਭੂਸੰਪੰਨਤਾ ਖ਼ਤਮ ਹੋ ਗਈ ਭਾਵੇਂ ਕਿ ਉਹਨਾਂ ਦੀ ਸਮਾਜਿਕ , ਧਾਰਮਿਕ ਜਾਂ ਆਰਥਿਕ ਪ੍ਰਤਿਸ਼ਠਾ ਅਜੇ ਵੀ ਖਤਮ ਨਹੀਂ ਹੋਈ ਸੀ। ਜਦੋਂ 1857 ਦੇ ਸੈਨਿਕ ਵਿਦਰੋਹ ਵੇਲੇ ਬ੍ਰਿਟਿਸ਼ ਨੂੰ ਫ਼ੌਜੀ ਚੁਨੌਤੀ ਮਿਲੀ ਤਾਂ ਫਿਰ ਵੀ ਨਵੇਂ ਰਾਜ ਵਿਚ ਜੁੜੇ ਰਹਿਣ ਲਈ ਪੰਜਾਬ ਵਿਚੋਂ ਸਿੱਖ ਰਾਜਿਆਂ ਦੀ ਮਦਦ ਕੰਮ ਆਈ ਅਤੇ ਦਿੱਲੀ ਵਿਖੇ ਵੀ ਸਾਰੀ ਸ਼ਕਤੀ ਦਾ ਇਤਿਹਾਸਿਕ ਕੇਂਦਰ ਮੁੜ ਸੰਭਾਲਣ ਵਿਚ ਮਦਦਗਾਰ ਸਾਬਤ ਹੋਈ। ਹੁਣ ਬ੍ਰਿਟਿਸ਼ ਨੇ ਅਗਲੀ ਆਉਣ ਵਾਲੀ ਸਦੀ ਵਿਚ ਸਿੱਖ ਹੁਕਮਰਾਨਾਂ ਨਾਲ ਆਪਣੇ ਸੰਬੰਧ ਪੱਕੀ ਤਰ੍ਹਾਂ ਸੁਨਿਸਚਿਤ ਕਰ ਲਏ। ਰਾਣੀ ਵਿਕਟੋਰੀਆ ਨੇ ਅੱਗੇ ਤੋਂ ਹੋਰ ਰਾਜਾਂ ਨੂੰ ਆਪਣੇ ਵਿਚ ਮਿਲਾਉਣਾ ਰੱਦ ਕਰ ਦਿੱਤਾ ਅਤੇ ਰਾਜਿਆਂ ਨੂੰ ਆਪਣੇ ਮੁਤਬੰਨੇ ਬਣਾਉਣ ਦਾ ਅਧਿਕਾਰ ਦੇ ਦਿੱਤਾ ਤਾਂ ਕਿ ਉਹਨਾਂ ਵਿਚੋਂ ਕਿਸੇ ਨੂੰ ਵੀ ਲਾਡਵਾ ਜਾਂ ਕੈਥਲ ਦੀ ਤਰ੍ਹਾਂ ਨੁਕਸਾਨ ਨਾ ਉਠਾਉਣਾ ਪਵੇ। ਇਸ ਤੋਂ ਇਲਾਵਾ ਪਟਿਆਲਾ, ਨਾਭਾ ਅਤੇ ਜੀਂਦ ਨੂੰ ਇਕ ਵਿਸ਼ੇਸ਼ ਵਰਦਾਨ ਪ੍ਰਾਪਤ ਹੋਇਆ ਕਿ ਬਿਨਾਂ ਮੁਤਬੰਨਾ ਬਣਾਏ ਮਰ ਜਾਣ ਵਾਲੇ ਰਾਜਾ ਦੀ ਥਾਂ ਫੂਲਕੀਆਂ ਪਰਵਾਰ ਵਿਚੋਂ ਹੀ ਉਤਰਾਧਿਕਾਰੀ ਨਿਯੁਕਤ ਕਰਨ ਲਈ ਸਲਾਹ ਲਈ ਜਾ ਸਕਦੀ ਸੀ ਅਤੇ ਅਜਿਹਾ ਹੀ ਨਾਬਾਲਿਗ ਰਾਜਾ ਲਈ ਰੀਜੈਂਸੀ ਕੌਂਸਲ ਨੂੰ ਬਣਾਉਣ ਲਈ ਵੀ ਕੀਤਾ ਜਾ ਸਕਦਾ ਸੀ।ਰਿਆਇਤਾਂ ਦੀ ਸਪਸ਼ਟ ਨਿਸ਼ਾਨੀ ਸੀ ਉਪਾਧੀਆਂ, ਆਨਰੇਰੀ ਤਮਗੇ, ਮਾਲੀਆ ਮੁਆਫ ਕਰਨਾ, ਮਾਇਕ ਇਨਾਮ ਅਤੇ ਜਮੀਨਾਂ ਦੇਣੀਆਂ। ਕਿਉਂਕਿ ਆਮ ਤੌਰ ਤੇ ਬ੍ਰਿਟਿਸ਼ ਦੇ ਵਿਰੋਧੀਆਂ ਦੀਆਂ ਨਵੀਆਂ ਜਗੀਰਾਂ ਜ਼ਬਤ ਕਰ ਲਈਆਂ ਜਾਂਦੀਆਂ ਸਨ ਉਹ ਕੇਵਲ ਰਿਆਸਤੀ ਇਲਾਕਿਆਂ ਦੀ ਹੋਰ ਵੰਡ ਵਿਚ ਹੀ ਮਦਦ ਕਰਦੇ ਸਨ। ਕਪੂਰਥਲਾ ਨੇ ਅਵਧ ਵਿਚ ਇਲਾਕੇ ਪ੍ਰਾਪਤ ਕੀਤੇ ਅਤੇ ਪਟਿਆਲਾ, ਨਾਭਾ ਅਤੇ ਜੀਂਦ ਨੇ ਹਰਿਆਣਾ ਵਿਚ ਜ਼ਿਲੇ ਪ੍ਰਾਪਤ ਕੀਤੇ। 1947 ਤਕ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ ਅਤੇ ਕਲਸੀਆ ਦੀਆਂ ਸਿੱਖ ਰਿਆਸਤਾਂ ਬ੍ਰਿਟਿਸ਼ ਇੰਡੀਅਨ ਪੰਜਾਬ ਦੇ ਸਮੁੰਦਰ ਵਿਚ ਖੁਦਮੁਖਤਾਰ ਟਾਪੂਆਂ ਵਾਂਗ ਰਹੀਆਂ ਅਤੇ ਮਿਲਟਰੀ ਫ਼ੌਜੀਆਂ ਅਤੇ ਅਸਲੇ ਦੇ ਭੰਡਾਰ ਦੇ ਤੌਰ ਤੇ ਕੰਮ ਕਰਦੀਆਂ ਰਹੀਆਂ।ਜਦੋਂ ਕਿਤੇ ਉੱਤਰੀ-ਪੱਛਮੀ ਸਰਹੱਦ ਤੇ ਖਤਰਾ ਹੋਇਆ ਜਾਂ ਚੀਨ, ਅਫਰੀਕਾ ਅਤੇ ਯੂਰਪ ਵਿਚ ਜੰਗ ਸਮੇਂ ਵੀ ਇਹ ਸਾਜੋ-ਸਾਮਾਨ ਦੀ ਅਤੇ ਫ਼ੌਜੀ ਇਮਦਾਦ ਕਰਦੀਆਂ ਰਹੀਆਂ।

    ਕਈ ਪਰਸਪਰ ਵਿਰੋਧੀ ਰਾਜ ਸ਼ਕਤੀਆਂ ਦੇ ਲਗਾਤਾਰ ਵਿਚਕਾਰ ਰਹਿਣਾ ਅਤੇ ਸਿੱਖ ਰਾਜਸੀ ਕਦਰਾਂ ਕੀਮਤਾਂ ਦੀ ਪ੍ਰਤੀਕਾਤਮਿਕ ਭੂਮਿਕਾ ਇਹਨਾਂ ਸਿੱਖ ਰਿਆਸਤਾਂ ਦੀ ਲੰਮੇ ਸਮੇਂ ਤਕ ਹੋਂਦ ਇਹਨਾਂ ਦੀ ਭੂਗੋਲਿਕ ਸਥਿਤੀ ਕਾਰਨ ਸੀ। ਇਹਨਾਂ ਰਿਆਸਤਾਂ ਨੇ ਪਹਿਲਾਂ ਤਾਂ ਦਿੱਲੀ ਵਿਚ ਮੁਗਲਾਂ, ਹਮਲਾਵਰ ਮਰਾਠਿਆਂ ਅਤੇ ਮਾਝਾ ਸਿੱਖ ਮਿਸਲਾਂ ਵਿਚਕਾਰ ਅਤੇ ਫਿਰ ਬ੍ਰਿਟਿਸ਼ ਅਤੇ ਰਣਜੀਤ ਸਿੰਘ ਵਿਚਕਾਰ ਮਧਵਰਤੀ ਰਾਜ ਦੇ ਤੌਰ ਤੇ ਕੰਮ ਕੀਤਾ।

    ਭਾਰਤ ਦੇ ਅਜ਼ਾਦ ਹੋਣ ਉਪਰੰਤ, ਸਾਰੀਆਂ ਸਿੱਖ ਰਿਆਸਤਾਂ ਇਕੱਠੀਆਂ ਹੋ ਗਈਆਂ ਜਿਨ੍ਹਾਂ ਵਿਚ ਮਾਲੇਰਕੋਟਲਾ ਦੀ ਮੁਸਲਿਮ ਰਿਆਸਤ ਅਤੇ ਨਾਲਾਗੜ੍ਹ ਦੀ ਹਿੰਦੂ ਰਿਆਸਤ ਸ਼ਾਮਲ ਸਨ। ਇਹਨਾਂ ਨੇ ਮਿਲਕੇ ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਬਣਾਇਆ। 1956 ਵਿਚ ਪੈਪਸੂ ਨੂੰ ਪੂਰਬੀ ਪੰਜਾਬ ਨਾਲ ਮਿਲਾ ਦਿੱਤਾ ਗਿਆ ਪਰੰਤੂ ਇਹ ਸੰਗਠਿਤ ਸੂਬਾ1966 ਵਿਚ ਦੁਬਾਰਾ ਵੰਡਿਆ ਗਿਆ ਜਦੋਂ ਪੰਜਾਬ ਅਤੇ ਹਰਿਆਣਾ ਵੱਖਰੇ-ਵੱਖਰੇ ਪੰਜਾਬੀ ਅਤੇ ਹਿੰਦੀ ਬੋਲਦੇ ਸੂਬੇ ਬਣਾਏ ਗਏ ਸਨ।

    ਰਿਆਸਤਾਂ, ਜਿਨ੍ਹਾਂ ਦਾ ਵਿਅਕਤੀਗਤ ਇਤਿਹਾਸ ਹੋਰ ਪੰਨਿਆਂ ਉੱਤੇ ਦਰਜ ਕੀਤਾ ਹੋਇਆ ਹੈ, ਨੂੰ ਮੁੱਖ ਤੌਰ ਤੇ ਸਿੱਖ ਰਿਆਸਤਾਂ ਕਿਹਾ ਗਿਆ ਹੈ ਕਿਉਂਕਿ ਇਹਨਾਂ ਦੇ ਸ਼ਾਸਕ ਸਿੱਖ ਸਨ। ਫਰੀਦਕੋਟ ਨੂੰ ਛੱਡ ਕੇ ਇਹਨਾਂ ਵਿਚ ਕਦੇ ਵੀ ਸਿੱਖਾਂ ਦੀ ਗਿਣਤੀ ਜ਼ਿਆਦਾ ਨਹੀਂ ਰਹੀ। ਪੰਜਾਬ ਦੇ ਬ੍ਰਿਟਿਸ਼ ਇੰਡੀਅਨ ਪ੍ਰਾਂਤ ਪੰਜਾਬ ਵਾਂਗ ਸਿੱਖ ਰਿਆਸਤਾਂ ਵਿਚ ਵੀ ਵੀਹਵੀਂ ਸਦੀ ਵਿਚ ਸਿੱਖ ਅਬਾਦੀ ਵਿਚ ਵਾਧਾ ਹੋਇਆ। ਸਭ ਤੋਂ ਵਧੀਆ ਪਟਿਆਲਾ ਦੀ ਸਿੱਖ ਰਿਆਸਤ ਦੇ 1881 ਤੋਂ 1931 ਤਕ ਦੀ ਜਨਗਣਨਾ ਦੇ ਤੁਲਨਾਤਮਕ ਅਧਿਐਨ ਤੋਂ ਪਤਾ ਲਗਦਾ ਹੈ ਕਿ 1881 ਵਿਚ ਹਿੰਦੂ ਅਬਾਦੀ 50.1% ਤੋਂ ਘਟ ਕੇ 1931 ਵਿਚ 38.2% ਰਹਿ ਗਈ ਅਤੇ ਮੁਸਲਮਾਨ ਘੱਟ ਗਿਣਤੀ ਉਨੀ ਹੀ ਰਹੀ ਜੋ 1881 ਵਿਚ 21.9% ਸੀ ਅਤੇ 1931 ਵਿਚ 22.4% ਸੀ।

      ਸਿੱਖ ਰਾਜਿਆਂ ਨੇ ਉਨ੍ਹੀਵੀਂ ਅਤੇ ਵੀਹਵੀਂ ਸਦੀ ਵਿਚ ਸਿੱਖ ਪੁਨਰਜਾਗਰਤੀ ਦੇ ਨੁਮਾਇੰਦੇ ਵੱਡੇ ਰਾਜਨੀਤਿਕ ਅਤੇ ਸਮਾਜਿਕ ਵਰਗਾਂ ਨਾਲ ਆਪਣੇ ਆਪ ਨੂੰ ਜੋੜਿਆ। ਇਸ ਸੰਬੰਧ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਹਨਾਂ ਨਾਲ ਇਕਸੁਰ ਕਰਨ ਵਾਲਾ ਪਹਿਲਾ ਫਰੀਦਕੋਟ ਦਾ ਰਾਜਾ ਬਿਕਰਮ ਸਿੰਘ ਸੀ। ਇਸ ਨੇ ਅੰਮ੍ਰਿਤਸਰ ਦੀ ‘ਸਿੰਘ ਸਭਾ` ਵਿਚ ਹਿੱਸਾ ਲਿਆ ਅਤੇ ਕਈ ਸਿੱਖ ਵਿੱਦਿਅਕ ਪ੍ਰਾਜੈਕਟਾਂ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ। ਫਰੀਦਕੋਟ ਦਾ ਰਾਜਾ ਜ਼ਿਆਦਾ ਕੱਟੜ ਅੰਮ੍ਰਿਤਸਰ ਸਿੰਘ ਸਭਾ ਦੀ ਹਿਮਾਇਤ ਕਰਦਾ ਸੀ ਪਰ ਮਹਾਰਾਜਾ ਹੀਰਾ ਸਿੰਘ ਨਾਭਾ ਅਤੇ ਮਹਾਰਾਜਾ ਰਾਜਿੰਦਰ ਸਿੰਘ ਪਟਿਆਲਾ ਉਹਨਾਂ ਸਿੱਖ ਅਖ਼ਬਾਰਾਂ ਨੂੰ ਚਲਾਉਂਦੇ ਸਨ ਜਿਹੜੇ ਵਿਰੋਧੀ ‘ਲਾਹੌਰ ਸਿੰਘ ਸਭਾ` ਨਾਲ ਸੰਬੰਧਿਤ ਸਨ। ਸਾਰੇ ਸਿੱਖ ਰਾਜਿਆਂ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ ਵਿਚ ਕਾਫ਼ੀ ਪੈਸਾ ਦਿੱਤਾ ਅਤੇ ਸਿੱਟੇ ਵਜੋਂ ਇਹਨਾਂ ਨੂੰ ਕਾਲਜ ਕੌਂਸਲ ਅਤੇ ਪ੍ਰਬੰਧਕ ਕਮੇਟੀਆਂ ਦੀਆਂ ਮੈਂਬਰੀਆਂ ਦਿੱਤੀਆਂ ਗਈਆਂ ਅਤੇ ਆਨਰੇਰੀ ਅਹੁਦੇ ਜਿਵੇਂ ਚਾਂਸਲਰਸ਼ਿਪ ਆਦਿ ਦਿੱਤੇ ਗਏ। ਵੀਹਵੀਂ ਸਦੀ ਵਿਚ ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਾਜਿੰਦਰ ਸਿੰਘ ਦੇ ਵਾਰਸ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਅਤੇ ਮਹਾਰਾਜਾ ਭੂਪਿੰਦਰ ਸਿੰਘ ਪਟਿਆਲਾ ਨੇ ਸਿੱਖ ਰਾਜਨੀਤਿਕ, ਧਾਰਮਿਕ ਅਤੇ ਸਭਿਆਚਾਰਿਕ ਸਰਗਰਮੀਆਂ ਵਿਚ ਹੋਰ ਵਧ ਕੇ ਭਾਗ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਸਰਗਰਮੀਆਂ ਨੂੰ ਆਪਣੀ ਰਿਆਸਤ ਦੀ ਉੱਚਤਾ ਦਰਸਾਉਣ ਅਤੇ ਨਿੱਜੀ ਦੁਸ਼ਮਨੀਆਂ ਲਈ ਵੀ ਵਰਤਿਆ।


ਲੇਖਕ : ਬ.ਰ. ਅਤੇ ਆਈ.ਸੀ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੱਖ ਰਿਆਸਤਾਂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿੱਖ ਰਿਆਸਤਾਂ  : ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਤੋਂ ਪਿੱਛੋਂ ਅਤੇ ਦਿੱਲੀ ਦਰਬਾਰ ਦੇ ਕਮਜ਼ੋਰ ਹੋ ਜਾਣ ਤੇ 1769 ਈ. ਤਕ ਸਿੱਖ ਮਿਸਲਾਂ ਨੇ ਸਾਰੇ ਪੰਜਾਬ ਤੇ ਕਬਜ਼ਾ ਕਰ ਕੇ ਆਪੋ ਆਪਣੇ ਇਲਾਕੇ ਵੰਡ ਲਏ ਸਨ। ਜੁਲਾਈ, 1799 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਕੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਦੂਜੀਆਂ ਮਿਸਲਾਂ ਦੇ ਇਲਾਕਿਆਂ ਨੂੰ ਆਪਣੇ ਰਾਜ ਵਿਚ ਮਿਲਾਉਣਾ ਸ਼ੁਰੂ ਕੀਤਾ। ਸਤਲੁਜ ਪਾਰ ਦੇ ਸਿੱਖ ਰਾਜਿਆਂ ਨੇ ਆਪਣੀ ਵਖਰੀ ਹੋਂਦ ਕਾਇਮ ਰਖਣ ਲਈ ਅੰਗਰੇਜ਼ਾਂ ਦੀ ਸ਼ਰਨ ਲੈ ਲਈ। ਸੰਨ 1809 ਦੀ ਸੰਧੀ ਅਨੁਸਾਰ ਸਤਲੁਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਮੰਨ ਲਿਆ ਗਿਆ। ਇਸ ਲਈ ਉਹ ਸਤਲੁਜ ਦੇ ਖੱਬੇ ਪਾਸੇ ਇਲਾਕਿਆਂ ਉੱਤੇ ਕਬਜ਼ਾ ਨਾ ਕਰ ਸਕਿਆ। ਇਸ ਸੰਧੀ ਅਧੀਨ ਉਸ ਨੂੰ ਫ਼ਰੀਦਕੋਟ ਦਾ ਜਿੱਤਿਆ ਇਲਾਕਾ ਵੀ ਵਾਪਸ ਕਰਨਾ ਪਿਆ। ਸਤਲੁਜ ਦੇ ਉੱਤਰ ਵੱਲ ਆਹਲੂਵਾਲੀਆ ਮਿਸਲ ਦੀ ਇਕ ਰਿਆਸਤ ਕਪੂਰਥਲਾ ਹੀ ਸੀ ਜਿਸ ਦਾ ਰਾਜਾ ਫਤਹਿ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਸ ਦੋਸਤ ਸੀ ਅਤੇ ਜਿਸ ਕਰ ਕੇ ਉਸ ਨੇ ਉਸ ਦੇ ਰਾਜ ਤੇ ਕਬਜ਼ਾ ਨਾ ਕੀਤਾ ਸਗੋਂ ਕਈ ਇਲਾਕੇ ਫਤਹਿ ਕਰ ਕੇ ਉਸ ਦੇ ਰਾਜ ਵਿਚ ਸ਼ਾਮਲ ਕਰ ਦਿੱਤੇ। ਸਤਲੁਜ ਦੇ ਦੱਖਣ ਵਲ ਨਾਭਾ, ਪਟਿਆਲਾ, ਜੀਂਦ, ਫਰੀਦਕੋਟ ਅਤੇ ਕਲਸੀਆ ਰਿਆਸਤਾਂ ਸਨ। ਨਾਭਾ, ਪਟਿਆਲਾ, ਜੀਂਦ ਇਹ ਤਿੰਨ ਰਿਆਸਤਾਂ ਫੂਲਕੀਆਂ ਮਿਸਲ ਨਾਲ ਸਬੰਧਤ ਸਨ। ਫਰੀਦਕੋਟ ਦੀ ਰਿਆਸਤ ਦੇ ਬਾਨੀ ਚੌਧਰੀ ਸਨ ਜਿਨ੍ਹਾਂ ਨੂੰ ਮੁਗਲਾਂ ਦੇ ਸਮੇਂ ਤੋਂ ਹੀ ਜਾਗੀਰ ਪ੍ਰਾਪਤ ਸੀ। ਰਿਆਸਤ ਕਲਸੀਆ ਦਾ ਬਾਨੀ ਗੁਰਬਖ਼ਸ਼ ਸਿੰਘ, ਮਿਸਲ ਕਰੋੜਾਸਿੰਘੀਆ ਦੇ ਸਰਦਾਰ ਬਘੇਲ ਸਿੰਘ ਦਾ ਸਾਥੀ ਸੀ। ਸਰਹਿੰਦ ਫਤਹਿ ਕਰ ਕੇ ਜਦੋਂ ਸਿੱਖਾਂ ਨੇ ਇਲਾਕੇ ਮੱਲ ਲਏ ਤਾਂ ਉਸ ਨੇ ਵੀ ਬਸੀ ਛਛਰੌਲੀ ਆਦਿ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ 1947 ਈ. ਤਕ ਇਨ੍ਹਾਂ ਰਿਆਸਤਾਂ ਦੀ ਹੋਂਦ ਕਾਇਮ ਰਹੀ।

        ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ 1846-48 ਈ. ਵਿਚ ਅੰਗਰੇਜ਼ਾਂ ਅਤੇ ਸਿੱਖਾਂ ਦੀਆਂ ਲੜਾਈਆਂ ਵਿਚ, ਰਿਆਸਤ ਨਾਭਾ ਨੂੰ ਛਡ ਕੇ, ਬਾਕੀ ਰਿਆਸਤਾਂ ਨੇ ਅੰਗਰੇਜ਼ਾਂ ਦੀ ਭਰਪੂਰ ਮਦਦ ਕੀਤੀ। ਇਸ ਲੜਾਈ ਤੋਂ ਪਿੱਛੋਂ ਅੰਗਰੇਜ਼ਾਂ ਨੇ ਰਿਆਸਤ ਨਾਭਾ ਦੇ ਰਾਜਾ ਦਵਿੰਦਰ ਸਿੰਘ ਨੂੰ ਗੱਦੀਓਂ ਉਤਾਰ ਕੇ 50 ਹਜ਼ਾਰ ਸਾਲਾਨਾ ਪੈਨਸ਼ਨ ਦੇ ਕੇ ਮਥਰਾ ਭੇਜ ਦਿਤਾ ਅਤੇ ਜ਼ਬਤ ਕੀਤੇ ਇਲਾਕੇ ਵਿਚੋਂ 35,612 ਰੁਪਏ ਦੀ ਜਾਗੀਰ ਰਿਆਸਤ ਪਟਿਆਲਾ ਨੂੰ ਦੇ ਦਿਤੀ। ਸੰਨ 1846 ਵਿਚ ਰਿਆਸਤ ਕਪੂਰਥਲਾ ਵੀ ਅੰਗਰੇਜ਼ਾਂ ਦੇ ਅਧੀਨ ਆ ਗਈ।

        ਸੰਨ 1857 ਦੇ ਵਿਦਰੋਹ ਵਿਚ ਇਨ੍ਹਾਂ ਰਿਆਸਤਾਂ ਨੇ ਅੰਗਰੇਜ਼ ਸਰਕਾਰ ਨੂੰ ਖੁਸ਼ ਕਰਨ ਲਈ ਖੁਲ੍ਹੇ ਦਿਲ ਨਾਲ ਅੰਗਰੇਜ਼ਾਂ ਦੀ ਮਦਦ ਕੀਤੀ ਅਤੇ ਕਈ ਤਰ੍ਹਾਂ ਦੀਆਂ ਰਿਆਇਤਾ ਅਤੇ ਇਲਾਕੇ ਪ੍ਰਾਪਤ ਕੀਤੇ।

        ਸੰਨ 1947 ਵਿਚ ਦੇਸ਼ ਨੂੰ ਆਜ਼ਾਦੀ ਮਿਲਣ ਸਮੇਂ ਅੰਗਰੇਜ਼ਾਂ ਨੇ ਰਿਆਸਤਾਂ ਨੂੰ ਵਖਰੀ ਯੂਨੀਅਨ ਬਣਾ ਲੈਣ ਦੀ ਸ਼ਹਿ ਦਿਤੀ ਪਰ ਇਸ ਸਬੰਧ ਵਿਚ ਸਭ ਤੋਂ ਪਹਿਲਾਂ ਰਿਆਸਤ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਭਾਰਤ ਵਿਚ ਸ਼ਾਮਲ ਹੋਣ ਦੇ ਐਲਾਨ ਕੀਤਾ ਅਤੇ ਅਸੈਂਬਲੀ ਵਿਚ ਆਪਣੇ ਨੁਮਾਇੰਦੇ ਭੇਜੇ। ਉਸ ਦੀ ਅਗਵਾਈ ਵਿਚ ਭਾਰਤ ਦੀਆਂ 22 ਹੋਰ ਰਿਆਸਤਾਂ ਵੀ ਸ਼ਾਮਲ ਹੋ ਗਈਆਂ।

        ਫਿਰ ਪੰਜਾਬ ਦੀਆਂ ਰਿਆਸਤਾਂ ਦੀ ਯੂਨੀਅਨ ਬਣਾ ਦਿੱਤੀ ਗਈ। ਪੈਪਸੂ (ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ) ਵਿਚ ਅੱਠ ਰਿਆਸਤਾਂ ਸ਼ਾਮਲ ਹੋਈਆਂ । ਇਹ ਸਨ––

        1. ਰਿਆਸਤ ਪਟਿਆਲਾ

        2. ਰਿਆਸਤ ਕਪੂਰਥਲਾ

        3. ਰਿਆਸਤ ਨਾਭਾ

        4. ਰਿਆਸਤ ਜੀਂਦ

        5. ਰਿਆਸਤ ਫ਼ਰੀਦਕੋਟ

        6. ਰਿਆਸਤ ਕਲਸੀਆ

        7. ਰਿਆਸਤ ਮਲੇਰਕੋਟਲਾ

        8. ਰਿਆਸਤ ਨਾਲਾਗੜ੍ਹ

        ਮਹਾਰਾਜਾ ਯਾਦਵਿੰਦਰ ਸਿੰਘ ਨੂੰ ਉਮਰ ਭਰ ਵਾਸਤੇ ਇਨ੍ਹਾਂ ਅੱਠ ਰਿਆਸਤਾਂ ਦਾ ਰਾਜ ਪ੍ਰਮੁੱਖ ਬਣਾਇਆ ਗਿਆ। ਰਿਆਸਤਾਂ ਦੇ ਮਾਲਕਾਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਭੱਤਾ ਮਿਲਦਾ ਸੀ। ਰਾਜ ਪ੍ਰਮੁੱਖ ਨੂੰ 17 ਲੱਖ ਰੁਪਏ ਭੱਤੇ ਤੋਂ ਇਲਾਵਾ 10 ਲੱਖ ਰੁਪਏ ਸਾਲਾਨਾ ਤਨਖ਼ਾਹ ਵੀ ਦਿੱਤੀ ਜਾਂਦੀ ਸੀ। ਸ. ਗਿਆਨ ਸਿੰਘ ਰਾੜੇਵਾਲਾ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਬਣਿਆ।

        ਸੰਨ 1956 ਵਿਚ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰ ਦਿੱਤਾ ਗਿਆ ਅਤੇ 1974 ਈ. ਵਿਚ ਭਾਰਤ ਸਰਕਾਰ ਨੇ ਇਕ ਬਿਲ ਪਾਸ ਕਰ ਕੇ ਰਾਜਿਆਂ ਦੇ ਭੱਤੇ ਖ਼ਤਮ ਕਰ ਦਿੱਤੇ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-01-27-44, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ. ; ਹਿ. ਪੰ; ਹਿ. ਸਿ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.