ਸੀਹਰਫੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੀਹਰਫੀ : ਸੀਹ ਦਾ ਅਰਥ ਹੈ ਤੀਹ ਅਤੇ ਹਰਫ਼ ਦਾ ਭਾਵ ਹੈ ਅੱਖਰ। ਸੀਹਰਫੀ ਫ਼ਾਰਸੀ ਤੋਂ ਉਰਦੂ ਦੇ ਜ਼ਰੀਏ ਪੰਜਾਬੀ ਵਿੱਚ ਆਇਆ ਇੱਕ ਕਾਵਿ-ਰੂਪਾਕਾਰ ਹੈ ਜਿਸ ਵਿੱਚ ਫ਼ਾਰਸੀ ਦੀ ਵਰਨਮਾਲਾ (ਜਿਸ ਨੂੰ ਉਹ ਅਬਜਦ ਆਖਦੇ ਹਨ) ਦੇ ਇਕੱਲੇ-ਇਕੱਲੇ ਹਰਫ਼ ਨੂੰ ਲੈ ਕੇ ਕ੍ਰਮਵਾਰ ਬੰਦ ਰਚੇ ਜਾਂਦੇ ਹਨ। ਉਰਦੂ ਵੀ ਇਸੇ ਵਰਨਮਾਲਾ ਨਾਲ ਲਿਖਿਆ ਜਾਂਦਾ ਹੈ। ਇਸ ਵਰਨਮਾਲਾ ਵਿੱਚ ਅਲਫ਼ ਤੋਂ ਯੇ ਤੱਕ ਇੱਕ-ਇੱਕ ਹਰਫ਼ ਨਾਲ ਸ਼ੁਰੂ ਕਰ ਕੇ ਇੱਕ- ਇੱਕ ਕਾਵਿ-ਬੰਦ ਲਿਖਿਆ ਜਾਂਦਾ ਹੈ। ਪੰਜਾਬੀ ਵਿੱਚ ਇਸ ਕਾਵਿ-ਰੂਪ ਦੀ ਪਿਰਤ ਓਦੋਂ ਪਈ ਜਦੋਂ ਮੁਸਲਮਾਨ ਕਵੀਆਂ ਨੇ ਪੰਜਾਬੀ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ। ਉਂਞ ਪੰਜਾਬੀ ਤੇ ਹਿੰਦੀ ਵਿੱਚ ਆਪੋ-ਆਪਣੀ ਵਰਨਮਾਲਾ ਅਨੁਸਾਰ ਪੱਟੀ ਤੇ ਬਾਵਨ ਅੱਖਰੀ ਲਿਖਣ ਦੀ ਵੀ ਪਰੰਪਰਾ ਹੈ। ਸੀਹਰਫੀ ਨਿਰੋਲ ਕਾਵਿ-ਰੂਪ ਹੈ। ਇਸ ਵਿੱਚ ਛੰਦ ਜਾਂ ਵਿਸ਼ੇ ਦੀ ਕੋਈ ਬੰਦਸ਼ ਨਹੀਂ। ਸੀਹਰਫੀ, ਦੋਹਰੇ, ਡਿਓਢ, ਸਲੋਕ, ਬੈਂਤ ਕਿਸੇ ਵੀ ਕਾਵਿ-ਬਣਤਰ ਦੀ ਵਰਤੋਂ ਕਰ ਸਕਦੀ ਹੈ। ਇਸ ਦਾ ਵਿਸ਼ਾ ਅਧਿਆਤਮਿਕ, ਧਾਰਮਿਕ, ਇਤਿਹਾਸਿਕ, ਰੁਮਾਂਟਿਕ ਕੋਈ ਵੀ ਹੋ ਸਕਦਾ ਹੈ। ਲੰਬੀ ਕਹਾਣੀ ਤੇ ਬਿਰਤਾਂਤ ਨੂੰ ਸੀਹਰਫੀ ਵਿੱਚ ਸਹਿਜੇ ਹੀ ਪੇਸ਼ ਕੀਤਾ ਜਾ ਸਕਦਾ ਹੈ। ਸੀਹਰਫੀ ਉਰਦੂ ਮਿਸ ਵਾਲੀ ਪੰਜਾਬੀ ਬੋਲੀ ਵਿੱਚ ਹੁੰਦੀ ਹੈ। ਇਸ ਦੀ ਮਿੱਠੀ, ਠੇਠ ਤੇ ਸਰਲ ਭਾਸ਼ਾ ਉਹਨਾਂ ਪੁਰਾਣੇ ਬਜ਼ੁਰਗਾਂ ਨੂੰ ਬੜਾ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਦਾ ਪਿਛੋਕੜ ਉਰਦੂ ਫ਼ਾਰਸੀ ਵਾਲਾ ਹੈ। ਹੁਣ ਤੱਕ ਘੱਟੋ-ਘੱਟ ਇੱਕ ਸੌ ਕਵੀ ਸੀਹਰਫੀ ਉੱਤੇ ਆਪਣੀ ਕਲਮ ਅਜ਼ਮਾ ਚੁੱਕੇ ਹਨ।
ਫ਼ਾਰਸੀ ਵਰਨਮਾਲਾ ਦੇ ਹਰਫ਼ ਤਾਂ ਅਠਾਈ ਹਨ। ਇਸਲਾਮੀ ਆਸਥਾ ਕਾਰਨ ਅਠਾਈ ਦੀ ਥਾਂ ਤੀਹ ਬੰਦਾਂ ਵਾਲੀ ਸੀਹਰਫੀ ਦੀ ਪਰੰਪਰਾ ਹੈ। ਅਸਲ ਵਿੱਚ ਕੁਰਾਨ ਦੇ ਸਿਪਰਿਆਂ ਭਾਵ ਚੈਪਟਰਾਂ ਦੀ ਗਿਣਤੀ ਤੀਹ ਹੈ। ਰਮਜ਼ਾਨ ਵਿੱਚ ਵੀ ਤੀਹ ਰੋਜ਼ਿਆਂ ਦਾ ਹੀ ਵਿਧਾਨ ਹੈ। ਇਸੇ ਲਈ ਤੀਹ ਦਾ ਅੰਕ ਇਸਲਾਮੀ ਪੰਰਪਰਾ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਤੀਹ ਦੀ ਗਿਣਤੀ ਪੂਰੀ ਕਰਨ ਵਾਸਤੇ ਕਵੀ ਅਲਫ਼ ਨਾਲ ਹੀ ਰਚਨਾ ਦਾ ਅਰੰਭਿਕ ਬੈਂਤ ਲਿਖਦੇ ਹਨ ਅਤੇ ਅਲਫ਼ ਨਾਲ ਹੀ ਅੰਤਿਮ ਬੰਦ ਮੁਕਾਂਦੇ ਹਨ। ਇੱਕ ਹੋਰ ਬੰਦ ਲਾਮ ਤੇ ਅਲਫ਼ ਦੇ ਜੋੜ ਨਾਲ ਲਾ ਬਣਾ ਕੇ ਸਿਰਜਿਆ ਜਾਂਦਾ ਹੈ। ਇਸ ਤਰ੍ਹਾਂ ਦੋ ਬੰਦ ਅੱਲਾ ਦੇ ਬੋਧਕ ਬਣ ਜਾਂਦੇ ਹਨ ਤੇ ਸੀਹਰਫੀ ਪੂਰੀ ਹੋ ਜਾਂਦੀ ਹੈ।
ਇਸਲਾਮੀ ਪੰਰਪਰਾ ਨਾਲ ਸੰਬੰਧਿਤ ਹੋਣ ਕਰ ਕੇ ਸੂਫ਼ੀ ਕਵੀਆਂ ਨੇ ਸੀਹਰਫੀ ਦੀ ਵਰਤੋਂ ਕਾਫ਼ੀ ਮਾਤਰਾ ਵਿੱਚ ਕੀਤੀ ਹੈ। ਉਹਨਾਂ ਦੀਆਂ ਸੀਹਰਫੀਆਂ ਵਿੱਚ ਇਸਲਾਮੀ ਸ਼ਰ੍ਹਾ ਦੀ ਚਰਚਾ ਵਧੇਰੇ ਹੈ ਤੇ ਸੰਸਾਰਿਕ ਜੀਵਨ ਦਾ ਚਿਤਰਨ ਘੱਟ। ਇਸ ਤਰ੍ਹਾਂ ਉਹਨਾਂ ਨੇ ਸੀਹਰਫੀ ਨੂੰ ਇਸਲਾਮ ਦੇ ਪ੍ਰਚਾਰ ਲਈ ਵਧੇਰੇ ਵਰਤਿਆ ਹੈ। ਇਸ ਦੇ ਬਾਵਜੂਦ ਸੂਫ਼ੀਆਂ ਦੀਆਂ ਸੀਹਰਫੀਆਂ ਵਿੱਚ ਕਰਮ-ਕਾਂਡ ਦੀ ਥਾਂ ਅੰਦਰਲੀ ਰੂਹਾਨੀਅਤ ਉੱਤੇ ਵੱਧ ਜ਼ੋਰ ਹੈ। ਸੂਫ਼ੀਆਂ ਨੇ ਦੋਹਰੇ ਤੇ ਦਵੱਯੀਏ ਵਿੱਚ ਵੀ ਸੀਹਰਫੀਆਂ ਰਚੀਆਂ ਹਨ। ਬਾਹੂ ਨੇ ਤਾਟੰਕ ਛੰਦ ਵਿੱਚ ਵੀ ਸੀਹਰਫੀ ਲਿਖੀ ਹੈ। ਉਂਞ ਸੂਫ਼ੀਆਂ ਵਿੱਚ ਹੀ ਨਹੀਂ, ਸੀਹਰਫੀ ਕਾਵਿ ਲਿਖਣ ਵਾਲੇ ਬਹੁਤੇ ਕਵੀਆਂ ਵਿੱਚ ਬੈਂਤ ਸਭ ਤੋਂ ਵੱਧ ਲੋਕ-ਪ੍ਰਿਆ ਛੰਦ ਰਿਹਾ ਹੈ।
ਭਾਵੇਂ ਅੱਜ ਪ੍ਰਾਪਤ ਕਾਵਿ ਵਿੱਚ ਸੀਹਰਫੀ ਦਾ ਸਭ ਤੋਂ ਪੁਰਾਣਾ ਨਮੂਨਾ ਸੁਲਤਾਨ ਬਾਹੂ ਦੀ ਰਚਨਾ ਹੀ ਹੈ, ਪਰੰਤੂ ਸੀਹਰਫੀ ਲਿਖਣ ਦੀ ਪਰੰਪਰਾ ਖ਼ਾਸੀ ਪੁਰਾਣੀ ਹੈ। ਮੋਹਨ ਸਿੰਘ ਦੀਵਾਨਾ ਅਨੁਸਾਰ ਪੰਜਾਬ ਵਿੱਚ ਪਹਿਲੀ ਸੀਹਰਫੀ ਗੁਰੂ ਨਾਨਕ ਦੇਵ ਦੇ ਸਮਕਾਲੀ ਕਵੀ ਮੀਰਾਂ ਸ਼ਾਹ ਨੇ ਲਿਖੀ। ਇਹ ਸੀਹਰਫੀ ਹੁਣ ਪ੍ਰਾਪਤ ਨਹੀਂ। ਸੁਲਤਾਨ ਬਾਹੂ (1629-90) ਦੀ ਸੀਹਰਫੀ ਵਿੱਚੋਂ ਇੱਕ ਉਦਾਹਰਨ ਵੇਖੋ :
ਅਲਿਫ਼ ਅਲਾ ਚੰਬੇ ਦੀ ਬੂਟੀ,
ਮੇਰੇ ਮੁਰਸ਼ਦ ਮਨ ਵਿੱਚ ਲਾਈ ਹੂ।
ਨਫ਼ੀ ਅਸਬਾਤ ਦਾ ਪਾਣੀ ਮਿਲਿਆ,
ਹਰ ਗੱਲੇ ਹਰ ਜਾਈ ਹੂ।
ਅਲੀ ਹੈਦਰ (1690-1785) ਨੇ ਪੰਜ ਸੀਹਰਫੀਆਂ ਰਚੀਆਂ। ਇਹ ਮਾਅਰਫ਼ਤ ਦਾ ਖ਼ਜ਼ਾਨਾ ਤਾਂ ਹਨ ਹੀ, ਇਹਨਾਂ ਵਿੱਚ ਦੇਸ਼ ਦੀ ਮਾੜੀ ਹਾਲਤ ਉੱਤੇ ਵੀ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ :
ਬੇ-ਬੀ ਜ਼ਹਿਰ ਨਹੀਂ ਜੋ ਖਾ ਮਰਨ
ਕੁਝ ਸ਼ਰਮ ਨਾ ਹਿੰਦੁਸਤਾਨੀਆਂ ਨੂੰ।
ਕਿਆ ਹੋਇਆ ਉਹਨਾਂ ਰਾਜਿਆਂ ਨੂੰ,
ਕੁਝ ਲੱਜ ਨਹੀਂ ਤੁਰਾਨੀਆਂ ਨੂੰ।
ਉਨ੍ਹੀਵੀਂ ਸਦੀ ਦੇ ਰਵਾਇਤੀ ਕਵਿਤਾ ਦੇ ਸਿਖਰ ਦੇ ਯੁੱਗ ਵਿੱਚ ਸੀਹਰਫੀ ਨੂੰ ਵਿਰਾਗ, ਤਿਆਗ, ਪ੍ਰੇਮ ਤੇ ਇਤਿਹਾਸਿਕ ਬਿਰਤਾਂਤ ਦੇ ਬਿਆਨ ਲਈ ਬਹੁਤ ਜ਼ਿਆਦਾ ਵਰਤਿਆ ਗਿਆ। ਭਾਵੇਂ ਇਸ ਰੂਪਾਕਾਰ ਦਾ ਅਰੰਭ ਮੁਸਲਮਾਨਾਂ ਨੇ ਕੀਤਾ ਪਰੰਤੂ ਹਿੰਦੂ ਤੇ ਸਿੱਖ ਕਵੀਆਂ ਨੇ ਵੀ ਇਸ ਦੀ ਭਰਪੂਰ ਵਰਤੋਂ ਕੀਤੀ ਹੈ। ਸੰਤਰੇਣ, ਸੰਤ ਗੁਪਾਲ ਸਿੰਘ, ਸਾਈਂ ਦਾਸ, ਸਾਹਿਬ ਸਿੰਘ, ਦਿਆਲ ਸਿੰਘ, ਹਾਕਮ ਸਿੰਘ ਦਰਵੇਸ਼, ਨਿਹਾਲ ਸਿੰਘ, ਗੰਗਾ ਰਾਮ, ਮਿਲਖੀ ਰਾਮ, ਸਦਾ ਨੰਦ ਆਦਿ ਕਿੰਨੇ ਹੀ ਨਾਂ ਇਸ ਪਰੰਪਰਾ ਵਿੱਚ ਗਿਣੇ ਜਾ ਸਕਦੇ ਹਨ। ਪੂਰਨ ਭਗਤ ਦੇ ਕਿੱਸੇ ਵਿਚਲੀ ਸੀਹਰਫੀ ਇਸ ਕਾਵਿ ਦੀ ਬਿਰਤਾਂਤ ਸਿਰਜਣ ਦੀ ਸਮਰੱਥਾ ਦਾ ਪ੍ਰਮਾਣ ਹੈ :
ਰੇ-ਰੰਗ ਮਹਲ ਤੇ ਚੜ੍ਹ ਰਾਣੀ
ਰੋ ਰੋ ਆਖਦੀ ਪੂਰਨਾ ਲੁੱਟ ਗਿਉਂ।
ਬਾਗ਼ ਸ਼ੌਕ ਦੇ ਪੱਕ ਤਿਆਰ ਹੋਏ,
ਨੇਹੁੰ ਲਾ ਕੇ ਪੂਰਨਾ ਪੁੱਟ ਗਿਉਂ।
ਘੜੀ ਬੈਠ ਨਾ ਕੀਤੀਆਂ ਰੱਜ ਗੱਲਾਂ,
ਝੂਠੀ ਪ੍ਰੀਤ ਲਗਾ ਕੇ ਉਠ ਗਿਉਂ।
ਕਾਦਰ ਯਾਰ ਮੀਆਂ ਸੱਸੀ ਵਾਂਗ ਮੈਨੂੰ,
ਥਲਾਂ ਵਿੱਚ ਕੁਲਾਉਂਦੀ ਸੁੱਟ ਗਿਉਂ।
ਹਰੀ ਸਿੰਘ ਨਲਵੇ ਦਾ ਬਿਰਤਾਂਤ ਕਾਦਰਯਾਰ ਦੇ ਤਖ਼ਲੱਸ ਨਾਲ ਲਿਖਣ ਵਾਲੇ ਇੱਕ ਪੁਰਾਤਨ ਕਵੀ ਦੀਆਂ ਸੀਹਰਫੀਆਂ ਵਿੱਚ ਵੀ ਪ੍ਰਾਪਤ ਹੈ। ਇਸ ਵਿੱਚੋਂ ਇੱਕ ਬੰਦ ਵੇਖੋ :
ਲਾਮ-ਲੋਕਾਂ ਪਠਾਣਾਂ ਨੂੰ ਖਬਰ ਨਾ ਸੀ,
ਹਰੀ ਸਿੰਘ ਮੈਦਾਨ ਵਿੱਚ ਮਰ ਗਿਆ।
ਏਸੇ ਵਾਸਤੇ ਦੋਸਤ ਮੁਹੰਮਦ ਜੇਹਾ,
ਸੁਲਾਹ ਨਾਲ ਵਕੀਲਾਂ ਸੀ ਕਰ ਗਿਆ।
ਹਰੀ ਸਿੰਘ ਸਰਦਾਰ ਦੀ ਧਮਕ ਭਾਰੀ,
ਉਸੇ ਜੰਗ ਤੋਂ ਤੰਗ ਹੋ ਡਰ ਗਿਆ।
ਕਾਦਰਯਾਰ ਮੀਆਂ ਜਾਣੇ ਖਲਕ ਸਾਰੀ,
ਹਰੀ ਸਿੰਘ ਪਿਸ਼ੌਰ ਵਿੱਚ ਲੜ ਗਿਆ।
ਅੰਗਰੇਜ਼ੀ ਰਾਜ ਸਮੇਂ ਬਰਦੇ ਨੇ ਅੰਗਰੇਜ਼ੀ ਧੱਕੇਸ਼ਾਹੀ ਦਾ ਜ਼ਿਕਰ ਇੱਕ ਸੀਹਰਫੀ ਵਿੱਚ ਕੀਤਾ ਜਿਸ ਦਾ ਇੱਕ ਬੰਦ ਇਸ ਪ੍ਰਕਾਰ ਹੈ :
ਜੀਮ-ਜੇਲ੍ਹ ਖ਼ਾਨਾ ਰਾਵਲਪਿੰਡੀ ਵਾਲਾ,
ਜਿਦੀਆਂ ਕੋਠੀਆਂ ਗਿਣੋ ਤਾਂ ਹੈਨ ਚਾਲੀ।
ਪੰਜ ਸੱਤ ਕੈਦੀ ਰੋਜ ਆਣ ਵੜਦੇ,
ਕਦੇ ਦਿਨ ਨਾ ਜਾਂਵਦਾ ਕੋਈ ਖਾਲੀ।
ਬਾਰਾਂ ਸੇਰ ਛੋਲੇ ਦਿੰਦੇ ਪੀਸਨੇ ਨੂੰ,
ਮੂੰਹ `ਤੇ ਆਏ ਜਰਦੀ ਅੱਖਾਂ ਵਿੱਚ ਲਾਲੀ।
ਬਰਦਾ ਆਖਦਾ ਯਾਰੋ ਅੰਗ੍ਰੇਜ਼ ਡਾਢੇ,
ਇਹਨਾਂ ਸੈਆਂ ਜਵਾਨਾਂ ਦੀ ਜਿੰਦ ਗਾਲੀ।
ਸੀਹਰਫੀ ਦੀ ਅਮੀਰ ਪਰੰਪਰਾ ਦੇ ਬਾਵਜੂਦ ਅੱਜ ਇਸ ਦੀ ਵਰਤੋਂ ਘੱਟ ਗਈ ਹੈ। ਇਸ ਦਾ ਕਾਰਨ ਇਧਰਲੇ ਪੰਜਾਬ ਵਿੱਚ ਫ਼ਾਰਸੀ ਲਿਪੀ ਤੇ ਉਰਦੂ ਭਾਸ਼ਾ ਤੋਂ ਸਾਡੇ ਲੋਕਾਂ ਦੀ ਵੱਧ ਰਹੀ ਬੇਗਾਨਗੀ ਹੈ। ਪੱਛਮੀ ਪੰਜਾਬ ਵਿੱਚ ਅੱਜ ਵੀ ਇਸ ਰੂਪਾਕਾਰ ਨੂੰ ਬਹੁਤ ਵਰਤਿਆ ਜਾਂਦਾ ਹੈ। ਇਧਰਲੇ ਸਟੇਜੀ ਕਵੀ ਤੇ ਕਵੀਸ਼ਰ ਵੀ ਕਦੇ-ਕਦੇ ਇਸ ਰੂਪਾਕਾਰ ਨੂੰ ਵਰਤ ਲੈਂਦੇ ਹਨ। ਸੀਹਰਫੀ ਲੰਬੇ ਬਿਰਤਾਂਤਾਂ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਚਿਤਰਨ ਦੀ ਸਮਰੱਥਾ ਵਾਲਾ ਕਾਵਿ-ਰੂਪਾਕਾਰ ਹੈ। ਇਸ ਦੀ ਵਰਤੋਂ ਕਰ ਕੇ ਕਵੀ ਜਨ-ਸਮੂਹ ਨੂੰ ਆਪਣੇ ਨਾਲ ਜੋੜ ਸਕਦੇ ਹਨ।
ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸੀਹਰਫੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਹਰਫੀ. ਦੇਖੋ, ਸਿਹਰਫੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Rajinder,
( 2019/04/23 04:5548)
Please Login First