ਸੁਆਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁਆਂ : ਸੁਹਾਂ ਜਾਂ ਸੁਆਂ ਪੋਠੋਹਾਰ ਦਾ ਬਹੁਤ ਪ੍ਰਸਿੱਧ ਬਰਸਾਤੀ ਦਰਿਆ ਹੈ। ਇਹ ਲਗਭਗ 210 ਕਿ. ਮੀ. (130 ਮੀਲ) ਲੰਬਾ ਹੈ। ਸੁਹਾਂ ਸ਼ਬਦ ‘ਸੌ ਵਹਿਣ’ ਸ਼ਬਦ ਤੋਂ ਨਿਕਲਿਆ ਦਸਿਆ ਜਾਂਦਾ ਹੈ ਕਿਉਂਕਿ ਪੋਠੋਹਾਰ ਦੇ ਤਕਰੀਬਨ ਸੌ ਕੁ ਵੱਡੇ ਛੋਟੇ ਬਰਸਾਤੀ ਨਦੀਆਂ ਨਾਲੇ ਇਸ ਵਿਚ ਆ ਮਿਲਦੇ ਹਨ। ਸੱਪ ਵਾਂਗ ਵਲ ਖਾਂਦਾ ਇਹ ਰੋਮਾਂਚਿਕ ਦਰਿਆ ਕਈ ਹੋਰ ਛੋਟੀਆਂ ਛੋਟੀਆਂ ਨਦੀਆਂ ਨਾਲਿਆਂ ਨੂੰ ਨਾਲ ਲੈ ਕੇ ਅਖੀਰ ਦਰਿਆ ਸਿੰਧ ਵਿਚ ਅਲੋਪ ਹੋ ਜਾਂਦਾ ਹੈ।

          ਸੁਆਂ ਕੋਹ ਮਰੀ ਦੇ ਐਨ ਹੇਠਾਂ ਵਸਦੇ ਪਿੰਡ ਮੁਸਿਆੜੀ ਕੋਲੋਂ ਨਿਕਲਦਾ ਹੈ। ਵਿੰਗੇ ਟੇਢੇ ਰਾਹਾਂ ਤੇ ਕਈ ਪਹਾੜੀਆਂ ਵਿਚੋਂ ਆਪਣਾ ਰਸਤਾ ਚੀਰਦਾ ਤੇ ਰਮਣੀਕ ਵਾਦੀਆਂ ਵਿਚੋਂ ਲੰਘਦਾ ਚੌਹਰਾਹ ਪਿੰਡ ਦੇ ਮੈਦਾਨਾਂ ਕੋਲ ਆ ਸਿਰ ਕਢਦਾ ਹੈ। ਫਿਰ ਨਰੜ ਕੋਲੋਂ ਲੰਘਦਾ ਹੈ ਜਿਥੇ ਇਸ ਦੀ ਸਮੁੰਦਰ ਸਤ੍ਹਾ ਤੋਂ ਉੱਚਾਈ 751 ਮੀ. (2,500 ਫੁੱਟ) ਹੈ। ਇਸ ਤੋਂ ਅੱਗੇ ਇਹ ਕੋਈ ਡੇਢ ਕਿ. ਮੀ. ਲੰਬੀ ਪਥਰੀਲੀ ਖੱਡ ਵਿਚੋਂ ਲੰਘਦਾ ਹੈ। ਫਰਵਾਲਾ ਕੋਲ ਆ ਕੇ ਇਹ ਪਹਾੜਾਂ ਤੋਂ ਪੂਰੇ ਤੌਰ ਤੇ ਨਿਕਲ ਕੇ ਦੱਖਣ ਵਲ ਵਹਿੰਦਾ ਹੋਇਆ 50-60 ਕਿ. ਮੀ. ਦੇ ਫਾਸਲੇ ਤੇ ਜ਼ਿਲ੍ਹਾ ਅਟਕ ਦੀ ਤਹਿਸੀਲ ਫ਼ਤਹਿ ਜੰਗ ਦੇ ਪਿੰਡ ਚੌਂਤਰੇ ਵਿਚ ਦਾਖ਼ਲ ਹੁੰਦਾ ਹੈ। ਫਰਵਾਲੇ ਤੋਂ ਹੇਠਾਂ ਇਸ ਦਾ ਪੱਤਣ ਕਾਫ਼ੀ ਫੈਲ ਜਾਂਦਾ ਹੈ। ਰਾਵਲਪਿੰਡੀ ਤੋਂ 6 ਕਿ. ਮੀ. ਦੱਖਣ ਵੱਲ ਜੀ. ਟੀ. ਰੋਡ ਇਸ ਉਤੋਂ ਦੀ ਲੰਘਦੀ ਹੈ। ਤਹਿਸੀਲ ਪਿੰਡੀਘੇਬ ਦੀ ਸਰਹੱਦ ਕੋਲੋਂ ਸੀਲ੍ਹ ਨਦੀ ਵੀ ਇਸ ਵਿਚ ਆ ਰਲਦੀ ਹੈ। ਜ਼ਿਲ੍ਹਾ ਰਾਵਲਪਿੰਡੀ ਵਿਚੋਂ ਲਿੰਗ, ਕੁਰੰਗ, ਲੀਹ ਅਤੇ ਵਡਾਲਾ ਪ੍ਰਸਿੱਧ ਨਦੀ ਨਾਲੇ ਇਸ ਵਿਚ ਆ ਰਲਦੇ ਹਨ। 

          ਸੁਹਾਂ ਨੂੰ ਬੜਾ ਚਲਾਕ ਤੇ ਧੋਖੇ-ਬਾਜ਼ ਦਰਿਆ ਸਮਝਿਆ ਜਾਂਦਾ ਹੈ। ਰਾਤ ਨੂੰ ਖੁਸ਼ਕ ਹੈ ਤੇ ਦਿਨੇ ਕੰਢਿਆਂ ਤਾਈਂ ਭਰਿਆ ਸ਼ਾਂ ਸ਼ਾਂ ਕਰ ਰਿਹਾ ਹੁੰਦਾ ਹੈ। ਦਿਨੇ ਪਾਣੀ ਗੋਡੇ ਗੋਡੇ ਹੈ ਤਾਂ ਰਾਤ ਨੂੰ ਸਰਨਾਈ ਤੋਂ ਬਿਨਾਂ ਪਾਰ ਹੋਣਾ ਮੁਸ਼ਕਲ ਹੋ ਜਾਂਦਾ ਹੈ। ਪੋਠੋਹਾਰ ਦੀਆਂ ਤੀਵੀਂਆਂ ਆਮ ਤੋਰ ਤੇ ਇਸ ਦੇ ਕੰਢੇ ਕਪੜੇ ਧੋਂਦੀਆਂ ਹਨ ਪਰ ਪਤਾ ਨਹੀਂ ਲਗਦਾ ਕਦੋਂ ਇਹ ਚੁਪ ਚੁਪੀਤੇ ਉਨ੍ਹਾਂ ਦੇ ਕੱਪੜੇ ਰੋੜ੍ਹ ਕੇ ਲੈ ਜਾਵੇ। ਬਰਸਾਤ ਦ ਮੌਸਮ ਵਿਚ ਕਈ ਦਿਨ ਇਸ ਨੂੰ ਪਾਰ ਕਰਨਾ ਕਠਨ ਹੈ ਜਾਂਦਾ ਹੋ। ਇਸ ਵਿਚ ਲਗਭਗ ਹਰ ਮੌਸਮ ਵਿਚ ਥੋੜ੍ਹਾ ਬਹੁਤ ਪਾਣੀ ਰਹਿੰਦਾ ਹੈ ਤੇ ਇਹ ਖੁਸ਼ਕ ਘੱਟ ਵੱਧ ਹੀ ਹੁੰਦਾ ਹੈ। ਬਰਸਾਤ ਵਿਚ ਇਸ ਦਾ ਪਾਣੀ ਰੱਤਾ ਲਾਲ ਤੇ ਉਂਜ ਸਾਫ਼ ਸੁਥਰਾ ਹੁੰਦਾ ਹੈ। ਇਸ ਦੇ ਕੰਢੇ ਵਸਦੇ ਲੋਕ ਪੀਣ ਲਈ ਇਸ ਦਾ ਪਾਣੀ ਹੀ ਵਰਤਦੇ ਹਨ। ਕੰਢੇ ਦੇ ਇਕ ਥਾਂ ਤੇ ਜੇ ਪਾਣੀ ਲੱਕ ਲੱਕ ਹੈ ਤਾਂ ਥੋੜੀ ਦੂਰ ਤਿੰਨ ਮੀ. ਡੂੰਘਾ ਹੈ। ਚਾਰ ਕਿ. ਮੀ. ਦੇ ਫਾਸਲੇ ਵਿਚ ਇਹ ਕਈ ਵਲ-ਵਲੇਵੇਂ ਖਾ ਜਾਂਦਾ ਹੈ।

          ਸੁਆਂ ਕੰਢੇ ਵਸਦੇ ਲੋਕਾਂ ਨੂੰ ਸੁਆਈਂ ਕਿਹਾ ਜਾਂਦਾ ਹੈ। ਪੋਠੋਹਾਰ ਵਿਚ ਇਕ ਕਹਾਵਤ ਪ੍ਰਸਿੱਧ ਹੈ ਕਿ ਸੁਆਈਂ ਵੀ ਸੁਆਂ ਵਾਂਗ ਵਲ ਪੇਚ ਵਾਲੇ ਹਨ। ਸੁਆਂ ਪੋਠੋਹਾਰੀ ਲੋਕ ਜੀਵਨ ਦਾ ਇਕ ਰੋਮਾਂਚਿਕ ਚਿੰਨ੍ਹ ਹੈ। ਪੋਠੋਹਾਰੀ ਔਰਤਾਂ ਦੀਆਂ ਡਾਰਾਂ ਦੀਆਂ ਡਾਰਾਂ ਸਿਰਾਂ ਤੇ ਦੋ ਦੋ, ਤਿੰਨ ਤਿੰਨ ਘੜੇ ਚੁੱਕੀ ਹਰ ਸ਼ਾਮ, ਹਰ ਸਵੇਰ ਸੁਹਾਂ ਕੰਢੇ ਆਪਣੇ ਘੜਿਆਂ ਨੂੰ ਡੁਬਕਣੀਆਂ ਦਿੰਦੀਆਂ ਤੇ ਕੱਪੜੇ ਧੋਂਦੀਆਂ ਇਸ ਦੇ ਪਾਣੀਆਂ ਨੂੰ ਗੀਤਾਂ ਨਾਲ ਨਸ਼ਿਆ ਦਿੰਦੀਆਂ ਹਨ। ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋ. ਮੋਹਨ ਸਿੰਘ ਨੇ ਵੀ ਆਪਣੀ ਕਿਸੇ ਹੁਸੀਨ ਯਾਦ ਵਿਚ ਇਸ ਦਾ ਜ਼ਿਕਰ ਇੰਝ ਕੀਤਾ ਹੈ :––

                   ਬੈਠ ਸੁਹਾਂ ਦੀ ਉੱਚੀ ਕੰਧੀ,

                   ਹੋਸ਼ ਨਾ ਰਹਿੰਦੀ ਦੁਨੀਆਂ ਸੰਦੀ,

                   ……………………………,

                   ਤਕ ਸੁਹਾਂ ਦੇ ਵਿੰਗ ਵਲਾਵੇਂ,

                   ਦੇਖ ਦੇਖ ਢਲਦੇ ਪਰਛਾਵੇਂ,

                   ਗੇੜ ਸਮੇਂ ਦੇ ਆਵਣ ਸਾਹਵੇਂ,

                   ਨਿਕਲ ਜਾਣ ਫਿਰ ਆਪੇ ਚੀਕਾਂ ਮੇਰੀਆਂ।

                   ਤਕ ਪਾਣੀ ਦੀ ਤੇਜ਼ ਰਵਾਨੀ,

                   ਆਵੇ ਤੇਰੀ ਯਾਦ ਜਵਾਨੀ,

                   ਜਿਉਂ ਜਿਉਂ ਪੈਂਦੀ ਘੁੰਮਣ ਵਾਣੀ,

                   ਤਿਉਂ ਤਿਉਂ ਆਵਣ ਚੇਤੇ,

                             ਵੰਗਾਂ ਤੇਰੀਆਂ।

          ਪੋਠੋਹਾਰੀ ਲੋਕ ਜੀਵਨ ਵਿਚ ਸੁਹਾਂ ਇਕ ਅਮਰ ਪਾਤਰ ਹੈ ਜਿਸ ਨਾਲ ਸਥਾਨਕ ਲੋਕਾਂ ਦੇ ਰੋਮਾਂਚਿਕ ਭਾਗ ਜੁੜੇ ਹੋਏ ਹਨ। ਸ਼ੀਰੀ ਫ਼ਰਹਾਦ ਦੀ ਪ੍ਰਸਿੱਧ ਇਸ਼ਕ-ਕਹਾਣੀ ਇਸੇ ਸੁਹਾਂ ਨਾਲ ਸਬੰਧਤ ਦਸੀ ਜਾਂਦੀ ਹੈ ਜੋ ਪੋਠੋਹਾਰ ਦੇ ਲੋਕ ਜੀਵਨ ਵਿਚ ਰਚੀ ਮਿਚੀ ਹੋਈ ਹੈ।

          ਕਿਹਾ ਜਾਂਦਾ ਹੈ ਕਿ ਸ਼ੀਰੀਂ ਨੂੰ ਪ੍ਰਾਪਤ ਕਰਨ ਲਈ ਫ਼ਰਹਾਦ ਕੋਹ ਮਰੀ ਦੀਆਂ ਪਹਾੜੀਆਂ ਵਲ ਗਿਆ ਤੇ ਉਥੇ ਮੁਸਿਆੜੀ ਪਿੰਡ ਕੋਲ ਉਸ ਨੇ ਪਹਾੜ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਆਖ਼ਰ ਉਸ ਦੇ ਸਿਦਕ ਨੂੰ ਫਲ ਲਗਿਆ ਤੇ ਉਸ ਨੇ ਪਹਾੜ ਚੀਰ ਕੇ ਦਰਿਆ ਕੱਢ ਲਿਆਂਦਾ। ਜਦੋਂ ਫ਼ਰਹਾਦ ਸੁਹਾਂ ਨੂੰ ਲੈ ਕੇ ਆ ਰਿਹਾ ਸੀ ਤਾਂ ਸ਼ੀਰੀਂ ਦੇ ਪਿਤਾ ਬਾਦਸ਼ਾਹ ਨੀਲ ਨੂੰ ਪਤਾ ਲਗਾ। ਬਾਦਸ਼ਾਹ ਦੀ ਦਰਬਾਰੀ, ਇਕ ਫਫ਼ੇਕੁਟਣ ਔਰਤ ਹਲਵਾ ਪੂੜੀ ਲੈ ਕੇ ਫਰਹਾਦ ਨੂੰ ਅਗੋਂ ਜਾ ਮਿਲੀ। ਫ਼ਰਹਾਦ ਦੇ ਪੁੱਛਣ ਤੇ ਉਸ ਨੇ ਦਸਿਆ ਕਿ ਸ਼ੀਰੀਂ ਦੀ ਮੌਤ ਉਤੇ ਨੀਲ ਬਾਦਸ਼ਾਹ ਨੇ ਖ਼ੈਰਾਤ ਕੀਤੀ ਹੈ। ਸ਼ੀਰੀਂ ਦੀ ਮੌਤ ਦੀ ਖ਼ਬਰ ਸੁਣਦਿਆਂ ਫ਼ਰਹਾਦ ਉਥੇ ਹੀ ਆਪਣੇ ਸਿਰ ਤੇਸਾ ਮਾਰ ਕੇ ਮਰ ਗਿਆ ਤੇ ਉਸ ਦੀ ਲਾਸ਼ ਤੇ ਸੁਹਾਂ ਨੀਲ ਬਾਦਸ਼ਾਹ ਦੇ ਮਹੱਲ (ਜੋ ਹੁਣ ਵੀ ਪਿੰਡ ਨੀਲੇ ਦੀ ਸੁਹਾਂ ਕੰਢੇ ਪਹਾੜੀ ਉੱਤੇ ਹੈ) ਕੋਲ ਆ ਕੇ ਰੁਕ ਗਏ। ਜਦੋਂ ਸ਼ੀਰੀਂ ਨੇ ਉਪਰੋਂ ਤਕਿਆ ਤਾਂ ਉਹ ਵੀ ਛਾਲ ਮਾਰ ਕੇ ਮਰ ਗਈ। ਦੋਹਾਂ ਦੀਆਂ ਲਾਸ਼ਾਂ ਨੂੰ ਸੁਹਾਂ ਵਿਚ ਪੈਂਦੇ ਪਿੰਡ ਨੀਲੇ ਕੋਲ ਇਕ ਬਰਸਾਤੀ ਨਾਲੇ, ਪਲਿਹਾਰਨ ਦੇ ਕੰਢੇ ਤੇ ਇਕ ਪਹਾੜੀ ਉੱਤੇ ਦਫ਼ਨਾ ਦਿੱਤਾ ਗਿਆ। ਦੋਹਾਂ ਦੀਆਂ ਕਬਰਾਂ ਵੱਖ ਵੱਖ ਬਣਾਈਆਂ ਗਈਆਂ ਪਰ ਜਦੋਂ ਵੇਖਣ ਲਾਸ਼ਾਂ ਇਕੋ ਕਬਰ ਵਿਚ ਪਈਆਂ ਹੋਣ। ਇਹ ਕਬਰਾਂ ਹੁਣ ਵੀ ਪਿੰਡ ਨੀਲਾ ਜ਼ਿਲ੍ਹਾ ਜਿਹਲਮ, ਤਹਿਸੀਲ ਚਕਵਾਲ (ਪਾਕਿਸਤਾਨ) ਵਿਚ ਮੌਜੂਦ ਹਨ ਅਤੇ ਲੋਕੀ ਉਥੋਂ ਲਿੱਫ਼ ਜਾਂ ਤਿਲੀ ਦੀ ਬੀਮਾਰੀ ਲਈ ਬੜੀ ਸ਼ਰਧਾ ਨਾਲ ਮਿੱਟੀ ਲਿਆਉਂਦੇ ਹਨ।

          ਹ. ਪੁ.––ਪੰਜਾਬ ਡਿਸਟਰਿਕਟ ਗਜ਼ਟੀਅਰ 29 ਏ (ਰਾਵਲਪਿੰਡੀ ਡਿਸਟਰਿਕਟ); ਤਾਰੀਖ ਜ਼ਿਲਾ ਰਾਵਲਪਿੰਡੀ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁਆਂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁਆਂ  :  ਸੁਹਾਂ ਜਾਂ ਸੁਆਂ ਪੋਠੋਹਾਰ ਦਾ ਬਹੁਤ ਪ੍ਰਸਿੱਧ ਬਰਸਾਤੀ ਦਰਿਆ ਹੈ। ਇਹ ਲਗਭਗ 210 ਕਿ. ਮੀ. (130 ਮੀਲ ) ਲੰਬਾ ਹੈ। ਸੁਹਾਂ ਸ਼ਬਦ 'ਸੌ ਵਹਿਣ' ਸ਼ਬਦ ਤੋਂ ਨਿਕਲਿਆ ਦੱਸਿਆ ਜਾਂਦਾ ਹੈ ਕਿਉਂਕਿ ਪੋਠੋਹਾਰ ਦੇ ਤਕਰੀਬਨ ਸੌ ਕੁ ਵੱਡੇ ਛੋਟੇ ਬਰਸਾਤੀ ਨਦੀਆਂ ਨਾਲੇ ਇਸ ਵਿਚ ਆ ਮਿਲਦੇ ਹਨ। ਸੱਪ ਵਾਂਗ ਵਲ ਖਾਂਦਾ ਵਿਚ ਰੋਮਾਂਚਕ ਦਰਿਆ ਕਈ ਹੋਰ ਛੋਟੀਆਂ ਛੋਟੀਆਂ ਨਦੀਆਂ ਨਾਲਿਆਂ ਨੂੰ ਨਾਲ ਲੈ ਕੇ ਅਖ਼ੀਰ ਦਰਿਆ ਸਿੰਧ ਵਿਚ ਲੋਪ ਹੋ ਜਾਂਦਾ ਹੈ।    

        ਸੁਆਂ ਕੋਹਮਰੀ ਦੇ ਐਨ ਹੇਠਾਂ ਵਸਦੇ ਪਿੰਡ ਮੁਸਿਆੜੀ ਕੋਲੋਂ ਨਿਕਲਦਾ ਹੈ। ਵਿੰਗੇ ਟੇਢੇ ਰਾਹਾਂ ਤੇ ਕਈ ਪਹਾੜੀਆਂ ਵਿਚੋਂ ਆਪਣਾ ਰਸਤਾ ਚੀਰਦਾ ਤੇ ਰਮਣੀਕ ਵਾਦੀਆਂ ਵਿਚੋਂ ਲੰਘਦਾ ਚੌਹਰਾਹ ਪਿੰਡ ਦੇ ਮੈਦਾਨਾਂ ਕੋਲ ਆ ਸਿਰ ਕੱਢਦਾ ਹੈ। ਫਿਰ ਨਰੜ ਕੋਲੋਂ ਲੰਘਦਾ ਹੈ ਜਿਥੇ ਇਸ ਦੀ ਸਮੁੰਦਰ ਸਤ੍ਹਾ ਤੋਂ ੳਚਾਈ 751 ਮੀ. (2,500 ਫੁੱਟ) ਹੈ। ਇਸ ਤੋਂ ਅੱਗੇ ਇਹ ਕੋਈ ਡੇਢ ਕਿ. ਮੀ. ਲੰਬੀ ਪਥਰੀਲੀ ਪੱਡ ਵਿਚੋਂ ਲੰਘਦਾ ਹੈ। ਫਰਵਾਲਾ ਕੋਲ ਆ ਕੇ ਇਹ ਪਹਾੜਾਂ ਤੋਂ ਪੂਰੇ ਤੌਰ ਤੇ ਨਿਕਲ ਕੇ ਦੱਖਣ ਵੱਲ ਵਹਿੰਦਾ ਹੋਇਆ 50-60 ਕਿ. ਮੀ. ਦੇ ਫ਼ਾਸਲੇ ਤੇ ਜ਼ਿਲ੍ਹਾ ਅਟਕ ਦੀ ਤਹਿਸੀਲ ਫ਼ਤਹਿ ਜੰਗ ਦੇ ਪਿੰਡ ਚੌਂਤਰੇ ਵਿਚ ਦਾਖ਼ਲ ਹੁੰਦਾ ਹੈ। ਫਰਵਾਲੇ ਤੋਂ ਹੇਠਾਂ ਇਸ ਦਾ ਪੱਤਣ ਕਾਫ਼ੀ ਫੈਲ ਜਾਂਦਾ ਹੈ। ਰਾਵਲਪਿੰਡੀ ਤੋਂ 6 ਕਿ. ਮੀ. ਦੱਖਣ ਵੱਲ ਜੀ. ਟੀ. ਰੋਡ ਇਸ ਉੱਤੋਂ ਦੀ ਲੰਘਦੀ ਹੈ। ਤਹਿਸੀਲ ਪਿੰਡੀਘੇਬ ਦੀ ਸਰਹੱਦ ਕੋਲੋਂ ਸੀਲ੍ਹ ਨਦੀ ਵੀ ਇਸ ਵਿਚ ਆ ਰਲਦੀ ਹੈ। ਜ਼ਿਲ੍ਹਾ ਰਾਵਲਪਿੰਡੀ ਵਿਚੋਂ ਲਿੰਗ, ਕੁਰੰਗ, ਲੀਹ ਅਤੇ ਵਡਾਲਾ ਪ੍ਰਸਿੱਧ ਨਦੀ ਨਾਲ ਇਸ ਵਿਚ ਆ ਰਲਦੇ ਹਨ।

        ਸੁਆਂ ਨੂੰ ਬੜਾ ਚਲਾਕ ਤੇ ਧੋਖੇਬਾਜ਼ ਦਰਿਆ ਸਮਝਿਆ ਜਾਂਦਾ ਹੈ। ਰਾਤ ਨੂੰ ਖੁਸ਼ਕ ਹੈ ਅਤੇ ਦਿਨੇ ਕੰਢਿਆ ਤਾਈਂ ਭਰਿਆ ਸ਼ਾਂ ਸ਼ਾਂ ਕਰ ਰਿਹਾ ਹੁੰਦਾ ਹੈ। ਦਿਨੇ ਪਾਣੀ ਗੋਡੇ ਗੋਡੇ ਹੈ ਤਾਂ ਰਾਤ ਨੂੰ ਸਰਨਾਈ ਤੋਂ ਬਿਨਾਂ ਪਾਰ ਹੋਣ ਮੁਸ਼ਕਲ ਹੋ ਜਾਂਦਾ ਹੈ। ਪੋਠੋਹਾਰ ਦੀਆਂ ਤੀਵੀਂਆਂ ਆਮ ਤੌਰ ਤੇ ਇਸ ਦੇ ਕੰਢੇ ਕਪੜੇ ਧੋਂਦੀਆਂ ਹਨ ਪਰ ਪਤਾ ਨਹੀਂ ਲਗਦਾ ਕਦੋਂ ਇਹ ਚੁਪ ਚੁਪੀਤੇ ਉਨ੍ਹਾਂ ਦੇ ਕੱਪੜੇ ਰੋੜ੍ਹ ਕੇ ਲੈ ਜਾਵੇ। ਬਰਸਾਤ ਦੇ ਮੌਸਮ ਵਿਚ ਕਈ ਦਿਨ ਇਸ ਨੂੰ ਪਾਰ ਕਰਨਾ ਕਠਨ ਹੋ ਜਾਂਦਾ ਹੈ। ਇਸ ਵਿਚ ਲਗਭਗ ਹਰ ਮੌਸਮ ਵਿਚ ਥੋੜ੍ਹਾ ਬਹੁਤਾ ਪਾਣੀ ਰਹਿੰਦਾ ਹੈ ਤੇ ਇਹ ਖੁਸ਼ਕ ਘੱਟ ਵੱਧ ਹੀ ਹੁੰਦਾ ਹੈ। ਬਰਸਾਤ ਵਿਚ ਇਹ ਦਾ ਪਾਣੀ ਰੱਤਾ ਲਾਲ ਤੇ ਉਂਜ ਸਾਫ਼ ਸੁਥਰਾ ਹੁੰਦਾ ਹੈ। ਇਸ ਦੇ ਕੰਢੇ ਵਸਦੇ ਲੋਕ ਪੀਣ ਲਈ ਇਸ ਦਾ ਪਾਣੀ ਹੀ ਵਰਤਦੇ ਹਨ। ਕੰਢੇ ਦੇ ਇਕ ਥਾਂ ਤੇ ਜੇ ਪਾਣੀ ਲੱਕ ਲੱਕ ਹੈ ਤਾਂ ਥੋੜੀ ਦੂਰ ਤਿੰਨ ਮੀ. ਡੂੰਘਾ ਹੈ। ਚਾਰ ਕਿ. ਮੀ. ਦੇ ਫ਼ਾਸਲੇ ਵਿਚ ਹੀ ਇਹ ਕਈ ਵਲ-ਵਲੇਵੇਂ ਖਾ ਜਾਂਦਾ ਹੈ।

        ਸੁਆਂ ਕੰਢੇ ਵਸਦੇ ਲੋਕਾਂ ਨੂੰ ਸੁਆਈ ਕਿਹਾ ਜਾਂਦਾ ਹੈ। ਪੋਠੋਹਾਰ ਵਿਚ ਇਕ ਕਹਾਵਤ ਪ੍ਰਸਿੱਧ ਹੈ ਕਿ ਸੁਆਈਂ ਵੀ ਸੁਆਂ ਵਾਂਗ ਵਲ ਪੇਚ ਵਾਲੇ ਹਨ। ਸੁਆਂ ਪੋਠੋਹਾਰੀ ਲੋਕ ਜੀਵਨ ਦਾ ਇਕ ਰੋਮਾਂਚਕ ਚਿੰਨ੍ਹ ਹੈ। ਪੋਠੋਹਾਰੀ ਔਰਤਾਂ ਦੀਆਂ ਡਾਰਾਂ ਦੀਆਂ ਡਾਰਾਂ ਸਿਰਾਂ ਤੇ ਦੋ ਦੋ, ਤਿੰਨ ਤਿੰਨ ਘੜੇ ਚੁੱਕੀ ਹਰ ਸ਼ਾਮ, ਹਰ ਸਵੇਰ ਸੁਹਾਂ ਕੰਢੇ ਆਪਣੇ ਘੜਿਆਂ ਨੂੰ ਡੁਬਕਣੀਆਂ ਦਿੰਦੀਆਂ ਤੇ ਕੱਪੜੇ ਧੋਂਦੀਆਂ ਇਸ ਦੇ ਪਾਣੀਆਂ ਨੂੰ ਗੀਤਾਂ ਨਾਲ ਨਸ਼ਿਆ ਦਿੰਦੀਆਂ ਹਨ। ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋ. ਮੋਹਨ ਸਿੰਘ ਨੇ ਵੀ ਆਪਦੀ ਕਿਸੇ ਹੁਸੀਨ ਯਾਦ ਵਿਚ ਇਸ ਦਾ ਜ਼ਿਕਰ ਇੰਜ ਕੀਤਾ ਹੈ:–

        ਬੈਠ ਸੁਹਾਂ ਦੀ ਉੱਚੀ ਕੰਧੀ,

        ਹੋਸ਼ ਨਾ ਰਹਿੰਦੀ ਦੁਨੀਆਂ ਸੰਦੀ,

        ..........

        ਤਕ ਸੁਹਾਂ ਦੇ ਵਿੰਗ ਵਲਾਵੇ,

        ਦੇਖ ਦੇਖ ਢਲਦੇ ਪਰਛਾਵੇਂ ,

        ਗੇੜ ਸਮੇਂ ਦੇ ਅਵਣ ਸਾਹਵੇਂ,

        ਨਿਕਲ ਜਾਣ ਫਿਰ ਆਪੇ

        ਚੀਕਾਂ ਮੇਰੀਆਂ ।

        ਤਕ ਪਾਣੀ ਦੀ ਤੇਜ਼ ਰਵਾਨੀ,

        ਆਵੇ ਤੇਰੀ ਯਾਦ ਜਵਾਨੀ,

        ਜਿਉਂ ਜਿਉਂ ਪੈਂਦੀ ਘੁੰਮਣ ਵਾਣੀ,

        ਤਿਉਂ ਤਿਉਂ ਆਵਣ ਚੇਤੇ,

        ਵੰਗਾਂ ਤੇਰੀਆਂ ।

        ਪੋਠੋਹਾਰੀ ਲੋਕ ਜੀਵਨ ਵਿਚ ਸੁਹਾਂ ਇਕ ਅਮਰ ਪਾਤਰ ਹੈ ਜਿਸ ਨਾਲ ਸਥਾਨਕ ਲੋਕਾਂ ਦੇ ਰੋਮਾਂਚਕ ਭਾਵ ਜੁੜੇ ਹੋਏ ਹਨ। ਸ਼ੀਰੀਂ ਫ਼ਰਹਾਦ ਦੀ ਪ੍ਰਸਿੱਧ ਇਸ਼ਕ-ਕਹਾਣੀ ਇਸੇ ਸੁਹਾਂ ਨਾਲ ਸਬੰਧਤ ਦੱਸੀ ਜਾਂਦੀ ਹੈ ਜੋ ਪੋਠੋਹਾਰ ਦੇ ਲੋਕ ਜੀਵਨ ਵਿਚ ਰਚੀ ਮਿਚੀ ਹੋਈ ਹੈ।

        ਕਿਹਾ ਜਾਂਦਾ ਹੈ ਕਿ ਸ਼ੀਰੀਂ ਨੂੰ ਪ੍ਰਾਪਤ ਕਰਨ ਲਈ ਫ਼ਰਹਾਦ ਕੋਹਮਰੀ ਦੀਆਂ ਪਹਾੜੀਆਂ ਵੱਲ ਗਿਆ ਤੇ ਉਥੇ ਮੁਸਿਆੜੀ ਪਿੰਡ ਕੋਲ ਉਸ ਨੇ ਪਹਾੜ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਆਖ਼ਰ ਉਸ ਦੇ ਸਿਦਕ ਨੂੰ ਫ਼ਲ ਲਗਿਆ ਤੇ ਉਸ ਨੇ ਪਹਾੜ ਚੀਰ ਕੇ ਦਰਿਆ ਕੱਢ ਲਿਆਂਦਾ। ਜਦੋਂ ਫ਼ਰਹਾਦ ਸੁਹਾਂ ਨੂੰ ਲੈ ਕੇ ਆ ਰਿਹਾ ਸੀ ਤਾਂ ਸ਼ੀਰੀਂ ਦੇ ਪਿਤਾ ਬਾਦਸ਼ਾਹ ਨੀਲ ਨੂੰ ਪਤਾ ਲੱਗਾ। ਬਾਦਸ਼ਾਹ ਦੀ ਦਰਬਾਰੀ, ਇਕ ਫਫ਼ੇਕੁਟਣ ਔਰਤ ਹਲਵਾ ਪੂਰ ਲੈ ਕੇ ਫ਼ਰਹਾਦ ਨੂੰ ਅਗੋਂ ਜਾ ਮਿਲੀ। ਫ਼ਰਹਾਦ ਦੇ ਪੁੱਛਣ ਤੇ ਉਸ ਨੇ ਦਸਿਆ ਕਿ ਸ਼ੀਰੀਂ ਦੀ ਮੌਤ ਉੱਤੇ ਨੀਲ ਬਾਦਸ਼ਾਹ ਨੇ ਖ਼ੈਰਾਤ ਕੀਤੀ ਹੈ। ਸ਼ੀਰੀਂ ਦੀ ਮੌਤ ਦੀ ਖ਼ਬਰ ਸੁਣਦਿਆਂ ਫ਼ਰਹਾਦ ਉਥੇ ਹੀ ਆਪਣੇ ਸਿਰ ਤੇਸਾ ਮਾਰ ਕੇ ਮਰ ਗਿਆ ਤੇ ਉਸ ਦੀ ਲਾਸ਼ ਤੇ ਸੁਹਾਂ ਨੀਲ ਬਾਦਸ਼ਾਹ ਦੇ ਮਹਿਲ (ਜੋ ਹੁਣ ਵੀ ਪਿੰਡ ਨੀਲੇ ਦੀ ਸੁਹਾਂ ਕੰਢੇ ਪਹਾੜੀ ਉੱਤੇ ਹੈ) ਕੋਲ ਆ ਕੇ ਰੁਕ ਗਏ। ਜਦੋਂ ਸ਼ੀਰੀਂ ਨੇ ਉੱਪਰੋਂ ਤਕਿਆ ਤਾਂ ਉਹ ਵੀ ਛਾਲ ਮਾਰ ਕੇ ਮਰ ਗਈ। ਦੋਹਾਂ ਦੀਆਂ ਲਾਸ਼ਾਂ ਨੂੰ ਸੁਹਾਂ ਵਿਚ ਪੈਂਦੇ ਪਿੰਡ ਨੀਲੇ ਕੋਲ ਇਕ ਬਰਸਾਤੀ ਨਾਲੇ, ਪਲਿਹਾਰਨ ਦੇ ਕੰਢੇ ਤੇ ਇਕ ਪਹਾੜੀ ਉੱਤੇ ਦਫ਼ਨਾ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਦੋਹਾਂ ਦੀਆਂ ਕਬਰਾਂ ਵੱਖ ਵੱਖ ਬਣਾਈਆਂ ਗਈਆਂ ਪਰ ਜਦੋਂ ਵੇਖਣ ਲਾਸ਼ਾਂ ਇਕੋ ਕਬਰ ਵਿਚ ਪਈਆਂ ਹੋਣ। ਇਹ ਕਬਰਾਂ ਹੁਣ ਵੀ ਪਿੰਡ ਨੀਲਾ (ਜ਼ਿਲ੍ਹਾ ਜਿਹਲਮ, ਤਹਿਸੀਲ ਚਕਵਾਲ, ਪਾਕਿਸਤਾਨ) ਵਿਚ ਮੌਜੂਦ ਹਨ ਅਤੇ ਲੋਕੀ ਉਥੋਂ ਲਿੱਫ਼ ਜਾਂ ਤਿਲੀ ਦੀ ਬੀਮਾਰੀ ਲਈ ਬੜੀ ਸ਼ਰਧਾ ਨਾਲ ਮਿੱਟੀ ਲਿਆਉਂਦੇ ਹਨ।

               


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-04-18-22, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਡਿਸਟਰਿਕਟ ਗਜ਼ਟੀਅਰ 29 ਏ (ਰਾਵਲਪਿੰਡੀ ਡਿਸਟਰਿਕਟ): ਤ੍ਵਾਰੀਖ ਜ਼ਿਲਾ ਰਾਵਲਪਿੰਡੀ

ਸੁਆਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਆਂ, ਇਸਤਰੀ ਲਿੰਗ : ਇੱਕ ਨਦੀ ਦਾ ਨਾਂ ਜੋ ਪੋਠੋਹਾਰ ਵਿੱਚ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-11-03-01-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.