ਸੁਖਬੀਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੁਖਬੀਰ : ਪੰਜਾਬੀ ਸਾਹਿਤ ਖੇਤਰ ਵਿੱਚ ਸੁਖਬੀਰ ਕਵੀ, ਕਹਾਣੀਕਾਰ, ਨਿਬੰਧਕਾਰ ਤੇ ਸਫਲ ਅਨੁਵਾਦਕ ਹੈ ਪਰ ਉਸਨੂੰ ਵਧੇਰੇ ਸਫਲਤਾ ਤੇ ਪ੍ਰਸਿੱਧੀ ਨਾਵਲ ਦੇ ਖੇਤਰ ਵਿੱਚ ਮਿਲੀ ਹੈ। ਉਸ ਨੇ ਮਹਾਂਨਗਰੀ ਜੀਵਨ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾ ਕੇ ਪੰਜਾਬੀ ਨਾਵਲ ਨੂੰ ਨਵਾਂ ਅੰਦਾਜ਼ ਦਿੱਤਾ। ਉਸ ਦੇ ਨਾਵਲਾਂ ਵਿੱਚ ਆਮ ਮਨੁੱਖ ਦੇ ਜੀਵਨ ਵਿਚਲੀ ਕਸ਼ਮਕਸ਼, ਮਾਨਸਿਕ ਖਿਚੋਤਾਨ ਦਾ ਭਰਪੂਰ ਚਿੱਤਰ ਪੇਸ਼ ਹੈ। ਉਸ ਦੇ ਨਾਵਲਾਂ ਦਾ ਕੇਂਦਰੀ ਸਰੋਕਾਰ ਸ਼ਹਿਰੀ ਮੱਧ-ਸ਼੍ਰੇਣੀ ਦੀਆਂ ਸਮਾਜਿਕ, ਆਰਥਿਕ ਤੇ ਮਾਨਸਿਕ ਸਮੱਸਿਆਵਾਂ ਨਾਲ ਹੈ ਅਤੇ ਉਹ ਸਭ ਤੋਂ ਵੱਧ ਸਮਰੱਥਾ ਨਾਲ ਮਹਾਂਨਗਰ ਦੀ ਡੂੰਘੇਰੀ ਤੇ ਸਮਗਰ ਪੇਸ਼ਕਾਰੀ ਕਰ ਸਕਿਆ ਹੈ। ਸੁਖਬੀਰ ਪੰਜਾਬੀ ਦੇ ਉਹਨਾਂ ਕੁਝ ਕੁ ਸਾਹਿਤਕਾਰਾਂ ਵਿੱਚੋਂ ਹੈ ਜਿਹੜੇ ਨਿਰੋਲ ਸਾਹਿਤ ਸਿਰਜਣਾ ਨੂੰ ਇੱਕ ਕਿੱਤੇ ਵਜੋਂ ਅਪਣਾ ਕੇ ਆਪਣਾ ਸਮੁੱਚਾ ਜੀਵਨ ਸਾਹਿਤ ਸਿਰਜਣਾ ਨੂੰ ਸਮਰਪਿਤ ਕਰ ਚੁੱਕੇ ਹਨ।
ਉਹ ਬੰਬਈ ਮਹਾਂਨਗਰ ਦਾ ਜੰਮਪਲ ਹੈ। ਪਰ ਉਸ ਦਾ ਪਰਿਵਾਰਿਕ ਪਿਛੋਕੜ ਪੇਂਡੂ ਹੈ। ਉਸ ਦੇ ਵੱਡੇ-ਵਡੇਰੇ ਦੁਆਬੇ ਇਲਾਕੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੀਰਮਪੁਰ ਦੇ ਰਹਿਣ ਵਾਲੇ ਸਨ। ਬੰਬਈ ਵਿੱਚ ਆ ਕੇ ਵੱਸੇ ਉਸ ਦੇ ਪਿਤਾ ਨੇ ਉਸਨੂੰ ਬੰਬਈ ਮਹਾਂਨਗਰ ਦੀ ਜ਼ਿੰਦਗੀ ਬਖ਼ਸ਼ ਦਿੱਤੀ। ਸੁਖਬੀਰ ਨੇ ਮੁਢਲੀ ਵਿੱਦਿਆ ਬੰਬਈ ਦੇ ਸਕੂਲਾਂ ਵਿੱਚ ਹੀ ਪ੍ਰਾਪਤ ਕੀਤੀ। ਜਿੱਥੇ ਸਿੱਖਿਆ ਦਾ ਮਾਧਿਅਮ ਹਿੰਦੀ ਸੀ ਪਰ ਪੰਜਾਬੀ ਨਾਲ ਉਸ ਦੀ ਸਾਂਝ ਘਰ ਵਿੱਚ ਰਹਿੰਦਿਆਂ ਮਾਤਾ-ਪਿਤਾ ਰਾਹੀਂ ਅਤੇ ਬਾਅਦ ਵਿੱਚ ਸਾਹਿਤਿਕ ਕਿਰਤਾਂ ਦੇ ਅਧਿਐਨ ਰਾਹੀਂ ਹੋਈ।
ਉਹ ਆਪਣੇ ਸੁਭਾਅ ਤੇ ਕਦਰਾਂ-ਕੀਮਤਾਂ ਦੇ ਨੁਕਤੇ ਤੋਂ ਪਰਿਵਾਰਿਕ ਪਹਿਲਤਾਵਾਂ ਦੀ ਬਿਰਤੀ ਵਾਲਾ ਮਨੁੱਖ ਹੈ। ਉਹ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਚੰਗੀ ਤੇ ਸੰਤੁਲਿਤ ਜ਼ਿੰਦਗੀ ਜੀਊਂਦਾ ਹੈ ਤੇ ਜੀਊਂਣ ਦਾ ਚਾਹਵਾਨ ਹੈ। ਪੇਸ਼ਾਵਰ ਲੇਖਕ ਬਣਨ ਤੋਂ ਪਹਿਲਾਂ ਉਸ ਨੇ ਕਈ ਕੰਮ ਪੂਰੀ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਕੀਤੇ। ਸ਼ੁਰੂ ਵਿੱਚ ਸੁਖਬੀਰ ਦਾ ਸੰਪਰਕ ਕ੍ਰਿਸ਼ਨਚੰਦਰ, ਸਾਹਿਰ ਲੁਧਿਆਣਵੀ, ਅਲੀ ਸਰਦਾਰ ਜ੍ਹਾਫ਼ਰੀ ਨਾਲ ਬੰਬਈ ਵਿੱਚ ਹੁੰਦੀਆਂ ਸਾਹਿਤਿਕ ਇਕੱਤਰਤਾਵਾਂ ਰਾਹੀਂ ਹੋਇਆ ਹੈ। ਹਰਨਾਮ ਸਿੰਘ ਨਾਜ਼ ਨਾਲ ਦੋਸਤੀ ਉਪਰੰਤ ਉਹ ਕਮਿਊਨਿਸਟ ਪਾਰਟੀ ਦੇ ਨੇੜੇ ਆਇਆ ਅਤੇ ਉਸਨੂੰ ਇਸੇ ਹੀ ਦੌਰ ਵਿੱਚ ਮਾਰਕਸਵਾਦ ਦਾ ਅਧਿਐਨ ਕਰਨ ਦਾ ਮੌਕਾ ਮਿਲਿਆ। ਸੁਖਬੀਰ ਨੇ ਆਪਣੇ ਵੱਖ-ਵੱਖ ਨਾਵਲਾਂ ਵਿੱਚ ਉਹਨਾਂ ਸਾਹਿਤਕਾਰਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੀਆਂ ਸਾਹਿਤਿਕ ਕਿਰਤਾਂ ਪੜ੍ਹਨ ਨਾਲ ਉਸ ਦਾ ਰੁਝਾਨ ਗਲਪ ਸਿਰਜਣਾ ਵੱਲ ਹੋਇਆ। ਉਹਨਾਂ ਸਾਹਿਤਕਾਰਾਂ ਵਿੱਚ ਐਨਤੋਨ ਚੈਖ਼ੋਵ, ਲਿਉ ਤਾਲਸਤਾਏ, ਰਾਬਿੰਦਰਨਾਥ ਟੈਗੋਰ, ਮੁਪਾਸਾਂ, ਅਰਨੈਸਟ ਹੈਮਿੰਗਵੇ ਵਿਸ਼ੇਸ਼ ਜ਼ਿਕਰਯੋਗ ਹਨ।
ਸੁਖਬੀਰ ਨੇ ਪੰਜਾਬੀ ਸਾਹਿਤ ਨੂੰ ਪੈੜਾਂ, ਨੈਣ ਨਕਸ਼, ਅੱਖਾਂ ਵਾਲੀ ਰਾਤ, ਲਹੂ ਲਿਬੜੇ ਪੈਰ, ਲਫ਼ਜ਼ ਤੇ ਲੀਕਾਂ, ਗੈਲਰੀ ਦੇ ਚਿਹਰੇ ਨਾਮੀ ਕਾਵਿ-ਸੰਗ੍ਰਹਿ ਅਤੇ ਡੁੱਬਦਾ ਚੜ੍ਹਦਾ ਸੂਰਜ (1957), ਮਿੱਟੀ ਅਤੇ ਮਨੁੱਖ (1973), ਕੱਲੀਆਂ- ਕਾਰੀਆਂ (1973), ਬਾਰੀ ਵਿਚਲਾ ਸੂਰਜ (1977), ਪਾਣੀ ਦੀ ਪਰੀ (1980), ਇਕਾਈ (1981), ਲੋਰੀ (1988), ਮਨੁੱਖ ਤੇ ਜੜ੍ਹਾਂ (1988), ਸੱਜੇ ਖੱਬੇ (1989) ਆਦਿ ਕਹਾਣੀ-ਸੰਗ੍ਰਹਿ ਦਿੱਤੇ। ਉਸ ਦੀ ਨਾਵਲ ਜਗਤ ਵਿੱਚ ਦੇਣ ਰਾਤ ਦਾ ਚਿਹਰਾ (1965), ਗਰਦਸ਼ (1973), ਟੁੱਟੀ ਹੋਈ ਕੜੀ (1975), ਸੜਕਾਂ ਤੇ ਕਮਰੇ (1977), ਪਾਣੀ ਤੇ ਪੁਲ (1979),ਕੱਚ ਦਾ ਸ਼ਹਿਰ (1981), ਅੱਧੇ ਪੌਣੇ (1984) ਆਦਿ ਹਨ। ਇਹਨਾਂ ਤੋਂ ਇਲਾਵਾ ਕੁਝ ਅਨੁਵਾਦਿਤ ਪੁਸਤਕਾਂ ਜੰਗ ਤੇ ਅਮਨ (ਲਿਉ ਤਾਲਸਤਾਏ), ਗੋਰਕੀ ਦੀਆਂ ਕਹਾਣੀਆਂ, ਗੋਰਕੀ ਦੇ ਪੰਜ ਨਾਟਕ, ਇਟਲੀ ਦੀਆਂ ਕਹਾਣੀਆਂ, ਗੋਰਕੀ ਦੇ ਖਤ ਅਤੇ ਡਾਨ ਵਹਿੰਦਾ ਰਿਹਾ (ਸ਼ੋਲੋਖੋਵ), ਨਵੀਂ ਧਰਤੀ ਤੇ ਨਵੀਂ ਸਿਆੜ (ਸ਼ੋਲੋਖੋਵ), ਸ਼ੋਲੋਖੋਵ ਦੀਆਂ ਕਹਾਣੀਆਂ, ਸੁਨਹਿਰਾ ਗੁਲਾਬ (ਪਾਸਤੋਵਸਕੀ), ਸਮੇਂ ਦੇ ਖੰਭ (ਪਾਸਤੋਵਸਕੀ), ਸੂਰਮੇ ਦੀ ਸਿਰਜਣਾ (ਪਾਸਤੋਵਸਕੀ), ਭੈਣਾਂ (ਅਸਜਦ ਮੁਖਤਾਰ), ਮਾਹੀਗੀਰ (ਲਾਤਸਿਸ), ਰਾਂਗਲੀ ਸਵੇਰ (ਕੋਨਸਤਾਨਤਿਨਕ ਵੋਰਦ ਕਿਪਾਨਦਜੇ), ਪੂਰਬ ਦੀਆਂ ਧੀਆਂ (ਅਹਿਮ ਅਬੂ ਬਕਸ਼), ਅੱਖਾਂ ਵਾਲੀ ਰਾਤ ਆਦਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ।
ਸੁਖਬੀਰ ਨੇ ਮਹਾਂਨਗਰ ਦੇ ਵਿਭਿੰਨ ਪਹਿਲੂਆਂ ਇਕੱਲਤਾ, ਬੇਗਾਨਗੀ, ਮਨੁੱਖ ਦੀਆਂ ਮਹੱਤਵ ਅਕਾਂਖਿਆਵਾਂ, ਪੈਸੇ ਦੀ ਅੰਨੀ ਹਵਸ, ਰਿਸ਼ਤਿਆਂ ਦੀ ਟੁੱਟ/ਭੱਜ ਵਿਗਠਨ, ਪੈਸਾ ਆਧਾਰਿਤ ਰਿਸ਼ਤੇ, ਅੰਡਰ ਵਰਲਡ, ਵੇਸ਼ਵਾਗਿਰੀ, ਸਮਲਿੰਗੀ ਸੰਬੰਧ, ਖੁੱਲ੍ਹੇ ਜਿਨਸੀ ਸੰਬੰਧ ਆਦਿ ਦੀ ਪੇਸ਼ਕਾਰੀ ਵਿਭਿੰਨ ਪ੍ਰਸੰਗਾਂ ਰਾਹੀਂ ਬੜੀ ਸੂਝ-ਬੂਝ ਨਾਲ ਕੀਤੀ ਹੈ।ਸੁਖਬੀਰ ਦੀ ਗਲਪ ਰਚਨਾ ਦਾ ਆਧਾਰ ਆਧੁਨਿਕ ਮਨੁੱਖ ਦਾ ਸਮੁੱਚਾ ਆਪਾ ਹੈ। ਸੜਕਾਂ ਤੇ ਕਮਰੇ ਨਾਵਲ ਵਿੱਚ ਪੇਸ਼ ਹੋਈ ਅਰਥ- ਵਿਵਸਥਾ ਪੂੰਜੀਵਾਦ ਦੀ ਦੇਣ ਹੈ।ਨਾਵਲ ਦੀ ਨਾਇਕਾ ਮੀਨਾ ਮਹੱਤਵਅਕਾਂਖੀ ਹੋਣ ਕਰ ਕੇ ਹੀ ਅਰਧ ਵੇਸ਼ਵਾ ਦਾ ਜੀਵਨ ਬਤੀਤ ਕਰਦੀ ਹੈ।
ਸੁਖਬੀਰ ਦੀ ਦੂਜੇ ਨਾਵਲਕਾਰਾਂ ਨਾਲੋਂ ਜੋ ਵੱਖਰਤਾ ਹੈ ਤੇ ਅੰਦਾਜ਼ ਵੀ, ਉਹ ਇਹ ਹੈ ਕਿ ਨਾਵਲਾਂ ਦੇ ਸ਼ੁਰੂ ਵਿੱਚ ਹੀ ਉਹ ਨਾਇਕ ਜਾਂ ਨਾਇਕਾ ਦਾ ਜਿਹੜਾ ਰੂਪ ਸਿਰਜਦਾ ਹੈ। ਉੱਥੇ ਉਹ ਬਹੁਤ ਭੈੜਾ, ਘਟੀਆ ਜਾਂ ਜ਼ਲੀਲ ਕਿਸਮ ਦੇ ਦਿਖਾਈ ਦਿੰਦੇ ਹਨ। ਜਿਸ ਨੂੰ ਵੇਖ ਕੇ ਸਾਡੇ ਮਨ ਵਿੱਚ ਅੰਤਾਂ ਦੀ ਨਫ਼ਰਤ ਜਾਂ ਘਿਰਨਾ ਪੈਦਾ ਹੁੰਦੀ ਹੈ। ਫਿਰ ਉਹ ਉਹਨਾਂ ਨੂੰ ਮਾੜੇ ਤੋਂ ਚੰਗੇ ਬਣਾਉਣ ਲਈ ਪਰਿ- ਸਥਿਤੀਆਂ/ਹਾਲਾਤ ਦੇ ਰੂ-ਬਰੂ ਕਰਦਾ ਹੈ ਤੇ ਉਹਨਾਂ ਕਾਰਨਾਂ ਤੇ ਝਾਤ ਪਵਾਉਂਦਾ ਹੈ ਜੋ ਉਹਨਾਂ ਨੂੰ ਅਜਿਹੇ ਬਣਾਉਣ ਦੇ ਜ਼ੁੰਮੇਵਾਰ ਹਨ ਜਿਵੇਂ ਸੜਕਾਂ ਤੇ ਕਮਰੇ ਨਾਵਲ ਵਿੱਚ ਮੀਨਾ ਤੇ ਅੱਧੇ ਪੌਣੇ ਵਿੱਚ ਜਾਨਕੀ ਪਾਤਰ ਦਾ ਨਾਵਲ ਦੇ ਸ਼ੁਰੂ ਵਿੱਚ ਹੀ ਭੈੜੀਆਂ ਵਾਦੀਆਂ ਦਾ ਸ਼ਿਕਾਰ ਤੇ ਅਵਾਰਗੀ ਕਿਸਮ ਦੀ ਤਬੀਅਤ ਦਾ ਝਲਕਾਰਾ ਮਿਲਦਾ ਹੈ ਤੇ ਨਾਵਲ ਦੇ ਅੰਤ ਵਿੱਚ ਉਹ ਸਾਡੀ ਹਮਦਰਦੀ ਦੀਆਂ ਪਾਤਰ ਬਣਦੀਆਂ ਹਨ ਕਿਉਂਕਿ ਇਹਨਾਂ ਪਾਤਰਾਂ ਦੇ ਅਜਿਹੇ ਬਣਨ ਪਿੱਛੇ ਉਹਨਾਂ ਦੇ ਪਰਿਵਾਰਿਕ ਹਾਲਾਤ ਜ਼ੁੰਮੇਵਾਰ ਹਨ। ਮੀਨਾ ਨੂੰ ਉਸ ਦੇ ਪਤੀ ਜਗਮੋਹਨ ਨੇ ਪਿਆਰ ਦੇ ਝਾਂਸੇ ਵਿੱਚ ਫਸਾ ਕੇ ਵੇਸ਼ਵਾਗਿਰੀ ਦੇ ਰਾਹ ਤੇ ਤੌਰ ਦਿੱਤਾ ਸੀ ਤੇ ਜਾਨਕੀ ਦੇ ਪਿਉ ਦੇ ਹਮੇਸ਼ਾਂ ਲਈ ਘਰ ਛੱਡ ਜਾਣ ਕਾਰਨ ਘਰ ਆਰਥਿਕ ਤੰਗੀ ਵਿੱਚ ਗ੍ਰਸਿਆ ਗਿਆ ਸੀ।ਪਾਣੀ ਤੇ ਪੁੱਲ, ਗਰਦਸ਼, ਸੜਕਾਂ ਤੇ ਕਮਰੇ ਵਿੱਚ ਉਹ ਪਾਤਰਾਂ ਦੇ ਬਾਹਰੀ ਸੰਸਾਰ ਨੂੰ ਚਿਤਰਨ ਦੀ ਬਜਾਏ ਉਹਨਾਂ ਦੇ ਅੰਤਰਮਨ ਨੂੰ ਘੋਖਦਾ ਤੇ ਪਰਖਦਾ ਹੈ। ਉਸ ਅਨੁਸਾਰ ਪਾਤਰ ਦੇ ਬਾਹਰੀ ਸੰਸਾਰ ਵਿੱਚ ਓਨਾ ਕੁਝ ਨਹੀਂ ਵਾਪਰਦਾ ਜਿੰਨਾ ਕੁਝ ਅੰਤਰ ਮਨ ਵਿੱਚ ਉਸ ਦਾ ਢਹਿੰਦਾ ਰਹਿੰਦਾ ਹੈ। ਉਸ ਦੇ ਸਾਰੇ ਨਾਵਲਾਂ ਦੇ ਨਾਂ ਪ੍ਰਤੀਕਾਤਮਕ ਹਨ। ਨਾਵਲਾਂ ਨੂੰ ਸਮਝਣ ਦਾ ਕੇਂਦਰੀ ਨੁਕਤਾ ਨਾਵਲੀ ਸਿਰਲੇਖ ਹਨ : ‘ਰਾਤ ਦਾ ਚਿਹਰਾ`, ‘ਸੜਕਾਂ ਤੇ ਕਮਰੇ`, ‘ਪਾਣੀ ਤੇ ਪੁਲ`, ‘ਗਰਦਸ਼` ਆਦਿ ਜਿਵੇਂ ਪਾਣੀ ਤੇ ਪੁਲ ਨਾਵਲ ਵਿੱਚ ਪਾਣੀ ਜ਼ਿੰਦਗੀ ਦੇ ਅਰੁਕ ਪ੍ਰਵਾਹ ਦਾ ਪ੍ਰਤੀਕ ਹੈ ਤੇ ਪੁਲ ਇਸ ਪ੍ਰਵਾਹ ਦੌਰਾਨ ਬਣੇ ਕੁਝ ਪੁਲ ਰੂਪੀ ਰਿਸ਼ਤਿਆਂ ਦਾ ਪ੍ਰਤੀਕ ਹੈ। ਸਮੁੰਦਰ ਉਸ ਦੇ ਨਾਵਲਾਂ ਵਿੱਚ ਇੱਕ ਪਾਤਰ ਬਣ ਕੇ ਉੱਭਰਦਾ ਹੈ ਜਿੱਥੇ ਭਟਕਦੇ ਮਨਾਂ ਨੂੰ ਜਾ ਕੇ ਸ਼ਾਂਤੀ ਮਿਲਦੀ ਹੈ।
ਸੁਖਬੀਰ ਦੇ ਸਮੁੱਚੇ ਨਾਵਲਾਂ ਵਿੱਚ ਇੱਕ ਆਸ਼ਾਵਾਦੀ ਸੁਰ ਵਿਖਾਈ ਦਿੰਦੀ ਹੈ। ਉਹ ਬੀਤ ਚੁੱਕੇ ਦੀਆਂ ਸੜਕਾਂ ਨੂੰ ਭਵਿੱਖ ਦੇ ਸਮੁੰਦਰ ਨਾਲ ਜੋੜਦਾ ਹੈ। ਭਟਕਦੇ ਮਨੁੱਖਾਂ ਦੇ ਵਜੂਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਪਾਤਰ ਜ਼ਿੰਦਗੀ ਤੋਂ ਉਪਰਾਮ ਤੇ ਹਾਰੇ ਹੋਏ ਹਨ ਪਰ ਟਾਕਰਾ ਕਰਨ ਦੀ ਰੁਚੀ ਰੱਖਦੇ ਹਨ। ਸੁਖਬੀਰ ਸੰਜਮੀ ਸ਼ੈਲੀ ਦਾ ਮਾਲਕ ਹੈ। ਉਹ ਚੁੱਪ ਦੀ ਅਵਾਜ਼ ਪਕੜਦਾ ਹੈ। ਉਸ ਦੇ ਪਾਤਰ ਜ਼ੁਬਾਨ ਵਿੱਚੋਂ ਹੀ ਨਹੀਂ ਬੋਲਦੇ ਸਗੋਂ ਉਹਨਾਂ ਦਾ ਹਰ ਅੰਦਾਜ਼, ਲਹਿਜਾ ਤੇ ਹਾਵ ਭਾਵ ਬੋਲਣ ਦੀ ਸਮਰੱਥਾ ਰੱਖਦੇ ਹਨ।
ਕਿਸੇ ਵੀ ਲੇਖਕ ਨੂੰ ਇਨਾਮ ਸਨਮਾਨ ਮਿਲਣਾ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਪਰ ਇਸ ਬਾਰੇ ਸੁਖਬੀਰ ਦੀ ਧਾਰਨਾ ਬੜੀ ਅਨੌਖੀ ਹੈ। ਇਹ ਧਾਰਨਾ ਹੀ ਉਸਨੂੰ ਇੱਕ ਅਣਖੀ ਲੇਖਕ ਬਣਾਉਂਦੀ ਹੈ ਅਤੇ ਉਸਨੂੰ ਦੂਜੇ ਲੇਖਕਾਂ ਤੋਂ ਵੱਖ ਰਹਿਣ ਲਈ ਮਜਬੂਰ ਕਰਦੀ ਹੈ। ਉਹ ਲੇਖਕ ਸਮੁਦਾਇ ਨੂੰ ਉਪਦੇਸ਼ ਦਿੰਦਾ ਹੈ ਕਿ ਉਹ ਆਪਣੀ ਖੁਦੀ ਬੁਲੰਦ ਰੱਖੇ ਤਾਂ ਜੋ ਸੋਸ਼ਣੀ ਸ਼ਕਤੀਆਂ ਭਾਵੇਂ ਉਹ ਸਰਕਾਰੀ ਜਾਂ ਗ਼ੈਰ-ਸਰਕਾਰੀ ਹੋਣ, ਉਸ ਦਾ ਸੋਸ਼ਣ ਕਰਨ ਦਾ ਹੀਆ ਨਾ ਕਰ ਸਕਣ। ਉਸ ਦੇ ਇਸ ਕਿਰਦਾਰ ਦਾ ਉਸ ਦੀ ਲਿਖਤ ਤੇ ਡੂੰਘਾ ਅਸਰ ਪਿਆ ਹੈ। ਸਮੂਹ (ਸੰਸਥਾ) ਦਾ ਅੰਗ ਬਣਨ ਨਾਲ ਨਾ ਮਨੁੱਖ ਦਾ ਵੱਖਰਾ ਵਜੂਦ ਰਹਿੰਦਾ ਹੈ, ਨਾ ਹੀ ਲੇਖਕ ਦਾ। ਸ਼ਾਇਦ ਇਸੇ ਕਰ ਕੇ ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਮਿਲਣ ਵਾਲੇ ਸਨਮਾਨ ਤੋਂ ਛੁੱਟ ਹੋਰ ਕੋਈ ਇਨਾਮ ਸਨਮਾਨ ਪ੍ਰਵਾਨ ਨਹੀਂ ਕੀਤਾ।
ਲੇਖਕ : ਹਰਵਿੰਦਰ ਕੌਰ ਚਹਿਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸੁਖਬੀਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੁਖਬੀਰ : ਪੰਜਾਬੀ ਦੇ ਇਸ ਪ੍ਰਸਿੱਧ ਸਾਹਿਤਕਾਰ ਦਾ ਜਨਮ ਮੁੰਬਈ ਵਿਖੇ ਸੰਨ 1926 ਵਿਚ ਹੋਇਆ। ਇਸ ਨੇ ਫ਼ਿਲਾਸਫੀ ਅਤੇ ਪੰਜਾਬੀ ਦੀ ਐਮ. ਏ. ਕੀਤੀ। ਕੁਝ ਸਮਾਂ ਇਸ ਨੇ ਪ੍ਰੀਤ ਲੜੀ, ਬਾਲ ਸੰਦੇਸ਼ ਅਤੇ ਮੁੰਬਈ ਤੋਂ ਪ੍ਰਕਾਸ਼ਿਤ ਹੁੰਦੇ 'ਚੇਤਨਾ' ਮਾਸਿਕ ਪਰਚਿਆਂ ਦਾ ਸੰਪਾਦਨ ਕਾਰਜ ਵੀ ਕੀਤਾ। ਸੰਨ 1961 ਵਿਚ ਮੁੰਬਈ ਵਿਚ ਕਾਲਜ ਲੈਕਚਰਾਰ ਲੱਗ ਗਿਆ ਅਤੇ ਬਾਕੀ ਸਮਾਂ ਫਰਮਾਂ ਜਾਂ ਹੋਰ ਵਿਗਿਆਪਨ ਚਾਹਵਾਨਾਂ ਲਈ ਸਾਈਨ ਬੋਰਡਾਂ ਦੀ ਤਿਆਰੀ ਅਤੇ ਸਾਹਿਤ ਸਿਰਜਣਾ ਨੂੰ ਸਮਰਪਿਤ ਕਰਦਾ ਰਿਹਾ ਹੈ।
ਸੁਖਬੀਰ ਦਾ ਸਾਹਿਤ ਸਿਰਜਣਾ ਵੱਲ ਝੁਕਾਅ ਬਚਪਨ ਤੋਂ ਹੀ ਸੀ। ਸ਼ੁਰੂ ਵਿਚ ਹਿੰਦੀ ਕਵਿਤਾ ਲਿਖਣੀ ਆਰੰਭ ਕੀਤੀ। ਇਸ ਨੇ ਪੰਜਾਬੀ ਦੀ ਪੜ੍ਹਾਈ ਭਾਵੇਂ ਘਰ ਬੈਠ ਕੇ ਹੀ ਕੀਤੀ ਪਰੰਤੂ ਇਸ ਦੀਆਂ ਲਿਖਤਾਂ ਤੇ ਬਹੁਤਾ ਅਸਰ ਮਾਂ ਬੋਲੀ ਦਾ ਹੀ ਹੈ। ਇਸ ਦੀ ਕਵਿਤਾ ਵਿਚ ਸਭ ਤੋਂ ਵੱਧ ਉਘੜਵਾਂ ਰੰਗ ਸ਼ਬਦ ਚਿਤਰਾਂ ਦਾ ਹੈ। 'ਪੈੜਾਂ', 'ਨੈਣ ਨਕਸ਼' , 'ਅੱਖਾਂ ਵਾਲੀ ਰਾਤ', 'ਲਹੂ ਲਿਬੜੇ ਪੈਰ', 'ਲਫਜ਼ ਤੇ ਲੀਕਾਂ', 'ਗੈਨਰੀ ਦੇ ਚਿਹਰੇ' ਇਸ ਦੇ ਪ੍ਰਮੁੱਖ ਕਾਵਿ ਸੰਗ੍ਰਹਿ ਹਨ। 'ਸਮਾਨਾਂਤਰ', 'ਡੁੱਬਦਾ ਚੜ੍ਹਦਾ ਸੂਰਜ', 'ਮਿੱਟੀ ਤੇ ਮਨੁੱਖ' , 'ਕੱਲੀਆਂ ਕਾਰੀਆਂ', 'ਬਾਰੀ ਵਿਚਲਾ ਸੂਰਜ' ਇਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ।
ਇਸ ਦੇ ਬਾਲ ਕਹਾਣੀਆਂ ਵੀ ਲਿਖੀਆਂ ਜਿਵੇਂ 'ਕੰਧ ਉਤਲਾ ਸਮੁੰਦਰ', 'ਬੁੱਤ ਨਹੀਂ ਬੋਲਦੇ', 'ਪਾਣੀ ਦੀ ਪਰੀ' ਆਦਿ।
ਇਸ ਦੇ ਨਾਵਲ 'ਰਾਤ ਦਾ ਚਿਹਰਾ', 'ਪਾਣੀ ਤੇ ਪੁਲ', 'ਸੜਕਾਂ ਤੇ ਕਮਰੇ', 'ਗਰਦਸ਼', 'ਅੱਧੇ ਤੇ ਪੌਣੈ', 'ਉਖੜੇ ਹੋਏ ਪੈਰ' ਅਤੇ 'ਕੱਚ ਦਾ ਸ਼ਹਿਰ' ਕਾਫ਼ੀ ਪ੍ਰਸਿੱਧ ਹਨ।
ਇਸ ਦੀਆਂ ਕਹਾਣੀਆਂ ਦੇ ਵਿਸ਼ੇ ਮਹਾਂਨਗਰਾਂ ਦੇ ਵਸਨੀਕਾਂ, ਆਮ ਸਧਾਰਨ ਲੋਕਾਂ ਦੇ ਜੀਵਨ ਅਤੇ ਵੱਡੇ ਲੋਕਾਂ ਦੇ ਜੀਵਨ ਯਥਾਰਥ ਨੂੰ ਰੂਪਮਾਨ ਕਰਨ ਵਾਲੇ ਹਨ। ਇਸ ਨੇ ਹਰ ਤਰ੍ਹਾਂ ਦੇ ਪਾਤਰਾਂ ਦੀਆਂ ਸਮੱਸਿਆਵਾਂ ਨੂੰ ਮਨੋਵਿਗਿਆਨਿਕ ਅੰਤਰਦ੍ਰਿਸ਼ਟੀ ਤੋਂ ਯਥਾਰਥਕ ਅਭਿਵਿਅੰਜਨ ਪ੍ਰਦਾਨ ਕੀਤਾ।
ਇਸ ਨੇ ਪ੍ਰਸਿੱਧ ਰੂਸੀ ਨਾਵਲਾਂ ਅਤੇ ਇਤਾਲਵੀ ਕਹਾਣੀਆਂ ਦਾ ਅਨੁਵਾਦ ਵੀ ਕੀਤਾ।
ਸੰਨ 1992 ਵਿਚ ਇਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਪੁਰਸਕਾਰ ਲਈ ਚੁਣਿਆ ਗਿਆ।
ਲੇਖਕ : ਡਾ. ਤ੍ਰੇੈਲੋਚਨ ਬਾਸੀ ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-12-40-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First