ਸੁਖਮਨੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੁਖਮਨੀ : ਸੁਖਮਨੀ ਗੁਰੂ ਅਰਜਨ ਦੇਵ ਦੀ ਮਹੱਤਵਪੂਰਨ ਰਚਨਾ ਹੈ। ਵੱਡ ਆਕਾਰੀ ਇਸ ਰਚਨਾ ਵਿੱਚ ਨਾਮ- ਸਿਮਰਨ ਤੇ ਇਸ ਤੋਂ ਪ੍ਰਾਪਤ ਅਵਸਥਾਵਾਂ ਦਾ ਉਲੇਖ ਕੀਤਾ ਗਿਆ ਹੈ। ਗਉੜੀ ਰਾਗ ਵਿੱਚ ਰਚੀ ਇਸ ਬਾਣੀ ਦੀਆਂ ਕੁੱਲ 24 ਅਸ਼ਟਪਦੀਆਂ ਹਨ। ਪਹਿਲੀ ਅਸ਼ਟਪਦੀ ਦੀ ਪਹਿਲੀ ਪਉੜੀ ਤੋਂ ਬਾਅਦ ਰਹਾਉ ਆਉਂਦਾ ਹੈ। ਹਰ ਅਸ਼ਟਪਦੀ ਤੋਂ ਪਹਿਲਾਂ ਇੱਕ-ਇੱਕ ਸਲੋਕ ਦਰਜ ਹੈ। ਸਤਾਰ੍ਹਵੀਂ ਅਸ਼ਟਪਦੀ ਦੇ ਨਾਲ ਆਇਆ ਸਲੋਕ ਜਪੁ ਵਾਲਾ ਹੈ। ਬਾਣੀ ਦੇ ਨਾਂ ਸੁਖਮਨੀ ਦੀ ਵਿਆਖਿਆ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਕੁੱਝ ਵਿਦਵਾਨ ਇਸ ਨੂੰ ਮਨ ਨੂੰ ਸੁਖ ਦੇਣ ਵਾਲੀ ਦੱਸਦੇ ਹਨ ਤਾਂ ਕੁੱਝ ਸੁੱਖਾਂ ਦੀ ਮਣੀ ਕਹਿੰਦੇ ਹਨ। ਗੁਰੂ ਅਰਜਨ ਦੇਵ ਨੇ ਬਾਣੀ ਵਿੱਚ ਇਸ ਦੀ ਵਿਆਖਿਆ ਕਰਦਿਆਂ ਉਲੇਖ ਕੀਤਾ ਹੈ:ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ। ਭਗਤ ਜਨਾ ਕੇ ਮਨਿ ਬਿਸ੍ਰਾਮ। ਅਰਥਾਤ ਸੁਖਮਨੀ ਵਿੱਚ ਸੁਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਹੈ ਜੋ ਭਗਤਾਂ ਦੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਕਿਉਂਕਿ ਇੱਕ ਤੁੱਕ ਰਹਾਉ ਦੀ ਹੈ ਇਸ ਲਈ ਇਹ ਬਾਣੀ ਦੇ ਮੂਲ ਮਨੋਰਥ ਵੀ ਪ੍ਰਗਟਾਉਂਦੀ ਹੈ ਕਿ ਸੁੱਖਾਂ ਦੇ ਅੰਮ੍ਰਿਤ ਰੂਪੀ ਪ੍ਰਭੂ ਦੇ ਨਾਮ ਨੂੰ ਸਿਮਰਨ ਕਰਨ ਨਾਲ ਹੀ ਮਨੁੱਖ ਦੇ ਮਨ ਨੂੰ ਸ਼ਾਤੀ ਮਿਲਦੀ ਹੈ।
ਸੁਖਮਨੀ ਵਿੱਚ ਦੱਸਿਆ ਗਿਆ ਹੈ ਕਿ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਸਾਰੇ ਧਾਰਮਿਕ ਕੰਮਾਂ ਨਾਲੋਂ ਉੱਤਮ ਹੈ। ਇਹ ਨਾ ਕੇਵਲ ਮਨੁੱਖ ਨੂੰ ਮਾਇਆ ਤੋਂ ਮੁਕਤ ਕਰਦਾ ਹੈ ਸਗੋਂ ਇੱਕ ਉੱਚੀ ਅਵਸਥਾ ਵੀ ਪ੍ਰਦਾਨ ਕਰਦਾ ਹੈ। ਮਾਇਆ ਵਿੱਚ ਫਸੇ ਜੀਵ ਉੱਤੇ ਪ੍ਰਭੂ ਦੀ ਮਿਹਰ ਹੋਵੇ ਤਾਂ ਹੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਪ੍ਰਭੂ ਮਿਹਰ ਨਾਲ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਨਾਮ ਦੀ ਬਰਕਤ ਹਾਸਲ ਕਰਦਾ ਹੈ। ਪ੍ਰਭੂ ਦਾ ਨਾਮ ਜਪਣ ਵਾਲੇ ਨੂੰ ਗ਼ਰੀਬੀ ਵਾਲਾ ਸੁਭਾਉ ਰੱਖਣਾ ਚਾਹੀਦਾ ਹੈ। ਉਸ ਨੂੰ ਦੂਜਿਆਂ ਦੀ ਨਿੰਦਿਆਂ ਤੋਂ ਬਚਣਾ ਚਾਹੀਦਾ ਹੈ। ਉਸ ਨੂੰ ਇੱਕੋ ਅਕਾਲ ਪੁਰਖ ਉੱਤੇ ਟੇਕ ਰੱਖਣੀ ਚਾਹੀਦੀ ਹੈ।
ਗੁਰੂ ਜੀ ਅਨੁਸਾਰ ਪ੍ਰਭੂ ਸਭ ਵਿੱਚ ਵਸਦਾ ਹੈ, ਮਾਇਆ ਤੋਂ ਨਿਰਲੇਪ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ। ਐਸੇ ਪ੍ਰਭੂ ਦੇ ਸ਼ਰਨ ਪਿਆਂ ਪ੍ਰਭੂ ਦਾ ਪ੍ਰਕਾਸ਼ ਹਿਰਦੇ ਵਿੱਚ ਹੁੰਦਾ ਹੈ। ਨਾਮ ਹੀ ਐਸਾ ਧਨ ਹੈ ਜੋ ਸਦਾ ਮਨੁੱਖ ਨਾਲ ਨਿਭਦਾ ਹੈ। ਮਨੁੱਖ ਨੂੰ ਸਤਿਗੁਰੂ ਦੇ ਗਿਆਨ ਦਾ ਸੁਰਮਾ ਮਿਲਦਾ ਹੈ ਤਾਂ ਮਨ ਵਿੱਚ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਬੇਅੰਤ ਗੁਣਾਂ ਦਾ ਖ਼ਜ਼ਾਨਾ ਹੈ। ਉਸ ਦਾ ਨਾਮ ਸੁੱਖਾਂ ਦਾ ਅੰਮ੍ਰਿਤ ਹੈ ਜਿਸ ਨੂੰ ਸੁੱਖਾਂ ਦੀ ਮਣੀ ਵੀ ਕਿਹਾ ਜਾ ਸਕਦਾ ਹੈ।
ਇਹ ਰਚਨਾ ਨਾਮ-ਸਿਮਰਨ ਨਾਲ ਸੰਬੰਧਿਤ ਹੈ। ਗੁਰੂ ਜੀ ਬਾਣੀ ਦੇ ਅੰਤ ਵਿੱਚ ਦੱਸਦੇ ਹਨ ਕਿ ਪ੍ਰਭੂ ਦੀ ਨਿਰਮਲ ਬਾਣੀ ਅੰਮ੍ਰਿਤ ਨਾਲ ਭਰਪੂਰ ਹੈ। ਜਿਸ ਦੇ ਮਨ ਵਿੱਚ ਨਾਮ ਵਸਦਾ ਹੈ ਉਸ ਦੇ ਸਭ ਦੁੱਖ ਦੂਰ ਹੋ ਜਾਂਦੇ ਹਨ। ਉਹ ਉੱਚੇ ਆਚਰਨ ਵਾਲਾ ਸਾਧ ਹੋ ਜਾਂਦਾ ਹੈ ਤੇ ਇਸੇ ਕਰ ਕੇ ਪ੍ਰਭੂ ਦਾ ਨਾਮ ਸੁੱਖਾਂ ਦੀ ਮਣੀ ਹੈ। ਸਿੱਖ ਸੰਗਤ ਵਿੱਚ ਇਸ ਬਾਣੀ ਦਾ ਵਿਸ਼ੇਸ਼ ਸਥਾਨ ਹੈ ਤੇ ਇਸ ਦਾ ਪਾਠ ਉਚੇਚੇ ਤੌਰ ਉੱਤੇ ਖ਼ੁਸ਼ੀ ਦੇ ਮੌਕੇ ਉੱਤੇ ਕਰਵਾਇਆ ਜਾਂਦਾ ਹੈ।
ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 24490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸੁਖਮਨੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਖਮਨੀ. ਆਤਮਿਕ ਆਨੰਦ ਦੇਣ ਵਾਲੀ ਮਣਿ. ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ , ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.1
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ.
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ,
ਜਨਮ ਮਰਨ ਤਾ ਕਾ ਦੂਖੁ ਨਿਵਾਰੈ,
ਦੁਲਭ ਦੇਹ ਤਤਕਾਲ ਉਧਾਰੈ,
ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ ,
ਏਕੁ ਨਾਮੁ ਮਨ ਮਾਹਿ ਸਮਾਨੀ,
ਦੂਖ ਰੋਗ ਬਿਨਸੇ ਭੈ ਭਰਮ ,
ਸਾਧ ਨਾਮ ਨਿਰਮਲ ਤਾਕੇ ਕਰਮ ,
ਸਭ ਤੇ ਊਚ ਤਾਕੀ ਸੋਭਾ ਬਨੀ,
ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੁਖਮਨੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਖਮਨੀ : ਗਉੜੀ ਰਾਗ ਵਿਚ ਹੋਣ ਕਰਕੇ ਇਸ ਦਾ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗਉੜੀ ਸੁਖਮਨੀ ਹੈ। ਇਹ ਗੁਰੂ ਅਰਜਨ ਦੇਵ ਰਚਿਤ ਇਕ ਲੰਮੀ ਬਾਣੀ ਹੈ ਜਿਸ ਦਾ ਕਈ ਲੋਕ ਆਪਣੇ ਰੋਜ਼ਾਨਾ ਦੇ ਨਿਤਨੇਮ ਨਾਲ ਪਾਠ ਕਰਦੇ ਹਨ। ਉਹ ਅਸਥਾਨ ਜਿਹੜਾ ਕਦੇ ਘਣਾ ਜੰਗਲ ਹੁੰਦਾ ਸੀ ਅੱਜ ਵੀ ਅੰਮ੍ਰਿਤਸਰ ਸ਼ਹਿਰ ਵਿਚ ਰਾਮਸਰ ਸਰੋਵਰ ਦੇ ਕਿਨਾਰੇ ਤੇ ਮੌਜੂਦ ਹੈ ਜਿਥੇ ਇਹ ਬਾਣੀ 1602-03 ਈਸਵੀ ਦੇ ਲਾਗੇ-ਚਾਗੇ ਰਚੀ ਗਈ ਸੀ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਅਤੇ ਉਦਾਸੀ ਸੰਪਰਦਾਇ ਦੇ ਬਾਨੀ ਬਾਬਾ ਸ੍ਰੀ ਚੰਦ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਏ ਸਨ ਜੋ ਉਸ ਸਮੇਂ ਇਸ ਬਾਣੀ ਦੀ ਰਚਨਾ ਕਰ ਰਹੇ ਸਨ। ਗੁਰੂ ਜੀ ਨੇ ਉਦੋਂ ਤਕ ਅਜੇ ਸੋਲਾਂ ਅਸਟਪਦੀਆਂ ਹੀ ਰਚੀਆਂ ਸਨ; ਉਹਨਾਂ ਨੇ ਬਾਬਾ ਜੀ ਨੂੰ ਬਾਣੀ ਨੂੰ ਅੱਗੇ ਵਧਾਉਣ ਲਈ ਬੇਨਤੀ ਕੀਤੀ। ਬਾਬਾ ਸ੍ਰੀ ਚੰਦ ਨੇ ਨਿਮਰਤਾ ਸਹਿਤ ਕੇਵਲ ਗੁਰੂ ਨਾਨਕ ਜੀ ਦੇ ਮੂਲ ਮੰਤਰ ਤੋਂ ਅੱਗੇ ਜਪੁ ਵਿਚਲੀ ਤੁਕ ‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ`(ਗੁ. ਗ੍ਰੰ. 285) ਦਾ ਹੀ ਉਚਾਰਨ ਕੀਤਾ। ਗੁਰੂ ਅਰਜਨ ਜੀ ਨੇ ਇਸੇ ਸਲੋਕ ਨੂੰ ਸਤਾਰ੍ਹਵੀਂ ਅਸਟਪਦੀ ਤੋਂ ਪਹਿਲਾਂ ਦੁਹਰਾਇਆ ਹੈ।
ਸੁਖਮਨੀ ਸ਼ਬਦ ਦਾ ਅਰਥ ਮਨ ਨੂੰ ਸੁੱਖ ਪਹੁੰਚਾਉਣ ਵਾਲੀ ਬਾਣੀ ਹੈ। ਇਸ ਸਾਰੀ ਬਾਣੀ ਨੂੰ ਕਈ ਵਾਰ ਅੰਗਰੇਜ਼ੀ ਵਿਚ ਤਰਜਮਾਇਆ ਗਿਆ ਹੈ ਅਤੇ ਇਸ ਦੇ ਸਿਰਲੇਖ ਨੂੰ ਅੰਗਰੇਜ਼ੀ ਵਿਚ ‘ਸਾਮ ਆਫ ਪੀਸ` ਜਾਂ ‘ਸੌਂਗ ਆਫ ਪੀਸ` ਕਿਹਾ ਗਿਆ ਹੈ ਕਿਉਂਕਿ ਪਾਠਕ ਦੇ ਮਨ ਉੱਤੇ ਇਸ ਦਾ ਸੁੱਖਦਾਇਕ ਅਸਰ ਪੈਂਦਾ ਹੈ। ਸੁੱਖ ਦਾ ਸ਼ਬਦੀ ਅਰਥ ਸ਼ਾਂਤੀ ਜਾਂ ਆਰਾਮ ਹੈ ਅਤੇ ‘ਮਨੀ` ਦਾ ਅਰਥ ਮਨ ਜਾਂ ਦਿਲ ਹੈ। ‘ਰਹਾਉ`(ਠਹਿਰਾਉ, ਬਿਸਰਾਮ) ਸ਼ਬਦ ਦੀ ਵਰਤੋਂ ਵਾਲਾ ਪਦਾ ਇਸ ਬਾਣੀ ਦੇ ਮੁੱਖ ਭਾਵ ਨੂੰ ਸੰਖੇਪ ਵਿਚ ਦਰਸਾਉਂਦਾ ਹੈ ਅਤੇ ਇਸ ਬਾਣੀ ਵਿਚ ਕੇਵਲ ਇਕ ਵਾਰੀ ਹੀ ਆਇਆ ਹੈ। ਰਹਾਉ , ਹਿਬਰਿਊ ਦੇ ਸ਼ਬਦ ਸੇਲਹ (Selah) ਦੇ ਬਰਾਬਰ ਦਾ ਹੈ ਜੋ ‘ਸਾਮਸ` (ਬਾਈਬਲ ਦੇ ਪਦੇ) ਵਿਚ ਆਉਂਦਾ ਹੈ। ਇਸ ਦੋਹਰੇ ਅਨੁਸਾਰ ਸੁਖਮਨੀ ਪਰਮਾਤਮਾ ਦੇ ਨਾਮ ਦਾ ਅਨੰਦ ਦੇਣ ਵਾਲੀ ਹੈ ਜੋ ਉਹਨਾਂ ਦੇ ਮਨ ਵਿਚ ਵਸਦਾ ਹੈ ਜੋ ਉਸ ਨੂੰ ਪ੍ਰੇਮ ਕਰਦੇ ਹਨ।
ਸੁਖਮਨੀ ਦੀਆਂ ਚੌਵੀ ਅਸਟਪਦੀਆਂ ਹਨ ਅਤੇ ਹਰ ਇਕ ਦੇ ਅੱਠ ਬੰਦ ਹਨ। ਇਹ ਚੌਪਈ ਛੰਦ ਵਿਚ ਰਚੇ ਗਏ ਹਨ। ਹਰ ਅਸਟਪਦੀ ਤੋਂ ਪਹਿਲਾਂ ਇਕ ਸਲੋਕ ਆਉਂਦਾ ਹੈ। ਸਲੋਕ ਵਿਚ ਆਏ ਮੁੱਖ ਵਿਚਾਰ ਨੂੰ ਅਸਟਪਦੀ ਦੇ ਪਹਿਲੇ ਸੱਤ ਪਦਿਆਂ ਵਿਚ ਬਿਆਨ ਕੀਤਾ ਗਿਆ ਹੈ ਅਤੇ ਅਠਵੇਂ ਵਿਚ ਕਈ ਵਾਰੀ ਸਾਰੀ ਅਸਟਪਦੀ ਦਾ ਮੁੱਖ ਵਿਚਾਰ ਸਾਰ ਰੂਪ ਵਿਚ ਆ ਜਾਂਦਾ ਹੈ ਪਰੰਤੂ ਕਈ ਵਾਰੀ ਇਹ ਸੱਚ ਦੇ ਦਰਸ਼ਨ ਦੇ ਸੰਦਰਭ ਨੂੰ ਪ੍ਰੇਮ ਗੀਤ ਦੇ ਰੂਪ ਵਿਚ ਪੇਸ਼ ਕਰਦਾ ਹੈ। ਇਸ ਢਾਂਚੇ ਨੂੰ ਸਾਰੀ ਅਸਟਪਦੀ ਵਿਚ ਕਾਇਮ ਰੱਖਿਆ ਗਿਆ ਹੈ ਅਤੇ ਭਾਵੇਂ ਇਕ ਅਸਟਪਦੀ ਤੋਂ ਦੂਸਰੀ ਅਸਟਪਦੀ ਤਕ ਕਿਸੇ ਦਾਰਸ਼ਨਿਕ ਰਚਨਾ ਦੀ ਤਰ੍ਹਾਂ ਵਿਚਾਰ ਦਾ ਵਿਕਾਸ ਸਪਸ਼ਟ ਦਿਖਾਈ ਨਹੀਂ ਦਿੰਦਾ ਪਰ ਫਿਰ ਵੀ ਇਸ ਵਿਚ ਅਧਿਆਤਮਿਕ ਅਤੇ ਨੈਤਿਕ ਭਾਵਾਂ ਦੀ ਲੜੀ ਦੀ ਇਕਜੁਟਤਾ ਸਾਫ ਦਿਖਾਈ ਦਿੰਦੀ ਹੈ। ਸਿੱਖ ਧਰਮ ਦੇ ਮੂਲ ਪਾਠਾਂ ਵਿਚੋਂ ਇਕ ਸੁਖਮਨੀ ਸਿੱਖ ਧਰਮ ਦੀਆਂ ਸਿੱਖਿਆਵਾਂ ਦੀ ਪੂਰਨ ਵਿਉਂਤਬੰਦੀ ਪੇਸ਼ ਕਰਦੀ ਹੈ। ਹਰ ਅਸਟਪਦੀ ਇਕ ਨਵਾਂ ਵਿਚਾਰ ਪੇਸ਼ ਕਰਦੀ ਹੈ, ਸਚ ਦੇ ਵਿਸ਼ੇਸ਼ ਪੱਖ ਨੂੰ ਉਜਾਗਰ ਕਰਦੀ ਹੈ। ਸਾਰੀ ਬਾਣੀ ਪਰਮਾਤਮਾ ਦੀ ਵਿਆਪਿਕਤਾ, ਰੱਬੀ ਦਿਆਲਤਾ, ਪਰਮਾਤਮਾ ਦੀ ਮਿਹਰ , ਪਰਮਾਤਮਾ ਦਾ ਮਿਹਰ ਭਰਿਆ ਹੱਥ , ਭਗਤੀ ਦੀ ਪਰਮਾਣਿਕਤਾ, ਸਾਧਸੰਗਤ ਅਤੇ ਨਿਮਰਤਾ ਦੇ ਮੁੱਢਲੇ ਭਾਵਾਂ ਨੂੰ ਮੁੜ ਮੁੜ ਯਾਦ ਕਰਾਉਂਦੀ ਹੈ। ਇਸ ਤਰ੍ਹਾਂ ਦੇ ਦੁਹਰਾਉ ਨਾਲ ਇਸ ਬਾਣੀ ਦਾ ਸਮੁੱਚਾ ਪ੍ਰਭਾਵ ਇਸ ਦੀ ਲਾਜਵਾਬ ਬਿੰਬਾਵਲੀ ਰਾਹੀਂ ਮਨੁੱਖੀ ਮਨ ਤੇ ਪੈਂਦਾ ਹੈ ਜੋ ਹਰ ਅਸਟਪਦੀ ਤੋਂ ਸਾਧਕ ਨੂੰ ਉਸ ਸੱਚ ਦਾ ਅਹਿਸਾਸ ਕਰਾਉਂਦਾ ਹੈ ਜਿਸਦਾ ਉਸ ਨੂੰ ਗਿਆਨ ਲਾਜ਼ਮੀ ਹੋਣਾ ਚਾਹੀਦਾ ਹੈ।
ਸੁਖਮਨੀ ਦਾ ਅਰੰਭ ਪਰਮਾਤਮਾ ਦੇ ਮੰਗਲਾਚਰਨ ਨਾਲ ਹੁੰਦਾ ਹੈ। ਚਾਰ ਤੁਕਾਂ ਦੇ ਇਸ ਸਲੋਕ ਵਿਚ ਪਰਮਾਤਮਾ ਨੂੰ ਆਦਿ ਗੁਰਏ, ਜੁਗਾਦਿ ਗੁਰਏ, ਸਤਿ ਗੁਰਏ ਅਤੇ ਸ੍ਰੀ ਗੁਰਦੇਵਏ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਅਗਲੀਆਂ ਛੇ ਅਸਟਪਦੀਆਂ ਵਿਚ ਪ੍ਰੇਮ ਸ਼ਰਧਾ ਅਤੇ ਸਮਰਪਣ ਭਾਵ ਨਾਲ ਨਾਮ ਸਿਮਰਨ ਰਾਹੀਂ ਮਿਲਣ ਵਾਲੇ ਲਾਭਾਂ ਬਾਰੇ ਜ਼ਿਕਰ ਹੈ ਜਿਹੜਾ ਮਨੁੱਖ ਨੂੰ ਸਿੱਧਾ ਪਰਮਾਤਮਾ ਨਾਲ ਮੇਲ ਦਿੰਦਾ ਹੈ। ਇਸ ਨਾਲ ਅਨੰਦ, ਸ਼ਾਂਤੀ ਅਤੇ ਦਰਗਾਹ ਵਿਚ ਸਤਿਕਾਰ ਮਿਲਦਾ ਹੈ।
ਪਰਮਾਤਮਾ ਦਾ ਨਾਮ ਮਨੁੱਖ ਦਾ ਸੱਚਾ ਸਹਾਇਕ ਅਤੇ ਮਿੱਤਰ ਹੈ; ਇਹ ਸੱਚੀ ਖੁਸ਼ੀ ਅਤੇ ਅਨੰਦ ਪ੍ਰਦਾਨ ਕਰਨ ਵਾਲਾ ਹੈ ਜਦੋਂ ਕਿ ਦੂਸਰੇ ਪਾਸੇ ਯੋਗੀਆਂ ਦੇ ਸਖ਼ਤ ਅਭਿਆਸ ਅਤੇ ਕਰਮ ਕਾਂਡਾ ਦੀ ਅਨੁਸਾਰੀ ਪੂਜਾ , ਮਨੁੱਖ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਦਿਵਾਉਣ ਵਾਲੀ ਨਹੀਂ ਹੈ। ਏਸੇ ਤਰ੍ਹਾਂ ਹੀ ਬੁੱਧੀ ਦੇ ਕਾਰਨਾਮੇ ਅਤੇ ਧਾਰਮਿਕ ਸੰਪਰਦਾਵਾਂ ਦੇ ਪੈਰੋਕਾਰ ਹੋਣਾ ਨਿਰਾਰਥਿਕ ਹਨ। ਪਰਮਾਤਮਾ ਦੇ ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਤੋਂ ਸਰਬੋਤਮ ਹੈ ਅਤੇ ਸਾਰੇ ਰੀਤੀ ਰਿਵਾਜਾਂ ਨਾਲੋਂ ਸਭ ਤੋਂ ਵਧ ਪਵਿੱਤਰ ਹੈ। ਪਰਮਾਤਮਾ ਦਾ ਸ਼ੁਕਰਗੁਜਾਰ ਨਾ ਹੋਣਾ ਅਤੇ ਸ਼ਰਧਾ ਨਾ ਰੱਖਣ ਨਾਲ ਮਨੁੱਖ ਕਾਮ , ਕ੍ਰੋਧ , ਲੋਭ ਅਤੇ ਹੰਕਾਰ ਵਰਗੇ ਪੰਜ ਵਿਕਾਰਾਂ ਵਿਚ ਫੱਸ ਕੇ ਬੰਧਨ ਵਿਚ ਪਿਆ ਰਹਿੰਦਾ ਹੈ। ਪਰਮਾਤਮਾ ਨੂੰ ਭੁੱਲਣ ਨਾਲ ਮਨੁੱਖ ਮਾਇਆ ਦੇ ਜਾਲ ਵਿਚ ਫੱਸ ਜਾਂਦਾ ਹੈ ਅਰਥਾਤ ਇਹ ਹੀਰਾ ਛੱਡ ਕੇ ਕੌਡੀ ਦੀ ਪ੍ਰਾਪਤੀ ਲਈ ਜਤਨ ਕਰਨ ਦੇ ਬਰਾਬਰ ਹੈ। ਮਨੁੱਖ ਨੂੰ ਉਹਨਾਂ ਕਮਜ਼ੋਰੀਆਂ ਤੋਂ ਸੁਚੇਤ ਕੀਤਾ ਗਿਆ ਹੈ ਅਤੇ ਹਮੇਸ਼ਾਂ ਪਰਮਾਤਮਾ ਦਾ ਨਾਮ ਜਪਣ ਦੀ ਹਿਦਾਇਤ ਕੀਤੀ ਗਈ ਹੈ ਜਿਹੜਾ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਮਨੁੱਖ ਆਪਣੀ ਹਉਮੈ ਉੱਤੇ ਕਾਬੂ ਪਾ ਲਵੇ ਅਤੇ ਨਿਮਰਤਾ ਧਾਰਨ ਕਰ ਲਵੇ। ਇਸ ਅਵਸਥਾ ਨੂੰ ਕੇਵਲ ਤੇ ਕੇਵਲ ਪਰਮਾਤਮਾ ਦੀ ਬਖਸ਼ਸ਼ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਸੱਤ ਤੋਂ ਗਿਆਰਾਂ ਤਕ ਅਸਟਪਦੀਆਂ ਪੂਰਨ ਮਨੁੱਖ ਅਤੇ ਆਦਰਸ਼ ਮਨੁੱਖ ਅਰਥਾਤ ਪਰਮਾਤਮਾ ਦੇ ਸੇਵਕ ਦੇ ਸੰਕਲਪਾਂ ਬਾਰੇ ਹਨ। ਅਜਿਹਾ ਮਨੁੱਖ ਜੀਵਨ-ਮੁਕਤ ਹੈ ਅਰਥਾਤ ਸੰਸਾਰ ਵਿਚ ਰਹਿੰਦਾ ਹੋਇਆ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਅਜਿਹਾ ਮਨੁੱਖ ਦੁੱਖ ਅਤੇ ਖੁਸ਼ੀ ਤੋਂ ਨਿਰਲੇਪ ਰਹਿੰਦਾ ਹੈ। ਅਜਿਹੇ ਮਨੁੱਖ ਲਈ ਸੋਨਾ ਅਤੇ ਮਿੱਟੀ , ਅੰਮ੍ਰਿਤ ਅਤੇ ਜ਼ਹਿਰ , ਕੰਗਾਲ ਅਤੇ ਸ਼ਹਿਜ਼ਾਦਾ, ਦੁਨੀਆਵੀ ਮਾਣ ਸਤਿਕਾਰ ਅਤੇ ਬੇਇਜ਼ਤੀ ਇਕ ਸਮਾਨ ਹਨ। ਅਨੇਕਾਂ ਕਿਸਮ ਦੇ ਅਧਿਆਤਮਿਕ ਲਾਭ ਪ੍ਰਦਾਨ ਕਰਨ ਵਾਲੀ ਸਾਧ ਸੰਗਤ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਸੇਵਕ ਵਾਸਤੇ ਜ਼ਰੂਰੀ ਲੋੜ ਹੈ ਭਾਵੇਂ ਕਿ ਇਹ ਵੀ ਪਰਮਾਤਮਾ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਅਜਿਹੇ ਮਨੁੱਖਾਂ ਦਾ ਗਿਆਨ ਵੇਦਾਂ ਨਾਲੋਂ ਵੀ ਜ਼ਿਆਦਾ ਹੁੰਦਾ ਹੈ ਅਤੇ ਇਹ ਤਿੰਨਾਂ ਗੁਣਾਂ ਭਾਵ ਮਾਇਆ ਦੇ ਤਿੰਨ ਗੁਣਾਂ ਤੋਂ ਉਪਰ ਹੁੰਦੇ ਹਨ। ਅਧਿਆਤਮਿਕ ਮਹਾਂਪੁਰਖਾਂ ਦੀ ਸੰਗਤ ਵਿਚ ਨਾਮ ਸਿਮਰਨ ਕਰਨਾ ਸਾਰੇ ਕਰਮ ਕਾਂਡਾਂ ਅਤੇ ਧਰਮਾਂ ਕਰਮਾਂ ਤੋਂ ਚੰਗਾ ਹੈ। ਇਹ ਬਾਣੀ ਸਮੁੱਚੀ ਮਨੁੱਖਤਾ ਲਈ ਰੰਗ , ਜਾਤ ਅਤੇ ਧਰਮ ਦਾ ਭਿੰਨ ਭੇਦ ਨਹੀਂ ਕਰਦੀ ਅਤੇ ਸਾਰੀ ਮਨੁੱਖਤਾ ਦੀ ਇਸ ਦਿੱਬ ਗਿਆਨ ਤਕ ਪਹੁੰਚ ਬਣਾਉਣ ਵਿਚ ਅਤੇ ਉਸ ਪਰਮਾਤਮਾ ਦੇ ਨਾਮ ਸਿਮਰਨ ਰਾਹੀਂ ਮੁਕਤੀ ਪ੍ਰਦਾਨ ਕਰਨ ਵਿਚ ਸਹਾਇਕ ਹੈ। ਜੋ ਮਨੁੱਖ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਉਸ ਨੂੰ ਰੱਬੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਬ੍ਰਹਮ ਗਿਆਨੀ ਬਣ ਜਾਂਦਾ ਹੈ। ਅਜਿਹਾ ਮਨੁੱਖ ਹਰ ਕਿਸਮ ਦੀ ਦੁਬਿਧਾ ਅਤੇ ਦੁਨਿਆਵੀ ਝਮੇਲਿਆਂ ਤੋਂ ਮੁਕਤ ਹੁੰਦਾ ਹੈ ਅਤੇ ਉਸਦਾ ਮਨ ਹਮੇਸ਼ਾਂ ਸ਼ਾਂਤ ਰਹਿੰਦਾ ਹੈ। ਇਸ ਤਰ੍ਹਾਂ ਪਰਮਾਤਮਾ ਦਾ ਗਿਆਨ ਪ੍ਰਾਪਤ ਕਰ ਚੁਕੇ ਮਨੁੱਖ ਦੀ ਸੰਗਤ ਵਿਚ ਨਿਰੰਕਾਰ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਹਨ। ਇਸ ਵਿਸ਼ਾਲ ਅਤੇ ਵਿਭਿੰਨ ਰਚਨਾ ਦਾ ਕੇਵਲ ਤੇ ਕੇਵਲ ਕਰਤਾ ਪਰਮਾਤਮਾ ਦਾ ਹੁਕਮ ਹੈ। ਰਚਨਾ ਦੀ ਅਨੰਤਤਾ ਤੋਂ ਉਦਾਸੀਨ ਹੋਣਾਂ ਤਾਂ ਦੂਰ ਉਹ ਪਰਮਾਤਮਾ ਸਰਧਾਲੂਆਂ ਦੇ ਪ੍ਰੇਮ ਦਾ ਹੁੰਗਾਰਾ ਭਰਦਾ ਹੈ ਜਿਹੜੇ ਇਸ ਰਚਨਾ ਵਿਚ ਸਰਬੋਤਮ ਹਨ। ਅਜਿਹੇ ਮਨੁੱਖਾਂ ਨੂੰ ਨਿਰੰਤਰ ਅਨੰਦ ਦੀ ਬਖਸ਼ਸ਼ ਹੁੰਦੀ ਹੈ ਅਤੇ ਇਹ ਹਮੇਸ਼ਾਂ ਦੁਨੀਆਂ ਦੀਆਂ ਖੁਸ਼ੀਆਂ ਅਤੇ ਵਾਸਨਾਵਾਂ ਤੋਂ ਦੂਰ ਹੁੰਦੇ ਹਨ।
ਬਾਰ੍ਹਵੀਂ ਤੋਂ ਵੀਹਵੀਂ ਅਸਟਪਦੀ ਵਿਚ ਮਨੁੱਖ ਦੀ ਅਧਿਆਤਮਿਕ ਉੱਨਤੀ ਲਈ ਸਾਧਨਾ ਜਾਂ ਅਧਿਆਤਮਿਕ ਅਨੁਸ਼ਾਸਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਸੰਤਾਂ ਦੇ ਵਿਰੁੱਧ ਹੰਕਾਰ ਅਤੇ ਉਹਨਾਂ ਦੀ ਨਿੰਦਾ ਕਰਨੀ ਬੜੇ ਘਾਤਕ ਪਾਪ ਹਨ ਜਿਹਨਾਂ ਨੂੰ ਪੂਰੀ ਤਰ੍ਹਾਂ ਛੱਡਣਾ ਚਾਹੀਦਾ ਹੈ। ਜੋ ਮਨੁੱਖ ਸੰਤਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਸਭ ਤੋਂ ਵੱਧ ਬੁਰਾ ਸਮਝਿਆ ਜਾਂਦਾ ਹੈ ਕਿਉਂਕਿ ਉਹ ਪਰਮਾਤਮਾ ਦੀ ਬਖਸ਼ਸ਼ ਤੋਂ ਹੀਨ ਹੁੰਦਾ ਹੈ। ਅਜਿਹਾ ਮਨੁੱਖ ਮੱਛੀ ਦੇ ਪਾਣੀ ਵਿਚੋਂ ਬਾਹਰ ਨਿਕਲ ਕੇ ਤੜਫ਼ ਤੜਫ਼ ਕੇ ਖ਼ਤਮ ਹੋ ਜਾਂਣ ਵਾਂਗ ਖਤਮ ਹੋ ਜਾਂਦਾ ਹੈ ਅਤੇ ਬਿਨਾਂ ਕਿਸੇ ਪ੍ਰਾਪਤੀ ਦੇ ਅਜਿਹਾ ਮਨੁੱਖ ਨਿਰਾਸ਼ ਹੋ ਕੇ ਦੁਨੀਆਂ ਨੂੰ ਛੱਡ ਕੇ ਚਲਾ ਜਾਂਦਾ ਹੈ।
ਅਜਿਹਾ ਬੁਰਾ ਕਰਮ ਮਨੁੱਖ ਦੇ ਪੂਰਬਲੇ ਜਨਮ ਦੇ ਕਰਮਾਂ ਦੇ ਨਤੀਜਿਆਂ ਵਜੋਂ ਕੀਤਾ ਜਾਣਿਆ ਜਾਂਦਾ ਹੈ। ਅਜਿਹਾ ਜਨਮ ਅਤੇ ਮਰਨ ਦਾ ਨਾ ਮੁੱਕਣ ਵਾਲਾ ਚੱਕਰ ਗੁਰੂ ਦੀ ਮਦਦ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਜੋ ਅੰਧੇਰੇ ਵਿਚ ਇਕ ਚਾਨਣ ਦੀ ਤਰ੍ਹਾਂ ਅਤੇ ਬੀਆਬਾਨ ਜੰਗਲ ਵਿਚ ਇਕ ਮਾਰਗ ਦਰਸ਼ਕ ਦੀ ਤਰ੍ਹਾਂ ਕੰਮ ਕਰਦਾ ਹੈ। ਜਿਵੇਂ ਥੰਮ ਕਿਸੇ ਇਮਾਰਤ ਨੂੰ ਸਹਾਰਾ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਦਾ ਸ਼ਬਦ ਮਨੁੱਖ ਦੀ ਸਹਾਇਤਾ ਕਰਦਾ ਹੈ। ਜਿਵੇਂ ਬੇੜੀ ਪੱਥਰ ਨੂੰ ਨਦੀ ਪਾਰ ਲੈ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਸੰਸਾਰ ਰੂਪੀ ਸਮੁੰਦਰੋਂ ਪਾਰ ਲੰਘਣ ਦੇ ਯੋਗ ਬਣਾ ਦਿੰਦਾ ਹੈ ਅਤੇ ਆਵਾਗਉਣ ਦੇ ਦੁੱਖ ਤੋਂ ਬਚਾ ਲੈਂਦਾ ਹੈ। ਅਜਿਹਾ ਗੁਰੂ ਪਰਮਾਤਮਾ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਹੰਕਾਰ ਦਾ ਖਾਤਮਾ ਅਤੇ ਨਿਮਰਤਾ ਦਾ ਪੈਦਾ ਹੋਣਾ ਦੋ ਅਜਿਹੀਆਂ ਪੌੜੀਆਂ ਹਨ ਜੋ ਮਨੁੱਖ ਨੂੰ ਦਿੱਬਤਾ ਦੇ ਦੁਆਰ ਵੱਲ ਲੈ ਜਾਂਦੀਆਂ ਹਨ। ਰਾਜਸੀ ਸ਼ਕਤੀ, ਸੁੰਦਰਤਾ , ਰੀਤੀ ਰਿਵਾਜ , ਕਠਨ ਤਪੱਸਿਆਵਾਂ, ਧਨ ਦੌਲਤ, ਰਾਜ ਮਿਲਖ ਆਦਿ ਦੇ ਹੰਕਾਰ ਨੂੰ ਮਾੜਾ ਕਿਹਾ ਗਿਆ ਹੈ। ਨਿਮਰ ਅਤੇ ਸੰਤੋਖੀ ਹੋਣ ਦੇ ਨਾਲ-ਨਾਲ ਮਨੁੱਖ ਨੂੰ ਜੀਵਨ ਦੀਆਂ ਆਸਾਂ ਲਈ ਇਕ ਪਰਮਾਤਮਾ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਮਨੁੱਖ ਨੂੰ ਪਰਮਾਤਮਾ ਦੀ ਮਹਿਮਾ ਗਾਇਨ ਕਰਨ ਦੀ ਹਿਦਾਇਤ ਹੈ ਕਿਉਂਕਿ ਇਸੇ ਨਾਲ ਉਸ ਨੂੰ ਸੱਚੇ ਅਨੰਦ ਦੀ ਪ੍ਰਾਪਤੀ ਹੋਣੀ ਹੈ।
ਅਖੀਰਲੀਆਂ ਚਾਰ ਅਸਟਪਦੀਆਂ-ਇੱਕੀ ਤੋਂ ਚੌਵੀ ਤਕ ਵਿਚ ਪਰਮਾਤਮਾ ਦੀ ਸਰਬ ਸ਼ਕਤੀਮਾਨਤਾ ਦਾ ਜ਼ਿਕਰ ਕੀਤਾ ਗਿਆ ਹੈ। ਉਹ ਪਰਮਾਤਮਾ ਹੀ ਕੇਵਲ ਇਸ ਸੰਸਾਰ ਦਾ ਰਚਨਹਾਰ ਹੈ ਅਤੇ ਕੋਈ ਵੀ ਮਨੁੱਖ ਉਸ ਦੀ ਥਾਹ ਨਹੀਂ ਪਾ ਸਕਦਾ। ਪਰਮਾਤਮਾ ਨਿਰਗੁਣ ਮਾਇਆ ਦਾ ਰਚਨਹਾਰ ਹੈ ਪਰੰਤੂ ਇਸ ਤੋਂ ਨਿਰਲੇਪ, ਅਨੰਤ ਅਤੇ ਅਮਰ ਹੈ। ਸੰਸਾਰ ਰਚਨਾ ਤੋਂ ਪਹਿਲਾਂ ਪੂਰਨ ਤੌਰ ਤੇ ਸੁੰਨ ਹੀ ਸੁੰਨ ਸੀ ਜੋ ਉਸ ਪਰਮਾਤਮਾ ਦੇ ਹੁਕਮ ਦਾ ਨਤੀਜਾ ਹੈ। ਇਸ ਰਾਹੀਂ ਪਰਮਾਤਮਾ ਦੇ ਅਦਵੈਤ ਅਤੇ ਕੇਵਲਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਪਰਮਾਤਮਾ ਸਰਬੋਤਮ ਸੁੱਖ ਦੇਣ ਵਾਲਾ ਦਿਆਲੂ, ਅੰਦਰਲੀਆਂ ਸ਼ਕਤੀਆਂ ਦਾ ਸੰਚਾਲਕ ਅਤੇ ਸਭ ਦਾ ਅਨੰਦ ਮਾਣਨ ਵਾਲਾ ਹੈ। ਇਹ ਪਰਮਾਤਮਾ ਬਿਨਾ ਕਿਸੇ ਵੈਰ ਭਾਵ ਦੇ ਹੈ ਅਤੇ ਮਨੁੱਖ ਉਸਦੇ ਹੁਕਮ ਅਤੇ ਬਖਸ਼ਿਸ਼ ਦੁਆਰਾ ਸੁਬੁੱਧੀ ਦੀ ਪ੍ਰਾਪਤੀ ਕਰਦਾ ਹੈ। ਇਸ ਆਦਰਸ਼ ਲਈ ਰਾਹ ਗੁਰੂ ਦਸਦਾ ਹੈ ਜੋ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੱਬੀ ਗਿਆਨ ਦਾ ਸੁਰਮਾ ਪ੍ਰਦਾਨ ਕਰਦਾ ਹੈ। ਅਜੇਹੇ ਗਿਆਨ ਰਾਹੀਂ ਮਨੁੱਖ ਮਹਾਂਪੁਰਖਾਂ ਦੀ ਸੰਗਤ ਲੋਚਦਾ ਹੈ ਅਤੇ ਆਪਣੇ ਅੰਦਰ ਤਥਾ ਸਾਰੀ ਰਚਨਾ ਵਿਚ ਬਾਹਰ ਵੀ ਪਰਮਾਤਮਾ ਦੇ ਦਰਸ਼ਨ ਕਰਦਾ ਹੈ। ਪਰਮਾਤਮਾ ਸਾਰੀ ਰਚਨਾ ਵਿਚ ਵਿੱਦਮਾਨ ਹੈ ਫਿਰ ਵੀ ਇਸ ਤੋਂ ਨਿਰਲੇਪ ਹੈ। ਅਖੀਰਲੀ ਅਸਟਪਦੀ ਪਹਿਲੀਆਂ ਅਸਟਪਦੀਆਂ ਦੀਆਂ ਸਿੱਖਿਆਵਾਂ ਨੂੰ ਸੰਖੇਪ ਵਿਚ ਦਰਸਾਉਂਦੀ ਹੈ। ਜੋ ਮਨੁੱਖ ਪਰਮਾਤਮਾ ਨੂੰ ਮਿਲਣ ਦਾ ਇਛੁੱਕ ਹੈ ਉਸਨੂੰ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸ ਅਨੁਸਾਰ ਮਨੁੱਖ ਨੂੰ ਮਹਾਂਪੁਰਖਾਂ ਦੀ ਸੰਗਤ ਵਿਚ ਰਹਿਣਾ ਚਾਹੀਦਾ ਹੈ ਜਿਸ ਨਾਲ ਉਸਦਾ ਹੰਕਾਰ ਟੁੱਟਦਾ ਹੈ ਅਤੇ ਉਸਦੇ ਅੰਦਰ ਨਿਮਰਤਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਸੰਸਾਰਿਕ ਇੱਛਾਵਾਂ ਛੱਡ ਦੇਵੇਗਾ ਅਤੇ ਅਗਨੀ ਦਾ ਸਮੁੰਦਰ (ਭਾਵ ਪਾਪ ਅਤੇ ਦੁੱਖ) ਪਾਰ ਕਰ ਲਵੇਗਾ।
ਸੁਖਮਨੀ ਸਿੱਖ ਧਰਮ ਦੇ ਮੁੱਖ ਸਿਧਾਂਤਾਂ ਦਾ ਕਥਨ ਹੈ ਜਿਸ ਨੂੰ ਸ਼ਰਧਾ-ਭਰਪੂਰ ਕਾਵਿਕ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਸਿੱਖ ਸਵੇਰੇ ਦੀਆਂ ਨਿਤਨੇਮ-ਬਾਣੀਆਂ ਵਾਂਗ ਇਸ ਦਾ ਪਾਠ ਕਰਦੇ ਹਨ ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਸੌਖੀਆਂ ਬਾਣੀਆਂ ਵਿਚੋਂ ਇਕ ਹੈ। ਇਹ ਸ਼ਬਦ-ਰੂਪਾਂ ਅਤੇ ਰਚਨਾ ਪੱਖੋਂ ਸੌਖੀ ਬਾਣੀ ਹੈ ਪਰ ਇਸਦੇ ਅਸਲੀ ਅਰਥ ਉਸ ਮਨੁੱਖ ਨੂੰ ਸਮਝ ਨਹੀਂ ਆਉਂਦੇ ਜੋ ਅਧਿਆਤਮਿਕ ਅਨੁਭਵ ਅਤੇ ਗੁਰਬਾਣੀ ਦੀ ਸ਼ਬਦਾਵਲੀ ਅਤੇ ਮੁਹਾਵਰੇ ਦਾ ਜਾਣਕਾਰ ਨਹੀਂ ਹੈ। ਇਸ ਦੀ ਭਾਸ਼ਾ ਖੜੀ ਬੋਲੀ ਦੇ ਨੇੜੇ ਹੈ। ਖੜੀ ਬੋਲੀ ਦਿੱਲੀ ਦੇ ਉੱਤਰ ਪੱਛਮੀ ਇਲਾਕਿਆਂ ਵਿਚ ਵਿਕਸਿਤ ਹੋਈ ਹੈ ਅਤੇ ਪੰਜਾਬੀ ਦੇ ਕਾਫ਼ੀ ਨੇੜੇ ਹੈ। ਇਥੇ ਪ੍ਰਗਟਾਵਾ ਮੁਖ ਤੌਰ ਤੇ ਕਾਵਿਕ ਹੈ ਅਤੇ ਹਿੰਦੀ ਅਤੇ ‘ਭਾਖਾ` ਨਾਲ ਇਸ ਦੀ ਕਾਫ਼ੀ ਸਾਂਝ ਹੈ ਜੋ ਉਸ ਸਮੇਂ ਸਾਰੇ ਉੱਤਰੀ ਭਾਰਤ ਵਿਚ ਧਾਰਮਿਕ ਮਹਾਂਪੁਰਖਾਂ ਦੁਆਰਾ ਵਰਤੀ ਜਾਂਦੀ ਸੀ। ਭਾਵੇਂ ਇਹ ਭਾਸ਼ਾ ਬ੍ਰਜ ਵਿਚੋਂ ਨਿਕਲੀ ਹੈ ਪਰ ਵਿਆਕਰਣ ਪੱਖੋਂ ਇਹ ਪੰਜਾਬੀ ਦੇ ਨੇੜੇ ਹੈ। ਇਸ ਨੂੰ ਬ੍ਰਜ ਭਾਸ਼ਾ ਵਿਚ ਲਿਖ ਰਹੇ ਸਮਕਾਲੀ ਕਵੀ ਸੂਰਦਾਸ ਨਾਲ ਤੁਲਨਾਤਮਿਕ ਪੱਧਰ ਤੇ ਪਰਖ ਕੇ ਪ੍ਰਮਾਣਿਕ ਰੂਪ ਵਿਚ ਸਿੱਧ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਕਵੀ ਗੁਰੂ ਅਰਜਨ ਦੇਵ ਜੀ ਦੇ ਲਾਗੇ-ਚਾਗੇ ਦੇ ਸਮੇਂ ਦਾ ਕਵੀ ਸੀ। ਸੁਖਮਨੀ ਦੀ ਭਾਸ਼ਾ ਦਾ ਬ੍ਰਜ ਜਾਂ ਭਾਖਾ ਨਾਲੋਂ ਅੰਤਰਾਂ ਬਾਰੇ ਸੰਕੇਤ ਕਰਨ ਲਈ ਕੁਝ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ।
ਥੀਵੈ (3.2) ਪੰਜਾਬੀ ਸ਼ਬਦ ਹੈ, ਇਸੇ ਤਰ੍ਹਾਂ ਡਿਠਾ (7.7) ਖਟੇ (12.5) ਸ਼ੁੱਧ ਪੰਜਾਬੀ ਹੈ। ਨੀਕੀ ਕੀੜੀ (17.5), ਨੀਕੀ (ਛੋਟੀ ਜਿਹੀ) ਪੰਜਾਬੀ ਸ਼ਬਦ ਹੈ। ਓਹੀ (23.4) ਪੰਜਾਬੀ ਸ਼ਬਦ ਹੈ ਜਿਸਦਾ ਬ੍ਰਜ ਵਿਚਲਾ ਸ਼ਬਦ ਵੇਹੀ ਹੈ, ‘ਹੋਈ` (ਕ੍ਰਿਆ ਦਾ ਭੂਤਕਾਲਿਕ ਰੂਪ) ਪੰਜਾਬੀ ਸ਼ਬਦ ਹੈ। ‘ਭਯ` ਨੂੰ ਗੁਰਬਾਣੀ ਵਿਚ ਭਉ (18.7) ਵਿਸ਼ੇਸ਼ ਰੂਪ ਦਿੱਤਾ ਗਿਆ ਹੈ ਅਤੇ ਇਸਨੂੰ ਅਕਸਰ ਗੁਰਬਾਣੀ ਵਿਚ ਵਰਤਿਆ ਗਿਆ ਹੈ। ਭਾਸ਼ਾ ਦਾ ਪੰਜਾਬੀ ਮੁਹਾਂਦਰਾ ਵਿਸ਼ੇਸ਼ ਕਰਕੇ ਕਿਰਿਆ ਦੇ ਉਸ ਰੂਪ ਵਿਚ ਲਭਿਆ ਜਾ ਸਕਦਾ ਹੈ ਜਿਸ ਦਾ ਅੰਤ ਭੂਤ ਕਾਲ ਵਿਚ ਹੁੰਦਾ ਹੈ। ਕਥਿਆ (8.7), ਪਛਾਤਾ (17.8), ਜਾਤਾ (19.8) ਨੂੰ ਜਾਣਿਆ, ਜਪਿਆ (20.2) ਰਹਿਆ (20.3) ਆਰਾਧਿਆ (ਸਲੋਕ 24) ਦੇ ਅਰਥ ਵਿਚ ਵਰਤਿਆ ਗਿਆ ਹੈ ਅਤੇ ਇਹ ਕੁਝ ਕੁ ਉਦਾਹਰਨਾਂ ਹਨ। ਇਸੇ ਨੁਕਤੇ ਨੂੰ ਸਮਝਾਉਣ ਲਈ ਕਿਰਿਆ ਦੇ ਕੁਝ ਹੋਰ ਰੂਪ ਵੀ ਮਿਲਦੇ ਹਨ ਜਿਵੇਂ ਉਤਰਸਿ (19.7) ਜਿਹੜਾ ਕਿ ਰਾਜਸਥਾਨੀ ਭਾਸ਼ਾ ਦਾ ਵੀ ਸ਼ਬਦ ਹੈ; ਬਹੈ (15.2); ਲਏ (13.5) ਅਤੇ ਲੈਨੀ (15.5)। ਕਈ ਥਾਂਵਾਂ ਤੇ ਸ਼ੁੱਧ ਹਿੰਦੀ ਰੂਪ ਵੀ ਵੇਖੇ ਜਾ ਸਕਦੇ ਹਨ: ਹੋਵਤ (21.1), ਤੁਮਰੀ (20.7) ਅਤੇ ਬਿਆਪਤ (21.1)। ਇਸੇ ਬੰਦ ਵਿਚ ਉਸੇ ਤੁਕਾਂਤ ਵਾਲਾ ਹੋਰ ਸ਼ਬਦ ‘ਜਾਪਤ` ਹੈ ਜਿਸ ਦਾ ਅੰਤ ਹਿੰਦੀ ਨਾਲ ਹੁੰਦਾ ਹੈ।
ਸੁਖਮਨੀ ਦੀ ਬੋਲੀ ਦਾ ਭਾਖਾ ਅਤੇ ਪੰਜਾਬੀ ਦੇ ਸੁਮੇਲ ਦੇ ਤੌਰ ਤੇ ਵਧੀਆ ਵਰਨਨ ਕੀਤਾ ਜਾ ਸਕਦਾ ਹੈ। ਵਧੇਰੇ ਦਾਰਸ਼ਨਿਕ ਅਤੇ ਮਨਨਸ਼ੀਲ ਬਾਣੀਆਂ ਵਿਚ ਗੁਰੂ ਸਾਹਿਬਾਨ ਹਿੰਦੀ ਦੇ ਕਈ ਰੂਪਾਂ ਨੂੰ ਪੰਜਾਬੀ ਨਾਲ ਮਿਲ ਕੇ ਲਿਖਣ ਦੇ ਚਾਹਵਾਨ ਲਗਦੇ ਹਨ ਜਦੋਂ ਕਿ ਵਧੇਰੇ ਡੂੰਘਾਈ ਵਾਲੀਆਂ ਬਾਣੀਆਂ ਵਿਚ ਜਿਵੇਂ ਛੰਤ ਅਤੇ ਵਾਰਾਂ ਦੀਆਂ ਪਉੜੀਆਂ ਵਿਚ ਪੰਜਾਬੀ ਨੂੰ ਵੱਖਰੀਆਂ-ਵੱਖਰੀਆਂ ਉਪਬੋਲੀਆਂ ਰਾਹੀਂ ਵਰਤਿਆ ਗਿਆ ਹੈ। ਇਹ ਸਿਧਾਂਤ ਬਿਲਕੁਲ ਪੱਕਾ ਜਾਂ ਅੰਤਿਮ ਨਹੀਂ ਹੈ; ਇਹ ਕੇਵਲ ਮੋਟੇ ਤੌਰ ਤੇ ਵਰਤਿਆ ਗਿਆ ਹੈ।
ਲੇਖਕ : ਗ.ਸ.ਤ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੁਖਮਨੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੁਖਮਨੀ (ਸੰ.। ਸੰਸਕ੍ਰਿਤ ਸੁਖ+ਮਣਿ ਸੁਖਾਂ ਦੀ ਮਣੀ (ਰਤਨ),) ਮਨ ਨੂੰ ਸੁਖ ਦੇਣ ਵਾਲੀ। ਇਕ ਬਾਣੀ ਦਾ ਨਾਉਂ ਜੋ ਪੰਜਵੇਂ ਸਤਿਗੁਰੂ ਅਰਜਨ ਦੇਵ ਜੀ ਦੇ ਅਨੁਭਵ ਤੋਂ ਉਚਰੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗਉੜੀ ਰਾਗ ਵਿਚ ਵਿਦਮਾਨ ਹੈ। ਯਥਾ-‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ’ ਸੁਖਮਨੀ ਵਿਖੇ ਸੁਖ ਰੂਪ (ਅੰਮ੍ਰਤ) ਅਮਰ ਕਰਨੇ ਵਾਲਾ ਪ੍ਰਭੂ ਦਾ ਨਾਮ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੁਖਮਨੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੁਖਮਨੀ : ਇਹ ਬਾਣੀ ‘ਆਦਿ ਗ੍ਰੰਥ’ ਵਿਚ ਪੰਨਾ 262 ਤੋਂ ਲੈ ਕੇ 296 ਤਕ ਦਰਜ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਗਾਉੜੀ ਰਾਗ ਵਿਚ ਉਚਾਰਨ ਕੀਤਾ ਸੀ। ਇਸ ਵਿਚ ਕੁਲ 24 ਅਸ਼ਟਪਦੀਆਂ ਹਨ, ਹਰ ਅਸ਼ਟਪਦੀ ਵਿਚ ਅੱਠ ਪਉੜੀਆਂ ਅਤੇ ਹਰ ਪਾਉੜੀ ਵਿਚ 10 ਪੰਕਤੀਆਂ ਹਨ। ਹਰੇਕ ਅਸ਼ਟਪਦੀ ਤੋਂ ਪਹਿਲਾਂ ਇਕ ਸ਼ਲੋਕ ਦਿੱਤਾ ਹੈ। ਇਸ ਨਿਸਚਿਤ ਨਿਯਮ ਦਾ ਵਿਰੋਧ ਕੇਵਲ ਪਹਿਲੀ ਅਸ਼ਟਪਦੀ ਦੀ ਦੂਜੀ ਪਉੜੀ ਵਿਚ ‘ਰਹਾਉ’ ਤੋਂ ਪਹਿਲਾਂ ਆਈਆਂ ਦੋ ਪੰਕਤੀਆਂ ਹਨ (ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸਰਾਮ॥) ਇਨ੍ਹਾਂ ਪੰਕਤੀਆਂ ਵਿਚ ਇਸ ਬਾਣੀ ਦਾ ਕੇਂਦਰੀ ਵਿਸ਼ਾ ਹੈ ਜਿਸ ਦੇ ਇਰਦ ਗਿਰਦ ਇਹ ਸਾਰੀ ਰਚਨਾ ਘੁੰਮਦੀ ਹੈ।
ਇਹ ਰਚਨਾ ਵਿਚਾਰਾਂ ਦੀ ਇਕ ਨਿਸਚਿਤ ਲੜੀ ਹੈ। ਇਸ ਦਾ ਆਰੰਭ ਪਰਮਾਤਮਾ ਦੇ ਨਮਸਕਾਰਾਤਮਕ ਮੰਗਲ (ਆਦਿ ਗੁਰ ਏ ਨਮਹ॥ ਜੁਗਾਦਿ ਗੁਰ ਏ ਨਮਹ॥ ਸਤਿਗੁਰ ਏ ਨਮਹ॥ ਸ੍ਰੀ ਗੁਰਦੇਵ ਏ ਨਮਹ॥) ਨਾਲ ਹੁੰਦਾ ਹੈ, ਪਰ ਇਹ ਮੰਗਲ ਨਿਸਚਿਤ ਵਿਧਾਨ ਤੋਂ ਵੱਖ ਨਹੀਂ, ਸਗੋਂ ਉਸੇ ਦਾ ਅੰਗ ਹੈ। ਇਸ ਦਾ ਵਿਸ਼ਾ ਵਰਣਨ ਮੁਖ ਰੂਪ ਵਿਚ ਦੋ ਪੱਖਾਂ ਵਿਚ ਵੰਡਿਆ ਹੋਇਆ ਹੈ। ਪਹਿਲਾ ਇਹ ਕਿ ਪਰਮਾਤਮਾ ਦਾ ਨਾਮ ਹੀ ਸੰਸਾਰਿਕ ਧੰਧਿਆਂ ਤੋਂ ਮੁਕਤੀ ਦਿਵਾਉਣ ਦਾ ਇਕ ਮਾਤ੍ਰ ਸਾਧਨ ਹੈ, ਇਸੇ ਪ੍ਰਕਰਣ ਵਿਚ ਵੱਖ ਵੱਖ ਢੰਗਾਂ ਨਾਲ ਨਾਮ ਦਾ ਮਹੱਤਵ ਪ੍ਰਗਟਾਇਆ ਗਿਆ ਹੈ। ਦੂਜਾ ਇਹ ਕਿ ਇਸ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਇਹ ਦੋਵੇਂ ਪੱਖ ਭਿੰਨ ਭਿੰਨ ਰੂਪਾਂ ਵਿਚ ਵਰਣਿਤ ਨਹੀਂ, ਸਗੋਂ ਪਰਸਪਰ ਤੌਰ ਤੇ ਹੀ ਸੰਮਿਲਿਤ ਹਨ। ਧਰਮ ਦਾ ਪ੍ਰਮੁਖ ਮੰਤਵ ਮਨੁੱਖ ਨੂੰ ਸੰਸਾਰ ਸਾਗਰ ਤੋਂ ਮੁਕਤ ਕਰਾਉਣਾ ਹੈ। ਮੁਕਤ ਅਵਸਥਾ ਹੀ ਸੁਖ ਜਾਂ ਆਨੰਦ ਦੀ ਅਵਸਥਾ ਹੈ। ਇਸੇ ਸੁਖ ਰੂਪੀ ਮਣੀ (ਅਮੁਲੀਕ ਲਾਲ ਏਹਿ ਰਤਨ) ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਵਿਚਾਰਾਧੀਨ ਬਾਣੀ ਵਿਚ ਹੋਇਆ ਹੈ, ਪਰ ਇਹ ਵਿਸ਼ਲੇਸ਼ਣ ਇਸ ਸਮੱਸਿਆ ਦੇ ਕੇਵਲ ਸਾਧਨਾ ਜਾਂ ਕਾਰਨ ਪੱਖ ਦਾ ਹੀ ਨਹੀਂ ਸਗੋਂ ਸਮਾਧਾਨ ਜਾਂ ਪ੍ਰਭਾਵ ਪੱਖ ਦਾ ਵੀ ਹੈ।
ਇਸ ਦੀ ਪਹਿਲੀ ਅਸ਼ਟਪਤੀ ਵਿਚ ਪ੍ਰਭੂ ਦੇ ਸਿਮਰਨ ਤੇ ਬਲ ਦਿੱਤਾ ਗਿਆ ਹੈ। ਦੂਜੀ ਵਿਚ ਨਾਮ ਦੀ ਸ਼ਕਤੀ ਅਤੇ ਸਮਰੱਕਾ ਅਤੇ ਉਸ ਦੇ ਪ੍ਰਭਾਵ ਦਾ ਵਰਣਨ ਹੈ। ਤੀਜੀ ਵਿਚ ਨਾਮ ਦੀ ਮਹਾਨਤਾ, ਅਮੁਲਤਾ ਅਤੇ ਅਤੁਲਤਾ ਦੱਸੀ ਗਈ ਹੈ। ਇਹ ਪਿਛੋਕੜ ਬੰਨ੍ਹ ਕੇ ਚੌਥੀ ਅਸ਼ਟਪਦੀ ਵਿਚ ਮਨੁੱਖ ਨੂੰ ਪ੍ਰਭੂ ਭਗਤੀ ਜਾਂ ਨਾਮ ਸਿਮਰਨ ਲਈ ਸੁਝਾਉ ਦਿੱਤਾ ਗਿਆ ਹੈ ਕਿਉਂਕਿ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਮਿਥਿਆ ਹਨ। ਇਨ੍ਹਾਂ ਆਸ਼ਕਤੀਆਂ ਤੋਂ ਬਚਣ ਲਈ ਪੰਜਵੀਂ ਅਸ਼ਟਪਦੀ ਵਿਚ ਚੇਤਾਵਨੀ ਕੀਤੀ ਗਈ ਹੈ। ਛੇਵੀਂ ਵਿਚ ਪਰਮਾਤਮਾ ਵਿਚ ਲੀਨ ਲੋਣ ਲਈ ਬਾਰ ਬਾਰ ਕਿਹਾ ਗਿਆ ਹੈ, ਕਿਉਂਕਿ ਪਰਮਾਤਮਾ ਦੁਆਰਾ ਹੀ ਸੁਖ, ਸੰਪਤੀ ਅਤੇ ਸੰਸਾਰਿਕ ਸੁਖ ਚੈਨ ਪ੍ਰਾਪਤ ਹੁੰਦੇ ਹਨ, ਮਨੁੱਖ ਦੇ ਹੱਥ ਕੁਝ ਨਹੀਂ ਹੈ। ਸੱਤਵੀਂ ਅੱਠਵੀਂ ਅਤੇ ਨੌਵੀਂ ਅਸ਼ਟਪਦੀਆਂ ਵਿਚ ਪ੍ਰਭੂ ਨੂੰ ਪ੍ਰਾਪਤ ਕਰਨ ਕਰਾਵਨ ਵਾਲਿਆਂ ਦਾ ਉਲੇਖ ਕਰਦਿਆਂ ਸਾਧ, ਬ੍ਰਹਮਗਿਆਨੀ, ਵੈਸ਼ਨਵ, ਪੰਡਿਤ, ਭਗਉਤੀ ਦੇ ਗੁਣ, ਕਰਮ ਅਤੇ ਸਮਰੱਥਾ ਦੱਸੀ ਗਈ ਹੈ। ਦਸਵੀਂ ਅਸ਼ਟਪਦੀ ਵਿਚ ਪ੍ਰਭੂ ਦੀ ਬੇਅੰਤਤਾ ਦੱਸ ਕੇ ਉਸ ਦੀ ਉਸਤਤ ਕਰਨ ਵਾਲੇ ਅਨੇਕਾਂ ਪ੍ਰਾਣੀਆਂ ਦਾ ਜ਼ਿਕਰ ਹੈ। ਗਿਆਰ੍ਹਵੀਂ ਵਿਚ ਪਰਮਾਤਮਾ ਦੀ ਕਰਨ ਕਾਰਨ ਸ਼ਕਤੀ ਵੱਲ ਧਿਆਨ ਦਿਵਾਇਆ ਗਿਆ ਹੈ। ਬਾਰ੍ਹਵੀਂ ਵਿਚ ਕਰਤਾਰ ਨੂੰ ਪ੍ਰਾਪਤ ਕਰਨ ਲਈ ਸਦਾਚਾਰਕ ਗੁਣਾਂ ਨੂੰ ਗ੍ਰਹਿਣ ਕਰਾਉਣ ਵੱਲ ਸਾਧਕ ਜਾਂ ਜਗਿਆਸੂ ਦਾ ਮਨ ਫੇਰਿਆ ਗਿਆ ਹੈ ਅਤੇ ਨਿਮ੍ਰਤਾ ਤੇ ਬਲ ਦਿੱਤਾ ਗਿਆ ਹੈ। ਤੇਰ੍ਹਵੀਂ ਵਿਚ ਨਿੰਦਿਆਂ ਤੋਂ ਬਚਣ ਲਈ ਚੇਤਾਵਨੀ ਕੀਤੀ ਗਈ ਹੈ। ਚੌਦ੍ਹਵੀਂ ਵਿਚ ਸਿਆਣਪਾਂ ਅਤੇ ਭਰਮਾਂ ਨੂੰ ਛੱਡਣ ਅਤੇ ਹਰਿ ਵਿਚ ਵਿਸ਼ਵਾਸ ਰੱਖਣ ਲਈ ਤਾਕੀਦ ਕੀਤੀ ਗਈ ਹੈ, ਕਿਉਂਕਿ ਹੋਰ ਏਕ ਵਿਅਰਥ ਹੈ। ਪੰਦਰ੍ਹਵੀਂ ਵਿਚ ਉਕਤ ਗੱਲ ਦੀ ਪੁਸ਼ਟੀ ਕੀਤੀ ਗਈ ਹੈ, ਕਿਉਂਕਿ ਕਰਤਾਰ ਹੀ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਅਤੇ ਟੁੱਟੀ ਗੰਢਣਹਾਰਾ ਹੈ। ਸੋਲ੍ਹਵੀਂ ਵਿਚ ਪਰਮਾਤਮਾ ਨੂੰ ਰੂਪ, ਰੰਗ, ਰੇਖ ਆਦਿ ਤੋਂ ਭਿੰਨ ਮੰਨਿਆ ਗਿਆ ਹੈ। ਉਸ ਨੂੰ ਉਹੀ ਧਿਆ ਸਕਦੇ ਹਨ, ਜਿਨ੍ਹਾਂ ਤੇ ਉਹ ਆਪ ਕਿਰਪਾ ਕਰੇ। ਸਤਾਰ੍ਹਵੀਂ ਅਸ਼ਟਪਦੀ ਵਿਚ ਪਰਮਾਤਮਾ ਦੇ ਅਨਾਦਿ ਗੁਣਾਂ ਅਤੇ ਸਤਿ ਸਰੂਪ ਤੇ ਪ੍ਰਕਾਸ਼ ਪਾਇਆ ਗਿਆ ਹੈ। ਅਠਾਰ੍ਹਵੀਂ ਅਸ਼ਟਪਦੀ ਵਿਚ ਪਰਮਾਤਮਾ ਨਾਲ ਮੇਲ ਕਰਾਉਣ ਵਾਲੇ ਵਿਚੋਲੇ (ਸਤਿਗੁਰੂ) ਦੇ ਗੁਣ ਅਤੇ ਕਰਮ ਦੱਸੇ ਗਏ ਹਨ। ਉਨੀਵੀਂ ਅਸ਼ਟਪਦੀ ਵਿਚ ਦੱਸਿਆ ਗਿਆ ਹੈ ਕਿ ਸਤਿਗੁਰੂ ਦੁਆਰਾ ਪਰਮਾਤਮਾ ਨਾਲ ਮੇਲ ਹੋਣ ਵੇਲੇ ਪ੍ਰਾਣੀ ਦੇ ਨਾਲ ਕੇਵਲ ਨਾਮ ਜਾਂ ਭਗਤੀ ਹੀ ਜਾਂਦੀ ਹੈ। ਵੀਹਵੀਂ ਵਿਚ ਗੁਰੂ ਦੁਆਰਾ ਪ੍ਰੇਰਿਤ ਮਨੁੱਖ ਦੀ ਪਰਮਾਤਮਾ ਪਾਸ ਮੁਕਤੀ ਲਈ ਅਰਜੋਈ ਕੀਤੀ ਗਈ ਹੈ। ਇਕੀਵੀਂ ਵਿਚ ਪਰਮਾਤਮਾ ਦੇ ਨਿਰਗੁਣ ਅਤੇ ਸਰਗੁਣ ਦੋਹਾਂ ਰੂਪਾਂ ਦੀ ਵਿਆਖਿਆ ਕੀਤੀ ਗਈ ਹੈ ਅਤੇ ਬਾਈਵੀਂ ਅਸ਼ਟਪਦੀ ਵਿਚ ‘ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ’ ਸਿਧਾਂਤ ਦੀ ਪ੍ਰੋੜਤਾ ਕੀਤੀ ਗਈ ਹੈ। ਤੇਈਵੀਂ ਵਿਚ ਸਾਧਕ ਦੀ ਘਾਲ ਗੁਰੂ ਦੀ ਕਿਰਪਾ ਦੁਆਰਾ ਪੂਰੀ ਹੁੰਦੀ ਦੱਸੀ ਗਈ ਹੈ ਕਿਉਂਕਿ ਗੁਰੂ ਦੁਆਰਾ ਦਿੱਤੇ ਗਿਆਨ ਦੇ ਅੰਜਨ (ਮਾਇਆ) ਨਾਲ ਜੀਵ-ਆਤਮਾ ਪਰਮਾਤਮਾ ਨੂੰ ਪਛਾਣ ਲੈਂਦੀ ਹੈ। ਅੰਤਿਮ ਅਸ਼ਟਪਦੀ ਵਿਚ ਪੂਰੇ ਪ੍ਰਭੂ ਨਾਲ ਮੇਲ ਕਰਾਉਣ ਵਾਲੀ ਇਸ ਬਾਣੀ ਦਾ ਮਹਾਤਮ ਵਰਣਿਤ ਹੈ।
ਇਸ ਤਰ੍ਹਾਂ ਵਿਚ ਰਚਨਾ ਵਿਚ ਜਗਿਆਸੂ ਨੂੰ ਭਿੰਨ ਭਿੰਨ ਅਵਸਥਾਵਾਂ ਵਿਚੋਂ ਗੁਜ਼ਾਰਦੇ ਹੋਇਆਂ ਅਤੇ ਸਤਿ ਕਰਮ ਕਰਨ ਲਈ ਪ੍ਰੇਰਨਾ ਦਿੰਦੇ ਹੋਇਆਂ ਸਤਿਗੁਰੂ ਦੇ ਸਹਿਯੋਗ ਨਾਲ ਪ੍ਰਭੂ ਦੇ ਮੇਲ ਦਾ ਸੁਖ ਦੱਸਿਆ ਗਿਆ ਹੈ। ਇਹੀ ਇਸ ਬਾਣੀ ਦੀ ਨਿਸਚਿਤ ਵਿਚਾਰ ਲੜੀ ਹੈ। ਹਰ ਪਉੜੀ, ਹਰ ਅਸ਼ਟਪਦੀ ਆਪਣੇ ਆਪ ਵਿਚ ਵੀ ਇਕ ਸੁਤੰਤਰ ਵਿਚਾਰ ਲੜੀ ਹੈ ਅਤੇ ਸਾਰੀਆਂ ਅਸ਼ਟਪਦੀਆਂ ਸਮੁੱਚੇ ਰੂਪ ਵਿਚ ਵੀ ਇਕ ਵਿਚਾਰ ਲੜੀ ਦਾ ਅੰਗ ਹਨ। ਹਰ ਇਕ ਦਾ ਸੁਤੰਤਰ ਅਰਥ ਵੀ ਹੈ ਅਤੇ ਪ੍ਰਕਰਣ ਵਿਚ ਵੀ ਉਨ੍ਹਾਂ ਦਾ ਅਰਥ ਹੈ। ਇਸ ਬਾਣੀ ਵਿਚ ਨਾਮ ਸਿਮਰਨ ਤੇ ਅਧਿਕ ਬਲ ਦਿੱਤਾ ਗਿਆ ਹੈ। ਨਾਮ ਬਿਨਾਂ ਜੀਵਨ ਵਿਅਰਥ ਹੈ, ਲੋਕ ਪਰਲੋਕ ਦੋਵੇਂ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਿਨਾਂ ਪ੍ਰਾਣੀ ਅਪਵਿੱਤਰ ਹੈ। ਨਾਮ ਸੁਖਾਂ ਦਾ ਸਾਰ ਹੈ, ‘ਪਰਮ ਗਤਿ’ ਪ੍ਰਾਪਤ ਕਰਾਉਣ ਵਾਲਾ ਅਤੇ ਪਾਪ-ਨਾਸ਼ਕ ਹੈ। ਇਸ ਦਾ ਸਿਮਰਨ ਪ੍ਰਾਣੀ ਲਈ ਅਤਿਅੰਤ ਆਵਸ਼ਕ ਹੈ। ਇਹ ਸਿਮਰਨ ਸੰਤ ਦੀ ਸੇਵਾ ਦੁਆਰਾ ਪ੍ਰਾਪਤ ਹੁੰਦਾ ਹੈ। ਨਾਮ ਦੇ ਸਿਮਰਨ ਦੁਆਰਾ ਵਿਅਕਤੀ ਬਹੁਤ ਉੱਚਾ ਉਠ ਜਾਂਦਾ ਹੈ। ਅਜਿਹੇ ਵਿਅਕਤੀ ਨੂੰ ਸੰਤ, ਸਾਧ, ਬ੍ਰਹਮ ਗਿਆਨੀ, ਜੀਵ-ਮੁਕਤ ਆਦਿ ਸ੍ਰੇਸ਼ਠ ਅਤੇ ਉੱਤਮ ਪਦਵੀਆਂ ਪ੍ਰਾਪਤ ਹੁੰਦੀਆਂ ਹਨ। ਅਜਿਹੀਆਂ ਪਦਵੀਆਂ ਨੂੰ ਪ੍ਰਾਪਤ ਵਿਅਕਤੀ ਅਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ (ਨਾਨਕ ਬ੍ਰਹਮਗਿਆਨੀ ਆਪਿ ਪਰਮੇਸੁਰ; ਨਾਨਕ ਸਾਧ ਪ੍ਰਭ ਭੇਦੁ ਨ ਭਾਈ) ਪਰਮਾਤਮਾ ਨਾਲ ਜਿਸ ਦਾ ਸਾਖਿਆਤਕਾਰ ਹੋਇਆ ਹੈ। ਉਹ ਗੁਰੂ ਜਾਂ ਸਤਿਗੁਰ ਹੈ (‘ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੂ ਤਿਸ ਕਾ ਨਾਉ; ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ)’ ਸਤਿਗੁਰੂ ਹੀ ‘ਹਰਿ ਪਥ’ ਦੀ ਪ੍ਰਾਪਤੀ ਦਾ ਸਾਧਨ ਹੈ।
ਇਹ ਰਚਨਾ ਵਿਆਖਿਆਤਮਕ ਸ਼ੈਲੀ ਵਿਚ ਲਿਖੀ ਹੋਈ ਹੈ। ਇਕ ਵਿਚਾਰ ਨੂੰ ਲੈ ਕੇ ਉਕਤੀਆਂ ਯੁਕਤੀਆਂ ਨਾਲ ਉਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਸ ਵਿਚਾਰ ਨੂੰ ਦ੍ਰਿੜ੍ਹ ਕਰਾਉਣ ਲਈ ਬਾਰ ਬਾਰ ਉਸ ਨੂੰ ਦੁਹਰਾਇਆ ਗਿਆ ਹੈ ਤਾਂ ਜੋ ਜਗਿਆਸੂ ਦੇ ਮਨ ਵਿਚ ਪੱਕੀ ਤਰ੍ਹਾਂ ਬੈਠ ਜਾਵੇ। ਸਾਧਨਾ, ਭਗਤੀ ਜਾਂ ਸਿਮਰਨ ਤੋਂ ਹੋਣ ਵਾਲੀਆਂ ਪ੍ਰਾਪਤੀਆਂ ਦੀਆਂ ਸੂਚੀਆਂ ਵੀ ਇਸ ਬਾਣੀ ਵਿਚ ਆਮ ਮਿਲਦੀਆਂ ਹਨ ਅਤੇ ਸੰਤ, ਸਾਧ ਆਦਿ ਅਧਿਆਤਮਕ ਵਿਅਕਤੀਆਂ ਦੇ ਵਿਰੋਧ ਦਾ ਜੋ ਕੁਫ਼ਲ ਜਾਂ ਹਾਨੀ ਹੁੰਦੀ ਹੈ, ਉਸ ਦਾ ਵੀ ਵਿਸਥਾਰ ਸਹਿਤ ਉਲੇਖ ਹੈ, ਖ਼ਾਸ ਕਰ 12ਵੀਂ ਅਸ਼ਟਪਦੀ ਵਿਚ ਹਰ ਪਉੜੀ ਦੇ ਅੰਤ ਵਿਚ ਉਸ ਦਾ ਸਾਰਾਂਸ਼ ਜਾਂ ਉਸ ਵਿਚ ਲਈ ਗਈ ਸਮੱਸਿਆ ਦੇ ਹੱਲ ਬਾਰੇ ਸੰਕੇਤ ਹੈ। ਭਾਵ ਦੀ ਪੁਸ਼ਟੀ ਲਈ ਕਈ ਸ਼ਬਦਾਂ ਨੂੰ ਬਾਰ ਬਾਰ ਲਿਆ ਕੇ ਧੁਨੀ-ਆਤਮਕਾ ਵੀ ਪੈਦਾ ਕੀਤੀ ਗਈ ਹੈ (ਸਤਿ ਸਤਿ ਸਤਿ ਪ੍ਰਭੁ ਸੁਆਮੀ; ਸਚੁ ਸਚੁ ਸਚੁ ਸਭੁ ਕੀਨਾ)। ਕਈ ਥਾਵਾਂ ਤੇ ਅਨੁਚਿਤ ਧਾਰਣਾਵਾਂ ਅਤੇ ਭਗਤੀ ਵਿਰੋਧੀ ਪਰੰਪਰਾਵਾਂ ਦਾ ਵੀ ਖੰਡਨ ਕੀਤਾ ਗਿਆ ਹੈ। ਇਸ ਵਿਚ ਪ੍ਰਧਾਨ ਤੌਰ ਤੇ ਦੋ ਛੰਦ ਵਰਤੇ ਗਏ ਹਨ––ਸ਼ਲੋਕ (ਅਨੁਸ਼ਟੁਪ ਛੰਦ) ਅਤੇ ਚੌਪਾਈ। ਸ਼ਲੋਕ ਕੁਝ ਵਿਲੱਖਣ ਜਿਹਾ ਹੈ। ਚੌਪਈ ਵਿਚ 8,7 ਜਾਂ 8,8 ਦਾ ਮਾਤ੍ਰਾ ਵਿਧਾਨ ਹੈ। ਇਸ ਰਚਨਾ ਦੀ ਸ਼ੇਲੀ ਸਬੰਧੀ ਸਭ ਤੋਂ ਵੱਡੀ ਖ਼ੂਬੀ ਇਸ ਦੀ ਪ੍ਰਵਾਹ-ਮਾਨਤਾ ਹੈ। ਕਿਤੇ ਵੀ ਸ਼ਿਥਲਤਾ ਜਾਂ ਗਤਿਰੋਧ ਨਹੀਂ। ਅਲੰਕਾਰਾਂ ਦਾ ਇਸ ਵਿਚ ਲਗਭਗ ਅਭਾਵ ਹੈ। ਇਸ ਦੀ ਭਾਸ਼ਾ ਸਰਲ ਅਤੇ ਜਨ-ਸਾਧਾਰਨ ਦੀ ਬ੍ਰਜ ਹੈ। ਕਿਤੇ ਕਿਤੇ ਪੰਜਾਬੀ ਦਾ ਪ੍ਰਭਾਵ ਵੀ ਹੈ। ਭਾਸ਼ਾ ਦਾ ਸਰੂਪ ਸਰਬਤ੍ਰ ਵਿਸ਼ੇ ਅਨੁਕੂਲ ਹੈ, ਇਸ ਕਰਕੇ ਇਹ ਰਚਨਾ ਅਤਿਅੰਤ ਹਰਮਨ ਪਿਆਰੀ ਬਣ ਗਈ ਹੈ। ਇਸ ਵਿਚ ਫ਼ਾਰਸੀ, ਅਰਬੀ ਦੀ ਸ਼ਬਦਾਵਲੀ ਬਹੁਤ ਘੱਟ ਹੈ, ਸਾਰੀ ਸ਼ਬਦਾਵਲੀ ਭਾਰਤੀ ਪਰੰਪਰਾ ਦੀ ਹੈ। ਇਹ ਬਾਣੀ ਗੁਰੂ ਅਰਜਨ ਦੇਵ ਜੀ ਦੀ ਸ਼ਿਰੋਮਣੀ ਰਚਨਾ ਹੈ। ਇਸ ਦੀ ਹਰਮਨ ਪ੍ਰਿਯਤਾ ਕਰਕੇ ਹੀ ਮੀਣੇ ਗੁਰੂ ਮਹਿਰਬਾਨ ਨੇ ਇਸ ਦੀ ਸਮਾਨਾਂਤਰ ‘ਸੁਖਮਨੀ ਸਹੰਸਰਨਾਮਾ’ ਦੀ ਰਚਨਾ ਕੀਤੀ ਸੀ।
ਹ. ਪੁ.––ਆਦਿ ਗ੍ਰੰਥ; ਮ. ਕੋ.
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੁਖਮਨੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੁਖਮਨੀ : ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਸ਼ਾਹਕਾਰ ਬਾਣੀ 'ਆਦਿ ਗ੍ਰੰਥ' ਵਿਚ ਪੰਨਾ 262 ਤੋਂ ਲੈ ਕੇ 296 ਤਕ ਦਰਜ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਗਉੜੀ ਰਾਗ ਵਿਚ ਉਚਾਰਣ ਕੀਤਾ ਹੈ। ਇਸ ਵਿਚ ਕੁੱਲ 24 ਅਸਟਪਦੀਆਂ ਹਨ। ਹਰ ਅਸਟਪਦੀ ਵਿਚ ਅੱਠ ਪਉੜੀਆਂ ਅਤੇ ਹਰ ਪਉੜੀ ਵਿਚ 10 ਪੰਕਤੀਆਂ ਹਨ। ਹਰੇਕ ਅਸਟਪਦੀ ਤੋਂ ਪਹਿਲਾਂ ਇਕ ਸਲੋਕ ਦਿੱਤਾ ਹੈ। ਇਸ ਨਿਸ਼ਚਿਤ ਨਿਯਮ ਦਾ ਵਿਰੋਧ ਕੇਵਲ ਪਹਿਲੀ ਅਸਟਪਦੀ ਦੀ ਦੂਜੀ ਪਉੜੀ ਵਿਚ 'ਰਹਾਉ' ਤੋਂ ਪਹਿਲਾਂ ਆਈਆਂ ਦੋ ਪੰਕਤੀਆਂ ਹਨ (ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ।। ਭਗਤ ਜਨਾ ਕੇ ਮਨਿ ਬਿਸ੍ਰਾਮ ।।) ਇਨ੍ਹਾਂ ਪੰਕਤੀਆਂ ਵਿਚ ਇਸ ਬਾਣੀ ਦਾ ਕੇਂਦਰੀ ਵਿਸ਼ਾ ਹੈ ਜਿਸ ਦੇ ਇਰਦ ਗਿਰਦ ਇਹ ਸਾਰੀ ਰਚਨਾ ਘੁੰਮਦੀ ਹੈ। ਇਹ ਰਚਨਾ ਵਿਚਾਰਾਂ ਦੀ ਇਕ ਨਿਸ਼ਚਿਤ ਲੜੀ ਹੈ। ਇਸ ਦਾ ਆਰੰਭ ਪਰਮਾਤਮਾ ਦੇ ਨਮਸਕਾਰਾਤਮਕ ਮੰਗਲ (ਆਦਿ ਗੁਰ ਏ ਨਮਹ ।। ਜੁਗਾਦਿ ਗੁਰ ਏ ਨਮਹ ।। ਸਤਿਗੁਰ ਏ ਨਮਹ ।। ਸ੍ਰੀ ਗੁਰਦੇਵ ਏ ਨਮਹ ।।) ਨਾਲ ਹੁੰਦਾ ਹੈ ਪਰ ਇਹ ਮੰਗਲ ਨਿਸ਼ਚਿਤ ਵਿਧਾਨ ਤੋਂ ਵੱਖ ਨਹੀਂ ਸਗੋਂ ਉਸੇ ਦਾ ਅੰਗ ਹੈ। ਇਸ ਦਾ ਵਿਸ਼ਾ ਵਰਣਨ ਮੁੱਖ ਰੂਪ ਵਿਚ ਦੋ ਪੱਖਾਂ ਵਿਚ ਵੰਡਿਆ ਹੋਇਆ ਹੈ। ਪਹਿਲਾ ਇਹ ਕਿ ਪਰਮਾਤਮਾ ਦਾ ਨਾਮ ਹੀ ਸੰਸਾਰਿਕ ਧੰਧਿਆਂ ਤੋਂ ਮੁਕਤੀ ਦਿਵਾਉਣ ਦਾ ਇਕ ਮਾਤ੍ਰ ਸਾਧਨ ਹੈ। ਇਸੇ ਪ੍ਰਾਕਰਣ ਵਿਚ ਵੱਖ ਵੱਖ ਢੰਗਾਂ ਨਾਲ ਨਾਮ ਦਾ ਮਹੱਤਵ ਪ੍ਰਗਟਾਇਆ ਗਿਆ ਹੈ। ਦੂਜਾ ਇਹ ਕਿ ਇਸ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ । ਇਹ ਦੋਵੇਂ ਪੱਖ ਭਿੰਨ ਭਿੰਨ ਰੂਪਾਂ ਵਿਚ ਵਰਣਿਤ ਨਹੀਂ ਸਗੋਂ ਪਰਸਪਰ ਤੌਰ ਤੇ ਹੀ ਸੰਮਿਲਿਤ ਹਨ। ਧਰਮ ਦਾ ਪ੍ਰਮੁੱਖ ਮੰਤਵ ਮਨੁੱਖ ਨੂੰ ਸੰਸਾਰ ਸਾਗਰ ਤੋਂ ਮੁਕਤ ਕਰਾਉਣਾ ਹੈ। ਮੁਕਤ ਅਵਸਥਾ ਹੀ ਸੁਖ ਜਾਂ ਆਨੰਦ ਦੀ ਅਵਸਥਾ ਹੈ। ਇਸੇ ਸੁਖ ਰੂਪੀ ਮਣੀ (ਅਮੁਲੀਕ ਲਾਲ ਏਹਿ ਰਤਨ) ਦਾ ਵਿਸਥਾਰ ਸਹਿਤ ਵਿਸ਼ਲੇਸ਼ਣ ਵਿਚਾਰਧੀਨ ਬਾਣੀ ਵਿਚ ਹੋਇਆ ਹੈ ਪਰ ਇਹ ਵਿਸ਼ਲੇਸ਼ਣ ਇਸ ਸਮੱਸਿਆ ਦੇ ਕੇਵਲ ਸਾਧਨਾ ਜਾ ਕਾਰਨ ਪੱਖ ਦਾ ਹੀ ਨਹੀਂ ਸਗੋਂ ਸਮਾਧਾਨ ਜਾਂ ਪ੍ਰਭਾਵ ਪੱਖ ਦਾ ਵੀ ਹੈ।
ਇਸ ਦੀ ਪਹਿਲੀ ਅਸਟਪਦੀ ਵਿਚ ਪ੍ਰਭੂ ਦੇ ਸਿਮਰਨ ਤੇ ਬਲ ਦਿੱਤਾ ਗਿਆ ਹੈ। ਦੂਜੀ ਵਿਚ ਨਾਮ ਦੀ ਸ਼ਕਤੀ ਅਤੇ ਸਮੱਰਥਾ ਅਤੇ ਉਸ ਦੇ ਪ੍ਰਭਾਵ ਦਾ ਵਰਣਨ ਹੈ। ਤੀਜੀ ਵਿਚ ਨਾਮ ਦੀ ਮਹਾਨਤਾ, ਅਮੁਲਤਾ ਅਤੇ ਅਤੁਲਤਾ ਦੱਸੀ ਗਈ ਹੈ। ਇਹ ਪਿਛੋਕੜ ਬੰਨ੍ਹ ਕੇ ਚੌਥੀ ਅਸਟਪਦੀ ਵਿਚ ਮਨੁੱਖ ਨੂੰ ਪ੍ਰਭੂ ਭਗਤੀ ਜਾਂ ਨਾਮ ਸਿਮਰਨ ਲਈ ਸੁਝਾਉ ਦਿੱਤਾ ਗਿਆ ਹੈ ਕਿਉਂਕਿ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਮਿਥਿਆ ਹਨ। ਇਨ੍ਹਾਂ ਸ਼ਕਤੀਆਂ ਤੋਂ ਬਚਣ ਲਈ ਪੰਜਵੀਂ ਅਸਟਪਦੀ ਵਿਚ ਚੇਤਾਵਨੀ ਕੀਤੀ ਗਈ ਹੈ। ਛੇਵੀਂ ਵਿਚ ਪਰਮਾਤਮਾ ਵਿਚ ਲੀਨ ਹੋਣ ਲਈ ਬਾਰ ਬਾਰ ਕਿਹਾ ਗਿਆ ਹੈ ਕਿਉਂਕਿ ਪਰਮਾਤਮਾ ਦੁਆਰਾ ਹੀ ਸੁਖ, ਸੰਪਤੀ ਅਤੇ ਸਸਾਰਿਕ ਸੁਖ ਚੈਨ ਪ੍ਰਾਪਤ ਹੁੰਦੇ ਹਨ। ਮਨੁੱਖ ਦੇ ਹੱਥ ਕੁਝ ਨਹੀਂ ਹੈ। ਸੱਤਵੀਂ, ਅੱਠਵੀਂ ਅਤੇ ਨੌਵੀਂ ਅਸਟਪਦੀਆਂ ਵਿਚ ਪ੍ਰਭੂ ਨੂੰ ਪ੍ਰਾਪਤ ਕਰਨ ਕਰਾਵਣ ਵਾਲਿਆਂ ਦਾ ਉਲੇਖ ਕਰਦਿਆਂ ਸਾਧ, ਬ੍ਰਹਮਗਿਆਨੀ, ਵੈਸ਼ਨਵ, ਪੰਡਤ, ਭਗਉਤੀ ਦੇ ਗੁਣ, ਕਰਮ ਅਤੇ ਸਮਰੱਥਾ ਦੱਸੀ ਗਈ ਹੈ। ਦਸਵੀਂ ਅਸਟਪਦੀ ਵਿਚ ਪ੍ਰਭੂ ਦੀ ਬੇਅੰਤਤਾ ਦੱਸ ਕੇ ਉਸ ਦੀ ਉਸਤਤ ਕਰਨ ਵਾਲੇ ਅਨੇਕਾਂ ਪ੍ਰਾਣੀਆਂ ਦਾ ਜ਼ਿਕਰ ਹੈ। ਗਿਆਰ੍ਹਵੀਂ ਵਿਚ ਪਰਮਾਤਮਾ ਦੀ ਕਰਨ ਕਰਨ ਸ਼ਕਤੀ ਵੱਲ ਧਿਆਨ ਦਿਵਾਇਆ ਗਿਆ ਹੈ। ਬਾਰ੍ਹਵੀਂ ਵਿਚ ਕਰਤਾਰ ਨੂੰ ਪ੍ਰਾਪਤ ਕਰਨ ਲਈ ਸਦਾਚਾਰਕ ਗੁਣਾਂ ਨੂੰ ਗ੍ਰਹਿਣ ਕਰਾਉਣ ਵੱਲ ਸਾਧਕ ਜਾਂ ਜਗਿਆਸੂ ਦਾ ਮਨ ਫੇਰਿਆ ਗਿਆ ਹੈ ਅਤੇ ਨਿੰਮ੍ਰਤਾ ਤੇ ਬਲ ਦਿੱਤਾ ਗਿਆ ਹੈ। ਤੇਰ੍ਹਵੀਂ ਵਿਚ ਨਿੰਦਿਆਂ ਤੋਂ ਬਚਣ ਲਈ ਚੇਤਾਵਨੀ ਕੀਤੀ ਗਈ ਹੈ। ਚੌਦ੍ਹਵੀਂ ਵਿਚ ਸਿਆਣਪਾਂ ਅਤੇ ਭਰਮਾਂ ਨੂੰ ਛੱਡਣ ਅਤੇ ਹਰਿ ਵਿਚ ਵਿਸ਼ਵਾਸ ਰੱਖਣ ਲਈ ਤਾਕੀਦ ਕੀਤੀ ਗਈ ਹੈ ਕਿਉਂਕਿ ਹੋਰ ਟੇਕ ਵਿਅਰਥ ਹੈ। ਪੰਦਰ੍ਹਵੀਂ ਵਿਚ ਉਕਤ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿਉਂਕਿ ਕਰਤਾਰ ਹੀ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਅਤੇ ਟੁੱਟੀ ਗੰਢਣਹਾਰਾ ਹੈ। ਸੋਲ੍ਹਵੀਂ ਵਿਚ ਪਰਮਾਤਮਾ ਨੂੰ ਰੂਪ, ਰੰਗ, ਰੇਖ ਆਦਿ ਤੋਂ ਭਿੰਨ ਮੰਨਿਆ ਗਿਆ ਹੈ। ਉਸ ਨੂੰ ਉਹੀ ਧਿਆ ਸਕਦੇ ਹਨ ਜਿਨ੍ਹਾਂ ਉਤੇ ਉਹ ਆਪ ਕਿਰਪਾ ਕਰੇ। ਸਤਾਰ੍ਹਵੀਂ ਅਸਟਪਦੀ ਵਿਚ ਪਰਮਾਤਮਾ ਦੇ ਅਨਾਦਿ ਗੁਣਾਂ ਅਤੇ ਸਤਿ ਸਰੂਪ ਤੇ ਪ੍ਰਕਾਸ਼ ਪਾਇਆ ਗਿਆ ਹੈ। ਅਠਾਰ੍ਹਵੀਂ ਅਸ਼ਟਪਦੀ ਵਿਚ ਪਰਮਾਤਮਾ ਨਾਲ ਮੇਲ ਕਰਾਉਣ ਵਾਲੇ ਵਿਚੋਲੇ (ਸਤਿਗੁਰੂ) ਦੇ ਗੁਣ ਅਤੇ ਕਰਮ ਦੱਸੇ ਗਏ ਹਨ। ਉਨ੍ਹੀਵੀਂ ਅਸਟਪਦੀ ਵਿਚ ਦੱਸਿਆ ਗਿਆ ਹੈ ਕਿ ਸਤਿਗੁਰੂ ਦੁਆਰਾ ਪਰਮਾਤਮਾ ਨਾਲ ਮੇਲ ਹੋਣ ਵੇਲੇ ਪ੍ਰਾਣੀ ਦੇ ਨਾਲ ਕੇਵਲ ਨਾਮ ਜਾਂ ਭਗਤੀ ਹੀ ਜਾਂਦੀ ਹੈ। ਵੀਹਵੀਂ ਵਿਚ ਗੁਰੂ ਦੁਆਰਾ ਪ੍ਰੇਰਿਤ ਮਨੁੱਖ ਦੀ ਪਰਮਾਤਮਾ ਪਾਸ ਮੁਕਤੀ ਲਈ ਅਰਜ਼ੋਈ ਕੀਤੀ ਗਈ ਹੈ। ਇਕੀਵੀਂ ਵਿਚ ਪਰਮਾਤਮਾ ਦੇ ਨਿਰਗੁਣ ਅਤੇ ਸਰਗੁਣ ਦੋਹਾਂ ਰੂਪਾਂ ਦੀ ਵਿਆਖਿਆ ਕੀਤੀ ਗਈ ਹੈ ਅਤੇ ਬਾਈਵੀਂ ਅਸਟਪਦੀ ਵਿਚ 'ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ' ਸਿਧਾਂਤ ਦੀ ਪ੍ਰੋੜ੍ਹਤਾ ਕੀਤੀ ਗਈ ਹੈ। ਤੇਈਵੀਂ ਵਿਚ ਸਾਧਕ ਦੀ ਘਾਲ ਗੁਰੂ ਦੀ ਕਿਰਪਾ ਦੁਆਰਾ ਪੂਰੀ ਹੁੰਦੀ ਦੱਸੀ ਗਈ ਹੈ ਕਿਉਂਕਿ ਗੁਰੂ ਦੁਆਰਾ ਦਿੱਤੇ ਗਿਆਨ ਦੇ ਅੰਜਨ (ਮਾਇਆ) ਨਾਲ ਜੀਵ-ਆਤਮਾ ਪਰਮਾਤਮਾ ਨੂੰ ਪਛਾਣ ਲੈਂਦੀ ਹੈ। ਅੰਤਿਮ ਅਸਟਪਦੀ ਵਿਚ ਪੂਰੇ ਪ੍ਰਭੂ ਨਾਲ ਮੇਲ ਕਰਾਉਣ ਵਾਲੀ ਇਸ ਬਾਣੀ ਦਾ ਮਹਾਤਮ ਵਰਣਿਤ ਹੈ।
ਇਸ ਤਰ੍ਹਾਂ ਇਸ ਰਚਨਾ ਵਿਚ ਜਗਿਆਸੂ ਨੂੰ ਭਿੰਨ ਭਿੰਨ ਅਵਸਥਾਵਾ ਵਿਚੋਂ ਗੁਜ਼ਰਦੇ ਹੋਇਆ ਅਤੇ ਸਤਿ ਕਰਮ ਕਰਨ ਲਈ ਪ੍ਰੇਰਨਾ ਦਿੰਦੇ ਹੋਇਆਂ ਸਤਿਗੁਰ ਦੇ ਸਹਿਯੋਗ ਨਾਲ ਪ੍ਰਭੂ ਦੇ ਮੇਲ ਦਾ ਸੁਖ ਦੱਸਿਆ ਗਿਆ ਹੈ। ਇਹੀ ਇਸ ਬਾਣੀ ਦੀ ਨਿਸ਼ਚਿਤ ਵਿਚਾਰ ਲੜੀ ਹੈ। ਹਰ ਪਉੜੀ, ਹਰ ਅਸਟਪਦੀ ਆਪਣੇ ਆਪ ਵਿਚ ਵੀ ਇਕ ਸੁਤੰਤਰ ਵਿਚਾਰ ਲੜੀ ਹੈ ਅਤੇ ਸਾਰੀਆਂ ਅਸਟਪਦੀਆਂ ਸਮੁੱਚੇ ਰੂਪ ਵਿਚ ਵੀ ਇਕ ਵਿਚਾਰ ਲੜੀ ਹੈ ਅਤੇ ਸਾਰੀਆਂ ਅਸਟਪਦੀਆਂ ਸਮੁੱਚੇ ਰੂਪ ਵਿਚ ਵੀ ਇਕ ਵਿਚਾਰ ਲੜੀ ਦਾ ਅੰਗ ਹਨ। ਹਰ ਇਕ ਦਾ ਸੁਤੰਤਰ ਅਰਥ ਵੀ ਹੈ ਅਤੇ ਪ੍ਰਾਕਰਣ ਵਿਚ ਉਨ੍ਹਾਂ ਦਾ ਅਰਥ ਹੈ। ਇਸ ਬਾਣੀ ਵਿਚ ਨਾਮ ਸਿਮਰਨ ਤੇ ਅਧਿਕ ਬਲ ਦਿੱਤਾ ਗਿਆ ਹੈ। ਨਾਮ ਬਿਨਾ ਜੀਵਨ ਵਿਅਰਥ ਹੈ, ਲੋਕ ਪਰਲੋਕ ਦੋਵੇਂ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਿਨਾ ਪ੍ਰਾਣੀ ਅਪਵਿੱਤਰ ਹੈ। ਨਾਮ ਸੁਖਾਂ ਦਾ ਸਾਰ ਹੈ, 'ਪਰਮ ਗਤਿ' ਪ੍ਰਾਪਤ ਕਰਾਉਣ ਵਾਲਾ ਅਤੇ ਪਾਪ-ਨਾਸ਼ਕ ਹੈ। ਇਸ ਦਾ ਸਿਮਰਨ ਪ੍ਰਾਣੀ ਲਈ ਅਤਿਅੰਤ ਜ਼ਰੂਰੀ ਹੈ। ਇਹ ਸਿਮਰਨ ਸੰਤ ਦੀ ਸੇਵਾ ਦੁਆਰਾ ਪ੍ਰਾਪਤ ਹੁੰਦਾ ਹੈ। ਨਾਮ ਦੇ ਸਿਮਰਨ ਦੁਆਰਾ ਵਿਅਕਤੀ ਬਹੁਤ ਉੱਚਾ ਉੱਠ ਜਾਂਦਾ ਹੈ। ਅਜਿਹੇ ਵਿਅਕਤੀ ਨੂੰ ਸੰਤ, ਸਾਧ, ਬ੍ਰਹਮ ਗਿਆਨੀ,ਜੀਵਨ-ਮੁਕਤ ਆਦਿ ਸ੍ਰੇਸ਼ਠ ਅਤੇ ਉੱਤਮ ਪਦਵੀਆਂ ਪ੍ਰਾਪਤ ਹੁੰਦੀਆਂ ਹਨ। ਅਜਿਹੀਆਂ ਪਦਵੀਆਂ ਨੂੰ ਪ੍ਰਾਪਤ ਵਿਅਕਤੀ ਅਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ (ਨਾਨਕ ਬ੍ਰਹਮਗਿਆਨੀ ਆਪਿ ਪਰਮੇਸੁਰ; ਨਾਨਕ ਸਾਧ ਪ੍ਰਭ ਭੇਦੁ ਨ ਭਾਈਂ) ਪਰਮਾਤਮਾ ਨਾਲ ਜਿਸ ਦਾ ਸਾਖਿਆਤਕਾਰ ਹੋਇਆ ਹੈ। ਉਹ ਗੁਰੂ ਜਾਂ ਸਤਿਗੁਰੂ ਹੈ। ('ਸਤਿਪੁਰਖੁ ਜਿਨਿ ਜਾਨਿਆ ਸਤਿਗੁਰੂ ਤਿਸ ਕਾ ਨਾਉ; ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ)' ਸਤਿਗੁਰੂ ਹੀ 'ਹਰਿ ਪਥ' ਦੀ ਪ੍ਰਾਪਤੀ ਦਾ ਸਾਧਨ ਹੈ।
ਇਹ ਰਚਨਾ ਵਿਆਖਿਆਤਮਕ ਸ਼ੈਲੀ ਵਿਚ ਲਿਖੀ ਹੋਈ ਹੈ। ਇਕ ਵਿਚਾਰ ਨੂੰ ਲੈ ਕੇ ਉਕਤੀਆਂ ਯੁਕਤੀਆਂ ਨਾਲ ਉਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਉਸ ਵਿਚਾਰ ਨੂੰ ਦ੍ਰਿੜ੍ਹ ਕਰਾਉਣ ਲਈ ਬਾਰ ਬਾਰ ਉਸ ਨੂੰ ਦੁਹਰਾਇਆ ਗਿਆ ਹੈ ਤਾਂ ਜੋ ਜਗਿਆਸੂ ਦੇ ਮਨ ਵਿਚ ਪੱਕੀ ਤਰ੍ਹਾਂ ਬੈਠ ਜਾਵੇ। ਸਾਧਨਾ, ਭਗਤੀ ਜਾਂ ਸਿਮਰਨ ਤੋਂ ਹੋਣ ਵਾਲੀਆਂ ਪ੍ਰਾਪਤੀਆਂ ਦੀਆਂ ਸੂਚੀਆਂ ਵੀ ਇਸ ਬਾਣੀ ਵਿਚ ਆਮ ਮਿਲਦੀਆਂ ਹਨ ਅਤੇ ਸੰਤ, ਸਾਧ ਆਦਿ ਅਧਿਆਤਮਕ ਵਿਅਕਤੀਆਂ ਦੇ ਵਿਰੋਧ ਦਾ ਜੋ ਕੁਫ਼ਲ ਜਾਂ ਹਾਨੀ ਹੁੰਦੀ ਹੈ, ਉਸ ਦਾ ਵੀ ਵਿਸਥਾਰ ਸਹਿਤ ਉਲੇਖ ਹੈ, ਖ਼ਾਸ ਕਰ ਬਾਰ੍ਹਵੀਂ ਅਸਟਪਦੀ ਵਿਚ ਹਰ ਪਉੜੀ ਦੇ ਅੰਤ ਵਿਚ ਉਸ ਦਾ ਸਾਰਾਂਸ਼ ਜਾਂ ਉਸ ਵਿਚ ਲਈ ਗਈ ਸਮੱਸਿਆ ਦੇ ਹੱਲ ਬਾਰੇ ਸੰਕੇਤ ਹੈ। ਭਾਵ ਦੀ ਪੁਸ਼ਟੀ ਲਈ ਕਈ ਸ਼ਬਦਾਂ ਨੂੰ ਬਾਰ ਬਾਰ ਲਿਆ ਕੇ ਧੁਨੀਆਤਮਕਤਾ ਵੀ ਪੈਦਾ ਕੀਤੀ ਗਈ ਹੈ। (ਸਤਿ ਸਤਿ ਸਤਿ ਪ੍ਰਭੁ ਸੁਆਮੀ, ਸਚੁ ਸਚੁ ਸਚੁ ਸਭੁ ਕੀਨਾ ) ਕਈ ਥਾਵਾਂ ਤੇ ਅਨੁਚਿਤ ਧਾਰਣਾਵਾਂ ਅਤੇ ਭਗਤੀ ਵਿਰੋਧੀ ਪਰੰਪਰਾਵਾਂ ਦਾ ਵੀ ਖੰਡਨ ਕੀਤਾ ਗਿਆ ਹੈ। ਇਸ ਵਿਚ ਪ੍ਰਧਾਨ ਤੌਰ ਤੇ ਦੋ ਛੰਦ ਵਰਤੇ ਗਏ ਹਨ-ਸਲੋਕ (ਅਨੁਸ਼ਟੁਪ ਛੰਦ) ਅਤੇ ਚੌਪਈ। ਸਲੋਕ ਕੁਝ ਦੋਹਰੇ ਦੇ ਤੋਲ ਦੇ ਹਨ, ਕੁਝ ਚੌਪਈ ਦੇ। ਪਹਿਲਾ ਸਲੋਕ ਕੁਝ ਵਿਲੱਖਣ ਜਿਹਾ ਹੈ। ਚੌਪਈ ਵਿਚ 8,7 ਜਾਂ 8,8 ਦਾ ਮਾਤ੍ਰਾ ਦਾ ਵਿਧਾਨ ਹੈ। ਇਸ ਰਚਨਾ ਦੀ ਸ਼ੈਲੀ ਸਬੰਧੀ ਸਭ ਤੋਂ ਵੱਡੀ ਖ਼ੂਬੀ ਇਸ ਦੀ ਪ੍ਰਵਾਹ-ਮਾਨਤਾ ਹੈ। ਕਿਤੇ ਵੀ ਸਿਥਲਤਾ ਜਾਂ ਗਤਿਰੋਧ ਨਹੀਂ। ਅਲੰਕਾਰਾਂ ਦਾ ਇਸ ਵਿਚ ਲਗਭਗ ਅਭਾਵ ਹੈ। ਇਸ ਦੀ ਭਾਸ਼ਾ ਸਰਲ ਅਤੇ ਜਨ-ਸਾਧਾਰਨ ਦੀ ਬ੍ਰਜ ਹੈ। ਕਿਤੇ ਕਿਤੇ ਪੰਜਾਬੀ ਦਾ ਪ੍ਰਭਾਵ ਵੀ ਹੈ। ਭਾਸ਼ਾ ਦਾ ਸਰੂਪ ਸਰਬਤ੍ਰ ਵਿਸ਼ੇ ਅਨੁਕੂਲ ਹੈ। ਇਸ ਕਰ ਕੇ ਇਹ ਰਚਨਾ ਅਤਿਅੰਤ ਹਰਮਨ ਪਿਆਰੀ ਬਣ ਗਈ ਹੈ। ਇਸ ਵਿਚ ਫ਼ਾਰਸੀ, ਅਰਬੀ ਦੀ ਸ਼ਬਦਾਵਲੀ ਬਹੁਤ ਘਟ ਹੈ, ਸਾਰੀ ਸ਼ਬਦਾਵਲੀ ਭਾਰਤੀ ਪਰੰਪਰਾ ਦੀ ਹੈ। ਇਹ ਬਾਣੀ ਗੁਰੂ ਅਰਜਨ ਦੇਵ ਜੀ ਦੀ ਸ਼੍ਰੋਮਣੀ ਰਚਨਾ ਹੈ। ਇਸ ਦੀ ਹਰਮਨ ਪ੍ਰਿਯਤਾ ਕਰ ਕੇ ਹੀ ਮੀਣੇ ਗੁਰੂ ਮਿਹਰਬਾਨ ਨੇ ਇਸ ਦੇ ਸਮਾਨਾਂਤਰ 'ਸੁਖਮਨੀ ਸਹੰਸਰਨਾਮਾ' ਦੀ ਰਚਨਾ ਕੀਤੀ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-12-44-34, ਹਵਾਲੇ/ਟਿੱਪਣੀਆਂ: ਹ. ਪੁ.–ਆਦਿ ਗ੍ਰੰਥ; ਮ. ਕੋ
ਸੁਖਮਨੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਖਮਨੀ, ਇਸਤਰੀ ਲਿੰਗ : ਗਉੜੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚੀ ਹੋਈ ਬਾਣੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-12-52-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Is gurbani nal aatmik shk5i vadhdi hai te roohaniat giyan vich vadha hunda hai
Sukhminder kaur,
( 2024/03/29 11:0948)
Sukhminder kaur,
( 2024/03/29 11:1026)
Please Login First