ਸੁਚਜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਚਜੀ. ਵਿ—ਸ਼ੁਭ ਆਚਾਰ ਵਾਲਾ (ਵਾਲੀ). ਨੇਕ ਚਲਨ। ੨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਨੇ “ਸੁਚਜੀ” ਸਿਰਲੇਖ ਹੇਠ ਉੱਤਮ ਇਸਤ੍ਰੀਸਿਖ੍ਯਾ ਦਿੱਤੀ ਹੈ. ਦੇਖੋ, ਸਬਦ “ਜਾ ਤੂ ਤਾ ਮੈ ਸਭੁਕੋ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਚਜੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਚਜੀ : ਦਾ ਸ਼ਾਬਦਿਕ ਅਰਥ ਸੁਹਜ ਭਰਪੂਰ ਅਤੇ ਚੰਗੇ ਗੁਣਾਂ ਵਾਲੀ ਇਸਤਰੀ ਹੈ। ਸੁਚਜੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ ਗਈਆਂ ਬਾਣੀਆਂ ਵਿਚੋਂ ਇਕ ਬਾਣੀ ਦਾ ਸਿਰਲੇਖ ਹੈ, ਜੋ ਰਾਗ ਸੂਹੀ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਬਾਣੀ ਤੋਂ ਅੱਗੇ ‘ਕੁਚਜੀ`(ਕੁਚੱਜੀ) ਗੁਰੂ ਜੀ ਦੀ ਇਕ ਹੋਰ ਬਾਣੀ ਦਰਜ ਹੈ ਜੋ ਇਸ ਬਾਣੀ ਦੇ ਬਿਲਕੁਲ ਵਿਪਰੀਤ ਹੈ ਅਤੇ ਜਿਸਦਾ ਸ਼ਾਬਦਿਕ ਅਰਥ ਸੁਹਜਹੀਨ ਇਸਤਰੀ ਹੈ। ਸੁਚਜੀ ‘ਸੁ` ਤੋਂ ਭਾਵ ਚੰਗਾ ਜਾਂ ਠੀਕ-ਠਾਕ: ‘ਚਜ` ਤੋਂ ਭਾਵ ਸਲੀਕਾ ਜਾਂ ਸਟਾਈਲ ਅਤੇ ਇਸਦੇ ਪਿੱਛੇ ਲੱਗੀ ‘ੀ ` ਇਸਤਰੀ ਲਿੰਗ ਦੇ ਇਕ ਵਚਨ ਨੂੰ ਦਰਸਾਉਂਦੀ ਹੈ) ਸ਼ਬਦ ਦਾ ਪ੍ਰਯੋਗ ਪ੍ਰਤੀਕਾਤਮਿਕ ਰੂਪ ਵਿਚ ਗੁਰਮੁਖ ਵਿਅਕਤੀ ਦੇ ਗੁਣਾਂ ਨੂੰ ਪ੍ਰਗਟ ਕਰਨ ਲਈ ਕੀਤਾ ਗਿਆ ਹੈ। ਜਨਮ ਸਾਖੀ ਪਰੰਪਰਾ ਅਨੁਸਾਰ, ਗੁਰੂ ਨਾਨਕ ਦੇਵ ਜੀ ਨੇ ਇਹਨਾਂ ਪਦਿਆਂ ਦਾ ਉਚਾਰਨ ਸ਼ੇਖ ਬ੍ਰਹਮ (ਇਬਰਾਹੀਮ) ਨਾਲ ਗੱਲਬਾਤ ਕਰਦਿਆਂ ਕੀਤਾ ਸੀ , ਜੋ ਪਾਕਪਟਨ ਦੇ ਸ਼ੇਖ ਫ਼ਰੀਦ ਜੀ ਦੇ ਦੂਰਲੇ ਸ਼ਾਗਿਰਦ ਅਤੇ ਉਹਨਾਂ ਦੇ ਅਧਿਆਤਮਿਕ ਉੱਤਰਾਧਿਕਾਰੀ ਸਨ , ਜਿਹਨਾਂ ਨੂੰ ਗੁਰੂ ਨਾਨਕ ਜੀ ਆਪਣੀਆਂ ਪੱਛਮੀ ਪੰਜਾਬ ਦੀਆਂ ਉਦਾਸੀਆਂ ਦੇ ਦੌਰਾਨ ਮਿਲੇ ਸਨ। ਸ਼ੇਖ ਬ੍ਰਹਮ ਨੇ ਉਚਾਰਿਆ ਸੀ ਕਿ ਜਿਹੜੇ ਮਨੁੱਖ ਅਕਾਲ ਪੁਰਖ ਨਾਲ ਸੱਚਾ ਪ੍ਰੇਮ ਕਰਦੇ ਹਨ ਉਹ ਹੀ ਸੱਚੇ ਸੇਵਕ ਜਾਂ ਗੁਰਮੁਖ ਹਨ। ਗੁਰੂ ਨਾਨਕ ਜੀ ਨੇ ਇਸਦਾ ਹੋਰ ਵਿਸਤਾਰ ਕੀਤਾ ਅਤੇ ਕਿਹਾ ਕਿ ਪਰਮਾਤਮਾ ਦਾ ਸੱਚਾ ਪ੍ਰੇਮ ਉਹਨਾਂ ਮਨੁੱਖਾਂ ਵਿਚ ਵੱਸਦਾ ਹੈ ਜੋ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਰਹਿੰਦੇ ਹਨ। ਸੱਚਾ ਸ਼ਰਧਾਲੂ ਭਾਵ ਸੁਚੱਜੀ ਹਮੇਸ਼ਾਂ ਪ੍ਰਭੂ ਭਗਤੀ ਵਿਚ ਲੀਨ ਰਹਿੰਦੀ ਹੈ। ਕਿਸੇ ਵੀ ਤਰ੍ਹਾਂ ਦੇ ਸੰਸਾਰਿਕ ਹਾਲਾਤ ਕਿਉਂ ਨਾ ਉਸਦੇ ਜੀਵਨ ਵਿਚ ਆਉਣ, ਉਹ ਉਹਨਾਂ ਹਾਲਾਤਾਂ ਨੂੰ ਪਰਮਾਤਮਾ ਦੀ ਇੱਛਾ ਸਮਝ ਕੇ ਸਵੀਕਾਰ ਕਰ ਲੈਂਦੀ ਹੈ। ਅਲੰਕਾਰਿਕ ਰੂਪ ਵਿਚ ਇਹ ਰਚਨਾ ਗੁਰੂ ਨਾਨਕ ਦੇਵ ਜੀ ਦੇ ਸੱਚੇ ਸ਼ਰਧਾਲੂ ਦੀ ਧਾਰਨਾ ਨੂੰ ਦਰਸਾਉਂਦੀ ਹੈ। ਅਜਿਹਾ ਸ਼ਰਧਾਲੂ ਆਪਣੇ ਆਪ ਨੂੰ ਪਰਮਾਤਮਾ ਦੀ ਇੱਛਾ ਅਨੁਸਾਰ ਪੂਰਨ ਤੌਰ ਤੇ ਸਮਰਪਿਤ ਕਰ ਦਿੰਦਾ ਹੈ। ਕਿਸੇ ਵੀ ਪ੍ਰਕਾਰ ਦੇ ਹਾਲਾਤਾਂ ਵਿਚ ਉਸਦਾ ਵਿਸ਼ਵਾਸ ਅਡੋਲ ਰਹਿੰਦਾ ਹੈ: ਪਰਮਾਤਮਾ ਜੋ ਵੀ ਉਸ ਲਈ ਨਿਸਚਿਤ ਕਰ ਦਿੰਦਾ ਹੈ ਉਹ ਉਸਨੂੰ ਰੱਬ ਦਾ ਮਿੱਠਾ ਭਾਣਾ ਸਮਝ ਕੇ ਸਵੀਕਾਰ ਕਰ ਲੈਂਦਾ ਹੈ। ਪਰਮਾਤਮਾ ਦਾ ਸੱਚਾ ਸੇਵਕ (ਇਸ ਸੰਦਰਭ ਵਿਚ ਸੁਚੱਜੀ) ਇਸ ਤੱਥ ਨੂੰ ਮੰਨਦਾ ਹੈ ਕਿ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਹੈ: ਅਤੇ ਇਹ ਉਸਦਾ ਫ਼ਰਜ਼ ਹੈ ਕਿ ਉਹ ਉਸ (ਪਰਮਾਤਮਾ) ਦੇ ਹੁਕਮ ਨੂੰ ਖੁਸ਼ੀ ਨਾਲ ਪਰਵਾਨ ਕਰੇ। ਉਹ ਨਿਮਾਣਾ ਅਤੇ ਆਗਿਆਕਾਰੀ ਹੈ ਅਤੇ ਉਸਦੀ ਕੇਵਲ ਇਹ ਹੀ ਇੱਛਾ ਹੈ ਕਿ ਉਹ ਪਰਮਾਤਮਾ ਦੀ ਨੇੜਤਾ ਨੂੰ ਹਾਸਲ ਕਰ ਸਕੇ। ਇਹ ਰਚਨਾ ਅਤਿਅੰਤ ਭਗਤੀ ਭਾਵ ਦੀ ਲੈਅ ਵਾਲੇ ਦ੍ਰਿਸ਼ਾਂ ਅਤੇ ਬਿੰਬਾਂ ਨੂੰ ਪੇਸ਼ ਕਰਦੀ ਹੈ ਅਤੇ ਇਸਦਾ ਸੰਗੀਤ ਵੀ ਅਤਿ ਭਾਵ ਪੂਰਤ ਹੈ।


ਲੇਖਕ : ਤ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First