ਸੁਰ-ਤੰਦਾਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸੁਰ-ਤੰਦਾਂ: (1) ਘੰਡੀ ਦੇ ਅੰਦਰਵਾਰ ਟਰੈਚੀਆ (ਸਾਹ ਨਾਲੀ) ਦੇ ਉਪਰ ਇਕ ਮਾਸ ਪੱਠਿਆਂ ਦਾ ਪੋਲ ਟਿਕਿਆ ਹੁੰਦਾ ਹੈ। ਇਸ ਪੋਲ ਵਿਚਲੀ ਵਿੱਥ ਤਿੰਨ ਪਰਕਾਰ ਦੀ ਹੋ ਸਕਦੀ ਹੈ। ਇਹ ਵਿੱਥ ਦੋ ਝਿਲੀਆਂ ਦੀ ਹਿਲਜੁਲ ਨਾਲ ਪੈਦਾ ਹੁੰਦੀ ਹੈ। ਇਨ੍ਹਾਂ ਦੋਹਾਂ ਝਿਲੀਆਂ ਨੂੰ ਸੁਰ-ਤੰਦਾਂ (Vocal cords) ਕਿਹਾ ਜਾਂਦਾ ਹੈ। ਸੁਰ-ਤੰਦਾਂ ਨੂੰ ਵਿੱਥ ਦੇ ਅਧਾਰ ’ਤੇ ਇਸ ਤਰ੍ਹਾਂ ਵੰਡਿਆ ਜਾਂਦਾ ਹੈ, ਜਿਵੇਂ : (i) ਸੁਰ-ਤੰਦਾਂ ਰਾਹੀਂ ਰਾਹ ਬੰਦ (ii) ਰਾਹ ਖੁੱਲ੍ਹਾ ਅਤੇ (iii) ਰਾਹ ਵਿਚਲੀ ਵਿੱਥ ਘੱਟ। ਸੁਰ-ਤੰਦਾਂ ਵਿਚਲੀ ਵਿੱਥ ਨੂੰ Glotis ਕਿਹਾ ਜਾਂਦਾ ਹੈ। ਇਹ ਉਚਾਰਨ ਸਥਾਨ ਵਜੋਂ ਕਾਰਜ ਕਰਦੀ ਹੈ। ਇਸ ਸਥਾਨ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਕੰਠੀ ਜਾਂ ਗਲੋਟਲ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਹ) ਧੁਨੀ ਇਸ ਸਥਾਨ ਤੋਂ ਪੈਦਾ ਹੁੰਦੀ ਹੈ। ਜਦੋਂ ਸੁਰ-ਤੰਦਾਂ ਦੇ ਰਾਹੀਂ ਸਾਹ ਨਲੀ ਦਾ ਰਾਹ ਬੰਦ ਹੁੰਦਾ ਹੈ ਤਾਂ ਫੇਫੜਿਆਂ ਦੇ ਅੰਦਰਵਾਰ ਅਤੇ ਬਾਹਰਵਾਰ ਸਾਹ ਦੀ ਪਰਕਿਰਿਆ ਬੰਦ ਹੁੰਦੀ ਹੈ। ਸੁਰ-ਤੰਦਾਂ ਨੂੰ ਉਸ ਵਕਤ ਬੰਦ ਕੀਤਾ ਜਾਂਦਾ ਹੈ ਜਦੋਂ ਭਾਰ ਚੁੱਕਣਾ, ਧੱਕਾ ਲਾਉਣਾ ਜਾਂ ਜਰਕ ਨਾਲ ਕੋਈ ਕੰਮ ਕਰਨਾ ਹੋਵੇ, ਨਹੀਂ ਤਾਂ ਸਧਾਰਨ ਹਾਲਤ ਵਿਚ ਸੁਰ-ਤੰਦਾਂ ਵਿਚਲਾ ਰਾਹ ਖੁੱਲ੍ਹਾ ਹੁੰਦਾ ਹੈ ਅਤੇ ਸਾਹ ਨਲੀ ਵਿਚ ਸਾਹ ਆਉਂਦਾ ਜਾਂਦਾ ਰਹਿੰਦਾ ਹੈ

        (2) ਸੁਰ ਤੰਦਾਂ ਦੀ ਖੁੱਲ੍ਹੀ ਅਤੇ ਬੰਦ ਅਵਸਥਾ ਦੇ ਅਧਾਰ ’ਤੇ ਧੁਨੀਆਂ ਦੇ ਉਚਾਰਨ ’ਤੇ ਪਰਭਾਵ ਪੈਂਦਾ ਹੈ। ਇਸ ਪਰਭਾਵ ਨੂੰ ਘੋਸ਼ਤਾ ਕਿਹਾ ਜਾਂਦਾ ਹੈ। ਸੁਰ-ਤੰਦਾਂ ਜਦੋਂ ਪੂਰੀਆਂ ਖੁੱਲ੍ਹੀਆਂ ਹੋਈਆਂ ਹੁੰਦੀਆਂ ਹਨ ਤਾਂ ਉਸ ਵਕਤ ਧੁਨੀਆਂ ਦੇ ਉਚਾਰਨ ਨਾਲ ਸੁਰ-ਤੰਦਾਂ ਦੇ ਧੁਨੀ ਲੱਛਣ ਸ਼ਾਮਲ ਨਹੀਂ ਹੁੰਦੇ ਇਸ ਅਵਸਥਾ ਤੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਸਘੋਸ਼ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਕ, ਖ, ਚ, ਛ, ਟ, ਠ, ਤ, ਥ, ਪ, ਫ) ਅਘੋਸ਼ ਧੁਨੀਆਂ ਹਨ। ਦੂਜੇ ਪਾਸੇ ਜਦੋਂ ਸੁਰ-ਤੰਦਾਂ ਅਰਧ ਖੁੱਲ੍ਹੀਆਂ ਹੁੰਦੀਆਂ ਹਨ ਤਾਂ ਉਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਦੇ ਨਾਲ ਸੁਰ-ਤੰਦਾਂ ਦੇ ਧੁਨੀ ਲੱਛਣ ਜੁੜ ਜਾਂਦੇ ਹਨ। ਇਸ ਅਵਸਥਾ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਅਘੋਸ਼ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਗ, ਜ, ਡ, ਦ, ਬ) ਸਘੋਸ਼ ਧੁਨੀਆਂ ਹਨ। ਪੰਜਾਬੀ ਵਿਚਲੀਆਂ ਸਘੋਸ਼ ਧੁਨੀਆਂ ਦੀ ਦੂਜੀ ਪਾਲ (ਘ, ਝ, ਢ, ਧ, ਭ) ਆਪਣੇ ਸਘੋਸ਼ਤਾ ਧੁਨਾਤਮਕ ਲੱਛਣ ਗੁਆ ਬੈਠੀ ਹੈ ਅਤੇ ਇਨ੍ਹਾਂ ਦੀ ਥਾਂ ਸੁਰ ਨੇ ਲੈ ਲਈ ਹੈ।

     (3) ਸੁਰ-ਤੰਦਾਂ ਦਾ ਧੁਨੀ-ਵਿਉਂਤ ਵਿਚ ਸੁਰ ਨਾਲ ਸਬੰਧ ਹੈ। ਸੁਰ-ਤੰਦਾਂ ਦਾ ਸਬੰਧ ਪਿੱਚ ਨਾਲ ਹੈ ਅਤੇ ਪਿੱਚ ਦੀ ਵਰਤੋਂ ਨੂੰ ਸੁਰ ਕਿਹਾ ਜਾਂਦਾ ਹੈ। ਸੁਰ-ਤੰਦਾਂ ਵਿਚੋਂ ਬਾਹਰ ਨਿਕਲਦੀ ਹਵਾ ਵੇਲੇ ਸੁਰ-ਤੰਦਾਂ ਵਿਚ ਕੰਪਣ ਪੈਦਾ ਹੁੰਦੀ ਹੈ ਜਿਸ ਦੀ ਗਤੀ ਇਕੋ ਜਿਹੀ ਨਹੀਂ ਰਹਿੰਦੀ ਸਗੋਂ ਘੱਟਦੀ ਵੱਧਦੀ ਰਹਿੰਦੀ ਹੈ। ਕੰਪਣ ਦੀ ਗਤੀ ਜਦੋਂ ਸ਼ਬਦ ਦੇ ਪੱਧਰ ’ਤੇ ਅਰਥ ਨਿਖੇੜੂ ਹੁੰਦੀ ਹੈ ਉਸ ਨੂੰ ਸੁਰ ਕਿਹਾ ਜਾਂਦਾ ਹੈ। ਪੰਜਾਬੀ ਵਿਚ ਤਿੰਨ ਸੁਰਾਂ ਹਨ, ਉੱਚੀ, ਨੀਵੀਂ ਅਤੇ ਵਿਚਕਾਰਲੀ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.