ਸੁਲਤਾਨਪੁਰ ਲੋਧੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਲਤਾਨਪੁਰ ਲੋਧੀ : ਪੰਜਾਬ ਦੇ ਕਪੂਰਥਲਾ ਜ਼ਿਲੇ ਵਿਚ ਇਕ ਪੁਰਾਣਾ ਸ਼ਹਿਰ ਹੈ ਜਿਥੇ ਗੁਰੂ ਨਾਨਕ ਆਪਣੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਆਪਣੀਆਂ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਕਈ ਸਾਲਾਂ ਤਕ ਰਹੇ ਸਨ। ਇਸ ਸ਼ਹਿਰ ਵਿਚ ਉਹਨਾਂ ਦੀ ਭੈਣ ਬੀਬੀ ਨਾਨਕੀ ਅਤੇ ਉਹਨਾਂ ਦੇ ਪਤੀ ਜੈ ਰਾਮ ਰਹਿੰਦੇ ਸਨ।ਉਹ ਸੋਲ੍ਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਲਾਹੌਰ ਰਾਜ ਦੇ ਗਵਰਨਰ ਬਣੇ ਜਗੀਰਦਾਰ ਨਵਾਬ ਦੌਲਤ ਖ਼ਾਨ ਲੋਧੀ ਦੇ ਮੁਲਾਜ਼ਮ ਸਨ। ਜੈ ਰਾਮ ਦੇ ਸੁਝਾਅ ਤੇ ਗੁਰੂ ਨਾਨਕ ਜੀ ਨੇ ਨਵਾਬ ਦੇ ਅੰਨ-ਭੰਡਾਰ/ਮੋਦੀਖਾਨੇ ਵਿਚ ਨੌਕਰੀ ਕਰ ਲਈ ਸੀ। ਉਸ ਸਮੇਂ ਦੌਰਾਨ ਉਥੇ ਇੰਨੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਕਿ ਭਾਈ ਗੁਰਦਾਸ ਆਪਣੀ ਵਾਰ (XI-21) ਵਿਚ ਸੁਲਾਤਾਨਪੁਰ ਲੋਧੀ ਬਾਰੇ ਲਿਖਦੇ ਹਨ ਕਿ - “ਸੁਲਤਾਨ ਪੁਰਿ ਭਗਤਿ ਭੰਡਾਰਾ`` ਅਰਥਾਤ ਸੁਲਤਾਨਪੁਰ ਭਗਤੀ ਦਾ ਭੰਡਾਰ ਬਣ ਗਿਆ। ਸੁਲਤਾਨਪੁਰ ਲੋਧੀ ਵਿਚ ਕਈ ਗੁਰਦੁਆਰੇ ਹਨ।
ਗੁਰਦੁਆਰਾ ਬੇਰ ਸਾਹਿਬ : ਸੁਲਤਾਨਪੁਰ ਦਾ ਮੁੱਖ ਗੁਰਦੁਆਰਾ ਪੁਰਾਣੇ ਸ਼ਹਿਰ ਤੋਂ ਅੱਧਾ ਕਿਲੋਮੀਟਰ ਪੱਛਮ ਵੱਲ ਕਾਲੀ ਬੇਈਂ ਨਦੀ ਦੇ ਕੰਢੇ ਤੇ ਸਥਿਤ ਹੈ। ਗੁਰੂ ਨਾਨਕ ਜੀ ਰੋਜ਼ ਸਵੇਰੇ ਇਸ ਨਦੀ ਵਿਚ ਇਸ਼ਨਾਨ ਕਰਦੇ ਸਨ ਅਤੇ ਫਿਰ ਬੇਰ ਦੇ ਦਰਖ਼ਤ ਹੇਠਾਂ ਬੈਠ ਕੇ ਆਪਣਾ ਸਿਮਰਨ ਕਰਨ ਲੱਗ ਜਾਂਦੇ ਸਨ। ਇਕ ਵਾਰ ਸਵੇਰ ਦੇ ਸਮੇਂ ਅਜਿਹੇ ਇਸ਼ਨਾਨ ਦੌਰਾਨ, ਜਿਵੇਂ ਕਿ ਜਨਮ ਸਾਖੀਆਂ ਵਿਚ ਬਿਆਨ ਕੀਤਾ ਗਿਆ ਹੈ -ਗੁਰੂ ਨਾਨਕ ਜੀ ਦਾ ਪਰਮਾਤਮਾ ਨਾਲ ਸਿੱਧਾ ਮਿਲਾਪ ਹੋ ਗਿਆ ਸੀ। ਜਿਵੇਂ ਕਿ ਜਨਮ ਸਾਖੀਆਂ ਵਿਚ ਵਿਸਤਾਰ ਨਾਲ ਬਿਆਨ ਕੀਤਾ ਗਿਆ ਹੈ ਕਿ ਇਕ ਸਵੇਰ ਨੂੰ ਗੁਰੂ ਨਾਨਕ ਜੀ ਨਦੀ ਵਿਚ ਅਲੋਪ ਹੋ ਗਏ ਅਤੇ ਦੋ ਦਿਨਾਂ ਤਕ ਦਿਖਾਈ ਨਹੀਂ ਦਿੱਤੇ। ਜਦੋਂ ਉਹ ਨਦੀ ਦੀ ਧਾਰਾ ਦੇ ਉਪਰ ਵਲ 2 ਕਿਲੋਮੀਟਰ ਦੀ ਦੂਰੀ ਤੇ ਜਿਸ ਅਸਥਾਨ ਤੇ ਮੁੜ ਪ੍ਰਗਟ ਹੋਏ ਉਸ ਅਸਥਾਨ ਨੂੰ ਅੱਜ-ਕੱਲ੍ਹ ਸੰਤ ਘਾਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਜੋ ਪਹਿਲੇ ਸ਼ਬਦ ਉਹਨਾਂ ਨੇ ਉਚਾਰੇ ਸਨ ਉਹ ਇਹ ਸਨ: “ਨਾ ਕੋ ਹਿੰਦੂ , ਨਾ ਕੋ ਮੁਸਲਮਾਨ``। ਗੁਰੂ ਨਾਨਕ ਜੀ ਹੁਣ ਆਪਣੀਆਂ ਲੰਮੀਆਂ ਉਦਾਸੀਆਂ ਤੇ ਜਾਣ ਲਈ ਤਿਆਰ ਸਨ। ਗੁਰਦੁਆਰਾ ਬੇਰ ਸਾਹਿਬ ਪੁਰਾਣੇ ਬੇਰ ਦੇ ਦਰਖ਼ਤ ਦੇ ਇਕ ਪਾਸੇ ਉਸਾਰਿਆ ਗਿਆ ਹੈ ਜਿਸ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਦਰਖ਼ਤ ਉਹਨਾਂ ਦਰਖ਼ਤਾਂ ਵਿਚੋਂ ਇਕ ਹੈ ਜਿਨ੍ਹਾਂ ਦੇ ਹੇਠਾਂ ਬੈਠ ਕੇ ਗੁਰੂ ਨਾਨਕ ਜੀ ਸਿਮਰਨ ਕਰਿਆ ਕਰਦੇ ਸਨ। ਗੁਰਦੁਆਰੇ ਦੀ ਵਰਤਮਾਨ ਇਮਾਰਤ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਬਣਵਾਈ ਸੀ। ਇਸਦਾ ਨੀਂਹ-ਪੱਥਰ 25 ਫ਼ਰਵਰੀ 1937 ਨੂੰ ਬਾਗੜੀਆਂ ਦੇ ਭਾਈ ਅਰਜਨ ਨੇ ਰੱਖੀ ਸੀ ਅਤੇ 26 ਜਨਵਰੀ 1941 ਨੂੰ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਸ ਦੇ ਮੁਕੰਮਲ ਹੋਣ ਤੇ ਇਸ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਭੇਟ ਕਰ ਦਿੱਤਾ ਸੀ। ਇਹ ਗੁਰਦੁਆਰਾ ਉੱਚੀ ਜਗ੍ਹਾ ਤੇ ਬਣਿਆ ਹੋਇਆ ਹੈ ਅਤੇ ਇਸ ਵਿਚ ਅੱਠਭੁਜੀ ਥੰਮਲਿਆਂ ਦੇ ਸਹਾਰੇ ਨਾਲ ਖੜੀ ਡਿਊੜੀ ਵਿਚੋਂ ਦੀ ਪ੍ਰਵੇਸ਼ ਕੀਤਾ ਜਾਂਦਾ ਹੈ। ਛੋਟੀ ਜਿਹੀ ਪ੍ਰਵੇਸ਼ ਗੈਲਰੀ ਦੀ ਛੱਤ ਬਹੁਤ ਉੱਚੀ ਹੈ ਅਤੇ ਚਿੱਟੇ ਸੰਗਮਰਮਰ ਦੇ ਫਰਸ਼ ਵਾਲਾ ਹਾਲ ਬਣਿਆ ਹੋਇਆ ਹੈ। ਅੱਗੇ ਜਾ ਕੇ ਅਖੀਰ ਵਿਚ ਉੱਚੀ ਡਾਟ ਬਣੀ ਹੋਈ ਹੈ ਜਿਸ ਉੱਤੇ ਵਿਸ਼ੇਸ਼ ਪ੍ਰਕਾਰ ਦੇ ਚੂਨੇ ਨਾਲ ਫੁੱਲਾਂ ਦਾ ਆਕਾਰ ਬਣਾ ਕੇ ਸਜਾਵਟ ਕੀਤੀ ਗਈ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਨੂੰ ਚਿੱਟੀ ਸੰਗਮਰਮਰ ਦੀ ਪਾਲਕੀ ਉੱਤੇ ਬਿਰਾਜਮਾਨ ਕੀਤਾ ਗਿਆ ਹੈ। ਰੋਜ਼ਾਨਾ ਦੀਆਂ ਸੇਵਾਵਾਂ ਅਤੇ ਸਿੱਖਾਂ ਦੇ ਮੁੱਖ ਗੁਰਪੁਰਬਾਂ ਨੂੰ ਮਨਾਉਣ ਤੋਂ ਇਲਾਵਾ ਨਵੰਬਰ ਵਿਚ ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ ਹਿਥੇ ਕਾਫ਼ੀ ਗਿਣਤੀ ਵਿਚ ਸੰਗਤ ਇਕੱਠੀ ਹੁੰਦੀ ਹੈ।
ਗੁਰਦੁਆਰਾ ਹੱਟ ਸਾਹਿਬ : ਪੁਰਾਣੀ ਗੜ੍ਹੀ ਦੇ ਦੱਖਣ ਵੱਲ ਸਰਾਂ ਵਰਗੀ ਲਗਦੀ ਜਗ੍ਹਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦੀ ਹੈ ਜਿਥੇ ਗੁਰੂ ਨਾਨਕ ਜੀ ਨੇ ਨਵਾਬ ਦੌਲਤ ਖ਼ਾਨ ਦੇ ਮੋਦੀਖਾਨੇ ਦੇ ਨਿਗਰਾਨ ਵਜੋਂ ਨੌਕਰੀ ਕੀਤੀ ਸੀ। ਇਸ ਇਮਾਰਤ ਵਿਚ ਇਕ ਹਾਲ ਹੈ ਅਤੇ ਵਿਚਾਲੇ ਚੌਰਸ ਪਵਿੱਤਰ ਪ੍ਰਕਾਸ਼ ਅਸਥਾਨ ਹੈ। ਪ੍ਰਕਾਸ਼ ਅਸਥਾਨ ਦੇ ਉਪਰ ਚੌਰਸ ਕਮਰਾ ਹੈ ਜਿਸ ਤੇ ਡਾਟਦਾਰ ਵਾਧਰਾ ਬਣਿਆ ਹੋਇਆ ਹੈ ਅਤੇ ਸਿਖਰ ਤੇ ਸੋਨੇ ਦੀ ਝਾਲ ਵਾਲਾ ਕਮਲ ਦੇ ਫੁੱਲ ਦੇ ਆਕਾਰ ਦਾ ਗੁੰਬਦ ਬਣਿਆ ਹੋਇਆ ਹੈ। ਵੱਖ-ਵੱਖ ਤੋਲ ਦੇ ਤੇਰ੍ਹਾਂ (13) ਚਮਕਦਾਰ ਪੱਥਰਾਂ ਨੂੰ ਜਿਨ੍ਹਾਂ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਜੀ ਦੁਆਰਾ ਤੋਲਣ ਵੇਲੇ ਇਸਤੇਮਾਲ ਕੀਤੇ ਜਾਂਦੇ ਸਨ, ਸ਼ੀਸ਼ੇ ਦੀ ਬਣੀ ਛੋਟੀ ਅਲਮਾਰੀ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ।
ਗੁਰਦੁਆਰਾ ਅੰਤਰਯਾਮਤਾ ਸਾਹਿਬ : ਇਕ ਪੱਧਰੀ ਛੱਤ ਵਾਲਾ ਆਇਤਾਕਾਰ ਕਮਰਾ ਉਸ ਮਸਜਿਦ ਵਾਲੇ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿਥੇ ਨਵਾਬ ਦੌਲਤ ਖ਼ਾਨ ਨੇ ਗੁਰੂ ਜੀ ਨੂੰ ਨਮਾਜ਼ ਪੜ੍ਹਨ ਲਈ ਸੱਦਿਆ ਸੀ। ਦਿੱਬ ਆਤਮਾ ਹੋਣ ਕਰਕੇ ਗੁਰੂ ਜੀ ਨੇ ਇਹ ਜਾਚ ਲਿਆ ਸੀ ਕਿ ਕਿਵੇਂ ਨਵਾਬ ਅਤੇ ਕਾਜ਼ੀ ਬਾਹਰੀ ਤੌਰ ਤੇ ਰਸਮਾ-ਰੀਤਾਂ ਨਿਭਾ ਰਹੇ ਸਨ ਜਦੋਂ ਕਿ ਉਹਨਾਂ ਦੇ ਵਿਚਾਰ ਸੰਸਾਰਿਕ ਗੱਲਾਂ ਵਿਚ ਗਲਤਾਨ ਸਨ; ਇਸ ਲਈ ਗੁਰੂ ਜੀ ਆਪ ਇਕ ਪਾਸੇ ਹੋ ਕੇ ਖੜ੍ਹੇ ਹੋ ਗਏ ਸਨ। ਜਦੋਂ ਨਵਾਬ ਨੇ ਗੁਰੂ ਜੀ ਨੂੰ ਪੁੱਛਿਆ ਕਿ ਉਹ ਨਮਾਜ਼ ਪੜ੍ਹਨ ਲਈ ਉਹਨਾਂ ਨਾਲ ਸ਼ਾਮਲ ਕਿਉਂ ਨਹੀਂ ਹੋਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਦਸਿਆ ਕਿ ਉਹ ਅਤੇ ਕਾਜ਼ੀ ਜਦੋਂ ਨਮਾਜ਼ ਪੜ੍ਹ ਰਹੇ ਸਨ ਤਾਂ ਉਹ ਦੋਵੇਂ ਅਸਲ ਵਿਚ ਕੀ ਸੋਚ ਰਹੇ ਸਨ। ਜਿਵੇਂ ਕਿ ਜਨਮ ਸਾਖੀਆਂ ਵਿਚ ਦਸਿਆ ਗਿਆ ਹੈ ਕਿ ਉਹ ਦੋਵੇਂ ਗੁਰੂ ਜੀ ਦੇ ਚਰਨਾਂ ਵਿਚ ਡਿਗ ਪਏ। ਹੁਣ ਉਸ ਅਸਥਾਨ ਉੱਤੇ ਮਸਜਿਦ ਦੇ ਪ੍ਰਵੇਸ਼ ਦੁਆਰ ਤੋਂ ਇਲਾਵਾ ਕੁਝ ਵੀ ਬਾਕੀ ਨਹੀਂ ਰਿਹਾ।
ਗੁਰਦੁਆਰਾ ਗੁਰੂ ਕਾ ਬਾਗ਼ : ਨਗਰ ਦੇ ਅੰਦਰ ਪਧਰੀ ਛੱਤ ਵਾਲਾ ਹਾਲ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿਥੇ ਗੁਰੂ ਨਾਨਕ ਜੀ ਸੁਲਤਾਨਪੁਰ ਵਿਖੇ ਆਪਣੇ ਠਹਿਰਾਉ ਸਮੇਂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਰਹੇ ਸਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਾਲ ਵਿਚ ਆਇਤਾਕਾਰ ਚੌਤਰੇ ਉੱਤੇ ਕੀਤਾ ਗਿਆ ਹੈ। ਪੁਰਾਣੇ ਸਮੇਂ ਦੇ ਦਿਨਾਂ ਦੀ ਪਵਿੱਤਰ ਨਿਸ਼ਾਨੀ ਇਥੇ ਇਕ ਤੰਗ ਖੂਹ ਹੈ ਜਿਸ ਨੂੰ ਹੁਣ ਢੱਕ ਦਿੱਤਾ ਗਿਆ ਹੈ।
ਕੋਠੜੀ ਸਾਹਿਬ : ਮੋਹੱਲਾ ਵੱਡਿਆਂ ਦੇ ਇਕ ਛੋਟੇ ਜਿਹੇ ਘਰ ਵਿਚ ਇਕ ਕੋਠੜੀ ਹੈ ਜਿਥੇ ਗੁਰੂ ਨਾਨਕ ਜੀ ਨੂੰ ਉਦੋਂ ਨਜ਼ਰਬੰਦ ਕੀਤਾ ਗਿਆ ਸੀ ਜਦੋਂ ਉਹਨਾਂ ਦੇ ਦੋਖੀਆਂ ਵੱਲੋਂ ਉਹਨਾਂ ਦੇ ਖਿਲਾਫ਼ ਝੂਠੀ ਸ਼ਿਕਾਇਤ ਕਾਰਨ ਉਹਨਾਂ ਦੇ ਵਹੀਖਾਤੇ ਦੀ ਜਾਂਚ ਕੀਤੀ ਜਾ ਰਹੀ ਸੀ। ਉਸ ਨਾਲ ਲਗਦੇ ਦੋ ਛੋਟੇ ਕਮਰਿਆਂ ਵਿਚੋਂ ਇਕ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ।
ਗੁਰਦੁਆਰਾ ਸੰਤ ਘਾਟ : ਬੇਈਂ ਨਦੀ ਦੇ ਕੰਢੇ ਤੇ ਹੈ ਜਿਥੇ ਗੁਰੂ ਨਾਨਕ ਜੀ ਗੁਰਦੁਆਰਾ ਬੇਰ ਸਾਹਿਬ ਦੇ ਅਸਥਾਨ ਦੇ ਨੇੜੇ ਨਦੀ ਵਿਚ ਅਲੋਪ ਹੋਣ ਤੋਂ ਤਿੰਨ ਦਿਨਾਂ ਬਾਅਦ ਮੁੜ ਪ੍ਰਗਟ ਹੋਏ ਸਨ।
ਗੁਰਦੁਆਰਾ ਬੇਬੇ ਨਾਨਕੀ ਜੀ : ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੀ ਯਾਦ ਦੇ ਸਤਿਕਾਰ ਵਿਚ 1970 ਵਿਚ ਉਸਾਰਿਆ ਗਿਆ ਸੀ। ਤਿੰਨ ਮੰਜ਼ਲੀ ਇਮਾਰਤ ਵਾਲੇ ਪੁਰਾਣੇ ਸ਼ਹਿਰ ਦੇ ਅੰਦਰ ਮਹੱਲਾ ਛੀਂਬਿਆਂ ਵਿਚ ਸਥਿਤ ਅਸਲ ਘਰ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਥੇ ਬੇਬੇ ਨਾਨਕੀ ਜੀ ਆਪਣੇ ਪਤੀ ਜੈ ਰਾਮ ਨਾਲ ਰਹਿੰਦੇ ਸਨ। ਪਰੰਤੂ ਇਹ ਅਹਾਤਾ ਨਿੱਜੀ ਕਬਜ਼ੇ ਵਿਚ ਹੋਣ ਕਰਕੇ ਇਥੇ ਜਨਤਿਕ ਯਾਦਗਾਰ (ਆਧਾਰਸ਼ਿਲਾ 13 ਨਵੰਬਰ 1970 ਨੂੰ ਰੱਖੀ ਗਈ ਸੀ) ਨੂੰ ਇਕ ਗੁਰਦੁਆਰੇ ਦੇ ਰੂਪ ਵਿਚ ਬੇਬੇ ਨਾਨਕੀ ਇਸਤਰੀ ਸਤਸੰਗ ਚੈਰੀਟੇਬਲ ਟਰਸਟ ਦੁਆਰਾ ਬਰਮਿੰਘਮ (ਇੰਗਲੈਂਡ) ਦੀ ਬੀਬੀ ਬਲਵੰਤ ਕੌਰ ਦੀ ਪ੍ਰਧਾਨਗੀ ਅਧੀਨ ਉਸਾਰਿਆ ਗਿਆ ਸੀ। ਗੁਰੁਦੁਆਰਾ ਬੇਬੇ ਨਾਨਕੀ ਜੀ ਵਿਚ ਪ੍ਰਮੁਖ ਹਾਲ ਹੈ ਜਿਸ ਵਿਚ ਅਖੀਰ ਤੇ ਚਿੱਟੀ ਸੰਗਮਰਮਰ ਦੀ ਬਣੀ ਪਾਲਕੀ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਨਾਲ ਲਗਦੇ ਇਕ ਛੋਟੇ ਕਮਰੇ ਵਿਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ ਜੋ ਬੇਬੇ ਨਾਨਕੀ ਜੀ ਦੇ ਆਪਣੇ ਨਿਵਾਸ ਅਸਥਾਨ ਦਾ ਪ੍ਰਤੀਕ ਹੈ। ਪ੍ਰਕਾਸ਼ ਅਸਥਾਨ ਦੇ ਉਪਰੋਕਤ ਹਾਲ ਦੀ ਛੱਤ ਦੇ ਉਪਰ ਛੱਜੇਦਾਰ ਡਾਟਾਂ ਵਾਲਾ ਚੌਰਸ ਗੁੰਬਦਾਕਾਰ ਕਮਰਾ ਹੈ। ਗੰਢਦਾਰ ਗੁੰਬਦ, ਹਾਲ ਦੀ ਛੱਤ ਦੇ ਖੂੰਜਿਆਂ ਨੂੰ ਸਜਾਵਟੀ ਬਣਾਉਂਦੇ ਹਨ।
ਗੁਰਦੁਆਰਾ ਸੇਹਰਾ ਸਾਹਿਬ : ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਹੈ ਜੋ 1604 ਵਿਚ ਆਪਣੇ ਸੁਪੁੱਤਰ (ਗੁਰੂ) ਹਰਗੋਬਿੰਦ ਦੇ ਵਿਆਹ ਲਈ ਪਿੰਡ ਡੱਲਾ ਦੇ ਰਾਹ ਨੂੰ ਜਾਂਦੇ ਹੋਏ ਸੁਲਤਾਨਪੁਰ ਵਿਚੋਂ ਦੀ ਲੰਘੇ ਸਨ। ਪਰੰਪਰਾ ਅਨੁਸਾਰ, ਇਸ ਅਸਥਾਨ ਤੇ ਇਕ ਰਾਤ ਲਈ ਜੰਞ ਠਹਿਰੀ ਸੀ ਅਤੇ ਇਥੇ ਹੀ ਲਾੜੇ ਦੇ ਸਿਰ ਤੇ ਸਿਹਰਾ ਸਜਾਇਆ ਗਿਆ ਸੀ। ਇੱਟਾਂ ਦੀ ਚਾਰਦੀਵਾਰੀ ਦੇ ਅਹਾਤੇ ਵਿਚ ਬਣੇ ਗੁਰਦੁਆਰੇ ਦੇ ਅੰਦਰ ਅੱਠਭੁਜੀ ਗੁੰਬਦ ਵਾਲਾ ਕਮਰਾ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਿਆਂ ਵਿਚੋਂ ਗੁਰਦੁਆਰਾ ਬੇਬੇ ਨਾਨਕੀ ਜੀ ਨੂੰ ਛੱਡ ਕੇ ਜੋ ਕਿ ਟ੍ਰਸਟ ਦੇ ਪ੍ਰਬੰਧ ਅਧੀਨ ਹੈ, ਬਾਕੀ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸਥਾਨਿਕ ਕਮੇਟੀ ਰਾਹੀਂ ਚਲਾਉਂਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੁਲਤਾਨਪੁਰ ਲੋਧੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੁਲਤਾਨਪੁਰ ਲੋਧੀ : ਇਹ ਪੰਜਾਬ ਰਾਜ ਭਾਰਤ ਦੇ ਕਪੂਰਥਲਾ ਜ਼ਿਲ੍ਹੇ ਵਿਚ ਇਕ ਇਤਿਹਾਸਕ ਕਸਬਾ ਹੈ ਅਤੇ ਸਿੱਖਾਂ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਤ ਬਹੁਤ ਹੀ ਪ੍ਰਸਿੱਧ ਧਾਰਮਕ ਅਸਥਾਨ ਹੈ। ਇਹ ਜਲੰਧਰ ਤੋਂ 45 ਕਿ. ਮੀ. ਦੱਖਣ-ਪੱਛਮ ਨੂੰ, ਕਪੂਰਥਲੇ ਤੋਂ 25 ਕਿ. ਮੀ. ਅਤੇ ਫ਼ੀਰੋਜ਼ਪੁਰ ਤੋਂ 72 ਕਿ. ਮੀ. ਉੱਤਰ-ਪੂਰਬ ਨੂੰ, ਬਿਆਸ ਅਤੇ ਸਤਲੁਜ ਦੇ ਦੁਆਬ ਵਿਚ, ਕਾਲੀ ਵੇਈਂ ਨਦੀ ਦੇ ਖੱਬੇ ਕੰਢੇ ਵਸਿਆ ਹੋਇਆ ਹੈ। ਸਰਬਮਾਨਪੁਰ, ਛੀਟਾਂ ਵਾਲੀ, ਪੀਰਾਂ ਪੁਰੀ, ਅਤੇ ਛੀਟਾਂ ਵਾਲਾ ਸ਼ਹਿਰ ਵੀ ਇਸੇ ਕਸਬੇ ਦੇ ਹੋਰ ਨਾਂ ਹਨ।
ਇਸ ਕਸਬੇ ਦੀ ਸਥਾਪਨਾ ਬਾਰੇ ਕਈ ਰਵਾਇਤਾਂ ਪ੍ਰਚਲਤ ਹਨ। ਪਰੰਪਰਾ ਅਨੁਸਾਰ ਮੁਸਲਮਾਨਾਂ ਤੋਂ ਪਹਿਲਾਂ ਇਥੇ ਸਰਬਮਾਨ ਨਾਂ ਦਾ ਇਕ ਸ਼ਹਿਰ ਆਬਾਦ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਗਜ਼ਨੀ ਦੇ ਸੁਲਤਾਨ ਮਹਿਮੂਦ ਦੇ ਇਕ ਜਰਨੈਲ, ਸੁਲਤਾਨ ਖ਼ਾਨ ਲੋਧੀ ਨੇ ਵਸਾਇਆ ਸੀ। ਇਕ ਹੋਰ ਰਵਾਇਤ ਅਨੁਸਾਰ ਇਸ ਕਸਬੇ ਦੀ ਨੀਂਹ ਸੰਨ 1332 ਵਿਚ ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖ਼ਾਨ ਦੇ ਪੁੱਤਰ ਸੁਲਤਾਨ ਖ਼ਾਂਨ ਨੇ ਰੱਖੀ ਦੱਸੀ ਜਾਂਦੀ ਹੈ। ਤੀਜੀ ਰਵਾਇਤ ਅਨੁਸਾਰ, ਇਬਰਾਹੀਮ ਲੋਧੀ (1517-1526) ਦੇ ਰਾਜ ਸਮੇਂ ਲਾਹੌਰ ਦੇ ਗਵਰਨਰ ਦੌਲਤ ਖ਼ਾਂ ਲੋਧੀ ਨੇ ਇਸ ਕਸਬੇ ਨੂੰ ਉਚੇਚੇ ਤੌਰ ਤੇ ਵਸਾਇਆ ਦੱਸਿਆ ਜਾਂਦਾ ਹੈ।
ਪੁਰਾਤਨ ਕਾਲ ਤੋਂ ਹੀ ਇਹ ਕਸਬਾ ਧਾਰਮਕ, ਰਾਜਨੀਤਕ, ਸਾਹਿਤਕ ਅਤੇ ਵਪਾਰਕ ਪੱਖੋਂ ਮਸ਼ਹੂਰ ਰਿਹਾ ਹੈ। ਬੋਧੀ ਸਾਹਿਤ ਤੋਂ ਅਜਿਹਾ ਜਾਪਦਾ ਹੈ ਕਿ ਪੰਜਵੀਂ-ਛੇਵੀਂ ਸਦੀ ਈਸਾ ਪੂਰਬ ਵਿਚ ਇਥੇ ਤਮਸਾਵਨ ਨਾਂ ਦਾ ਸ਼ਾਇਦ ਇਕ ਗ਼ੈਰ ਆਬਾਦ ਭਾਰੀ ਜੰਗਲ ਸੀ ਜਿਹੜਾ ਕਿ ਚੌਥੀ ਸਦੀ ਈਸਾ ਪੂਰਬ ਵਿਚ ਬੋਧੀ ਧਰਮ ਦਾ ਕੇਂਦਰ ਬਣ ਗਿਆ। ਪਾਣਿਨੀ ਅਨੁਸਾਰ (500 ਈ. ਪੂ.) ਇਹ ਇਲਾਕਾ ਤਰੀਗਰਤਾ ਦੇ ਛੇ ਗਣਰਾਜਾਂ ਵਿਚੋਂ ਇਕ ਸੀ। ਇਸ ਗੱਲ ਦੀ ਪੁਸ਼ਟੀ ਪੁਰਾਣਾਂ ਤੋਂ ਵੀ ਹੁੰਦੀ ਹੈ।
326 ਈ. ਪੂਰਬ ਵਿਚ ਸਿਕੰਦਰ ਮਹਾਨ ਦੀਆਂ ਫ਼ੌਜਾਂ ਬਿਆਸ ਦੇ ਕੰਢੇ ਤੋਂ ਵਾਪਸ ਮੁੜੀਆਂ। ਉਸ ਵੇਲੇ ਦਰਿਆ ਦੇ ਇਕ ਪਾਸੇ ਕੋਈ ਫੈਗੇਲਸ ਜਾਂ ਫੈਗੀਅਸ (ਭਗਲ) ਰਾਜ ਕਰਦਾ ਸੀ। ਸੰਭਵ ਹੈ ਕਿ ਇਹ ਸਥਾਨ ਉਸ ਦੇ ਰਾਜ ਵਿਚ ਹੋਵੇ। ਚੀਨੀ ਯਾਤਰੀ, ਯੁਆਂਗ-ਚੁਆਂਗ ਅਨੁਸਾਰ ਅਸ਼ੋਕ (269-232 ਈ. ਪੂ.) ਨੇ ਇਥੇ ਇਕ ਬੋਧੀ ਸਤੂਪ ਉਸਾਰਿਆ ਸੀ ਪਰ ਹਾਲਾਂ ਤੀਕ ਪ੍ਰਾਪਤ ਹੋਈਆਂ ਚੀਜ਼ਾਂ ਵਿਚੋਂ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਿਆ।
ਸਿੱਕਿਆਂ ਦੇ ਆਧਾਰ ਤੇ ਇਤਿਹਾਸਕਾਰ ਕਨਿੰਘਮ ਇਸ ਦੀ ਪ੍ਰਾਚੀਨਤਾ ਪਹਿਲੀ ਸਦੀ ਦੱਸਦਾ ਹੈ। ਟਾਲਕੀ ਦੇ ਕੁਲ੍ਹਿਡਰਾਈਨ (ਕੁਨਿੰਦੇ) ਰਾਜ ਵਿਚ ਸ਼ਾਇਦ ਇਹ ਇਲਾਕਾ ਆਉਂਦਾ ਸੀ। ਕੁਸ਼ਾਣ ਬਾਦਸ਼ਾਹਾਂ ਦੇ ਕਾਲ ਵਿਚ ਇਹ ਉਨ੍ਹਾਂ ਦੇ ਹੱਥ ਆ ਗਿਆ ਪਰ ਚੌਥੀ ਸਦੀ ਵਿਚ ਇਹ ਮਦਰ ਦੇਸ਼ ਵਿਚ ਹੋਵੇਗਾ ਜਿਸ ਨੇ ਸਮੁਦਰ-ਗੁਪਤ (325-375 ਈ.) ਦੀ ਅਧੀਨਤਾ ਸਵੀਕਾਰ ਕਰ ਲਈ ਸੀ।
ਪੰਜਵੀਂ ਤੇ ਸੱਤਵੀਂ ਸਦੀ ਈਸਵੀ ਵਿਚ ਇਹ ਬੁੱਧ ਧਰਮ ਦਾ ਇਕ ਮਹਾਂਗਿਆਨ ਅਤੇ ਸਾਧਨਾ ਕੇਂਦਰ ਰਿਹਾ ਜਿਥੇ ਕਿ ਕਾੱਤਿਆਯਨ ਨੇ ‘ਅਭਿਧਰਮ-ਪ੍ਰਸਥਾਵ’ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ।
ਸੱਤਵਂ ਸਦੀ ਵਿਚ ਚੀਨੀ ਯਾਤਰੀ, ਯੁਆਂਗ-ਚੁਆਂਗ ਦੀ ਇਧਰੋਂ ਹੋ ਕੇ ਹੀ ਜਲੰਧਰ ਗਿਆ। ਯੁਆਂਗ-ਚੁਆਂਗ ਦੁਆਰਾ ਦੇਖੇ ਗਏ ਤਮਸਾਵਨ ਬੋਧੀ ਸਥਾਨ ਨੂੰ ਕਨਿੰਘਮ ਠੀਕ ਤੌਰ ਤੇ ਹੀ ਸੁਲਤਾਨਪੁਰ ਨਾਲ ਜੋੜਦਾ ਹੈ। ਤਮਸਾਵਨ ਦਾ ਜ਼ਿਕਰ ਬੋਧੀ ਪੁਸਤਕ ‘ਦਿਵਿਅਵਦਾਨ’ ਵਿਚ ਵੀ ਆਉਂਦਾ ਹੈ। ਉਸ ਅਨੁਸਾਰ ਇਹ ਸਥਾਨ ਲਗਭਗ 3.5 ਮੀਲ ਦੇ ਦਾਇਰੇ ਵਿਚ ਫੈਲਿਆ ਹੋਇਆ ਸੀ। ਇਥੇ ਇਕ ਵਿਸ਼ਾਲ ਵਿਹਾਰ ਸੀ ਅਤੇ ਉਸ ਦੇ ਅੰਦਰ ਇਕ 200 ਫੁੱਟ ਉੱਚਾ ਬੋਧੀ ਸਤੂਪ ਸੀ। ਇਸ ਤੋਂ ਛੁਟ ਹੋਰ ਵੀ ਅਣਗਿਣਤ ਛੋਟੀਆਂ-ਵੱਡੀਆਂ ਸਤੂਪਾਂ ਸਨ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਉਸ ਸਮੇਂ ਇਹ ਇਲਾਕਾ ਜਲੰਧਰ ਦੇ ਰਾਜਾ ਉ-ਤਿ-ਤੋ (ਉਦਿਤ) ਦੇ ਹੇਠ ਸੀ।
804 ਈ. ਵਿਚ ਇਥੇ ਇਕ ਸ਼ਕਤੀਸ਼ਾਲੀ ਤਰੀਗਰਤ ਰਾਜ ਸਥਾਪਤ ਹੋ ਗਿਆ ਸੀ। ਗਿਆਰ੍ਹਵੀਂ ਸਦੀ ਵਿਚ, ਅਲਬੈਰੂਨੀ ਇਕ ਸੁਤੰਤਰ ਕਾਲੇਯਤ ਰਾਜ ਦਾ ਵਰਣਨ ਕਰਦਾ ਹੈ।
ਇਥੋਂ ਕਾਬਲ ਦੇ ਹਿੰਦੂ ਬਾਦਸ਼ਾਹਾਂ (9ਵੀਂ-11ਵੀਂ ਸਦੀ) ਦੇ ਅਨੇਕ ਸਿੱਕੇ (ਪੁਰਾਤਤਵ ਵਿਭਾਗ, ਪੰਜਾਬ) ਅਤੇ ਦਿੱਲੀ ਦੇ ਮਦਨਪਾਲ ਦੇ ਸਿੱਕੇ ਲੱਭ ਚੁੱਕੇ ਹਨ।
ਇਸ ਤਰ੍ਹਾਂ ਜਾਪਦਾ ਹੈ ਕਿ ਹਿੰਦੂ, ਬੋਧੀ ਮਤ ਦਾ ਕੇਂਦਰ ਹੋਣ ਵਜੋਂ, ਮਹਿਮੂਦ ਗਜ਼ਨਵੀ ਨੇ ਇਸ ਕਸਬੇ ਨੂੰ ਅੱਗ ਲਗਾ ਦਿੱਤੀ ਸੀ। ਇਸ ਦਾ ਸਬੂਤ ਸੁਆਹ ਅਤੇ ਫੂਕੀ ਹੋਈ ਮਿੱਟੀ ਦੀ ਕਾਲੀ ਤਹਿ ਤੋਂ ਮਿਲਦਾ ਹੈ ਜੋ ਕਿ ਥੇਹ ਦੀ ਚੋਟੀ ਤੋਂ ਪੰਜ-ਛੇ ਮੀਟਰ ਹੇਠਾਂ ਤੀਕ ਹੈ। ਇਸ ਅਨੁਮਾਨ ਨੂੰ ਵਿਸ਼ੇਸ਼ ਬਲ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਇਸ ਥਾਂ ਦਾ ਨਾਂ ਕਿਸੇ ਢੰਗ ਨਾਲ ਮਹਿਮੂਦ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਪਿੱਛੋਂ ਇਸਲਾਮਿਕ ਪ੍ਰਭਾਵ ਅਧੀਨ ਇਸ ਕਸਬੇ ਦਾ ਜਨਮ ਹੋਇਆ ਜਿਸਦੇ ਸਬੰਧ ਵਿਚ ਲਗਭਗ 26 ਸਿੱਕੇ ਇਸ ਥਾਂ ਤੋਂ ਲੱਭ ਚੁੱਕੇ ਹਨ। ਨਾਸਿਰ-ਉ-ਦੀਨ ਮੁਹੰਮਦ ਸ਼ਾਹ (1246-1266 ਈ.) ਦੇ ਸਮੇਂ ਇਹ ਕਸਬਾ ਨਵੇਂ ਸਿਰਿਉਂ ਵਸਾਇਆ ਗਿਆ। ਉਸ ਦੇ ਉਤਰਾਧਿਕਾਰੀ ਅਤੇ ਸਹੁਰੇ ਗਿਆਸ-ਉ-ਦੀਨ ਬਲਬਨ ਦੇ ਸਮੇਂ (1266-1286 ਈ.), ਇਸ ਦੀ ਮਹੱਤਤਾ ਮੁਗ਼ਲਾਂ ਦੇ ਹੱਲੇ ਕਾਰਨ ਵੱਧ ਗਈ ਕਿਉਂਕਿ ਰਾਈਟ ਦੇ ਅਨੁਸਾਰ ਉਸ ਦੀ ‘ਸੁਲਤਾਨਪੁਰ ਟਕਸਾਲ’ ਸੰਭਵ ਹੈ ਕਿ ਇਥੇ ਹੀ ਸੀ।
ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ (1517-26 ਈ.) ਦੇ ਸਮੇਂ ਇਹ ਲਾਹੌਰ ਤੋਂ ਦਿੱਲੀ ਨੂੰ ਜਾਂਦੀ ਵੱਡੀ ਸੜਕ ਤੇ ਸੀ ਅਤੇ ਉਸ ਸਮੇਂ ਇਹ ਲਾਹੌਰ ਦੇ ਗਵਰਨਰ, ਦੌਲਤ ਖ਼ਾਂ ਲੌਧੀ ਅਧੀਨ ਸਿਆਸੀ, ਵਪਾਰਕ ਅਤੇ ਸਭ ਤੋਂ ਵਧ ਧਾਰਮਕ ਮਹੱਤਤਾ ਵਾਲਾ ਕੇਂਦਰ ਸੀ। ਸੰਨ 1475 ਵਿਚ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਨਾਨਕੀਪ ਜੀ ਦਾ ਦੌਲਤ ਖ਼ਾਂ ਲੋਧੀ ਦੇ ਇਕ ਕਰਮਚਾਰੀ, ‘ਜੈ ਰਾਮ’ ਜੀ ਨਾਲ ਇਥੇ ਵਿਆਹ ਹੋਇਆ।
ਸੁਲਤਾਨਪੁਰ ਲੋਧੀ ਭਾਵੇਂ ਆਦਿ ਤੋਂ ਰਾਜਨੀਤਕ ਅਤੇ ਇਤਿਹਾਸਕ ਪੱਖੋਂ ਮਸ਼ਹੂਰ ਰਿਹਾ ਹੈ ਪਰ ਇਸ ਦੀ ਮੌਜੂਦਾ ਪ੍ਰਸਿੱਧੀ ਸਿੱਖਾਂ ਦੇ ਧਾਰਮਕ ਅਸਥਾਨ ਵਜੋਂ ਹੀ ਹੈ। ਦੌਲਤ ਖ਼ਾਂ ਲੋਧੀ ਦੇ ਸਮੇਂ ਹੀ ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਦੇਵ ਜੀ ਸਾਹਿਬ ਆਪਣੇ ਬਹਿਨੋਈ ਭਾਈਆ ਜੈ ਰਾਮ ਪਾਸ ਆਏ ਸਨ ਅਤੇ ਇਥੇ ਲੋਧੀ ਦੇ ਮੋਦੀਖਾਨੇ ਵਿਚ ਕੰਮ ਕਰਦੇ ਰਹੇ। ਗੁਰੂ ਜੀ ਨੇ ਆਪਣੇ ਜੀਵਨ ਦਾ 14 ਸਾਲ ਤੋਂ ਵਧ ਸਮਾਂ ਇਸੇ ਕਸਬੇ ਵਿਚ ਹੀ ਗੁਜ਼ਾਰਿਆ। ਗੁਰੂ ਜੀ ਇਥੇ ਵੇਈਂ ਨਦੀ ਉੱਤੇ ਭਜਨ ਬੰਦਗੀ ਵਿਚ ਮਗਨ ਰਹਿੰਦੇ ਸਨ। ਆਪ ਨੇ ਇਥੇ ਹੀ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦਾ ਹੋਕਾ ਦਿੱਤਾ ਅਤੇ ਇਥੋਂ ਹੀ ਆਪ ਪਹਿਲੀ ਉਦਾਸੀ ਲਈ ਬਾਹਰ ਨਿਕਲੇ ਸਨ।
‘ਆਈਨੇ ਅਕਬਰੀ’ ਵਿਚ ਵੀ ਇਸ ਸਥਾਨ ਨੂੰ ਬੜੀ ਅਹਿਮੀਅਤ ਦਿੱਤੀ ਗਈ ਹੈ ਅਤੇ ਉਸ ਵਿਚ ਲਿਖਿਆ ਹੈ ਕਿ ਇਥੇ ਇਕ ਬਹੁਤ ਵੱਡੀ ਸਰਾਂ ਵੀ ਹੈ। ਸ਼ੇਰ ਸ਼ਾਹ ਸੂਰੀ (1539-55 ਈ.) ਨੇ ਇਥੇ ਵੇਈਂ ਤੇ ਇਕ ਪੁਲ ਬਣਵਾਇਆ।
ਗੁਰੂ ਅਰਜਨ ਦੇਵ ਜੀ ਮਹਾਰਾਜ (1563-1606 ਈ.) ਇਥੇ ਕੁਝ ਚਿਰ ਠਹਿਰੇ ਸਨ ਅਤੇ ਉਨ੍ਹਾਂ ਨੇ ਇਥੇ ਕਈ ਗੁਰਦਵਾਰੇ ਅਤੇ ਇਕ ਸਰਾਂ ਬਣਵਾਈ। ਜਹਾਂਗੀਰ ਬਦਾਸ਼ਾਹ (1605-1607 ਈ.) ਨੇ ਵੀ ਇਥੇ ਇਕ ਸਰਾਂ ਬਣਵਾਈ ਜਿਥੇ ਕਿ ਅੱਜਕਲ੍ਹ ਤਹਿਸੀਲ ਹੈ। ਇਸ ਤੋਂ ਇਲਾਵਾ ਇਸ ਨੇ ਇਕ ਪੁਲ ਦੀ ਉਸਾਰੀ ਵੀ ਕਰਵਾਈ। ਵੇਈਂ ਉੱਪਰ ਇਕ ਹੋਰ ਪੁਰਾਣਾ ਢੱਠਾ ਹੋਇਆ ਪੁਲ ਹੈ ਜੋ ਔਰੰਗਜ਼ੇਬ ਦੇ ਸਮੇਂ ਦਾ ਬਣਿਆ ਦੱਸਿਆ ਜਾਂਦਾ ਹੈ।
ਜਦੋਂ ਸੰਨ 1793 ਵਿਚ ਨਾਦਰਸ਼ਾਹ ਈਰਾਨੀ ਨੇ ਹਿੰਦੁਸਤਾਨ ਉੱਤੇ ਧਾਵਾ ਕੀਤਾ ਸੀ ਤਾਂ ਲਾਹੌਰੋਂ ਸਰਹਿੰਦ ਨੂੰ ਜਾਂਦੇ ਨੇ ਸੁਲਤਾਨਪੁਰ ਨੂੰ ਖੂਬ ਲੁਟਿਆ ਅਤੇ ਅੱਗ ਲਾ ਕੇ ਫੂਕ ਦਿੱਤਾ। ਪਿਛੋਂ ਇਹ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ ਤਬਾਹ ਹੋਇਆ।
ਨਵੰਬਰ, 1753 ਨੂੰ ਲਾਹੌਰ ਦੇ ਹਾਕਮ ਮੀਰ ਮੰਨੂ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਸਿੰਘਾਂ ਦਾ ਬੋਲ ਬਾਲਾ ਹੋ ਗਿਆ ਤੇ ਉਨ੍ਹਾਂ ਨੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਕਪੂਰਥਲੀਏ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਸੁਲਤਾਨਪੁਰ ਲੋਧੀ ਉੱਤੇ ਆਪਣਾ ਕਬਜ਼ਾ ਜਮਾ ਲਿਆ ਅਤੇ ਲਗਭਗ ਦੋ ਸੌ ਸਾਲ ਤੀਕ ਇਹ ਕਪੂਰਥਲਾ ਰਿਆਸਤ ਵਿਚ ਰਿਹਾ। ਸੰਨ 1956 ਵਿਚ ਪਟਿਆਲਾ ਯੂਨੀਅਨ (ਜਿਸ ਦਾ ਕਪੂਰਥਲਾ ਰਿਆਸਤ ਹਿੱਸਾ ਸੀ) ਅਤੇ ਪੰਜਾਬ ਦੇ ਇਕ ਹੋ ਜਾਣ ਉੱਤੇ ਇਹ ਪੰਜਾਬ ਰਾਜ ਵਿਚ ਆ ਗਿਆ।
ਸੰਨ 1969 ਵਿਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਪੰਜਾਬ ਸਰਕਾਰ ਨੇ ਇਥੇ ਹੀ ਵਿਸ਼ਾਲ ਸਮਾਗਮ ਕੀਤਾ। ਪਹਿਲਾਂ ਇਥੇ ਉਪ-ਤਹਿਸੀਲ ਸੀ ਪਰ 1969 ਵਿਚ ਪੰਜਾਬ ਸਰਕਾਰ ਨੇ ਇਸ ਨੂੰ ਤਹਿਸੀਲ ਬਣਾ ਦਿੱਤਾ।
ਇਸ ਪਵਿੱਤਰ ਕਸਬੇ ਵਿਚ ਹੇਠ ਲਿਖੇ ਗੁਰਦੁਆਰੇ ਹਨ :–
ਸੰਘ ਘਾਟ––ਇਹ ਵੇਈਂ ਨਦੀ ਦਾ ਉਹ ਘਾਟ ਹੈ ਜਿਥੇ ਗੁਰੂ ਨਾਨਕ ਦੇਵ ਜੀ ਟੁੱਭੀ ਮਾਰ ਕੇ ਅਲੋਪ ਹੋ ਗਏ ਸਨ ਅਤੇ ਤੀਜੇ ਦਿਨ ਨਿਕਲਕੇ ਉਦਾਸੀ ਭੇਸ ਧਾਰਨ ਕੀਤਾ ਸੀ। ਰਿਆਸਤ ਵਲੋਂ ਇਸ ਗੁਰਦਵਾਰੇ ਦੇ ਨਾਂ ਪੰਜ ਘੁਮਾਉਂ ਜ਼ਮੀਨ ਲਗਵਾਈ ਗਈ ਸੀ।
ਹੱਟ ਸਾਹਿਬ––ਇਸ ਥਾਂ ਗੁਰੂ ਨਾਨਕ ਦੇਵ ਜੀ ਨੇ ਮਾਘ ਸੁਦੀ ਚਉਦਸ਼ 1540 ਬਿਕਰਮੀ ਨੂੰ ਮੋਦੀਖਾਨੇ ਦਾ ਕੰਮ ਸੰਭਾਲਿਆ ਸੀ ਅਤੇ ਅਨੇਕ ਲੋਕਾਂ ਨੇ ਲਾਭ ਪ੍ਰਾਪਤ ਕੀਤਾ ਸੀ। ਇਥੇ ਪੱਥਰ ਦੇ ਛੋਟੇ ਵੱਡੇ 11 ਵੱਟੇ ਹਨ ਜਿਨ੍ਹਾਂ ਨਾਲ ਗੁਰੂ ਜੀ ਤੋਲਦੇ ਸਨ। ਰਿਆਸਤ ਕਪੂਰਥਲਾ ਵੱਲੋਂ ਇਸ ਗੁਰਦੁਵਾਰੇ ਨੂੰ 20 ਘੁਮਾਉ ਜ਼ੀਮਨ ਅਤੇ 81 ਨਕਦ ਰੁਪਏ ਲਗਵਾਏ ਗਏ।
ਕੋਠੜੀ ਸਾਹਿਬ––ਇਹ ਉਹ ਥਾਂ ਹੈ ਜਿਥੇ ਨਵਾਬ ਦੇ ਮੁਨਸ਼ੀਆਂ ਨੇ ਗੁਰੂ ਸਾਹਿਬ ਤੋਂ ਲੇਖਾ ਲਿਆ ਸੀ। ਰਿਆਸਤ ਵਲੋਂ ਤਿੰਨ ਘੁਮਾਉ ਜ਼ੀਮਨ ਇਸ ਗੁਰਦੁਵਾਰੇ ਨਾਂ ਲਗਵਾਈ ਗਈ।
4. ਗੁਰੂ ਕਾ ਬਾਗ਼––ਇਹ ਸਥਾਨ ਬੀਬੀ ਨਾਨਕੀ ਜੀ ਦਾ ਘਰ ਅਤੇ ਗੁਰੂ ਨਾਨਕ ਦੇਵ ਜੀ ਦਾ ਰਿਹਾਇਸ਼ੀ ਮਕਾਨ ਸੀ। ਤਵਾਰੀਖ਼ ਰਿਆਸਤ ਕਪੂਰਥਲਾ ਦੇ ਕਰਤਾ ਦੀਵਾਨ ਰਾਮ ਜਸ ਨੇ ਲਿਖਿਆ ਹੈ––“ਗੁਰੂ ਨਾਨਕ ਦੇਵ ਜੀ ਦੀ ਬਰਾਤ ਇਸੇ ਥਾਂ ਤੋਂ ਗਈ। ਬਾਲਾ ਸ੍ਰੀ ਚੰਦ ਤੇ ਲਛਮੀ ਦਾਸ ਵੀ ਇਥੇ ਹੀ ਪੈਦਾ ਹੋਏ। ਇਹ ਬਾਗ਼ ਲਾਲ ਮੁਕਟ ਰਾਮ ਦੀ ਧਰਮਸ਼ਾਲਾ ਵਾਲੀ ਸੜਕ ਉੱਤੇ ਯੱਕੇਖਾਨੇ ਦੇ ਨੇੜੇ ਵਾਕਿਆ ਹੈ। ਇਹੀ ਮਹੱਲ ਬੇਬੇ ਨਾਨਕੀ ਦਾ ਸੀ ਜਿਸ ਵਿਚ ਜੈ ਰਾਮ ਦੀ ਰਿਹਾਇਸ਼ ਸੀ” ਇਸ ਗੁਰਦਵਾਰੇ ਦੇ ਨਾਂ ਤੇਰਾਂ ਘੁਮਾਉਂ ਜ਼ਮੀਨ ਰਿਆਸਤ ਕਪੂਰਥਲਾ ਵਲੋਂ ਲਗਵਾਈ ਗਈ।
5. ਬੇਰ ਸਾਹਿਬ––ਸੁਲਤਾਨਪੁਰ ਦੇ ਪੱਛਮ ਵੇਈਂ ਨਦੀ ਦੇ ਕੰਢੇ ਇਕ ਬਹੁਤ ਆਲੀਸ਼ਾਨ ਗੁਰਦਵਾਰਾ ਬਣਿਟਾ ਹੋਇਆ ਹੈ। ਇਸ ਗੁਰਦਵਾਰੇ ਦਾ ਨਾਂ ਸ੍ਰੀ ਬੈਰ ਸਾਹਿਬ ਹੈ। ਇਥੇ ਇਸ਼ਨਾਨ ਸਮੇਂ ਗੁਰੂ ਨਾਨਕ ਸਾਹਿਬ ਨੇ ਦਾਤਣ ਜ਼ਮੀਨ ਵਿਚ ਗੱਡ ਦਿੱਤੀ ਜਿਸ ਨਾਲ ਦਰਖਤ ਬੇਰ ਸਰਸਬਜ਼ ਹੋ ਗਿਆ। ਇਸੇ ਬੇਰੀ ਦੀ ਮਹੱਤਤਾ ਕਾਰਨ ਹੀ ਇਥੇ ਗੁਰਦਵਾਰਾ ਬੇਰ ਸਾਹਿਬ ਬਣਿਆ। ਇਸ ਗੁਰਧਾਮ ਦੇ ਨਾਂ ਤੇਰਾਂ ਸੌ ਸੱਠ ਰੁਪਏ ਸਾਲਾਨਾ ਜਾਗੀਰ ਰਿਆਸਤ ਕਪੂਰਥਲੇ ਵਲੋਂ, ਸਵਾ ਸੌ ਰੁਪਏ ਰਿਆਸਤ ਪਟਿਆਲੇ ਵਲੋਂ, ਇਕਵੰਜਾ ਰੁਪਏ ਨਾਭੇ ਵਲੋਂ ਲਗਵਾਈ ਗਈ।
6. ਧਰਮਸ਼ਾਲਾ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ––ਇਹ ਅਸਥਾਨ ਗੁਰਦਵਾਰਾ ਕੋਠੜੀ ਸਾਹਿਬ ਦੇ ਪਾਸ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਡੱਲੇ ਪਿੰਡ ਕਰਨ ਜਾਂਦੇ ਹੋਏ, ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਵਿਰਾਜੇ ਸਨ। ਰਿਆਸਤ ਕਪੂਰਥਲੇ ਵਲੋਂ ਇਸ ਗੁਰਦਵਾਰੇ ਦੇ ਨਾਂ ਬਾਰਾਂ ਘੁਮਾਉਂ ਜ਼ਮੀਨ ਲਗਵਾਈ ਗਈ। ਇਸ ਗੁਰਦਵਾਰੇ ਨੂੰ ਸਰਾਂ ਗੁਰੂ ਅਰਜਨ ਦੇਵ ਜਾਂ ਗੁਰਦਵਾਰਾ ਸਿਹਰਾ ਸਾਹਿਬ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।
7. ਗੁਰਦਵਾਰਾ ਸ੍ਰੀ ਅੰਤਰਯਾਮਤਾ––ਇਹ ਗੁਰਦਵਾਰਾ ਬੇਰ ਸਾਹਿਬ ਨੂੰ ਜਾਂਦਿਆਂ ਸੜਕ ਦੇ ਸੱਜੇ ਹੱਥ ਸਰਾਂ ਦੇ ਬਿਲਕੁਲ ਸਾਹਮਣੇ ਸਥਿਤ ਹੈ। ਇਸ ਥਾਂ ਗੁਰੂ ਜੀ ਦੇ ਨਵਾਬ ਤੇ ਕਾਜ਼ੀ ਦੇ ਅੰਤਰ ਦੀ ਗੱਲ ਦੱਸਣ ਕਾਰਨ ਇਸ ਗੁਰਦਵਾਰੇ ਦਾ ਨਾਂ ਗੁਰਦਵਾਰਾ ਅੰਤਰਯਾਮਤਾ ਪੈ ਗਿਆ।
ਇਨ੍ਹਾਂ ਪਵਿੱਤਰ ਯਾਦਗਾਰਾਂ ਤੋਂ ਇਲਾਵਾ ਕਟਾਖਸ਼ ਗਿਰੀ ਆਸ਼ਰਮ, ਮਾਤਾ ਦਾ ਮੰਦਰ, ਪੰਜ ਮੰਦਰੀ, ਆਸ਼ਾਪੁਰੀ ਮੰਦਰ, ਨਾਥਾਂ ਦਾ ਮੰਦਰ, ਪੀਰਾਂ ਵੱਡਿਆਂ ਦਾ ਦਰਬਾਰ, ਪੁਰਾਣਾ ਪੁਲ, ਹਦੀਰਾ, ਕਿਲ੍ਹਾ ਸਰਾਏ, ਹਮਾਮ ਅਬਦੁਲ ਲਤੀਫ਼, ਸ਼ਾਹੀ ਪੁਲ, ਗੈਬ ਗ਼ਾਜ਼ੀ ਦਾ ਮਜ਼ਾਰ, ਰੋਜ਼ਾ ਸ਼ਾਹ ਸੁਲਤਾਨ, ਪੱਥਰਾਂ ਵਾਲੀ ਥਾਂ, ਯਾਦਗਾਰ ਬਾਬਾ ਦੂਲੋ ਸਕਲ, ਵੇਈਂ ਘਾਟ, ਸਰਦ ਖ਼ਾਨਾ, ਚਿੱਟੀ ਮਸੀਤ, ਬੇਗ਼ਮਾਂ ਦੀ ਬਾਉਲੀ, ਭਾਰਾ ਮੰਦਰ, ਬੱਤੀ ਥੰਮ੍ਹਾਂ ਵਾਲੀ ਹਵੇਲੀ, ਮਜ਼ਾਰ ਬੰਦਗੀ ਸ਼ਾਹ, ਸਿਹਰਿਆਂ ਵਾਲੀ ਖ਼ਾਨਗਾਹ, ਡਾਕ ਮਨਾਰਾ ਇਥੋਂ ਦੀਆਂ ਹੋਰ ਪ੍ਰਸਿੱਧ ਯਾਦਗਾਰਾਂ ਹਨ।
ਇਥੇ ਬਿਜਲੀ ਦੀਆਂ ਮੋਟਰਾਂ, ਜਨਰੇਟਰ, ਮੋਨੋਟਾਈਪ ਪੰਪ, ਚਾਉਲ ਛੜਨ ਅਤੇ ਮੂਗਫਲੀ ਦਾ ਤੇਲ ਕੱਢਣ ਦੇ ਕਾਰਖ਼ਾਨੇ ਹਨ।
ਖੇਤੀ-ਬਾੜੀ ਤੋਂ ਇਲਾਵਾ ਖਜ਼ੂਰਾਂ ਦਾ ਰਸ ਕੱਢਣਾ, ਦਰੀਆਂ ਬਣਾਉਣਾ, ਅਮਰੇ ਠੇਪਣਾ ਇਥੋਂ ਦੇ ਲੋਕਾਂ ਦੇ ਵਿਸ਼ੇਸ਼ ਕਿੱਤੇ ਹਨ।
ਇਥੇ ਤਿੰਨ ਸਰਕਾਰੀ ਅਤੇ ਗ਼ੈਰ ਸਰਕਾਰੀ ਹਾਈ ਸਕੂਲ ਅਤੇ ਇਕ ਹਾਇਰ ਸੈਕੰਡਰੀ ਸਕੂਲ ਹੈ। ਇਸ ਤੋਂ ਇਲਾਵਾ ਇਥੇ ਲੜਕੀਆਂ ਦਾ ਸਰਕਾਰੀ ਦਸਤਕਾਰੀ ਸਕੂਲ ਅਤੇ ਇਕ ਖਾਲਸਾ ਕਾਲਜ (1969) ਹੈ।
ਇਹ ਉੱਤਰੀ ਰੇਲਵੇ ਦਾ ਇਕ ਸਟੇਸ਼ਨ ਹੈ। ਇਹ ਪੱਕੀ ਸੜਕ ਰਾਹੀਂ ਆਲੇ-ਦੁਆਲੇ ਦੇ ਮੁਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਸ ਕਸਬੇ ਦਾ ਪ੍ਰਬੰਧ ਇਕ ਮਿਉਂਸਪਲ ਕਮੇਟੀ ਚਲਾਉਂਦੀ ਹੈ।
ਹਰ ਸਾਲ ਲੱਖਾਂ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਇਥੇ ਆਉਂਦੇ ਹਨ।
ਆਬਾਦੀ––9,176 (1971)
31° 10' ਉ. ਵਿਥ.; 75° 10' ਪੂ. ਲੰਬ.
ਹ. ਪੁ.––ਮ. ਕੋ.; ਸੁਲਤਾਨ ਪੁਰ ਲੋਧੀ ਸਰਵੇ ਪੁਸਤਕ––ਭਾਸ਼ਾ ਵਿਭਾਗ, ਪੰਜਾਬ; ਇੰਪ. ਗ. ਇੰਡ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੁਲਤਾਨਪੁਰ ਲੋਧੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੁਲਤਾਨਪੁਰ ਲੋਧੀ : ਇਹ ਕਪੂਰਥਲਾ ਜ਼ਿਲ੍ਹੇ ਵਿਚ ਇਕ ਇਤਿਹਾਸਕ ਕਸਬਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਤ ਬਹੁਤ ਹੀ ਪ੍ਰਸਿੱਧ ਧਾਰਮਕ ਅਸਥਾਨ ਹੈ। ਇਹ ਜਲੰਧਰ ਤੋਂ 45 ਕਿ. ਮੀ. ਦੱਖਣ-ਪੱਛਮ ਨੂੰ ਕਪੂਰਥਲੇ ਤੋਂ 25 ਕਿ.ਮੀ. ਅਤੇ ਫ਼ਿਰੋਜ਼ਪੁਰ ਤੋਂ 72 ਕਿ. ਮੀ. ਉੱਤਰ-ਪੂਰਬ ਨੂੰ, ਬਿਆਸ ਅਤੇ ਸਤਲੁਜ ਦੇ ਦੁਆਬ ਵਿਚ, ਕਾਲੀ ਵੇਈਂ ਨਦੀ ਦੇ ਖੱਬੇ ਕੰਢੇ ਵਸਿਆ ਹੋਇਆ ਹੈ। ਸਰਬਮਾਨਪੁਰ, ਛੀਟਾਂ ਵਾਲੀ, ਪੀਰਾਂ ਪੁਰੀ ਆਦਿ ਇਸੇ ਕਸਬੇ ਦੇ ਹੋਰ ਨਾਂ ਹਨ।
ਇਸ ਕਸਬੇ ਦੀ ਸਥਾਪਨਾ ਬਾਰੇ ਕਈ ਰਵਾਇਤਾਂ ਪ੍ਰਚਲਿਤ ਹਨ। ਪਰੰਪਰਾ ਅਨੁਸਾਰ ਮੁਸਲਮਾਨਾਂ ਤੋਂ ਪਹਿਲਾਂ ਇਥੇ ਸਰਬਮਾਨ ਨਾਂ ਦਾ ਇਕ ਸ਼ਹਿਰ ਆਬਾਦ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਗਜ਼ਨੀ ਦੇ ਸੁਲਤਾਨ ਮਹਿਮੂਦ ਦੇ ਇਕ ਜਰਨੈਲ ਸੁਲਤਾਨ ਖ਼ਾਨ ਲੋਧੀ ਨੇ ਆਪਣੇ ਨਾਂ ਉੱਤੇ ਗਿਆਰ੍ਹਵੀਂ ਸਦੀ ਵਿਚ ਇਸ ਕਸਬੇ ਨੂੰ ਵਸਾਇਆ ਸੀ। ਇਹ ਹੋਰ ਰਵਾਇਤ ਅਨੁਸਾਰ ਇਸ ਕਸਬੇ ਨੂੰ ਵਸਾਇਆ ਸੀ। ਇਕ ਹੋਰ ਰਵਾਇਤ ਅਨੁਸਾਰ ਇਸ ਕਸਬੇ ਦੀ ਨੀਂਹ ਸੰਨ 1332 ਵਿਚ ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖ਼ਾਨ ਦੇ ਪੁੱਤਰ ਸੁਲਤਾਨ ਖ਼ਾਨ ਨੇ ਰੱਖੀ ਦੱਸੀ ਜਾਂਦੀ ਹੈ। ਤੀਜੀ ਰਵਾਇਤ ਅਨੁਸਾਰ ਇਬਰਾਹੀਮ ਲੋਧੀ (1917-1526) ਦੇ ਰਾਜ ਸਮੇਂ ਲਾਹੌਰ ਦੇ ਗਵਰਨਰ ਦੌਲਤ ਖ਼ਾਂ ਲੋਧੀ ਨੇ ਇਸ ਕਸਬੇ ਨੂੰ ਉਚੇਚੇ ਤੌਰ ਤੇ ਵਸਾਇਆ ਦੱਸਿਆ ਜਾਂਦਾ ਹੈ।
ਪੁਰਾਤਨ ਕਾਲ ਤੋਂ ਹੀ ਇਹ ਕਸਬਾ ਧਾਰਮਕ, ਰਾਜਨੀਤਕ, ਸਾਹਿਤਕ ਅਤੇ ਵਪਾਰਕ ਪੱਖੋਂ ਮਸ਼ਹੂਰ ਰਿਹਾ ਹੈ। ਬੋਧੀ ਸਾਹਿਤ ਤੋਂ ਅਜਿਹਾ ਜਾਪਦਾ ਹੈ ਕਿ ਪੰਜਵੀਂ ਛੇਵੀਂ ਸਦੀ ਈਸਵੀ ਪੂਰਵ ਵਿਚ ਇਥੇ ਤਮਸਾਵਨ ਨਾਂ ਦਾ ਸ਼ਾਇਦ ਇਕ ਗ਼ੈਰ ਆਬਾਦ ਭਾਰੀ ਜੰਗਲ ਸੀ ਜਿਹੜਾ ਕਿ ਚੌਥੀ ਸਦੀ ਈ. ਪੂ. ਵਿਚ ਬੋਧੀ ਧਰਮ ਦਾ ਕੇਂਦਰ ਬਣ ਗਿਆ। ਪਾਣਿਨੀ ਅਨੁਸਾਰ (500 ਈ. ਪੂ.) ਇਹ ਇਲਾਕਾ ਤਰੀਗਰਤਾ ਦੇ ਛੇ ਗਣਰਾਜਾਂ ਵਿਚੋਂ ਇਕ ਸੀ। ਇਸ ਗੱਲ ਦੀ ਪੁਸ਼ਟੀ ਪੁਰਾਣਾਂ ਤੋਂ ਵੀ ਹੁੰਦੀ ਹੈ।
326 ਈ. ਪੂ. ਵਿਚ ਸਿੰਕਦਰ ਮਹਾਨ ਦੀਆਂ ਫ਼ੌਜਾਂ ਬਿਆਸ ਦੇ ਕੰਢੇ ਤੋਂ ਵਾਪਸ ਮੁੜੀਆਂ। ਉਸ ਵੇਲੇ ਦਰਿਆ ਦੇ ਇਕ ਪਾਸੇ ਕੋਈ ਫੈਗੇਲਸ ਜਾਂ ਫੈਗੀਅਸ (ਭਗਲ) ਰਾਜ ਕਰਦਾ ਸੀ। ਸੰਭਵ ਹੈ ਕਿ ਇਹ ਸਥਾਨ ਉਸ ਦੇ ਰਾਜ ਵਿਚ ਹੋਵੇ। ਚੀਨੀ ਯਾਤਰੀ, ਯੁਆਂਗ-ਚੁਆਂਗ ਅਨੁਸਾਰ ਅਸ਼ੋਕ (269-232 ਈ. ਪੂ.) ਨੇ ਇਥੇ ਇਕ ਬੋਧੀ ਸਤੂਪ ਉਸਾਰਿਆ ਸੀ ਪਰ ਹਾਲਾਂ ਤੀਕ ਪ੍ਰਾਪਤ ਹੋਈਆਂ ਚੀਜ਼ਾਂ ਵਿਚੋਂ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਿਆ।
ਸਿੱਕਿਆ ਦੇ ਅਧਾਰ ਤੇ ਇਤਿਹਾਸਕਾਰ ਕਨਿੰਘਮ ਇਸ ਦੀ ਪ੍ਰਾਚੀਨਤਾ ਪਹਿਲੀ ਸਦੀ ਦੱਸਦਾ ਹੈ। ਟਾਲਕੀ ਦੇ ਕੁਲ੍ਹਿਡਰਾਈਨ (ਕੁਨਿੰਦੇ) ਰਾਜ ਵਿਚ ਸ਼ਾਇਦ ਇਹ ਇਲਾਕਾ ਆਉਂਦਾ ਸੀ। ਕੁਸ਼ਾਣ ਬਾਦਸ਼ਾਹਾਂ ਦੇ ਕਾਲ ਵਿਚ ਇਹ ਉਨ੍ਹਾਂ ਦੇ ਹੱਥ ਆ ਗਿਆ ਪਰ ਚੌਥੀ ਸਦੀ ਵਿਚ ਇਹ ਮਦਰ ਦੇਸ਼ ਵਿਚ ਹੋਵੇਗਾ ਜਿਸ ਨੇ ਸਮੁੰਦਰ ਗੁਪਤ (325-375 ਈ. ) ਦੀ ਅਧੀਨਤਾ ਸਵੀਕਾਰ ਕਰ ਲਈ ਸੀ।
ਪੰਜਵੀਂ ਤੋਂ ਸੱਤਵੀਂ ਸਦੀ ਈਸਵੀਂ ਵਿਚ ਇਹ ਬੁੱਧ ਧਰਮ ਦਾ ਇਕ ਮਹਾਂਗਿਆਨ ਅਤੇ ਸਾਧਨਾ ਕੇਂਦਰ ਰਿਹਾ ਜਿਥੇ ਕਿ ਕਾੱਤਿਆਯਨ ਨੇ 'ਅਭਿਧਰਮ-ਪ੍ਰਸਥਾਵ' ਨਾਂ ਦੇ ਗ੍ਰੰਥ ਦੀ ਰਚਨਾ ਕੀਤੀ।
ਸੱਤਵੀਂ ਸਦੀ ਵਿਚ ਚੀਨੀ ਯਾਤਰੀ, ਯੁਆਂਗ-ਚੁਆਂਗ ਵੀ ਇਧਰੋਂ ਹੋ ਕੇ ਹੀ ਜਲੰਧਰ ਗਿਆ। ਯੁਆਂਗ-ਚੁਆਂਗ ਦੁਆਰਾ ਦੇਖੇ ਗਏ ਤਮਸਾਵਨ ਬੋਧੀ ਸਥਾਨ ਨੂੰ ਕਨਿੰਘਮ ਠੀਕ ਤੌਰ ਤੇ ਹੀ ਸੁਲਤਾਨਪੁਰ ਨਾਲ ਜੋੜਦਾ ਹੈ। ਤਮਸਾਵਨ ਦਾ ਜ਼ਿਕਰ ਬੋਧੀ ਪੁਸਤਕ 'ਦਿਵਿਅਵਦਾਨ' ਵਿਚ ਵੀ ਆਉਂਦਾ ਹੈ। ਉਸ ਅਨੁਸਾਰ ਇਹ ਸਥਾਨ ਲਗਭਗ 3.5 ਮੀਲ ਦੇ ਦਾਇਰੇ ਵਿਚ ਫੈਲਿਆ ਹੋਇਆ ਸੀ। ਇਥੇ ਇਕ ਵਿਸ਼ਾਲ ਵਿਹਾਰ ਸੀ ਅਤੇ ਉਸ ਦੇ ਅੰਦਰ ਇਕ 200 ਫੁੱਟ ਉੱਚਾ ਬੋਧੀ ਸਤੂਪ ਸੀ। ਇਸ ਤੋਂ ਛੁੱਟ ਹੋਰ ਵੀ ਅਣਗਿਣਤ ਛੋਟੀਆਂ-ਵੱਡੀਆਂ ਸਤੂਪਾਂ ਸਨ। ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਉਸ ਸਮੇਂ ਇਹ ਇਲਾਕਾ ਜਲੰਧਰ ਦੇ ਰਾਜਾ ਉ-ਤਿ-ਤੋ (ਉਦਿਤ) ਦੇ ਹੇਠ ਸੀ। ਸੰਨ 1804 ਵਿਚ ਇਥੇ ਇਕ ਸ਼ਕਤੀਸ਼ਾਲੀ ਤਰੀਗਰਤ ਰਾਜ ਸਥਾਪਤ ਹੋ ਗਿਆ ਸੀ। ਗਿਆਰ੍ਹਵੀਂ ਸਦੀ ਵਿਚ, ਅਲਬੈਰੂਨੀ ਇਕ ਸੁਤੰਤਰ ਕਾਲੇਯਤ ਰਾਜ ਦਾ ਵਰਣਨ ਕਰਦਾ ਹੈ।
ਇਥੋਂ ਕਾਬਲ ਦੇ ਹਿੰਦੂ ਬਾਦਸ਼ਾਹਾਂ (9 ਵੀਂ 11 ਵੀਂ ਸਦੀ) ਦੇ ਅਨੇਕ ਸਿੱਕੇ (ਪੁਰਾੱਤਤਵ ਵਿਭਾਗ, ਪੰਜਾਬ) ਅਤੇ ਦਿੱਲੀ ਦੇ ਮਦਨਪਾਲ ਦੇ ਸਿੱਕੇ ਲੱਭ ਚੁੱਕੇ ਹਨ।
ਇਸ ਤਰ੍ਹਾਂ ਜਾਪਦਾ ਹੈ ਕਿ ਹਿੰਦੂ, ਬੋਧੀ ਮਤ ਦਾ ਕੇਂਦਰ ਹੋਣ ਵੱਜੋ, ਮਹਿਮੂਦ ਗਜ਼ਨਵੀ ਨੇ ਇਸ ਕਸਬੇ ਨੂੰ ਅੱਗ ਲਗਾ ਦਿੱਤੀ ਸੀ। ਇਸ ਦਾ ਸਬੂਤ ਸੁਆਹ ਅਤੇ ਫੂਕੀ ਹੋਈ ਮਿੱਟੀ ਦੀ ਕਾਲੀ ਤਹਿ ਤੋਂ ਮਿਲਦਾ ਹੈ ਜੋ ਕਿ ਥੇਹ ਦੀ ਚੋਟੀ ਤੋਂ ਪੰਜ-ਛੇ ਮੀਟਰ ਹੇਠਾਂ ਤੀਕ ਹੈ। ਇਸ ਅਨੁਮਾਨ ਨੂੰ ਵਿਸ਼ੇਸ਼ ਬਲ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਇਸ ਥਾਂ ਦਾ ਨਾਂ ਕਿਸੇ ਢੰਗ ਨਾਲ ਮਹਿਮੂਦ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਪਿੱਛੋਂ ਇਸਲਾਮਿਕ ਪ੍ਰਭਾਵ ਅਧੀਨ ਇਸ ਕਸਬੇ ਦਾ ਜਨਮ ਹੋਇਆ ਜਿਸ ਦੇ ਸਬੰਧ ਵਿਚ ਲਗਭਗ 26 ਸਿੱਕੇ ਇਸ ਥਾਂ ਤੋਂ ਲੱਭ ਚੁੱਕੇ ਹਨ। ਨਾਸਿਰ-ਉਦ-ਦੀਨ ਮੁਹੰਮਦ ਸ਼ਹ (1246-1266 ਈ.) ਦੇ ਸਮੇਂ ਇਹ ਕਸਬਾ ਨਵੇਂ ਸਿਰਿਉਂ ਵਸਾਇਆ ਗਿਆ। ਉਸ ਦੇ ਉਤਰਾਧਿਕਾਰੀ ਅਤੇ ਸਹੁਰੇ ਗਿਆਸ-ਉਦ-ਦੀਨ ਬਲਬਨ ਦੇ ਸਮੇਂ (1266-1286 ਈ.) ਇਸ ਦੀ ਮਹੱਤਤਾ ਮੁਗ਼ਲਾਂ ਦੇ ਹੱਲੇ ਕਾਰਨ ਵੱਧ ਗਈ। ਸਿੰਭਵਕਿ ਰਾਈਟ ਦੇ ਅਨੁਸਾਰ ਉਸ ਦੀ 'ਸੁਲਤਾਨਪੁਰ ਟਕਸਾਲ' ਸੰਭਵ ਹੈ ਕਿ ਇਥੇ ਹੀ ਸੀ।
ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ (1517-26 ਈ.) ਦੇ ਸਮੇਂ ਇਹ ਲਾਹੌਰ ਤੋਂ ਦਿੱਲੀ ਨੂੰ ਜਾਂਦੀ ਵੱਡੀ ਸੜਕ ਤੇ ਸੀ ਅਤੇ ਉਸ ਸਮੇਂ ਇਹ ਲਾਹੌਰ ਦੇ ਗਵਰਨਰ ਦੌਲਤ ਖ਼ਾਂ ਲੋਧੀ ਅਧੀਨ ਸਿਆਸੀ, ਵਪਾਰਕ ਅਤੇ ਸਭ ਤੋਂ ਵੱਧ ਧਾਰਮਕ ਮਹੱਤਤਾ ਵਾਲਾ ਕੇਂਦਰ ਸੀ। ਸੰਨ 1475 ਵਿਚ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦਾ ਦੌਲਤ ਖ਼ਾਂ ਲੋਧੀ ਦੇ ਇਕ ਕਰਮਚਾਰੀ 'ਜੈ ਰਾਮ' ਜੀ ਨਾਲ ਇਥੇ ਵਿਆਹ ਹੋਇਆ।
ਸੁਲਤਾਨਪੁਰ ਲੋਧੀ ਭਾਵੇਂ ਆਦਿ ਤੋਂ ਰਾਜਨੀਤਕ ਅਤੇ ਇਤਿਹਾਸਕ ਪੱਖੋਂ ਮਸ਼ਹੂਰ ਰਿਹਾ ਹੈ ਪਰ ਇਸ ਦੀ ਮੌਜੂਦਾ ਪ੍ਰਸਿੱਧੀ ਸਿੱਖਾਂ ਦੇ ਧਾਰਮਕ ਅਸਥਾਨ ਵੱਜੋਂ ਹੀ ਹੈ। ਦੌਲਤ ਖ਼ਾਂ ਲੋਧੀ ਦੇ ਸਮੇਂ ਹੀ ਗੁਰੂ ਨਾਨਕ ਦੇਵ ਜੀ ਆਪਣੇ ਜੀਜਾ ਜੈ ਰਾਮ ਜੀ ਪਾਸ ਆਏ ਸਨ ਅਤੇ ਇਥੇ ਲੋਧੀ ਦੇ ਮੋਦੀਖ਼ਾਨੇ ਵਿਚ ਕੰਮ ਕਰਦੇ ਰਹੇ। ਗੁਰੂ ਜੀ ਨੇ ਆਪਣੇ ਜੀਵਨ ਦਾ 14 ਸਾਲ ਤੋਂ ਵੱਧ ਸਮਾਂ ਇਸੇ ਕਸਬੇ ਵਿਚ ਹੀ ਗੁਜ਼ਾਰਿਆ। ਗੁਰੂ ਜੀ ਇਥੇ ਵੇਈਂ ਨਦੀਂ ਉੱਤੇ ਭਜਨ ਬੰਦਗੀ ਵਿਚ ਮਗਨ ਰਹਿੰਦੇ ਸਨ। ਆਪ ਨੇ ਇਥੇ ਹੀ 'ਨਾ ਕੋਈ ਹਿੰਦੂ ਨਾ ਮੁਸਲਮਾਨ' ਦਾ ਹੋਕਾ ਦਿੱਤਾ ਅਤੇ ਇਥੋਂ ਹੀ ਆਪ ਪਹਿਲੀ ਉਦਾਸੀ ਲਈ ਬਾਹਰ ਨਿਕਲੇ ਸਨ।
'ਆਈਨੇ ਅਕਬਰੀ' ਵਿਚ ਵੀ ਇਸ ਸਥਾਨ ਨੂੰ ਬੜੀ ਅਹਿਮੀਅਤ ਦਿੱਤੀ ਗਈ ਹੈ ਅਤੇ ਉਸ ਵਿਚ ਲਿਖਿਆ ਹੈ ਕਿ ਇਥੇ ਇਕ ਬਹੁਤ ਵੱਡੀ ਸਰਾਂ ਬਣਵਾਈ ਗਈ। ਜਹਾਂਗੀਰ ਬਾਦਸ਼ਾਹ (1605-1607 ਈ.) ਨੇ ਵੀ ਇਥੇ ਇਕ ਸਰਾਂ ਬਣਵਾਈ ਜਿਥੇ ਅੱਜਕੱਲ੍ਹ ਤਹਿਸੀਲ ਹੈ। ਇਸ ਤੋਂ ਇਲਾਵਾ ਉਸ ਨੇ ਇਕ ਪੁਲ ਦੀ ਉਸਾਰੀ ਕਰਵਾਈ। ਵੇਈਂ ਉੱਪਰ ਇਕ ਹੋਰ ਪੁਰਾਣਾ ਢੱਠਾ ਹੋਇਆ ਪੁੱਲ ਹੈ ਜੋ ਔਰੰਗਜ਼ੇਬ ਦੇ ਸਮੇਂ ਦਾ ਬਣਿਆ ਦੱਸਿਆ ਜਾਂਦਾ ਹੈ।
ਸੰਨ 1739 ਵਿਚ ਜਦੋਂ ਨਾਦਰ ਸ਼ਾਹ ਈਰਾਨੀ ਨੇ ਹਿੰਦੁਸਤਾਨ ਉਤੇ ਧਾਵਾ ਕੀਤਾ ਸੀ ਤਾਂ ਲਾਹੌਰ ਤੋਂ ਸਰਹਿੰਦ ਨੂੰ ਜਾਂਦੇ ਹੋਏ ਨੇ ਸੁਲਤਾਨਪੁਰ ਨੂੰ ਖੂਬ ਲੁਟਿਆ ਅਤੇ ਅੱਗ ਲਾ ਕੇ ਫੂਕ ਦਿੱਤਾ। ਪਿੱਛੋਂ ਇਹ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ ਤਬਾਹ ਹੋਇਆ।
ਨਵੰਬਰ, 1753 ਨੂੰ ਲਾਹੌਰ ਦੇ ਹਾਕਮ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਸਿੰਘਾਂ ਦਾ ਬੋਲ ਬਾਲਾ ਹੋ ਗਿਆ ਤੇ ਉਨ੍ਹਾਂ ਨੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਇਸ ਸਮੇਂ ਕਪੂਰਥਲੀਏ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਸੁਲਤਾਨਪੁਰ ਲੋਧੀ ਉੱਤੇ ਅਪਣਾ ਕਬਜ਼ਾ ਜਮਾ ਲਿਆ ਅਤੇ ਲਗਭਗ ਦੋ ਸੌ ਸਾਲ ਤੀਕ ਇਹ ਕਪੂਰਥਲਾ ਰਿਆਸਤ ਵਿਚ ਰਿਹਾ। ਸੰਨ 1956 ਵਿਚ ਪਟਿਆਲਾ ਯੂਨੀਅਨ (ਜਿਸ ਦਾ ਕਪੂਰਲਥਲਾ ਰਿਆਸਤ ਹਿੱਸਾ ਸੀ) ਅਤੇ ਪੰਜਾਬ ਦੇ ਇਕ ਹੋ ਜਾਣ ਉੱਤੇ ਇਹ ਪੰਜਾਬ ਰਾਜ ਵਿਚ ਆ ਗਿਆ।
ਸੰਨ 1969 ਵਿਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਪੰਜਾਬ ਸਰਕਾਰ ਨੇ ਇਥੇ ਹੀ ਵਿਸ਼ਾਲ ਸਮਾਗਮ ਕੀਤਾ। ਪਹਿਲਾਂ ਇਹ ਉਪ-ਤਹਿਸੀਲ ਸੀ ਪਰ 1969 ਈ. ਵਿਚ ਪੰਜਾਬ ਸਰਕਾਰ ਨੇ ਇਸ ਨੂੰ ਤਹਿਸੀਲ ਬਣਾ ਦਿੱਤਾ।
ਇਥੇ ਹੇਠ ਲਿਖੇ ਪ੍ਰਸਿੱਧ ਗੁਰਦੁਆਰੇ ਹਨ–
ਸੰਤ ਘਾਟ
ਸੰਤ ਘਾਟ– ਇਹ ਵੇਈਂ ਨਦੀ ਦਾ ਉਹ ਘਾਟ ਹੈ ਜਿਥੇ ਗੁਰੂ ਨਾਨਕ ਦੇਵ ਜੀ ਟੁੱਭੀ ਮਾਰ ਕੇ ਲੋਪ ਹੋ ਗਏ ਸਨ ਅਤੇ ਤੀਜੇ ਦਿਨ ਨਿਕਲ ਕੇ ਉਦਾਸੀ ਭੇਸ ਧਾਰਨ ਕੀਤਾ ਸੀ।ਰਿਆਸਤ ਵੱਲੋਂ ਇਸ ਗੁਰਦੁਆਰੇ ਦੇ ਨਾਂ ਪੰਜ ਘੁਮਾਉਂ ਜ਼ਮੀਨ ਲਗਵਾਈ ਗਈ ਸੀ।
ਹੱਟ ਸਾਹਿਬ
2. ਹੱਟ ਸਾਹਿਬ––ਇਸ ਥਾਂ ਗੁਰੂ ਨਾਨਕ ਦੇਵ ਜੀ ਨੇ ਮਾਘ ਸੁਦੀ ਚੌਦਵੀਂ, 1540 ਬਿਕਰਮੀ ਨੂੰ ਮੋਦੀਖ਼ਾਨੇ ਦਾ ਕੰਮ ਸੰਭਾਲਿਆ ਸੀ ਅਤੇ ਅਨੇਕ ਲੋਕਾਂ ਨੇ ਲਾਭ ਪ੍ਰਾਪਤ ਕੀਤਾ ਸੀ। ਇਥੇ ਪੱਥਰ ਦੇ ਛੋਟੇ ਵੱਡੇ 11 ਵੱਟੇ ਹਨ ਜਿਨ੍ਹਾਂ ਨਾਲ ਗੁਰੂ ਜੀ ਤੋਲਦੇ ਸਨ। ਰਿਆਸਤ ਕਪੂਰਥਲਾ ਵੱਲੋਂ ਇਸ ਗੁਰਦੁਆਰੇ ਨੂੰ 20 ਘੁਮਾਉਂ ਜ਼ਮੀਨ ਅਤੇ 81 ਨਕਦ ਰੁਪਏ ਲਗਵਾਏ ਗਏ ਸਨ।
ਕੋਠੜੀ ਸਾਹਿਬ
3. ਕੋਠੜੀ ਸਾਹਿਬ–– ਇਹ ਉਹ ਥਾਂ ਹੈ ਜਿਥੇ ਨਵਾਬ ਦੇ ਮੁਨਸ਼ੀਆਂ ਨੇ ਗੁਰੂ ਸਾਹਿਬ ਤੋਂ ਲੇਖਾ ਲਿਆ ਸੀ। ਰਿਆਸਤ ਵੱਲੋਂ ਤਿੰਨ ਘੁਮਾਉਂ ਜ਼ਮੀਨ ਇਸ ਗੁਰਦੁਆਰੇ ਨਾਂ ਲਗਵਾਈ ਗਈ ਸੀ।
ਗੁਰੂ ਕਾ ਬਾਗ਼
4. ਗੁਰੂ ਕਾ ਬਾਗ਼–– ਇਹ ਸਥਾਨ ਬੀਬੀ ਨਾਨਕੀ ਜੀ ਦਾ ਘਰ ਅਤੇ ਗੁਰੂ ਨਾਨਕ ਦੇਵ ਜੀ ਦਾ ਰਿਹਾਇਸ਼ੀ ਮਕਾਨ ਸੀ। ਤਵਾਰੀਖ਼ ਰਿਆਸਤ ਕਪੂਰਥਲਾ ਦੇ ਕਰਤਾ ਦੀਵਾਨ ਰਾਮ ਜਸ ਨੇ ਲਿਖਿਆ ਹੈ– ' ' ਗੁਰੂ ਨਾਨਕ ਦੇਵ ਜੀ ਦੀ ਬਰਾਤ ਇਸੇ ਥਾਂ ਤੋਂ ਗਈ। ਬਾਲ ਸ੍ਰੀ ਚੰਦ ਤੇ ਲਖਮੀ ਦਾਸ ਵੀ ਇਥੇ ਹੀ ਪੈਦਾ ਹੋਏ।' ' ਇਹ ਬਾਗ਼ ਲਾਲਾ ਮੁਕਟ ਰਾਮ ਦੀ ਧਰਮਸ਼ਾਲਾ ਵਾਲੀ ਸੜਕ ਉੱਤੇ ਯੱਕੇਖ਼ਾਨੇ ਨੇੜੇ ਵਾਕਿਆ ਹੈ। ਇਸ ਗੁਰਦੁਆਰੇ ਦੇ ਨਾਂ ਤੇਰ੍ਹਾਂ ਘੁਮਾਉਂ ਜ਼ਮੀਨ ਰਿਆਸਤ ਕਪੂਰਥਲਾ ਵੱਲੋਂ ਲਗਵਾਈ ਗਈ ਸੀ।
ਬੇਰ ਸਾਹਿਬ
5. ਬੇਰ ਸਾਹਿਬ– ਸੁਲਤਾਨਪੁਰ ਦੇ ਪੱਛਮ ਵੱਲ ਵੇਈਂ ਨਦੀ ਕੰਢੇ ਇਕ ਬਹੁਤ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦਾ ਨਾਂ ਸ੍ਰੀ ਬੇਰ ਸਾਹਿਬ ਹੈ। ਇਥੇ ਇਸ਼ਨਾਨ ਕਰਦੇ ਸਮੇਂ ਗੁਰੂ ਨਾਨਕ ਸਾਹਿਬ ਨੇ ਦਾਤਣ ਜ਼ਮੀਨ ਵਿਚ ਗੱਡ ਦਿੱਤੀ ਜਿਸ ਨਾਲ ਦਰਖ਼ਤ ਬੇਰੀ ਸਰਸਬਜ਼ ਹੋ ਗਿਆ। ਇਸੇ ਬੇਰੀ ਦੀ ਮਹੱਤਤਾ ਕਾਰਨ ਹੀ ਇਥੇ ਗੁਰਦਵਾਰਾ ਬੇਰ ਸਾਹਿਬ ਬਣਿਆ। ਇਸ ਗੁਰਧਾਮ ਦੇ ਨਾਂ ਤੇਰ੍ਹਾਂ ਸੌ ਸੱਠ ਰੁਪਏ ਸਾਲਾਨਾ ਜਾਗੀਰ ਕਪੂਰਥਲੇ ਵੱਲੋਂ, ਸਵਾ ਸੌ ਰੁਪਏ ਰਿਆਸਤ ਪਟਿਆਲਾ ਵੱਲੋਂ, ਇਕਵੰਜਾ ਰੁਪਏ ਨਾਭੇ ਵੱਲੋਂ ਲਗਵਾਈ ਗਈ।
ਧਰਮਸ਼ਾਲਾ ਸ੍ਰੀ ਗੁਰੂ ਅਰਜਨ ਦੇਵ ਜੀ
6. ਧਰਮਸ਼ਾਲਾ ਸ੍ਰੀ ਗੁਰੂ ਅਰਜਨ ਦੇਵ ਜੀ – ਇਹ ਅਸਥਾਨ ਗੁਰਦੁਆਰਾ ਕੋਠੜੀ ਸਾਹਿਬ ਦੇ ਪਾਸ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਡੱਲੇ ਪਿੰਡ ਕਰਨ ਜਾਂਦੇ ਹੋਏ, ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਬਿਰਾਜੇ ਸਨ। ਰਿਆਸਤ ਕਪੂਰਥਲੇ ਵੱਲੋਂ ਇਸ ਗੁਰਦਵਾਰੇ ਦੇ ਨਾਂ ਬਾਰਾਂ ਘੁਮਾਉਂ ਜ਼ਮੀਨ ਲਗਵਾਈ ਗਈ। ਇਸ ਗੁਰਦੁਆਰੇ ਨੂੰ ਸਰਾਂ ਗੁਰੂ ਅਰਜਨ ਦੇਵ ਜਾਂ ਗੁਰਦੁਆਰਾ ਸਿਹਰਾ ਸਾਹਿਬ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਗੁਰਦੁਆਰਾ ਸ੍ਰੀ ਅੰਤਰਯਾਮਤਾ
7. ਗੁਰਦੁਆਰਾ ਸ੍ਰੀ ਅੰਤਰਯਾਮਤਾ– ਇਹ ਗੁਰਦੁਆਰਾ ਬੇਰ ਸਾਹਿਬ ਨੂੰ ਜਾਂਦਿਆ ਸੜਕ ਦੇ ਸੱਜੇ ਹੱਥ ਸਰਾਂ ਦੇ ਬਿਲਕੁਲ ਸਾਹਮਣੇ ਸਥਿਤ ਹੈ। ਇਸ ਥਾਂ ਗੁਰੂ ਜੀ ਵੱਲੋਂ ਨਵਾਬ ਅਤੇ ਕਾਜ਼ੀ ਦੇ ਮਨ ਅੰਦਰ ਦੀ ਗੱਲ ਦੱਸਣ ਕਾਰਨ ਇਸ ਗੁਰਦੁਆਰੇ ਦਾ ਨਾਂ ਗੁਰਦੁਆਰਾ ਅੰਤਰਯਾਮਤਾ ਪੈ ਗਿਆ।
ਇਨ੍ਹਾਂ ਪਵਿੱਤਰ ਯਾਦਗਾਰਾਂ ਤੋਂ ਇਲਾਵਾ ਕਟਾਖਸ਼ ਗਿਰੀ ਆਸ਼ਰਮ, ਮਾਤਾ ਦਾ ਮੰਦਰ, ਪੰਜ ਮੰਦਰੀ, ਆਸ਼ਾਪੁਰੀ ਮੰਦਰ, ਨਾਥਾਂ ਦਾ ਮੰਦਰ, ਪੀਰਾਂ ਵੱਡਿਆਂ ਦਾ ਦਰਬਾਰ, ਪੁਰਾਣਾ ਪੁਲ, ਹਦੀਰਾ, ਕਿਲਾ ਸਰਾਏ, ਹਮਾਮ ਅਬਦੁਲ ਲਤੀਫ਼, ਸ਼ਾਹੀ ਪੁਲ, ਹਦੀਰਾ, ਕਿਲਾ ਸਰਾਏ, ਹਮਾਮ ਅਬਦੁਲ ਲਤੀਫ਼, ਸ਼ਾਹੀ ਪੁਲ, ਗੈਬ ਗ਼ਾਜ਼ੀ ਦਾ ਮਜ਼ਾਰ, ਰੋਜ਼ਾ ਸ਼ਾਹ ਸੁਲਤਾਨ, ਪੱਥਰਾਂ ਵਾਲੀ ਥਾਂ, ਯਾਦਗਾਰ ਬਾਬਾ ਦੂਲੋ ਸਕਲ, ਵੇਈਂ ਘਾਟ, ਸਰਦ ਖ਼ਾਨਾ ਚਿੱਟੀ ਮਸਤੀ, ਬੇਗ਼ਮਾਂ ਦੀ ਬਾਉਲੀ, ਭਾਰਾ ਮੰਦਰ, ਬੱਤੀ ਥੰਮ੍ਹਾਂ ਵਾਲੀ ਹਵੇਲੀ, ਮਜ਼ਾਰ ਬੰਦਗੀ ਸ਼ਾਹ, ਸਿਹਰਿਆਂ ਵਾਲੀ ਖ਼ਾਨਗਾਹ, ਡਾਕ ਮਨਾਰਾ ਇਥੋਂ ਦੀਆਂ ਹੋਰ ਪ੍ਰਸਿੱਧ ਯਾਦਗਰਾਂ ਹਨ।
ਇਥੇ ਬਿਜਲੀ ਦੀਆਂ ਮੋਟਰਾਂ, ਜਨਰੇਟਰ, ਮੋਨੋਟਾਈਪ ਪੰਪ, ਚੌਲ ਛੜਨ ਅਤੇ ਮੂੰਗਫਲੀ ਦਾ ਤੇਲ ਕੱਢਣ ਦੇ ਕਾਰਖ਼ਾਨੇ ਹਨ।
ਖੇਤੀ-ਬਾੜੀ ਤੋਂ ਇਲਾਵਾ ਖਜੂਰਾਂ ਦਾ ਰਸ ਕੱਢਣਾ, ਦਰੀਆ ਬਣਾਉਣਾ, ਚੰਦੇ ਠੇਪਣਾ ਇਥੋਂ ਦੇ ਲੋਕਾਂ ਦੇ ਵਿਸ਼ੇਸ਼ ਕਿੱਤੇ ਹਨ।
ਇਥੇ ਤਿੰਨ ਸਰਕਾਰੀ ਅਤੇ ਗ਼ੈਰ ਸਰਕਾਰੀ ਹਾਈ ਸਕੂਲ ਅਤੇ ਇਕ ਹਾਇਰ ਸੈਕੰਡਰੀ ਸਕੂਲ ਹੈ। ਇਸ ਤੋਂ ਇਲਾਵਾ ਇਥੇ ਲੜਕੀਆਂ ਦਾ ਸਰਕਾਰੀ ਦਸਤਕਾਰੀ ਸਕੂਲ ਅਤੇ ਇਕ ਖ਼ਾਲਸਾ ਕਾਲਜ 1969 ਈ. ਤੋਂ ਸਥਾਪਤ ਹੈ।
ਇਹ ਉੱਤਰੀ ਰੇਲਵੇ ਦਾ ਇਕ ਸਟੇਸ਼ਨ ਹੈ। ਇਹ ਪੱਕੀ ਸੜਕ ਰਾਹੀਂ ਆਲ-ਦੁਆਲੇ ਦਾ ਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।
ਇਸੇ ਕਸਬੇ ਦਾ ਪ੍ਰਬੰਧ ਇਕ ਮਿਉਂਸਪਲ ਕਮੇਟੀ ਚਲਾਉਂਦੀ ਹੈ।
ਹਰ ਸਾਲ ਲੱਖਾਂ ਸ਼ਰਧਾਲੂ ਪਵਿੱਤਰ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਇਥੇ ਆਉਂਦੇ ਹਨ।
ਆਬਾਦੀ– 13,722 (1991)
ਸਥਿਤੀ – 31º 10' ਉ. ਵਿਥ. ; 75º 10' ਪੂ. ਲੰਬ.
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-10-57-23, ਹਵਾਲੇ/ਟਿੱਪਣੀਆਂ: ਹ. ਪ. –ਮ. ਕੋ.; ਸੁਲਤਾਨਪੁਰ ਲੋਧੀ ਸਰਵੇ ਪੁਸਤਕ –ਭਾਸ਼ਾ ਵਿਭਾਗ, ਪੰਜਾਬ; ਇੰਪ ਗ; ਇੰਡ.
ਵਿਚਾਰ / ਸੁਝਾਅ
Please Login First