ਸੁੰਨਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁੰਨਤ : ਸੁੰਨਤ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਭਾਵ-ਅਰਥ ਹੈ, ਰੋਸ਼ਨੀ, ਦਸਤੂਰ, ਤਰੀਕਾ ਆਦਿ। ਇਸਲਾਮੀ ਸਾਹਿਤ ਦੇ ਸੰਦਰਭ ਵਿੱਚ ਸੁੰਨਤ ਤੋਂ ਭਾਵ ਹੈ ਉਹ ਕਾਰਜ ਜਿਸ ਸੰਬੰਧੀ ਕੁਰਾਨ ਵਿੱਚ ਸਪਸ਼ਟ ਆਦੇਸ਼ ਅੰਕਿਤ ਨਾ ਹੋਵੇ ਪਰੰਤੂ ਹਜ਼ਰਤ ਮੁਹੰਮਦ (ਸ.) ਨੇ ਰੱਬੀ ਇੱਛਾ ਅਧੀਨ ਉਸਨੂੰ ਖ਼ੁਦ ਕੀਤਾ ਹੋਵੇ ਜਾਂ ਕਰਨ ਦਾ ਹੁਕਮ ਫ਼ਰਮਾਇਆ ਹੋਵੇ। ਇਸ ਸ਼ਬਦ ਦਾ ਪ੍ਰਯੋਗ ਅੱਜ-ਕੱਲ੍ਹ ਭਾਰਤ ਅਤੇ ਪਾਕਿਸਤਾਨ ਆਦਿ ਦੇਸਾਂ ਵਿੱਚ ‘ਖ਼ਤਨਾ` ਸ਼ਬਦ ਲਈ ਵੀ ਕੀਤਾ ਜਾਂਦਾ ਹੈ ਹਾਲਾਂ ਕਿ ਖ਼ਤਨੇ ਦੀ ਰਸਮ ਵੀ ਸੁੰਨਤ ਦੇ ਅੰਤਰਗਤ ਹੀ ਆਉਂਦੀ ਹੈ। ਇੱਥੇ ਖ਼ਤਨਾ ਅਤੇ ਸੁੰਨਤ ਦੋਵੇਂ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ।

     ਯਹੂਦੀ ਅਤੇ ਇਸਲਾਮ ਧਰਮ ਵਿੱਚ ਮਰਦਾਵੇਂ ਬੱਚੇ ਦੇ ਲਿੰਗ ਦੇ ਅਗਲੇ ਸਿਰੇ ਦੀ ਵਾਧੂ ਚਮੜੀ ਨੂੰ ਕੱਟ ਦਿੱਤਾ ਜਾਂਦਾ ਹੈ। ਇਸ ਰਸਮ ਨੂੰ ਖ਼ਤਨਾ ਜਾਂ ਸੁੰਨਤ ਕਿਹਾ ਜਾਂਦਾ ਹੈ। ਸਾਮੀ ਧਰਮ ਪਰੰਪਰਾ ਵਿੱਚ ਇਸ ਰੀਤ ਦਾ ਪ੍ਰਚਲਨ ਪ੍ਰਸਿੱਧ ਪੈਗ਼ੰਬਰ ਹਜ਼ਰਤ ਇਬਰਾਹਮ (ਅਲੈ.) ਤੋਂ ਸਵੀਕਾਰ ਕੀਤਾ ਜਾਂਦਾ ਹੈ। ਕੁਝ ਪੱਛਮੀ ਵਿਦਵਾਨਾਂ ਅਨੁਸਾਰ, ਇਹ ਰਸਮ ਉਹਨਾਂ ਤੋਂ ਪਹਿਲਾਂ ਵੀ ਪ੍ਰਚਲਿਤ ਸੀ। ਇੱਕ ਹਦੀਸ ਅਨੁਸਾਰ, ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ‘ਹਜ਼ਰਤ ਇਬਰਾਹੀਮ ਨੇ ਅੱਸੀ ਸਾਲ ਦੀ ਉਮਰ ਵਿੱਚ ਖ਼ਤਨਾ ਕਰਵਾਇਆ।` ਇੱਕ ਹੋਰ ਰਵਾਇਤ ਅਨੁਸਾਰ, ਇਸਲਾਮੀ ਧਰਮ ਪਰੰਪਰਾ ਦੇ ਸਤਾਰਾਂ ਪੈਗ਼ੰਬਰ ਅਜਿਹੇ ਹਨ ਜਿਨ੍ਹਾਂ ਦਾ ਜਨਮ ਸਮੇਂ ਹੀ ਖ਼ਤਨਾ ਹੋਇਆ ਸੀ। ਇਹਨਾਂ ਵਿੱਚ ਪਹਿਲੇ ਪੈਗ਼ੰਬਰ ਹਜ਼ਰਤ ਆਦਮ (ਅਲੈ.) ਅਤੇ ਅੰਤਿਮ ਪੈਗ਼ੰਬਰ ਹਜ਼ਰਤ ਮੁਹੰਮਦ (ਸ.) ਦਾ ਉਲੇਖ ਅੰਕਿਤ ਹੈ। ਖ਼ਤਨੇ ਦੀ ਰਸਮ ਦਾ ਉਲੇਖ ਪਵਿੱਤਰ ਬਾਈਬਲ ਵਿੱਚ ਵੀ ਮਿਲਦਾ ਹੈ। ਈਸਾਈ ਧਰਮ ਦੇ ਅਨੁਯਾਈਆਂ ਵਿੱਚ ਭਾਵੇਂ ਧਾਰਮਿਕ ਰੂਪ ਵਿੱਚ ਇਸ ਰਸਮ ਦਾ ਪ੍ਰਚਲਨ ਨਹੀਂ ਹੈ ਪਰੰਤੂ ਫਿਰ ਵੀ ਇਸ ਦੇ ਵਿਭਿੰਨ ਲਾਭਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਫ਼ੀ ਲੋਕ ਖ਼ਤਨਾ ਕਰਵਾ ਲੈਂਦੇ ਹਨ।

     ਸੁੰਨਤ ਕਰਨ ਲਈ ਪਹਿਲਾਂ ਨਾਈ ਨੂੰ ਬੁਲਾਇਆ ਜਾਂਦਾ ਸੀ। ਉਹ ਬੱਚੇ ਦੇ ਗੁਪਤ ਅੰਗ ਦੀ ਅਗਲੇ ਪਾਸਿਓਂ ਚਮੜੀ ਉਸਤਰੇ ਨਾਲ ਕੱਟ ਕੇ ਜ਼ਖ਼ਮ ਉੱਤੇ ਪੱਟੀ ਬੰਨ੍ਹ ਦਿੰਦਾ ਸੀ। ਇਹ ਜ਼ਖ਼ਮ ਆਮ ਤੌਰ ਤੇ ਹਫ਼ਤੇ ਦਸ ਦਿਨਾਂ ਵਿੱਚ ਠੀਕ ਹੋ ਜਾਂਦਾ ਸੀ। ਅੱਜ-ਕੱਲ੍ਹ ਇਹ ਕੰਮ ਡਾਕਟਰ ਕਰਦੇ ਹਨ। ਉਹ ਚਮੜੀ ਨੂੰ ਸੁੰਨ ਕਰ ਕੇ ਖ਼ਤਨਾ ਕਰਦੇ ਹਨ ਅਤੇ ਇਸ ਨਾਲ ਬੱਚੇ ਨੂੰ ਤਕਲੀਫ਼ ਮਹਿਸੂਸ ਨਹੀਂ ਹੁੰਦੀ।

     ਇਸ ਰਸਮ ਦਾ ਭਾਵੇਂ ਕੁਰਾਨ ਸ਼ਰੀਫ਼ ਵਿੱਚ ਜ਼ਿਕਰ ਨਹੀਂ ਮਿਲਦਾ ਪਰੰਤੂ ਹਦੀਸ ਦੀਆਂ ਵਿਭਿੰਨ ਪੁਸਤਕਾਂ ਵਿੱਚ ਇਸ ਦਾ ਵਰਣਨ ਕੀਤਾ ਗਿਆ ਹੈ। ਇੱਕ ਹਦੀਸ ਅਨੁਸਾਰ, ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ‘ਪੰਜ ਚੀਜ਼ਾਂ ਫ਼ਿਤਰਤ (ਕੁਦਰਤ) ਵੱਲੋਂ ਹਨ। ਖ਼ਤਨਾ, ਧੁੰਨੀ ਤੋਂ ਹੇਠਲੇ ਰੋਮ (ਵਾਲ਼) ਸਾਫ਼ ਕਰਨਾ, ਮੁੱਛਾਂ (ਕੱਟ ਕੇ) ਨੀਵੀਆਂ ਰੱਖਣਾ, ਨਹੁੰ ਕੱਟਣਾ ਅਤੇ ਕੱਛਾਂ ਦੇ (ਰੋਮ) ਵਾਲ਼ ਸਾਫ਼ ਕਰਨਾ।` ਇਸਲਾਮੀ ਵਿਦਵਾਨਾਂ ਵੱਲੋਂ ਇਸਲਾਮ ਨੂੰ ਦੀਨ-ਏ-ਫ਼ਿਤਰਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸੁੰਨਤ ਦੀ ਰਸਮ ਕੁਦਰਤੀ ਨੇਮ ਦੇ ਉਲਟ ਪ੍ਰਤੀਤ ਹੁੰਦੀ ਹੈ। ਪਰੰਤੂ ਇਸ ਸੰਬੰਧੀ ਵਿਦਵਾਨਾਂ ਦਾ ਕਥਨ ਹੈ ਕਿ ਮਨੁੱਖ ਦੀ ਸਫ਼ਾਈ ਵੀ ਇੱਕ ਕੁਦਰਤੀ ਕਰਮ ਹੀ ਹੈ। ਸਾਉਦੀ ਅਰਬ ਵਿੱਚ ਤਾਂ ਖ਼ਤਨੇ ਦੀ ਰਸਮ ਨੂੰ ਕਿਹਾ ਹੀ ਤਾਹਾਰ (ਪਵਿੱਤਰ) ਜਾਂਦਾ ਹੈ। ਇਸਲਾਮ ਅਨੁਸਾਰ ਅੱਲਾ ਨੇ ਮਨੁੱਖ ਨੂੰ ਆਪਣੀ ਇਬਾਦਤ ਦੇ ਲਈ ਪੈਦਾ ਕੀਤਾ ਹੈ। ਇਬਾਦਤ ਦੇ ਲਈ ਅੰਦਰੂਨੀ ਅਤੇ ਬਾਹਰੀ ਸਫ਼ਾਈ ਲਾਜ਼ਮੀ ਹੈ। ਇਸ ਤਰ੍ਹਾਂ ਜ਼ਾਹਰ ਹੈ ਕਿ ਸੁੰਨਤ ਕਰਨਾ, ਨਹੁੰ ਕੱਟਣਾ ਜਾਂ ਵਾਲ਼ ਆਦਿ ਸਾਫ਼ ਕਰਨਾ ਮਨੁੱਖੀ ਜੀਵਨ ਦੇ ਵਿਧੀ-ਵਿਧਾਨ ਦੇ ਅਨੁਕੂਲ ਹੀ ਹਨ।

     ਇਨਸਾਈਕਲੋਪੀਡੀਆ ਆਫ਼ ਮਾਡਰਨ ਇਸਲਾਮਿਕ ਵਰਲਡ  ਅਨੁਸਾਰ ਸੁੰਨਤ ਦੀ ਰਸਮ ਮੁਸਲਿਮ ਜਗਤ ਵਿੱਚ ਪੂਰਨ ਰੂਪ ਵਿੱਚ ਵਿਦਮਾਨ ਨਹੀਂ ਹੈ। ਉਦਾਹਰਨ ਵਜੋਂ ਚੀਨ ਦੇ ਮੁਸਲਮਾਨ ਖ਼ਤਨਾ ਨਹੀਂ ਕਰਵਾਉਂਦੇ। ਫਿਰ ਵੀ ਸਮੁੱਚੇ ਰੂਪ ਵਿੱਚ ਮੁਸਲਿਮ ਜਗਤ ਵਿੱਚ ਇਹ ਰਸਮ ਇੱਕ ਧਾਰਮਿਕ ਕਰਮ ਸਮਝ ਕੇ ਪੂਰੀ ਕੀਤੀ ਜਾਂਦੀ ਹੈ। ਇਸਲਾਮੀ ਸ਼ਰੀਅਤ ਵਿੱਚ ਬੱਚੇ ਦੇ ਜਨਮ ਦੇ ਸੱਤਵੇਂ ਦਿਨ ਖ਼ਤਨਾ ਕਰਨ ਨੂੰ ਪਸੰਦ ਕੀਤਾ ਗਿਆ ਹੈ। ਫਿਰ ਵੀ ਸੰਸਾਰ ਦੇ ਵਿਭਿੰਨ ਇਸਲਾਮੀ ਦੇਸਾਂ ਵਿੱਚ ਇਹ ਰਸਮ ਸੱਤ ਦਿਨਾਂ ਤੋਂ ਲੈ ਕੇ ਤੇਰ੍ਹਾਂ ਸਾਲ ਜਾਂ ਬੱਚੇ ਦੇ ਬਾਲਗ਼ ਹੋਣ ਤੋਂ ਪਹਿਲਾਂ ਪੂਰੀ ਕਰ ਲਈ ਜਾਂਦੀ ਹੈ। ਜੇਕਰ ਕੋਈ ਵਿਅਕਤੀ ਸੁੰਨਤ ਨਾ ਕਰਾਵੇ ਤਾਂ ਉਹ ਇਸਲਾਮ ਧਰਮ ਦੇ ਦਾਇਰੇ ਵਿੱਚੋਂ ਬਾਹਰ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਵੱਡੀ ਉਮਰ ਦੇ ਨਵ-ਮੁਸਲਮਾਨ ਲਈ ਸੁੰਨਤ  ਕਰਵਾਉਣਾ ਜ਼ਰੂਰੀ ਨਹੀਂ, ਪਰ ਸ਼ਰੀਅਤ ਅਨੁਸਾਰ ਬਿਹਤਰ ਇਹ ਹੈ ਕਿ ਸੁੰਨਤ ਕਰਵਾ ਲਈ ਜਾਵੇ।

     ਸੰਸਾਰ ਦੇ ਵਿਭਿੰਨ ਦੇਸਾਂ ਵਿੱਚ ਇਸ ਇਸਲਾਮਿਕ ਰਸਮ ਦੇ ਵੱਖ-ਵੱਖ ਰੂਪ ਦ੍ਰਿਸ਼ਟੀਗੋਚਰ ਹੁੰਦੇ ਹਨ। ਮਿਸਾਲ ਵਜੋਂ ਸੂਡਾਨ ਵਿੱਚ ਇਹ ਰਸਮ ਵਿਆਹ ਦੇ ਜਸ਼ਨਾਂ ਵਾਂਗ ਨੇਪਰੇ ਚਾੜ੍ਹੀ ਜਾਂਦੀ ਹੈ। ਮੁੰਡੇ ਨੂੰ ਕੁੜੀਆਂ ਵਾਲਾ ਪਹਿਰਾਵਾ ਅਤੇ ਗਹਿਣੇ ਪਹਿਨਾਏ ਜਾਂਦੇ ਹਨ। ਖ਼ੁਸ਼ਬੂ ਅਤੇ ਮਹਿੰਦੀ ਲਗਾਈ ਜਾਂਦੀ ਹੈ। ਮਿਸਰ ਵਿੱਚ ਪਵਿੱਤਰ ਦਿਨਾਂ ਜਿਵੇਂ ਔਲੀਆ-ਅੱਲਾ ਆਦਿ ਦੇ ਜਨਮ ਦਿਨ `ਤੇ ਖ਼ਤਨਾ ਕੀਤਾ ਜਾਂਦਾ ਹੈ। ਅਜਿਹਾ ਬਜ਼ੁਰਗਾਂ ਦੀਆਂ ਦੁਆਵਾਂ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਇਸ ਅਵਸਰ `ਤੇ ਇੱਕ ਭੇਡ ਦੀ ਕੁਰਬਾਨੀ ਵੀ ਦਿੱਤੀ ਜਾਂਦੀ ਹੈ। ਮੋਰਾਕੋ ਵਿੱਚ ਇਹ ਰਸਮ ਮਾਂ ਦੀ ਨਿਗਰਾਨੀ ਵਿੱਚ ਵਿਆਹ ਦੀਆਂ ਰਸਮਾਂ ਵਾਂਗ ਪੂਰੀ ਕੀਤੀ ਜਾਂਦੀ ਹੈ। ਭਾਰਤ ਅਤੇ ਪਾਕਿਸਤਾਨ ਵਿੱਚ ਵੀ ਇਸ ਰਸਮ ਦੀ ਪੂਰਤੀ ਲਈ ਵਿਭਿੰਨ ਰੂਪ ਪ੍ਰਚਲਿਤ ਹਨ। ਇਸਲਾਮੀ ਚਿੰਤਕ ਹਜ਼ਰਤ ਅਸ਼ਰਫ਼ ਅਲੀ ਥਾਨਵੀ ਨੇ ਆਪਣੀ ਪ੍ਰਸਿੱਧ ਪੁਸਤਕ ਬਹਿਸ਼ਤੀ ਜ਼ੇਵਰ  ਵਿੱਚ ਖ਼ਤਨੇ ਦੀ ਰਸਮ ਵੇਲੇ ਲੋਕਾਂ ਜਾਂ ਸੰਬੰਧੀਆਂ ਨੂੰ ਸੱਦਾ ਪੱਤਰ ਭੇਜ ਕੇ ਨਿਮੰਤਰਨ ਦੇਣ, ਮੁੰਡੇ ਦਾ ਨਾਈ ਜਾਂ ਡਾਕਟਰ ਤੋਂ ਬਿਨਾਂ ਹੋਰ ਲੋਕਾਂ ਅੱਗੇ ਆਪਣਾ ਸਤਰ ਖੋਲ੍ਹਣ, ਰਿਸ਼ਤੇਦਾਰਾਂ ਵੱਲੋਂ ਨਕਦ ਰਕਮ ਦੇਣ ਜਾਂ ਗੀਤ ਸੰਗੀਤ ਦੀ ਮਹਿਫ਼ਲ ਆਯੋਜਿਤ ਕਰਨ ਨੂੰ ਗ਼ੈਰ-ਇਸਲਾਮੀ ਕਰਾਰ ਦਿੱਤਾ ਹੈ।

     ਪੁਸਤਕ ਸੁੰਨਤ-ਏ-ਨਬਵੀ ਔਰ ਜਦੀਦ ਸਾਇੰਸ  ਵਿੱਚ ਖ਼ਤਨੇ ਦੇ ਨਿਮਨ ਲਿਖਤ ਲਾਭ ਵਰਣਨ ਕੀਤੇ ਗਏ ਹਨ:

      1. ਸੁੰਨਤ ਕਾਰਨ ਵਿਅਕਤੀ ਗੁਪਤ ਅੰਗ ਦੇ ਕੈਂਸਰ ਤੋਂ ਸੁਰੱਖਿਅਤ ਰਹਿੰਦਾ ਹੈ।

      2. ਸੁੰਨਤ ਕਰਨ ਨਾਲ ਪਿਸ਼ਾਬ ਦੀ ਨਾੜੀ ਦੀ ਸੋਜਸ਼ ਅਤੇ ਗੁਰਦੇ ਦੀ ਪੱਥਰੀ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।

      3. ਸੁੰਨਤ ਹੋਣ ਨਾਲ ਮਨੁੱਖ ਅਣ-ਲੋੜੀਂਦੀ ਕਾਮ ਵਾਸ਼ਨਾ ਤੋਂ ਬਚ ਜਾਂਦਾ ਹੈ ਅਤੇ ਉਸ ਦੇ ਵਿਵਾਹਿਤ ਜੀਵਨ ਦੇ ਸੁੱਖ ਵਿੱਚ ਵਾਧਾ ਹੁੰਦਾ ਹੈ।

      4. ਕੁਝ ਬਿਮਾਰੀਆਂ ਦੇ ਕੀਟਾਣੂ ਲਿੰਗ ਦੀ ਵਧੀ ਹੋਈ ਚਮੜੀ ਵਿੱਚ ਫਸ/ਜੰਮ ਕੇ ਅੰਦਰੋਂ-ਅੰਦਰੀ ਵਧਦੇ ਰਹਿੰਦੇ ਹਨ ਜਿਸ ਕਾਰਨ ਦੱਦ, ਖਾਜ ਆਦਿ ਅਲਰਜੀ ਦੀ ਬਿਮਾਰੀ ਲੱਗ ਜਾਂਦੀ ਹੈ।

      5. ਆਤਸ਼ਿਕ, ਸੁਜ਼ਾਕ ਆਦਿ ਅਲਰਜੀ ਦੀਆਂ ਬਿਮਾਰੀਆਂ ਵਿੱਚ ਉਹਨਾਂ ਮਨੁੱਖਾਂ ਦੀ ਬਿਮਾਰੀ ਅਧਿਕ ਗੰਭੀਰ ਹੋ ਜਾਂਦੀ ਹੈ ਜਿਨ੍ਹਾਂ ਦੀ ਸੁੰਨਤ ਨਾ ਹੋਈ ਹੋਵੇ।

      6. ਔਰਤਾਂ `ਤੇ ਵੀ ਇਸਦਾ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਇਹੋ ਬਿਮਾਰੀਆਂ ਮਰਦਾਂ ਰਾਹੀਂ ਔਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਹਨ।


ਲੇਖਕ : ਅਨਵਰ ਚਿਰਾਗ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 19979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੁੰਨਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਨਤ [ਨਾਂਇ] ਉਹ ਕਾਰਜ ਜਿਸ ਦਾ ਕੁਰਾਨ ਸ਼ਰੀਫ਼ ਵਿੱਚ ਸਪਸ਼ਟ ਵਰਨਣ ਨਹੀਂ ਪਰੰਤੂ ਜਿਸ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਰੱਬੀ ਇੱਛਾ ਅਧੀਨ ਆਪ ਕੀਤਾ ਹੋਵੇ ਜਾਂ ਕਰਨ ਦਾ ਹੁਕਮ ਫ਼ਰਮਾਇਆ ਹੋਵੇ; ਸਾਮੀ ਧਰਮ ਪਰੰਪਰਾ ਅਨੁਸਾਰ ਨਰ ਬੱਚੇ ਦੀ ਜਣਨ-ਇੰਦਰੀ ਦੇ ਸਿਰੇ ਤੋਂ ਮਾਸ ਕੱਟਣ ਦੀ ਕਿਰਿਆ , ਖ਼ਤਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁੰਨਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸੁੰਨਤ. ਅ਼ ਸੰਗ੍ਯਾ—ਮਰਜਾਦਾ (ਮਯ੗੠ਦ੠). ਰੀਤਿ. ੨ ਇਸਲਾਮ ਅਨੁਸਾਰ ਜੋ ਜੋ ਕਰਮ ਮੁਹੰਮਦ ਸਾਹਿਬ ਨੇ ਆਪਣੀ ਉੱਮਤ ਨੂੰ ਸਿਖ੍ਯਾ ਦੇਣ ਲਈ ਕੀਤੇ, ਉਹ ਸਭ ਸੁੰਨਤਰੂਪ ਹਨ. ਮੁਹੰਮਦ ਸਾਹਿਬ ਦਾ ਆਚਰਣ ਮੁਸਲਮਾਨਾਂ ਲਈ ਸੁੰਨਤ ਹੈ.

 

੩ ਖ਼ਤਨੇ ਨੂੰ ਆਮ ਲੋਕ ਖ਼ਾਸ ਕਰਕੇ ਸੁੰਨਤ ਆਖਦੇ ਹਨ, ਕਿਉਂਕਿ ਇਹ ਭੀ ਮੁਸਲਮਾਨਾਂ ਦੀ ਮਰਜਾਦਾ ਹੈ ਅਤੇ ਪੈਗ਼ੰਬਰ ਮੁਹੰਮਦ ਨੇ ਆਪ ਖ਼ਤਨਾ ਕਰਵਾਇਆ ਸੀ.

ਭਾਵੇਂ ਖਤਨੇ ਦੀ ਆਗ੍ਯਾ ਕੁਰਾਨ ਵਿੱਚ ਨਹੀਂ ਹੈ, ਪਰ ਹਜਰਤ ਮੁਹੰਮਦ ਦੀ ਸੁੰਨਤ ਇਬਰਾਹੀਮ ਦੀ ਚਲਾਈ ਹੋਈ ਰੀਤਿ ਅਨੁਸਾਰ ਹੋਈ ਸੀ. ਦੇਖੋ, ਇਬਰਾਹੀਮ ੨ ਅਤੇ ਸੁੰਨਤਿ ੩.

ਖਤਨੇ ਦੀ ਆਗ੍ਯਾ ਅਤੇ ਰੀਤਿ ਬਾਈਬਲ ਵਿੱਚ ਭੀ ਪਾਈ ਜਾਂਦੀ ਹੈ. ਦੇਖੋ, Genesis ਕਾਂਡ ੧੭ ਅਤੇ Joshua ਕਾਂਡ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁੰਨਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੁੰਨਤ : ਇਸਲਾਮ ਨੇ ਮੁਸਲਮਾਨ ਬੱਚਿਆਂ ਦਾ ਖ਼ਤਨਾ ਕਰਨਾ ਸੁੰਨਤ (ਧਾਰਮਕ ਰੀਤੀ) ਕਰਾਰ ਦਿੱਤਾ ਹੋਇਆ ਹੈ। ਆਮ ਲੋਕ ‘ਖ਼ਤਨੇ’ ਨੂੰ ਸੁੰਨਤ ਵੀ ਕਹਿ ਦਿੰਦੇ ਹਨ। ‘ਖ਼ਤਨੇ’ ਨੂੰ ‘ਖ਼ਿਤਾਨ’ ਜਾਂ ‘ਖ਼ਿਤਾਨਾ’ ਵੀ ਕਹਿ ਦਿੱਤਾ ਜਾਂਦਾ ਹੈ।

          ਹਰ ਮੁਸਲਮਾਨ ਘਰਾਣੇ ਵਿਚ ਮੁੰਡਿਆਂ ਦੀ ਸੁੰਨਤ ਕਰਵਾਈ ਜਾਂਦੀ ਹੈ। ਵੱਡੀ ਉਮਰ ਵਿਚ ਸੁੰਨਤ ਦੀ ਤਕਲੀਫ਼ ਨੂੰ ਮੁੱਖ ਰਖਦਿਆਂ ਕਈ ਘਰਾਣਿਅ ਵਿਚ ਲੜਕੇ ਦੇ ਜਨਮ ਤੋਂ ਦੋ ਚਾਰ ਦਿਨ ਬਾਅਦ ਹੀ ਖ਼ਤਨਾ ਕਰ ਦਿੱਤਾ ਜਾਂਦਾ ਹੈ। ਪ੍ਰਸਿੱਧ ਉਰਦੂ ਲੇਖਕ ਕੁਰਤੁਲ ਐਨ. ਹੈਦਰ ਅਨੁਸਾਰ ਇਹ ਰਸਮ ਮੁੰਡੇ ਦੇ ਜਨਮ ਤੋਂ ਬਾਅਦ, ਕੁਝ ਦਿਨਾਂ ਦੇ ਅੰਦਰ ਅੰਦਰ, ਬਾਲ-ਅਵਸਥਾ ਜਾਂ ਬਚਪਨ ਦੇ ਮੁਢਲੇ ਕਾਲ ਵਿਚ ਕਿਸੇ ਸਮੇਂ ਕੀਤੀ ਜਾ ਸਕਦੀ ਹੈ।

          ਇਸਲਾਮ ਨੇ ਮਜ਼੍ਹਬ ਬਦਲ ਕੇ ਆਏ ਮੁਸਲਮਾਨਾਂ ਲਈ ਵੀਂ, ਭਾਵੇਂ ਉਨ੍ਹਾਂ ਦੀ ਉਮਰ ਕੁਝ ਵੀ ਕਿਉਂ ਨਾ ਹੋਵੇ, ਸੁੰਨਤ ਕਰਾਉਣਾ ਜ਼ਰੂਰੀ ਕਰਾਰ ਦਿੱਤਾ ਹੋਇਆ ਹੈ। ਬਾਲਗ਼ ਕਿਉਂਕਿ ਕਿਸੇ ਦੇ ਸਾਹਮਣੇ ਨੰਗਿਆਂ ਹੋਣਾ ਚੰਗਾ ਨਹੀਂ ਸਮਝਦੇ, ਇਸ ਲਈ ਉਹ ਆਪਣੀ ਸੁੰਨਤ ਖ਼ੁਦ ਕਰ ਸਕਦੇ ਹਨ।

          ਕਈ ਬੱਚੇ ਅਜਿਹੇ ਵੀ ਪੈਦਾ ਹੁੰਦੇ ਹਨ, ਜਿਨ੍ਹਾਂ ਦੀ ਸੁੰਨਤ ਕਰਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਪੈਦਾ ਹੀ ਅਜਿਹੀ ਹਾਲਤ ਵਿਚ ਹੁੰਦੇ ਹਨ। ਅਜਿਹੇ ਬੱਚੇ ਦੇ ਖ਼ਤਨੇ ਨੂੰ ਰਸੂਲੀਆ ਖ਼ਤਨਾ ਕਿਹਾ ਜਾਂਦਾ ਹੈ।

          ਸੁੰਨਤ ਦੀ ਰੀਤ ਹਜ਼ਰਤ ਇਬਰਾਹੀਮ ਦੇ ਸਮੇਂ ਤੋਂ ਸ਼ੁਰੂ ਹੋਈ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਖ਼ੁਦਾ ਦੇ ਹੁਕਮ ਅਨੁਸਾਰ ਆਪਣੇ ਬੱਚਿਆਂ ਦੀਆਂ ਸੁੰਨਤਾਂ ਕਰਵਾਈਆਂ ਸਨ।

          ਸੁੰਨਤ ਕਰਦੇ ਸਮੇਂ ਲਿੰਗ ਦੀ ਚਮੜੀ ਦੇ ਅਗਲੇ ਹਿੱਸੇ ਨੂੰ ਕੱਟ ਦਿੱਤਾ ਜਾਂਦਾ ਹੈ ਅਤੇ ਬਾਕੀ ਚਮੜੀ ਨੂੰ ਪਿਛੇ ਹਟਾ ਦਿੱਤਾ ਜਾਂਦਾ ਹੈ। ਬਾਕਾਇਦਾ ਮਲ੍ਹਮ ਪੱਟੀ ਕਰਨ ਨਾਲ ਜਾਂ ਸੁਆਹ ਭੁੱਕਣ ਨਾਲ ਜ਼ਖ਼ਮ ਛੇਤੀ ਹੀ ਠੀਕ ਹੋ ਜਾਂਦਾ ਹੈ।

          ਸੁੰਨਤ ਕਰਨ ਲੱਗਿਆਂ ਬੱਚੇ ਨੂੰ ਇਕ ਨਿਸ਼ਚਤ ਢੰਗ ਨਾਲ ਬਿਠਾਇਆ ਜਾਂਦਾ ਹੈ। ਬੱਚੇ ਦਾ ਮੂੰਹ ਕਿਬਲਾ-ਰੁਖ ਹੁੰਦਾ ਹੈ। ਚਮੜੀ ਕੱਟਣ ਸਮੇਂ ਬੱਚੇ ਦੇ ਮੂੰਹੋਂ ‘ਦੀਨ ਦੀਨ ਮੁਹੰਮਦ’ ਦੇ ਸ਼ਬਦ ਅਖਵਾਏ ਜਾਂਦੇ ਹਨ ਅਤੇ ਸਾਰੇ ਹਾਜ਼ਰ ਵਿਅਕਤੀ, ਸਮੇਤ ਸੁੰਨਤ ਕਰਨ ਵਾਲੇ ਹਜਾਮ ਜਾਂ ਡਾਕਟਰ ਦੇ, ਕਲਮਾ ਪੜ੍ਹਦੇ ਹਨ। ਮੁਸਲਮਾਨਾਂ ਵਿਚ ਇਹ ਰਸਮ ਵਿਸ਼ੇਸ਼ ਸ਼ਰਧਾ ਨਾਲ ਅਦਾ ਕੀਤੀ ਜਾਂਦੀ ਹੈ। ਬਾਅਦ ਵਿਚ ਦਾਅਵਤ ਕੀਤੀ ਜਾਂਦੀ ਹੈ ਅਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਕਈ ਵਾਰ ਸੁਜ਼ਾਕ ਦੇ ਰੋਗੀ ਨੂੰ ਵੀ ਸੁੰਨਤ ਦੁਆਰਾ ਠੀਕ ਕਰ ਦਿੱਤਾ ਜਾਂਦਾ ਹੈ।

          ਕੁਰਾਨ ਵਿਚ ਇਕ ਥਾਂ ਵੀ ਸੁੰਨਤ ਦਾ ਜ਼ਿਕਰ ਨਹੀਂ। ਇਸ ਨੂੰ ਪੈਗ਼ੰਬਰ ਦੁਆਰਾ ਚਲਾਈ ਰੀਤੀ ਤੇ ਆਧਾਰਤ ਸਮਝਿਆ ਜਾਂਦਾ ਹੈ। ਇਸ ਗੱਲ ਦਾ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲਦਾ ਕਿ ਹਜ਼ਰਤ ਮੁਹੰਮਦ ਨੇ ਖ਼ਤਨਾ ਕਰਵਾਇਆ ਹੋਇਆ ਸੀ ਪਰ ਕਈ ਲੇਖਕ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੀ ਪੈਦਾਇਸ਼ ਸਮੇਂ ਉਨ੍ਹਾਂ ਦਾ ਖ਼ਤਨਾ ਪਹਿਲਾਂ ਹੀ ਹੋਇਆ ਹੋਇਆ ਸੀ। ਇਸ ਗੱਲ ਨੂੰ ਬਹੁਤ ਸਾਰੇ ਪ੍ਰਮਾਣਿਕ ਲੇਖਕ ਰੱਦ ਵੀ ਕਰਦੇ ਹਨ।

          ਫ਼ਤਵਾਏ ਆਲਮ-ਗੀਰੀ ਅਨੁਸਾਰ ਅਰਬ ਦੇਸ਼ ਵਿਚ ਇਸਤਰੀਆਂ ਦਾ ਖ਼ਤਨਾ ਆਮ ਹੁੰਦਾ ਹੈ।

          ਹ. ਪੁ.––ਇਲਸਟਰੇਟਿਡ ਵੀਕਲੀ, ਸਾਲਾਨਾ ਅੰਕ, 1972; ਡਿ. ਇਸ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੁੰਨਤ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁੰਨਤ  : ਇਸਲਾਮ ਨੇ ਮੁਸਲਮਾਨ ਬੱਚਿਆਂ ਦਾ ਖ਼ਤਨਾ ਕਰਨਾ ਸੁੰਨਤ (ਧਾਰਮਕ ਰੀਤੀ) ਕਰਾਰ ਦਿੱਤਾ ਹੋਇਆ ਹੈ। ਆਮ ਲੋਕ 'ਖ਼ਤਨੇ' ਨੂੰ ਸੁੰਨਤ ਵੀ ਕਹਿ ਦਿੰਦੇ ਹਨ। 'ਖ਼ਤਨੇ' ਨੂੰ 'ਖ਼ਿਤਾਨਾ' ਜਾਂ 'ਖ਼ਿਤਨੇ' ਵੀ ਕਹਿ ਦਿੱਤਾ ਜਾਂਦਾ ਹੈ।

        ਹਰ ਮੁਸਲਮਾਨ ਘਰਾਣੇ ਵਿਚ ਮੁੰਡਿਆਂ ਦੀ ਸੁੰਨਤ ਕਰਵਾਈ ਜਾਂਦੀ ਹੈ। ਵੱਡੀ ਉਮਰ ਵਿਚ ਸੁੰਨਤ ਦੀ ਤਕਲੀਫ਼ ਨੂੰ ਮੁੱਖ ਰਖਦਿਆਂ ਹੋਇਆ ਕਈ ਘਰਾਣਿਆਂ ਵਿਚ ਲੜਕੇ ਦੇ ਜਨਮ ਤੋਂ ਦੋ ਚਾਰ ਦਿਨ ਬਾਅਦ ਹੀ ਖ਼ਤਨਾ ਕਰ ਦਿੱਤਾ ਜਾਂਦਾ ਹੈ। ਪ੍ਰਸਿੱਧ ਉਰਦੂ ਲੇਖਕ ਕੁਰਤੁਲ ਐਨ. ਹੈਦਰ ਅਨੁਸਾਰ ਇਹ ਰਸਮ ਮੁੰਡੇ ਦੇ ਜਨਮ ਤੋਂ ਬਾਅਦ, ਕੁਝ ਦਿਨਾ ਦੇ ਅੰਦਰ ਅੰਦਰ ਬਾਲ ਅਵਸਥਾ ਜਾਂ ਬਚਪਨ ਦੇ ਮੁੱਢਲੇ ਕਾਲ ਵਿਚ ਕਿਸੇ ਸਮੇਂ ਵੀ ਕੀਤੀ ਜੀ ਸਕਦੀ ਹੈ।

        ਇਸਲਾਮ ਨੇ ਮਜ਼੍ਹਬ ਬਦਲ ਕੇ ਬਣੇ ਮੁਸਲਮਾਨਾਂ ਲਈ ਵੀ ਭਾਵੇਂ ਉਨ੍ਹਾਂ ਦੀ ਉਮਰ ਕਿੰਨੀ ਵੀ ਹੋਵੇ; ਸੁੰਨਤ ਕਰਾਉਣਾ ਜ਼ਰੂਰੀ ਕਰਾਰ ਦਿੱਤਾ ਹੋਇਆ ਹੈ। ਬਾਲਗ਼ ਕਿਉਂਕਿ ਕਿਸੇ ਸਾਹਮਣੇ ਨੰਗਿਆਂ ਹੋਣ ਚੰਗਾ ਨਹੀਂ ਸਮਝਦੇ, ਇਸ ਲਈ ਉਹ ਆਪਣੀ ਸੁੰਨਤ ਖ਼ੁਦ ਕਰ ਸਕਦੇ ਹਨ।

        ਕਈ ਬੱਚੇ ਅਜਿਹੇ ਵੀ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਸੁੰਨਤ ਕਰਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਪੈਦਾ ਹੀ ਅਜਿਹੀ ਹਾਲਤ ਵਿਚ ਹੁੰਦੇ ਹਨ। ਅਜਿਹੇ ਬੱਚੇ ਦੇ ਖ਼ਤਨੇ ਨੂੰ ਰਸੂਲੀਆ ਖ਼ਤਨਾ ਕਿਹਾ ਜਾਂਦਾ ਹੈ।    

        ਸੁੰਨਤ ਦੀ ਰਸਮ ਹਜ਼ਰਤ ਇਬਰਾਹੀਮ ਦੇ ਸਮੇਂ ਤੋਂ ਸ਼ੁਰੂ ਹੋਈ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਖ਼ੁਦਾ ਹੁਕਮ ਅਨੁਸਾਰ ਆਪਣੇ ਬੱਚਿਆਂ ਦੀਆਂ ਸੁੰਨਤਾਂ ਕਰਵਾਈਆਂ ਸਨ।

        ਸੁੰਨਤ ਕਰਦੇ ਸਮੇਂ ਲੜਕੇ ਦੇ ਲਿੰਗ ਦੀ ਚਮੜੀ ਦੇ ਅਗਲੇ ਹਿੱਸੇ ਨੂੰ (ਸਪਾਰੀ ਉਪਰਲੀ ਗਿਲਾਫ਼ ਨੁਮਾ ਚਮੜੀ) ਕੱਟ ਦਿੱਤਾ ਜਾਂਦਾ ਹੈ ਅਤੇ ਬਾਕੀ ਚਮੜੀ ਨੂੰ ਪਿੱਛੇ ਹਟਾ ਦਿੱਤਾ ਜਾਂਦਾ ਹੈ। ਬਾਕਾਇਦਾ ਮਲ੍ਹਮ ਪੱਟੀ ਕਰਨ ਨਾਲ ਜਾਂ ਸੁਆਹ ਭੁੱਕਣ ਨਾਲ ਜ਼ਖ਼ਮ ਛੇਤੀ ਹੀ ਠੀਕ ਹੋ ਜਾਂਦਾ ਹੈ।

        ਸੁੰਨਤ ਕਰਨ ਲੱਗਿਆ ਬੱਚੇ ਨੂੰ ਇਕ ਨਿਸ਼ਚਿਤ ਢੰਗ ਨਾਲ ਬਿਠਾਇਆ ਜਾਂਦਾ ਹੈ। ਬੱਚੇ ਦਾ ਮੂੰਹ ਕਿਬਲਾ-ਰੁਖ ਹੁੰਦਾ ਹੈ। ਸਾਰੇ ਹਾਜ਼ਰ ਵਿਅਕਤੀ, ਸਮੇਤ ਸੁੰਨਤ ਕਰਨ ਵਾਲੇ ਹਜਾਮ ਜਾਂ ਡਾਕਟਰ ਦੇ ਕਲਮਾ ਪੜ੍ਹਦੇ ਹਨ। ਇਹ ਰਸਮ ਵਿਸ਼ੇਸ਼ ਸ਼ਰਧਾ ਨਾਲ ਅਦਾ ਕੀਤੀ ਜਾਂਦੀ ਹੈ। ਬਾਅਦ ਵਿਚ ਦਾਅਵਤ ਕੀਤੀ ਜਾਂਦੀ ਹੈ ਅਤੇ ਖੁਸ਼ੀਆਂ ਮਨਾਇਆ ਜਾਂਦੀਆਂ ਹਨ। ਕਈ ਵਾਰ ਸੁਜ਼ਾਕ ਦੇ ਰੋਗੀ ਨੂੰ ਵੀ ਸੁੰਨਤ ਦੁਆਰਾ ਠੀਕ ਕਰ ਦਿੱਤਾ ਜਾਂਦਾ ਹੈ।

        ਕੁਰਾਨ ਵਿਚ ਇਕ ਥਾਂ ਵੀ ਸੁੰਨਤ ਦਾ ਜ਼ਿਕਰ ਨਹੀਂ। ਇਸ ਨੂੰ ਪੈਗ਼ੰਬਰ ਦੁਆਰਾ ਚਲਾਈ ਰੀਤੀ ਤੇ ਅਧਾਰਤ ਸਮਝਿਆ ਜਾਂਦਾ ਹੈ। ਇਸ ਗੱਲ ਦਾ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲਦਾ ਕਿ ਹਜ਼ਰਤ ਮੁਹੰਮਦ ਨੇ ਖ਼ਤਨਾ ਕਰਵਾਇਆ ਹੋਇਆ ਸੀ ਪਰ ਕਈ ਲੇਖਕ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੀ ਪੈਦਾਇਸ਼ ਸਮੇ ਉਨ੍ਹਾਂ ਦਾ ਖ਼ਤਨਾ ਪਹਿਲਾਂ ਹੀ ਹੋਇਆ ਸੀ।

        ਫ਼ਤਵਾ-ਏ ਆਲਮ-ਗੀਰੀ ਅਨੁਸਾਰ ਅਰਬ ਦੇਸ਼ ਵਿਚ ਇਸਤਰੀਆਂ ਦਾ ਖ਼ਤਨਾ ਵੀ ਆਮ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-01-05-02-27, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ. 5 : 301

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.