ਸੂਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਰ (ਨਾਂ,ਪੁ) ਗੰਦਗੀ ਖਾਣ ਅਤੇ ਗੰਦਗੀ ਵਿੱਚ ਰਹਿਣ ਵਾਲਾ ਮੋਟੀ ਚਮੜੀ ਦਾ ਚੁਪਾਇਆ ਜਾਨਵਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੂਰ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Pig (ਪਿਗ) ਸੂਰ: ਇਕ ਛੋਟੇ ਕੱਦ ਦਾ ਸਭ ਕੁਝ ਖਾਣ-ਪੀਣ ਵਾਲਾ (omnivorous), ਛੇਤੀ ਵਧਣ-ਫੁਲਣ ਵਾਲਾ ਗੋਲ-ਮਟੋਲ ਸੂਰ, ਜਿਹੜਾ ਨਿਰੋਲ ਤਾਜ਼ੇ ਮਾਸ (pork) ਲਈ ਪਾਲਿਆ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸੂਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਰ 1 [ਨਾਂਪੁ] ਇੱਕ ਪਸੂ 2 [ਵਿਸ਼ੇ] ਸੂਰਮਾ, ਬਹਾਦਰ, ਯੋਧਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੂਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਰ. ਸੰ. ਸ਼ੂਲ. ਸੰਗ੍ਯਾ—ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. “ਭਯੋ ਸੂਰ ਰਾਜਾ ਜੂ ਮਰ੍ਯੋ.” (ਚਰਿਤ੍ਰ ੨੧੮) ਦੇਖੋ, ਸੂਲ ੩। ੨ ਕੰਡਾ. ਕੰਟਕ. ਭਾਵ—ਵੈਰੀ. “ਸੂਰ ਸੁਰਾਨ ਕੇ ਹਾਨ ਕਰੇ.” (ਗੁਪ੍ਰਸੂ) ੩ ਸ਼ੂਲ. ਭਾਲਾ. ਨੇਜਾ. “ਹਤੇ ਸਤ੍ਰੁ ਗਨ ਗਹਿ ਕਰ ਸੂਰ.” (ਗੁਪ੍ਰਸੂ) ੪ ਸੰ. ਸੂਰ.2 ਸੂਰਜ. “ਨਾਮ ਜਪਤ ਕੋਟਿ ਸੂਰ ਉਜਿਆਰਾ.” (ਜੈਤ ਮ: ੫) “ਕੇਤੇ ਇੰਦ ਚੰਦ ਸੂਰ ਕੇਤੇ.” (ਜਪੁ) ੫ ਭਾਵ—ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. “ਉਗਵੈ ਸੂਰ ਅਸੁਰ ਸੰਘਾਰੈ.” (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬ ਯੋਗਾਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. “ਸੂਰ ਸਤ ਖੋੜਸਾ ਦਤ ਕੀਆ.” (ਮਾਰੂ ਜੈਦੇਵ) ੭ ਪੰਡਿਤ. ਦਾਨਾ। ੮ ਸੰ. ਸ਼ੂਰ. ਯੋਧਾ. ਬਹਾਦੁਰ. “ਅਸੰਖ ਸੂਰ ਮੁਹ ਭਖ ਸਾਰ.” (ਜਪੁ) ੯ ਸੰ. ਸ਼ੌਯ. ਸੂਰਮਤਾ. ਬਹਾਦੁਰੀ. “ਖਤ੍ਰੀ ਸਬਦੰ ਸੂਰ ਸਬਦੰ.” (ਵਾਰ ਆਸਾ) ੧੦ ਸੰ. ਸ਼ੂਕਰ. ਸੂਅਰ. ਵਰਾਹ. “ਸੂਰ ਤਮ ਵ੍ਰਿੰਦ ਪਰ , ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.”3 (ਗੁਪ੍ਰਸੂ)
ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧. ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.4 ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧ ਅ਼ ਰ. ਤੁਰ੍ਹੀ. ਬਿਗੁਲ। ੧੨ ਇਸਰਾਫ਼ੀਲ ਫ਼ਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋਂ ਉਠ ਖੜੇ ਹੋਣਗੇ. ਦੇਖੋ, ਕੁਰਾਨ ਸੂਰਤ ੩੯, ਆਯਤ ੬੮। ੧੩ ਫ਼ਾ ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪ ਸ਼ਾਦੀ ਦੀ ਸਭਾ । ੧੫ ਸੁਰਖ ਰੰਗ। ੧੬ ਸ਼ਹਰਪਨਾਹ. ਫਸੀਲ। ੧੭ ਪੁਰਾਣਾ ਅਨੁਸਾਰ ਇੱਕ ਯਾਦਵ ਜਿਸ ਦਾ ਨਾਮ ਸ਼ੂਰ ਸੀ, ਜਿਸ ਤੋਂ ਸ਼ੂਰੀ (ਸ਼ੋਰਿ) ਗੋਤ ਚਲਿਆ. ਇਹ ਕ੍ਰਿਨ ਜੀ ਦਾ ਵਡੇਰਾ ਸੀ। ੧੮ ਮਹਾਕਵਿ ਭਗਤ ਸੂਰਦਾਸ ਦਾ ਸੰਖੇਪ ਨਾਮ “ਸੂਰ ਤੁਲਸੀ ਕੇ ਕ੍ਰਿਸਨ ਰਾਮ ਨੇ ਦਰਸ ਦਯੋ.” (ਗ੍ਵਾਲ) “ਕਿਧੌਂ ਸੂਰ ਕੋ ਸਰ ਲਗ੍ਯੋ ਕਿਧੌਂ ਸੂਰ ਕੀ ਪੀਰ । ਕਿਧੌਂ ਸੂਰ ਕੋ ਪਦ ਲਗ੍ਯੋ, ਤਨ ਮਨ ਧੁਨਤ ਸਰੀਰ.” (ਤਾਨਸੇਨ) ਸੂਰਮੇ (ਬਹਾਦੁਰ) ਦਾ ਤੀਰ ਲੱਗਾ, ਜਾਂ ਸੂਲ ਰੋਗ ਦੀ ਪੀੜ ਹੈ, ਅਥਵਾ ਸੂਰ ਦਾਸ ਦੇ ਵਾਕ ਦਾ ਅਸਰ ਹੋਇਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 61542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੂਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੂਰ (ਸੰ.। ਸੰਸਕ੍ਰਿਤ) ੧. ਸੂਰਜ। ਯਥਾ-‘ਨ ਸੂਰ ਸਸਿ ਮੰਡਲੋ’।
੨. ਸੂਰਜ ਨਾੜੀ , ਪਿੰਗਲਾ ।
੩. (ਸੰਪ੍ਰਦਾ) ਇੜਾ। ਯਥਾ-‘ਸੂਰ ਸਰੁ ਸੋਸਿ ਲੈ ’। ਤਥਾ-‘ਪਛਿਮ ਫੇਰਿ ਚੜਾਵੈ ਸੂਰੁ’ (ਪਛਮ) ਪਿੰਗਲਾ ਸੁਰ ਦੀ ਪਉਣ ਨੂੰ ਫੇਰ ਕੇ ਚੜ੍ਹਾਵੇ (ਸੂਰ) ਇੜਾ ਵਿਚ ਅਥਵਾ (ਪਛਮ) ਸੰਸਾਰ ਵਲੋਂ ਫੇਰ ਕੇ ਬ੍ਰਿਤੀ ਨੂੰ ਚੜ੍ਹਾਵੇ (ਸੁਰ) ਪਰਮਾਤਮਾ ਵਿਚ।
੪. (ਸੰ.। ਸੰਸਕ੍ਰਿਤ ਸ਼ੂਰ) ਸੂਰਤਾ। ਯਥਾ-‘ਤਿਥੈ ਜੋਧ ਮਹਾਬਲ ਸੂਰ’। ਤਥਾ-‘ਸੂਰ ਅਜਿਤੰ’ ਨਾ ਜਿਤੇ ਜਾਣ ਵਾਲੇ ਸੂਰਮੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 61218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੂਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੂਰ : ਇਹ ਥਣਧਾਰੀ ਪ੍ਰਾਣੀਆਂ ਦੀ ਸੂਇਡੀ (Suidae) ਕੁਲ ਦੇ ਨਰ ਜਾਨਵਰ ਦਾ ਨਾਂ ਹੈ; ਇਸ ਦੀ ਮਾਦਾ ਨੂੰ ਸੂਰੀ ਜਾਂ ਸੂਰਨੀ ਕਹਿੰਦੇ ਹਨ। ਇਹ ਜੰਗਲੀ ਅਤੇ ਪਾਲਤੂ ਦੋਹਾਂ ਕਿਸਮਾਂ ਦਾ ਹੁੰਦਾ ਹੈ। ਭਾਰਤੀ ਜੰਗਲੀ ਸੂਰ ਦਾ ਪ੍ਰਾਣੀ ਵਿਗਿਆਨਕ ਨਾਂ ਸੱਸ ਕ੍ਰਿਸਟੇਟਸ (Sus cristatus) ਹੈ।
ਸੂਰ ਦਾ ਸਰੀਰ ਗੋਲ, ਲੱਤਾਂ ਛੋਟੀਆਂ ਤੇ ਪੂਛ ਨਿੱਕੀ ਹੁੰਦੀ ਹੈ। ਇਹ ਸਰਬ ਆਹਾਰੀ, ਖੁਰਾਂ ਵਾਲਾ ਜਾਨਵਰ ਹੈ। ਇਸ ਦਾ ਸਰੀਰ ਮੋਟੀ ਖੱਲ ਦਾ ਬਣਿਆ ਹੁੰਦਾ ਹੈ ਜਿਸ ਉਤੇ ਛੋਟੇ ਛੋਟੇ ਖਰ੍ਹਵੇਂ ਵਾਲ ਹੁੰਦੇ ਹਨ। ਮੂੰਹ ਲੰਮੀ ਗਤੀਸ਼ੀਲ ਥੂਥਨੀ ਦੇ ਰੂਪ ਵਿਚ ਅੱਗੇ ਵਧਿਆ ਹੁੰਦਾ ਹੈ। ਇਹ ਥੂਥਨੀ ਅੱਗੋਂ ਚਪਟੀ ਹੁੰਦੀ ਹੈ ਜਿਸ ਦੇ ਵਿਚਕਾਰ ਮੁਲਾਇਮ ਹੱਡੀ ਦਾ ਇਕ ਚੱਕਰ ਹੁੰਦਾ ਹੈ ਜੋ ਥੂਥਨੀ ਨੂੰ ਕਰੜਾ ਬਣਾਈ ਰਖਦਾ ਹੈ। ਥੂਥਨੀ ਨਾਲ ਇਹ ਜ਼ਮੀਨ ਖੋਦ ਦਿੰਦੇ ਹਨ ਅਤੇ ਭਾਰੀ ਭਾਰੀ ਪੱਥਰਾਂ ਨੂੰ ਆਸਾਨੀ ਨਾਲ ਉਲਟਾ ਦਿੰਦੇ ਹਨ। ਇਨ੍ਹਾਂ ਦਾ ਸਿਰ ਹੇਠ੍ਹਾਂ ਵਲ ਹੁੰਦਾ ਹੈ ਜਿਸ ਕਰਕੇ ਇਹ ਜ਼ਮੀਨ ਦੇ ਨੇੜੇ ਹੀ ਖਾਂਦੇ ਪੀਂਦੇ ਅਤੇ ਸਾਹ ਲੈਂਦੇ ਹਨ। ਬਾਲਗ਼ ਸੂਰ ਵਿਚ ਦੰਦਾਂ ਦੀ ਗਿਣਤੀ 44 ਹੁੰਦੀ ਹੈ। ਮਖ਼ਲੇ ਦੰਦ ਇਨ੍ਹਾਂ ਦੀ ਆਤਮ-ਰੱਖਿਆ ਲਈ ਹਥਿਆਰ ਹਨ। ਇਹ ਇੰਨੇ ਮਜ਼ਬੂਤ ਤੇ ਤੇਜ਼ ਹੁੰਦੇ ਹਨ ਕਿ ਘੋੜਿਆਂ ਤਕ ਦਾ ਪੇਟ ਪਾੜ ਦਿੰਦੇ ਹਨ। ਉਪਰਲੇ ਮਖ਼ਲੇ ਦੰਦ ਬਾਹਰ ਨਿਕਲ ਕੇ ਉੱਪਰ ਵਲ ਮੁੜੇ ਹੋਏ ਹੁੰਦੇ ਹਨ ਪਰੰਤੂ ਹੇਠ੍ਹਾਂ ਦੇ ਵੱਡੇ ਅਤੇ ਸਿੱਧੇ ਹੁੰਦੇ ਹਨ। ਜਦੋਂ ਇਹ ਆਪਣੇ ਜਬਾੜ੍ਹਿਆਂ ਨੂੰ ਬੰਦ ਕਰਦੇ ਹਨ ਤਾਂ ਦੋਵੇਂ ਆਪਸ ਵਿਚ ਰਗੜ ਖਾ ਕੇ ਹਮੇਸ਼ਾ ਤੇਜ਼ ਅਤੇ ਨੋਕੀਲੇ ਬਣੇ ਰਹਿੰਦੇ ਹਨ। ਇਨ੍ਹਾਂ ਦੇ ਖੁਰਾਂ ਉੱਪਰ ਦੋ ਕਿਰਿਆਸ਼ੀਲ ਅਤੇ ਦੋ ਅਕਿਰਿਆਸ਼ੀਲ ਉਂਗਲਾਂ ਹੁੰਦੀਆਂ ਹਨ।
ਯੂਰਪ ਤੇ ਭਾਰ ਵਿਚ ਮਿਲੇ ਪਥਰਾਟਾਂ ਤੋਂ ਇਸ ਦੀ ਹੋਂਦ ਨੀਓਲਿਥਿਕ ਯੁਕ ਤਕ ਮਿਲਦੀ ਹੈ। ਇਸ ਦੀਆਂ ਹੱਡੀਆਂ ਭੇਡਾਂ, ਕੁੱਤਿਆਂ ਅਤੇ ਗਊਆਂ-ਮੱਝਾਂ ਦੀਆਂ ਹੱਡੀਆਂ ਦੇ ਨਾਲ ਮਿਲੀਆਂ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਪਾਲਣਾ ਇਸੇ ਸਮੇਂ ਵਿਚ ਸ਼ੁਰੂ ਹੋਈ। ਆਧੁਨਿਕ ਸੂਰ ਦੀਆਂ ਕਿਸਮਾਂ, ਭਾਰੇ ਮੋਢੇ ਵਾਲੇ ਯੂਰਪੀ ਜੰਗਲੀ ਬੋਰ (ਸੂਰ) ਨੂੰ ਚੀਨੀ ਸੂਰ ਨਾਲ ਦੋਗਲਾਕਰਨ (ਕ੍ਰਾੱਸ-ਬ੍ਰੀਡਿੰਗ) ਕਰਨ ਮਗਰੋਂ ਵਿਕਸਿਤ ਹੋਈਆਂ। ਪੁਰਾਤਨ ਕਾਲ ਵਿਚ ਸੂਰਾਂ ਨੂੰ ਜਣਨ-ਸ਼ਕਤੀ ਦਾ ਸੂਚਕ ਮੰਨਿਆ ਜਾਂਦਾ ਸੀ। ਯੂਨਾਨੀ ਲੋਕ ਇਸ ਨੂੰ ਡੀਮੀਟਰ ਦੇਵਤੇ ਨਾਲ ਸਬੰਧਤ ਦੱਸਦੇ ਸੀ ਪਰ ਮਿਸਰ ਵਿਚ ਔਸੀਰਿਸ ਦੇ ਸਨਮਾਨ ਵਜੋਂ ਇਸ ਦਾ ਮਾਸ ਸਾਲ ਵਿਚ ਇਕ ਦਿਨ ਖਾਂਦੇ ਸਨ। ਇਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਜਾਪਾਨ ਵਿਚ ਬੋਰ ਸੂਰਾਂ ਦੇ ਸਨਮਾਨ ਵਿਚ ਪਵਿੱਤਰ ਯਾਦਗਾਰਾਂ ਮਿਲਦੀਆਂ ਹਨ। ਪਰ ਹੌਲੀ ਹੌਲੀ ਇਹ ਗੱਲ ਜ਼ੋਰ ਫੜ ਗਈ ਕਿ ਆਮ ਸੂਰ ਗੰਦੇ ਹੁੰਦੇ ਹਨ। ਇਸ ਕਰਕੇ ਯਹੂਦੀਆਂ ਤੇ ਮੁਸਲਮਾਨਾਂ ਨੇ ਇਸ ਨੂੰ ਖਾਣਾ ਵਰਜਿਤ ਹੀ ਨਹੀਂ ਕੀਤਾ ਸਗੋਂ ਇਸ ਤਰ੍ਹਾਂ ਕਰਨਾ ਪਾਪ ਸਮਝਿਆ। ਭਾਵੇਂ ਇਹ ਕੁਦਰਤੀ ਰੂਪ ਵਿਚ ਇੰਨਾਂ ਗੰਦਾ ਜਾਨਵਰ ਨਹੀਂ ਹੈ ਪਰ ਫਿਰ ਵੀ ਈਸਾਈ ਕਹਾਵਤਾਂ ਵਿਚ ‘ਪਿੱਗ’, ‘ਸਵਾਇਨ’ ਆਦਿ ਲਫ਼ਜ਼ਾਂ ਦੀ ਵਰਤੋਂ ਮਾਨ-ਭੰਗ ਨੂੰ ਸੰਬੋਧਿਤ ਕਰਦੀ ਹੈ।
ਏਸ਼ੀਆ ਸੰਸਾਰ ਵਿਚ ਸਭ ਤੋਂ ਜ਼ਿਆਦਾ ਸੂਰ ਪੈਦਾ ਕਰਦਾ ਹੈ। ਇਸ ਤੋਂ ਪਿਛੋਂ ਯੂਰਪ, ਉੱਤਰੀ ਅਮਰੀਕਾ, ਰੂਸ ਅਤੇ ਦੱਖਣੀ ਅਮਰੀਕਾ ਦਾ ਨੰਬਰ ਆਉਂਦਾ ਹੈ।
ਬਹੁਤ ਸਾਰੇ ਦੇਸ਼ਾਂ ਵਿਚ ਸੂਰ ਦਾ ਮਾਸ ਅੰਡਿਆਂ ਅਤੇ ਮੱਛੀਆਂ ਤੋਂ ਇਲਾਵਾ ਭੋਜਨ ਦਾ ਮੁੱਖ ਅੰਸ਼ ਬਣ ਗਿਆ ਹੈ। ਤਪਤ-ਖੰਡ ਦੇ ਪਛੜੇ ਇਲਾਕਿਆਂ ਵਿਚ ਲੋਕ ਸੂਰਾਂ ਨੂੰ ਚੋਖੀ ਆਮਦਨ ਕਾਰਨ ਪਾਲਦੇ ਹਨ। ਅੰਤਰਰਾਸ਼ਟਰੀ ਪੱਧਰ ਤੇ ਕੀਤੇ ਜਾ ਰਹੇ ਵਪਾਰ ਵਿਚ ਸੂਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਨਹੀਂ ਭੇਜਿਆ ਜਾਂਦਾ ਸਗੋਂ ਇਨ੍ਹਾਂ ਦੇ ਮਾਸ ਨੂੰ ਹੀ ਡੱਬਿਆਂ ਵਿਚ ਬੰਦ ਕਰਕੇ ਲਿਜਾਇਆ ਜਾਂਦਾ ਹੈ।
ਪ੍ਰਜਣਨ ਤੇ ਨਸਲਾਂ––ਪਾਲਤੂ ਸੂਰ ਇਕ ਦੂਜੀ ਕਿਸਮ ਤੋਂ ਅਤੇ ਆਪਣੇ ਜੰਗਲੀ ਪੂਰਵਜਾਂ ਤੋਂ ਸਰੀਰ ਦੀ ਬਣਤਰ, ਰੰਗ, ਅਕਾਰ, ਸੁਭਾਅ ਅਤੇ ਹੋਰ ਕਈ ਲੱਛਣਾਂ ਕਾਰਨ ਭਿੰਨ ਹੁੰਦੇ ਹਨ। ਕਈ ਇਹੋ ਜਿਹੀਆਂ ਨਸਲਾਂ ਵੀ ਤਿਆਰ ਕੀਤੀਆਂ ਗਈਆਂ ਹਨ ਜੋ ਵੱਖ ਵੱਖ ਭੂਗੋਲਿਕ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਅਤੇ ਆਰਥਿਕ ਦ੍ਰਿਸ਼ਟੀ ਤੋਂ ਲਾਭਵੰਦ ਹੋਣ।
ਮੁਖ ਤੌਰ ਤੇ ਸੂਰਾਂ ਦੀਆਂ ਤਿੰਨ ਕਿਸਮਾਂ ਹਨ : ਵੱਡੇ ਅਕਾਰ ਵਾਲੀ ਲਾਰਡ ਕਿਸਮ ਜਿਸ ਵਿਚ ਤੁਲਨਾਤਮਕ ਤੌਰ ਤੇ ਜ਼ਿਆਦਾ ਚਰਬੀ ਹੁੰਦੀ ਹੈ ਅਤੇ ਇਸ ਦਾ ਮ੍ਰਿਤਕ ਸਰੀਰ 100 ਕਿ. ਗ੍ਰਾ. ਤਕ ਭਾਰੀ ਹੁੰਦਾ ਹੈ; ਛੋਟੀ ਬੇਕਨ ਕਿਸਮ 70 ਕਿ. ਗ੍ਰਾ. ਹੁੰਦੀ ਹੈ ਅਤੇ ਪੋਰਕ ਕਿਸਮ ਲਗਭਗ 45 ਕਿ. ਗ੍ਰਾ. ਭਾਰੀ ਹੁੰਦੀ ਹੈ। ਸੰਸਾਰ ਵਿਚ ਸੂਰਾਂ ਦੀਆਂ ਲਗਭਗ 300 ਸਥਾਨਕ ਕਿਸਮਾਂ ਹਨ। ਆਮ ਤੌਰ ਤੇ ਚਿੱਟੇ ਸੂਰਾਂ ਨੂੰ ਪਾਲਣ ਲਈ ਚੰਗੇ ਪ੍ਰਬੰਧ ਦੀ ਲੋੜ ਹੁੰਦੀ ਹੈ ਪਰ ਰੰਗਦਾਰ ਸੂਰ ਦੋ ਧੁੱਪ ਨੂੰ ਸਹਾਰ ਸਕਦੇ ਹਨ, ਪੈਦਾਵਾਰ ਵਧਾਉਣ ਅਤੇ ਦੋਗਲਾਕਰਨ ਲਈ ਵਰਤੇ ਜਾਂਦੇ ਹਨ। ਪਾਲਤੂ ਸੂਰਾਂ ਦੀਆਂ ਪ੍ਰਸਿੱਧ ਕਿਸਮਾਂ ਦੀ ਸੂਚੀ ਚਾਰਟ ਵਿਚ ਦਿੱਤੀ ਗਈ ਹੈ।
ਪਾਲਤੂ ਸੂਰਾਂ ਦੀਆਂ ਪ੍ਰਮੁੱਖ ਨਸਲਾਂ
ਨਾਂ ਅਤੇ ਕਿਸਮ
|
ਵੰਡ
|
ਸ਼ਕਲ ਸੂਰਤ
|
ਲੱਛਣ
|
1. ਬੈਲਟਸਵਿਲ ਨੰ : 1 (Beltsville) ਅਤੇ ਨੰ: 2 (ਗੋਸ਼ਤ)
|
ਦੋਵੇਂ ਸੰਯੁਕਤ ਰਾਜ (ਸੰ. ਰਾ.) ਵਿਚ ਵਿਕਸਿਤ ਹੋਈਆਂ
|
ਨੰ: 1 ਕਾਲਾ ਤੇ ਨੰ: 2 ਲਾਲ
|
ਦੋਵੇਂ ਗੋਸ਼ਤ ਵਾਸਤੇ ਪਾਲੇ ਗਏ
|
2. ਬਰਕਸ਼ਿਰ (ਗੋਸ਼ਤ) (Berkshire)
|
ਯੂ. ਕੇ., ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਮਰੀਕਾ
|
ਦਰਮਿਆਨਾ ਅਕਾਰ, ਰੰਗ ਜ਼ਿਆਦਾਤਰ ਕਾਲਾ, ਮੂੰਹ, ਲੱਤਾਂ ਅਤੇ ਪੂਛ ਦੇ ਸਿਰੇ ਤੋਂ ਚਿੱਟਾ
|
ਭਿੰਨ ਭਿੰਨ ਸਥਾਨਾਂ ਤੇ ਪੋਰਕ ਅਤੇ ਬੇਕਨ ਲਈ ਪਾਲੀਆਂ ਗਈਆਂ
|
3. ਚੈਸਟਰ ਵ੍ਹਾਈਟ (ਲਾਰਡ)
|
ਅਮਰੀਕਾ ਦੀ ਚੈੱਸਟਰ ਕਾਊਂਟੀ (ਪੈੱਨਸਿਲਵਾਨੀਆ) ਤੋਂ ਵਿਕਸਿਤ ਹੋਈ
|
ਵੱਡਾ ਸਫ਼ੈਦ ਤੇ ਗੁਲਾਬੀ ਚਮੜੀ ਵਾਲਾ
|
ਲਾਰਡ ਕਿਸਮ
|
4. ਡਿਊਰਾਕ ਜਾਂ ਡਿਵਰਾਕ ਜਰਸੀ (Duroc) (ਲਾਰਡ)
|
ਉੱਤਰੀ ਤੇ ਦੱਖਣੀ ਅਮਰੀਕਾ
|
ਦਰਮਿਆਨਾ ਅਕਾਰ, ਕੰਨ ਲਟਕੇ ਹੋਏ
|
ਅੱਧਾ ਜਰਸੀ ਲਾਲ, ਅੱਧਾ ਡਿਊਰਾਕ
|
5. ਹੈਂਪਸ਼ਿਰ (ਗੋਸ਼ਤ) (Hampshire)
|
ਸੰ. ਰਾ. ਵਿਚ ਵਿਕਸਿਤ ਹੋਈ
|
ਦਰਮਿਆਨਾ ਭਾਰ, ਲੰਮਾ ਸਰੀਰ, ਕਾਲਾ ਰੰਗ
|
ਚੁਸਤ, ਚੁਕੰਨੀ, ਚੰਗੀ-ਚਾਰੂ
|
6. ਹੈੱਰਫਰਡ (ਲਾਰਡ) (Hereford)
|
ਸੰ. ਰਾ. ਵਿਚ ਵਿਕਸਿਤ ਹੋਈ (ਲਗਭਗ 1900)
|
ਦਰਮਿਆਨਾ ਅਕਾਰ, ਹਲਕਾ ਤੇ ਗੂੜ੍ਹਾ ਲਾਲ ਰੰਗ
|
ਲਾਰਡ ਲਈ ਪਾਲੀ ਗਈ
|
7. ਲੈਂਡਰੇਸ (ਗੋਸ਼ਤ) (Landrace)
|
ਉੱਤਰੀ ਤੇ ਕੇਂਦਰੀ ਯੂਰਪ ਅਤੇ ਸੰ. ਰਾ.
|
ਦਰਮਿਆਨਾ ਅਕਾਰ, ਸਫ਼ੈਦ ਰੰਗ
|
ਕਈ ਨਸਲਾਂ, ਬੇਕਨ ਲਈ ਪਾਲੀ ਗਈ
|
8. ਮੈਰੀਲੈਂਡ ਨੰ: 1 (ਗੋਸ਼ਤ) (Maryland)
|
ਸੰ. ਰਾ. ਵਿਚ ਵਿਕਸਿਤ ਹੋਈ (1941)
|
ਦਰਮਿਆਨਾ ਅਕਾਰ, ਕਾਲੇ ਤੇ ਚਿੱਟੇ ਰੰਗ ਦੇ ਧੱਬਿਆਂ ਵਾਲੀ
|
ਲਗਭਗ 60% ਲੈਂਡਰੇਸ 40% ਬਰਕਸ਼ਿਰ
|
9. ਮਿਨਸੋਟਾ ਨੰ: 1 (Minnesota) ਨੰ: 2 ਅਤੇ ਨੰ: 3
|
ਸੰ. ਰਾ. ਵਿਚ ਵਿਕਸਿਤ ਹੋਈ
|
ਕਈ ਰੰਗਾਂ ਵਿਚ
|
ਸਾਰੀਆਂ ਗੋਸ਼ਤ ਨਸਲਾਂ
|
10. ਮਾਨਟੈਨਾ ਨੰ: 1 (Montana) (ਗੋਸ਼ਤ)
|
ਸੰ. ਰਾ. ਵਿਚ ਵਿਕਸਿਤ ਹੋਈ (1930)
|
ਜ਼ਰਾ-ਕੁ ਮੁੜੀ ਹੋਈ ਪਿੱਠ, ਸਾਫ਼ ਸੁਥਰੇ ਜਬਾੜ੍ਹੇ
|
ਲੈਂਡਰੇਸ ਅਤੇ ਹੈਂਪਸ਼ਿਰ ਦਾ ਸੰਯੋਗ
|
11. ਪੱਲੂਸ (ਗੋਸ਼ਤ) (Palouse)
|
ਸੰ. ਰਾ. ਵਿਚ ਵਿਕਸਿਤ ਹੋਈ (1945)
|
ਸਫ਼ੈਦ, ਦਰਮਿਆਨਾ ਅਕਾਰ
|
2/3 ਹਿੱਸਾ ਲੈਂਡਰੇਸ 1/3 ਹਿੱਸਾ ਚੈੱਸਟਰ ਵ੍ਹਾਈਟ
|
12. ਪੋਲੈਂਡ ਚਾਈਨਾ (ਗੋਸ਼ਤ) (Poland China)
|
ਸੰ. ਰਾ. ਵਿਚ ਵਿਕਸਿਤ ਹੋਈ
|
ਜ਼ਿਆਦਾਤਰ ਕਾਲਾ, ਲੱਤਾਂ, ਨੱਕ ਅਤੇ ਪੂਛ ਸਫ਼ੈਦ
|
ਰੂਸੀ, ਬਾਈਫੀਲਡ ਵੱਡੀ ਚੀਨੀ ਹਾਗ ਦੀ ਉਪਜ
|
13. ਸਪਾਇਡ ਪੋਲੈਂਡ ਚਾਈਨਾ (Spotted Poland China) (ਗੋਸ਼ਤ)
|
ਸੰ. ਰਾ. ਵਿਚ ਵਿਕਸਿਤ ਹੋਈ
|
ਕਾਲੀਆਂ ਲੱਤਾਂ ਨੂੰ ਛੱਡ ਕੇ ਜ਼ਿਆਦਾਤਰ ਸਫ਼ੈਦ
|
ਕਦੀ ਕਦੀ ਸਪਾਟਸ ਵੀ ਕਿਹਾ ਜਾਂਦਾ ਹੈ
|
14. ਟੈਮਵਰਥ (ਗੋਸ਼ਤ) (Tamworth)
|
ਸੰ. ਰਾ., ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ
|
ਵੱਡਾ, ਕਈ ਰੰਗਾਂ ਵਿਚ
|
ਦੋਗਲਾਕਰਨ ਲਈ ਵਰਤੀ ਜਾਣ ਵਾਲੀ ਅਤੇ ਬੇਕਨ ਲਈ ਪਾਲੀ ਗਈ
|
15. ਯਾਰਕਸ਼ਿਰ ਲਾਰਜ ਵ੍ਹਾਈਟ (ਗੋਸ਼ਤ) (Yorkshire Large White)
|
ਸੰਸਾਰ ਭਰ ਵਿਚ ਮਿਲਣ ਵਾਲੀ
|
ਸਫ਼ੈਦ ਰੰਗ
|
ਬੇਕਨ ਕਿਸਮ, ਸੂਰੀਆਂ ਬਹੁ-ਪ੍ਰਜਣਨਕ
|
ਅਮਰੀਕਾ ਵਿਚ ਹਾਗ ਕਿਸਮ ਦੇ ਬਹੁਤੇ ਸੂਰ ਦੇਗਲਾਕਰਨ ਵਿਧੀ ਨਾਲ ਪੈਦਾ ਹੋਏ ਹਨ। ਵਿਹਾਰਕ ਰੂਪ ਵਿਚ ਬਹੁਤ ਜ਼ਿਆਦਾ ਲਾਭਦਾਇਕ ਬੋਰ ਕਿਸਮ ਦੇ ਸੂਰਾਂ ਨੂੰ ਕਿਸੇ ਹੋਰ ਨਸਲ ਦੇ ਮਾਦਾ ਪ੍ਰਾਣੀਆਂ ਨਾਲ ਸੰਯੋਗ ਕਰਕੇ ਅਜਿਹੀ ਨਸਲ ਉਪਜਦੀ ਹੈ ਜਿਸ ਵਿਚ ਬੁੱਚੜ ਲਈ ਚੰਗੇ ਗੋਸ਼ਤ ਦੇ ਗੁਣ ਅਤੇ ਪਾਲਨ ਲਈ ਮਾਦਾ ਵਿਚ ਚੰਗੇ ਗੁਣ ਪਾਏ ਜਾਂਦੇ ਹਨ। ਸ਼ੁੱਧ ਨਸਲਾਂ ਇਕੋ ਜਿਹੀਆਂ ਕਿਸਮਾਂ ਦੇ ਸੁਮੇਲ ਉਪਰੰਤ ਵਿਕਸਿਤ ਹੋਈਆਂ ਹਨ। ਦੋਗਲਾਕਰਨ ਆਮ ਤੌਰ ਤੇ ਨਹੀਂ ਕੀਤਾ ਜਾਂਦਾ ਪਰ ਕਿਸੇ ਪ੍ਰਮੁੱਖ ਪਿਤ੍ਰ (sire) ਨਾਲ ਅੰਤਰ ਬੰਸ ਪ੍ਰਜਣਨ (ਲਾਈਨ ਬ੍ਰੀਡਿੰਗ) ਆਮ ਹੈ।
ਸੂਰ 4-5 ਮਹੀਨਿਆਂ ਦੀ ਉਮਰ ਵਿਚ ਜਣਨ-ਯੋਗ ਹੋ ਜਾਂਦਾ ਹੈ। ਮਾਦਾ ਸੂਰ, ਨਰ ਸੂਰਾਂ ਨਾਲੋਂ ਥੋੜ੍ਹਾ ਚਿਰ ਪਹਿਲਾਂ ਲਿੰਗ-ਪ੍ਰੋਢ ਹੋ ਜਾਂਦੇ ਹਨ, ਪਰ ਇਨ੍ਹਾਂ ਨੂੰ 12-14 ਮਹੀਨਿਆਂ ਦੀ ਉਮਰ ਤੋਂ ਪਹਿਲਾਂ ਘੱਟੋ ਘੱਟ 100 ਕੁ ਕਿ. ਗ੍ਰਾ. ਭਾਰੇ ਹੋ ਜਾਣ ਤਕ ਜਣਨ ਨਹੀਂ ਦਿੱਤਾ ਜਾਂਦਾ। ਬੋਰ ਕਿਸਮ ਦੇ ਸੂਰਾਂ ਨੂੰ 8 ਮਹੀਨਿਆਂ ਦੀ ਉਮਰ ਤੋਂ ਪਹਿਲਾਂ ਪ੍ਰਜਣਨ-ਕਿਰਿਆ ਲਈ ਨਹੀਂ ਵਰਤਿਆ ਜਾਂਦਾ। ਸੂਰੀ ਵਿਚ ਲਿੰਗ-ਉਤੇਜਨਾ ਦਾ ਸਮਾਂ 48-72 ਘੰਟੇ ਹੁੰਦਾ ਹੈ ਅਤੇ ਹਰ 18-24 ਦਿਨਾਂ ਬਾਅਦ ਆਉਂਦਾ ਹੈ। ਅੰਡ-ਉਤਸਰਜਨ ਲਿੰਗ-ਉਤੇਜਨਾ ਦੇ ਅਖ਼ੀਰਲੇ ਸਮੇਂ ਵਿਚ ਹੁੰਦਾ ਹੈ। ਸੂਰੀ ਹਰੇਕ ਲਿੰਗ-ਉਤੇਜਨਾ ਸਮੇਂ ਵਿਚ ਔਸਤਨ 18 ਅੰਡਾਣੂ ਦਿੰਦੀ ਹੈ, ਭਾਵੇਂ ਇਨ੍ਹਾਂ ਵਿਚੋਂ ਸਿਰਫ਼ 60-70% ਹੀ 114 ਦਿਨਾਂ ਦੇ ਗਰਭ-ਕਾਲ ਵਿਚ ਜੀਵਤ ਰਹਿੰਦੇ ਹਨ। ਜਨਮ ਤੋਂ ਪਹਿਲਾਂ ਭਾਰੀ ਮੌਤ-ਦਰ ਦੇ ਕਾਰਨਾਂ ਬਾਰੇ ਕੋਈ ਵਿਆਖਿਆ ਨਹੀਂ ਮਿਲਦੀ।
ਸੂਰੀ ਦੇ ਝੋਲ (ਜਿਸ ਵਿਚ ਔਸਤਨ 10 ਬੱਚੇ ਹੁੰਦੇ ਹਨ) ਉਤੇ ਕਈ ਗੱਲਾਂ ਦਾ ਪ੍ਰਭਾਵ ਪੈਂਦਾ ਹੈ। ਜਣਨ ਸਮੇਂ ਸੂਰੀ ਦੀ ਉਮਰ ਸਭ ਤੋਂ ਅਹਿਮ ਗੱਲ ਹੈ। ਪੰਜਵੇਂ ਸੂਏ ਤਕ ਜਾਂ ਸੂਰੀ ਦੀ ਉਮਰ ਤਿੰਨ-ਕੁ ਸਾਲ ਹੋ ਜਾਣ ਤਕ ਝੋਲ ਵਿਚ ਬੱਚਿਆਂ ਦੀ ਗਿਣਤੀ ਵਧਦੀ ਰਹਿੰਦੀ ਹੈ।
ਸੂਰਾਂ ਦੀ ਦੇਖ ਭਾਲ ਅਤੇ ਪ੍ਰਬੰਧ––ਪ੍ਰਬੰਧ ਦਾ ਮੁਢਲਾ ਟੀਚਾ ਸੂਰਾਂ ਨੂੰ ਗੰਦੇ ਵਾਤਾਵਰਨ ਤੋਂ ਸੁਰੱਖਿਅਤ ਰੱਖਣਾ, ਜੀਵਨ ਅਤੇ ਵਾਧੇ ਦੀ ਦਰ ਨੂੰ ਵਧਾਉਣਾ ਹੈ। ਲਗਭਗ 25% ਬੱਚੇ 6-8 ਹਫ਼ਤਿਆਂ ਤਕ ਜੀਉਂਦੇ ਨਹੀਂ ਰਹਿ ਸਕਦੇ। ਸੂਰੀ ਦੁਆਰਾ ਕੁਚਲੇ ਜਾਣਾ, ਠੰਢ ਲਗਣਾ ਅਤੇ ਭੁੱਖੇ ਰਹਿਣਾ ਆਦਿ ਭਾਰੀ ਮੌਤ-ਦਰ ਦੇ ਕੁਝ ਕਾਰਨ ਹਨ। ਸੁੱਕੇ ਫਰਸ਼ ਵਾਲੇ ਹਵਾਦਾਰ ਜੰਗਲੇ ਜਿਹੜੇ ਮਿੱਟੀ-ਘੱਟੇ ਤੋਂ ਬਚੇ ਹੋਣ, ਸੂਰ ਪਾਲਣ ਵਿਚ ਕਾਫ਼ੀ ਸਹਾਈ ਸਿੱਧ ਹੋ ਸਕਦੇ ਹਨ। ਜਿਥੇ ਪ੍ਰਕਿਰਤਕ ਛਾਂ ਨਾ ਹੋਵੇ ਉਥੇ ਬਣਾਉਟੀ ਛਾਂ ਦੁਆਰਾ ਸੂਰਜ ਦੀ ਅਤਿ ਗਰਮੀ ਤੋਂ ਬਚਾਉ ਕੀਤਾ ਜਾਣਾ ਚਾਹੀਦਾ ਹੈ। ਠੰਢੇ ਵਾਤਾਵਰਨ ਵਿਚ ਸੂਰ ਜੀਵਨ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਇਸ ਨੂੰ ਪੂਰਕ ਤਾਪ ਦੀ ਜ਼ਰੂਰਤ ਰਹਿੰਦੀ ਹੈ, ਕਿਉਂਕਿ ਇਸ ਦਾ ਆਪਣਾ ਤਾਪਨਿਯੰਤਰਨ ਸਿਸਟਮ ਅਜੇ ਵਿਕਸਿਤ ਨਹੀਂ ਹੋਇਆ ਹੁੰਦਾ। ਸੂਏ ਦੰਦਾਂ ਦੀ ਕਟਾਈ, ਧੁੰਨੀ ਉਤੇ ਆਇਓਡੀਨ ਲਗਾਉਣ ਅਤੇ ਖੰਡ ਦੇ ਘੋਲ ਦੇ ਪ੍ਰਯੋਗ ਕਰਨ ਨਾਲ ਮੌਤ-ਦਰ ਵਿਚ ਕਮੀ ਹੋ ਜਾਂਦੀ ਹੈ।
ਨਵੇਂ ਜਨਮੇ ਬੱਚੇ ਪਹਿਲੇ ਤਿੰਨ ਹਫ਼ਤੇ ਆਪਣੀ ਮਾਂ ਦਾ ਦੁੱਧ ਚੁੰਘਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਇਸ ਤੋਂ ਇਲਾਵਾ ਪੂਰਕ ਭੋਜਨ ਦੀ ਵੀ ਜ਼ਰੂਰਤ ਹੁੰਦੀ ਹੈ। 6-10 ਹਫ਼ਤਿਆਂ ਮਗਰੋਂ ਸੂਰੀ ਦੁੱਧ ਚੁੰਘਾਉਣਾ ਬੰਦ ਕਰ ਦਿੰਦੀ ਹੈ। ਇਸੇ ਕਰਕੇ ਲਾਭਦਾਇਕ ਕਿਸਮਾਂ ਪ੍ਰਾਪਤ ਕਰਨ ਲਈ ਇਸ ਸਮੇਂ ਤੋਂ ਬਾਅਦ ਇਨ੍ਹਾਂ ਨੂੰ ਚੰਗੀ ਖ਼ੁਰਾਕ ਦੇਣੀ ਚਾਹੀਦੀ ਹੈ। ਸੂਰ ਇਕ ਸਸਤਾ ਜਾਨਵਰ ਹੈ ਜੋ ਖ਼ੁਰਾਕ ਨੂੰ ਪ੍ਰਾਣੀ-ਟਿਸ਼ੂ ਵਿਚ ਬਦਲ ਕੇ ਮਨੁੱਖ ਲਈ ਗੋਸ਼ਤ ਦਾ ਸਾਧਨ ਬਣਦਾ ਹੈ।
ਸੂਰ ਦੀ ਰੋਜ਼ਾਨਾ ਖ਼ੁਰਾਕ ਪਾਣੀ, ਕਾਰਬੋਹਾਈਡ੍ਰੇਟ, ਪ੍ਰੋਟੀਨ, ਖਣਿਜਾਂ ਅਤੇ ਵਿਟਾਮਿਨਾ ਨਾਲ ਸੰਤੁਲਨ ਹੋਣੀ ਚਾਹੀਦੀ ਹੈ। ਸੂਰ ਮੁੱਖ ਤੌਰ ਤੇ ਅਨਾਜਾਂ ਜਿਹਾ ਕਿ ਕਣਕ, ਮੱਕੀ, ਜੌਂ, ਜਵੀ, ਬਾਜਰਾ ਅਤੇ ਰਾਈ ਤੇ ਆਹਾਰ ਕਰਦਾ ਹੈ।
ਹ. ਪੁ.––ਐਨ. ਬ੍ਰਿ. 17:1068; ਐਨ. ਬ੍ਰਿ. ਮਾ. 7:1000; ਮੈਕ. ਐਨ. ਸ. ਟ. 13:340; ਹਿੰ. ਵਿ. ਕੋ. 12.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 47756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੂਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਰ, (ਸੰਸਕ੍ਰਿਤ : ਸ਼ੂਕਰ) / ਪੁਲਿੰਗ : ੧. ਗੰਦਗੀ ਖਾਣ ਵਾਲਾ ਇੱਕ ਜਾਨਵਰ, ਖਨਜੀਰ, ਬਦ; ੨. ਇੱਕ ਗਾਲ
–ਸੂਰ ਦਾ ਬੱਚਾ, ਪੁਲਿੰਗ : ਇਕ ਗਾਲ
–ਸੂਰ ਦੇ ਬਰਾਬਰ ਹੋਣਾ, ਮੁਹਾਵਰਾ : ਹਰਾਮ ਹੋਣਾ; ਕੋਈ ਚੀਜ਼ ਨਾ ਵਰਤਣ ਦੀ ਕਸਮ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-11-11-49, ਹਵਾਲੇ/ਟਿੱਪਣੀਆਂ:
ਸੂਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਰ, (ਸੰਸਕ੍ਰਿਤ : ਸੂਰਯ) / ਪੁਲਿੰਗ : ਸੂਰਜ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-11-12-37, ਹਵਾਲੇ/ਟਿੱਪਣੀਆਂ:
ਸੂਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਰ, (ਫ਼ਾਰਸੀ) : ਲੋਧੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤ, ਹਮਾਯੂੰ ਨੂੰ ਜਿੱਤਣ ਵਾਲਾ ਸ਼ੇਰ ਸ਼ਾਹ ਇਸੇ ਜਾਤ ਦਾ ਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-11-12-55, ਹਵਾਲੇ/ਟਿੱਪਣੀਆਂ:
ਸੂਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਰ, (ਅਰਬੀ) : ਤੁਰ੍ਹੀ, ਬਿਗਲ, ਇਸਰਾਈਲ ਫਰਿਸ਼ਤੇ ਦਾ ਰਣਸਿੰਘਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-11-13-25, ਹਵਾਲੇ/ਟਿੱਪਣੀਆਂ:
ਸੂਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਰ, (ਸੰਸਕ੍ਰਿਤ : ਸੂਰ) / ਵਿਸ਼ੇਸ਼ਣ : ਸੂਰਮਾ, ਬਹਾਦਰ, ਬਲੀ, ਵੀਰ, ਦਲੇਰ, ਜੋਧਾ
–ਸੂਰਬੀਰ, ਵਿਸ਼ੇਸ਼ਣ : ਬਹਾਦਰ, ਦਲੇਰ, ਜੋਧਾ
–ਸੂਰਮਤਾ, ਇਸਤਰੀ ਲਿੰਗ : ਸੂਰਮਾ ਹੋਣ ਦਾ ਭਾਵ; ਬਹਾਦਰੀ, ਦਲੇਰੀ
–ਸੂਰਮਤਾਈ, ਇਸਤਰੀ ਲਿੰਗ : ਸੂਰਮਤਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-11-13-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
ਅਵਤਾਰ,
( 2018/09/07 06:4018)
Please Login First