ਸੂਰਦਾਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੂਰਦਾਸ (1478–1581) : ਕ੍ਰਿਸ਼ਨ ਭਗਤ ਸੂਰਦਾਸ ਦੇ ਜਨਮ ਸਥਾਨ ਅਤੇ ਸਮੇਂ ਦੇ ਸੰਬੰਧ ਵਿੱਚ ਵਿਦਵਾਨਾਂ ਨੇ ਕਾਫ਼ੀ ਖੋਜ ਕੀਤੀ ਹੈ ਪਰੰਤੂ ਇਸ ਵਿਸ਼ੇ ਵਿੱਚ ਮੱਤ-ਭੇਦ ਬਣੇ ਹੋਏ ਹਨ। ਬਹੁਤੇ ਵਿਦਵਾਨਾਂ ਅਨੁਸਾਰ ਉਸ ਦਾ ਜਨਮ 1478 ਨੂੰ ਬੱਲਭਗੜ੍ਹ ਨੇੜੇ ਪਿੰਡ ਸੀਹੀ ਵਿਖੇ ਹੋਇਆ। ਕੁਝ ਵਿਦਵਾਨ ਮਥੁਰਾ ਅਤੇ ਆਗਰੇ ਦੇ ਵਿਚਕਾਰ ‘ਰੁਨਕਤਾ` ਨੂੰ ਉਸ ਦਾ ਜਨਮ ਸਥਾਨ ਮੰਨਦੇ ਹਨ। ਉਹ ਇੱਕ ਗ਼ਰੀਬ ਸਾਰਸਵਤ ਬ੍ਰਾਹਮਣ ਦਾ ਚੌਥਾ ਪੁੱਤਰ ਸੀ। ਸੂਰਦਾਸ ਦੇ ਨੇਤਰਹੀਨ ਹੋਣ ਬਾਰੇ ਤਾਂ ਸਭ ਲੋਕ ਸਹਿਮਤ ਹਨ ਪਰ ਇਸ ਗੱਲ ਬਾਰੇ ਵਿਵਾਦ ਹੈ ਕਿ ਉਹ ਜਨਮ ਤੋਂ ਹੀ ਨੇਤਰਹੀਨ ਸੀ ਜਾਂ ਬਾਅਦ ਵਿੱਚ ਹੋਇਆ। ਸੂਰਦਾਸ ਨੇ ਬਾਹਰੀ ਦ੍ਰਿਸ਼ਾਂ ਦਾ ਏਨਾ ਯਥਾਰਥ ਅਤੇ ਸਜੀਵ ਚਿਤਰਨ ਕੀਤਾ ਹੈ ਜਿਸ ਨੂੰ ਵੇਖ ਇਹ ਨਹੀਂ ਜਾਪਦਾ ਕਿ ਉਹ ਜਨਮ ਤੋਂ ਹੀ ਨੇਤਰਹੀਨ ਹੋਵੇ।

      30-32 ਵਰ੍ਹੇ ਦੀ ਉਮਰ ਵਿੱਚ ਸੰਨਿਆਸੀ ਸੂਰਦਾਸ ਆਪਣੇ ਚੇਲਿਆਂ ਨਾਲ ਮਥੁਰਾ ਵਿੱਚ ਗਊਘਾਟ ਵਿਖੇ ਰਹਿੰਦਾ ਸੀ। ਆਪਣੇ-ਆਪ ਨੂੰ ਪਾਪੀ ਕਹਿੰਦੇ ਹੋਏ ਪ੍ਰਭੂ ਅੱਗੇ ਬੜੀ ਦੀਨਤਾ ਨਾਲ ਬੇਨਤੀ ਕਰਦਾ ਸੀ। ਜਦੋਂ ਮਹਾਂਪ੍ਰਭੂ ਬੱਲਭਾਚਾਰਯ ਮਥੁਰਾ ਆਇਆ ਤਾਂ ਸੂਰਦਾਸ ਨੇ ਉਸ ਨਾਲ ਭੇਟ ਕੀਤੀ ਅਤੇ ਉਸ ਦਾ ਚੇਲਾ ਬਣ ਕੇ ‘ਪੁਸ਼ਟੀ ਮਾਰਗ` ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਸ੍ਰੀ ਕ੍ਰਿਸ਼ਨ ਦਾ ਭਗਤ ਬਣ ਕੇ ਕ੍ਰਿਸ਼ਨ-ਲੀਲ੍ਹਾਵਾਂ ਦਾ ਗਾਨ ਕਰਨ ਲੱਗਾ। ਬੱਲਭਾਚਾਰਯ ਦੇ ਮੁੱਖ ਤੋਂ ਸ੍ਰੀਮਦਭਾਗਵਤ ਵਿੱਚ ਵਰਣਨ ਕੀਤੀਆਂ ਸ੍ਰੀ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਨੂੰ ਸੁਣ ਕੇ ਉਸ ਨੇ ਸ੍ਰੀਮਦਭਾਗਵਤ ਤੇ ਆਧਾਰਿਤ ਕ੍ਰਿਸ਼ਨ-ਲੀਲ੍ਹਾਵਾਂ ਦਾ ਗਾਨ ਅਰੰਭ ਕੀਤਾ। ਸੂਰਦਾਸ ਪ੍ਰਤਿ ਦਿਨ ‘ਸ੍ਰੀਨਾਥ` ਦੇ ਮੰਦਰ ਵਿੱਚ ਕੀਰਤਨ ਕਰਦਾ ਅਤੇ ਸ੍ਵੈ-ਰਚਿਤ ਕ੍ਰਿਸ਼ਨ ਲੀਲ੍ਹਾਵਾਂ ਦੇ ਪਦ ਗਾਉਂਦਾ। ਇਸ ਤਰ੍ਹਾਂ ਸੂਰਦਾਸ ਨੇ 33 ਵਰ੍ਹੇ ਦੀ ਅਵਸਥਾ ਤੋਂ ਅਰੰਭ ਕਰ ਕੇ 103 ਵਰ੍ਹੇ ਦੀ ਉਮਰ ਤੱਕ ਇੱਕ ਲੱਖ ਤੋਂ ਵੱਧ ਪਦਾਂ (ਭਜਨਾਂ) ਦੀ ਰਚਨਾ ਕੀਤੀ। 1581 ਦੇ ਆਸ-ਪਾਸ ਉਸ ਦਾ ਦਿਹਾਂਤ ਹੋ ਗਿਆ।

     ਸੂਰਦਾਸ ਦੀਆਂ ਪ੍ਰਮੁਖ ਰਚਨਾਵਾਂ ਸਾਹਿਤ ਲਹਿਰੀ, ਸੂਰਸਾਰਾਵਲੀ ਅਤੇ ਸੂਰਸਾਗਰ ਦੱਸੀਆਂ ਜਾਂਦੀਆਂ ਹਨ। ਸੂਰਸਾਗਰ ਉਸ ਦੀ ਪ੍ਰਮਾਣਿਕ ਰਚਨਾ (ਯਕੀਨੀ ਉਸ ਦੀ ਰਚੀ) ਮੰਨੀ ਜਾਂਦੀ ਹੈ। ਵਰਤਮਾਨ ਸਮੇਂ ਸੂਰਸਾਗਰ ਵਿੱਚ ਚਾਰ-ਪੰਜ ਹਜ਼ਾਰ ਪਦ ਹੀ ਮਿਲਦੇ ਹਨ। ਸੂਰਸਾਗਰ ਦੀ ਰਚਨਾ ਸ੍ਰੀਮਦਭਾਗਵਤ ਦੇ ਆਧਾਰ ਤੇ ਹੋਣ ਉਪਰੰਤ ਵੀ ਇਹ ਉਸ ਦਾ ਅਨੁਵਾਦ ਨਾ ਹੋ ਕੇ ਕਵੀ ਦੀ ਮੌਲਿਕ ਰਚਨਾ ਹੈ। ਸੂਰਸਾਗਰ ਵਿੱਚ ਗੇਯ ਪਦ ਹਨ ਜਿਨ੍ਹਾਂ ਵਿੱਚ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲ੍ਹਾਵਾਂ, ਪ੍ਰੇਮ ਲੀਲ੍ਹਾਵਾਂ ਅਤੇ ਵਾਤਸੱਲਯ ਦਾ ਵਰਣਨ ਹੈ। ਸੂਰਦਾਸ ਨੇ ਇਸ ਵਿੱਚ ਸ੍ਰੀ ਕ੍ਰਿਸ਼ਨ ਦੇ ਸ਼ਿਸ਼ੂ ਅਤੇ ਬਾਲ ਜੀਵਨ ਦੇ ਭਿੰਨ-ਭਿੰਨ ਭਾਵਾਂ, ਚੇਸ਼ਟਾਵਾਂ, ਖੇਲਾਂ, ਸ਼ਰਾਰਤਾਂ, ਫੈਲ ਵਿਖਾਉਣੇ (ਮਚਲਨਾ), ਰੁੱਸਣਾ, ਛੇੜਖਾਨੀ, ਸ਼ਿਕਾਇਤਾਂ, ਉਲਾਂਭੇ ਆਦਿ ਦਾ ਅਤਿ ਸਜੀਵ ਚਿਤਰਨ ਕੀਤਾ ਹੈ। ਸ੍ਰੀ ਕ੍ਰਿਸ਼ਨ ਜਨਮ, ਛਟੀ, ਵਰ੍ਹੇ-ਗੰਢ, ਨੱਕ ਬਿਨ੍ਹਾਵੀ, ਪਾਲਣਾ, ਝੂਲਣਾ ਆਦਿ ਦਾ ਸੂਰਦਾਸ ਨੇ ਵਿਸਤਾਰ ਨਾਲ ਚਿਤਰਨ ਕੀਤਾ ਹੈ। ਬਾਲ ਕ੍ਰਿਸ਼ਨ ਦਾ ਵਰਣਨ ਸੂਰਦਾਸ ਨੇ ਸਖ਼ਾ (ਦੋਸਤ) ਦੇ ਰੂਪ ਵਿੱਚ ਕੀਤਾ ਹੈ। ਨੰਦ ਯਸ਼ੋਧਾ ਦੇ ਵਾਤਸੱਲਯ ਦਾ ਬੜਾ ਹੀ ਭਾਵਪੂਰਨ ਅਤੇ ਯਥਾਰਥ ਚਿਤਰਨ ਕਵੀ ਨੇ ਕੀਤਾ ਹੈ। ਗੋਡਿਆਂ ਦੇ ਬਲ ਚੱਲਦੇ, ਹੱਥ ਵਿੱਚ ਮੱਖਣ ਲੈ ਕੇ ਰੁੜ੍ਹਨਾ, ਵੱਡੇ ਭਰਾ ਬਲਰਾਮ ਤੋਂ ਆਪਣੀ ਬੋਦੀ (ਚੋਟੀ) ਛੋਟੀ ਹੋਣ ਦੀ ਸ਼ਿਕਾਇਤ ਕਰਨਾ, ਸਖ਼ਾਵਾਂ ਦੇ ਨਾਲ ਇੱਕ-ਦੂਜੇ ਦੀ ਪਿੱਠ ਉੱਤੇ ਚੜ੍ਹ ਕੇ ਉੱਚੇ ਟੰਗੇ ਛਿੱਕੇ ਤੋਂ ਮੱਖਣ ਚੁਰਾ ਕੇ ਖਾਣ, ਗੋਪੀਆਂ ਦੀਆਂ ਮਟਕੀਆਂ ਭੰਨਣ ਆਦਿ ਦਾ, ਸ੍ਰੀ ਕ੍ਰਿਸ਼ਨ ਦੇ ਬਾਲ ਅਤੇ ਕਿਸ਼ੋਰ ਜੀਵਨ ਦਾ ਬੜਾ ਹੀ ਸੁੰਦਰ ਵਰਣਨ ਸੂਰਦਾਸ ਨੇ ਕੀਤਾ ਹੈ।ਸੂਰਸਾਗਰ ਵਿੱਚ ਸ਼ਾਂਤ, ਦਾਸਯ, ਵਾਤਸੱਲਯ, ਸੱਖਯ ਅਤੇ ਮਾਧੁਰਯੈ ਪੰਜਾਂ ਪ੍ਰਕਾਰ ਦੀ ਭਗਤੀ ਦਾ ਪ੍ਰਤਿਪਾਦਨ ਹੈ।

     ਸੂਰਦਾਸ ਨੇ ਬ੍ਰਜ ਭਾਸ਼ਾ ਵਿੱਚ ਕਾਵਿ ਰਚਨਾ ਕੀਤੀ ਅਤੇ ਉਹ ਬ੍ਰਜ ਭਾਸ਼ਾ ਦਾ ਸਰਬ-ਸ੍ਰੇਸ਼ਠ ਕਵੀ ਹੈ। ਉਸ ਦੀਆਂ ਰਚਨਾਵਾਂ ਨੇ ਬ੍ਰਜ ਭਾਸ਼ਾ ਨੂੰ ਸਾਹਿਤਿਕ ਰੂਪ ਪ੍ਰਦਾਨ ਕੀਤਾ। ਉਸ ਦੀ ਭਾਸ਼ਾ ਭਾਵਾਂ ਦੇ ਸਫਲ ਅਤੇ ਸਬਲ ਚਿੰਤਨ ਵਿੱਚ ਅਤਿ ਸਮਰੱਥ ਹੈ। ਉਸ ਨੇ ਉਪਮਾ, ਉਤਪ੍ਰੇਕਸ਼ਾ, ਉਦਾਹਰਨ, ਦ੍ਰਿਸ਼ਟਾਂਤ, ਅਤਿਸ਼ਯੋਕਤੀ, ਰੂਪਕ ਆਦਿ ਅਲੰਕਾਰਾਂ ਅਤੇ ਰੂਪਮਾਲਾ, ਗੀਤਿਕਾ, ਵਿਸ਼ਨੂਪਦ, ਸਰਸੀ, ਸਾਰ, ਵੀਰ, ਲਾਵਣੀ, ਸਵੈਯਾ, ਕੁੰਡਲ ਆਦਿ ਛੰਦਾਂ ਦਾ ਸੁੰਦਰ ਪ੍ਰਯੋਗ ਕੀਤਾ ਹੈ। ਸੂਰ- ਕਾਵਿ ਵਿੱਚ ਸੰਯੋਗ ਅਤੇ ਵਿਯੋਗ ਸ਼ਿੰਗਾਰ ਦੋਹਾਂ ਦਾ ਸਫਲ ਚਿੰਤਨ ਹੈ। ਭਾਸ਼ਾ ਅਤੇ ਭਾਵ ਦੋਹਾਂ ਦੀ ਦ੍ਰਿਸ਼ਟੀ ਵਜੋਂ ਸੂਰਦਾਸ ਅਤਿਅੰਤ ਉੱਚ-ਸ਼੍ਰੇਣੀ ਦਾ ਕਵੀ ਹੈ। ਉਸ ਦੇ ਕਾਵਿ ਵਿੱਚ ਸੰਗੀਤ, ਤਨਮਯਤਾ, ਮਧੁਰਤਾ, ਕੁਸ਼ਲਤਾ, ਅਨੂਠੀ ਸ਼ਬਦਾਵਲੀ ਦਾ ਸੁੰਦਰ ਪ੍ਰਯੋਗ ਹੈ। ਉਸ ਦਾ ਪ੍ਰਕਿਰਤੀ ਚਿਤਰਨ ਵੀ ਸਹਿਜ, ਭਾਵਾਤਮਿਕ ਅਤੇ ਸੁਭਾਵਿਕ ਹੈ।‘ਅਸ਼ਟਛਾਪ` ਦੇ ਅੱਠਾਂ ਕਵੀਆਂ ਵਿੱਚ ਉਸ ਦਾ ਸਭ ਤੋਂ ਉੱਚਾ ਸਥਾਨ ਹੈ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੂਰਦਾਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਰਦਾਸ 1 [ਨਿਪੁ] ਕ੍ਰਿਸ਼ਨ ਭਗਵਾਨ ਜੀ ਦਾ ਇੱਕ ਪ੍ਰਸਿੱਧ ਭਗਤ 2 [ਵਿਸ਼ੇ] ਜਿਸ ਨੂੰ ਦਿਸੇ ਨਾ, ਅੰਨ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਰਦਾਸ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਰਦਾਸ : ਮੱਧਕਾਲੀ ਭਾਰਤੀ ਭਗਤਾਂ ਵਿਚੋਂ ਇਕ ਸਨ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਹੈ। ਸੂਰਦਾਸ ਜਿਨ੍ਹਾਂ ਦਾ ਅਸਲੀ ਨਾਂ ਮਦਨ ਮੋਹਨ ਸੀ , ਕਿਹਾ ਜਾਂਦਾ ਹੈ ਕਿ 1529 ਵਿਚ ਉੱਚ ਘਰਾਣੇ ਬ੍ਰਾਹਮਣ ਪਰਵਾਰ ਵਿਚ ਜਨਮੇ ਸੀ। ਜਦੋਂ ਇਹ ਵੱਡੇ ਹੋਏ ਤਾਂ ਇਹਨਾਂ ਨੇ ਸੰਗੀਤ ਅਤੇ ਕਵਿਤਾ ਵਿਚ ਮੁਹਾਰਤ ਪ੍ਰਾਪਤ ਕਰ ਲਈ ਕਿਉਂਕਿ ਇਹਨਾਂ ਅੰਦਰ ਇਹ ਕੁਦਰਤੀ ਗੁਣ ਸਨ। ਇਹ ਛੇਤੀ ਹੀ ਪ੍ਰਸਿੱਧ ਕਵੀ ਬਣ ਗਏ ਅਤੇ ਇਹ ਪਰਮਾਤਮਾ ਦੇ ਪ੍ਰੇਮ ਵਿਚ ਭਿਜ ਕੇ ਗਾਉਂਦੇ ਸੀ। ਇਸ ਤਰ੍ਹਾਂ ਇਹ ਅਕਬਰ ਬਾਦਸ਼ਾਹ ਦੀਆਂ ਨਜਰਾਂ ਵਿਚ ਆ ਗਏ ਜਿਸ ਨੇ ਇਹਨਾਂ ਨੂੰ ਸੰਡੀਲਾ ਦੇ ਪਰਗਣੇ ਦਾ ਗਵਰਨਰ ਨਿਯੁਕਤ ਕਰ ਦਿੱਤਾ। ਪਰੰਤੂ ਸੂਰਦਾਸ ਦਾ ਮਨ ਕਿਧਰੇ ਹੋਰ ਹੀ ਲੱਗਾ ਹੋਇਆ ਸੀ। ਇਹਨਾਂ ਨੇ ਦੁਨੀਆ ਤਿਆਗ ਦਿੱਤੀ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮਾਤਮਾ ਨੂੰ ਸਮਰਪਣ ਕਰਕੇ ਸਾਧਾਂ ਸੰਤਾਂ ਦੀ ਸੰਗਤ ਕਰਨ ਲੱਗੇ। ਇਹ ਬਨਾਰਸ ਵਿਖੇ ਚਲਾਣਾ ਕਰ ਗਏ। ਸ਼ਹਿਰ ਦੇ ਨੇੜੇ ਹੀ ਇਹਨਾਂ ਦੀ ਯਾਦ ਵਿਚ ਇਕ ਧਾਰਮਿਕ ਅਸਥਾਨ ਬਣਿਆ ਹੋਇਆ ਹੈ।

    ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸਾਰੰਗ ਰਾਗ ਵਿਚ ਭਗਤ ਸੂਰਦਾਸ ਦਾ ਇਕ ਸ਼ਬਦ ਅੰਕਿਤ ਹੈ। ਦਰਅਸਲ ਇਹ ਪੂਰਾ ਸ਼ਬਦ ਨਹੀਂ ਹੈ ਕੇਵਲ ਇਕ ਪੰਗਤੀ ਹੀ ਹੈ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ``। ਸਮਝਿਆ ਜਾਂਦਾ ਹੈ ਕਿ ਇਹ ਪੂਰੇ ਸ਼ਬਦ ਦਾ ਰਹਾਉ ਹੈ ਜਿਸ ਵਿਚ ਇਹਨਾਂ ਨੇ ਉਸ ਮਨੁੱਖ ਦਾ ਵਰਨਨ ਕੀਤਾ ਹੈ ਜਿਹੜਾ ਪਰਮਾਤਮਾ ਤੋਂ ਦੂਰ ਹੋ ਚੁੱਕਾ ਹੈ ਅਤੇ ਜਿਸ ਦੇ ਸੁਧਾਰ ਦੀ ਕੋਈ ਆਸ ਨਹੀਂ ਹੈ। ਸ਼ਾਇਦ ਗੁਰੂ ਅਰਜਨ ਦੇਵ ਜੀ ਨੇ ਬਾਕੀ ਦਾ ਸ਼ਬਦ ਇਸ ਕਰਕੇ ਛੱਡ ਦਿੱਤਾ ਕਿ ਇਹ ਸਿੱਖ ਧਰਮ ਦੇ ਪਰਮਾਤਮਾ ਦੀ ਮਿਹਰ ਜਾਂ ਬਖਸ਼ਿਸ਼ ਦੇ ਸਿਧਾਂਤ ਦੇ ਅਨੂਕੁਲ ਨਹੀਂ ਸੀ ਜਿਹੜੀ ਭੈੜੇ ਤੋਂ ਭੈੜੇ ਮਨੁੱਖ ਉਪਰ ਵੀ ਹੋ ਸਕਦੀ ਹੈ। ਇਸ ਲਈ ਗੁਰੂ ਜੀ ਨੇ ਇਸ ਗਲ ਨੂੰ ਸਪਸ਼ਟ ਕਰਨ ਅਤੇ ਇਸ ਪੰਗਤੀ ਦੇ ਸਿਧਾਂਤ ਨੂੰ ਪੂਰਾ ਕਰਨ ਲਈ ਇਕ ਸ਼ਬਦ ਦੀ ਰਚਨਾ ਕੀਤੀ ਹੈ। ਇਸ ਦਾ ਰਹਾਉ ਇਹ ਹੈ: ਹਰਿਕੇ ਸੰਗ ਬਸੇ ਹਰਿ ਲੋਕ॥

    ਸੂਰਦਾਸ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ ਨੂੰ ਅੰਨ੍ਹੇ ਕਵੀ ਸੂਰਦਾਸ ਤੋਂ ਵਖਰਿਆਉਣ ਦੀ ਲੋੜ ਹੈ ਜਿਸ ਦਾ ਨਾਂ ਵੀ ਇਹੋ ਸੀ ਅਤੇ ਜਿਸਨੇ ਸੂਰ ਸਾਗਰ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ ਹੈ।


ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੂਰਦਾਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੂਰਦਾਸ* (ਸੰ.। ਸੰਸਕ੍ਰਿਤ ਸ਼ੂਰ ਦਾਸ਼) ਇਕ ਭਗਤ ਜੀ ਦਾ ਨਾਮ ਹੈ। ਯਥਾ-‘ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ’।

----------

* ਇਹ ਭਗਤ ਜੀ ਅੱਖਾਂ ਤੋਂ ਹੀਨ ਸੇ। ਸਿਖਾਂ ਦੇ ਬੋਲਿਆਂ ਵਿਚ ਇਸੇ ਕਰ ਕੇ ਨੇਤ੍ਰ ਹੀਨ ਨੂੰ ਸੂਰ ਦਾਸ ਤੇ ਸੂਰਮਾ ਸਿੰਘ ਆਖਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੂਰਦਾਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੂਰਦਾਸ : ਹਿੰਦੀ ਦਾ ਹਰਮਨ ਪਿਆਰਾ ਮਹਾਂਕਵੀ ਸੂਰਦਾਸ ਮੱਧਕਾਲੀਨ ਭਾਰਤ ਦੀਆਂ ਸ਼੍ਰੋਮਣੀ ਸ਼ਖਸੀਅਤਾਂ ਵਿਚੋਂ ਹੈ, ਜਿਸ ਵਿਚ ਧਰਮ, ਸਾਹਿਤ ਅਤੇ ਸੰਗੀਤ ਦਾ ਅਦੁੱਤੀ ਸੰਗਮ ਸੀ। ਇਸੇ ਕਰਕੇ ਇਸ ਮਹਾਂਕਵੀ ਨੂੰ ‘ਭਾਸ਼ਾ-ਸਾਹਿਤ-ਸੂਰਜ’ ਦੀ ਉਪਾਧੀ ਨਾਲ ਸਨਮਾਨਤ ਕੀਤਾ ਜਾਂਦਾ ਹੈ।

          ਹੁਣ ਤਕ ਇਸ ਦਾ ਜਨਮ 1540 ਬਿਕਰਮੀ ਵਿਚ ਹੋਇਆ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਵਧੇਰੇ ਵਿਦਵਾਨ ਇਸ ਦਾ ਜਨਮ ਵਿਸਾਖ ਸੁਦੀ ਪੰਚਵੀਂ ਜਾਂ ਦਸਵੀਂ, ਸੰਮਤ 1535 ਵਿਚ ਦਿੱਲੀ ਦੇ ਨੇੜੇ ‘ਸੀਹੀ’ ਪਿੰਡ ਵਿਚ ਪੰਡਤ ਰਾਮਦਾਸ ਦੇ ਘਰ ਹੋਇਆ ਮੰਨਦੇ ਹਨ।

          ਸੂਰਦਾਸ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਦਾ ਮੁੱਖ ਆਧਾਰ ‘ਚੌਰਾਸੀ ਵੈਸ਼ਣਵ ਕੀ ਵਾਰਤਾ’ ਹੀ ਹੈ। ਇਸ ਤੋਂ ਇਲਾਵਾ ਪੁਸ਼ਟੀਮਾਰਗ ਵਿਚ ਪ੍ਰਚਲਿਤ ਕਥਾਵਾਂ, ਗੋਸਵਾਮੀ ਹਰੀ ਰਾਏ ਦੀ ਉਕਤ ਵਾਰਤਾ ਦਾ ਟੀਕਾ ‘ਭਾਵਪ੍ਰਕਾਸ਼’ ਤੇ ਸ੍ਰੀ ਯਦੂਨਾਥ ਦੀ ‘ਵੱਲਭ ਦਿਗਵਿਜੈ’ ਆਦਿ ਤੋਂ ਇਲਾਵਾ ਕਈ ਹੋਰ ਵੀ ਸੋਮੇ ਹਨ।

          ਸੂਰਦਾਸ ਜਨਮ ਤੋਂ ਹੀ ਨੇਤਰਹੀਣ ਸੀ ਪਰ ਇਸ ਨੂੰ ਅਲੌਕਿਕ ਗਿਆਨ ਪ੍ਰਾਪਤ ਸੀ। ਗਾਉਣ ਵਿਚ ਵੀ ਇਹ ਸ਼ੁਰੂ ਤੋਂ ਹੀ ਮਾਹਿਰ ਸੀ। ਸੂਰਦਾਸ ਬੜੀ ਛੋਟੀ ਉਮਰੇ ਘਰ ਛੱਡ ਕੇ ਇਕ ਪਿੰਡ ਦੇ ਤਲਾ ਦੇ ਕਿਨਾਰੇ ਕੁਟੀਆ ਵਿਚ ਰਹਿਣ ਲੱਗ ਪਿਆ ਜਿਥੇ ਇਸ ਦੇ ਅਨੇਕ ਸ਼ਿਬ ਬਣ ਗਏ ਤੇ ਇਹ ‘ਸਵਾਮੀ’ ਵਜੋਂ ਪੂਜਿਆ ਜਾਣ ਲੱਗ ਪਿਆ। 18 ਸਾਲ ਦੀ ਉਮਰ ਤੋਂ ਬਾਅਦ ਇਹ ਆਗਰਾ ਦੇ ਨੇੜੇ ਜਮਨਾ ਦੇ ਕਿਨਾਰੇ ਪੁਰਾਣ-ਪ੍ਰਸਿੱਧ ਗਊਘਾਟ, ਰੇਣੂਕਾ ਖੇਤਰ ਵਿਖੇ ਰਹਿਣ ਲੱਗ ਪਿਆ। ਇਥੇ ਵੀ ਇਹ ਦੂਰ ਦੂਰ ਤਕ ਪ੍ਰਸਿੱਧ ਹੋ ਗਿਆ। ਪੁਸ਼ਟੀਮਾਰਗ ਦੇ ਮੋਢੀ ਵੱਲਭਾਚਾਰੀਆ ਦੀ ਭੇਂਟ ਸੂਰਦਾਸ ਨਾਲ ਇਥੇ ਹੀ ਹੋਈ। ਵੱਲਭਾਚਾਰੀਆ ਨੇ ਸੂਰਦਾਸ ਨੂੰ ਆਪਣਾ ਸ਼ਿਸ਼ ਬਣਾ ਕੇ ਸ਼੍ਰੀ ਨਾਥ ਜੀ ਦੇ ਮੰਦਰ ਤੇ ਕੀਰਤਨ ਸੇਵਾ ਵਿਚ ਲਾ ਦਿੱਤਾ। ਸੂਰਦਾਸ ਸਾਰੀ ਉਮਰ ਇਸੇ ਮੰਦਰ ਵਿਚ ਕੀਰਤਨ ਕਰਦਾ ਰਿਹਾ ਅਤੇ ਭਗਵਾਨ ਦੀ ਭਗਤੀ ਤੇ ਪ੍ਰੇਮ ਵਿਚ ਭਿੱਜੇ ਭਜਨਾਂ ਦੀ ਰਚਨਾ ਕਰਦਾ ਰਿਹਾ।

          ‘ਚੌਰਾਸੀ ਵੈਸ਼ਣਵ ਦੀ ਵਾਰਤਾ’ ਵਿਚ ਮੁਗ਼ਲ ਬਾਦਸ਼ਾਹ ਅਕਬਰ ਨਾਲ ਸੂਰਦਾਸ ਦੀ ਮੁਲਾਕਾਤ ਦਾ ਵੀ ਜ਼ਿਕਰ ਆਉਂਦਾ ਹੈ ਜਿਹੜੀ ਕਿ ਸੰਗੀਤ-ਸਮਰਾਟ-ਤਾਨਸੈਨ ਨੇ ਕਰਵਾਈ ਸੀ। ਅਕਬਰ ਨੇ ਇਸ ਨੂੰ ਜਾਗੀਰ ਦੇਣੀ ਚਾਹੀ ਪਰ ਇਸ ਨੇ ਸਾਫ਼ ਇਨਕਾਰ ਕਰ ਦਿੱਤਾ।

          ਸੂਰਦਾਸ ਦੇ ਨੇਤਰਹੀਣ ਹੋਣ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ। ਇਕ ਅਨੁਸਾਰ ਇਹ ਖੂਹ ਵਿਚ ਡਿੱਗ ਪਿਆ ਸੀ ਤੇ ਭਗਵਾਨ ਕ੍ਰਿਸ਼ਨ ਨੇ ਆਪ ਆ ਕੇ ਇਸ ਨੂੰ ਕੱਢਿਆ, ਅੱਖਾਂ ਦੀ ਜੋਤ ਜਗਾ ਦਿੱਤੀ ਤੇ ਦੋ ਵਰ ਮੰਗਣ ਲਈ ਕਿਹਾ ਤਾਂ ਸੂਰਦਾਸ ਨੇ ਕਿਹਾ ਕਿ ਜਿਹੜੀਆਂ ਅੱਖਾਂ ਨਾਲ ਤੁਹਾਡੇ ਦਰਸ਼ਨ ਕੀਤੇ ਹਨ ਉਨ੍ਹਾਂ ਨਾਲ ਹੋਰ ਕੁਝ ਨਾ ਵੇਖ ਸਕਾਂ ਤੇ ਸਦਾ ਤੁਹਾਡਾ ਭਜਨ ਕਰਦਾ ਰਹਾਂ। ਇਸ ਵਿਚਾਰ ਅਨੁਸਾਰ ਕ੍ਰਿਸ਼ਨ ਜੀ ਦੇ ਜਾਣ ਉਪਰੰਤ ਇਹ ਮੁੜ ਨੇਤਰਹੀਣ ਹੋ ਗਿਆ ਤੇ ਸਾਰੀ ਉਮਰ ਭਗਤੀ ਵਿਚ ਮਸਤ ਰਿਹਾ। ਇਕ ਕਥਾਂ ਅਨੁਸਾਰ ਸੂਰਦਾਸ ਨੇ ਗੋਸਵਾਮੀ ਵਿਠੱਲਨਾਥ, ਕੁੰਭਨਦਾਸ, ਗੋਵਿੰਦ ਸਵਾਮੀ, ਚਤੁਰਭੁਜਦਾਸ ਅਤੇ ਪ੍ਰਸਿੱਧ ਗਾਇਕ ਰਾਮਦਾਸ ਦੀ ਮੌਜੂਦਗੀ ਵਿਚ ‘ਖੰਜਨ ਨੈਨ ਰੂਪ ਰਸ ਮਾਤੇ’ ਵਾਲਾ ਪਦ ਗਾਇਆ ਅਤੇ ਗਾਉਂਦਿਆਂ ਗਾਉਂਦਿਆਂ ਸੰਮਤ 1640 ਵਿਚ ਇਹ ਸੰਸਾਰ ਛੱਡ ਗਿਆ।

          ਸੂਰਦਾਸ ਦੀਆਂ ਪਦ ਰਚਨਾਵਾਂ ਵਿਚ ਇਸ ਨੇ ਸੂਰ, ਸੂਰਦਾਸ, ਸੂਰਜ, ਸੂਰਜਦਾਸ ਅਤੇ ਸੂਰਸ਼ਿਆਮ ਆਦਿ ਅਨੇਕ ਨਾਂ ਮਿਲਦੇ ਹਨ। ਸਿੱਟੇ ਵਜੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਰਸਾਗਰ ਦੀ ਰਚਨਾ ਕਰਨ ਵਾਲੇ ਇਸ ਭਗਤ ਕਵੀ ਦਾ ਅਸਲੀ ਨਾਂ ਸੂਰਦਾਸ ਹੀ ਸੀ।

          ‘ਸੂਰਸਾਗਰ’ ਹੀ ਸੂਰਦਾਸ ਦੀ ਪ੍ਰਮਾਣੀਕ ਰਚਨਾ ਹੈ। ਕੁਝ ਵਿਦਵਾਨ ‘ਸਾਹਿਤਯ ਲਹਰੀ’ ਤੇ ‘ਸੂਰਸਾਗਰ ਸਾਰਾਵਲੀ’ ਨੂੰ ਵੀ ਪ੍ਰਮਾਣੀਕ ਰਚਨਾ ਮੰਨਦੇ ਹਨ। ਇਸ ਤੋਂ ਇਲਾਵਾ ਗੋਵਰਧਨ ਲੀਲ੍ਹਾ, ਨਾਗਲੀਲ੍ਹਾ, ਪ੍ਰਾਣਪਿਆਰੀ, ਦਸ਼ਮਸਕੰਧ, ਭਾਗਵਤ ਦਾ ਟੀਕਾ, ਬਿਆਹੁਲੋ, ਸੂਰਸਾਠੀ, ਸੂਰਦਾਸ ਦੇ ਪਦ, ਰਾਮਲੀਲਾ ਦੇ ਪਦ, ਰਾਮਾਇਣ, ਵੈਰਾਗਸ਼ਤਕ ਆਦਿ ਅਨੇਕ ਵੱਖ-ਵੱਖ ਸੰਗ੍ਰਹਿ ਮਿਲਦੇ ਹਨ। ਇਹ ਸੰਗ੍ਰਹਿ ‘ਸੂਰਸਾਗਰ’ ਦੀਆਂ ਲਹਿਰਾਂ ਹੀ ਪ੍ਰਤੀਤ ਹੁੰਦੇ ਹਨ। ਇਨ੍ਹਾਂ ਅਤੇ ਕਈ ਹੋਰ ਰਚਨਾਵਾਂ ਦੀ ਪ੍ਰਮਾਣਿਕਤਾ ਅਜੇ ਸਿੱਧ ਨਹੀਂ ਹੋ ਸਕੀ।

          ‘ਸੂਰਸਾਗਰ’ ਦੇ ਕਈ ਰੂਪ ਮਿਲਦੇ ਹਨ। ਪਹਿਲਾ ਲੀਲਾ ਕ੍ਰਮ ਵਾਲਾ ਰੂਪ ਜਿਸ ਵਿਚ ਮੰਗਲਾਚਰਣ ਤੋਂ ਆਰੰਭ ਕਰਕੇ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦਾ ਵਰਣਨ ਕੀਤਾ ਗਿਆ ਹੈ ਤੇ ਅੰਤ ਵਿਚ ਰਾਮਕਥਾ ਅਤੇ ਬਿਨੈ ਸਬੰਘੀ ਪਦ ਸੰਕਲਿਤ ਕੀਤੇ ਗਏ ਹਨ। ਦੂਜਾ ਰੂਪ ‘ਦ੍ਵਾਦਸ਼ ਸਕੰਧ’ ਕ੍ਰਮ ਵਾਲਾ ਹੈ ਜਿਸ ਦੇ ਆਰੰਭ ਵਿਚ ਬਿਨੈ ਦੇ ਪਦ ਦੇ ਕੇ ਸ਼੍ਰੀਮਦਭਾਗਵਤ ਦੇ ਬਾਰਾਂ ਸਕੰਧਾਂ ਦੇ ਆਧਾਰ ਤੇ ਪਦਾਂ ਨੂੰ ਵੰਡ ਦਿੱਤਾ ਗਿਆ ਹੈ। ਇਸ ਵਿਚ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦਸਵੇਂ ਸਕੰਧ ਵਿਚ ਦਿੱਤੀਆਂ ਗਈਆਂ ਹਨ। ‘ਸੂਰਸਾਗਰ’ ਦੀਆਂ ਹਥ-ਲਿਖਤਾਂ ਵਿਚ ਵੀ ਇਹੋ ਦੋ ਰੂਪ ਮਿਲਦੇ ਹਨ। ਲੀਲਾਕ੍ਰਮ ਵਾਲਾ ਰੂਪ ਕੁਝ ਵਧੇਰੇ ਪੁਰਾਣਾ ਪ੍ਰਤੀਤ ਹੁੰਦਾ ਹੈ।

          ‘ਸੂਰਸਾਗਰ’ ਦੇ ਪਦਾਂ ਦੀ ਗਿਣਤੀ ਬਾਰੇ ਇਹ ਰਵਾਇਤ ਪ੍ਰਸਿੱਧ ਹੈ ਕਿ ਇਨ੍ਹਾਂ ਦੀ ਗਿਣਤੀ ਸਵਾ ਲੱਖ ਸੀ ਪਰ ਅਜਕਲ ਕੋਈ 5000 ਪਦ ਮਿਲਦੇ ਹਨ। ‘ਕ੍ਰਿਸ਼ਨਲੀਲ੍ਹਾ’ ਸੂਰਸਾਗਰ ਦਾ ਮੁੱਖ ਭਾਗ ਹੈ। ਬਾਕੀ ਬਿਨੈ ਦੇ ਪਦ 223 ਹਨ ਤੇ ਰਾਮਕਥਾ ਦੇ ਪਦਾਂ ਦੀ ਗਿਣਤੀ 156 ਹੈ। ਸੂਰਸਾਗਰ ਦੇ ਬਾਕੀ ਭਾਗਾਂ ਵਿਚ, ਜਿਨ੍ਹਾਂ ਦੀ ਪਦ ਗਿਣਤੀ ਬਹੁਤ ਘੱਟ ਹੈ, ‘ਭਾਗਵਤ’ ਦੇ ਵੱਖ-ਵੱਖ ਸਕੰਧਾਂ ਵਿਚ ਮਿਲਦੀਆਂ ਭਗਤੀ ਭਾਵ ਸਬੰਧੀ ਕਥਾਵਾਂ ਦਾ ਵਰਣਨ ਕੀਤਾ ਗਿਆ ਹੈ।

          ਕ੍ਰਿਸ਼ਨ ਲੀਲ੍ਹਾ ਵਿਚ ਕੁਝ ਅਜਿਹੇ ਪ੍ਰਸੰਗ ਵੀ ਆਏ ਹਨ, ਜੋ ਕਥਾ ਦੀ ਦ੍ਰਿਸ਼ਟੀ ਤੋਂ ਆਪਣੇ ਆਪ ਵਿਚ ਪੂਰਨ ਅਤੇ ਸੁਤੰਤਰ ਹਨ ਪਰ ਇਹ ਅਭਿੰਨ ਰੂਪ ਵਿਚ ਕ੍ਰਿਸ਼ਨਲੀਲ੍ਹਾ ਦੇ ਹੀ ਅੰਗ ਹਨ। ਭਾਵੇਂ ਸੂਰਦਾਸ ਨੇ ਕ੍ਰਿਸ਼ਨਲੀਲ੍ਹਾ ‘ਸ੍ਰੀਮਦਭਾਗਵਤ’ ਦੇ ਆਧਾਰ ਤੇ ਰਹੀ ਹੈ ਪਰ ਇਸ ਨੂੰ ਕਿਸੇ ਵੀ ਤਰ੍ਹਾਂ ਉਸਦਾ ਅਨੁਵਾਦ ਜਾਂ ਭਾਵ-ਅਨੁਵਾਦ ਨਹੀਂ ਕਿਹਾ ਜਾ ਸਕਦਾ। ਇਸ ਗ੍ਰੰਥ ਵਿਚ ਵਰਣਿਤ ਰਾਮ-ਚਰਿਤ ਤੇ ਵੀ ਸੂਰਦਾਸ ਦੀ ਮੌਲਿਕਤਾ ਦੀ ਛਾਪ ਹੈ।

          ਸੂਰਦਾਸ ਦੇ ਬਿਨੈ ਸਬੰਧੀ ਪਦਾਂ ਬਾਰੇ ਇਹ ਪ੍ਰਸਿੱਧ ਹੈ ਕਿ ਇਹ ਸੂਰਦਾਸ ਦੇ ਪੁਸ਼ਟੀਮਾਰਗ ਵਿਚ ਦੀਖਿਆ ਲੈਣ ਤੋਂ ਪਹਿਲਾਂ ਦੀ ਰਚਨਾ ਹਨ ਪਰ ਇਨ੍ਹਾਂ ਵਿਚਲੇ ਵਿਚਾਰਾਂ ਦੀ ਪ੍ਰੋੜ੍ਹਤਾ, ਅਨੁਭਵ ਦੀ ਗੰਭੀਰਤਾ ਤੇ ਦਾਰਸ਼ਨਿਕ ਦ੍ਰਿਸ਼ਟੀ ਤੋਂ ਭਾਸਦਾ ਹੈ ਕਿ ਇਹ ਪਕੇਰੀ ਉਮਰ ਦੀ ਰਚਨਾ ਹਨ। ਸੋ ਇਹ ਕਿਹਾ ਜਾ ਸਕਦਾ ਹੈ ਕਿ ਸੂਰਦਾਸ ਨੇ ਇਨ੍ਹਾਂ ਦੀ ਰਚਨਾ ਕ੍ਰਿਸ਼ਨਲੀਲ੍ਹਾ ਦੇ ਵਰਣਨ ਦੇ ਨਾਲ ਨਾਲ ਕੀਤੀ ਹੋਵੇਗੀ। ਇਨ੍ਹਾਂ ਪਦਾਂ ਵਿਚ ਰਲਾ ਵੀ ਵੇਖਣ ਵਿਚ ਆਇਆ ਹੈ। ਇਨ੍ਹਾਂ ਵਿਚ ਸੰਸਾਰ ਦੀ ਅਸਾਰਤਾ ਦਾ ਅਨੁਭਵੀ ਵਰਣਨ ਕਰਦੇ ਹੋਏ ਵੈਰਾਗ ਦੀ ਭਾਵਨਾ ਦ੍ਰਿੜ੍ਹ ਕਰਵਾਈ ਗਈ ਹੈ ਅਤੇ ਭਗਤੀ ਨੂੰ ਮਨੁੱਖ ਲਈ ਲਾਜ਼ਮੀ ਤੇ ਅਹਿਮ ਕਰਾਰ ਦਿੱਤਾ ਗਿਆ ਹੈ। ਭਗਵਾਨ ਦੁਆਰਾ ਭਗਤਾਂ ਦੀ ਬਿਰਦ-ਪਾਲਣਾ ਦਾ ਵਰਣਨ ਉਦਾਹਰਨਾਂ ਸਹਿਤ ਹੈ। ਸਤਸੰਗ ਦੀ ਮਹਿਮਾ ਅਤੇ ਮਨਮੁਖਾਂ ਦੀ ਨਿੰਦਿਆਂ ਕੀਤੀ ਗਈ ਹੈ। ਇਹ ਪਦ ਦੀਨਤਾ ਅਤੇ ਨਿਮਰਤਾ ਦੀ ਭਾਵਨਾ ਨਾਲ ਭਰੇ ਹੋਏ ਹਨ। ਵਿਅਕਤੀਗਤ ਸ਼ੈਲੀ ਵਿਚ ਬਿਆਨੇ ਇਨ੍ਹਾਂ ਪਦਾਂ ਵਿਚ ਸੂਰਦਾਸ ਨੇ ਲੋਕ-ਜੀਵਨ ਨੂੰ ਕਦੇ ਨਹੀਂ ਭੁਲਾਇਆ। ਭਾਵੇਂ ਕੁਝ ਪਦਾਂ ਵਿਚ ਉਪਦੇਸ਼ਾਤਮਕਤਾ ਵੀ ਆ ਗਈ ਹੈ ਪਰ ਇਹ ਗੀਤੀਕਾਵਿ (ਸਰੋਦੀ ਕਾਵਿ) ਵਾਲੀ ਭਾਵਨਾ ਦੀ ਤੀਬਰਤਾ, ਸਰਸਤਾ ਤੇ ਸੰਗੀਤਆਤਮਕਤਾ ਨਾਲ ਭਰਪੂਰ ਹਨ। ਪ੍ਰੌੜ੍ਹ ਭਾਸ਼ਾ-ਸ਼ੈਲੀ ਵਿਚ ਰਹੇ ਇਨ੍ਹਾਂ ਪਦਾਂ ਵਿਚ ਭਾਵ ਅਨੁਸਾਰ ਭਾਸ਼ਾ ਤੇ ਅਲੰਕਾਰ ਆਦਿ ਦੀ ਸੁੱਤੇ ਸਿੱਧ ਵਰਤੋਂ ਮਿਲਦੀ ਹੈ। ਇਹ ਪਦ ਬਹੁਤ ਹੀ ਪ੍ਰਸਿੱਧ ਹਨ।

          ਸੂਰਸਾਗਰ ਵਿਚ ਰਾਮਕਥਾ ਦੇ ਵੀ ਕੁਝ ਪਦ ਮਿਲਦੇ ਹਨ। ਇਨ੍ਹਾਂ ਵਿਚ ਰਾਮ-ਜਨਮ, ਭਰਤ-ਭਗਤੀ, ਸੀਤਾ-ਹਰਣ, ਰਾਮ-ਵਿਰਲਾਪ, ਰਾਵਣ-ਮੰਦੋਦਰੀ ਵਾਰਤਾਲਾਪ, ਸੀਤਾ ਦੀ ਅਗਨੀ ਪਰੀਖਿਆ ਆਦਿ ਵਰਗੇ ਹੋਰ ਕਈ ਭਾਵਪੂਰਣ ਪ੍ਰਸੰਗ ਹਨ। ਇਨ੍ਹਾਂ ਪ੍ਰਸੰਞਾਂ ਵਿਚ ਸੂਰਦਾਸ ਦੀ ਰੁਚੀ ਕਰੁਣ ਤੇ ਕੋਮਲ ਭਾਵ ਪ੍ਰਗਟਾਉਣ ਦੀ ਹੀ ਪ੍ਰਤੀਤ ਹੁੰਦੀ ਹੈ। ਰਾਮ ਦੀ ਬੀਰਤਾ ਦਾ ਇੰਨੀ ਲਗਨ ਨਾਲ ਵਰਣਨ ਨਹੀਂ ਕੀਤਾ ਮਿਲਦਾ ਜਿੰਨਾ ਸੀਤਾ ਦੇ ਬਿਰਹੋਂ ਦਾ। ਇਨ੍ਹਾਂ ਪਦਾਂ ਵਿਚ ਵੀ ਬਿਨੈ ਦੇ ਪਦਾਂ ਵਾਂਗ ਨਿਮਰਤਾ ਦੇ ਦੀਨਤਾ ਦਾ ਸੁਰ ਮੁੱਖ ਹੈ।

          ਸੂਰਸਾਗਰ ਦੇ ਪ੍ਰਮੁੱਖ ਭਾਗ ‘ਕ੍ਰਿਸ਼ਨਲੀਲ੍ਹਾ’ ਵਿਚ ਕ੍ਰਿਸ਼ਨ ਦੇ ਸ਼ਿਸ਼ੁਕਾਲ, ਬਾਲਕਾਲ ਤੇ ਕਿਸ਼ੋਰ ਅਵਸਥਾ ਦਾ ਵਰਣਨ ਹੈ। ਇਸ ਵਿਚ ਉਨ੍ਹਾਂ ਦੇ ਕੌਤਕਾਂ ਤੇ ਚੋਜਾਂ ਉਪਰ ਵਧੇਰੇ ਜ਼ੋਰ ਦਿਤਾ ਗਿਆ ਹੈ। ਕ੍ਰਿਸ਼ਨ ਦਾ ਮਾਂ ਪਾਸੋ ਚੰਨ ਮੰਗਣਾ, ਮੱਖਣ ਦੀ ਚੋਰੀ, ਜਮੁਨਾ-ਵਿਹਾਰ, ਹੌਲ, ਪੂਤਨਾ, ਭੌਮਾਸੁਰ, ਧੇਨੁਕ ਆਦਿ ਅਨੇਕ ਰਾਖਸ਼ਾਂ ਦਾ ਬੱਧ, ਉੱਪਲ-ਬੰਧਨ, ਰਾਧਾ-ਕ੍ਰਿਸ਼ਨ ਦਾ ਮਿਲਨ, ਗੋਪੀਆਂ ਦਾ ਚੀਰ-ਹਰਣ, ਦਾਨ-ਲੀਲ੍ਹਾ, ਮਾਨ ਲੀਲ੍ਹਾ, ਰਾਸ ਲੀਲ੍ਹਾ, ਊਧੋ ਦਾ ਬ੍ਰਿਜ ਆਉਣਾ, ਭ੍ਰਮਰਗੀਤ ਅਤੇ ਕੁਰਖੇਤਰ ਮਿਲਨ ਆਦਿ ਵਰਗੀਆਂ ਹੋਰ ਅਨੇਕਾਂ ਲੀਲ੍ਹਾਵਾਂ ਦਾ ਗੀਤ-ਪ੍ਰਬੰਧ ਸ਼ੈਲੀ ਵਿਚ ਅਦੁੱਤੀ ਵਰਣਨ ਕੀਤਾ ਗਿਆ ਹੈ। ਸ੍ਰੀ ਕ੍ਰਿਸ਼ਨ ਦੀਆਂ ਸੰਹਾਰ ਤੇ ਉਧਾਰ ਸਬੰਧੀ ਲੀਲ੍ਹਾਵਾਂ ਵਿਚ, ਜੋ ਉਨ੍ਹਾਂ ਦਾ ਅਵਤਾਰੀ ਰੂਪ ਪ੍ਰਗਟ ਹੋਇਆ ਹੈ, ਉਸ ਰਾਹੀਂ ਉਨ੍ਹਾਂ ਦੀਆਂ ਖੇਡਾਂ ਚਮਤਕਾਰੀ ਪ੍ਰਤੀਤ ਹੁੰਦੀਆਂ ਹਨ ਅਤੇ ਬ੍ਰਿਜ-ਵਾਸੀਆਂ ਦੇ ਪ੍ਰੇਮ-ਸਬੰਧ ਨੂੰ ਰਹੱਸਾਤਮਕਤਾ ਅਤੇ ਅਲੌਕਿਕਤਾ ਦੀ ਰੰਗਣ ਦਿੱਤੀ ਮਿਲਦੀ ਹੈ।

          ਸ਼੍ਰੀ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਦਾ ਵਿਕਾਸ ਤਿੰਨ ਦਿਸ਼ਾਵਾਂ ਵਿਚ ਹੁੰਦਾ ਹੈ––ਇਕ ਤਾਂ ਯਸ਼ੋਦਾ, ਨੰਦ ਤੇ ਬ੍ਰਿਜ ਦੇ ਵਾਸੀਆਂ ਵਿਚ ਕ੍ਰਿਸ਼ਨ ਪ੍ਰਤੀ ਸ਼ਰਧਾ-ਪਿਆਰ; ਦੂਜਾ ਕ੍ਰਿਸ਼ਨ ਦੇ ਸਾਥੀਆਂ (ਸਖਾਵਾਂ) ਦੇ ਹਿਰਦੇ ਵਿਚ ਉਨ੍ਹਾਂ ਪ੍ਰਤੀ ਪ੍ਰੇਮ ਅਤੇ ਤੀਜਾ ਬ੍ਰਿਜ ਦੀਆਂ ਕੁੜੀਆਂ-ਚਿੜੀਆਂ ਤੇ ਮੁਟਿਆਰ ਗੋਪੀਆਂ ਦਾ ਉਨ੍ਹਾਂ ਪ੍ਰਤੀ ਪਿਆਰ। ਇਨ੍ਹਾਂ ਤਿੰਨਾਂ ਭਾਵਾਂ ਦਾ ਬੜਾ ਸੁਭਾਵਕ ਚਿਤਰਣ ਕੀਤਾ ਗਿਆ ਹੈ। ਕ੍ਰਿਸ਼ਨ ਦੇ ਸੰਜੋਗ ਤੇ ਵਿਜੋਗ ਵਿਚ ਸੂਰਦਾਸ ਨੇ ਅਣਗਿਣਤ ਮੌਲਿਕ ਪ੍ਰਸੰਗਾਂ ਨੂੰ ਚਿਤਰਿਆ ਹੈ ਤੇ ਇਸ ਤਰ੍ਹਾਂ ਮਨੁੱਖੀ ਮਨ ਦੇ ਭਾਵਾਂ ਦੇ ਅਦੁੱਤੀ ਬਿੰਬ ਸਿਰਜੇ ਹਨ। ਸੂਰਦਾਸ ਦਾ ‘ਭ੍ਰਮਰਗੀਤ’ ਤਾਂ ਹਿੰਦੀ ਸਾਹਿਤ ਦਾ ਇਕ ਲਾਸਾਨੀ ਪ੍ਰਸੰਗ ਹੈ। ਸੂਰਦਾਸ ਨੇ ਜਿਸ ਸੂਖਮਤਾ ਨਾਲ ਕ੍ਰਿਸ਼ਨ ਲੀਲ੍ਹਾਵਾਂ ਦਾ ਵਰਣਨ ਕੀਤਾ ਹੈ, ਉਸ ਨਾਲ ਉਸ ਦੇ ਨੇਤਰਹੀਣ ਹੋਣ ਤੇ ਸ਼ੱਕ ਹੋ ਜਾਂਦਾ ਹੈ, ਯਕੀਨਨ ਇਸ ਵਿਅਕਤੀ ਦੀਆਂ ਅੰਦਰੂਨੀ ਅੱਖਾਂ ਰੌਸ਼ਨ ਹੋਣਗੀਆਂ। ਜੇਕਰ ਮਹਾਕਾਵਿ ਦੀ ਸ਼ਾਸਤਰੀ ਪਰਿਭਾਸ਼ਾ ਵਿਚ ਦੱਸੇ ਬਾਹਰੀ ਲੱਛਣਾਂ ਨੂੰ ਜ਼ਰਾ ਅੱਖੋਂ ਉਹਲੇ ਕਰੀਏ ਤਾਂ ਅਸੀਂ ਸੂਰਦਾਸ ਦੇ ਇਸ ਗੀਤੀ-ਪ੍ਰਬੰਧ ਨੂੰ ਮਹਾਕਾਵਿ ਕਹਿ ਸਕਦੇ ਹਾਂ। ਇਸ ਵਿਚ ਨਾਇਕ, ਨਾਇਕਾ, ਖਲਨਾਇਕ, ਕਥਾ, ਕਥਾਨਕ, ਪ੍ਰਕਿਰਤੀ-ਚਿਤਰਣ ਆਦਿ ਸਭ ਲੱਛਣ ਵਿਦਮਾਨ ਹਨ। ਇਸ ਕਾਵਿ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਥਾ ਵਸਤੂ ਦਾ ਨਿਰਮਾਣ ਕਰਨ ਵਾਲੇ ਭਿੰਨ-ਭਿੰਨ ਕਥਾਨਕ ਸੁਤੰਤਰ ਹੋਂਦ ਰਖਦੇ ਹੋਏ ਵੀ ਸੰਪੂਰਨ ਗ੍ਰੰਥ ਦੇ ਅਟੁੱਟ ਅੰਗ ਹਨ ਤੇ ਇਕ ਦੂਜੇ ਤੇ ਨਿਰਭਰ ਹਨ। ਗੀਤੀ-ਸ਼ੈਲੀ ਵਿਚ ਲਿਖੇ ਜਾਣ ਕਾਰਨ ਇਸ ਵਿਚ ਗੀਤੀ ਅਤੇ ਪ੍ਰਬੰਧ ਦੇ ਆਪਸ ਵਿਚ ਵਿਰੋਧੀ ਲੱਗਣ ਵਾਲੇ ਤੱਤ ਆਪੋ ਵਿਚ ਮਿਲ ਕੇ ਇਕਮਿਕ ਹੋ ਗਏ ਹਨ। ਇਹ ਅਦਭੁਤ ਮੇਲ ਕਰ ਸਕਦਾ ਸੂਰਦਾਸ ਵਰਗੀ ਪ੍ਰਤਿਭਾ ਦਾ ਹੀ ਚਮਤਕਾਰ ਹੈ।

          ਸੂਰਸਾਗਰ ਸਾਰਾਵਲੀ (ਸੂਰ ਸੂਰਾਵਲੀ) ਦੇ ਪ੍ਰਮਾਣੀਕ ਹੋਣ ਬਾਰੇ ਬਹੁਤ ਮਤਭੇਦ ਹਨ। ਇਸ ਦੇ ਸਿਰਲੇਖ ਤੇ ਇਸ ਅਧੀਨ ਦਿੱਤੇ ਸਵਾ ਲੱਖ ਪਦਾ ਦੇ ਸੂਚੀ-ਪੱਤਰ ਅਤੇ ਅੰਤ ਵਿਚ ਦਿੱਤੇ ਗਏ ‘ਸੂਰ ਸਾਗਰਸੱਯ ਸਾਰਾਵਲੀ ਸਮਾਪਤਮ’ ਤੋਂ ਗਿਆਤ ਹੁੰਦਾ ਹੈ ਕਿ ਇਸ ਦਾ ਉਦੇਸ਼ ਸੂਰ-ਸਾਗਰ ਦਾ ਸਾਰ ਦੇਣਾ ਹੀ ਹੈ। ਕਈ ਵਿਦਵਾਨ ਇਸ ਨੂੰ ਸੁਤੰਤਰ ਰਚਨਾ ਮੰਨਦੇ ਹਨ। ਇਸਦੇ ਆਰੰਭ ਵਿਚ ਸੂਰ ਦਾ ਪ੍ਰਸਿਧ ਪਦ ‘ਵੰਦੋ ਸ਼੍ਰੀ ਹਰਿਪਦ ਸੁਖਦਾਈ’ ਤੇ ਉਸ ਤੋਂ ਬਾਅਦ ਸਾਰ ਅਤੇ ਸਰਸੀ ਨਾਂ ਦੇ 1107 ਛੰਦ ਹਨ। 24 ਅਵਤਾਰਾਂ ਦਾ ਸੰਖੇਪ ਵਰਣਨ ਕਰਦੇ ਹੋਏ ਰਾਮਾਵਤਾਰ ਦਾ ਜ਼ਿਕਰ ਵਿਸਤਾਰ ਨਾਲ ਕੀਤਾ ਗਿਆ ਹੈ। ਇਨ੍ਹਾਂ ਤੋਂ ਬਾਅਦ ਕ੍ਰਿਸ਼ਨ ਲੀਲਾ ਦਾ ਕ੍ਰਮਵਾਰ ਵਰਣਨ ਹੈ। ਇਸ ਵਿਚ ਸੂਰਸਾਗਰ ਤੋਂ ਅੱਡ ਕੁਝ ਨਵੀਆਂ ਗੱਲਾਂ ਵੀ ਹਨ। ਭਾਸ਼ਾ-ਸ਼ੈਲੀ ਦੀ ਦ੍ਰਿਸ਼ਟੀ ਤੋਂ ‘ਸਾਰਾਵਲੀ’ ਦਾ ਕੋਈ ਖ਼ਾਸ ਮਹੱਤਵ ਨਹੀਂ ਹੈ। ਕਾਵਿ-ਗੁਣਾਂ ਦੀ ਦ੍ਰਿਸ਼ਟੀ ਤੋਂ ਭਾਵੇਂ ਇਹ ਕੋਈ ਮਹੱਤਵਪੂਰਨ ਰਚਨਾ ਨਹੀਂ ਐਪਰ ਪੁਸ਼ਟੀਮਾਰਗ ਵਿਚ ਇਸ ਦੇ ਸੰਪਰਦਾਇਕ ਮਹੱਤਵ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

          ਸੂਰਦਾਸ ਦੇ ਕਾਵਿ ਤੋਂ ਕਵੀ ਦੀ ਅਨੁਭਵੀ, ਵਿਵੇਕਪੂਰਣ ਅਤੇ ਚਿੰਤਨਸ਼ੀਲ ਸਖ਼ਸੀਅਤ ਉਭਰ ਕੇ ਸਾਹਮਣੇ ਆਉਂਦੀ ਹੈ। ਇਹ ਇਕ ਸਰਲ, ਪ੍ਰੇਮੀ, ਭਾਵੁਕ, ਮਿਠੜਾ ਅਤੇ ਆਤਮ-ਬਲੀਦਾਨੀ ਜਿਊੜਾ ਸੀ। ਇਸ ਦੀ ਪ੍ਰੇਮ-ਭਗਤੀ ਵਿਚ ਸਖਾ, ਵਤਸਲ ਅਤੇ ਮਧੁਰ ਭਾਵਾਂ ਦਾ ਸੰਗਮ ਹੋਇਆ ਹੈ। ਸੂਰਦਾਸ ਵਿਚ ਮਨੁੱਖੀ ਭਾਵਾਂ ਨੂੰ ਸਹਿਜ ਰੂਪ ਵਿਚ ਹੀ ਅਨੰਦ ਅਵਸਥਾ ਤਕ ਪੁਚਾ ਦੇਣ ਦੀ ਅਦਭੁਤ ਸ਼ਕਤੀ ਹੈ, ਭਾਵ ਸੂਰ ਦਾ ਕਾਵਿ ਲੋਕ ਅਤੇ ਪਰਲੋਕ ਦੋਹਾਂ ਨੂੰ ਇਕੋ ਜਿਹਾ ਸਨਮਾਨ ਦਿੰਦਾ ਹੈ। ਇਹ ਸੁਮੇਲ ਇਸ ਭਗਤ ਕਵੀ ਦੀ ਪ੍ਰਾਪਤੀ ਹੈ।

          ਸੂਰਦਾਸ ਦੀ ਰਚਨਾ ਗੁਣ ਅਤੇ ਵਿਸ਼ਾਲਤਾ ਦੋਹਾਂ ਦੇ ਪੱਖੋਂ ਮਹਾਨ ਕਵੀਆਂ ਦੀਆਂ ਰਚਨਾਵਾਂ ਦੀ ਹਾਣੀ ਹੈ। ਸਵੈ-ਪ੍ਰਗਟਾਵੇ ਦੇ ਰੂਪ ਵਿਚ ਇੰਨੇ ਵਿਸ਼ਾਲ ਕਾਵਿ ਦੀ ਸਿਰਜਨਾ ਸੂਰ ਹੀ ਕਰ ਸਕਦਾ ਸੀ ਕਿਉਂਕਿ ਇਸਨੇ ਆਪਣੇ ਯੁਗ-ਜੀਵਨ ਦੀ ਆਤਮਾ ਨੂੰ ਜਜ਼ਬ ਕਰ ਲਿਆ ਸੀ। ਇਸ ਦੇ ਸਵੈ-ਅਨੁਭੂਤੀ ਮੂਲਕ ਗੀਤਪਦਾਂ ਦੀ ਸ਼ੈਲੀ ਕਾਰਨ ਅਕਸਰ ਇਹ ਸਮਝ ਲਿਆ ਜਾਂਦਾ ਹੈ ਕਿ ਇਹ ਆਪਣੇ ਆਸ-ਪਾਸ ਦੇ ਸਮਾਜਕ ਜੀਵਨ ਤੋਂ ਅਵੇਸਲਾ ਸੀ ਪਰ ਜੇ ਅਸੀਂ ਗੌਰ ਨਾਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਭਾਵੇਂ ਸੂਰ ਨੇ ਬਹੁਤੇ ਉਪਦੇਸ਼ ਨਹੀਂ ਦਿੱਤੇ, ਸੁਧਾਰਕ ਦਾ ਭੇਸ ਨਹੀਂ ਧਾਰਿਆ ਪਰ ਮਨੁੱਖ ਦੀ ਭਾਵਆਤਮਕ ਹੋਂਦ ਦਾ ਆਦਰਸ਼ ਰੂਪ ਘੜਨ ਵਿਚ ਇਸਨੇ ਜਿਸ ਵਿਹਾਰਕ ਬੁੱਧੀ ਦੀ ਵਰਤੋਂ ਕੀਤੀ ਹੈ ਉਸ ਤੋਂ ਪਤਾ ਚਲਦਾ ਹੈ ਕਿ ਇਹ ਕਿਸੇ ਮਹਾਨ ਵਿਦਵਾਨ ਤੋਂ ਪਿੱਛੇ ਨਹੀਂ ਸੀ। ਇਸ ਦਾ ਪ੍ਰਭਾਵ ਸੱਚੇ-ਸੁਚੇ ਤੇ ਸਹਿਜ ਪ੍ਰੀਤ ਭਰੇ ਉਪਦੇਸ਼ ਵਾਂਗ ਸਿੱਧਾ ਦਿਲ ਤੇ ਪੈਂਦਾ ਹੈ।

          ਸਮਕਾਲੀ ਯੁਗ-ਜੀਵਨ ਨੂੰ ਚਿੱਤਰਦੇ ਹੋਏ ਸੁੰਦਰਤਾ ਦੇ ਮਾਧਿਅਮ ਰਾਹੀਂ ਸੱਚ ਦੀ ਖੋਜ ਕਰਕੇ ਉਸਦਾ ਪ੍ਰਗਟਾ ਕਰਨਾ ਨਿਰੇ ਭਗਤ, ਕੋਰੇ ਉਪਦੇਸ਼ਕ ਜਾਂ ਕੱਟੜ ਸਮਾਜ-ਸੁਧਾਰਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹ ਸ਼ਕਤੀ ਕੇਵਲ ਮਹਾਕਵੀ ਕੋਲ ਹੀ ਹੁੰਦੀ ਹੈ ਤੇ ਇਕ ਅਜਿਹਾ ਹੀ ਚਮਤਕਾਰ ਸੀ ਸੂਰਦਾਸ।

          ਹ. ਪੁ.––ਹਿੰ. ਵਿ. ਕੋ. 12; ਹਿੰ. ਸਾ. ਕੋ. 1, ਤੇ 2 ; ਮ. ਕੋ.; ਹਿੰ. ਸਾ. ਇ. ਰਾਮ ਚੰਦਰ ਸ਼ੁਕਲ; ਹਿੰਦੀ ਸਾਹਿਤ ਕਾ ਇਤਿਹਾਸ ਔਰ ਉਸਕੀ ਪਰਵਿਰਤੀਆਂ––ਡਾ. ਸ਼ਿਵ ਕੁਮਾਰ ਸ਼ਰਮਾ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸੂਰਦਾਸ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੂਰਦਾਸ :    ਭਗਤੀ  ਲਹਿਰ ਨਾਲ ਸਬੰਧਤ ਹਿੰਦੀ ਦੇ ਇਸ ਪ੍ਰਸਿੱਧ ਕਵੀ ਦਾ ਜਨਮ ਵਿਸਾਖ ਸ਼ੁਕਲਾ ਪੰਚਮੀ ਜਾਂ ਦਸਵੀਂ ਨੂੰ (ਸੰਮਤ. 1535) 1478 ਈ. ਵਿਚ ਦਿੱਲੀ ਦੇ ਨੇੜੇ ਸੀਹੀ ਪਿੰਡ ਵਿਖੇ ਪੰਡਿਤ ਰਾਮਦਾਸ ਸਾਰਸਵਤ  ਬ੍ਰਾਹਮਣ ਦੇ ਘਰ ਹੋਇਆ ਸੀ।

               ਮਹਾਨ ਕੋਸ਼ ਅਨੁਸਾਰ ਇਸ ਦੇ ਜਨਮ ਦਾ ਸੰਨ 1483 (ਸੰਮਤ 1540) ਹੈ। ਇਹ ਜਨਮ ਤੋਂ ਅੰਨ੍ਹਾ ਸੀ। ਬਾਅਦ ਵਿਚ ਇਹ ਆਪਣਾ ਪਿੰਡ ਛੱਡ ਕੇ ਗੋਘਾਟ ਰੇਣੁਕਾ ਕਸ਼ੇਤਰ ਆਗਰਾ ਦੇ ਕੋਲ ਆ ਕੇ ਰਹਿਣ ਲੱਗ ਪਿਆ। ਲਗਭਗ ਤੀਹ ਸਾਲ ਦੀ ਉਮਰ ਵਿਚ ਇਹ  ਸ੍ਰੀ ਵਲਭਾਚਰਯ ਦਾ ਸ਼ਾਗਿਰਦ ਬਣ ਕੇ ਕ੍ਰਿਸ਼ਨ-ਭਗਤੀ  ਵਿਚ ਲੀਨ ਹੋ ਗਿਆ। ਵਲਭਾਚਾਰਯ ਜੀ ਨੇ ਇਸ ਨੂੰ ਅਸ਼ੀਰਵਾਦ ਦਿੱਤਾ ਕਿ ਜਿਸ ਪ੍ਰਕਾਰ ਸੂਰਬੀਰ ਲੜਾਈ ਦੇ ਮੈਦਾਨ ਵਿਚੋਂ ਪਿੱਛੇ ਨਹੀਂ ਹਟਦੇ, ਉਸੇ ਤਰ੍ਹਾਂ ਸੂਰਦਾਸ ਦੀ ਭਗਤੀ ਵੀ ਦਿਨ ਪ੍ਰਤਿਦਿਨ ਉੱਪਰ ਨੂੰ ਚੜ੍ਹਦੀ ਜਾਵੇਗੀ।

         ਸੂਰਦਾਸ ਨੂੰ ' ਭਾਸ਼ਾ ਸਾਹਿਤਯ ਸੂਰਯ' ਕਿਹਾ ਜਾਂਦਾ ਹੈ। ਇਸ ਦੀ ਪ੍ਰਸਿੱਧ ਰਚਨਾ ' ਸੂਰ ਸਾਗਰ' ਹੈ ਅਤੇ ਇਸ ਦੀਆਂ ਲਿਖੀਆਂ ਹੋਰ ਪੁਸਤਕਾਂ ਵਿਚ ਗੋਵਰਧਨ ਲੀਲਾ (ਛੋਟੀ ਵੱਡੀ), ਦਸ਼ਮ ਸਕੰਧ ਭਾਗਵਤ : ਟੀਕਾ, ਦਾਨ ਲੀਲਾ, ਦੀਨਤ ਆਸ਼ਰਯ ਕੇ ਪਦ, ਨਾਮ ਲੀਲਾ, ਪਦ-ਸੰਗ੍ਰਹਿ, ਪ੍ਰਾਨ-ਪਿਆਰੀ (ਸ਼ਿਆਮ ਸਗਾਈ), ਬਾਂਸੁਰੀ ਲੀਲਾ,  ਬਾਰ੍ਹਾਂ ਮਾਸਾ ਜਾਂ ਮਾਸੀ, ਬਾਲ ਲੀਲਾ ਕੇ ਪਦ ਆਦਿ ਹਨ। ਮਹਾਨ ਕੋਸ਼ ਅਨੁਸਾਰ, ਸੂਰਦਾਸ ਦੀ ਗਿਣਤੀ ਬ੍ਰਿਜ ਦੇ ਅੱਠ ਮਹਾਂਕਵੀਆਂ ਵਿਚ ਹੁੰਦੀ ਹੈ। ਬਾਕੀ ਦੇ ਮਹਾਂਕਵੀਆਂ ਦੇ ਨਾਂ ਕ੍ਰਿਸ਼ਨ ਦਾਸ, ਪਰਮਾਨੰਦ, ਕੁੰਭਨ ਦਾਸ, ਚਤੁਰਭੁਜ, ਛੀਤ ਸਵਾਮੀ, ਨੰਦ ਦਾਸ ਅਤੇ ਗੋਬਿੰਦ ਦਾਸ ਹਨ।

           ਭਗਤ ਸੂਰਦਾਸ ਦੀ ਬਾਣੀ ਵਿਚੋਂ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ  ਹੈ। ਇਸ ਨੇ ਲਗਭਗ 90 ਸਾਲ ਦੀ ਉਮਰ ਭੋਗੀ।
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-11-35-21, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 161-163; ਮ. ਕੋ. 225.: ਪੰ. ਵਿ. ਕੋ. ; ਹਿੰਦੀ ਸਾਹਿਤ ਕਾ ਇਤਿਹਾਸ ਔਰ ਉਸ ਕੀ ਪਰਵਿਰਤੀਆਂ –ਡਾ. ਸ਼ਿਵ ਕੁਮਾਰ ਸ਼ਰਮਾ

ਸੂਰਦਾਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਰਦਾਸ, ਪੁਲਿੰਗ : ੧.  ਕ੍ਰਿਸ਼ਨ ਮਹਾਰਾਜ ਦਾ ਇੱਕ ਪਰਸਿੱਧ ਭਗਤ; ੨. ਅੰਨ੍ਹਾ, ਜਿਸ ਨੂੰ ਦਿੱਸੇ ਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-04-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.