ਸੈਕਸ ਅਤੇ ਵਤੀਰਾ ਸਰੋਤ :
ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨੁੱਖ ਵਿਖੇ ਲਿੰਗ ਆਧਾਰਿਤ ਚੋਣ , ਸਭਿਆਚਾਰ ਦੇ ਵਿਕਾਸ ਦਾ ਅਤੀ ਪ੍ਰਭਾਵਸ਼ੀਲ ਸਾਧਨ ਬਣਦੀ ਰਹੀ ਹੈ ਅਤੇ ਬਣ ਰਹੀ ਹੈ। ਜੰਗਲੀ ਪ੍ਰਾਣੀਆਂ 'ਚ, ਪ੍ਰਜਣਨ ਰੁੱਤੇ , ਨਰਾਂ 'ਚ ਲਹੂ–ਲੁਹਾਨ ਕਰ ਦੇਣ ਦੀ ਹੱਦ ਤਕ ਮੁਠ-ਭੇੜ ਚਲਦੀ ਰਹਿੰਦੀ ਹੈ। ਸਾਡੇ ਯੁਵਕ ਵੀ, ਯੁਵਤੀਆਂ ਦਾ ਧਿਆਨ ਆਪਣੇ ਵੱਲ ਮੋੜਨ ਲਈ , ਪ੍ਰਤਿਯੋਗੀ ਟਕਰਾਓ 'ਚ ਉਲਝਦੇ ਰਹਿੰਦੇ ਹਨ। ਪਰ ਅਜਿਹਾ ਇਹ ਸਭਿਆਚਾਰ ਅਤੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਕਰਦੇ ਹਨ। ਫਬਵੀਂ ਪੁਸ਼ਾਕ ਪਹਿਨਣਾ, ਢੁਕਵੀਂ ਗੱਲ ਕਹਿ ਸਕਣਾ, ਗਿਆਨਵਾਨ ਹੋਣ ਦਾ ਭਰਮ ਪੈਦਾ ਕਰਨਾ, ਚੰਗਾ ਖੇਡਣਾ ਜਾਂ ਫਿਰ ਕਿਸੇ ਹੁਨਰ ਨੂੰ ਨਿਪੁੰਨਤਾ ਸਹਿਤ ਪਰਦਰਸ਼ਿਤ ਕਰਨਾ, ਅਜਿਹੇ ਹਰਬੇ ਕੁਮਾਰ, ਕੁਮਾਰੀਆਂ ਦਾ ਧਿਆਨ ਆਪਣੀ ਵੱਲ ਖਿੱਚਣ ਲਈ ਵਰਤਦੇ ਰਹਿੰਦੇ ਹਨ। ਹੈ ਤਾਂ ਇਹ ਭਾਵੇਂ ਕੁਦਰਤੀ ਰੁਚੀ, ਪਰ ਇਸ ਉਪਰ ਸਭਿਆਚਾਰ ਦਾ ਮੁਲੰਮਾ ਚੜ੍ਹ ਜਾਣ ਕਰਕੇ, ਇਸ ਦੇ ਆਡੰਬਰੀ ਪ੍ਰਗਟਾਵੇ ਉਪਰ ਉਚਿਤਤਾ ਬਾਹਰਾ ਜ਼ੋਰ ਦਿੱਤਾ ਜਾ ਰਿਹਾ ਹੈ।
ਲਿੰਗ ਆਧਾਰਿਤ ਚੋਣ ਦਾ ਨਰ ਉਪਰ ਪੈਣ ਵਾਲਾ ਪ੍ਰਭਾਵ ਸੰਭੋਗੀ ਸੰਜੋਗ ਤਕ ਹੀ ਸੀਮਿਤ ਨਹੀਂ ਰਹਿੰਦਾ, ਇਹ ਭਰ-ਜੀਵਨ ਨਾਲ ਨਿਭਣ ਯੋਗ ਪ੍ਰਭਾਵ ਹੈ। ਸੰਭੋਗੀ ਸੰਜੋਗ ਉਪਰੰਤ ਵੀ ਨਰਾਂ ਦਾ ਲੜਨਾਂ ਭਿੜਨਾਂ ਜਾਰੀ ਰਹਿੰਦਾ ਹੈ, ਕਿਉਂਕਿ ਨਰ ਦੀ ਦਿਲਚਸਪੀ ਇਕ ਮਦੀਨ ਦੀ ਪਾਬੰਦ ਨਹੀਂ। ਜੰਗਲੀ ਜਾਨਵਰਾਂ ਦੇ ਵੀ, ਮਨੁੱਖ ਵਾਂਗ , ਹਰਮ ਹਨ। ਹੋਰਨਾਂ ਉਪਰ ਹਾਵੀ ਜਿਹੜਾ ਨਰ-ਪ੍ਰਾਣੀ ਹੈ, ਉਹ ਕਈ ਮਦੀਨਾਂ ਨਾਲ ਸਬੰਧ ਬਣਾ ਲੈਂਦਾ ਹੈ ਅਤੇ ਇਹ ਵੀ ਨਹੀਂ ਚਾਹੁੰਦਾ ਕਿ ਹੋਰਨਾਂ ਦੀ ਉਸ ਦੇ ਹਰਮ ਤੱਕ ਰਸਾਈ ਹੋ ਸਕੇ। ਕੀਟਾਂ ਦੀਆਂ ਕਈ ਨਸਲਾਂ ਹਨ, ਜਿਨ੍ਹਾਂ ਦੇ ਨਰਾਂ ਨੇ ਹੋਰ ਨਰ ਦੁਆਰਾ ਫਲੀ ਮਦੀਨ ਦੀ ਕੁੱਖ ਅੰਦਰਲੇ ਸ਼ੁਕਰਾਣੂਆਂ ਨੂੰ ਨਸ਼ਟ ਕਰਨ ਦਾ ਵਤੀਰਾ ਧਾਰਨ ਕੀਤਾ ਹੋਇਆ ਹੈ। ਇਹ ਨਰ ਫਲੀ ਹੋਈ ਮਦੀਨ ਨਾਲ ਆਪਣੇ ਸਬੰਧ ਜੋੜਨ ਦੇ ਚਾਹਵਾਨ ਹੁੰਦੇ ਹਨ।
ਮਦੀਨਾਂ ਨੂੰ ਲੁਭਾਉਣ ਲਈ ਨਰ ਭਾਂਤ–ਭਾਂਤ ਦਿਸ਼ਾਵਾਂ’ਚ ਵਿਕਸਿਤ ਹੋਏ ਹਨ। ਇਹ ਆਪਣੀ ਦਿੱਖ ਨੂੰ ਸੋਧਦੇ ਸੁਆਰਦੇ ਰਹੇ ਹਨ; ਆਪਣੇ ਆਕਾਰ ਨੂੰ ਪ੍ਰਭਾਵਸ਼ੀਲ ਬਣਾਉਂਦੇ ਰਹੇ ਹਨ ਅਤੇ ਸੰਗੀਤਮਈ ਸ੍ਵਰ ਅਲਾਪਣ’ਚ ਪ੍ਰਪੱਕ ਹੋਣ ਦੇ ਯਤਨ ਕਰਦੇ ਰਹੇ ਹਨ। ਨਰ ਕਰੀ ਭਾਵੇਂ ਕੁਝ ਜਾਣ, ਪਰ ਸੰਭੋਗੀ ਸਬੰਧ ਬਣਾਉਣ ਲਈ ਨਰ ਦੀ ਚੋਣ ਮਦੀਨ ਹੀ ਕਰਦੀ ਹੈ। ਨਿਰੋਲ ਇਸ ਕਾਰਨ ਵੀ, ਨਸਲਾਂ 'ਚ ਵਿਕਾਸ ਦੀ ਗਤੀ ਪ੍ਰੋਸਾਹਿਤ ਹੁੰਦੀ ਰਹੀ ਹੈ। ਬਾਵਜੂਦ ਇਸ ਦੇ ਕਿ ਨਰ ਧੱਕੜ ਹਨ, ਫਿਰ ਵੀ ਸੰਭੋਗੀ ਸਾਂਝ ਲਈ ਚੋਣ ਦਾ ਕੁਦਰਤੀ ਅਧਿਕਾਰ ਮਦੀਨ ਨੂੰ ਹੀ ਹੈ, ਨਰ ਨੂੰ ਨਹੀਂ। ਮਾਨਵੀ ਸਮਾਜ ਵਿਖੇ ਇਹ ਭੂਮਿਕਾ ਭਾਵੇਂ ਬਦਲ ਗਈ ਜਾਪਦੀ ਹੈ। ਅਜਿਹਾ ਸਭਿਆਚਾਰਕ ਆਵੱਸ਼ਕਤਾ ਕਾਰਨ ਹੋਇਆ ਹੈ। ਪਰ ਜਿਥੇ ਕਿਧਰੇ ਵੀ ਸਾਥ ਚੁਨਣ 'ਚ ਇਸਤਰੀ ਦੀ ਰਜ਼ਾਮੰਦੀ ਨਹੀਂ, ਉੱਥੇ ਵਿਵਾਹਤ ਜੀਵਨ ਸਿਰ-ਨਰੜ ਬਣੇ ਬੀਤਦੇ ਹਨ। ਇਸ ਸਥਿਤੀ 'ਚ, ਪਤੀ ਅਤੇ ਪਤਨੀ ਜੀਵਨ ਮਾਣ ਨਹੀਂ ਰਹੇ ਹੁੰਦੇ, ਇਹ ਦੋਵੇਂ ਦਿਨ ਕੱਟ ਰਹੇ ਹੁੰਦੇ ਹਨ।
ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First