ਸੋਭਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਭਾ ਸਿੰਘ : ਦੀਵਾਨ ਸਿੰਘ ਦਾ ਪੋਤਰਾ ਸੀ ਜਿਸਨੇ ਸਿੱਖ ਰਾਜ ਦੇ ਸ਼ੁਰੂ ਵਿਚ ਗੁਰਦਾਸਪੁਰ ਜ਼ਿਲੇ ਵਿਚ ਕਿਲਾ ਦੀਵਾਨ ਸਿੰਘ ਨਾਂ ਦਾ ਪਿੰਡ ਵਸਾਇਆ ਸੀ। ਦੀਵਾਨ ਸਿੰਘ ਰਸੂਲ ਨਗਰ ਦੇ ਚੱਠਿਆਂ ਦਾ ਪੈਰੋਕਾਰ ਸੀ। ਸੋਭਾ ਸਿੰਘ ਦਾ ਪਿਤਾ ਹੁਕਮ ਸਿੰਘ, ਮਹਾਂ ਸਿੰਘ ਸੁੱਕਰਚੱਕੀਆ ਅਤੇ ਬਾਅਦ ਵਿਚ ਰਣਜੀਤ ਸਿੰਘ ਅਧੀਨ ਉਹਨਾਂ ਦੀਆਂ ਕਈ ਮੁਹਿੰਮਾਂ ਵਿਚ ਸ਼ਾਮਲ ਰਿਹਾ ਅਤੇ ਯੂਸਫ਼ਜ਼ਈਆਂ ਦੇ ਵਿਰੁੱਧ ਲੜਦਾ ਹੋਇਆ ਹੀ ਅਕਾਲ ਚਲਾਣਾ ਕਰ ਗਿਆ ਸੀ। ਸੋਭਾ ਸਿੰਘ ਨੂੰ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਕਿਲਾ ਦੀਵਾਨ ਸਿੰਘ ਅਤੇ ਕੋਟਗੜ੍ਹ ਦੇ ਪਿੰਡ ਮਿਲੇ ਸਨ। ਇਸਨੇ ਕਸ਼ਮੀਰ ਵਿਚ ਮਿਸਰ ਦੀਵਾਨ ਚੰਦ ਅਧੀਨ ਨੌਕਰੀ ਕੀਤੀ ਅਤੇ ਟੇਰੀ ਅਤੇ ਪਿਸ਼ਾਵਰ (1823) ਸਮੇਤ ਉਤਰ-ਪੱਛਮੀ ਫਰੰਟੀਅਰ ਇਲਾਕੇ ਵਿਚ ਕਈ ਲੜਾਈਆਂ ਲੜੀਆਂ। ਇਸ ਨੇ ਸਿੱਖ ਦਰਬਾਰ ਨਾਲੋਂ ਨਾਤਾ ਤੋੜ ਲਿਆ ਅਤੇ 1848-49 ਦੀ ਐਂਗਲੋ-ਸਿੱਖ ਜੰਗ ਵਿਚ ਬ੍ਰਿਟਿਸ਼ ਨੂੰ ਸਾਜੋ-ਸਮਾਨ ਭੇਜ ਕੇ ਮਦਦ ਕੀਤੀ। ਪੰਜਾਬ ਨੂੰ ਬ੍ਰਿਟਿਸ਼ ਨਾਲ ਮਿਲਾਏ ਜਾਣ ਉਪਰੰਤ ਇਸ ਨੂੰ ਕੁਲ ਮਾਲੀਏ ਦਾ ਚੌਥਾ ਹਿੱਸਾ ਬ੍ਰਿਟਿਸ਼ ਨੂੰ ਦੇ ਕੇ ਆਪਣੇ ਦੋ ਪਿੰਡ ਆਪਣੇ ਕੋਲ ਰੱਖਣ ਦੀ ਆਗਿਆ ਦਿੱਤੀ ਗਈ।


ਲੇਖਕ : ਲੇ.ਸ.ਸ.ਭ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੋਭਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਭਾ ਸਿੰਘ : ਦੁਆਬਾ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਇਹ ਜੂਨ 1848 ਵਿਚ ਦੀਵਾਨ ਮੂਲ ਰਾਜ ਦੀ ਮਦਦ ਲਈ ਮੁਲਤਾਨ ਵੱਲ ਕੂਚ ਕਰਨ ਵਾਲੇ 1848-49 ਦੇ ਵਿਦਰੋਹ ਦੇ ਨੇਤਾ ਭਾਈ ਮਹਾਰਾਜ ਸਿੰਘ ਨਾਲ ਆ ਮਿਲਿਆ ਅਤੇ ਚੇਲਿਆਂਵਾਲੀ ਅਤੇ ਗੁਜਰਾਤ ਦੀਆਂ ਲੜਾਈਆਂ ਪਿੱਛੋਂ ਜੰਮੂ ਇਲਾਕੇ ਵਿਚ ਦੇਵ ਬਟਾਲਾ ਪਹੁੰਚਣ ਤਕ ਇਹ ਉਸਦੇ ਨਾਲ ਰਿਹਾ। ਇਹ ਦੁਬਾਰਾ ਹੁਸ਼ਿਆਰਪੁਰ ਜ਼ਿਲੇ ਅੰਦਰ ਕੁਰਾਲਾ ਦੇ ਅਸਥਾਨ ਤੇ ਉਸ ਨਾਲ ਜਾ ਮਿਲਿਆ ਅਤੇ ਯੋਜਨਾਬੱਧ ਵਿਦਰੋਹ ਲਈ ਵਲੰਟੀਅਰ ਭਰਤੀ ਕਰਨ ਵਿਚ ਉਸਦੀ ਮਦਦ ਕੀਤੀ।


ਲੇਖਕ : ਮ.ਲ.ਅ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੋਭਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਭਾ ਸਿੰਘ (1901-1986) : ਇਕ ਚਿੱਤਰਕਾਰ, ਜੋ ਵਿਸ਼ੇਸ਼ ਕਰਕੇ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਵਿਚ ਪ੍ਰਸਿੱਧ ਸੀ। ਇਸ ਦਾ ਜਨਮ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਵਿਚ ਸ੍ਰੀ ਹਰਗੋਬਿੰਦਪੁਰ ਵਿਖੇ 29 ਨਵੰਬਰ 1901 ਨੂੰ ਰਾਮਗੜ੍ਹੀਆ ਪਰਵਾਰ ਵਿਚ ਹੋਇਆ। ਇਸ ਦਾ ਪਿਤਾ ਦੇਵਾ ਸਿੰਘ, ਭਾਰਤੀ ਰਸਾਲੇ ਵਿਚ ਨੌਕਰੀ ਕਰਦਾ ਸੀ। 15 ਸਾਲ ਦੀ ਉਮਰ ਵਿਚ, ਸੋਭਾ ਸਿੰਘ ਨੇ ਆਰਟ ਐਂਡ ਕਰਾਫਟ ਦੇ ਇਕ ਸਾਲ ਦੇ ਕੋਰਸ ਲਈ ਅੰਮ੍ਰਿਤਸਰ ਦੇ ਉਦਯੋਗਿਕ ਸਕੂਲ ਵਿਚ ਦਾਖ਼ਲਾ ਲੈ ਲਿਆ। ਇਸ ਨੇ ਭਾਰਤੀ ਫ਼ੌਜ ਵਿਚ ਡਰਾਫ਼ਟਮੈਨ (ਨਕਸ਼ਾ ਨਵੀਸ) ਦੇ ਤੌਰ ਤੇ ਮੈਸੋਪੋਟਾਮੀਆਂ (ਅਜੋਕਾ ਇਰਾਕ) ਵਿਚ ਬਗਦਾਦ ਵਿਖੇ ਨੌਕਰੀ ਕੀਤੀ। ਇਸ ਨੇ ਆਪਣੇ ਜੀਵਨ ਵਿਚ ਡਰਾਇੰਗ ਅਤੇ ਪੇਂਟਿੰਗ ਨੂੰ ਅਜ਼ਾਦਾਨਾ ਤੌਰ ਤੇ ਅਪਣਾਉਣ ਲਈ ਭਾਰਤੀ ਫ਼ੌਜ ਦੀ ਨੌਕਰੀ ਛੱਡ ਦਿੱਤੀ। 1949 ਵਿਚ ਇਹ ਕਾਂਗੜਾ ਘਾਟੀ ਦੀ ਨਿਵੇਕਲੀ ਅਤੇ ਉਸ ਸਮੇਂ ਬਹੁਤ ਘੱਟ ਜਾਣੀ ਜਾਣ ਵਾਲੀ ਜਗ੍ਹਾ, ਅੰਧਰੇਟੇ ਜਾ ਕੇ ਵੱਸ ਗਿਆ, ਜਿਥੇ ਇਸ ਨੇ ਆਪਣੇ ਜੀਵਨ ਦੇ ਮਹੱਤਵਪੂਰਨ ਰਚਨਾਤਮਿਕ ਦੌਰ ਦੀ ਸ਼ੁਰੂਆਤ ਕੀਤੀ।

    ਸੋਭਾ ਸਿੰਘ ਪੱਛਮੀ ਕਲਾਸਿਕੀ ਤਕਨੀਕ ਦੀ ਆਇਲ-ਪੇਂਟਿੰਗ ਦਾ ਮਾਹਿਰ ਸੀ। ਇਸ ਦੇ ਚਿੱਤਰਾਂ ਦੇ ਵਿਸ਼ੇ ਪੰਜਾਬ ਦੀ ਰੁਮਾਂਸਵਾਦੀ ਧਾਰਾ , ਭਾਰਤੀ ਮਹਾਂਕਾਵਿ ਅਤੇ ਸਿੱਖ ਧਰਮ ਪਰੰਪਰਾ ਵਿਚੋਂ ਲਏ ਗਏ ਸਨ। ਪੰਜਾਬ ਦੇ ਆਸ਼ਕਾਂ ਸੋਹਣੀ-ਮਹੀਂਵਾਲ ਅਤੇ ਹੀਰ-ਰਾਂਝਾ ਦੇ ਇਸ ਦੇ ਚਿੱਤਰ ਬਹੁਤ ਮਸ਼ਹੂਰ ਹੋਏ ਸਨ। ਸੋਹਣੀ-ਮਹੀਂਵਾਲ ਦੀ ਪੇਂਟਿੰਗ ਸਚਮੁੱਚ ਹੀ ਸ਼ਾਹਕਾਰ ਪੇਂਟਿੰਗਜ਼ ਵਿਚੋਂ ਗਿਣੀ ਗਈ ਜਿਸਦਾ ਪ੍ਰਭਾਵ ਪੰਜਾਬ ਦੀ ਜਨ-ਚੇਤਨਾ ਉਪਰ ਹਮੇਸ਼ਾਂ ਕਾਇਮ ਰਿਹਾ। ਸੋਭਾ ਸਿੰਘ ਨੂੰ ਸਭ ਤੋਂ ਜ਼ਿਆਦਾ ਸੰਤੁਸ਼ਟ ਕਰਨ ਵਾਲੇ ਚਿੱਤਰ ਸਿੱਖ ਧਰਮ ਦੇ ਗੁਰੂਆਂ ਦੇ ਚਿੱਤਰ ਸਨ। ਜਿਵੇਂ ਕਿ ਇਸ ਨੇ ਆਪ ਕਿਹਾ ਹੈ, “ਗੁਰੂਆਂ ਦੇ ਚਿੱਤਰ ਬਣਾਉਣੇ ਮੇਰੇ ਵਾਸਤਵਿਕ ਆਤਮਿਕ ਵਿਕਾਸ ਦੇ ਸਿਖਰ ਦੇ ਅੱਤ ਨੇੜੇ ਹੈ।” ਚਿੱਤਰਾਂ ਦੀ ਇਸ ਲੜੀ ਵਿਚ ਇਸ ਦੁਆਰਾ ਬਣਾਇਆ ਗਿਆ ਪਹਿਲਾ ਚਿੱਤਰ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਸੀ ਜੋ 1934 ਵਿਚ ਬਣਾ ਲਿਆ ਗਿਆ ਸੀ। ਇਸ ਪੇਂਟਿੰਗ ਵਿਚ ਬੱਚੇ ਨਾਨਕ ਨੂੰ ਮਾਤਾ ਤ੍ਰਿਪਤਾ ਦੀ ਗੋਦ ਵਿਚ ਅਤੇ ਉਹਨਾਂ ਦੇ ਆਲੇ-ਦੁਆਲੇ ਉਹਨਾਂ ਦੀ ਭੈਣ ਨਾਨਕੀ ਅਤੇ ਪਰਵਾਰ ਦੀਆਂ ਹੋਰ ਇਸਤਰੀਆਂ ਉਹਨਾਂ ਨੂੰ ਘੇਰਾ ਪਾਈ ਖੜ੍ਹੀਆਂ ਹੋਈਆਂ ਦਿਖਾਈਆਂ ਗਈਆਂ ਸਨ, ਜਦੋਂ ਕਿ ਸ਼ਿਵ, ਰਾਮ, ਸੀਤਾ ਅਤੇ ਦੇਵੀ ਸਰਸਵਤੀ ਨੂੰ ਆਕਾਸ਼ ਵਿਚੋਂ ਪ੍ਰਗਟ ਹੁੰਦੇ ਹੋਏ ਇਸ ਪਾਵਨ ਬੱਚੇ ਉੱਤੇ ਫੁੱਲਾਂ ਦੀ ਵਰਖਾ ਕਰਦਿਆਂ ਹੋਇਆਂ ਦਰਸਾਇਆ ਗਿਆ ਹੈ। ਇਸ ਕਲਾਕ੍ਰਿਤ ਦੇ ਰਚਨਾ-ਤੱਤ ਉੱਤੇ ਮੱਧ-ਯੁਗ ਦੀ ਈਸਾਈ ਕਲਾ ਦਾ ਪ੍ਰਭਾਵ ਸਪਸ਼ਟ ਰੂਪ ਵਿਚ ਦਿਖਾਈ ਦਿੰਦਾ ਹੈ। ਸੋਭਾ ਸਿੰਘ ਨੇ ਗੁਰੂ ਨਾਨਕ ਜੀ ਦਾ ਪਹਿਲਾ ਚਿੱਤਰ 1937 ਵਿਚ “ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ” ਦੇ ਸਿਰਲੇਖ ਨਾਲ ਬਣਾਇਆ ਸੀ। ਇਸ ਵਿਚ ਗੁਰੂ ਸਾਹਿਬ ਨੂੰ ਅੱਧ ਖੁੱਲ੍ਹੀਆਂ ਨੀਵੀਂਆਂ ਅੱਖਾਂ ਨਾਲ ਰਹੱਸਵਾਦੀ ਅੰਤਰਲੀਨਤਾ ਵਿਚ ਦਿਖਾਇਆ ਗਿਆ ਹੈ। ਇਸ ਦੇ ਬਣਾਏ ਗਏ ਗੁਰੂ ਨਾਨਕ ਜੀ ਦੇ ਹੋਰ ਕਈ ਚਿੱਤਰ ਚੰਡੀਗੜ੍ਹ ਮਿਊਜ਼ੀਅਮ ਵਿਚ ਸਾਂਭੇ ਪਏ ਹਨ। 1969 ਵਿਚ ਸੋਭਾ ਸਿੰਘ ਵੱਲੋਂ ਗੁਰੂ ਨਾਨਕ ਜੀ ਦੀ 500ਵੀਂ ਜਨਮ ਸ਼ਤਾਬਦੀ ਦੇ ਸਤਿਕਾਰ ਵਿਚ ਬਣਾਈ ਗਈ ਤਸਵੀਰ ਨੂੰ ਦੂਰ-ਦੂਰ ਤਕ ਮਕਬੂਲੀਅਤ ਹਾਸਲ ਹੋਈ ਸੀ। ਉਸੇ ਤਰ੍ਹਾਂ ਇਸ ਨੇ 1967 ਵਿਚ ਗੁਰੂ ਗੋਬਿੰਦ ਸਿੰਘ ਜੀ ਦੀ 300ਵੀਂ ਜਨਮ ਸ਼ਤਾਬਦੀ ਦੇ ਮੌਕੇ ਤੇ ਗੁਰੂ ਜੀ ਦੀ ਬਣਾਈ ਤਸਵੀਰ ਨੂੰ ਵੀ ਬਹੁਤ ਪ੍ਰਸਿੱਧੀ ਹਾਸਲ ਹੋਈ ਸੀ। ਸੋਭਾ ਸਿੰਘ ਨੇ ਹੋਰ ਗੁਰੂਆਂ ਜਿਵੇਂ ਕਿ ਗੁਰੂ ਅਮਰ ਦਾਸ ਜੀ ਦੀ, ਗੁਰੂ ਤੇਗ ਬਹਾਦਰ ਜੀ ਦੀ ਬਾਬਾ ਬਕਾਲਾ ਵਿਖੇ ਭੋਰੇ ਵਿਚ ਤਪੱਸਿਆ ਕਰਦਿਆਂ ਹੋਇਆਂ ਦੀ ਅਤੇ ਗੁਰੂ ਹਰ ਕ੍ਰਿਸ਼ਨ ਜੀ ਦੀ ਦਿੱਲੀ ਵਿਚ ਰੋਗੀਆਂ ਦੀ ਸੇਵਾ ਕਰਦਿਆਂ ਹੋਇਆਂ ਦੀਆਂ ਤਸਵੀਰਾਂ ਬਣਾਈਆਂ ਸਨ। ਆਪਣੇ ਜੀਵਨ-ਯਾਤਰਾ ਦੇ ਸ਼ੁਰੂਆਤੀ ਦੌਰ ਸਮੇਂ ਇਸ ਨੇ ਇਕ ਪੇਂਟਿੰਗ ਬਣਾਈ ਜਿਸ ਵਿਚ ਮਲਕਾ ਨੂਰਜਹਾਂ ਨੂੰ ਗੁਰੂ ਹਰਗੋਬਿੰਦ ਜੀ ਦੀ ਹਜ਼ੂਰੀ ਵਿਚ ਖੜ੍ਹੇ ਹੋਏ ਦਰਸਾਇਆ ਸੀ, ਪਰੰਤੂ ਇਸ ਤਸਵੀਰ ਦੀਆਂ ਕਾਪੀਆਂ ਉੱਤੇ 1935 ਵਿਚ ਮੁਸਲਮਾਨਾਂ ਦੇ ਵਿਰੋਧ ਕਰਨ ਕਾਰਨ ਰੋਕ ਲਾ ਦਿੱਤੀ ਗਈ ਸੀ।

    ਸੋਭਾ ਸਿੰਘ ਨੇ ਆਪਣੇ ਸਮਕਾਲੀ ਸ਼ਖਸੀਅਤਾਂ ਦੇ ਚਿੱਤਰਾਂ ਵਿਚੋਂ ਨੋਰ੍ਹਾ ਰਿਚਰਡ ਜੋ ਪੰਜਾਬੀ ਰੰਗਮੰਚ ਦੀ ਨੱਕੜਦਾਦੀ ਹੈ ਦੇ ਚਿੱਤਰ ਨੂੰ ਬੜੀ ਕਾਰੀਗਰੀ ਅਤੇ ਭਾਵਪੂਰਨ ਤਰੀਕੇ ਨਾਲ ਚਿੱਤਰਿਆ ਹੈ।

    ਸੋਭਾ ਸਿੰਘ ਦੁਆਰਾ ਬਣਾਏ ਗਏ ਕੰਧ-ਚਿੱਤਰ ਨਵੀਂ ਦਿੱਲੀ ਵਿਚ ਸੰਸਦ ਭਵਨ ਦੀ ਆਰਟ ਗੈਲਰੀ ਨੂੰ ਸੁਸ਼ੋਭਿਤ ਕਰਦੇ ਹਨ। ਸਿੱਖ ਇਤਿਹਾਸ ਦੇ ਵਿਕਾਸ ਨੂੰ ਦਰਸਾਉਂਦੀ ਹੋਈ ਵੱਡੀ ਤਸਵੀਰ ਵਿਚ ਇਕ ਪਾਸੇ ਗੁਰੂ ਨਾਨਕ ਜੀ ਨੂੰ ਭਾਈ ਬਾਲੇ ਅਤੇ ਮਰਦਾਨੇ ਨਾਲ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਮਰਨ ਕਰਦਿਆਂ ਹੋਇਆਂ ਦਿਖਾਇਆ ਗਿਆ ਹੈ। ਸੋਭਾ ਸਿੰਘ ਨੇ ਬੁੱਤਕਲਾ ਵਿਚ ਵੀ ਆਪਣੇ ਹੱਥ ਅਜ਼ਮਾਏ ਅਤੇ ਕੁਝ ਮਸ਼ਹੂਰ ਪੰਜਾਬੀਆਂ ਜਿਵੇਂ ਕਿ ਐਮ.ਐਸ.ਰੰਧਾਵਾ, ਪ੍ਰਿਥਵੀ ਰਾਜ ਕਪੂਰ ਅਤੇ ਨਿਰਮਲ ਚੰਦ੍ਰ ਦੇ ਅੱਧੇ ਬੁੱਤ (ਸਿਰ, ਮੋਢੇ ਅਤੇ ਛਾਤੀ) ਬਣਾਏ। ਇਸ ਵੱਲੋਂ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਰੇਖਾ-ਚਿੱਤਰ ਬਣਿਆ ਹੋਇਆ ਰਹਿ ਗਿਆ ਸੀ। ਸੋਭਾ ਸਿੰਘ ਦੀਆਂ ਮੂਲ ਤਸਵੀਰਾਂ ਨੂੰ ਇਸਦੇ ਅੰਧਰੇਟੇ ਵਿਖੇ ਬਣੇ ਸਟੂਡੀਓ ਵਿਚ ਲਗਾ ਕੇ ਰੱਖਿਆ ਗਿਆ ਹੈ।

    ਆਪਣੇ ਜੀਵਨ ਕਾਲ ਵਿਚ ਬਹੁਤ ਪ੍ਰਸੰਸਾ ਅਤੇ ਸਤਿਕਾਰ ਹਾਸਲ ਕਰਨ ਵਾਲਾ ਸੋਭਾ ਸਿੰਘ 21 ਅਗਸਤ 1986 ਨੂੰ ਚੰਡੀਗੜ੍ਹ ਵਿਚ ਅਕਾਲ ਚਲਾਣਾ ਕਰ ਗਿਆ ਸੀ।


ਲੇਖਕ : ਸ.ਸ..ਭੱ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੋਭਾ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਭਾ ਸਿੰਘ : ਇਹ ਅਠਾਰ੍ਹਵੀਂ ਸਦੀ ਦਾ ਇਕ ਪ੍ਰਸਿੱਧ ਸਿੱਖ ਸਰਦਾਰ ਸੀ। ਜਦੋਂ ਸਤੰਬਰ, 1761 ਈ. ਵਿਚ ਲਾਹੌਰ ਦੇ ਗਵਰਨਰ ਖਵਾਜਾ ਉਬੇਦ ਨੇ ਸਰਦਾਰ ਚੜ੍ਹਤ ਸਿੰਘ ਤੇ ਗੁਜਰਾਂਵਾਲਾ ਵਿਖੇ ਹਮਲਾ ਕੀਤਾ ਤਾਂ ਬਹੁਤ ਸਾਰੇ ਸਰਦਾਰਾਂ ਨਾਲ ਸੋਭਾ ਸਿੰਘ ਵੀ ਚੜ੍ਹਤ ਸਿੰਘ ਦੀ ਸਹਾਇਤਾ ਲਈ ਆ ਪਹੁੰਚਿਆ। ਉਬੇਦ ਨੂੰ ਹਾਰ ਹੋਈ ਅਤੇ ਉਸ ਨੇ ਨੱਸੇ ਕੇ ਲਾਹੌਰ ਸ਼ਹਿਰ ਵਿਚ ਸ਼ਰਨ ਲਈ।

          ਫਰਵਰੀ, 1764 ਵਿਚ ਲਾਹੌਰ ਦਾ ਗਵਰਨਰ ਕਾਬਲੀ ਮੱਲ ਸੀ। ਸੋਭਾ ਸਿੰਘ ਨੇ ਲਾਹੌਰ ਤੋਂ 13 ਕਿ. ਮੀ. ਦੀ ਦੂਰੀ ਤੇ ਨਿਆਜ਼ਬੇਗ ਵਿਚ ਆਪਣਾ ਥਾਣਾ ਸਥਾਪਿਤ ਕਰ ਲਿਆ ਸੀ ਅਤੇ ਮੁਲਤਾਨ ਵੱਲੋਂ ਆਉਂਦੇ ਹੋਏ ਸਾਰੇ ਮਾਲ ਅਸਬਾਬ ਨੂੰ ਲੁੱਟ ਲੈਂਦਾ ਸੀ। ਕਾਬਲੀ ਮਲ ਵਿਚ ਇਤਨੀ ਹਿੰਮਤ ਨਹੀਂ ਸੀ ਕਿ ਉਹ ਸੋਭਾ ਸਿੰਘ ਦਾ ਮੁਕਾਬਲਾ ਕਰਦਾ। ਉਸ ਨੇ ਵਪਾਰੀਆਂ ਨੂੰ ਬਚਾਉਣ ਲਈ ਸ਼ਾਹ ਆਲਮੀ ਦਰਵਾਜ਼ੇ ਦੀ ਚੁੰਗੀ ਤੋਂ ਸੋਭਾ ਸਿੰਘ ਨੂੰ ਮਸੂਲ ਵਸੂਲ ਕਰਨ ਦਾ ਹੱਕ ਦੇ ਦਿੱਤਾ। ਇਸ ਦਰਵਾਜ਼ੇ ਅੱਗੇ ਸੋਭਾ ਸਿੰਘ ਦਾ ਏਜੰਟ ਚੁੰਗੀ ਵਸੂਲ ਕਰਨ ਲਈ ਬੈਠਣ ਲੱਗ ਪਿਆ।

          ਮਈ, 1765 ਈ. ਵਿਚ ਸੋਭਾ ਸਿੰਘ ਨੂੰ ਲਾਹੌਰ ਸ਼ਹਿਰ ਦਾ ਇਕ ਹਿੱਸਾ ਕਾਬੂ ਕਰਨ ਦਾ ਮੌਕਾ ਮਿਲ ਗਿਆ। ਭੰਗੀ ਮਿਸਲ ਦੇ ਦੋ ਸਰਦਾਰ-ਲਿਹਣਾ ਸਿੰਘ ਅਤੇ ਗੁਜਰ ਸਿੰਘ-ਚਲਾਕੀ ਨਾਲ ਲਾਹੌਰ ਦੇ ਕਿਲੇ ਵਿਚ ਦਾਖ਼ਲ ਹੋ ਗਏ। ਸੋਭਾ ਸਿੰਘ ਨੂੰ ਜਦੋਂ ਪਤਾ ਲੱਗਾ ਤਾਂ ਉਹ ਵੀ ਨਿਆਜ਼ ਬੇਗ ਤੋਂ ਤੁਰ ਪਿਆ ਅਤੇ ਦੀਵਾਨ ਲਖਪਤ ਰਾਏ ਦੇ ਭਤੀਜੇ ਮੇਘ ਰਾਜ ਦੀ ਹਵੇਲੀ ਵਿਚ 200 ਸਿਪਾਹੀਆਂ ਨਾਲ ਜਾ ਉਤਰਿਆ। ਇਨ੍ਹਾਂ ਤਿੰਨਾਂ ਸਰਦਾਰਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਐਲਾਨ ਕੀਤਾ ਕਿ ਲੁੱਟ-ਮਾਰ ਜਾਂ ਸ਼ਰਾਰਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਨ੍ਹਾਂ ਤਿੰਨਾਂ ਨੇ ਸ਼ਹਿਰ ਨੂੰ ਵੰਡ ਲਿਆ। ਸੋਭਾ ਸਿੰਘ ਨੂੰ ਦੱਖਣੀ ਹਿੱਸਾ ਮਿਲਿਆ, ਜਿਸ ਵਿਚ ਮਜ਼ੰਗ, ਕੋਟ, ਅਬਦੁੱਲਾ ਸ਼ਾਹ, ਇੱਛਰਾ, ਚੌਬੁਰਜੀ ਅਤੇ ਨਿਆਜ਼ਬੇਗ ਤੱਕ ਦਾ ਸਾਰਾ ਇਲਾਕਾ ਆ ਗਿਆ। ਉਨ੍ਹਾਂ ਨੇ ਸ੍ਰੀ ਗੁਰੂ ਨਾਟਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕਾ ਚਲਾਇਆ।

          ਦਸੰਬਰ, 1766 ਵਿਚ ਅਹਿਮਦ ਸ਼ਾਹ ਨੇ ਪੰਜਾਬ ਉੱਤੇ ਫਿਰ ਹਮਲਾ ਕੀਤਾ। 21 ਦਸੰਬਰ ਨੂੰ ਉਹ ਲਾਹੌਰ ਤੋਂ ਦਸ ਕਿ. ਮੀ. ਦੀ ਦੂਰੀ ਤੇ ਪੁੱਜਾ। ਤਿੰਨੇ ਸਿੱਖ ਸਰਦਾਰ ਸ਼ਹਿਰ ਨੂੰ ਛੱਡ ਕੇ ਪਿੱਛੇ ਹੱਟ ਗਏ। ਸਰਦਾਰ ਸੋਭਾ ਸਿੰਘ ਨੇ ਆਪਣਾ ਡੇਰਾ ਬਾਬਾ ਫਰੀਦ ਨਾਮੀ ਸਥਾਨ ਤੇ ਲਗਾ ਦਿੱਤਾ।

          ਮਈ, 1767 ਈ. ਵਿਚ ਅਹਿਮਦ ਸ਼ਾਹ ਵਾਪਸ ਅਫ਼ਗਾਨਿਸਤਾਨ ਚਲਾ ਗਿਆ ਅਤੇ ਇਨ੍ਹਾਂ ਸਰਦਾਰਾਂ ਨੇ ਦੋਬਾਰਾ ਲਾਹੌਰ ਉੱਤੇ ਹਮਲਾ ਕਰ ਦਿੱਤਾ। ਇਨ੍ਹਾਂ ਸ਼ਾਲਾਮਾਰ ਬਾਗ਼ ਵਿਚ ਡੇਰਾ ਲਾ ਦਿੱਤਾ। ਨਾਲ ਹੀ ਇਨ੍ਹਾਂ ਦੁਰਾਨੀ ਗਵਰਨਰ ਦਾਦਨ ਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਲਾਹੌਰ ਖਾਲੀ ਕਰ ਦੇਵੇ। ਦਾਦਨ ਖਾਂ ਨੇ ਮੁੱਖ ਪਤਵੰਤਿਆਂ ਦੇ ਨਾਲ ਸਲਾਹ ਕਰਕੇ, ਇਹ ਖਿਆਲ ਕਰਦੇ ਹੋਏ ਕਿ ਸਿੱਖ ਕਾਫੀ ਲੋਕਪ੍ਰਿਯ ਹਨ, ਕਿਲਾ ਖਾਲੀ ਕਰ ਦਿੱਤਾ। ਸੋਭਾ ਸਿੰਘ, ਗੁਜਰ ਸਿੰਘ ਅਤੇ ਲਹਿਣਾ ਸਿੰਘ ਨੇ ਫਿਰ ਪਹਿਲਾਂ ਵਾਂਗ ਹੀ ਲਾਹੌਰ ਤੇ ਕਬਜ਼ਾ ਕਰ ਲਿਆ।

          ਹ. ਪੁ.––ਹਿ. ਸਿ.––ਗੁਪਤਾ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਸੋਭਾ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਭਾ ਸਿੰਘ : ਇਹ ਭਾਰਤ ਦਾ ਇਕ ਮਹਾਨ ਕਲਾਕਾਰ ਹੈ। ਇਸ ਨੇ ਚਿਤਰਕਲਾ ਨੂੰ ਮੁਗ਼ਲ ਅਤੇ ਕਾਂਗੜਾ ਕਲਮ ਸ਼ੈਲੀ ਦੇ ਘੇਰੇ ਵਿਚੋਂ ਕੱਢ ਕੇ ਸਤਿਅੰ ਸ਼ਿਵ ਅਤੇ ਸੁੰਦਰ ਦੇ ਮਹਾਨ ਭਾਰਤੀ ਉਦੇਸ਼ਾਂ ਨਾਲ ਜੋੜਿਆ ਹੈ।

          ਇਸ ਦਾ ਜਨਮ 29 ਨਵੰਬਰ, 1910 ਈ. ਨੂੰ ਸ੍ਰੀ ਹਰਿ ਗੋਬਿੰਦਪੁਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਇਸ ਨੂੰ ਬਚਪਨ ਤੋਂ ਹੀ ਚਿਤਰਕਾਰੀ ਅਤੇ ਬੁਤ-ਤਰਾਸ਼ੀ ਦਾ ਸ਼ੌਕ ਸੀ। ਭਾਵੇਂ ਇਸ ਦੇ ਪਿਤਾ ਇਸ ਦੇ ਇਸ ਸ਼ੌਕ ਦੇ ਉਲਟ ਸਨ, ਫਿਰ ਵੀ ਇਸ ਨੇ ਇਨ੍ਹਾਂ ਕਲਾਵਾਂ ਵਿਚ ਆਪਣੀ ਦਿਲਚਸਪੀ ਜਾਰੀ ਰੱਖੀ। ਚੌਦ੍ਹਾਂ ਸਾਲ ਦੀ ਉਮਰ ਵਿਚ ਇਹ ਅੰਮ੍ਰਿਤਸਰ ਦੇ ਉਦਯੋਗਕ ਸਕੂਲ ਵਿਖੇ ਆਰਟਸ ਤੇ ਕਰਾਫਟਸ ਦੇ ਇਕ ਸਾਲਾ ਕੋਰਸ ਵਿਚ ਦਾਖਲ ਹੋ ਗਿਆ। ਸੰਨ 1919 ਵਿਚ ਇਹ ਫੌਜ ਵਿਚ ਡਰਾਫ਼ਟਸਮੈਨ ਦੇ ਤੌਰ ਤੇ ਭਰਤੀ ਹੋ ਗਿਆ। ਇਸਨੂੰ ਫੌਜੀ ਸੇਵਾ ਦੌਰਾਨ ਇਰਾਕ ਅਤੇ ਬਗ਼ਦਾਦ ਵਿਖੇ ਚਾਰ ਸਾਲ ਲਈ ਰਹਿਣ ਦਾ ਮੌਕਾ ਮਿਲਿਆ। ਇਥੇ ਇਸ ਦਾ ਵਾਸਤਾ ਪੱਛਮੀ ਚਿਤਰ ਕਾਰਾਂ ਨਾਲ ਪਿਆ ਅਤੇ ਇਸ ਦਾ ਸ਼ੌਕ ਹੋਰ ਪ੍ਰਫੁਲਤ ਹੋ ਗਿਆ। ਇਹ ਫੌਜ਼ੀ ਸੇਵਾ ਛੱਡ ਕੇ 1923 ਈ. ਵਿਚ ਭਾਰਤ ਮੁੜ ਆਇਆ।

          ਹੁਣ ਇਸ ਨੇ ਇਕ ਸੁਤੰਤਰ ਆਰਟਿਸਟ ਦੇ ਰੂਪ ਵਿਚ ਕੰਮ ਕਰਨ ਦਾ ਨਿਸਚਾ ਕਰ ਲਿਆ। ਸੰਨ 1923 ਵਿਚ ਇਸ ਨੇ ਅੰਮ੍ਰਿਤਸਰ ਵਿਖੇ ਕਮਰਸ਼ਲ ਆਰਟ ਦਾ ਧੰਦਾ ਸ਼ੁਰੂ ਕੀਤਾ ਪਰ ਨਾਲ ਹੀ ਇਸ ਨੇ ਆਪਣੇ ਸ਼ੌਕ ਦੀ ਖ਼ਾਤਰ ਫਾਈਨ ਆਰਟ ਵਿਚ ਵੀ ਆਪਣੀ ਦਿਲਚਸਪੀ ਕਾਇਮ ਰੱਖੀ। ਅੰਮ੍ਰਿਤਸਰ ਵਿਖੇ ਇਸ ਨੇ ਆਪਣਾ ਸਟੂਡੀਉ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ, ਫੁਆਰੇ ਵਾਲੇ ਚੌਂਕ ਵਿਚ ਸਥਾਪਤ ਕੀਤਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਗੁਰੂ ਕੇ ਬਾਗ਼ ਦਾ ਇਤਿਹਾਸਕ ਮੋਰਚਾ ਲੱਗਾ ਹੋਇਆ ਸੀ। ਮੋਰਚੇ ਤੇ ਜਾਂਦੇ ਸਿੱਖ ਉਥੋਂ ਦੀ ਲੰਘ ਕੇ ਜਾਂਦੇ ਸਨ। ਉਨ੍ਹਾਂ ਦੀ ਸਪਿਰਟ ਅਤੇ ਵਿਵਹਾਰ ਤੋਂ ਪ੍ਰਭਾਵਿਤ ਹੋ ਕੇ ਸ੍ਰ. ਸੋਭਾ ਸਿੰਘ ਨੇ ਆਪਣਾ ਸਾਰਾ ਜੀਵਨ ਸਿੱਖ ਇਤਿਹਾਸ ਨੂੰ ਚਿਤਰਨ ਲਈ ਅਰਪਨ ਕਰ ਦਿੱਤਾ। ਉਸ ਤੋਂ ਬਾਅਦ ਇਸ ਨੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਬਹੁਤ ਸਾਰੇ ਚਿੱਤਰ ਤਿਆਰ ਕੀਤੇ ਹਨ।

          1926 ਈ. ਵਿਚ ਇਸ ਨੇ ਲਾਹੌਰ ਵਿਖੇ ਆਪਣਾ ਸਟੂਡੀਉਂ ਕਾਇਮ ਕਰਕੇ ਕੰਮ ਕਰਨਾ ਸ਼ੁਰੂ ਕੀਤਾ। ਸੰਨ 1930 ਵਿਚ ਇਹ ਦਿੱਲੀ ਆ ਗਿਆ। ਇਥੇ ਇਸ ਨੇ ਆਪਣਾ ਸਟੂਡੀਉ ਕਾਇਮ ਕਰਕੇ ਕਮਰਸ਼ਲ ਆਰਟ ਦਾ ਕੰਮ ਸ਼ੁਰੂ ਕੀਤਾ। ਇਹ ਇਥੇ ਪੋਸਟਰ ਪੇਂਟ ਕਰਕੇ, ਪੋਰਟਰੇਟ ਆਦਿ ਤਿਆਰ ਕਰਕੇ ਆਪਣਾ ਜੀਵਨ ਨਿਰਬਾਹ ਕਰਦਾ ਸੀ। ਇਥੇ ਲਗਭਗ ਬਾਰ੍ਹਾਂ ਸਾਲ ਰਹਿਣ ਉਪਰੰਤ ਇਹ 1942 ਈ. ਵਿਚ ਅੰਮ੍ਰਿਤਸਰ ਵਾਪਸ ਆ ਗਿਆ ਅਤੇ ਦੋ ਸਾਲ ਤਕ ਇਹ ਕਾਲਜ ਵਿਚ ਫਾਈਨ ਆਰਟ ਪੜ੍ਹਾਉਂਦਾ ਰਿਹਾ। ਕੁਝ ਸਮੇਂ ਬਾਅਦ ਇਹ ਅੰਮ੍ਰਿਤਸਰ ਤੋਂ ਵੀ ਚਲਾ ਗਿਆ ਅਤੇ ਫਿਰ ਫੌਜ ਵਿਚ ਭਰਤੀ ਹੋ ਗਿਆ। ਇਸ ਨੇ ਕੁਝ ਚਿਰ ਲਈ ਭਾਰਤੀ ਸੈਨਾ ਦੇ ਪਬਲਿਸਿਟੀ ਵਿਭਾਗ ਵਿਚ ਆਰਟਿਸਟ ਵਜੋਂ ਕੰਮ ਕੀਤਾ ਅਤੇ ਇਸ ਦੌਰਾਨ ਇਹ ਸ਼ਿਮਲੇ ਰਿਹਾ।

          1945 ਈ. ਵਿਚ ਇਹ ਲਾਹੌਰ ਵਿਖੇ ਰਹਿ ਰਿਹਾ ਸੀ। ਇਥੇ ਇਸ ਨੇ ਫਿਲਮ ‘ਬੁੱਤ-ਤਰਾਸ਼’ ਦੀ ਆਰਟ ਡਾਇਰੈਕਸ਼ਨ ਦਿਤੀ। ਸੰਨ 1947 ਵਿਚ ਦੇਸ਼ ਦਾ ਬਟਵਾਰਾ ਹੋਣ ਕਾਰਨ ਇਸ ਨੂੰ ਲਾਹੌਰ ਛੱਡਣਾ ਪਿਆ। ਸਵਰਗਵਾਸੀ ਨੋਰ੍ਹਾ ਰਿਚਰਡ, ਪੰਜਾਬੀ ਨਾਟਕ ਦੀ ਜਨਮਦਾਤਾ, ਵਲੋਂ ਬੁਲਾਏ ਜਾਣ ਤੇ ਇਹ ਅੰਦਰੇਟਾ (ਹਿਮਾਚਲ ਪ੍ਰਦੇਸ਼) ਵਿਖੇ ਰਹਿਣ ਲਗ ਪਿਆ। ਇਹ ਥਾਂ ਇਸ ਨੂੰ ਆਪਣੀ ਕਲਾ ਦੇ ਵਿਕਾਸ ਲਈ ਅਨੁਕੂਲ ਜਾਪੀ। ਅੱਜਕਲ੍ਹ ਇਹ ਇਥੇ ਹੀ ਰਹਿ ਕੇ ਕਲਾ ਦੀ ਸੇਵਾ ਕਰ ਰਿਹਾ ਹੈ।

          ਪੰਜਾਬੀ ਹੋਣ ਦੇ ਨਾਤੇ ਇਸ ਨੂੰ ਪੰਜਾਬੀ ਜੀਵਨ ਨਾਲ ਬਹੁਤ ਡੂੰਘਾ ਪਿਆਰ ਹੈ। ਇਸ ਨੇ ਸਿੱਖ ਇਤਿਹਾਸ ਤੋਂ ਇਲਾਵਾ ਪੰਜਾਬੀ ਜੀਵਨ ਨਾਲ ਸਬੰਧਤ ਬਹੁਤ ਸਾਰੇ ਚਿੱਤਰ ਵੀ ਤਿਆਰ ਕੀਤੇ ਹਨ। ਇਸ ਸਬੰਧ ਵਿਚ ਇਸ ਦਾ ਚਿੱਤਰ, ‘ਸੋਹਣੀ ਮਹੀਂਵਾਲ’ ਵਿਸ਼ੇਸ਼ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ। ਜਿਸ ਪ੍ਰਕਾਰ ਸੋਹਣੀ ਮਹੀਂਵਾਲ ਦਾ ਕਿੱਸਾ ਬਹੁਤ ਕੋਲ ਪ੍ਰਿਯ ਹੈ, ਉਸੇ ਪ੍ਰਕਾਰ ਸੋਭਾ ਸਿੰਘ ਦੇ ਚਿੱਤਰ ‘ਸੋਹਣੀ ਮਹੀਂਵਾਲ’ ਨੂੰ ਵੀ ਕਾਫੀ ਪ੍ਰਸਿੱਧੀ ਪ੍ਰਾਪਤ ਹੈ। ਪੰਜਾਬੀ ਜੀਵਨ ਨਾਲ ਸਬੰਧਤ ਚਿੱਤਰਾਂ ਵਿਚ ਇਸ ਚਿੱਤਰ ਨੂੰ ਬਹੁਤ ਉੱਚਾ ਦਰਜਾ ਪ੍ਰਾਪਤ ਹੈ।

          ਇਸ ਦੇ ਪ੍ਰਸਿੱਧ ਚਿੱਤਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਕ੍ਰਿਸ਼ਨ ਮਹਾਰਾਜ ਜੀ, ਕਾਂਗੜੇ ਦੀ ਦੁਲਹਨ, ਪ੍ਰਭਾਤ ਦੀ ਦੇਵੀ, ਦੁਲਹਨ, ਸ਼ਾਹਜਹਾਂ ਆਦਿ ਦੇ ਚਿੱਤਰ ਸ਼ਾਮਲ ਹਨ।

          ਕਲਾ ਦੇ ਖੇਤਰ ਵਿਚ ਇਸ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਸੰਨ 1983 ਵਿਚ ਇਸਨੂੰ ਪਦਮਸ਼੍ਰੀ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ।

          ਹ. ਪੁ.––ਦੀ ਟ੍ਰਿਬਿਊਨ.––10 ਨਵੰਬਰ, 1975 ਦੇਸ਼ ਪੰਜਾਬ (ਮੈਗਜ਼ੀਨ,)––ਫਰਵਰੀ. 1979.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.