ਸ੍ਰੀ ਗੁਰੂ ਪੰਥ ਪ੍ਰਕਾਸ਼ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ੍ਰੀ ਗੁਰੂ ਪੰਥ ਪ੍ਰਕਾਸ਼ : ਆਮ ਤੌਰ ਤੇ ਪੰਥ ਪ੍ਰਕਾਸ਼ ਦੇ ਨਾਂ ਨਾਲ ਪ੍ਰਸਿੱਧ ਗਿਆਨੀ ਗਿਆਨ ਸਿੰਘ (1822-1921) ਦੁਆਰਾ, ਕਵਿਤਾ ਵਿਚ ਲਿਖਿਆ ਸਿੱਖਾਂ ਦਾ ਇਤਿਹਾਸ ਹੈ। ਜਿਵੇਂ ਕਿ ਸਿਰਲੇਖ ਤੋਂ ਪਤਾ ਲਗਦਾ ਹੈ, ਇਹ ਗੁਰੂ ਪੰਥ ਅਰਥਾਤ ਖ਼ਾਲਸਾ ਜਾਂ ਸਿੱਖ ਭਾਈਚਾਰੇ ਦੀ ਉਨਤੀ ਅਤੇ ਵਿਕਾਸ ਦਾ ਇਤਿਹਾਸ ਹੈ। ਨਿਰਮਲਾ ਸੰਪਰਦਾਇ ਨਾਲ ਸੰਬੰਧਿਤ, ਸਿੱਖ ਧਰਮ ਦੇ ਧਰਮ-ਸ਼ਾਸਤਰੀ ਅਤੇ ਪ੍ਰਚਾਰਕ ਲੇਖਕ ਨੇ ਆਪਣੇ ਅਧਿਆਪਕ ਪੰਡਤ ਤਾਰਾ ਸਿੰਘ ਨਰੋਤਮ (1822-91) ਦੀ ਸਲਾਹ ਤੇ ਲਿਖੀ ਇਹ ਪੁਸਤਕ 1880 ਵਿਚ ਛਾਪ ਕੇ ਇਤਿਹਾਸ-ਲੇਖਣ ਦੇ ਖੇਤਰ ਵਿਚ ਪਹਿਲੀ ਵਾਰ ਪ੍ਰਵੇਸ਼ ਕੀਤਾ। ਇਸ ਦੀ ਪਹਿਲੀ ਛਪਾਈ (1880) ਪੱਥਰ ਦੇ ਛਾਪੇ ਰਾਹੀਂ ਦਿੱਲੀ ਵਿਚ ਹੋਈ ਜਿਸਦੇ ਕੇਵਲ 65 ਬਿਸਰਾਮ (ਅਧਿਆਇ ਜਾਂ ਖੰਡ) ਅਤੇ 715 ਪੰਨੇ ਸਨ। ਜਿਵੇਂ ਕਿ ਇਸ ਤੋਂ ਪਹਿਲੇ ਰਤਨ ਸਿੰਘ ਭੰਗੂ ਦੇ (ਪ੍ਰਾਚੀਨ) ਪੰਥ ਪ੍ਰਕਾਸ਼ ਵਿਚ ਹੈ ਇਸ ਵਿਚ ਵੀ ਗੁਰੂ ਕਾਲ , ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਦੇ ਸਮੇਂ ਦਾ ਵਰਨਨ ਮਿਲਦਾ ਹੈ। ਸੋਧਿਆ ਹੋਇਆ ਅਤੇ ਜ਼ਿਆਦਾ ਵਿਸਤ੍ਰਿਤ ਦੂਸਰਾ ਸੰਸਕਰਨ ਦੋ ਹਿੱਸਿਆਂ ਵਿਚ (ਪੰਨੇ 1418) 1889 ਵਿਚ, ਲਾਹੌਰ ਵਿਖੇ ਦੀਵਾਨ ਬੂਟਾ ਸਿੰਘ ਨੇ ਆਪਣੇ ਮਤਬਾ ਆਫਤਾਬ ਵਿਖੇ ਪੱਥਰ ਦੇ ਛਾਪੇ ਵਿਚ ਛਾਪਿਆ ਸੀ। ਆਪਣੇ ਪ੍ਰਕਾਸ਼ਕ ਨਾਲ ਮਤਭੇਦ ਹੋਣ ਕਰਕੇ ਗਿਆਨੀ ਗਿਆਨ ਸਿੰਘ ਨੇ ਅੰਮ੍ਰਿਤਸਰ ਮਤਬਾ ਚਸ਼ਮ-ਇ-ਨੂਰ ਭਾਈ ਕਾਕਾ ਸਿੰਘ ਸਾਧੂ ਦੇ ਰਾਹੀਂ 1889 ਵਿਚ ਨਵਾਂ ਪੱਥਰ ਛਾਪਾ ਸੰਸਕਰਨ ਛਪਵਾਇਆ। ਇਸ ਸੰਸਕਰਨ ਦੇ 73 ਖੰਡ ਅਤੇ ਕੁਲ 960 ਪੰਨੇ:ਪਹਿਲੇ 533 ਪੰਨੇ ਥੋੜ੍ਹੀਆਂ ਜਿਹੀਆਂ ਤਬਦੀਲੀਆਂ ਨਾਲ ਦਿੱਲੀ ਸੰਸਕਰਨ ਦੀ ਨਕਲ ਸਨ। ਸ੍ਰੀ ਗੁਰੂ ਪੰਥ ਪ੍ਰਕਾਸ਼ ਦਾ ਚੌਥਾ ਸੰਸਕਰਨ ਜਿਸਦੇ 115 ਖੰਡ ਅਤੇ 1085 ਪੰਨੇ ਸਨ 1898 ਵਿਚ ਭਾਈ ਕਾਕਾ ਸਿੰਘ ਸਾਧੂ ਰਾਹੀਂ ਛਾਪਿਆ ਗਿਆ ਸੀ ਪਰ ਇਸ ਵਾਰ ਇਸਦੀ ਟਾਈਪਿੰਗ ਵਜ਼ੀਰ-ਇ-ਹਿੰਦ ਪ੍ਰੈਸ ਅੰਮ੍ਰਿਤਸਰ ਵਿਖੇ ਹੋਈ ਸੀ। ਚੌਥੇ ਸੰਸਕਰਨ ਦੇ ਦੋ ਛਾਪੇ ਖ਼ਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਛਾਪੇ ਗਏ ਸਨ। ਪੰਜਾਬ ਭਾਸ਼ਾ ਵਿਭਾਗ , ਪਟਿਆਲਾ , ਨੇ 1970 ਵਿਚ ਇਕ ਸੰਸਕਰਨ ਪ੍ਰਕਾਸ਼ਤ ਕੀਤਾ। ਉਸੇ ਸਾਲ ਸੋਧਿਆ ਅਤੇ ਟਿੱਪਣੀਆਂ ਭਰਪੂਰ ਸੰਸਕਰਨ ਪੰਜ ਹਿੱਸਿਆਂ ਵਿਚ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ , ਮੁਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ (ਪਿੱਛੋਂ ਜਥੇਦਾਰ ਸ੍ਰੀ ਅਕਾਲ ਤਖਤ), ਅੰਮ੍ਰਿਤਸਰ ਦੁਆਰਾ ਛਾਪਿਆ ਗਿਆ।
23 ਵੱਖ-ਵੱਖ ਸ੍ਰੋਤਾਂ ਦੇ ਹਵਾਲੇ ਪੰਥ ਪ੍ਰਕਾਸ਼ ਵਿਚ ਵੱਖ-ਵੱਖ ਥਾਵਾਂ ਤੇ ਮਿਲਦੇ ਹਨ ਜਿਨ੍ਹਾਂ ਨੂੰ ਲੇਖਕ ਨੇ ਵਾਚਿਆ ਜਾਂ ਜਿਨ੍ਹਾਂ ਦੀ ਵਰਤੋਂ ਕੀਤੀ ਹੈ। ਉਹ ਵਿਸ਼ੇਸ਼ ਤੌਰ ਤੇ ਰਤਨ ਸਿੰਘ ਭੰਗੂ ਦਾ (ਪ੍ਰਾਚੀਨ) ਪੰਥ ਪ੍ਰਕਾਸ਼, ਬੂਟੇ ਸ਼ਾਹ ਦੀ ਤਵਾਰੀਖ਼-ਇ-ਪੰਜਾਬ ਅਤੇ ਭਾਈ ਸੰਤੋਖ ਸਿੰਘ ਦਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਜ਼ਿਕਰ ਕਰਦਾ ਹੈ। ਹੋਰ ਵੀ ਸ੍ਰੋਤ ਜਿਨ੍ਹਾਂ ਦਾ ਉਸ ਨੇ ਜਿਕਰ ਕੀਤਾ ਹੈ ਉਹਨਾਂ ਵਿਚ ਸ਼ਾਮਲ ਹਨ, ਗੁਰਬਿਲਾਸ ਦਸਵੀਂ ਪਾਤਸ਼ਾਹੀ, ਬੰਸਾਵਲੀਨਾਮਾ, ਦਬਿਸਤਾਨ-ਇ-ਮਜ਼ਾਹਿਬ ਅਤੇ ਸਿਅਰ ਉਲ-ਮੁਤਾਖ਼ਰੀਨ।
ਸ੍ਰੀ ਗੁਰੂ ਪੰਥ ਪ੍ਰਕਾਸ਼ ਸਿੱਖ ਇਤਿਹਾਸ ਦੇ ਕਾਫੀ ਲੰਮੇ ਸਮੇਂ ਬਾਰੇ ਜਾਣਕਾਰੀ ਦਿੰਦਾ ਹੈ ਜਿਹੜਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ (1469-1539) ਤੋਂ ਲੈ ਕੇ ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਮਿਲਾਉਣ ਅਤੇ ਮਹਾਰਾਜਾ ਦਲੀਪ ਸਿੰਘ ਦੇ ਅਕਾਲ ਚਲਾਣੇ (1837-1893) ਤਕ ਹੈ। ਪਿਛਲੇ ਤਿੰਨ ਅਧਿਆਵਾਂ ਵਿਚ ਕੁਝ ਸਿੱਖ ਸੰਪਰਦਾਵਾਂ ਅਤੇ ਮਤਾਂ ਜਿਵੇਂ ਉਦਾਸੀ , ਨਿਰਮਲੇ , ਨਿਹੰਗ, ਕੂਕੇ ਜਾਂ ਨਾਮਧਾਰੀ, ਗੁਲਾਬਦਾਸੀਏ, ਸਤਕਰਤਾਰੀਏ , ਨਿਰੰਜਨੀਏ, ਹੀਰਾਦਾਸੀਏ ਅਤੇ ਗੰਗੂਸ਼ਾਹੀਏ ਦਾ ਵਰਨਨ ਅਤੇ ਲੇਖਕ ਦੇ ਕੁਝ ਸਵੈ-ਜੀਵਨੀ ਬਿਰਤਾਂਤ ਨਾਲ ਸਮਕਾਲੀ ਸਮਾਜਿਕ ਸਥਿਤੀ ਬਾਰੇ ਵਿਚਾਰ ਪ੍ਰਗਟ ਹੁੰਦੇ ਹਨ।
ਗਿਆਨੀ ਗਿਆਨ ਸਿੰਘ ਇਕ ਸ਼ਰਧਾਵਾਨ ਧਾਰਮਿਕ ਵਿਦਵਾਨ ਸੀ ਪਰੰਤੂ ਇਕ ਆਲੋਚਨਾਤਮਿਕ ਇਤਿਹਾਸਕਾਰ ਨਹੀਂ ਸੀ। ਇਤਿਹਾਸ ਵੱਲ ਉਸ ਦੀ ਪਹੁੰਚ ਪਰੰਪਰਾਗਤ ਸੀ ਅਤੇ ਇਤਿਹਾਸ ਲਿਖਣ ਪਿੱਛੋਂ ਉਸ ਦੀ ਭਾਵਨਾ (ਪੰਥ ਪ੍ਰਕਾਸ਼ ਤੋਂ ਇਲਾਵਾ, ਉਸਨੇ ਪੰਜ ਹਿੱਸਿਆਂ ਵਿਚ ਤਵਾਰੀਖ਼- ਗੁਰੂ-ਖ਼ਾਲਸਾ ਨਾਮੀ ਵਿਸਤ੍ਰਿਤ ਸਿੱਖ ਇਤਿਹਾਸ ਵੀ ਗੱਦ ਵਿਚ ਲਿਖਿਆ) ਸਿੱਖਾਂ ਦੇ ਬੀਤੇ ਦੀ ਸ਼ਾਨ ਨੂੰ ਉਘਾੜ ਕੇ ਪੇਸ਼ ਕਰਨਾ ਸੀ। ਪੰਥ ਪ੍ਰਕਾਸ਼ ਵਿਚ ਕੁਝ ਤੱਥਾਂ, ਮਿਤੀਆਂ ਅਤੇ ਘਟਨਾਵਾਂ ਦੀਆਂ ਤਰਤੀਬਾਂ ਦੀ ਵਿਗਿਆਨਿਕ ਛਾਣਬੀਣ ਨਹੀਂ ਹੋਈ, ਫਿਰ ਵੀ ਇਸ ਰਚਨਾ ਨੂੰ ਬਹੁਤ ਪ੍ਰਸਿੱਧੀ ਅਤੇ ਮਾਣ ਪ੍ਰਾਪਤ ਹੈ। ਸਿੱਖ ਗੁਰਦੁਆਰਿਆਂ ਵਿਚ ਰਸਮੀ ਤੌਰ ਤੇ ਇਸ ਦੀ ਵਿਆਖਿਆ ਕੀਤੀ ਜਾਂਦੀ ਹੈ ਅਤੇ ਕਈ ਪੁਸ਼ਤਾਂ ਤੋਂ ਇਸਨੇ ਸਿੱਖਾਂ ਦੀ ਇਤਿਹਾਸਿਕ ਸੋਚ ਨੂੰ ਬਣਾਉਣ ਵਿਚ ਯੋਗਦਾਨ ਪਾਇਆ ਹੈ।
ਲੇਖਕ : ਸ.ਸ.ਸੇ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First