ਸੰਗਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗਤ [ਨਾਂਇ] ਸਾਥ, ਸੁਹਬਤ, ਸੰਜੋਗ , ਇਕੱਠ , ਟੋਲੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਗਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗਤ. ਸੰ. ਸੰ—ਗਤ. ਸੰਗ੍ਯਾ—ਸਭਾ. ਸੰਘ. ਮਜਲਿਸ. Congregation. “ਸੰਗਤ ਸਹਿਤ ਸੁਨੈ ਮੁਦ ਧਰੈਂ.” (ਗੁਪ੍ਰਸੂ) ੨ ਸੰਬੰਧ. ਰਿਸ਼ਤਾ. ਨਾਤਾ। ੩ ਗੁਰਸਿੱਖਾਂ ਦੇ ਜਮਾ ਹੋਣ ਦੀ ਥਾਂ। ੪ ਮਾਲਵੇ ਵਿੱਚ ਇੱਕ ਪਿੰਡ , ਜੋ ਰਿਆਸਤ ਪਟਿਆਲਾ , ਨਜਾਮਤ, ਬਰਨਾਲਾ, ਤਸੀਲ ਅਤੇ ਭਟਿੰਡੇ ਵਿੱਚ ਹੈ. ਬੀਕਾਨੇਰ ਵਾਲੀ ਛੋਟੀ ਰੇਲਵੇ ਲਾਇਨ ਤੇ, ਭਟਿੰਡੇ ਤੋਂ ਪਹਿਲਾਂ ਸਟੇਸ਼ਨ ਸੰਗਤ ਹੈ।
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਗਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸੰਗਤ: ਸਿੱਖ ਧਰਮ-ਕੇਂਦਰ ਦਾ ਇਕ ਨਾਮਾਂਤਰ। ਵੇਖੋ ‘ਧਰਮਸਾਲ/ਧਰਮਸਾਲਾ’, ‘ਗੁਰਦੁਆਰਾ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਸੰਗਤ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਗਤ : ਸੰਸਕ੍ਰਿਤ ਸ਼ਬਦ ‘ਸੰਗਤਿ` ਦਾ ਪੰਜਾਬੀ ਰੂਪ ਹੈ ਜਿਸ ਦਾ ਅਰਥ ਹੈ ਸਾਥ ਜਾਂ ਸੰਬੰਧ। ਸਿੱਖ ਸ਼ਬਦਾਵਲੀ ਵਿਚ ਇਸ ਸ਼ਬਦ ਦਾ ਵਿਸ਼ੇਸ਼ ਅਰਥ ਹੈ। ਇਸ ਸ਼ਬਦ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਧਾਰਮਿਕ ਤੌਰ ਤੇ ਇਕੱਤਰ ਹੋਏ ਪੁਰਸ਼ਾਂ ਅਤੇ ਇਸਤਰੀਆਂ ਦਾ ਇਕੱਠ। ਇਸ ਅਰਥ ਦੇ ਦੋ ਹੋਰ ਸ਼ਬਦ ਹਨ ਜਿਨ੍ਹਾਂ ਦਾ ਅਰਥ ਇਕੋ ਹੀ ਹੈ ਉਹ ਹਨ ਸਾਧ ਸੰਗਤ। ਸ਼ਬਦ ਸੰਗਤ ਗੁਰੂ ਨਾਨਕ (1469-1539) ਦੇਵ ਜੀ ਦੇ ਸਮੇਂ ਤੋਂ ਹੀ ਵਰਤਿਆ ਜਾਂਦਾ ਰਿਹਾ ਹੈ। ਉਹਨਾਂ ਦੇ ਸਮੇਂ ਅਤੇ ਉਹਨਾਂ ਤੋਂ ਅੱਗੇ ਉਹਨਾਂ ਦੇ ਨੌਂ ਉਤਰਾਧਿਕਾਰੀਆਂ ਦੇ ਸਮੇਂ ਇਕ ਵਿਸ਼ੇਸ਼ ਜਗ੍ਹਾ ਵਿਚ ਅਤੇ ਉਸ ਅਸਥਾਨ ਦੇ ਨਾਂ ਤੇ ਸਿੱਖ ਭਾਈਚਾਰੇ ਨੂੰ ਸੰਗਤ ਕਿਹਾ ਜਾਂਦਾ ਸੀ। ਇਹਨਾਂ ਅਰਥਾਂ ਵਿਚ ਇਸ ਸ਼ਬਦ ਦੀ ਜਨਮ ਸਾਖੀਆਂ ਵਿਚ ਅਤੇ ਗੁਰੂਆਂ ਦੁਆਰਾ ਦੇਸ ਦੇ ਵੱਖ ਵੱਖ ਹਿੱਸਿਆਂ ਵੱਲ ਭੇਜੇ ਗਏ ਹੁਕਮਨਾਮਿਆਂ ਵਿਚ ਵਰਤੋਂ ਕੀਤੀ ਗਈ ਹੈ। ਹੁਕਮਨਾਮਿਆਂ ਵਿਚ ਇਹਨਾਂ ਦੇ ਸੰਕੇਤ ਮਿਲਦੇ ਹਨ, ਜਿਵੇਂ ਉਦਾਹਰਨ ਦੇ ਤੌਰ ਤੇ ‘ਸਰਬੱਤ ਸੰਗਤ ਬਨਾਰਸ ਕੀ`, ਪਟਨਾ ਕੀ ਸੰਗਤ, ਧੌਲ ਕੀ ਸੰਗਤ। ਆਮ ਵਰਤੋਂ ਵਿਚ ਇਹ ਸ਼ਬਦ ਸ਼ਰਧਾਲੂਆਂ ਦੇ ਇਕੱਠ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦੀ ਸੰਗਤ ਗੁਰਦੁਆਰੇ ਵਿਚ, ਕਿਸੇ ਦੇ ਘਰ ਜਾਂ ਕਿਸੇ ਹੋਰ ਥਾਂ ਹੋ ਸਕਦੀ ਹੈ ਪਰੰਤੂ ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਜ਼ਰੂਰੀ ਹੈ। ਇਸ ਦਾ ਉਦੇਸ਼ ਧਾਰਮਿਕ ਅਰਦਾਸ ਜਾਂ ਉਪਦੇਸ਼ ਜਾਂ ਹੋਰ ਕਿਸੇ ਕਿਸਮ ਦਾ ਰੀਤੀ ਰਿਵਾਜ ਨਿਭਾਉਣਾ ਹੁੰਦਾ ਹੈ। ਸੰਗਤ ਸਮੁੱਚੇ ਰੂਪ ਵਿਚ ਸ਼ਬਦਾਂ ਦਾ ਕੀਰਤਨ ਕਰ ਸਕਦੀ ਹੈ ਜਾਂ ਫਿਰ ਜਿਵੇਂ ਅਕਸਰ ਹੁੰਦਾ ਹੈ ਕੀਰਤਨ ਕਰਨ ਵਾਲਾ ਜਥਾ ਹੋ ਸਕਦਾ ਹੈ। ਸੰਗਤ ਵਿਚ ਪਵਿੱਤਰ ਬਾਣੀ ਦਾ ਕੀਰਤਨ ਬਿਨਾਂ ਵਿਆਖਿਆ ਜਾਂ ਵਿਆਖਿਆ ਸਮੇਤ ਹੋ ਸਕਦਾ ਹੈ, ਲੈਕਚਰ ਜਾਂ ਧਾਰਮਿਕ ਜਾਂ ਧਰਮ ਸ਼ਾਸਤਰੀ ਵਿਸ਼ਿਆਂ ਜਾਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦੀ ਵਿਆਖਿਆ ਹੋ ਸਕਦੀ ਹੈ। ਸਿੱਖ ਪੰਥ ਦੇ ਸਮਾਜਿਕ ਅਤੇ ਰਾਜਨੀਤਿਕ ਮਸਲੇ ਵੀ ਵਿਚਾਰੇ ਜਾ ਸਕਦੇ ਹਨ।
ਸਿੱਖ ਧਰਮ ਵਿਚ ਸਿੱਖਾਂ ਦੇ ਸੰਗਤ ਵਿਚ ਜੁੜ ਬੈਠਣ ਦਾ ਬਹੁਤ ਭਾਰੀ ਮਹੱਤਵ ਹੈ। ਇਸ ਨੂੰ ਵਿਅਕਤੀ ਦੀ ਅਧਿਆਤਮਿਕ ਉਨਤੀ ਅਤੇ ਤਰੱਕੀ ਲਈ ਜ਼ਰੂਰੀ ਸਮਝਿਆ ਜਾਂਦਾ ਹੈ। ਇਹ ਧਾਰਮਿਕ ਅਤੇ ਨੈਤਿਕ ਸਿੱਖਿਆ ਲਈ ਇਕ ਸਾਧਨ ਹੈ। ਇਕ ਪਾਸੇ ਇਕਾਂਤ ਵਿਚ ਧਾਰਮਿਕ ਅਭਿਆਸ ਨਾਲੋਂ ਸੰਗਤ ਵਿਚ ਬੈਠ ਕੇ ਅਭਿਆਸ ਕਰਨ, ਅਰਾਧਨਾ ਜਾਂ ਅਰਦਾਸ ਕਰਨ ਦਾ ਬਹੁਤ ਮਹੱਤਵ ਹੈ। ਪਵਿੱਤਰ ਸੰਗਤ ਮਨੁੱਖ ਦੀ ਨੈਤਿਕ ਉਨਤੀ ਵਿਚ ਯੋਗਦਾਨ ਪਾਉਂਦੀ ਹੈ। ਇਥੇ ਆ ਕੇ ਮਨੁੱਖ ਜਾਂ ਸਾਧਕ ਦੂਸਰਿਆਂ ਦੀ ਸੇਵਾ ਜਿਸ ਦਾ ਸਿੱਖ ਧਰਮ ਵਿਚ ਬਹੁਤ ਮਹੱਤਵ ਹੈ ਕਰਨਾ ਸਿਖਦਾ ਹੈ। ਸੇਵਾ ਦਾ ਭਾਵ ਹੈ ਸੰਗਤ ਦੇ ਜੋੜਿਆਂ ਦੀ ਸੇਵਾ ਕਿਉਂਕਿ ਸਾਰਿਆਂ ਨੇ ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਆਉਣਾ ਹੁੰਦਾ ਹੈ, ਗੁਰੂ ਕੇ ਲੰਗਰ ਲਈ ਪ੍ਰਸ਼ਾਦਾ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਅਤੇ ਗਰਮੀਆਂ ਵਿਚ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਮਹਾਨ ਸੇਵਾ ਹੁੰਦੀ ਹੈ। ਇਸ ਤਰ੍ਹਾਂ ਪਵਿੱਤਰ ਜਾਂ ਅਭਿਆਸੀ ਪੁਰਸ਼ਾਂ ਦੀ ਸੰਗਤ ਵਿਚ ਸੱਚਾ ਧਾਰਮਿਕ ਅਭਿਆਸ ਪਰਪੱਕ ਹੁੰਦਾ ਹੈ। ਜੋ ਮਨੁੱਖ ਅਧਿਆਤਮਿਕ ਤਰੱਕੀ ਚਾਹੁੰਦੇ ਹਨ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ।
ਭਾਵੇਂ ਕਿ ਸੰਗਤ ਵਿਚ ਕੌਮ ਨਾਲ ਸੰਬੰਧਿਤ ਮਸਲਿਆਂ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ ਪਰੰਤੂ ਇਸ ਦਾ ਅਧਿਆਤਮਿਕ ਤੱਤ ਹੀ ਹੈ ਜਿਹੜਾ ਇਸ ਨੂੰ ਸਿੱਖ ਪ੍ਰਣਾਲੀ ਵਿਚ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ: ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥(ਗੁ.ਗ੍ਰੰ. 72)।ਇਹ ਉਹੋ ਜਗ੍ਹਾ ਹੈ ਜਿਥੇ ਗੁਣ ਗ੍ਰਹਿਣ ਕੀਤੇ ਜਾਂਦੇ ਹਨ- ਸਤ ਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥(ਗੁ. ਗ੍ਰੰ. 1316)। ਸਤਸੰਗਤ ਕਰਨ ਨਾਲ ਮਨੁੱਖ ਪਰਮਾਤਮਾ ਦੇ ਨੇੜੇ ਹੁੰਦਾ ਹੈ ਅਤੇ ਆਵਾਗਵਣ ਦੇ ਚੱਕਰ ਤੋਂ ਬਚ ਜਾਂਦਾ ਹੈ-ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉ ਜਲੁ ਦੁਤਰੁ ਤਰੀਐ ਜੀਉ॥(ਗੁ.ਗ੍ਰੰ. 95)। ਅੱਗੇ ਦਸਿਆ ਗਿਆ ਹੈ- ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ॥(ਗੁ.ਗ੍ਰੰ. 67-68)। ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥(ਗੁ. ਗ੍ਰੰ. 94)। ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ॥(ਗੁ.ਗ੍ਰੰ. 1314)। ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥(ਗੁ.ਗ੍ਰੰ.96)। ਚਾਰੇ ਜੁਗ ਮੈ ਸੋਧਿਆ ਵਿਣ ਸੰਗਤਿ ਅਹੰਕਾਰੁ ਨ ਭਗੈ॥(ਗੁ.ਗ੍ਰੰ.1098)। ਗੁਰੂ ਅਰਜਨ ਦੇਵ ਜੀ ‘ਸੁਖਮਨੀ` ਵਿਚ ਕਹਿੰਦੇ ਹਨ- ਜੇ ਕੋ ਅਪੁਨੀ ਸੋਭਾ ਲੋਰੈ। ਸਾਧ ਸੰਗਿ ਇਹ ਹਉਮੈ ਛੋਰੈ॥(ਗੁ.ਗ੍ਰੰ. 266)। ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ॥ ਤਿਉਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ॥(ਗੁ.ਗ੍ਰੰ. 282)।
ਸੰਗਤ ਨੂੰ ਨੈਤਿਕ ਅਤੇ ਅਧਿਆਤਮਿਕ ਉਨਤੀ ਲਈ ਮਨੁੱਖ ਦਾ ਇਕ ਜ਼ਰੂਰੀ ਸਾਧਨ ਮੰਨ ਕੇ ਇਸ ਦੀ ਪ੍ਰਸੰਸਾ ਕੀਤੀ ਗਈ ਹੈ: ਇਹ ਇਕ ਕਿਸਮ ਦੀ ਸਮਾਜਿਕ ਇਕਾਈ ਵੀ ਹੈ ਜਿਥੇ ਭਰਾਤਰੀ ਭਾਵ, ਬਰਾਬਰੀ ਅਤੇ ਸੇਵਾ ਵਰਗੇ ਗੁਣ ਮਨੁੱਖ ਅੰਦਰ ਪੈਦਾ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਭਾਰਤ ਵਿਚ ਵੱਖ ਵੱਖ ਥਾਵਾਂ ਤੇ ਜਾਣ ਸਮੇਂ ਸੰਗਤਾਂ ਹੋਂਦ ਵਿਚ ਆਈਆਂ। ਵੱਖ ਵੱਖ ਥਾਂਵਾਂ ਤੇ ਪੈਰੋਕਾਰਾਂ ਦੇ ਸਮੂੰਹ ਬਣ ਗਏ ਅਤੇ ਇਹ ਗੁਰੂ ਦੇ ਸ਼ਬਦ ਗਾਉਣ ਲਈ ਇਕੱਠੇ ਹੋਣ ਲੱਗ ਪਏ।
ਇਕ ਸੰਸਥਾ ਦੇ ਰੂਪ ਵਿਚ ਸੰਗਤ ਦੀ ਇਕ ਹੋਰ ਸਹਿਵਰਤੀ ਸੰਸਥਾ ਧਰਮਸਾਲ ਸੀ ਜਿਥੇ ਅਕਾਲ ਪੁਰਖ ਦੇ ਨਾਂ ਤੇ ਸ਼ਰਧਾਲੂ ਜੁੜਦੇ ਸਨ , ਅਰਦਾਸ ਕਰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗਾਉਂਦੇ ਸਨ ਅਤੇ ਬਿਨਾ ਜਾਤ ਪਾਤ ਦੇ ਭੇਦ ਭਾਵ ਦੇ ਇਕੱਠੇ ਬੈਠ ਕੇ ਗੁਰੂ ਕਾ ਲੰਗਰ ਛਕਦੇ ਸਨ। ਇਸ ਦਾ ਭਾਵ ਸੀ ਕਿ ਗੁਰੂ ਨਾਨਕ ਦੀਆਂ ਸਿੱਖਿਆਵਾਂ ਅਨੁਸਾਰ ਇਕ ਨਵੀਂ ਜੀਵਨ ਜਾਚ ਹੋਂਦ ਵਿਚ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਰਹਿਣ ਲਗ ਪਏ ਜਿਹੜਾ ਉਹਨਾਂ ਨੇ ਆਪੇ ਰਾਵੀ ਦਰਿਆ ਦੇ ਸੱਜੇ ਕਿਨਾਰੇ ਤੇ ਵਸਾਇਆ ਸੀ। ਇਥੇ ਹੀ ਉਹਨਾਂ ਦੇ ਸ਼ਰਧਾਲੂਆਂ ਦੀ ਇਕ ਜਮਾਤ ਹੋਂਦ ਵਿਚ ਆਈ। ਇਹ ਕੋਈ ਮੱਠ ਪ੍ਰਣਾਲੀ ਨਹੀਂ ਸੀ ਸਗੋਂ ਇਹ ਆਮ ਮਨੁੱਖਾਂ ਦੀ ਸੰਗਤ ਜਾਂ ਸੰਗਠਨ ਸੀ ਜੋ ਜੀਵਨ ਵਿਚ ਆਮ ਕਿਸਮ ਦੇ ਕਿੱਤੇ-ਧੰਦੇ ਕਰਦੇ ਸਨ। ਇਸ ਵਿਚ ਮੁਖ ਤੱਤ ਸੇਵਾ ਸੀ ਜਿਸ ਰਾਹੀਂ ਧਾਰਮਿਕ ਅਤੇ ਸਮਾਜਿਕ ਜੀਵਨ ਦੀ ਪੁਨਰ ਸਥਾਪਤੀ ਹੋ ਰਹੀ ਸੀ। ਪੁੰਨ ਦੇ ਕੰਮ ਅਤੇ ਆਪਸੀ ਮਦਦ ਸਵੈ ਇੱਛਿਤ ਹੀ ਹੁੰਦੀ ਸੀ ਅਤੇ ਇਸ ਨੂੰ ਇਕ ਪਵਿੱਤਰ ਫਰਜ਼ ਸਮਝਿਆ ਜਾਂਦਾ ਸੀ। ਇਸ ਸੰਬੰਧ ਵਿਚ ਭਾਈ ਗੁਰਦਾਸ ਜੀ ਕਹਿੰਦੇ ਹਨ-“ਧਰਮਸਾਲ ਕਰਤਾਰਪੁਰ ਸਾਧ ਸੰਗਤ ਸਚ ਖੰਡ ਵਸਾਇਆ।” (ਵਾਰਾਂ 24।11)।
ਸਿੱਖ ਕੌਮ ਦੇ ਵਿਕਾਸ ਵਿਚ ਇਹਨਾਂ ਸੰਗਤਾਂ ਨੇ ਅਹਿਮ ਰੋਲ ਅਦਾ ਕੀਤਾ। ਇਹਨਾਂ ਸੰਸਥਾਵਾਂ ਦੇ ਸਮਾਜਿਕ ਨਤੀਜੇ ਦੂਰਗਾਮੀ ਸਨ। ਇਕ ਖਿੱਤੇ ਵਿਚ ਇਹ ਸਿੱਖਾਂ ਨੂੰ ਇਕ ਭਰਾਤਰੀ ਭਾਵ ਵਿਚ ਬੰਨਦੀ ਹੈ। ਇਸ ਸੰਗਤ ਦਾ ਹਰ ਸਿੱਖ ਭਾਈ (ਭਰਾ) ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਭਾਵ ਪਵਿੱਤਰ ਜੀਵਨ ਜਿਉਣ ਵਾਲਾ ਹੈ। ਸੰਗਤ ਮਨੁੱਖ ਨੂੰ ਅਧਿਆਤਮਿਕ ਤੌਰ ਤੇ ਹੀ ਨਹੀਂ ਬੰਨਦੀ ਸਗੋਂ ਸੰਸਾਰਿਕ ਕੰਮਾਂ ਕਾਜਾਂ ਬਾਰੇ ਵੀ ਮਨੁੱਖ ਨੂੰ ਸੁਚੇਤ ਕਰਦੀ ਹੈ। ਇਹ ਉਦੇਸ਼ ਅਤੇ ਕ੍ਰਿਆਸ਼ੀਲਤਾ ਨੂੰ ਇਕੱਠੇ ਕਰਕੇ ਆਪਸੀ ਬਰਾਬਰੀ ਅਤੇ ਭਰਾਤਰੀ ਭਾਵ ਪੈਦਾ ਕਰਦੀ ਹੈ। ਭਾਵੇਂ ਸੰਗਤਾਂ ਦੂਰ ਦੁਰਾਡੇ ਥਾਵਾਂ ਤੇ ਫ਼ੈਲੀਆਂ ਹੋਈਆਂ ਸਨ ਪਰੰਤੂ ਫਿਰ ਵੀ ਇਹ ਗੁਰੂ ਸ਼ਬਦ ਭਾਵ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਹੀਂ ਪਰਸਪਰ ਜੁੜੀਆਂ ਹੋਈਆਂ ਸਨ। ਇਸ ਤਰ੍ਹਾਂ ਸੰਗਤਾਂ ਦਰਅਸਲ ਸਿੱਖ ਕੌਮ ਨੂੰ ਅਕਾਰ ਦੇਣ ਦੀ ਘਾੜਤ ਹੀ ਸਨ।
ਇਹਨਾਂ ਸੰਗਤਾਂ ਵਿਚ ਸਿੱਖ ਇਕ ਦੂਸਰੇ ਨਾਲ ਬਿਨਾਂ ਜਨਮ, ਕਿੱਤਾ ਜਾਂ ਸੰਸਾਰਿਕ ਰੁਤਬੇ ਦੇ ਭਿੰਨ ਭੇਦ ਦੇ ਮਿਲਦੇ ਸਨ। ਭਾਈ ਗੁਰਦਾਸ ਆਪਣੀ ਵਾਰ (XI) ਵਿਚ ਗੁਰੂ ਨਾਨਕ ਅਤੇ ਉਹਨਾਂ ਦੇ ਬਾਕੀ ਪੰਜ ਉਤਰਾਧਿਕਾਰੀ ਗੁਰੂਆਂ ਦੇ ਪ੍ਰਮੁਖ ਸਿੱਖਾਂ ਦੇ ਨਾਂਵਾਂ ਦਾ ਵਰਨਨ ਕਰਦੇ ਹਨ। ਪਹਿਲੀਆਂ ਬਾਰਾਂ ਪਉੜੀਆਂ ਵਿਚ ਗੁਰੂ ਦੇ ਸਿੱਖ ਅਰਥਾਤ ਗੁਰਸਿੱਖ ਦੇ ਗੁਣਾਂ ਦਾ ਵਰਨਨ ਕੀਤਾ ਹੈ। ਇਸ ਤੋਂ ਅਗਲੀਆਂ ਪਉੜੀਆਂ ਵਿਚ ਕਈ ਪ੍ਰਮੁਖ ਸਿੱਖਾਂ ਦੇ ਨਾਵਾਂ ਦਾ ਵਰਨਨ ਮਿਲਦਾ ਹੈ ਅਤੇ ਕਈ ਥਾਵਾਂ ਤੇ ਸਿੱਖਾਂ ਦੀ ਜਾਤ, ਸ਼੍ਰੇਣੀ ਜਾਂ ਕਿੱਤੇ ਦਾ ਵੀ ਜ਼ਿਕਰ ਮਿਲਦਾ ਹੈ। ਕੁਝ ਥਾਵਾਂ ਤੇ ਇਹ ਜ਼ਿਕਰ ਵੀ ਮਿਲਦਾ ਹੈ ਕਿ ਇਹ ਸਿੱਖ ਕਿਸ ਜਗ੍ਹਾ ਦੇ ਸਨ। ਇਸ ਤਰ੍ਹਾਂ ਭਾਈ ਗੁਰਦਾਸ ਸ਼ੁਰੂ ਦੇ ਸਿੱਖ ਧਰਮ ਦੇ ਸਮਾਜਿਕ ਢਾਂਚੇ ਅਤੇ ਭੂਗੋਲਿਕ ਤੌਰ ਤੇ ਫੈਲੇ ਹੋਏ ਸਿੱਖ ਧਰਮ ਦਾ ਸਾਨੂੰ ਪਤਾ ਦਿੰਦੇ ਹਨ। ਭਾਈ ਗੁਰਦਾਸ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਵਰਨਨ ਕੀਤੇ ਹੋਏ 19 ਸਿੱਖਾਂ ਵਿਚ ਦੋ ਮੁਸਲਮਾਨ ਸਨ ਜਿਨ੍ਹਾਂ ਵਿਚੋਂ ਇਕ ਮਰਦਾਨਾ ਸੀ ਜੋ ਮਿਰਾਸੀ ਸੀ ਅਤੇ ਉਹਨਾਂ ਦੇ ਆਪਣੇ ਪਿੰਡ ਤੋਂ ਹੀ ਸੀ। ਦੂਸਰਾ ਵਿਅਕਤੀ ਦੌਲਤ ਖ਼ਾਨ ਲੋਧੀ ਸੀ ਜੋ ਇਕ ਅਫ਼ਗਾਨ ਅਹਿਲਕਾਰ ਸੀ। ਬੂੜਾ ਜੋ ਭਾਈ ਬੁੱਢਾ ਕਰਕੇ ਜਾਣਿਆ ਜਾਂਦਾ ਹੈ ਪਹਿਲੇ ਛੇ ਗੁਰੂਆਂ ਦਾ ਸਮਕਾਲੀ ਸੀ ਅਤੇ ਇਹ ਰੰਧਾਵਾ ਜੱਟ ਸੀ। ਇਸੇ ਤਰ੍ਹਾਂ ਅਜਿੱਤਾ ਪੱਖੋਕੇ ਰੰਧਾਵੇ ਦਾ ਵਸਨੀਕ ਸੀ ਜੋ ਅੱਜ-ਕੱਲ੍ਹ ਗੁਰਦਾਸਪੁਰ ਜ਼ਿਲੇ ਵਿਚ ਹੈ। ਫਿਰਨਾ ਇਕ ਖਹਿਰਾ ਜੱਟ ਸੀ; ਮਾਲੋ ਅਤੇ ਮਾਂਗਾ ਸੰਗੀਤਕਾਰ ਸਨ ਅਤੇ ਭਗੀਰਥ ਜੋ ਪਹਿਲਾਂ ਕਾਲੀ ਦੇਵੀ ਦਾ ਪੁਜਾਰੀ ਸੀ ਲਾਹੌਰ ਜ਼ਿਲੇ ਵਿਚ ਮਲਸੀਹਾਂ ਦਾ ਚੌਧਰੀ ਸੀ ਜੋ ਮਾਲੀਆ ਇਕੱਠਾ ਕਰਦਾ ਸੀ। ਹੋਰ ਕਈ ਖੱਤਰੀ ਸਿੱਖਾਂ ਵਿਚੋਂ ਮੂਲਾ , ਕੀੜ ਉਪ-ਜਾਤੀ ਦਾ ਸੀ, ਪ੍ਰਿਥਾ ਅਤੇ ਖੇਡਾ ਸੋਨੀ ਸਨ: ਪ੍ਰਿਥੀ ਮਲ ਸਹਿਗਲ ਸੀ, ਭਗਤਾ ਓਹਰੀ, ਜਾਪੂ ਵੰਸੀ ਅਤੇ ਸੀਹਾਂ ਅਤੇ ਗੱਜਨ ਜੋ ਚਚੇਰੇ ਭਾਈ ਸਨ ਉੱਪਲ ਜਾਤੀ ਦੇ ਸਨ। ਇਸ ਤਰ੍ਹਾਂ ਸਿੱਖ ਸੰਗਤ ਰੂਪੀ ਕੁਠਾਲੀ ਵਿਚ ਆ ਕੇ ਉੱਚੇ ਨੀਵੇਂ, ਉੱਚੀ ਕੁਲ ਅਤੇ ਜਾਤ ਬਰਾਦਰੀ ਵਿਚੋਂ ਕੱਢੇ ਦਾ ਭਿੰਨ ਭੇਦ ਖ਼ਤਮ ਹੋ ਜਾਂਦਾ ਹੈ। ਇਹ ਇਕ ਨਵਾਂ ਭਾਈਚਾਰਾ ਸੀ ਜਿਹੜਾ ਜੁੜ ਬੈਠਣ ਵਾਲਿਆਂ ਦੇ ਗੁਰੂ ਦੇ ਪ੍ਰਤੀ ਹੁੰਗਾਰੇ ਉਪਰੰਤ ਪੈਦਾ ਹੋਇਆ ਸੀ।
ਗੁਰੂ ਅਮਰਦਾਸ ਨੇ ਸੰਗਤਾਂ ਨੂੰ ਇਕ ਸੰਗਠਨ ਵਿਚ ਬੰਨ੍ਹਿਆ ਜਿਨ੍ਹਾਂ ਨੇ ਮੰਜੀ ਪ੍ਰਣਾਲੀ ਸਥਾਪਿਤ ਕੀਤੀ ਜਿਸ ਵਿਚ ਕਈ ਸੰਗਤਾਂ ਸ਼ਾਮਲ ਹੁੰਦੀਆਂ ਸਨ। ਗੁਰੂ ਅਰਜਨ ਦੇਵ ਜੀ ਨੇ ਮਸੰਦ ਸਥਾਪਿਤ ਕੀਤੇ ਜੋ ਵੱਖ ਵੱਖ ਇਲਾਕਿਆਂ ਵਿਚ ਸੰਗਤਾਂ ਦੀ ਦੇਖਭਾਲ ਕਰਦੇ ਸਨ। ਸੰਗਤ ਗੁਰੂ ਗੋਬਿੰਦ ਸਿੰਘ ਦੁਆਰਾ 1699 ਵਿਚ ਖ਼ਾਲਸੇ ਦੀ ਸਥਾਪਤੀ ਤੋਂ ਪੂਰਵਗਾਮੀ ਸਿੱਖ ਸੰਸਥਾ ਸੀ। ਇਹ ਜਾਤ ਪਾਤ ਰਹਿਤ ਸਿੱਖ ਰਾਸ਼ਟਰਮੰਡਲ ਦੇ ਵਿਕਾਸ ਵਿਚ ਸਭ ਤੋਂ ਉੱਚੀ ਸਿਖਰ ਸੀ ਜੋ ਸੰਗਤ ਦੀ ਸੰਸਥਾ ਨੇ ਪ੍ਰਦਾਨ ਕੀਤੀ।
ਲੇਖਕ : ਕ.ਜ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੰਗਤ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੰਗਤ : ਸੰਗਤ ਤੋਂ ਭਾਵ ਹੈ ਸੰਗ, ਸਾਥ। ਧਾਰਮਿਕ ਖੇਤਰ ਵਿਚ ਇਹ ਸ਼ਬਦ ਧਾਰਮਿਕ ਸ਼ਰਧਾਲੂਆਂ ਦੇ ਇਕੱਠੇ ਲਈ ਵਰਤਿਆ ਜਾਂਦਾ ਹੈ।
ਗੁਰਬਾਣੀ ਵਿਚ ਸੰਗਤ ਨੂੰ ਖ਼ਾਸ ਖੇਤਰ ਤਕ ਸੀਮਤ ਕਰਨ ਲਈ ਸਾਧ ਸੰਗਤ, ਸਤਿਸੰਗ ਆਦਿ ਸ਼ਬਦ ਵਰਤੇ ਜਾਂਦੇ ਹਨ। ਪਿਆਰਾ ਸਿੰਘ ਪਦਮ ਅਨੁਸਾਰ ਜਦੋਂ ਭਲੇ-ਪੁਰਸ਼ ਮਿਲ ਕੇ ਪ੍ਰਭੂ ਨਾਮ ਦਾ ਵਖਿਆਨ, ਕੀਰਤਨ ਜਾਂ ਵਿਚਾਰ ਕਰਨ ਉਹ ਸਤਿਸੰਗ ਕਹਾਉਂਦਾ ਹੈ। ਸਤਿਸੰਗ ਜਾਂ ਸਾਧਸੰਗਤ ਦਾ ਅਰਥ ਹੈ, ਸਾਧੂਆਂ ਦਾ ਮੇਲ ਜੋਲ।
ਸੰਗਤ ਦੀ ਪਰਿਭਾਸ਼ਾ ਗੁਰੂ ਜੀ ਨੇ ਆਪ ਦਿੱਤੀ ਹੈ :-
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥
(ਪੰਨਾ 72)
ਗੁਰਮਤਿ ਵਿਚਾਰਧਾਰਾ ਵਿਚ ਜਿਥੇ ਨਾਮ ਸਿਮਰਨ ਦੀ ਵਾਰ ਵਾਰ ਤਾਕੀਦ ਕੀਤੀ ਗਈ ਹੈ, ਉਥੇ ਸਤਿਸੰਗ ਕਰਨ ਉਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਮਨੁੱਖ ਕੇਵਲ ਚੰਗੇ ਵਿਚਾਰਾਂ ਆਸਰੇ ਹੀ ਨਹੀਂ ਚਲਦਾ ਸਗੋਂ ਸਮਾਜਕ ਪ੍ਰਾਣੀ ਹੋਣ ਕਾਰਨ ਆਲੇ ਦੁਆਲੇ ਦੇ ਪ੍ਰਭਾਵ ਅਨੁਸਾਰ ਵੀ ਚਲਦਾ ਹੈ। ਗੁਰੂ ਅਰਜਨ ਦੇਵ ਜੀ ਨੇ ਫ਼ੁਰਮਾਇਆ ਹੈ :-
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੋ ਤਰਿਆ॥
(ਪੰਨਾ 10)
ਸਤਿਸੰਗ ਨਾਲ ਉੱਚਾ ਤੇ ਸੁੱਚਾ ਜਿਊਣ ਦੀ ਸੋਝੀ ਆਉਂਦੀ ਹੈ, ਹਉਮੈ ਅਤੇ ਦ੍ਵੈਤ ਘਟ ਕੇ ਸਮਾਨਤਾ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਨਾਲ ਹੀ ਸ਼ੁਭ ਗੁਣਾਂ ਦਾ ਸੰਚਾਰ ਵੀ ਹੁੰਦਾ ਹੈ ਜੋ ਮਨੁੱਖ ਜੀਵਨ ਲਈ ਅਤਿ ਜ਼ਰੂਰੀ ਹਨ। ਗੁਰੂ ਜੀ ਦਾ ਫੁਰਮਾਨ ਹੈ :-
ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ
ਜੋ ਹਰਿ ਧਿਆਵੈ ਸੋ ਪਰਧਾਨੁ॥
ਜਿਉ ਚੰਦਨ ਨਿਕਟਿ ਵਸੈ ਹਿਰਡ ਬਪੁੜਾ
ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥
(ਪੰਨਾ 861)
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ-ਖ਼ਾਲਸਾ ਅਤੇ ਨਿਰਮਲ ਪੰਥ ਨਾਵਾਂ ਤੋਂ ਬਿਨਾ ਸਿਖ ਸਮਾਜ ਦਾ ਨਾਮ ਸਾਧ ਸੰਗਤ ਹੀ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਇਕ ਕਵੀ ਤਨਸੁਖ ਪੰਚਤੰਤ੍ਰ ਦੇ ਅਨੁਵਾਦ ਵਿਚ (ਜੋ ਸੰਮਤ 1741 ਵਿਚ ਕੀਤਾ ਗਿਆ) ਲਿਖਦਾ ਹੈ:
ਕਲਿਜੁਗ ਜਬੈ ਅਨੀਤਿ ਚਲਾਈ।
ਨਾਨਕ ਰੂਪ ਧਰਿਉ ਹਰਿਆਈ।
ਚਾਰੋਂ ਵਰਨ ਸਿਖ ਤਬ ਕੀਨੇ।
ਕ੍ਰਿਪਾਵੰਤ ਹੁਇ ਇਹ ਫਿਲ ਦੀਨੇ।
ਦਇਆ ਧਰਮ ਪ੍ਰਾਤਹ ਇਨਸਾਨ।
ਸਤਯ ਵਚਨ ਔ ਪ੍ਰੀਤਿ ਸੁ ਦਾਨ।
‘ਸਾਧਿ ਸੰਗਤਿ’ ਹੋਯੋ ਤਿਹ ਨਾਮ।
ਸਬ ਮਿਲ ਪਾਵਹਿ ਤਹਿ ਬਿਸਰਾਮ।
ਕਲਿ ਕੇ ਦੂਤ ਤਹਾਂ ਜੋ ਆਵਹਿ।
ਸਾਧ ਸੰਗਤਿ ਮਹਿ ਠੌਰ ਨਾ ਪਾਵਹਿ।
ਭਾਈ ਬਾਲੇ ਵਾਲੀ ਜਨਮਸਾਖੀ ਵਿਚ ਸਤਿਸੰਗ ਦੀ ਮਹਿਮਾ ਬਾਰੇ ਲਿਖਿਆ ਹੈ ਕਿ ਜੋ ਸਤਿਸੰਗ ਨਹੀਂ ਕਰਦੇ ਉਹ ਜੀਵਨ ਨਿਸ਼ਫਲ ਗੁਆਉਂਦੇ ਹਨ। ਸਤਿਸੰਗ ਕਰਨ ਨਾਲ ਇਨਸਾਨ ਦੀ ਆਤਮਾ ਪਵਿੱਤਰ ਹੋ ਜਾਂਦੀ ਹੈ।
ਗੁਰੂ ਨਾਨਕ ਦੇਵ ਜੀ ਜਿਥੇ ਵੀ ਜਾਂਦੇ ਸੰਗਤ ਥਾਪਦੇ। ਧਾਰਮਿਕ ਗ੍ਰੰਥਾਂ ਵਿਚ ਕੱਚੀ ਸੰਗਤ, ਪੱਕੀ ਸੰਗਤ, ਬੜੀ ਸੰਗਤ, ਕਰਤਾਰੀ ਸੰਗਤ ਅਤੇ ਹਜ਼ੂਰੀ ਸੰਗਤ ਦਾ ਜ਼ਿਕਰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਸੰਗਤ ਕੋਈ ਮੇਲਾ ਜਾਂ ਇਕੱਠ ਨਹੀਂ ਸਗੋਂ ਜਿਥੇ ਰਲ ਕੇ ਗਿਆਨ ਦੀਆਂ ਗੱਲਾਂ ਹੋਣ ਉਹੀ ਸੰਗਤ ਹੈ। ਸਤਿਸੰਗਤ ਉਹ ਹੈ ਜਿਥੇ ਕੇਵਲ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।
ਗੁਰੂ ਰਾਮਦਾਸ ਜੀ ਅਨੁਸਾਰ ਸਾਧ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿਚ ਪ੍ਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ:
ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥
(ਪੰਨਾ 1316)
ਸੰਗਤ ਦੀ ਮਹਿਮਾ ਵਿਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ–
ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥
(ਪੰਨਾ 1299)
ਕਬੀਰ ਜੀ ਦੇ ਸਲੋਕਾਂ ਵਿਚ ਵੀ ਸਾਧ ਸੰਗਤ ਦੀ ਮਹਿਮਾ ਬਹੁਤ ਸੁਹਣੇ ਢੰਗ ਨਾਲ ਦਰਸਾਈ ਗਈ ਹੈ :
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ॥
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ॥
(ਪੰਨਾ 1369)
ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਕਿ ਸਾਧਸੰਗਤਿ ਕਰਨ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਲੇਖਕ : ਡਾ. ਜਾਗਰੀ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-02-53-52, ਹਵਾਲੇ/ਟਿੱਪਣੀਆਂ:
ਸੰਗਤ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸੰਗਤ : ਪਰੰਪਰਾ ਦਾ ਇਤਿਹਾਸ ਮਾਨਵੀ ਇਤਿਹਾਸ ਜਿੰਨਾ ਹੀ ਪੁਰਾਤਨ ਹੈ। ਆਦਿ ਕਾਲ ਦੇ ਮਨੁੱਖ ਦਾ ਸੁਭਾਅ ਹੀ ਐਸਾ ਸੀ ਕਿ ਇਕੱਲਾ ਰਹਿਣਾ ਉਸ ਲਈ ਸੰਭਵ ਹੀ ਨਹੀਂ ਸੀ। ਆਪਣੀਆਂ ਜੀਵਨ-ਲੋੜਾਂ ਪੂਰੀਆਂ ਕਰਨ ਲਈ, ਦੂਸਰਿਆਂ ਤੋਂ ਸਹਾਇਤਾ ਲੈਣੀ ਅਤੇ ਕਰਨੀ ਉਸ ਦੀ ਨਿੱਤ-ਜੀਵਨ ਕਿਰਿਆ ਸੀ। ਇਸੇ ਲਈ ਉਹ ਘਰ ਘਾਟ ਨਾ ਹੋਣ ਦੇ ਬਾਵਜੂਦ ਵੀ ਜੰਗਲਾਂ ਵਿੱਚ ਇਕੱਲਾ ਨਹੀਂ ਸੀ ਰਹਿੰਦਾ ਸਗੋਂ ਸਮੂਹਿਕ ਰੂਪ ਵਿੱਚ ਸੰਗੀਆਂ ਸਾਥੀਆਂ ਨਾਲ ਹਮਸਫ਼ਰ ਹੋ ਕੇ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪ੍ਰਾਪਤ ਕਰਦਾ ਸੀ। ਉਹ ਸ਼ਿਕਾਰ ਵੀ ਰਲ ਕੇ ਕਰਦਾ, ਪੂਜਾ-ਪਾਠ ਵੀ ਮਿਲ ਕੇ ਕਰਦਾ, ਖਾਂਦਾ ਵੀ ਰਲ ਕੇ, ਸੌਂਦਾ ਵੀ ਰਲ ਕੇ ਅਤੇ ਕੁਦਰਤੀ ਆਫ਼ਤਾਂ ਤੇ ਜੰਗਲੀ ਜੀਵਾਂ ਤੋਂ ਸੁਰੱਖਿਅਤ ਹੋਣ ਲਈ ਵੀ ਰਲਕੇ ਹੀ ਹੀਲਾ ਵਸੀਲਾ ਕਰਦਾ ਸੀ।
ਬੇਸ਼ੱਕ ਆਦਿ-ਕਾਲ ਦਾ ਮਨੁੱਖ ਵਧੇਰੇ ਸੱਭਿਅਕ ਨਹੀਂ ਸੀ ਪਰ ਇੱਕ ਗੱਲ ਉਹ ਬੜੀ ਚੰਗੀ ਤਰ੍ਹਾਂ ਸਮਝਦਾ ਸੀ ਕਿ ਜਿਹੜਾ ਕੰਮ ਦੂਜਿਆਂ ਦੀ ਸਹਾਇਤਾ ਨਾਲ ਰਲਕੇ ਕੀਤਾ ਤੇ ਕਰਾਇਆ ਜਾ ਸਕਦਾ ਹੈ ਉਹ ਇਕੱਲ ਵਿੱਚ ਹੋ ਸਕਣਾ ਸੌਖਾ ਨਹੀਂ ਹੁੰਦਾ ਬਲਕਿ ਕਈ ਵਾਰ ਤਾਂ ਅਸੰਭਵ ਵੀ ਹੋ ਜਾਂਦਾ ਹੈ। ਗੁਰਬਾਣੀ ਵੀ ਇਹੋ ਕਹਿੰਦੀ ਹੈ ਕਿ “ਮਿਲਬੇ ਕੀ ਮਹਿਮਾ ਬਰਨਿ ਨ ਸਾਕਉ”। ਅਜੋਕੇ ਸਮੇਂ ਤਾਂ ਇਹ ਗੱਲ ਦੁਨੀਆ ਭਰ ਵਿੱਚ ਅਟੱਲ ਸਚਾਈ ਦਾ ਰੂਪ ਧਾਰਨ ਕਰ ਗਈ ਹੈ ਕਿ “ਇਕੱਠ ਵਿੱਚ ਬੜੀ ਬਰਕਤ ਹੁੰਦੀ ਹੈ”। ਕਿਉਂਕਿ ਜਿਹੜੇ ਵੀ ਵਿਅਕਤੀ ਆਪਣੇ ਸੰਗੀਆਂ-ਸਾਥੀਆਂ ਨਾਲ ਹਮਸਫ਼ਰ ਹੋ ਕੇ ਕਾਰਜ ਕਰਦੇ ਹਨ ਉਹ ਆਪਣੀ ਮੰਜ਼ਲ ਉੱਤੇ ਨਿਰਵਿਘਨ ਅਤੇ ਸੌਖਿਆਂ ਪੁੱਜ ਜਾਂਦੇ ਹਨ।
ਆਦਿ-ਕਾਲ ਦੇ ਮਨੁੱਖ ਦਾ ਰਲ ਮਿਲਕੇ ਕਾਰਜ ਕਰਨਾ ਹੀ ‘ਸੰਗਤ’ ਦਾ ਅਰੰਭਿਕ ਰੂਪ ਸੀ। ਸੰਗਤ ਦੇ ਸ਼ਬਦੀ ਅਰਥ ਹੀ ਇਹੋ ਮੰਨੇ ਜਾਂਦੇ ਹਨ-ਸਭਾ ਆਪਸੀ ਸੰਬੰਧ, ਰਿਸ਼ਤੇ-ਨਾਤੇ, ਜੋੜ-ਮੇਲ, ਇਕੱਠ, ਟੋਲੀ, ਮੁਹਬਤ, ਸੁਸਾਇਟੀ, ਸਾਥ ਰਹਿਣ ਵਾਲਿਆਂ ਦਾ ਦਲ, ਮੰਡਲੀ, ਤਾਲ-ਮੇਲ ਆਦਿ। ਇਹ ਦ੍ਰਿਸ਼ਟੀ ਤੋਂ ਆਦਿ-ਕਾਲ ਵਿੱਚ ਮਨੁੱਖ ਦੀ ਮਿਲ ਜੁਲਕੇ ਅਤੇ ਰਲ ਮਿਲਕੇ ਕਾਰਜ ਕਰਨ ਦੀ ਰੁਚੀ, ‘ਸੰਗਤ’ ਰੂਪ ਵਿੱਚ ਪ੍ਰਚਲਿਤ ਸੀ।
ਵੈਦਿਕ-ਕਾਲ ਵਿੱਚ ਸੰਗਤ ਦਾ ਅਰੰਭਿਕ ਰੂਪ ‘ਸੰਮਤੀ’ ਅਤੇ ‘ਸਭਾ’ ਵਜੋਂ ਪ੍ਰਚਲਿਤ ਸੀ ਜਿਸ ਦੀ ਪੁਸ਼ਟੀ ਰਿਗਵੇਦ ਵਿੱਚ ਵੈਦਿਕ ਕਾਲ ਦੀਆਂ ਧਾਰਮਿਕ ਰਸਮਾਂ ਤੋਂ ਹੁੰਦੀ ਹੈ।
ਸੰਮਤੀ ਇੱਕ ਅਜਿਹੀ ਸੰਗਤ ਦਾ ਰੂਪ ਹੁੰਦੀ ਸੀ ਜਿਸ ਵਿੱਚ ਦੇਸ ਭਰ ਤੋਂ ਹਰ ਪ੍ਰਕਾਰ ਦੇ ਲੋਕ ਆ ਕੇ ਸ਼ਾਮਲ ਹੁੰਦੇ ਸਨ। ਇਸ ਸੰਮਤੀ ਦਾ ਬਕਾਇਦਾ ਇੱਕ ਪ੍ਰਧਾਨ ਹੁੰਦਾ ਸੀ ਜਿਸ ਨੂੰ ‘ਪਤੀ’ ਆਖਦੇ ਸਨ। ‘ਸੰਮਤੀ’ ਦੇ ਇਸ ਪ੍ਰਧਾਨ ਨੂੰ ਸਰਬ-ਅਧਿਕਾਰੀ ਵੀ ਆਖਿਆ ਜਾਂਦਾ ਸੀ।ਆਮ ਲੋਕ ਇਸ ‘ਸੰਮਤੀ’ ਨੂੰ ਸੰਸਾਰ ਉਤਪਤੀ ਕਰਨ ਵਾਲੇ ਪਰਜਾਪਤੀ ਦੀ ਬੇਟੀ ਮੰਨਕੇ ਸਤਿਕਾਰਦੇ ਸਨ। ਇਸੇ ਸਮੇਂ ਵਿੱਚ ਹੀ ਸੰਗਤ ਦੇ ਰੂਪ ਵਿੱਚ ਜਾਣੀ ਜਾਂਦੀ “ਸਭਾ” ਦਾ ਨਾਮ ਵੀ ਪ੍ਰਚਲਿਤ ਹੋਇਆ। ‘ਸਭਾ’ ਵੀ ਪਰਜਾਪਤੀ ਦੀ ਦੂਸਰੀ ਬੇਟੀ ਵਜੋਂ ਜਾਣੀ ਜਾਂਦੀ ਸੀ ਜਿਸ ਕਰਕੇ ਇਹ ਵੀ ਸਤਿਕਾਰ ਦਾ ਪਾਤਰ ਬਣੀ ਹੋਈ ਸੀ। ਉਪਨਿਸ਼ਦ ਸ਼ਬਦ ਆਪਣੇ ਆਪ ਵਿੱਚ ਸੰਗਤ ਦੇ ਸ਼ਬਦੀ ਅਰਥ ਸਮੋਈ ਬੈਠਾ ਹੈ। ਉਪ (ਕੋਲ ਜਾਂ ਨੇੜੇ)+ਨਿ (ਸ਼ਰਧਾ ਪੂਰਵਕ)+ਸਦ (ਬੈਠਣਾ)5।
ਬੁੱਧ ਧਰਮ ਵਿੱਚ ਸੰਘ, ਸ਼ਰਣੰ, ਗੱਛਾਮੀ ਦਾ ਸਿਧਾਂਤ, “ਸੰਗਤ” ਦਾ ਹੀ ਪ੍ਰਤੀਕ ਹੈ। ‘ਸੰਘ’ ਇੱਕ ਵਿਸ਼ਵ ਵਿਆਪੀ ਸੰਸਥਾ ਹੈ ਜੋ ਕਿਸੇ ਦੇਸ, ਜਾਤ ਜਾਂ ਵਰਗ ਦੀਆਂ ਹੱਦਾਂ ਵਿੱਚ ਨਹੀਂ ਬੱਝੀ ਹੋਈ। ਕਿਸੇ ਵੀ ਦੇਸ ਜਾਤ ਵਰਗ ਦਾ ਮਨੁੱਖ ਬੁੱਧ ਧਰਮ ਵਿੱਚ ਵਿਸ਼ਵਾਸ ਰੱਖਣ ਉਪਰੰਤ ਇਸ ‘ਸੰਘ’ ਦਾ ਮੈਂਬਰ ਬਣ ਸਕਦਾ ਹੈ। ਜੈਨ ਧਰਮ ਵਿੱਚ ਪ੍ਰਚਲਿਤ ‘ਜੈਨ ਸੰਘ’ ਨਾਂ ਦੀ ਸੰਸਥਾ ਅਮਲੀ ਤੌਰ ਉੱਤੇ ਸੰਗਤ ਦਾ ਹੀ ਪ੍ਰਤਿ ਰੂਪ ਹੈ। ਈਸਾਈ ਮਤ ਵਿੱਚ (Congregtion) ਸ਼ਬਦ ਬੜੀ ਮਹੱਤਤਾ ਰੱਖਦਾ ਹੈ ਜੋ ਦਰਅਸਲ ਸੰਗਤ ਦਾ ਹੀ ਰੂਪ ਹੈ। ‘ਚਰਚ’ ਵਿੱਚ ਕੀਤੀ ਜਾਂਦੀ ਪ੍ਰਾਰਥਨਾ ਵੀ ਸੰਗਤ ਰੂਪ ਵਿੱਚ ਹੀ ਹੁੰਦੀ ਹੈ। ਏਥੋਂ ਤੱਕ ਕਿ ‘ਮਸੀਹੀ’ ਵਿਸ਼ਵਾਸ ਦੀ ਪੂਰਤੀ, ਇਕੱਲ ਜਾਂ ਇਕਾਂਤ ਦੀ ਥਾਂ ਇਕੱਠ ਵਿੱਚ ਜਾਂ ਖੁੱਲ੍ਹੇ ਆਮ ਵਿੱਚ ਵਿਅਕਤੀ ਵਿਸ਼ੇਸ਼ ਤੋਂ ਕਿਤੇ ਅੱਗੇ ਪ੍ਰਵਾਨ ਕੀਤੀ ਜਾਂਦੀ ਹੈ। ਇਸਲਾਮ ਵਿੱਚ ਸੰਗਤ ਲਈ ‘ਉੱਮਤ’ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਮੁਸਲਮਾਨਾਂ ਦਾ ਇਕੱਠੇ ਹੋ ਕੇ ਨਮਾਜ਼ ਅਦਾ ਕਰਨਾ ‘ਸੰਗਤ’ ਦਾ ਪ੍ਰਤੀਕ ਹੈ। ਇਸਲਾਮ ਨੇ ਜਮਾਤੀ ਨਮਾਜ਼ ਦਾ ਫਲ 27 ਗੁਣਾਂ ਵਧੇਰੇ ਪ੍ਰਵਾਨ ਕੀਤਾ ਹੈ। ਕੁਰਾਨ ਤੇ ਹਦੀਸਾਂ ਵਿੱਚ ਜਮਾਤ ਦੀ ਕਰਾਮਾਤ ਅਤੇ ਬਰਕਤ ਦਾ ਬਹੁਤ ਜ਼ਿਆਦਾ ਵਰਣਨ ਕੀਤਾ ਹੋਇਆ ਹੈ।
ਸਿੱਖ ਧਰਮ ਵਿੱਚ ਤਾਂ ‘ਸੰਗਤ’ ਇੱਕ ਸੰਸਥਾ ਦਾ ਰੂਪ ਧਾਰਨ ਕਰ ਚੁੱਕੀ ਹੈ। ਗੁਰੂ ਨਾਨਕ ਸਾਹਿਬ ਤੋਂ ਅਰੰਭ ਹੋਈ ਸਿੱਖ ਧਰਮ ਦੀ ਸੰਗਤ-ਸੰਸਥਾ ਦੇਸ, ਧਰਮ, ਜਾਤੀ, ਊਚ-ਨੀਚ, ਅਮੀਰ-ਗ਼ਰੀਬ, ਲਿੰਗ-ਭੇਦ, ਵਰਗ-ਵੰਡ ਆਦਿ ਦੀਆਂ ਸੀਮਾਵਾਂ ਤੋਂ ਮੁਕਤ ਹੈ। ਸੰਗਤ ਨੂੰ ਏਥੋਂ ਤੱਕ ਮਹੱਤਤਾ ਪ੍ਰਾਪਤ ਹੈ ਕਿ ਏਥੇ ਗੁਰੂ ਦਾ ਦਰਜਾ 20 ਵਿਸਵੇ ਅਤੇ ਸੰਗਤ ਦਾ ਦਰਜਾ 21 ਵਿਸਵੇ ਹੈ ਕਿਉਂਕਿ ਸੰਗਤ ਵਿੱਚ ਪ੍ਰਭੂ ਦਾ ਵਾਸ ਪ੍ਰਵਾਨ ਕੀਤਾ ਗਿਆ ਹੈ।
ਇਸ ਤਰ੍ਹਾਂ ਮਨੁੱਖੀ ਸ਼ਖ਼ਸੀਅਤ ਨੂੰ ਵਧਾਉਣ ਅਤੇ ਘਟਾਉਣ ਵਿੱਚ “ਸੰਗਤ” ਦਾ ਅਹਿਮ ਰੋਲ ਹੁੰਦਾ ਹੈ। ਏਥੋਂ ਤੱਕ ਕਿ ਅਜੋਕੇ ਸਮੇਂ ਤਾਂ ਮਾਨਵ-ਪਹਿਚਾਨ ਦੀ ਪਰਖ ਕਸਵੱਟੀ ਹੀ ਉਸਦੀ “ਸੰਗਤ” ਬਣ ਗਈ ਹੈ। ਮਾਨਵ-ਵਿਕਾਸ ਦਾ ਤਾਂ ਨਿਯਮ ਹੀ ਇਹੋ ਹੈ ਕਿ ਇਹ ਆਪਣੀ ਹੋਂਦ ਨੂੰ ਕਿਸੇ ਉਚੇਚੇ ਜੀਵਨ ਵਾਲੇ ਦੀ ਹਸਤੀ ਨਾਲ ਜੋੜਕੇ, ਉਸ ਦੇ ਗੁਣ ਗ੍ਰਹਿਣ ਕਰੇ।
ਉੱਤਮ ਪੁਰਸ਼ ਦੀ ਸੰਗਤ ਦਾ ਫਲ ਇਤਨਾ ਮਹਾਨ ਹੈ ਕਿ ਇਹ ਇੱਕ ਛਿੰਨ ਪਲ ਵਿੱਚ ਮਨੁੱਖ ਦੇ ਪਾਪਾਂ ਦਾ ਨਾਸ ਕਰ ਦਿੰਦੀ ਹੈ, ਉਸ ਦਾ ਜਨਮ-ਮਰਨ ਦਾ ਚੱਕਰ ਮਿਟਾ ਦਿੰਦੀ ਹੈ ਅਤੇ ਭਟਕੇ ਮਨ ਨੂੰ ਟਿਕਾਅ ਪ੍ਰਦਾਨ ਕਰਦੀ ਹੈ।
ਇੱਕ ਛਿੰਨ ਪਲ ਦੀ ਸਾਧੂ ਸੰਗਤ ਨੇ ਵਾਲਮੀਕ ਨੂੰ ਭਗਵਾਨ ਵਾਲਮੀਕ ਜੀ ਬਣਾ ਦਿੱਤਾ, ਵੇਸ਼ਵਾ ਦਾ ਮੰਦਾ ਪੇਸ਼ਾ ਕਰਨ ਵਾਲੀ ਗਨਕਾ, ਤੋਤੇ ਨੂੰ ਰਾਮ ਰਾਮ ਰਟਾਉਂਦੀ ਆਪ ਹੀ ਰਾਮ ਵਿੱਚ ਰਮ ਗਈ ਪਾਪ-ਕਰਮ ਕਰਨ ਦਾ ਆਦੀ ਅਜਾਮਲ ਨਾਰਾਯਣ ਉਚਾਰਦਾ ਸੰਸਾਰ-ਸਾਗਰ ਤੋਂ ਪਾਰ ਹੋ ਗਿਆ। ਮਹਾਰਾਜ ਕ੍ਰਿਸ਼ਨ ਦੀ ਪਾਵਨ ਛੋਹ ਨੇ ਕੁਬਜਾ ਨੂੰ ਬੈਕੁੰਠ-ਧਾਮ ਪਹੁੰਚਾ ਦਿੱਤਾ। ਜਿਸ ਤਰ੍ਹਾਂ ਚੰਦਨ ਦੇ ਆਸ-ਪਾਸ ਉਗੇ ਅਰਿੰਡ ਦੇ ਰੁੱਖਾਂ ਵਿੱਚ ਚੰਦਨ ਦੀ ਖ਼ੁਸ਼ਬੋ ਆਪ-ਮੁਹਾਰੇ ਪ੍ਰਵੇਸ਼ ਕਰ ਜਾਂਦੀ ਹੈ, ਠੀਕ ਉਸੇ ਤਰ੍ਹਾਂ ਨੇਕ ਪੁਰਸ਼ਾਂ ਦੀ ਸੰਗਤ ਕਰਨ ਵਾਲਾ ਨੀਚ-ਪੁਰਸ਼ ਵੀ ਸੰਗਤ ਦਾ ਪ੍ਰਭਾਵ ਗ੍ਰਹਿਣ ਕਰਕੇ ਆਦਰਸ਼ ਮਨੁੱਖ ਬਣ ਜਾਂਦਾ ਹੈ।
ਮਨੁੱਖਾ ਜਨਮ ਚੁਰਾਸੀ ਲੱਖ ਜੂਨਾਂ ਵਿੱਚੋਂ ਵਿਕਾਸ ਦੀ ਪਾਉੜੀ ਦਾ ਅੰਤਿਮ ਡੰਡਾ ਹੈ। ਕਈ ਜਨਮਾਂ-ਜਨਮਾਤਰਾਂ ਦੀ ਕੀੜਿਆਂ-ਮਕੌੜਿਆਂ, ਪਤੰਗਿਆਂ ਦੀ ਜੂਨ ਦਾ ਲੰਬਾ ਚੌੜਾ ਸਫ਼ਰ ਤਹਿ ਕਰਨ ਉਪਰੰਤ ਮਨੁੱਖਾ-ਜਨਮ ਪ੍ਰਾਪਤ ਹੁੰਦਾ ਹੈ। ਗੁਰਬਾਣੀ ਅਨੁਸਾਰ :
42 ਲੱਖ ਜੂਨਾਂ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੀਆਂ ਹਨ ਅਤੇ 42 ਲੱਖ ਹੀ ਧਰਤੀ ਉੱਪਰ ਰਹਿਣ ਵਾਲਿਆਂ ਦੀਆਂ ਜੂਨਾਂ ਹਨ ਜੋ ਹੰਢਾਉਣ ਉਪਰੰਤ ਹੀ ਮਨੁੱਖਾ ਜਨਮ ਮਿਲਦਾ ਹੈ। ਇਹ ਮਨੁੱਖਾ ਜਨਮ ਏਨਾ ਦੁਰਲੱਭ ਹੈ ਜਿਸ ਨੂੰ ਦੇਵਤੇ ਵੀ ਤਰਸਦੇ ਹਨ ਪਰ ਭੈੜੀ ਸੰਗਤ ਕਾਰਨ ਸੰਸਾਰਿਕ ਰਸਾਂ ਕਸਾਂ ਵਿੱਚ ਫਸਿਆ ਮਨੁੱਖ ਆਪਣਾ ਜੀਵਨ ਭੰਗ ਦੇ ਭਾੜੇ ਗੁਆ ਲੈਂਦਾ ਹੈ।
ਨਿਰਸੰਦੇਹ ਸੰਸਾਰਿਕ ਰਸ-ਕਸ, ਜੂਆਖਾਨੇ, ਚੋਰੀ, ਯਾਰੀ, ਬੇਈਮਾਨੀ, ਭੋਗ-ਵਿਲਾਸ, ਨਿੰਦਾ-ਚੁਗ਼ਲੀ, ਨਸ਼ੇ ਆਦਿ ਥੋੜ੍ਹੇ ਸਮੇਂ ਲਈ ਤਨ ਨੂੰ ਸੁੱਖ ਦੇ ਦਿੰਦੇ ਹਨ ਪਰ ਤਨ ਦੇ ਇਹ ਸੁੱਖ ਮਨ ਦਾ ਚੈਨ ਬਰਬਾਦ ਕਰ ਦਿੰਦੇ ਹਨ। ਤਨ ਦੇ ਸੁੱਖ ਨਾਲੋਂ ਮਨ ਦਾ ਸੁੱਖ ਹੀ ਵਿਕਾਸ ਮਾਰਗ ਵੱਲ ਕਦਮ ਵਧਾਉਣ ਵਿੱਚ ਸਹਾਇਤਾ ਕਰਦਾ ਹੈ। ਇਹ ਠੀਕ ਹੈ ਕਿ ਭੈੜੀ ਸੰਗਤ ਦਾ ਫਲ ਤੁਰੰਤ ਪ੍ਰਾਪਤ ਹੋ ਜਾਂਦਾ ਹੈ ਜਦੋਂ ਕਿ ਚੰਗੀ ਸੰਗਤ ਦੇ ਫਲ ਦੇ ਗਿਆਨ ਬਾਰੇ ਔਲੇ ਦੇ ਸੁਆਦ ਵਾਂਗ ਅਤੇ ਸਿਆਣਿਆਂ ਦੇ ਬਚਨਾਂ ਵਾਂਗ ਦੇਰ ਬਾਅਦ ਪਤਾ ਚੱਲਦਾ ਹੈ। ਪਰ ਇੱਕ ਗੱਲ ਪੱਕੀ ਹੈ ਕਿ ਚੰਗੀ ਸੰਗਤ ਦਾ ਫਲ ਭੈੜੀ ਸੰਗਤ ਨਾਲੋਂ ਕਰੋੜਾਂ ਗੁਣਾ ਵਧੇਰੇ ਰਸਦਾਇਕ ਹੁੰਦਾ ਹੈ। ਇੱਕ ਕੀਮਤੀ ਗੱਲ ਭਾਵੇਂ ਖਸਖਸ ਦੇ ਦਾਣੇ ਜਿੰਨੀ ਛੋਟੀ ਹੋਵੇ ਪਰ ਹੋਵੇ ਖ਼ੁਸ਼ਬੂਦਾਰ ਉਹ ਉਹਨਾਂ ਸਾਰੀਆਂ ਗੱਲਾਂ ਨਾਲੋਂ ਚੰਗੀ ਹੁੰਦੀ ਹੈ ਜੋ ਨਿਰਾ ਮਿੱਟੀ ਦਾ ਢੇਰ ਹੁੰਦੀਆਂ ਹਨ।
ਕਹਿੰਦੇ ਹਨ ਕਿ ਇੱਕ ਵਾਰ ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਸੁਕਰਾਤ ਸਮੁੰਦਰ ਕਿਨਾਰੇ ਸੈਰ ਕਰ ਰਿਹਾ ਸੀ ਤਾਂ ਉਸ ਦੀ ਨਜ਼ਰ ਇੱਕ ਬਾਲਕ ਉੱਤੇ ਪਈ ਜੋ ਜ਼ਾਰੋਜ਼ਾਰ ਹੋ ਰਿਹਾ ਸੀ। ਸੁਕਰਾਤ ਨੇ ਬੱਚੇ ਦੇ ਸਿਰ ਤੇ ਪਿਆਰ ਭਰਿਆ ਹੱਥ ਫੇਰਦਿਆਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ। ਬੱਚੇ ਨੇ ਆਖਿਆ ਮੈਂ ਇਸ ਸਾਰੇ ਸਮੁੰਦਰ ਨੂੰ ਆਪਣੇ ਹੱਥਲੇ ਪਿਆਲੇ ਵਿੱਚ ਭਰਨਾ ਚਾਹੁੰਦਾ ਹਾਂ ਪਰ ਇਹ ਇਸ ਵਿੱਚ ਆਉਂਦਾ ਹੀ ਨਹੀਂ। ਸੁਕਰਾਤ ਨੇ ਉੱਤਰ ਦਿੱਤਾ ਕਿ ਹੇ ਬੱਚਾ ਤੂੰ ਇਸ ਛੋਟੇ ਜਿਹੇ ਪਿਆਲੇ ਵਿੱਚ ਸਾਰਾ ਸਮੁੰਦਰ ਪਾਉਣਾ ਚਾਹੁੰਦਾ ਹੈ ਅਤੇ ਮੈਂ ਆਪਣੇ ਛੋਟੇ ਜਿਹੇ ਦਿਮਾਗ ਵਿੱਚ ਸਾਰੇ ਸੰਸਾਰ ਦਾ ਇਲਮ ਭਰਨਾ ਚਾਹੁੰਦਾ ਹਾਂ ਪਰ ਅੱਜ ਤੇਰੀ ਦਸ਼ਾ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਜਿਸ ਤਰ੍ਹਾਂ ਤੇਰੇ ਪਿਆਲੇ ਵਿੱਚ ਸਮੁੰਦਰ ਨਹੀਂ ਸਮਾ ਸਕਦਾ, ਇਸੇ ਤਰ੍ਹਾਂ ਸੰਸਾਰ ਦਾ ਸਮੁੱਚਾ ਗਿਆਨ ਮੇਰੇ ਦਿਮਾਗ ਵਿੱਚ ਨਹੀਂ ਭਰ ਸਕਦਾ। ਸੁਕਰਾਤ ਦੀ ਇਹ ਗੱਲ ਸੁਣ ਕੇ ਬੱਚੇ ਨੇ ਪਿਆਲਾ ਵਗਾਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਉੱਚੀ ਸਾਰੀ ਕਿਹਾ ਕਿ ਹੇ ! ਸਮੁੰਦਰ ਜੇਕਰ ਤੂੰ ਮੇਰੇ ਪਿਆਲੇ ਵਿੱਚ ਨਹੀਂ ਆ ਸਕਦਾ ਤਾਂ ਮੇਰਾ ਪਿਆਲਾ ਤਾਂ ਤੇਰੇ ਵਿੱਚ ਆ ਸਕਦਾ ਹੈ। ਇਹ ਗੱਲ ਸੁਣ ਕੇ ਸੁਕਰਾਤ ਬੱਚੇ ਦੇ ਪੈਰੀ ਪੈ ਗਿਆ ਅਤੇ ਕਹਿਣ ਲੱਗਾ ਕਿ ਬੜਾ ਕੀਮਤੀ ਸੂਤਰ ਹੱਥ ਲੱਗਾ ਹੈ। ਹੇ ! ਪਰਮਾਤਮਾ ਜੇਕਰ ਤੂੰ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਸਮਾ ਸਕਦਾ ਤਾਂ ਮੈਂ ਤਾਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ ਹਾਂ। ਅਜਿਹੇ ਸੂਤਰ ਨੇਕ ਪੁਰਸ਼ਾਂ ਦੀ ਸੰਗਤ ਨਾਲ ਹੀ ਲੱਭਦੇ ਹਨ। ਨੇਕ ਪੁਰਸ਼ ਉਮਰ ਕਰਕੇ ਨਹੀਂ ਗੁਣਾਂ ਕਰਕੇ ਜਾਣੇ ਜਾਂਦੇ ਹਨ।
ਕਿਉਂਕਿ ਮਨੁੱਖ ਦਾ ਸਮਾਜਿਕ ਜੀਵਨ ਹੈ ਇਸੇ ਲਈ ਸੰਗਤ ਵਿੱਚ ਆ ਕੇ ਉਹ ਇੱਕ ਦੂਜੇ ਦੇ ਵਿਚਾਰਾਂ ਦਾ ਅਸਰ ਵਧੇਰੇ ਕਬੂਲਦਾ ਹੈ। ਚੰਗੇ ਮੰਦੇ ਵਿਚਾਰਾਂ ਦਾ ਆਧਾਰ, ਚੰਗੀ ਮੰਦੀ ਸੰਗਤ ਹੁੰਦੀ ਹੈ।
ਲੇਖਕ : ਜਸਬੀਰ ਸਿੰਘ ਸਾਬਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 10188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-13-11-50-20, ਹਵਾਲੇ/ਟਿੱਪਣੀਆਂ:
ਸੰਗਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਗਤ, (ਸੰਸਕ੍ਰਿਤ) / ਇਸਤਰੀ ਲਿੰਗ : ਜੋੜਮੇਲ, ਸਭਾ, ਸਮਾਜ, ਇਕੱਠ, ਟੋਲੀ, ਸੰਜੋਗ, ਸੁਹਬਤ ਸੁਸਾਇਟੀ (ਲਾਗੂ ਕਿਰਿਆ : ਹੋਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-03-42-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Best web site for Punjabi knowledge
Tejinder Singh,
( 2024/08/20 04:4247)
Please Login First