ਸੰਘਰਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਘਰਸ਼ [ਨਾਂਪੁ] ਕੁਝ ਪ੍ਰਾਪਤ ਕਰਨ ਵਾਸਤੇ ਕੀਤੀ ਕਾਰਵਾਈ , ਘੋਲ , ਜੱਦੋ-ਜਹਿਦ, ਸਖ਼ਤ ਕੋਸ਼ਿਸ਼; ਰਗੜ , ਘੱਸਾ, ਖਹਿ, ਲਗਾਤਾਰ ਭਰਪੂਰ ਯਤਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਘਰਸ਼ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸੰਘਰਸ਼ : ਪ੍ਰਤਿਯੋਗਤਾ ਵਾਂਗ ਸੰਘਰਸ਼ (Conflict) ਵੀ ਮਨੁੱਖੀ ਸਮਾਜ ਦਾ ਇੱਕ ਬੁਨਿਆਦੀ ਲੱਛਣ ਹੈ। ਸਿੱਮਲ ਦਾ ਮੰਨਣਾ ਹੈ ਕਿ ਪੂਰੀ ਤਰ੍ਹਾਂ ਸੰਘਰਸ਼ ਰਹਿਤ ਇੱਕਸੁਰ ਸਮੂਹ ਅਮਲੀ ਰੂਪ ਵਿੱਚ ਮਿਲਣੇ ਅਸੰਭਵ ਹੀ ਹਨ। ਸਮਾਜ ਦੇ ਕਾਰਜਾਂ ਲਈ ਸਹਿਯੋਗ ਅਤੇ ਸੰਘਰਸ਼ ਦੋਵੇਂ ਪ੍ਰਕਿਰਿਆਵਾਂ ਜ਼ਰੂਰੀ ਹਨ। ਸੈਮੂਅਲ ਕੋਇਨਿੰਗ ਦਾ ਵਿਚਾਰ ਹੈ ਕਿ ਸੰਘਰਸ਼ ਹਮੇਸ਼ਾਂ ਵਿਨਾਸ਼ਕਾਰੀ ਅਤੇ ਨਕਾਰਾਤਮਕ ਨਹੀਂ ਹੁੰਦਾ ਸਗੋਂ ਬਹੁਤ ਵਾਰੀ ਇਹ ਸਾਕਾਰਾਤਮਕ ਅਤੇ ਰਚਨਾਤਮਿਕ ਉਦੇਸ਼ਾਂ ਦੀ ਪੂਰਤੀ ਵੀ ਕਰਦਾ ਹੈ। ਪਾਰਕ ਅਤੇ ਬਰਜਸ ਅਨੁਸਾਰ, ਪ੍ਰਤਿਯੋਗਤਾ ਅਤੇ ਸੰਘਰਸ਼ ਵਿਰੋਧ ਪ੍ਰਗਟ ਕਰਨ ਦੇ ਦੋ ਰੂਪ ਹਨ। ਪ੍ਰਤਿਯੋਗਤਾ ਅਵਿਅਕਤ ਅਤੇ ਨਿਰੰਤਰ ਹੁੰਦੀ ਹੈ ਜਦੋਂ ਕਿ ਸੰਘਰਸ਼ ਦਾ ਸਰੂਪ ਵਿਅਕਤਕ ਅਤੇ ਨਿਰੰਤਰਹੀਨ ਹੁੰਦਾ ਹੈ। ਕਿੰਗਸਲੇ ਡੇਵਿਸ ਦਾ ਮੰਨਣਾ ਹੈ ਕਿ ਸੰਘਰਸ਼ ਦਾ ਉਦੇਸ਼ ਵਿਰੋਧੀ ਨੂੰ ਨਸ਼ਟ ਕਰਨਾ ਜਾਂ ਉਸ ਤੋਂ ਛੁਟਕਾਰਾ ਪਾਉਣਾ ਹੈ। ਏ. ਡਬਲਿਊ ਗ੍ਰੀਨ ਦਾ ਵਿਚਾਰ ਹੈ ਕਿ ਸੰਘਰਸ਼ ਜਾਣ ਬੁਝ ਕੇ ਕੀਤਾ ਜਾਣ ਵਾਲਾ ਉਹ ਯਤਨ ਹੁੰਦਾ ਹੈ ਜੋ ਕਿਸੇ ਦੀ ਇੱਛਾ ਦਾ ਵਿਰੋਧ ਕਰਨ, ਉਸ ਉੱਪਰ ਰੋਕ ਜਾਂ ਦਬਾਅ ਪਾਉਣ ਲਈ ਕੀਤਾ ਜਾਂਦਾ ਹੈ।
ਸੰਘਰਸ਼ ਦੀ ਪ੍ਰਕਿਰਿਆ ਦੀਆਂ ਮੁੱਖ ਵਿਸ਼ੇਸ਼ਤਾਈਆ ਹੇਠ ਲਿਖੇ ਅਨੁਸਾਰ ਹਨ :
1. ਸੰਘਰਸ਼ ਇੱਕ ਚੇਤਨ ਪ੍ਰਕਿਰਿਆ ਹੈ। ਸੰਘਰਸ਼ ਵਿੱਚ ਸ਼ਾਮਲ ਵਿਅਕਤੀਆਂ ਜਾਂ ਸਮੂਹਾਂ ਨੂੰ ਇੱਕ ਦੂਜੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ਅਤੇ ਉਹ ਜਾਣ- ਬੁੱਝ ਕੇ ਅਤੇ ਸੋਚ-ਸਮਝ ਕੇ ਆਪਣੇ ਵਿਰੋਧੀਆਂ ਦਾ ਨਾਸ਼ ਕਰਨਾ ਚਾਹੁੰਦੇ ਹਨ।
2. ਸੰਘਰਸ਼ ਇੱਕ ਪ੍ਰਗਟ ਪ੍ਰਕਿਰਿਆ ਹੈ। ਵਿਰੋਧੀਆਂ ਦਾ ਉਦੇਸ਼ ਇੱਕ ਦੂਜੇ ਨੂੰ ਹਾਨੀ ਪਹੁੰਚਾਉਣਾ ਜਾਂ ਉਹਨਾਂ ਦਾ ਨਾਸ਼ ਕਰਨਾ ਹੁੰਦਾ ਹੈ। ਇਸ ਲਈ ਉਹ ਇੱਕ ਦੂਜੇ ਨੂੰ ਨਿੱਜੀ ਤੌਰ ’ਤੇ ਜਾਣਦੇ ਹੁੰਦੇ ਹਨ ਅਤੇ ਇੱਕ ਦੂਜੇ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ।
3. ਸੰਘਰਸ਼ ਨਿਰੰਤਰ ਪ੍ਰਕਿਰਿਆ ਨਹੀਂ ਹੈ ਸਗੋਂ ਸਮੇਂ-ਸਮੇਂ ਤੇ ਬੰਦ ਵੀ ਹੋ ਜਾਂਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਪ੍ਰਕਿਰਿਆ ਦਾ ਆਧਾਰ ਭਾਵਨਾਤਮਿਕ ਹੁੰਦਾ ਹੈ। ਭਾਵਨਾਵਾਂ ਵਿੱਚ ਪਰਿਵਰਤਨ ਦੇ ਨਾਲ-ਨਾਲ ਇਸ ਵਿੱਚ ਵੀ ਪਰਿਵਰਤਨ ਆਉਂਦਾ ਹੈ। ਉਦਾਹਰਨ ਵਜੋਂ ਕੋਈ ਵੀ ਯੁੱਧ ਹਮੇਸ਼ਾਂ ਨਹੀਂ ਚੱਲਦਾ ਸਗੋਂ ਕੁਝ ਦੇਰ ਬਾਅਦ ਸ਼ਾਂਤੀ ਵੀ ਸਥਾਪਿਤ ਹੋ ਸਕਦੀ ਹੈ।
4. ਸੰਘਰਸ਼ ਇੱਕ ਸਰਬ-ਵਿਆਪਕ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਹਰ ਇੱਕ ਸਮਾਜ, ਸਮੇਂ ਅਤੇ ਸਥਾਨ ਤੇ ਚੱਲਦੀ ਰਹਿੰਦੀ ਹੈ। ਇਹ ਵਿਅਕਤੀਆਂ ਅਤੇ ਸਮੂਹਾਂ ਦੇ ਹਿਤਾਂ ਅਤੇ ਸ੍ਵਾਰਥਾਂ ਵਿੱਚ ਟਕਰਾਓ ਵਜੋਂ ਪੈਦਾ ਹੁੰਦੀ ਹੈ, ਜੋ ਸਰਬ-ਵਿਆਪਕ ਹਨ।
ਵੱਖ-ਵੱਖ ਸਮਾਜ-ਵਿਗਿਆਨੀਆਂ ਨੇ ਸੰਘਰਸ਼ ਦੀਆਂ ਕਿਸਮਾਂ ਦਾ ਜ਼ਿਕਰ ਕੀਤਾ ਹੈ ਅਤੇ ਗਿਲਿਨ ਨੇ ਸੰਘਰਸ਼ ਦੀਆਂ ਹੇਠ ਲਿਖੀਆਂ ਪੰਜ ਕਿਸਮਾਂ ਦੱਸੀਆਂ ਹਨ :
1. ਵਿਅਕਤੀਗਤ ਸੰਘਰਸ਼ : ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਅਤੇ ਸਮੂਹਾਂ ਵਿਚਕਾਰ ਜਦੋਂ ਵਿਅਕਤੀਗਤ ਸ੍ਵਾਰਥਾਂ ਜਾਂ ਆਪਣੇ ਹਿਤਾਂ ਦੀ ਸੁਰੱਖਿਆ ਲਈ ਸੰਘਰਸ਼ ਹੁੰਦਾ ਹੈ ਤਾਂ ਉਸ ਨੂੰ ਵਿਅਕਤੀਗਤ ਸੰਘਰਸ਼ ਆਖਿਆ ਜਾਂਦਾ ਹੈ।
2. ਨਸਲੀ ਸੰਘਰਸ਼ : ਜਦੋਂ ਵੱਖ-ਵੱਖ ਨਸਲਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਕੁਝ ਨਸਲਾਂ ਆਪਣੇ ਆਪ ਨੂੰ ਦੂਜੀਆਂ ਨਸਲਾਂ ਤੋਂ ਉਚੇਰਾ ਅਤੇ ਬਿਹਤਰ ਸਮਝਣ ਲੱਗ ਪੈਂਦੀਆਂ ਹਨ। ਉਦਾਹਰਨ ਵਜੋਂ ਅਮਰੀਕਾ ਦੇ ਗੋਰੇ ਲੋਕ ਆਪਣੇ ਆਪ ਨੂੰ ਨੀਗਰੋ ਨਸਲ ਦੇ ਲੋਕਾਂ ਤੋਂ ਚੰਗੇਰਾ ਸਮਝਦੇ ਹਨ ਅਤੇ ਉਹਨਾਂ ਤੋਂ ਸਮਾਜਿਕ ਦੂਰੀ ਬਣਾਈ ਰੱਖਦੇ ਹਨ। ਇਸ ਦੇ ਸਿੱਟੇ ਵਜੋਂ ਗੋਰੀ ਅਤੇ ਕਾਲੀ ਨਸਲ ਦੇ ਲੋਕਾਂ ਵਿੱਚ ਸੰਘਰਸ਼ ਚੱਲਦਾ ਰਹਿੰਦਾ ਹੈ।
3. ਵਰਗ ਸੰਘਰਸ਼ : ਜਦੋਂ ਇੱਕ ਵਰਗ ਦੂਜੇ ਵਰਗ ਦਾ ਸ਼ੋਸ਼ਣ ਕਰਨ ਲੱਗ ਪੈਂਦਾ ਹੈ ਤਾਂ ਵਰਗ ਸੰਘਰਸ਼ ਜਨਮ ਲੈਂਦਾ ਹੈ। ਵਰਗ ਸੰਘਰਸ਼ ਦੇ ਸਿਧਾਂਤ ਨੂੰ ਵਿਸਤਾਰ ਨਾਲ ਪੇਸ਼ ਕਰਨ ਲਈ ਕਾਰਲ ਮਾਰਕਸ ਅਤੇ ਏਂਜਲਸ ਮਸ਼ਹੂਰ ਹਨ। ਉਹਨਾਂ ਦਾ ਵਿਚਾਰ ਹੈ ਕਿ ਸਾਰੇ ਸਮਾਜ ਦੋ ਮੁੱਖ ਵਰਗਾਂ ਵਿੱਚ ਵੰਡੇ ਹੁੰਦੇ ਹਨ। ਪੂੰਜੀਪਤੀ ਜਾਂ ਬੁਰਜੂਆ ਵਰਗ ਅਤੇ ਕਾਮੇ ਜਾਂ ਪ੍ਰੋਲੋਤਾਰੀ ਵਰਗ। ਪੂੰਜੀਪਤੀ ਵਰਗ ਕਾਮਿਆਂ ਦੇ ਵਰਗ ਦਾ ਸ਼ੋਸ਼ਣ ਕਰਦਾ ਹੈ ਜਿਸ ਵਜੋਂ ਸਮਾਜ ਵਿੱਚ ਵਰਗ ਸੰਘਰਸ਼ ਹੋਂਦ ਵਿੱਚ ਆਉਂਦਾ ਹੈ।
4. ਰਾਜਨੀਤਿਕ ਸੰਘਰਸ਼ : ਇਸ ਕਿਸਮ ਦਾ ਸੰਘਰਸ਼ ਕਿਸੇ ਦੇਸ ਦੇ ਵੱਖ-ਵੱਖ ਰਾਜਨੀਤਿਕ ਦਲਾਂ ਵਿਚਕਾਰ ਹੁੰਦਾ ਹੈ। ਹਰ ਇੱਕ ਰਾਜਨੀਤਿਕ ਪਾਰਟੀ ਦੇ ਆਪਣੇ ਵੱਖਰੇ ਸਿਧਾਂਤ, ਨੀਤੀਆਂ ਅਤੇ ਵਿਚਾਰਧਾਰਾਵਾਂ ਹੁੰਦੀਆਂ ਹਨ, ਜਿਸ ਕਾਰਨ ਉਹ ਇੱਕ ਦੂਜੇ ਦੀਆਂ ਵਿਰੋਧੀ ਹੋ ਜਾਂਦੀਆਂ ਹਨ। ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਲਈ ਵੀ ਵੱਖ-ਵੱਖ ਪਾਰਟੀਆਂ ਵਿੱਚ ਰਾਜਨੀਤਿਕ ਸੰਘਰਸ਼ ਚੱਲਦਾ ਰਹਿੰਦਾ ਹੈ।
5. ਅੰਤਰਰਾਸ਼ਟਰੀ ਸੰਘਰਸ਼ : ਜਦੋਂ ਦੋ ਜਾਂ ਦੋ ਤੋਂ ਵੱਧ ਦੇਸਾਂ ਵਿਚਕਾਰ ਸੰਘਰਸ਼ ਹੁੰਦਾ ਹੈ ਤਾਂ ਉਸ ਨੂੰ ਅੰਤਰਰਾਸ਼ਟਰੀ ਸੰਘਰਸ਼ ਆਖਿਆ ਜਾਂਦਾ ਹੈ। ਇਸ ਦਾ ਸਭ ਤੋਂ ਮਹੱਤਵਪੂਰਨ ਪ੍ਰਗਟਾਵਾ ਯੁੱਧ ਦੇ ਰੂਪ ਵਿੱਚ ਹੁੰਦਾ ਹੈ।
ਸਿੱਮਲ ਨੇ ਸੰਘਰਸ਼ ਦੀਆਂ ਚਾਰ ਕਿਸਮਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ :
1. ਯੁੱਧ : ਪੁਰਾਤਨ ਕਾਲ ਵਿੱਚ ਲੜਾਈਆਂ ਅਤੇ ਯੁੱਧ ਬਹੁਤ ਵਿਆਪਕ ਸਨ। ਕਬੀਲਿਆਂ ਦੇ ਲੋਕ ਆਪਸ ਵਿੱਚ ਲੜਾਈ ਝਗੜੇ ਕਰਦੇ ਹੀ ਰਹਿੰਦੇ ਸਨ। ਅੰਤਰਰਾਸ਼ਟਰੀ ਵਪਾਰ ਦੇ ਵਿਕਾਸ ਤੋਂ ਪਹਿਲੋਂ, ਪੁਰਾਤਨ ਸਥਿਤੀਆਂ ਵਿੱਚ, ਯੁੱਧ ਹੀ ਅਜਿਹਾ ਸਾਧਨ ਸੀ ਜੋ ਵਿਦੇਸ਼ੀ ਸਮੂਹਾਂ ਵਿੱਚ ਸੰਪਰਕ ਸਥਾਪਿਤ ਕਰਦੇ ਸਨ।
2. ਜੱਦੀ ਵੈਰ ਜਾਂ ਧੜੇਬੰਦੀ ਸੰਬੰਧੀ ਸੰਘਰਸ਼ : ਇਹ ਵੀ ਪੁਰਾਤਨ ਕਾਲ ਵਿੱਚ ਸਮੂਹਾਂ ਵਿਚਕਾਰ ਹੋਣ ਵਾਲੀਆਂ ਮਹੱਤਵਪੂਰਨ ਸੰਘਰਸ਼ ਦੀਆਂ ਕਿਸਮਾਂ ਵਿੱਚੋਂ ਇੱਕ ਸੀ। ਕਈ ਵਾਰ ਇੱਕ ਪਰਵਾਰ ਜਾਂ ਉਸਦੇ ਮੈਂਬਰ ਮਹਿਸੂਸ ਕਰਦੇ ਸਨ ਕਿ ਕਿਸੇ ਹੋਰ ਪਰਵਾਰ ਨੇ ਉਹਨਾਂ ਨਾਲ ਅਨਿਆਂ ਜਾਂ ਧੱਕਾ ਕੀਤਾ ਹੈ, ਜਿਸ ਵਜੋਂ ਪਰਵਾਰਾਂ ਵਿੱਚ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਸਨ ਅਤੇ ਕਈ ਵਾਰੀ ਹਿੰਸਕ ਰੂਪ ਧਾਰਨ ਕਰ ਲੈਂਦੀਆਂ ਸਨ। ਕਈ ਵਾਰੀ ਤਾਂ ਇਹ ਦੁਸ਼ਮਣੀਆਂ ਪੁਸ਼ਤ ਦਰ ਪੁਸ਼ਤ ਚੱਲਦੀਆਂ ਰਹਿੰਦੀਆਂ ਸਨ।
3. ਕਨੂੰਨਸਾਜ਼ੀ : ਇਸ ਤਰ੍ਹਾਂ ਦਾ ਸੰਘਰਸ਼ ਕੋਰਟ ਕਚਹਿਰੀਆਂ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਅਰੰਭ ਹੋਇਆ। ਕੁਝ ਕੁੱਲ, ਪਰਵਾਰ ਜਾਂ ਵਿਅਕਤੀ ਆਪਣੇ ਹਿਤਾਂ ਜਾਂ ਜਾਇਦਾਦ ਦੀ ਰਾਖੀ ਲਈ ਇਸ ਪ੍ਰਕਾਰ ਦੇ ਸੰਘਰਸ਼ ਵਿੱਚ ਭਾਗੀਦਾਰ ਬਣਦੇ ਹਨ। ਵਰਤਮਾਨ ਸਮੇਂ ਵਿੱਚ ਇਸ ਪ੍ਰਕਾਰ ਦਾ ਸੰਘਰਸ਼ ਵਧਦਾ ਜਾ ਰਿਹਾ ਹੈ।
4. ਅਵਿਅਕਤਕ ਆਦਰਸ਼ਾਂ ਵਿੱਚ ਸੰਘਰਸ਼ : ਇਸ ਪ੍ਰਕਾਰ ਦਾ ਸੰਘਰਸ਼ ਇਸ ਲਈ ਅਵਿਅਕਤਕ ਹੁੰਦਾ ਹੈ ਕਿਉਂਕਿ ਇਹ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ ਨਾ ਹੋ ਕੇ ਕੁਝ ਕੁ ਤਟਸਥ ਆਦਰਸ਼ਾਂ ਨਾਲ ਸੰਬੰਧ ਰੱਖਦਾ ਹੈ। ਇਸ ਪ੍ਰਕਾਰ ਦੇ ਸੰਘਰਸ਼ ਵਿੱਚ ਜਿੱਤ ਦਾ ਲਾਭ ਕਿਸੇ ਵਿਅਕਤੀ ਨੂੰ ਨਹੀਂ ਮਿਲਦਾ ਸਗੋਂ ਉਸ ਉਦੇਸ਼ ਨੂੰ ਮਿਲਦਾ ਹੈ ਜਿਸ ਲਈ ਵਿਅਕਤੀ ਸੰਘਰਸ਼ ਕਰ ਰਿਹਾ ਹੁੰਦਾ ਹੈ। ਉਦਾਹਰਨ ਵਜੋਂ, ਸਮਾਜਵਾਦੀਆਂ ਜਾਂ ਸਾਮਵਾਦੀਆਂ ਦਾ ਬਿਹਤਰ ਜੀਵਨ ਲਈ ਸੰਘਰਸ਼ ਜਾਂ ਕਿਸੇ ਅਲਪਸੰਖਿਅਕ ਸਮੂਹ ਦਾ ਆਪਣੇ ਹਿਤਾਂ ਦੀ ਰਾਖੀ ਲਈ ਸੰਘਰਸ਼।
ਲੇਖਕ : ਜੀ.ਐੱਸ.ਭਟਨਾਗਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-13-02-26-16, ਹਵਾਲੇ/ਟਿੱਪਣੀਆਂ:
ਸੰਘਰਸ਼ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਘਰਸ਼, (ਸੰਸਕ੍ਰਿਤ) / ਪੁਲਿੰਗ: ੧. ਰਗੜ, ਘੱਸਾ, ਰਗੜ; ੨. ਈਰਖਾ, ਜਲਣ, ਸਾੜਾ; ੩. ਝਗੜਾ, ਖਹਿ, ਖਹੇੜ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-02-47-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First