ਸੰਘ ਪੋਲ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸੰਘ ਪੋਲ: ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਅਤੇ ਨੱਕ ਤੱਕ ਭਾਸ਼ਾਈ ਧੁਨੀਆਂ ਦਾ ਵਰਤਾਰਾ ਵਾਪਰਦਾ ਹੈ। ਫੇਫੜਿਆਂ ਤੋਂ ਬਾਹਰ ਆ ਰਹੀ ਹਵਾ ਸਾਹ ਨਾਲੀ ਵਿਚੋਂ ਗੁਜ਼ਰਦੀ ਹੋਈ ਸੰਘ ਪੋਲ ਵਿਚ ਚਲੀ ਜਾਂਦੀ ਹੈ। ਸੰਘ ਪੋਲ ਵਿਚਲੀ ਹਵਾ ਲਈ ਦੋ ਰਾਹ ਬਾਕੀ ਹੁੰਦੇ ਹਨ। ਜਦੋਂ ਹਵਾ ਮੂੰਹ ਰਾਹੀਂ ਬਾਹਰ ਵੱਲ ਨਿਕਲਦੀ ਹੈ ਉਸ ਵੇਲੇ ਕੋਮਲ ਤਾਲੂ ਉਪਰ ਵੱਲ ਉਠਿਆ ਹੋਇਆ ਹੁੰਦਾ ਹੈ। ਇਸ ਪਰਕਾਰ ਦੀ ਸਥਿਤੀ ਤੋਂ ਮੌਖਿਕ ਧੁਨੀਆਂ ਪੈਦਾ ਹੁੰਦੀਆਂ ਹਨ ਪਰ ਦੂਜੇ ਪਾਸੇ ਜਦੋਂ ਹਵਾ ਮੂੰਹ ਦੀ ਥਾਂ ਨੱਕ ਵਿਚੋਂ ਬਾਹਰ ਨਿਕਲੇ ਤਾਂ ਉਸ ਵਕਤ ਕੋਮਲ ਤਾਲੂ ਹੇਠਾਂ ਵੱਲ ਡਿੱਗਿਆ ਹੋਇਆ ਹੁੰਦਾ ਹੈ। ਭਾਸ਼ਾਈ ਧੁਨੀਆਂ ਦੇ ਉਚਾਰਨ ਵੇਲੇ ਸੰਘ ਪੋਲ ਵੀ ਇਕ ਉਚਾਰਨ ਸਥਾਨ ਹੈ। ਫੇਫੜਿਆਂ ’ਚੋਂ ਬਾਹਰ ਆਉਂਦੀ ਹਵਾ ਨੂੰ ਜਦੋਂ ਸੰਘ ਪੋਲ ਦੇ ਅੰਦਰਵਾਰ ਧੁਨੀਆਂ ਦੇ ਉਚਾਰਨ ਲਈ ਵਰਤਿਆ ਜਾਂਦਾ ਹੈ ਤਾਂ ਪੈਦਾ ਹੋਈਆਂ ਧੁਨੀਆਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਪਹਿਲੀ ਪਰਕਾਰ ਦੀਆਂ ਧੁਨੀਆਂ ਕੋਮਲ ਤਾਲੂ ਸਥਾਨ ’ਤੇ ਉਚਾਰੀਆਂ ਜਾਂਦੀਆਂ ਹਨ। ਪੰਜਾਬੀ ਲਈ ਇਸ ਪਰਕਾਰ ਦੀਆਂ ਤਿੰਨ ਮੌਖਿਕ (ਕ, ਖ, ਗ) ਅਤੇ ਇਕ ਨਾਸਕੀ (ਙ) ਧੁਨੀਆਂ ਹਨ। ਦੂਜੀ ਪਰਕਾਰ ਦੀਆਂ ਧੁਨੀਆਂ ਸੰਘ ਪੋਲ ਦੇ ਪਿਛਲੇ ਪਾਸੇ ਤੋਂ ਪੈਦਾ ਹੁੰਦੀਆਂ ਹਨ। ਅਰਬੀ ਮੂਲ ਦੀਆਂ ਭਾਸ਼ਾਵਾਂ ਵਿਚ ਇਸ ਵਰਗ ਦੀਆਂ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਇਕ ਲੰਮਾ ਸਮਾਂ ਪੰਜਾਬੀ ਭਾਸ਼ਾ ਦਾ ਸਬੰਧ ਫ਼ਾਰਸੀ ਨਾਲ ਰਿਹਾ ਹੈ। ਫ਼ਾਰਸੀ ਦੀਆਂ (ਕ, ਖ, ਗ) ਆਦਿ ਧੁਨੀਆਂ ਫ਼ਾਰਸੀ ਦੇ ਤਤਸਮ ਸ਼ਬਦ ਰੂਪਾਂ ਲਈ ਉਚਾਰੀਆਂ ਜਾਂਦੀਆਂ ਰਹੀਆਂ ਹਨ। ਇਹ ਰੁਝਾਨ ਮੱਧਕਾਲ ਵਿਚ ਕਾਫੀ ਰਿਹਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.