ਸੰਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਤ ਸਿੰਘ ਸੇਖੋਂ (1908–1997) : ਆਧੁਨਿਕ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਸੰਤ ਸਿੰਘ ਸੇਖੋਂ ਇੱਕ ਚਿੰਤਕ, ਆਲੋਚਕ, ਨਾਟਕਕਾਰ ਅਤੇ ਕਹਾਣੀਕਾਰ ਵਜੋਂ ਪੰਜਾਬੀ ਸਾਹਿਤਿਕ ਜਗਤ ਵਿੱਚ ਜਾਣਿਆ ਜਾਂਦਾ ਹੈ। ਉਸ ਨੇ ਕਵਿਤਾ, ਕਹਾਣੀ, ਨਾਵਲ, ਸ੍ਵੈਜੀਵਨੀ, ਆਲੋਚਨਾ ਅਤੇ ਅਨੁਵਾਦ ਦੇ ਖੇਤਰ ਵਿੱਚ ਵੱਡਮੁੱਲੀਆਂ ਰਚਨਾਵਾਂ ਰਚੀਆਂ।

     ਸੰਤ ਸਿੰਘ ਸੇਖੋਂ 1908 ਵਿੱਚ ਚੱਕ ਨੰਬਰ 70, ਝੰਗ, ਜ਼ਿਲ੍ਹਾ ਲਾਇਲਪੁਰ ਵਿਖੇ ਪ੍ਰੇਮ ਕੌਰ ਦੀ ਕੁੱਖੋਂ
ਹੁਕਮ ਸਿੰਘ ਦੇ ਘਰ ਪੈਦਾ ਹੋਇਆ। ਸੇਖੋਂ ਨੇ ਆਪਣੀ ਸਿੱਖਿਆ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਕੇ, ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਅਧਿਆਪਨ ਦਾ ਕਾਰਜ ਅਰੰਭਿਆ। ਅੰਗਰੇਜ਼ੀ, ਪੰਜਾਬੀ ਅਤੇ ਅਰਥ-ਸ਼ਾਸਤਰ ਸੇਖੋਂ ਦੇ ਵਿਸ਼ੇ ਰਹੇ। ਸੇਖੋਂ ਨੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਪ੍ਰਿੰਸੀਪਲ ਵਜੋਂ ਵੀ ਸੇਵਾ ਨਿਭਾਈ ਜਿਨ੍ਹਾਂ ਵਿੱਚ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ, ਖਾਲਸਾ ਕਾਲਜ, ਪਟਿਆਲਾ ਅਤੇ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ, ਜ਼ਿਲ੍ਹਾ ਜਲੰਧਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੰਤ ਸਿੰਘ ਸੇਖੋਂ ਨੂੰ ਪ੍ਰੋਫ਼ੈਸਰ ਐਮੀਨੈਂਸ ਵਜੋਂ ਵੀ ਮਾਣ ਦਿੱਤਾ ਗਿਆ। ਸੰਤ ਸਿੰਘ ਸੇਖੋਂ ਨੇ ਆਪਣੇ ਜੀਵਨ ਦੇ ਅੰਤਲੇ ਵਰ੍ਹੇ ਆਪਣੇ ਪਿੰਡ ਮੁੱਲਾਂਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਵਿੱਚ ਗੁਜ਼ਾਰੇ ਅਤੇ 7 ਅਕਤੂਬਰ 1997 ਨੂੰ ਉਸ ਦਾ ਦਿਹਾਂਤ ਹੋ ਗਿਆ।

     ਸੰਤ ਸਿੰਘ ਸੇਖੋਂ ਨੇ ਵੱਖ-ਵੱਖ ਸਾਹਿਤ ਰੂਪਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਲਗਪਗ ਚਾਰ ਦਰਜਨ ਪੁਸਤਕਾਂ ਰਚੀਆਂ ਹਨ ਜਿਨ੍ਹਾਂ ਵਿੱਚ ਸੇਖੋਂ ਰਚਿਤ ਨਾਟਕ ਸਾਹਿਤ ਦੀਆਂ ਪੁਸਤਕਾਂ-ਛੇ ਘਰ, ਕਲਾਕਰ, ਤਪਿਆ ਕਿਉਂ ਖਪਿਆ, ਨਾਟ ਸੁਨੇਹੇ, ਵਾਰਿਸ, ਭੂਦਾਨ, ਮੋਇਆਂ ਸਾਰ ਨਾ ਕਾਈ, ਸਿਆਲਾਂ ਦੀ ਨੱਢੀ, ਮਿੱਤਰ ਪਿਆਰਾ, ਬੰਦਾ ਬਹਾਦਰ ਅਤੇ ਵੱਡਾ ਘੱਲੂਘਾਰਾ ਵਿਸ਼ੇਸ਼ ਤੌਰ `ਤੇ ਗਿਣੀਆਂ ਜਾ ਸਕਦੀਆਂ ਹਨ। ਸੇਖੋਂ ਦੇ ਕਹਾਣੀ-ਸੰਗ੍ਰਹਿ ਸਮਾਚਾਰ, ਕਾਮੇ ਤੇ ਯੋਧੇ, ਅੱਧੀ ਵਾਟ, ਤੀਸਰਾ ਪਹਿਰ  ਅਤੇ ਸਿਆਣਪਾਂ  ਉਸ ਵੱਲੋਂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਗਵਾਹੀ ਭਰਦੇ ਹਨ।

     ਪੰਜਾਬੀ ਵਿੱਚ ਸਾਹਿਤ ਚਿੰਤਨ ਨੂੰ ਪਾਠਕਾਂ ਤੱਕ ਪਹੁੰਚਾਉਣ ਵਾਲਾ ਮੁਢਲਾ ਮੁੱਲਵਾਨ ਕਾਰਜ ਵੀ ਸੇਖੋਂ ਦੀ ਪੁਸਤਕ ਸਾਹਿਤਿਆਰਥ ਦੇ ਰੂਪ ਵਿੱਚ ਉਸ ਦੀ ਵੱਡੀ ਦੇਣ ਹੈ। ਇਸ ਤੋਂ ਇਲਾਵਾ ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ, ਭਾਈ ਗੁਰਦਾਸ, ਸਮੀਖਿਆ ਪ੍ਰਣਾਲੀਆਂ ਪੰਜਾਬੀ ਕਾਵਿ ਸ਼ਿਰੋਮਣੀ ਆਲੋਚਨਾ ਪੁਸਤਕਾਂ ਵੀ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਕਿਉਂਕਿ ਸੇਖੋਂ ਦੀ ਮਾਰਕਸਵਾਦੀ ਵਿਚਾਰਧਾਰਾ ਅਤੇ ਇਸ ਵਿਚਾਰਧਾਰਿਕ ਪ੍ਰਤਿਬੱਧਤਾ ਨਾਲ ਰਚੀਆਂ ਗਈਆਂ ਇਹ ਪੁਸਤਕਾਂ ਪੰਜਾਬੀ ਦੀ ਮੁਢਲੀ, ਸੁਚੇਤ ਤੇ ਪ੍ਰਤਿਬੱਧ ਆਲੋਚਨਾ ਦਾ ਇਤਿਹਾਸਿਕ ਦਸਤਾਵੇਜ਼ ਹਨ।

     ਪੰਜਾਬੀ ਸਾਹਿਤ ਵਿੱਚ ਸੰਤ ਸਿੰਘ ਸੇਖੋਂ ਪ੍ਰਗਤੀਵਾਦੀ ਪੰਜਾਬੀ ਸਾਹਿਤ ਅਤੇ ਸਾਹਿਤ ਚਿੰਤਨ ਦਾ ਅਸਲ ਅਰਥਾਂ ਵਿੱਚ ਮੁੱਢ ਬੰਨਣ ਵਾਲਾ ਸਾਹਿਤਕਾਰ ਹੈ। ਉਸ ਨੇ ਮਾਰਕਸੀ ਵਿਚਾਰਧਾਰਾ ਨੂੰ ਜ਼ਿੰਦਗੀ ਅਤੇ ਸਾਹਿਤ ਉਪਰ ਲਾਗੂ ਕਰ ਕੇ ਸਿਧਾਂਤਿਕ ਅਤੇ ਵਿਹਾਰਿਕ ਪੱਧਰ `ਤੇ ਮਨੁੱਖੀ ਜ਼ਿੰਦਗੀ ਅਤੇ ਸਾਹਿਤ ਕਲਾ ਨੂੰ ਸਮਝਣ ਦਾ ਨਵੇਕਲਾ ਯਤਨ ਕੀਤਾ। ਉਸ ਦੀਆਂ ਸਾਹਿਤ ਰਚਨਾਵਾਂ ਜੀਵਨ ਦੇ ਅਸਲ ਵਿਰੋਧਾਂ ਨੂੰ ਪਛਾਣਨ ਵਿੱਚੋਂ ਉਸਰਦੀਆਂ ਹਨ। ਮਾਰਕਸੀ ਵਿਚਾਰਧਾਰਾ ਅਨੁਸਾਰ ਉਹ ਇਹਨਾਂ ਵਿਰੋਧਾਂ ਦੇ ਪੇਚੀਦਾ ਪੱਖਾਂ ਨੂੰ ਜੀਅ ਰਹੇ ਅਤੇ ਸਮਝਣ ਦੇ ਯਤਨਾਂ ਵਿੱਚ ਲੱਗੇ ਮਨੁੱਖਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪਾਤਰਾਂ ਵਜੋਂ ਪੇਸ਼ ਕਰਦਾ ਹੈ। ਕਿਤੇ ਵੀ ਕਿਸੇ ਵੀ ਰਚਨਾ ਵਿੱਚ ਇਸੇ ਲਈ ਸੇਖੋਂ ਦੇ ਪਾਤਰ ਜ਼ਿੰਦਗੀ ਦੀ ਦੁੱਖਦਾਈ ਸਥਿਤੀ ਵਿੱਚੋਂ ਵੀ ਜ਼ਿੰਦਗੀ ਤੋਂ ਹਾਰਦੇ ਨਹੀਂ ਦਿੱਸਦੇ ਸਗੋਂ ਸੰਘਰਸ਼ ਵਿੱਚ ਜੁੱਟੇ ਹੋਏ ਦਿਖਾਈ ਦਿੰਦੇ ਹਨ। ਸੇਖੋਂ ਦੀ ਵਿਚਾਰਧਾਰਾ ਵਿਚਲਾ ਸੰਘਰਸ਼ ਹੀ ਜੀਵਨ ਨੂੰ ਪ੍ਰਗਤੀ ਦੇ ਰਾਹ ਤੋਰਨ ਦਾ ਆਧਾਰ ਬਣਦਾ ਹੈ।

     ਸੰਤ ਸਿੰਘ ਸੇਖੋਂ ਦਾ ਸਾਹਿਤ ਜ਼ਿੰਦਗੀ ਨਾਲ ਖਹਿ ਕੇ ਲੰਘਦਾ ਹੈ। ਇਸੇ ਲਈ ਉਸ ਦੀਆਂ ਰਚਨਾਵਾਂ ਜੀਵਨ ਦੇ ਨਿੱਕੇ-ਨਿੱਕੇ ਵੇਰਵਿਆਂ ਰਾਹੀਂ ਉਸਰਦੀਆਂ ਹਨ ਤੇ ਇੱਕ ਨਿਸ਼ਚਿਤ ਵਿਚਾਰਧਾਰਿਕ ਪੈਂਤੜੇ ਤੋਂ ਸੇਖੋਂ ਇਹਨਾਂ ਔਖੀਆਂ ਸਥਿਤੀਆਂ ਦੇ ਹੱਲ ਵੀ ਅਛੋਪਲੇ ਜਿਹੇ ਸੁਝਾਅ ਦਿੰਦਾ ਹੈ। ਨਾਟਕ/ਇਕਾਂਗੀਆਂ ਵਿੱਚ ਹੀ ਨਹੀਂ ਸੇਖੋਂ ਦੀਆਂ ਕਹਾਣੀਆਂ ਵਿੱਚ ਵੀ ਜੀਵਨ ਦੀਆਂ ਪੇਚੀਦਾ ਸਥਿਤੀਆਂ ਨੂੰ ਸਹਿਜਤਾ ਵਿੱਚ ਹੀ ਰੂਪਮਾਨ ਕਰਨ ਦੀ ਕਲਾਕਾਰੀ ਦਿਖਾਈ ਦਿੰਦੀ ਹੈ। ਸੇਖੋਂ ਨੇ ਨਾਟਕ ਜਾਂ ਗਲਪ ਰਾਹੀਂ ਹੀ ਪਾਠਕਾਂ ਨੂੰ ਯਥਾਰਥ ਤੋਂ ਜਾਣੂ ਨਹੀਂ ਕਰਵਾਇਆ ਸਗੋਂ ਸੇਖੋਂ ਦੀ ਬੇਬਾਕ ਸ਼ੈਲੀ ਅਤੇ ਸੱਚ ਨੂੰ ਸੱਚ ਕਹਿ ਸਕਣ ਦੀ ਦਲੇਰੀ ਉਸ ਦੀ ਸਵੈ-ਜੀਵਨੀ ਉਮਰ ਦਾ ਪੰਧ ਵਿੱਚ ਦੇਖੀ ਜਾ ਸਕਦੀ ਹੈ।

     ਵਰਤਮਾਨ, ਇਤਿਹਾਸ ਅਤੇ ਮਿਥਿਹਾਸ ਨੂੰ ਸੰਤ ਸਿੰਘ ਸੇਖੋਂ ਨਵੇਕਲੀ ਦ੍ਰਿਸ਼ਟੀ ਤੋਂ ਵੇਖਦਾ ਹੈ। ਇਸੇ ਲਈ ਉਸ ਦੀਆਂ ਰਚਨਾਵਾਂ ਬਹੁ-ਪਰਤੀ ਤੇ ਬਹੁ-ਪੱਖੀ ਸੁਭਾਅ ਧਾਰਨ ਕਰਦੀਆਂ ਹਨ। ਉਸ ਦੁਆਰਾ ਹੋਰਨਾਂ ਭਾਸ਼ਾਵਾਂ ਵਿੱਚ ਸਾਹਿਤਿਕ ਰਚਨਾਵਾਂ ਦਾ ਕੀਤਾ ਗਿਆ ਅਨੁਵਾਦ ਵੀ ਵੱਡੀ ਦੇਣ ਹੈ ਜਿਵੇਂ ਤਾਲਸਤਾਏ ਦੀ ਕਿਤਾਬ Resurrection ਦਾ ਮੋਇਆਂ ਦੀ ਜਾਗ ਸਿਰਲੇਖ ਹੇਠ ਅਨੁਵਾਦ ਜ਼ਿਕਰਯੋਗ ਹੈ। ਅੰਗਰੇਜ਼ੀ ਭਾਸ਼ਾ ਵਿੱਚ ਸੇਖੋਂ ਨੇ ਪੰਜਾਬੀ ਸਾਹਿਤ ਦੀ ਢੁੱਕਵੀਂ ਪਛਾਣ ਬਣਾਈ ਹੈ ਜਿਵੇਂ ਵਾਰਿਸ ਦੀ ਹੀਰ ਦਾ The Love of Heer and Ranjha ਸਿਰਲੇਖ ਹੇਠ ਅਨੁਵਾਦ ਸੇਖੋਂ ਦਾ ਮਹੱਤਵਪੂਰਨ ਕੰਮ ਹੈ।

     ਸੇਖੋਂ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ `ਤੇ ਮਾਣ ਤੇ ਸਨਮਾਨ ਮਿਲੇ। ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦੀ ਉਪਾਧੀ, ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ ਵੱਲੋਂ ‘ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ`, ਪੰਜਾਬ ਸਰਕਾਰ ਵੱਲੋਂ ਪੁਰਸਕਾਰ ਤੇ ਭਾਰਤ ਸਰਕਾਰ ਵੱਲੋਂ ਮਿੱਤਰ ਪਿਆਰਾ  ਉਪਰ ਪੁਰਸਕਾਰ ਤੋਂ ਇਲਾਵਾ ਅਨੇਕ ਹੋਰ ਸਾਹਿਤਿਕ ਸੰਸਥਾਵਾਂ ਵੱਲੋਂ ਸੇਖੋਂ ਨੂੰ ਪੁਰਸਕਾਰਾਂ ਨਾਲ ਸਨਮਾਨਿਆ ਗਿਆ।

          ਸੰਤ ਸਿੰਘ ਸੇਖੋਂ ਆਧੁਨਿਕ ਪੰਜਾਬੀ ਸਾਹਿਤ ਤੇ ਚਿੰਤਨ ਦੀ ਲਗਪਗ ਪੌਣੀ ਸਦੀ ਦੇ ਵਿਕਾਸ ਦਾ ਉਹ ਗਵਾਹ ਤੇ ਕਰਮਯੋਗੀ ਹੈ ਜਿਸ ਨੇ ਪੰਜਾਬ ਸਾਹਿਤ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ `ਤੇ ਪਛਾਣ ਦਿਵਾਉਣ ਵਿੱਚ ਮੁਢਲੀ ਤੇ ਵੱਡੀ ਭੂਮਿਕਾ ਨਿਭਾਈ ਹੈ। ਸ਼ਾਇਦ ਇਸੇ ਲਈ ਸੇਖੋਂ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਸਭ ਤੋਂ ਸਿਆਣੇ ਮਨੁੱਖ ਵਜੋਂ ਜਾਣਿਆ ਜਾਂਦਾ ਹੈ।


ਲੇਖਕ : ਉਮਿੰਦਰ ਜੌਹਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 55423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤ [ਨਾਂਪੁ] ਮਹਾਤਮਾ, ਸਾਧੂ, ਫ਼ਕੀਰ , ਭਗਤ; [ਵਿਸ਼ੇ] ਨੇਕ , ਭਲਾਮਾਣਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਤ. ਅਥਵਾ ਸੰਤੁ. ਸੰ. शान्त —ਸ਼ਾਂਤ. ਵਿ—ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ. ਸ਼ਾਂਤਾਤਮਾ. “ਸੰਤ ਕੈ ਊਪਰਿ ਦੇਇ ਪ੍ਰਭੁ ਹਾਥ.” (ਗੌਂਡ ਮ: ੫) ਦੇਖੋ, ਅੰ. Saint.

ਗੁਰਬਾਣੀ ਵਿੱਚ ਸੰਤ ਦਾ ਲੱਛਣ ਅਤੇ ਮਹਿਮਾ ਇਸ ਤਰ੍ਹਾਂ ਹੈ:—

ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤ,

ਧੰਨੁ ਸਿ ਸੇਈ ਨਾਨਕਾ, ਪੂਰਨੁ ਸੋਈ ਸੰਤ.

(ਮ: ੫ ਵਾਰ ਗਉ ੨)

ਆਠ ਪਹਰ ਨਿਕਟਿ ਕਰਿ ਜਾਨੈ,

ਪ੍ਰਭ ਕਾ ਕੀਆ ਮੀਠਾ ਮਾਨੈ.

ਏਕੁ ਨਾਮੁ ਸੰਤਨ ਆਧਾਰੁ,

ਹੋਇ ਰਹੇ ਸਭ ਕੀ ਪਗਛਾਰੁ.

ਸੰਤ ਰਹਤ ਸੁਨਹੁ ਮੇਰੇ ਭਾਈ ,

ਉਆ ਕੀ ਮਹਿਮਾ ਕਥਨੁ ਨ ਜਾਈ.

ਵਰਤਣਿ ਜਾਕੈ ਕੇਵਲ ਨਾਮ ,

ਅਨਦ ਰੂਪ ਕੀਰਤਨੁ ਬਿਸਰਾਮ.

ਮਿਤ੍ਰ ਸਤ੍ਰੁ ਜਾਕੈ ਏਕ ਸਮਾਨੈ,

ਪ੍ਰਭ ਅਪੁਨੇ ਬਿਨ ਅਵਰੁ ਨ ਜਾਨੈ.

ਕੋਟਿ ਕੋਟਿ ਅਘ ਕਾਟਨਹਾਰਾ,

ਦੁਖ ਦੂਰਿ ਕਰਨ ਜੀਅ ਕੇ ਦਾਤਾਰਾ.

ਸੂਰਬੀਰ ਬਚਨ ਕੇ ਬਲੀ,

ਕਉਲਾ ਬਪੁਰੀ ਸੰਤੀ ਛਲੀ.

ਤਾਕਾ ਸੰਗੁ ਬਾਛਹਿ ਸੁਰਦੇਵ,

ਅਮੋਘ ਦਰਸੁ ਸਫਲ ਜਾਕੀ ਸੇਵ.

ਕਰਜੋੜਿ ਨਾਨਕੁ ਕਰੇ ਅਰਦਾਸਿ,

ਮੋਹਿ ਸੰਤਟਹਲ ਦੀਜੈ ਗੁਣਤਾਸਿ.

(ਆਸਾ ਮ: ੫)

੨ ਸੰ. सन्त्. ਵਿਦ੍ਵਾਨ. ਪੰਡਿਤ। ੩ ਉੱਤਮ. ਸ਼੍ਰੇ੄਎˜. “ਅਮ੍ਰਿਤ ਦ੍ਰਿਸਟਿ ਪੇਖੈ ਹੁਇ ਸੰਤ.” (ਸੁਖਮਨੀ) ੪ ਸੰਗ੍ਯਾ—ਗੁਰੂ ਨਾਨਕ ਦੇਵ ਦਾ ਸਿੱਖ. “ਸੰਤ ਸੰਗਿ ਹਰਿ ਮਨਿ ਵਸੈ.” (ਗਉ ਮ: ੫) ੫ ਸਨਤਕੁਮਾਰ ਦਾ ਸੰਖੇਪ ਭੀ ਸੰਤ ਸ਼ਬਦ ਆਇਆ ਹੈ. ਦੇਖੋ, ਪੁਰਾਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 55000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਤ: ਵਿਉਤਪੱਤੀ ਦੀ ਦ੍ਰਿਸ਼ਟੀ ਤੋਂ ‘ਸੰਤ’ ਸ਼ਬਦ ਸੰਸਕ੍ਰਿਤ ਦੇ ‘ਸਤੑ ’ ਦੀ ਪ੍ਰਥਮਾ ਵਿਭਕੑਤਿ ਦਾ ਬਹੁਵਚਨਾਂਤ ਰੂਪ ਹੈ। ਇਸ ਦਾ ਸਾਧਾਰਣ ਅਰਥ ਹੁੰਦਾ ਹੈ ਸਜਨ ਜਾਂ ਧਾਰਮਿਕ ਵਿਅਕਤੀ। ਆਮ ਪ੍ਰਯੋਗ ਵਿਚ ਇਹ ਸ਼ਬਦ ਸਾਧਾਂ ਲਈ , ਜਾਂ ਸਾਧਾਂ ਵਰਗਾ ਆਚਰਣ ਕਰਨ ਵਾਲਿਆਂ ਲਈ ਵਰਤ ਲਿਆ ਜਾਂਦਾ ਹੈ। ਭਗਤੀ-ਸਾਹਿਤ ਵਿਚ ਇਸ ਦੀ ਵਰਤੋਂ ਪਰਉਪਕਾਰੀ ਵਿਅਕਤੀਆਂ ਜਾਂ ਸਾਧਕਾਂ ਲਈ ਕੀਤੀ ਜਾਂਦੀ ਸੀ। ਅਨੇਕ ਬਾਣੀਕਾਰਾਂ ਨੇ ਇਸ ਦੇ ਲੱਛਣ ਵੀ ਦਿੱਤੇ ਹਨ, ਜਿਵੇਂ ਸੰਤ ਕਬੀਰ ਅਨੁਸਾਰ ਨਿਰਵੈਰੀ ਨਿਹਕਾਮਤਾ ਸਾਂਈ ਸੇਤੀ ਨੇਹ ਵਿਸਿਯਾ ਸੂੰ ਨਿਆਰਾ ਰਹੈ ਸੰਤਨ ਕੋ ਅੰਗਿ ਏਹ (‘ਕਬੀਰ ਗ੍ਰੰਥਾਵਲੀ’)। ਗੋਸਵਾਮੀ ਤੁਲਸੀਦਾਸ ਨੇ ਉਸ ਨੂੰ ਸੰਤ ਕਿਹਾ ਹੈ ਜੋ ਸਾਰੇ ਸੰਸਾਰਿਕ ਸੰਬੰਧਾਂ ਪ੍ਰਤਿ ਮਮਤਾ ਰੂਪੀ ਸੂਤਰਾਂ ਨੂੰ ਇਕੱਠਾ ਕਰਕੇ, ਉਨ੍ਹਾਂ ਸਭ ਦੀ ਡੋਰੀ ਵਟ ਕੇ ਉਸ ਨਾਲ ਆਪਣੇ ਮਨ ਨੂੰ ਪ੍ਰਭੂ ਚਰਣਾਂ ਨਾਲ ਬੰਨ੍ਹ ਦਿੰਦਾ ਹੈ, ਜੋ ਸਮਦਰਸੀ ਹੈ, ਜਿਸ ਨੂੰ ਕੁਝ ਵੀ ਇੱਛਾ ਨਹੀਂ ਹੈ ਅਤੇ ਜਿਸ ਦੇ ਮਨ ਵਿਚ ਹਰਖ , ਸੋਗ ਅਤੇ ਭੈ ਨਹੀਂ ਹੈ।

            ਆਧੁਨਿਕ ਯੁਗ ਵਿਚ ਇਸ ਸ਼ਬਦ ਦੀ ਵਰਤੋਂ ਵਿਸ਼ੇਸ਼ ਰੂਪ ਵਿਚ ਨਿਰਗੁਣਵਾਦੀ ਧਰਮ-ਸਾਧਕਾਂ ਲਈ ਹੀ ਹੋਣ ਲਗੀ ਹੈ, ਜਿਵੇਂ ਪਰਸ਼ੁਰਾਮ ਚਤੁਰਵੇਦੀ ਨੇ ‘ਉਤਰੀ ਭਾਰਤ ਕੀ ਸੰਤ-ਪਰੰਪਰਾ’ ਵਿਚ ਕੀਤੀ ਹੈ। ਪਰ ਇਸ ਸ਼ਬਦ ਨਾਲ ਉਨ੍ਹਾਂ ਸਾਰਿਆਂ ਧਰਮੀ ਪੁਰਸ਼ਾਂ ਨੂੰ ਦਰਸਾਇਆ ਜਾ ਸਕਦਾ ਹੈ ਜੋ ਲੋਕਹਿਤਕਾਰੀ, ਮੰਗਲਕਾਰੀ ਜਾਂ ਕਲਿਆਣ- ਵਿਧਾਈ ਸਦਪੁਰਸ਼ ਹੋਵੇ। ‘ਬਾਲਮੀਕਿ-ਰਾਮਾਇਣ’ (ਉਤਰ- ਕਾਂਡ 3/33) ਅਤੇ ਬੌਧੀ ਜਾਤਕ ਸਾਹਿਤ ਵਿਚ ਦਸਿਆ ਗਿਆ ਹੈ ਕਿ ਸਹੀ ਸੰਤ ਉਹ ਹੈ ਜੋ ਧਰਮ ਦਾ ਵਿਖਿਆਨ ਕਰੇ ਅਤੇ ਰਾਗ , ਦ੍ਵੈਸ਼ (ਜਾਂ ਦੋਸ) ਪਾਪ ਅਤੇ ਮੋਹ ਤੋਂ ਉੱਚਾ ਹੋਵੇ।

            ਗੁਰੂ ਗ੍ਰੰਥ ਸਾਹਿਬ ਵਿਚ ‘ਸੰਤ’ ਦੇ ਸਰੂਪ ਬਾਰੇ ਵਿਸਤਾਰ ਨਾਲ ਝਾਤ ਪਾਈ ਗਈ ਹੈ। ਗੁਰੂ ਰਾਮਦਾਸ ਜੀ ਦੀ ਸਥਾਪਨਾ ਹੈ— ਜਿਨਾ ਸਾਸਿ ਗਿਰਾਸਿ ਵਿਸਰੈ ਹਰਿ ਨਾਮਾਂ ਮਨਿ ਮੰਤੁ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ (ਗੁ.ਗ੍ਰੰ.319)। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ — ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰਿੋਧੁ ਲੋਭੁ ਪੀਠਾ ਜੀਉ (ਗੁ.ਗ੍ਰੰ. 108)। ‘ਸੁਖਮਨੀ ’ ਵਿਚ ਪੂਰੀ ਅਸ਼ਟਪਦੀ ਇਸ ਦੇ ਸਰੂਪ-ਵਿਸ਼ਲੇਸ਼ਣ ਨੂੰ ਅਰਪਿਤ ਹੈ।

            ਸੰਤ ਅਤੇ ਪਰਮਾਤਮਾ ਵਿਚ ਏਕਤ੍ਵ ਦਾ ਭਾਵ ਵੀ ਗੁਰਬਾਣੀ ਵਿਚ ਸਥਾਪਿਤ ਕੀਤਾ ਗਿਆ ਹੈ—ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ (ਗੁ.ਗ੍ਰੰ.1135)। ਗੁਰੂ ਅਰਜਨ ਦੇਵ ਜੀ ਨੇ ਉਸ ਸਥਾਨ ਜਾਂ ਭਵਨ ਨੂੰ ਧੰਨ ਕਿਹਾ ਹੈ ਜਿਥੇ ਸੰਤ ਦਾ ਨਿਵਾਸ ਹੈ— ਧੰਨਿ ਸੁਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾ ਰੇ (ਗੁ.ਗ੍ਰੰ.681)।

            ਧਿਆਨ ਦੇਣ ਦੀ ਗੱਲ ਇਹ ਹੈ ਕਿ ਅਜਿਹੇ ਧਰਮ -ਸਾਧਕ ਜ਼ਰੂਰੀ ਨਹੀਂ ਕਿ ਵਿਦਵਾਨ ਹੋਣ। ਉਸ ਦਾ ਸੰਤ- ਪਨ ਲੋਕ-ਹਿਤ ਉਤੇ ਨਿਰਭਰ ਕਰਦਾ ਹੈ, ਨ ਕਿ ਵਿਦਿਆ- ਗਿਆਨ ’ਤੇ। ਉਨ੍ਹਾਂ ਦੀ ਬਾਣੀ ਦਾ ਅਨੁਭੂਤੀ-ਪੱਖ ਅਤੇ ਸਰਲ ਅਭਿਵਿਅਕਤੀ ਮਹੱਤਵਪੂਰਣ ਹੈ। ਭਾਸ਼ਾ-ਸ਼ੈਲੀ ਦਾ ਕੋਈ ਮਹੱਤਵ ਨਹੀਂ। ਉਨ੍ਹਾਂ ਨੇ ਹਰ ਗੱਲ ਨੂੰ ਅੱਖਾਂ ਬੰਦ ਕਰਕੇ ਨਹੀਂ ਮੰਨਿਆ, ਅਨੁਭਵ ਦੇ ਆਧਾਰ’ਤੇ ਪਰਖਿਆ ਹੈ। ਜੋ ਪੁਰਾਤਨ ਵਿਚ ਚੰਗਾ ਲਗਿਆ ਅਪਣਾ ਲਿਆ ਜਾਂ ਸੰਸ਼ੋਧਿਤ ਰੂਪ ਵਿਚ ਵਰਤ ਲਿਆ, ਜੋ ਨ ਜਚਿਆ, ਉਸ ਦਾ ਖੰਡਨ ਕਰ ਦਿੱਤਾ। ਇਸ ਤਰ੍ਹਾਂ ਮੱਧ-ਯੁਗ ਵਿਚ ਸੰਤਾਂ ਨੇ ਚਿੰਤਨ ਦੇ ਖੇਤਰ ਵਿਚ ਵੈਚਾਰਿਕ ਕ੍ਰਿਾਂਤੀ ਲਿਆ ਦਿੱਤੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੰਤ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਤ : ਦਾ ਅੰਗਰੇਜ਼ੀ ਤਰਜਮਾ ਸੇਂਟ ਕੀਤਾ ਜਾਂਦਾ ਹੈ ਭਾਵੇਂ ਕਿ ਇਹ ਪੂਰੀ ਤਰ੍ਹਾਂ ਠੀਕ ਨਹੀਂ ਹੈ, ਕਿਉਂਕਿ, ਅੰਗਰੇਜ਼ੀ ਸ਼ਬਦ ‘ਸੇਂਟਲੀ` ਵਿਸ਼ੇਸ਼ਣ ਦੇ ਰੂਪ ਵਿਚ ਉਸ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਉਹ ਪਵਿੱਤਰ , ਗੁਣਵਾਨ ਅਤੇ ਦਇਆਵਾਨ ਹੁੰਦਾ ਹੈ। ਪੱਛਮੀ ਸਭਿਆਚਾਰ ਵਿਚ ਇਸ ਦਾ ਅਰਥ ਇਹੀ ਹੈ ਪਰ ਇਹ ‘ਸੰਤ` ਦਾ ਬਦਲਿਆ ਹੋਇਆ ਰੂਪ ਹੈ ਜਿਸਦਾ ਅਰਥ ਹੈ ਸਦੀਵੀ, ਅਸਲੀ, ਸਿਆਣਾ ਅਤੇ ਸਤਿਕਾਰਯੋਗ। ਸਤ ਜਾਂ ਸਤਯ ਵੈਦਿਕ ਸਮੇਂ ਤੋਂ ਹੀ ਸਦਾ ਸਥਿਰ , ਅਬਦਲ ਜਾਂ ਸਵੈ ਹੋਂਦ ਵਾਲੀ ਇਕ ਬ੍ਰਹਿਮੰਡੀ ਆਤਮਾ ਬ੍ਰਹਮ ਜਾਂ ਪਰਮਾਤਮਾ ਲਈ ਵਰਤਿਆ ਜਾਂਦਾ ਹੈ। ਸ਼ਬਦ ਸੰਤ ਕਾਫੀ ਸਮਾਂ ਪਿੱਛੋਂ ਪ੍ਰਚਲਿਤ ਹੋਇਆ। ਇਹ ਸ਼ਬਦ ਬੁੱਧ ਧਰਮ ਦੇ ਪੁਰਾਤਨ ਪਾਲੀ ਸਾਹਿਤ ਵਿਚ ਸ਼ਾਂਤ, ਸੱਚਾ ਜਾਂ ਸਿਆਣੇ ਦੇ ਅਰਥਾਂ ਵਿਚ ਅਕਸਰ ਵਰਤਿਆ ਜਾਂਦਾ ਰਿਹਾ ਹੈ। ਮੱਧ ਕਾਲ ਵਿਚ ਇਹ ਉਦੋਂ ਪੁਨਰਜੀਵਿਤ ਹੋ ਗਿਆ ਜਦੋਂ ਭਗਤੀ ਲਹਿਰ ਨੇ ਜਨਮ ਲਿਆ। ਸੰਤ ਦੀ ਉਪਾਧੀ ਆਮ ਤੌਰ ਤੇ ਮਹਾਂਰਾਸ਼ਟਰ ਦੇ ਵਿੱਠਲ ਜਾਂ ਵਾਰਕਰੀ ਸੰਪਰਦਾਵਾਂ ਦੇ ਵੈਸ਼ਨਵ ਭਗਤਾਂ ਜਿਵੇਂ ਕਿ ਗਿਆਨ ਦੇਵ , ਨਾਮਦੇਵ , ਏਕਨਾਥ ਅਤੇ ਤੁਕਾਰਾਮ ਨਾਲ ਜੁੜ ਗਈ। ਆਰ.ਡੀ.ਰਾਨਾਡੇ ਆਪਣੀ ਪੁਸਤਕ ਮਿਸਟੀਸਿਜ਼ਮ ਇਨ ਮਹਾਰਾਸ਼ਟਰ ਵਿਚ ਲਿਖਦਾ ਹੈ “ਹੁਣ ‘ਸੰਤ` ਵਿੱਠਲ ਸੰਪਰਦਾਇ ਵਿਚ ਲਗਪਗ ਇਕ ਤਕਨੀਕੀ ਸ਼ਬਦ ਹੈ ਅਤੇ ਇਸ ਦਾ ਭਾਵ ਉਸ ਮਨੁੱਖ ਤੋਂ ਹੈ ਜਿਹੜਾ ਇਸ ਸੰਪਰਦਾਇ ਦਾ ਪੈਰੋਕਾਰ ਹੈ। ਇਸ ਦਾ ਅਰਥ ਇਹ ਨਹੀਂ ਕਿ ਬਾਕੀ ਸੰਪਰਦਾਵਾਂ ਦੇ ਪੈਰੋਕਾਰ ਸੰਤ ਨਹੀਂ ਹਨ ਪਰੰਤੂ ਵਾਰਕਰੀ ਸੰਪਰਦਾਇ ਦੇ ਪੈਰੋਕਾਰ ਸਰਬੋਤੱਮ ਸੰਤ ਹਨ"। ਭਗਤੀ ਲਹਿਰ ਦੇ ਅੰਦਰ ਵੀ ਇਕ ਵੱਖਰੀ ਸੰਤ ਪਰੰਪਰਾ ਹੈ ਜਿਹੜੀ ਕਿ ਦੱਖਣ ਭਾਰਤੀ ਸ਼ੈਵ ਭਗਤੀ ਅਤੇ ਉੱਤਰੀ ਅਤੇ ਕੇਂਦਰੀ ਭਾਰਤ ਦੀ ਵੈਸ਼ਨਵ ਪਰੰਪਰਾ ਤੋਂ ਸਾਫ਼ ਤੌਰ ਤੇ ਨਿਖੇੜੀ ਜਾ ਸਕਦੀ ਹੈ। ਸੰਤ-ਭਗਤ ਪ੍ਰਮੁੱਖ ਰੂਪ ਵਿਚ ਅਸੰਪਰਦਾਇਕ ਸਨ। ਉਹ ਪੱਕੇ ਤੌਰ ਤੇ ‘ਏਕੇਸ਼ਵਰਵਾਦੀ` ਸਨ ਅਤੇ ਬ੍ਰਾਹਮਣੀ ਕਰਮ-ਕਾਂਡਾਂ, ਮੂਰਤੀ ਪੂਜਾ ਅਤੇ ਜਾਤੀ-ਪ੍ਰਣਾਲੀ ਦੇ ਵਿਰੋਧੀ ਸਨ। ਦੂਸਰੇ ਭਗਤਾਂ ਦੀ ਤਰ੍ਹਾਂ ਉਹ ਜਗਿਆਸੂ ਅਤੇ ਦੇਵਤੇ ਵਿਚਕਾਰ ਪ੍ਰੇਮ ਸੰਬੰਧਾਂ ਦੀ ਕਦਰ ਕਰਦੇ ਸਨ, ਪਰੰਤੂ ਉਹਨਾਂ ਦੇ ਦੇਵਤਾ ਨੂੰ ਭਾਵੇਂ ਆਮ ਤੌਰ ਤੇ ਵੈਸ਼ਨਵ ਨਾਂ ਦਿੱਤੇ ਜਾਂਦੇ ਸਨ ਪਰ ਉਹ ਇਕ ਅੰਤਿਮ ਸੱਚਾਈ, ਅਜੂਨੀ, ਅਰੂਪ , ਸਰਵ-ਵਿਆਪਿਕ, ਸੈਭੰ , ਨਿਰਗੁਣ (ਗੁਣਾਂਤੀਤ) ਪਰਮਾਤਮਾ ਹੈ ਜਿਹੜਾ ਆਪਣੇ ਆਪ ਨੂੰ ਧਿਆਨ ਲਾ ਸਕਣ ਅਤੇ ਉਚਾਰੇ ਜਾ ਸਕਣ ਵਾਲੇ ਨਾਂ (ਨਾਮ) ਰਾਹੀਂ ਪ੍ਰਗਟ ਕਰਦਾ ਹੈ। ਨਿਰਗੁਣਵਾਦੀ ਭਗਤ ਅਵਤਾਰਵਾਦ ਦਾ ਖੰਡਨ ਕਰਦੇ ਹਨ, ਪਰੰਤੂ ਉਹਨਾਂ ਦਾ ਵਿਸ਼ਵਾਸ ਹੈ ਕਿ ਸੰਤ ਸ਼ੁੱਧ ਜੀਵਨ ਅਤੇ ਨਾਮ ਅਭਿਆਸ ਰਾਹੀਂ ਮੁਕਤੀ ਪ੍ਰਾਪਤ ਕਰ ਸਕਦਾ ਹੈ।

    ਭਗਤੀ ਤੋਂ ਇਹ ਸ਼ਬਦ ਸਿੱਖ ਪਰੰਪਰਾ ਵਿਚ ਆ ਗਿਆ। ਗੁਰੂ ਗ੍ਰੰਥ ਸਾਹਿਬ ਵਿਚ ਸੰਤ ਦੇ ਰੁਤਬੇ ਅਤੇ ਮਹੱਤਵ ਦੀ ਆਮ ਚਰਚਾ ਹੋਈ ਹੈ ਜੋ ਇਕ ਪਵਿੱਤਰ ਮਨੁੱਖ ਹੈ, ਧਰਤੀ ਤੇ ਅਸਲੀਅਤ ਦਾ ਨੁਮਾਇੰਦਾ ਅਤੇ ਮਨੁੱਖਤਾ ਦੀ ਉਮੀਦ ਹੈ। ਗੁਰੂ ਅਰਜਨ ਦੇਵ ਸੰਤ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ: ‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥` ਜੋ ਸੁਆਸ ਲੈਂਦੇ ਜਾਂ ਖਾਂਦੇ ਹੋਏ ਵੀ ਇਕ ਛਿੰਨ ਲਈ ਵੀ ਪਰਮਾਤਮਾ ਦਾ ਨਾਮ ਨਹੀਂ ਭੁਲਦੇ, ਹੇ ਨਾਨਕ ਉਹੀ ਪੂਰਨ ਸੰਤ ਹਨ।`(ਗੁ.ਗ੍ਰੰ. 319)। ਪੰਜਵੇਂ ਗੁਰੂ ਅਰਜਨ ਦੇਵ ਇਕ ਹੋਰ ਸ਼ਬਦ ਵਿਚ ਕਹਿੰਦੇ ਹਨ:

    ਆਠ ਪਹਰ ਨਿਕਟਿ ਕਰਿ ਜਾਨੈ॥ ਪ੍ਰਭ ਕਾ ਕੀਆ ਮੀਠਾ ਮਾਨੈ॥

    ਏਕੁ ਨਾਮੁ ਸੰਤਨ ਆਧਾਰੁ॥ ਹੋਇ ਰਹੇ ਸਭ ਕੀ ਪਗ ਛਾਰੁ॥1॥

    ਸੰਤ ਰਹਤ ਸੁਨਹੁ ਮੇਰੇ ਭਾਈ॥ ਉਆ ਕੀ ਮਹਿਮਾ ਕਥਨੁ ਨ ਜਾਈ॥1॥ਰਹਾਉ॥

    ਵਰਤਣਿ ਜਾ ਕੈ ਕੇਵਲ ਨਾਮ॥ ਅਨਦ ਰੂਪ ਕੀਰਤਨੁ ਬਿਸ੍ਰਾਮ॥

    ਮਿਤ੍ਰ ਸਤ੍ਰ ਜਾ ਕੈ ਏਕ ਸਮਾਨੈ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥2॥

    ਕੋਟਿ ਕੋਟਿ ਅਘ ਕਾਟਨਹਾਰਾ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ॥

    ਸੂਰਬੀਰ ਬਚਨ ਕੇ ਬਲੀ॥ ਕਉਲਾ ਬਪੁਰੀ ਸੰਤੀ ਛਲੀ॥3॥

    ਤਾ ਕਾ ਸੰਗੁ ਬਾਛਹਿ ਸੁਰ ਦੇਵ॥ ਅਮੋਘ ਦਰਸੁ ਸਫਲ ਜਾ ਕੀ ਸੇਵ॥

    ਕਰ ਜੋੜਿ ਨਾਨਕੁ ਕਰੇ ਅਰਦਾਸਿ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ॥(ਗੁ.ਗ੍ਰੰ.392)


ਲੇਖਕ : ਡਬਲਯੂ.ਐਚ.ਐਮ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਤ* (ਸੰ.। ਸੰਸਕ੍ਰਿਤ ਸੰਤ। ਸ਼ਾਂਤ: = ਬੀਤਰਾਗ ਮਹਾਤਮਾ ਜਿਸਨੇ ਵਿਸ਼ੇ ਜਿੱਤ ਲਏ ਹਨ ਤੇ ਬ੍ਰਹਮ ਦੇ ਧ੍ਯਾਨ ਵਿਚ ਲੀਨ ਰਹਿੰਦਾ ਹੈ। ਅਸੑ ਧਾਤੂ ਹੈ, ਸ਼ਤ੍ਰੀ ਪ੍ਰਤ੍ਯਯ ਹੈ ਸਤੑ ਸਨੑ , ਸਨ੍ਤੋ , ਸਨ੍ਤ: ਯਾ ਸੰਤ ਸਿਧ ਹੁੰਦਾ ਹੈ) ਵਾਹਿਗੁਰੂ ਦੇ ਪ੍ਯਾਰ ਵਿਚ ਰਹਿਣ ਵਾਲਾ। ਸਿਮਰਨ ਕਰ ਕੇ ਇਕ ਰਸ ਪ੍ਰਵਾਹ ਸਾਈਂ ਦੇ ਧ੍ਯਾਨ ਦਾ ਜਾਰੀ ਰਹੇ। ਜਿਸ ਦਾ ਇਹ ਰੂਪ ਸੰਤ ਦਾ ਗੁਰੂ ਜੀ ਨੇ ਆਪ ਦੱਸਿਆ ਹੈ- ਯਥਾ-‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨਿ ਮੰਤੁ॥ ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ’।

----------

* ਵਿਸਨੂ ਪੁਰੀ ਨਾਮੇਂ ਇਕ ਮਹਾਤਮਾਂ ਨੇ ਭਾਗਵਤ ਵਿਚੋਂ ਸੰਕਲਤ ਕਰ ਕੇ ਭਗਤ ਰਤਨਾਵਲੀ ਨਾਮੇਂ ਗ੍ਰੰਥ ਲਿਖਿਆ। ਇਸ ਸੰਸਕ੍ਰਿਤ ਪੁਸਤਕ ਵਿਚ ਪਦ ‘ਸੰਤ’ ਆਯਾ ਹੈ, ਸੰਤ ਤੇ ਸਨ੍ਤ ਦੋਹਾਂ ਰੂਪਾਂ ਵਿਚ। ਯਥਾ-‘ਸੰਤੋ ਬ੍ਰਹਮ ਵਿਦਾ ਸ਼ਾਂਤਾ’ ੬੨, ਪੁਨਾ-‘ਸਨ੍ਤ ਦਿਸ਼ੰਤਿ ਚਕਸ਼ਖਿ’ ੬੩, ਪੁਨਾ-‘ਦੇਵਤਾ ਬਾਂਧਵ ਸੰਤਾ ਸੰਤ ਆਤਮਾਹ ਮੇਵ ਚ’ ੬੪।

 ਇਸੀ ਤਰ੍ਹਾ ਕਾਲੀ ਦਾਸ ਦੇ ਰਘੁਵੰਸ਼ ਵਿਚ ਆਯਾ ਹੈ- ‘ਤੰ ਸੰਤ: ਸ੍ਰੋਤਮਰੑਹੰਤਿ ਸਦ ਸਦੑਵ੍ਯਕੁਤਿ ਹੋਤਵ:’ ੧-੧੦। ਇਸ ਤਰ੍ਹਾਂ ਵੇਦ ਵਿਚ ਵੀ ਆਇਆ ਹੈ- ਨ ਯ ਈਸ਼ੰਤੇ ਜਨਸ਼ੋਅਯਾ ਨਵੇ ਅੰਤ: ਸੰਤੋ ਅਵਦਯਾ ਪੁਨਾਤਾ: (ਰਿਗ ਸੰ. ੬ ਸੁਕਤ ੬੬ ਮੰਤਰ ੪) ਹੇ ਮਨੁਸ਼ੋ (ਸੇ, ਜੋ (ਜਨਸ਼:। ਜਨਮੋਂ ਕੋ (ਨ) ਨਹੀਂ (ਈਸ਼ੰਤੇ) ਨਸ਼ਟ ਕਰਤੇ ਕਿੰਤੂ (ਅਯਾ) ਇਸ ਸੇ (ਅੰਤ:) ਬੀਚ ਮੇਂ (ਸੰਤ:) ਸਤ ਪੁਰਸ਼ ਹੂਏ। ਇਨ੍ਹਾ ਪ੍ਰਮਾਣਾਂ ਥੀਂ ਸਿਧ ਹੈ ਕਿ ਸੰਤ ਪਦ ਪ੍ਰਾਚੀਨ ਹਿੰਦੁਸਤਾਨ ਦਾ ਅਪਨਾ ਪਦ ਹੈ ਕਿਸੇ ਯਵਨ ਭਾਸ਼ਾ ਤੋਂ ਨਹੀਂ ਆਇਆ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 54803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੰਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਤ: ‘ਸੰਤ’ ਸ਼ਬਦ ਦੇ ਸ਼ਬਦਿਕ ਅਰਕ ਵਿਦਵਾਨ, ਪੰਡਿਤ, ਉੱਤਮ ਜਾਂ ਸ਼੍ਰੇਸ਼ਠ ਕੀਤੇ ਜਾਂਦੇ ਹਨ। ‘ਸੰਤ’ ਸ਼ਬਦ ਦੀ ਵਿਉਂਤਪੱਤੀ ਸੰਸਕ੍ਰਿਤ ਦੇ ‘ਸਾਂਤ’ ਸ਼ਬਦ ਤੋਂ ਹੋਈ ਹੈ। ਸੰਤ ਉਹ ਹੈ ਜਿਸ ਦੀ ਆਤਮਾ ਸ਼ਾਂਤ ਹੈ ਅਤੇ ਜਿਸ ਨੇ ਮਨ ਅਤੇ ਇੰਦਰੀਆਂ ਨੂੰ ਵਸ ਵਿਚ ਕੀਤਾ ਹੋਇਆ ਹੈ। ਗੁਰੂ ਅਰਜਨ ਦੇਵ ਜੀ ਨੇ ਸੰਤ ਦੇ ਲੱਛਣ ਅਤੇ ਮਹਿਮਾ ਇਸ ਤਰ੍ਹਾਂ ਦੱਸੀ ਹੈ, “ਜਿਨ੍ਹਾਂ ਸਾਸਿ ਗਿਰਾਸ ਨਾ ਵਿਸਰੈ, ਹਰਿ ਨਾਮਾ ਮਨਿ ਮੰਤ। ਧੁੰਨ ਸਿ ਸੇਈ ਨਾਨਕ ਪੁਰਨੁ ਸੋਈ ਸੰਤ” (ਵਾਰ ਗਾਉੜੀ, ਮ. ਪ.) । ਗੁਰਬਾਣੀ ਵਿਚ ਗੁਰਮੁਖ, ਸਨਮੁਖ, ਸਾਧ, ਸਚਿਆਰ, ਜੀਵਨ ਮੁਕਤ, ਬ੍ਰਹਮ ਗਿਆਨੀ, ਪਚ ਆਦਿ ਸ਼ਬਦ ਇਸ ਦੇ ਲਗਭਗ ਪਰਿਆਇਵਾਚੀ ਹਨ। ਸੰਤ ਜਾਂ ਸਾਧ ਕੋਈ ਖ਼ਾਸ ਜਮਾਤ ਜਾਂ ਪੰਥ ਨਹੀਂ ਅਤੇ ਨਾ ਹੀ ਸੰਤ ਦਾ ਕੋਈ ਵਿਸ਼ੇਸ਼ ਪਹਿਰਾਵਾ ਹੀ ਨਿਸ਼ਚਿਤ ਹੈ, ਬੇਸ਼ੱਕ ਬਹੁਤ ਸਾਰੇ ਸਿੱਖ ਸੰਤ ਲੰਬਾ ਕੁੜਤਾ ਜਾਂ ਚੋਲਾ, ਸਿਰ ਤੇ ਛੋਟੀ ਗੋਲ ਪੱਗ, ਪਜਾਮੇ ਦਾ ਤਿਆਗ, ਪੈਰੀ ਪਊਏ ਪਾਉਂਦੇ ਹਨ। ਸਿੱਖ ਮੱਤ ਤੋਂ ਬਿਨਾ ਹੋਰਨਾਂ ਮੱਤਾਂ ਦੇ ਜਾਂ ਕਈ ਪ੍ਰਕਾਰ ਦੇ ਭਖਾਂ ਦੇ ਸੰਤ ਆਪਣੇ ਮੱਤ ਵਿਸ਼ੇਸ਼ ਅਨੁਸਾਰ ਪਹਿਰਾਵਾ ਪਾਉਂਦੇ ਹਨ, ਪਰ ਭਾਰਤ ਵਿਚ ਆਮ ਕਰਕੇ ਸੰਤਾ ਦਾ ਪਹਿਰਾਵਾ ਪ੍ਰਾਚੀਨ ਕਾਲ ਤੋਂ ਗੇਰੂਏ ਰੰਗ ਦੇ ਭਗਵੇਂ ਬਸਤਰ ਹੀ ਚਲਦਾ ਆ ਰਿਹਾ ਹੈ। ਭਾਰਤ ਵਿਚ ਇਸ ਤਰ੍ਹਾਂ ਕਈ ਪ੍ਰਕਾਰ ਦੀਆਂ ਮੰਡਲੀਆਂ ਦੇਖਣ ਵਿਚ ਆਉਂਦੀਆਂ ਹਨ, ਜਿਵੇਂ ਡੇਰਿਆਂ ਜਾਂ ਮੱਠਾਂ ਵਾਲੇ ਸੰਤ, ਮੰਡਲੀ ਵਾਲੇ ਸੰਤ, ਰਮਤੇ ਸੰਤ, ਆਦਿ । ਸੰਤ ਤੋਂ ਵਿਰੁੱਧ ਅਚਾਰਣ ਕਰਨ ਵਾਲਾ ਅਸੰਤ ਮੰਨਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਗਉੜੀ ਰਾਗ ਵਿਚ ਅਨਾੜੀ ਵੈਦ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਅਨਾੜੀ ਵੇਣ ਨਬਜ਼ ਨਹੀਂ ਦੇਖ ਸਕਦਾ ਤੇ ਰੋਗ ਨਾ ਬੁਝਣ ਕਰਕੇ ਯਮ ਹੁੰਦਾ ਹੈ ਇਸੇ ਤਰ੍ਹਾਂ ਅਸੰਤ ਵੀ ਗੁਮਰਾਹ ਕਰਕੇ ਲੋਕਾਂ ਦੀ ਤਬਾਹੀ ਦਾ ਕਾਰਣ ਬਣਦਾ ਹੈ। ਗੁਰੂ ਅਰਜਨ ਦੇਵ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਸੰਤ ਦੀ ਮਹਿਮਾ ਵਿਸਤਾਰ ਸਹਿਤ ਗਾਈ ਹੈ। ਹਪਾਈ ਗੁਰਦਾਸ ਜੀ ਨੇ ਆਪਣੀ 35ਵੀਂ ਵਾਰ ਦੀ 17 ਵੀਂ ਪਾਉੜੀ ਵਿਚ ਕਈ ਉਦਾਹਰਣਾਂ ਦੇ ਕੇ ਸਾਧ ਤੇ ਅਸਾਧ ਦੀ ਪਰਖ ਦਾ ਜ਼ਿਕਰ ਕੀਤਾ ਹੈ ਅਤੇ 18ਵੀਂ ਪਉੜੀ ਵਿਚ ਦੱਸਿਆ ਹੈ ਕਿ ਸਾਧਨਾ ਵਾਲੇ ਸੰਤ ਚਹੁ ਵਰਣਾਂ ਵਿਚ ਹੀ ਸਤਿਕਾਰੇ ਜਾਂਦੇ ਹਨ। ਗੁਰੂ ਰਾਮਦਾਸ ਜੀ ਭੈਰੁੳ ਰਾਗ ਵਿਚ ਦੱਸਦੇ ਹਨ ਕਿ ਉਹ ਮਾਤਾ ਪਿਤਾ ਧੰਨ ਹਨ ਜੋ ਸੰਤਾਂ ਨੂੰ ਜਨਮ ਦਿੰਦੇ ਹਨ। ਕਬੀਰ ਜੀ ਆਪਣੇ ਸ਼ਲੋਕਾਂ ਵਿਚ ਸੰਤ ਦੀ ਉਪਮਾ ਕਰਦਿਆਂ ਲਿਖਦੇ ਹਨ ਕਿ ਸੰਤ  ਉਸ ਪ੍ਰਭੂ ਦਾ ਰੂਪ ਹੀ ਹੋਣਾ ਚਾਹੀਦਾ ਹੈ। ਭਾਈ ਮਨੀ ਸਿੰਘ ਜੀ ਨੇ ‘ਗਿਆਨ ਰਤਨਾਵਲੀ’ ਵਿਚ ਸੰਤਾਂ ਦੇ ਗੁਣਾਂ ਦਾ ਵਰਣਨ ਕਰਦਿਆਂ, ਰੁਕਨਦੀਨ ਪੀਰ ਵੱਲੋਂ ਪ੍ਰਸ਼ਨ ਕਰਵਾ ਕੇ ਗੁਰੂ ਨਾਨਕ ਦੇਵ ਜੀ ਵੱਲੋਂ ਉੱਤਰ ਵਿਚ ਲਿਖਿਆ ਹੈ–ਪਹਿਲੇ ਤਾਂ ਉਹ ਜੋ ਨੀਤ ਸਾਫ਼ ਕਰੇ ਤੇ ਬਜ਼ੁਰਗਾਂ ਦੀ ਸੋਹਬਤ ਕਰੇ; ਦੂਸਰਾ ਕਿਸੇ ਦੇ ਗੁਣ ਸੁਣੇ ਤਾਂ ਪ੍ਰਸੰਨ ਹੋਵੇ; ਤੀਸਰਾ–ਗੁਣਾਂ ਵਾਲੇ ਦੀ ਖ਼ਿਦਮਤ ਕਰੇ; ਚੌਥਾ ਗੁਰ ਪੀਰ ਦੀ ਵਡਿਆਈ ਜਾਣੇ, ਜਿਸ ਨੂੰ ਮਿਲ ਕੇ ਗੁਣ ਪ੍ਰਾਪਤ ਹੋਵਣ; ਪੰਜਵੇਂ–ਜੈਂਸੇ ਖਾਵਣ ਦਾ ਕਿ ਅਮਲ ਦਾ ਵਯਸਨ ਹੈ ਤੈਸੇ ਗੁਰਾਂ ਦੇ  ਸ਼ਬਦ ਦਾ ਤੇ ਆਤਮ ਗਿਆਨ ਦਾ ਵਯਸਨ ਕਰੇ; ਛੇਵਾਂ–ਆਪਣੀ ਇਸਤ੍ਰੀ ਨਾਲ ਪ੍ਰੀਤੀ ਕਰੇ ਤੇ ਹੋਰ ਇਸਤ੍ਰੀਆਂ ਦਾ ਤਿਆਗ ਕਰੇ, ਅਥਵਾ ਸੁਬੁਧਿ ਨਾਲ ਪਿਆਰ ਕਰੇ; ਸਤਵਾਂ–ਜਿਸ ਗੰਲ ਵਿਚ ਸਾਧਾਂ ਨਾਲ ਦੁਬਿਧਾ ਪਵੇ ਉਸ ਦਾ ਤਿਆਗ ਕਰਨਾ; ਅੱਠਵਾਂ ਆਪ ਥੀਂ ਬੁੱਧਿ ਕਰਕੇ ਯਾ ਤਪ ਕਰ ਵੱਡਾ ਹੋਵੇ ਉਸ ਦੀ ਟਹਿਲ ਕਰਨੀ; ਨੌਵਾਂ ਜੋ ਬਲ ਹੋਵੇ ਤਾਂ ਆਪਣੇ ਮਨ ਨੂੰ ਹੀ ਨੀਵਾਂ ਕਰਨਾ ਔਰ ਹੋਰਸ ਨੂੰ ਬਲ ਨਾ ਵਿਖਾਲਣਾ; ਅਰ ਦਸਵਾਂ–ਬਦਕਾਰਾਂ ਦੀ ਸੋਹਬਤ ਦਾ ਤਿਆਗ ਕਰਨਾ। ਭਾਈ ਨੰਦ ਲਾਲ ਜੀ ‘ਜ਼ਿੰਦਗੀਨਾਮਾ’ ਵਿਚ ਲਿਖਦੇ ਹਨ ਕਿ ਸੰਤ ਜਨ ਪਵਿੱਤਰ, ਸੁੰਦਰ, ਸ਼ੀਲ ਅਤੇ ਭਲੇ ਸੁਭਉ ਦੇ ਹੁੰਦੇ ਹਨ। ਉਨ੍ਹਾਂ ਅੱਗੋਂ ਨਿਰੰਕਾਰ ਦੇ ਸਿਮਰਨ ਤੋਂ ਬਿਨਾ ਹੋਰ ਕੁਝ ਵੀ ਪ੍ਰਵਾਨ ਨਹੀਂ ਹੁੰਦਾ। ਸੰਤ ਜਨ ਵੈਰ ਵਿਰੋਧ ਤੇ ਈਰਖਾ ਤੋਂ ਰਹਿਤ ਹੁੰਦੇ ਹਨ ਅਤੇ ਕੋਈ ਕੁਕਰਮ ਨਹੀਂ ਕਰਦੇ। ਸੰਤ ਜਨ ਲਾਚੀਜਿਆ ਦਾ ਮਨ ਹੁੰਦੇ ਹਨ। ਮੁਰਦਿਆਂ ਨੂੰ ਅੰਮ੍ਰਿਤ ਦਾਨ ਦਿੰਦੇ ਹਨ। ਮੁਰਝਾਏ ਮਨ ਨੂੰ ਟਹਿਕਾ ਦਿੰਦੇ ਹਨ ।ਦਿਨ ਰਾਤ ਵਾਹਿਗੁਰੂ ਦੇ ਕੀਰਤਨ ਵਿਚ ਜੁੜੇ ਰਹਿੰਦੇ ਹਨ। ਵਾਹਿਗੁਰੂ ਦੇ ਭਾਣੇ ਵਿਚ ਸਦਾ ਪ੍ਰਸੰਨ ਰਹਿੰਦੇ ਹਨ। ਦੁਖ ਸੁਖ ਨੂੰ ਇਕ–ਸਮਾਨ ਸਮਝਦੇ ਹਨ। ਆਪਣੇ ਆਪ ਨੂੰ  ਤੁੱਛ ਜਾਣੇ ਹਨ। ਜ਼ਾਹਰਾ ਤੌਰ ਤੇ ਸੰਸਾਰਿਕ ਬੰਧਨਾਂ ਵਿਚ ਬੱਝੇ ਹੋਏ ਵੀ ਮਨ ਕਰਕੇ ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਨ। ਅੰਦਰੋਂ ਬਾਹਰੋਂ ਇਕੋ ਜਿਹੇ ਹੁੰਦੇ ਹਨ।

                   [ਸਹਾ. ਗ੍ਰੰਥ–ਗੁ.ਪ੍ਰ.; ਗੁ. ਮ.; ਭਾਈ ਮਨੀ ਸਿੰਘ: ‘ਗਿਆਨ ਰਤਨਾਵਲੀ’; ‘ਭਾਈ ਨੰਦ ਲਾਲ ‘ਜ਼ਿੰਦਗੀਨਾਮਾ’; ‘ਵਾਰਾਂ ਭਾਈ ਗੁਰਦਾਸ’; ਪੁਰਸ਼ ਰਾਮ ਚਤੁਰਵੇਦੀ : ‘ਉਤਰੀ ਭਾਰਤ ਕੀ ਸੰਤ ਪਰੰਪਰਾ (ਹਿੰਦੀ) ; ਡਾ. ਧਰਮਪਾਲ ਮੈਨੀ: ‘ਸੰਤੋਂ ਕੇ ਧਾਰਮਿਕ ਵਿਸ਼ਵਾਸ’ (ਹਿੰਦੀ) ]       


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 43867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸੰਤ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਤ   :    ‘ਸੰਤ'  ਸ਼ਬਦ ਉਸ ਵਿਅਕਤੀ ਲਈ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦਾ ਆਚਰਣ ਆਪਣੀ ਅਧਿਆਤਮਕ ਸਾਧਨਾ ਕਰ ਕੇ ਆਮ ਵਿਅਕਤੀਆਂ ਤੋਂ ਉਚੇਰਾ ਹੋ ਗਿਆ ਹੋਵੇ। ‘ ਸੰਤ' ਸ਼ਬਦ ਤਿੰਨ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ :–

            ਸ    =     ਸਿਮਰਨ   (ਪ੍ਰਭੂ ਦੇ ਨਾਮ ਦਾ) ;

              =      ਨ   =     ਨਿੰਮ੍ਰਤਾ ;

            ਤ    =      ਤਿਆਗ ;
    ਜਿਸ ਵਿਅਕਤੀ ਵਿਚ ਇਹ ਤਿੰਨ ਗੁਣ ਮੌਜੂਦ ਹੋਣ ਉਹੀ ਸੰਤ ਹੈ। ਮਹਾਨ ਕੋਸ਼ ਅਨੁਸਾਰ ; ਸੰਤ ਸ਼ਬਦ ‘ ਸ਼ਾਂਤ' ਤੋਂ ਬਣਿਆ ਹੈ। ਇਸ ਦਾ ਅਰਥ ਹੈ ਜਿਸ ਨੇ ਆਪਣੇ ਮਨ ਤੇ ਇੰਦਰੀਆਂ ਨੂੰ ਟਿਕਾਇਆ ਹੋਇਆ ਹੋਵੇ। ਸੰਤ ਨੂੰ ਵਿਦਵਾਨ ਤੇ ਪੰਡਤ ਵੀ ਕਿਹਾ ਜਾਂਦਾ ਹੈ। ਸੰਤ ਦਾ ਅਰਥ ਉੱਤਮ ਜਾਂ ਸ੍ਰੇਸ਼ਟ ਵੀ ਲਿਆ ਜਾਂਦਾ ਹੈ। ਵਣਜਾਰਾ ਬੇਦੀ ਅਨੁਸਾਰ, ਸੰਤ ਸ਼ਬਦ ‘ਸਤਿ' ਪਦ ਤੋਂ ਬਣਿਆ ਜਾਪਦਾ ਹੈ। ਸੰਤ ਉਹ ਹੈ ਜੋ ‘ਸਤਿ' ਵਿਚ ਲੀਨ ਹੋਵੇ ਅਤੇ ਜਿਸ ਨੇ ਆਪਣੇ ਇਸ਼ਟ ਨੂੰ ਸਤਿ ਸਰੂਪ ਮੰਨ ਕੇ ਉਸ ਦੀ ਹੋਂਦ ਵਿਚ ਆਪਣੀ ਹੋਂਦ ਰਚਾ ਲਈ ਹੋਵੇ।

     ਪ੍ਰਾਚੀਨ ਕਾਲ ਤੋਂ ਹੀ ਭਾਰਤੀ ਸੰਸਕ੍ਰਿਤੀ ਵਿਚ ਸੰਤਾਂ ਦਾ ਵਿਸ਼ੇਸ਼ ਸਥਾਨ ਰਿਹਾ ਹੈ, ਖ਼ਾਸ ਕਰ ਕੇ ਮੱਧ ਕਾਲ ਵਿਚ ਸੰਤਾਂ ਦਾ ਉਹੀ ਸਤਿਕਾਰ ਕੀਤਾ ਜਾਂਦਾ ਸੀ ਜੋ ਵੈਦਿਕ-ਕਾਲ ਵਿਚ ਰਿਸ਼ੀਆਂ ਮੁਨੀਆਂ ਦਾ । ਭਾਰਤ ਦੇ ਵੱਖ ਵੱਖ ਧਰਮਾਂ ਵਿਚ ਸੰਤਾਂ ਦੇ ਵਿਸ਼ੇਸ਼ ਗੁਣ ਬਿਆਨੇ ਗਏ ਹਨ। ਆਮ ਲੋਕ ਮੰਨਦੇ ਹਨ ਕਿ ਸੰਤਾਂ ਵਿਚ ਆਲੌਕਿਕ ਸ਼ਕਤੀਆਂ ਹੁੰਦੀਆਂ ਹਨ। ਪੰਜਾਬ ਦੇ ਗੁਰਮਤਿ ਸਾਹਿਤ ਵਿਚ ਵੀ ਸੰਤਾਂ ਦੇ ਵਿਸ਼ੇਸ਼ ਲੱਛਣ ਦੱਸੇ ਗਏ ਹਨ। ਭਾਈ ਕਾਨ੍ਹ ਸਿੰਘ ਨਾਭਾ ਗੁਰਮਤਿ ਮਾਰਤੰਡ ਵਿਚ ਲਿਖਦੇ ਹਨ ਕਿ ਸਿੱਖ ਧਰਮ ਅਨੁਸਾਰ ਸੰਤ ਕੋਈ ਖ਼ਾਸ ਜਮਾਤ ਜਾਂ ਪੰਥ ਨਹੀਂ ਅਤੇ ਨਾ ਹੀ ਉਸ ਲਈ ਕੋਈ ਖ਼ਾਸ ਪਹਿਰਾਵਾ ਨਿਸ਼ਚਿਤ ਕੀਤਾ ਗਿਆ ਹੈ। ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਬਦ ਅਤੇ ਟੂਕਾਂ ਦੇ ਕੇ ਸੰਤ ਦੀ ਮਹਿਮਾ ਦੱਸੀ ਹੈ :–

       ‘‘  ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ॥''

         ‘‘ਤੂੰ ਨਿਰਵੈਰੁ ਸੰਤ ਤੇਰੇ ਨਿਰਮਲ॥

           ਜਿਨ ਦੇਖੇ ਸਭ ਉਤਰਹਿ ਕਲਮਲ॥

            ਗੁਰੂ ਅਰਜਨ ਦੇਵ ਜੀ ਗਉੜੀ ਰਾਗ ਵਿਚ ਸੰਤ ਦੀ ਮਹਿਮਾ ਬਿਆਨ ਕਰਦਿਆਂ ਉਚਾਰਦੇ ਹਨ –

           ‘‘ ਸੰਤਨ ਕੀ ਮਹਿਮਾ ਕਵਨ ਵਖਾਨਉ॥

              ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ॥

                ਇਸ ਤੋਂ ਪਹਿਲਾਂ ਸੰਤ ਦੀ ਮਹਿਮਾ ਵਿਸਥਾਰ ਸਹਿਤ ਵਰਣਨ ਕੀਤੀ ਗਈ ਹੈ :–

               
     ‘‘ਰੈਣਿ ਦਿਨਸੁ ਰਹੈ ਇਕ ਰੰਗਾ ॥  ਪ੍ਰਭ ਕਉ ਜਾਣੈ ਸਦ ਹੀ ਸੰਗਾ ॥

                 ਠਾਕੁਰ ਨਾਮੁ ਕੀਓ ਉਨਿ ਵਰਤਨਿ ॥ ਤ੍ਰਿਪਤਿ  ਅਘਾਵਨੁ ਹਰਿ ਕੈ ਦਰਸਨਿ ॥ ੧॥

                 ਹਰਿ ਸੰਗਿ ਰਾਤੇ ਮਨ ਤਨ ਹਰੇ ॥  ਗੁਰ ਪੂਰੇ ਕੀ ਸਰਨੀ ਪਰੇ ॥ ੧॥ ਰਹਾਉ ॥

                    ਚਰਣ ਕਮਲ ਆਤਮ ਆਧਾਰ ॥ ਏਕੁ ਨਿਹਾਰਹਿ ਆਗਿਆਕਾਰ ॥

                    ਏਕੋ ਬਨਜੁ ਏਕੋ ਬਿਉਹਾਰੀ ॥ ਅਵਰੁ ਨ ਜਾਨਹਿ ਬਿਨੁ ਨਿਰੰਕਾਰੀ॥ ੨ ॥

                    ਹਰਖ ਸੋਗ ਦੁਹਹੂੰ ਤੇ ਮੁਕਤੇ ॥ ਸਦਾ ਅਲਿਪਤੁ ਜੋਗ ਅਰੁ ਜੁਗਤੇ ॥

                   ਦੀਸਹਿ ਸਭ ਮਹਿ ਸਭ ਤੇ ਰਹਤੇ ॥  ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥ ੩ ॥

              ਸੰਤ ਦਿਨ ਰਾਤ ਪਰਮਾਤਮਾ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ। ਉਨ੍ਹਾਂ ਦੇ ਮਨ ਅਤੇ ਤਨ ਖਿੜੇ ਰਹਿੰਦੇ ਹਨ। ਉਹ ਪ੍ਰਭੂ ਪ੍ਰੇਮ ਵਿਚ ਰੰਗੇ ਹੋਏ ਪੂਰੇ ਗੁਰੂ ਦੀ ਸ਼ਰਨੀ ਪੈਂਦੇ ਹਨ। ਉਹ ਹਰ ਥਾਂ ਪਰਮਾਤਮਾ ਨੂੰ (ਵਸਦਾ) ਵੇਖਦੇ ਹਨ। ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ। ਪਰਮਾਤਮਾ ਦਾ ਨਾਮ ਹੀ ਉਨ੍ਹਾਂ ਦਾ ਵਣਜ ਵਪਾਰ ਹੈ। ਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਉਂਦੇ। ਸੰਤ ਖੁਸ਼ੀ ਗਮੀ ਦੋਹਾਂ ਤੋਂ ਹੀ ਮੁਕਤ ਅਤੇ ਮਾਇਆ ਤੋਂ ਸਦਾ ਨਿਰਲੇਪ ਹਨ। ਇਹ ਸਭ ਨਾਲ ਪ੍ਰੇਮ ਕਰਦੇ ਵੀ ਦਿਸਦੇ ਹਨ ਅਤੇ ਸਭ ਤੋਂ ਵਖਰੇ (ਨਿਰਮੋਹ) ਵੀ ਹੁੰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਪੂਰਨ ਸੰਤ ਬਾਰੇ ਕਿਹਾ ਹੈ :

           ‘‘ ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥

                 ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥’’


ਲੇਖਕ : –ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 36636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-05-02-52-54, ਹਵਾਲੇ/ਟਿੱਪਣੀਆਂ:

ਸੰਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਤ, (ਸੰਸਕ੍ਰਿਤ) / ਪੁਲਿੰਗ : ੧. ਜੋ ਪੂਰਨ ਪਦ ਨੂੰ ਪਰਾਪਤ ਹੈ, ਜਿਸ ਦਾ ਰਸਤਾ ਸਿੱਧਾ ਤੇ ਸਾਫ਼ ਹੈ, ਸਾਧ, ਭਗਤ, ਫਕੀਰ; ੨. ਸਿੱਧਾ ਆਦਮੀ, ਮਹਾਤਮਾ, ਨੇਕ, ਧਰਮੀ

–ਸੰਤਣੀ, ਇਸਤਰੀ ਲਿੰਗ :

–ਸੰਤਮਤਾ, ਪੁਲਿੰਗ : ਸੰਤਾਂ ਵਾਲੀ ਬਿਰਤੀ ਜਾਂ ਵਤੀਰਾ, ਸੰਤਾਂ ਵਾਲਾ ਬਾਣਾ ਜਾਂ ਭੇਖ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 22007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-43-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.