ਸੱਜਣ ਠੱਗ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸੱਜਣ ਠੱਗ: ਇਹ ਗੁਰੂ ਨਾਨਕ ਸਾਹਿਬ ਦਾ ਇਕ ਮੋਹਰੀ ਸਿੱਖ ਹੋਇਆ ਹੈ। ਇਹ ਜ਼ਿਲ੍ਹਾ ਮੁਲਤਾਨ (ਪਾਕਿਸਤਾਨ) ਦੇ ਪਿੰਡ ਮਖਦੂਮਪੁਰ ਦਾ ਰਹਿਣ ਵਾਲਾ ਸੀ। ਉਸ ਸਮੇਂ ਇਸ ਪਿੰਡ ਦਾ ਨਾਂ ਤੁਲੰਭਾ ਸੀ। ਇਹ ਦੰਭੀ ਵਿਅਕਤੀ ਸੀ। ਇਸ ਨੇ ਆਉਂਦੇ ਜਾਂਦੇ ਮੁਸਾਫ਼ਰਾਂ ਨੂੰ ਫਸਾਉਣ ਲਈ ਸਰਾਂ ਦਾ ਅਡੰਬਰ ਰਚਾਇਆ ਹੋਇਆ ਸੀ। ਇਹ ਇਥੇ ਠਹਿਰਨ ਵਾਲੇ ਮੁਸਾਫ਼ਰਾਂ ਨੂੰ ਅੰਦਰੇ ਅੰਦਰ ਮਾਰ ਮੁਕਾ ਕੇ ਉਨ੍ਹਾਂ ਦਾ ਧਨ ਮਾਲ ਲੁੱਟ ਲੈਂਦਾ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪ੍ਰਚਾਰ ਕਰਦੇ ਹੋਏ ਤੁਲੰਭੇ ਪਹੁੰਚੇ। ਮਰਦਾਨਾ ਗੁਰੂ ਸਾਹਿਬ ਦੇ ਨਾਲ ਸੀ। ਇਹ ਵੀ ਸਰਾਂ ਵਿਚ ਠਹਿਰੇ। ਸੱਜ਼ਣ ਅਤੇ ਉਸ ਦੇ ਸਾਥੀ ਗੁਰੂ ਜੀ ਅਤੇ ਮਰਦਾਨੇ ਨੂੰ ਖ਼ਤਮ ਕਰ ਕੇ ਉਨ੍ਹਾਂ ਦਾ ਧਨ ਲੁਟਣਾ ਚਾਹੁੰਦੇ ਸਨ ਪਰ ਰਾਤ ਨੂੰ ਅੱਖ ਨਾ ਖੁੱਲ੍ਹੀ। ਅੰਮ੍ਰਿਤ ਵੇਲੇ ਉਠ ਕੇ ਗੁਰੂ ਸਾਹਿਬ ਕੀਰਤਨ ਲੱਗੇ ਅਤੇ ਸੂਹੀ ਰਾਗ ਵਿਚ “ਸਜ਼ਣ ਸੇਈ ਨਾਲਿ ਮੈ ਚਲਦਿਆ ਨਾਲ ਚਲੰਨਿ" ਵਾਲਾ ਸ਼ਬਦ ਪੜ੍ਹਿਆ। ਸੱਜ਼ਣ ਦੀ ਅੱਖ ਖੁਲ੍ਹ ਗਈ। ਇਹ ਸ਼ਬਦ ਸੱਜ਼ਣ ਠੱਗ ਦੇ ਜੀਵਨ ਨੂੰ ਚਿਤ੍ਰਿਤ ਕਰਦਾ ਸੀ। ਇਹ ਆਪਣੇ ਪਾਪਾਂ ਕਾਰਨ ਕੰਬ ਗਿਆ। ਇਹ ਗੁਰੂ ਨਾਨਕ ਜੀ ਦੇ ਚਰਨਾਂ ਤੇ ਡਿਗ ਪਿਆ ਅਤੇ ਅੱਗੇ ਤੋਂ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਤੋਂ ਤੋਬਾ ਕਰ ਲਈ। ਸਤਿਗੁਰੂ ਨੇ ਇਸ ਨੂੰ ਲੁੱਟ ਦਾ ਮਾਲ ਗਰੀਬਾਂ ਵਿਚ ਵੰਡ ਦੇਣ ਲਈ ਕਿਹਾ। ਸੱਜਣ ਨੇ ਅਜਿਹਾ ਹੀ ਕੀਤਾ। ਗੁਰੂ ਸਾਹਿਬ ਸੱਜਣ ਕੋਲ ਕੁਝ ਦਿਨ ਰਹੇ ਅਤੇ ਇਸ ਨੂੰ ਸੱਚ ਮੁੱਚ ਦਾ ਸੱਜਣ ਪੁਰਸ਼ ਬਣਾ ਦਿੱਤਾ। ਅਖ਼ੀਰ ਗੁਰੂ ਸਾਹਿਬ ਨੇ ਉਥੇ ਧਰਮਸ਼ਾਲਾ ਥਾਪ ਕੇ ਸੱਜਣ ਨੂੰ ਉਸ ਇਲਾਕੇ ਦਾ ਪ੍ਰਚਾਰਕ ਬਣਾ ਦਿੱਤਾ।
ਲੇਖਕ : ਪਿਆਰਾ ਸਿੰਘ ਪਦਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸੱਜਣ ਠੱਗ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੱਜਣ ਠੱਗ : ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਨਮ ਸਾਖੀਆਂ ਅਨੁਸਾਰ ਸੱਜਣ ਤੁਲੰਬੇ ਨਗਰ ਦਾ ਨਿਵਾਸੀ ਸੀ। ਇਹ ਨਗਰ ਲਾਹੌਰ (ਪਾਕਿਸਤਾਨ) -ਖ਼ਾਨੇਵਾਲ ਸੜਕ ਉੱਤੇ ਆਉਂਦਾ ਹੈ। ਸੱਜਣ ਇਕ ਠੱਗ ਸੀ ਜਿਸ ਨੇ ਲੋਕਾਂ ਨੂੰ ਲੁੱਟਣ ਲਈ ਪਖੰਡ ਰਚਿਆ ਹੋਇਆ ਸੀ। ਇਸ ਨੇ ਪਿੰਡ ਤੋਂ ਬਾਹਰ ਸਰਾਂ ਬਣਾਈ ਹੋਈ ਸੀ ਜਿਸ ਵਿਚ ਯਾਤਰੀਆਂ ਦੇ ਠਹਿਰਨ ਦਾ ਪ੍ਰਬੰਧ ਸੀ। ਲੋਕਾਂ ਉਤੇ ਚੰਗਾ ਪ੍ਰਭਾਵ ਪਾਉਣ ਲਈ ਮੰਦਰ ਅਤੇ ਮਸੀਤ ਵੀ ਅੰਦਰ ਬਣਾਈ ਹੋਈ ਸੀ। ਇਸ ਕਾਰਨ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੇ ਯਾਤਰੀ ਇਸ ਥਾਂ ਤੇ ਆ ਕੇ ਠਹਿਰਦੇ ਸਨ। ਇਹ ਯਾਤਰੀਆਂ ਦੀ ਸੇਵਾ ਕਰਦਾ। ਜਦੋਂ ਉਹ ਸੌਂ ਜਾਂਦੇ ਤਾਂ ਉਨ੍ਹਾਂ ਨੂੰ ਕੋਈ ਬੂਟੀ ਸੁੰਘਾ ਕੇ ਬੇਹੋਸ਼ ਕਰ ਦਿੰਦਾ ਤੇ ਉਨ੍ਹਾਂ ਦਾ ਸਭ ਕੁਝ ਲੁੱਟ ਲੈਂਦਾ। ਕਈ ਯਾਤਰੀਆਂ ਨੂੰ ਜਾਨੋਂ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਵੀ ਉਥੇ ਹੀ ਦਬਾ ਦਿੱਤੀਆਂ ਜਾਂਦੀਆਂ।
ਗੁਰੂ ਨਾਨਕ ਦੇਵ ਜੀ ਜਦੋਂ ਤੁਲੰਬੇ ਦੇ ਨੇੜੇ ਪੁੱਜੇ ਤਾਂ ਉਹ ਸੱਜਣ ਦੇ ਕੋਲ ਚਲੇ ਗਏ। ਉਸ ਨੇ ਗੁਰੂ ਜੀ ਦਾ ਬੜਾ ਸਤਿਕਾਰ ਕੀਤਾ। ਸੱਜਣ ਗੁਰੂ ਜੀ ਦੇ ਚਿਹਰੇ ਦੇ ਜਲਾਲ ਤੋਂ ਬੜਾ ਪ੍ਰਭਾਵਿਤ ਹੋਇਆ। ਇਸ ਨੇ ਸੋਚਿਆ ਕਿ ਗੁਰੂ ਜੀ ਪਾਸ ਕਾਫ਼ੀ ਧਨ ਹੋਵੇਗਾ। ਇਹ ਗੁਰੂ ਜੀ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ।
ਗੁਰੂ ਜੀ ਨੇ ਇਸ ਦਾ ਨਾਂ ਪੁੱਛਿਆਂ ਤਾਂ ਇਸ ਨੇ ਕਿਹਾ, “ਜੀ, ਮੇਰਾ ਨਾਮ ਸੱਜਣ ਹੈ।” ਰਾਤ ਹੋ ਗਈ ਪਰ ਬਾਬਾ ਜੀ ਨਾ ਸੁੱਤੇ। ਸੱਜਣ ਨੇ ਬਾਬਾ ਨੂੰ ਆਰਾਮ ਕਰਨ ਲਈ ਕਿਹਾ। ਗੁਰੂ ਜੀ ਨੇ ਮੋੜਵਾਂ ਉਤਰ ਦਿੱਤਾ’ ਸੱਜਣਾ ! ਇਕ ਸ਼ਬਦ ਖੁਦਾਇ ਦੀ ਬੰਦਗੀ ਦਾ ਆਖਿ ਕਰ ਸੋਵਹਿਗੇ।” ਗੁਰੂ ਜੀ ਨੇ ਸ਼ਬਦ ਗਾਇਆ:-
“ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥
(ਪੰਨਾ 729)
ਤੇ ਜਦ ਇਥੇ ਪੁੱਜੇ:-
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ॥
(ਪੰਨਾ 729)
ਤਾਂ ਸੱਜਣ ਨੇ ਆ ਕੇ ਚਰਨ ਫੜ ਲਏ ਤੇ ਕਿਹਾ ਕਿ ਉਸ ਦੇ ਮਨ ਵਿਚੋਂ ਪਾਪ ਦੀ ਭਾਵਨਾ ਖਤਮ ਹੋ ਗਈ ਹੈ। ਗੁਰੂ ਜੀ ਨੇ ਪੁਛਿਆ “ਭਲੇ ਲੋਕਾ ! ਤੇਰਾ ਨਾਉਂ ਸੱਜਣ ਹੈ ਤਾਂ ਤੂੰ ਦੁਸ਼ਮਣਾਂ ਦੇ ਕਰਮ ਕਿਉਂ ਕਰਦਾ ਹੈ ? ਇਹ ਮਤ ਜਾਣ ਕਿ ਕੋਈ ਦੇਖਦਾ ਨਹੀਂ, ਉਹ ਪਰਵਦਗਾਰ ਸਭ ਕੁਝ ਦੇਖਦਾ ਬੁਝਦਾ ਹੈ।” ਸੱਜਣ ਨੇ ਸ਼ਰਮਿੰਦਾ ਹੋ ਕੇ ਨੇਕ ਜੀਵਨ ਜੀਣ ਦਾ ਪ੍ਰਣ ਕੀਤਾ। ਆਪਣਾ ਮਹਿਲ ਢਾਹ ਦਿੱਤਾ ਤੇ ਸਾਰਾ ਧਨ ਮਾਲ ਲੋੜਵੰਦਾਂ ਨੂੰ ਵੰਡ ਦਿੱਤਾ। ਇਸ ਪ੍ਰਕਾਰ ਸੱਜਣ ਠੱਗ ਤੋਂ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਗੁਰੂ ਜੀ ਦੇ ਉਪਦੇਸ਼ਾ ਦਾ ਪ੍ਰਚਾਰ ਵੀ ਕਰਨ ਲਗ ਪਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-49-45, ਹਵਾਲੇ/ਟਿੱਪਣੀਆਂ: ਹ. ਪੁ.––ਪੁਰਾਤਨ ਜਨਮਸਾਖੀ; ਬਲਿਓ ਚਰਾਗ-ਸਤਿਬੀਰ ਸਿੰਘ
ਵਿਚਾਰ / ਸੁਝਾਅ
Please Login First