ਹਉਮੈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਉਮੈ [ਨਾਂਪੁ] ਵੇਖੋ ਹਉਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਉਮੈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਮੈ ਸੰਗ੍ਯਾ—ਅਹੰ-ਮਮ. ਮੈ ਮੇਰੀ ਦਾ ਭਾਵ—ਅਹੰਤਾ. ਅਭਿਮਾਨ. ਖ਼ੁਦੀ. “ਤਿਨਿ ਅੰਤਰਿ ਹਉਮੈ ਕੰਡਾ ਹੇ.” (ਸੋਹਿਲਾ) ੨ ਦੇਖੋ, ਹਉਮੈ ਗਾਵਨਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਉਮੈ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਉਮੈ: ‘ਹਉਮੈ’ ਸੰਸਕ੍ਰਿਤ ਦੇ ‘ਅਹੰਕਾਰਸ਼ਬਦ ਦੇ ਭਾਵ ਦਾ ਸੂਚਕ ਪੰਜਾਬੀ ਰੂਪਾਂਤਰ ਹੈ। ਇਸ ਨੂੰ ਸੰਸਕ੍ਰਿਤ ਦੇ ‘ਅਹੰਮਤਿ’ ਦਾ ਤਦਭਵ ਰੂਪ ਵੀ ਮੰਨਿਆ ਜਾਂਦਾ ਹੈ। ਇਹ ‘ਹਉ’ ਅਤੇ ‘ਮੈ’ ਦਾ ਸੰਯੁਕਤ ਜਾਂ ਸਮਸਤ ਸ਼ਬਦ ਹੈ। ਇਸ ਗੱਲ ਦੀ ਪੁਸ਼ਟੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਹੀ ਹੋ ਜਾਂਦੀ ਹੈ— ਹਉ ਹਉ ਮੈ ਮੈ ਵਿਚਹੁ ਖੋਵੈ ਦੂਜਾ ਮੇਟੈ ਏਕੋ ਹੋਵੈ (ਗੁ.ਗ੍ਰੰ.943)। ਇਥੇ ‘ਹਉ’ ਅਤੇ ‘ਮੈ’ ਦੋਹਾਂ ਸ਼ਬਦਾਂ ਨੂੰ ਦੋ ਵਾਰ ਦੋਹਰਾਇਆ ਗਿਆ ਹੈ। ਇਹ ਦੋਵੇਂ ਸ਼ਬਦ ਕ੍ਰਮਵਾਰ ਸੰਸਕ੍ਰਿਤ ਦੇ ‘ਅਹੰ’ ਅਤੇ ‘ਮਮ ’ ਦੇ ਤਦਭਵ ਰੂਪ ਹਨ ਅਤੇ ਦੋਹਾਂ ਦਾ ਅਰਥ ਹੈ— ਮੈਂ, ਮੇਰਾ। ਇਹ ਦੋਵੇਂ ਸ਼ਬਦ ਵਿਆਕਰਣ ਅਨੁਸਾਰ ਪ੍ਰਥਮ ਪੁਰਸ਼ ਇਕ-ਵਚਨ ਪੜਨਾਉਂ ਹਨ। ਪਰ ਸੰਯੁਕਤ ਰੂਪ ਵਿਚ ਵਰਤੇ ਜਾਣ ’ਤੇ ‘ਹਉਮੈ’ ਸ਼ਬਦ ਸੰਗਿਆ ਰੂਪ ਵਿਚ ਗੁਰਬਾਣੀ ਦਾ ਇਕ ਵਿਸ਼ੇਸ਼ ਭਾਵ- ਬੋਧਕ ਪਰਿਭਾਸ਼ਿਕ ਸ਼ਬਦ ਬਣਦਾ ਹੈ, ਜਿਸ ਦਾ ਭਾਵਾਰਥ ਹੈ— ਹੰਕਾਰ , ਖ਼ੁਦੀ, ਅਭਿਮਾਨ, ਆਦਿ।

            ਗੁਰਬਾਣੀ ਵਿਚ ‘ਹਉਮੈ’ ਨੂੰ ਮਾਰਨ ਜਾਂ ਤਿਆਗਣ ਉਤੇ ਬਹੁਤ ਬਲ ਦਿੱਤਾ ਗਿਆ ਹੈ। ‘ਸਿਧ ਗੋਸਟਿ ’ (ਪਉੜੀ 68) ਵਿਚ ਯੋਗੀਆਂ ਦੇ ਸੁਆਲ ਕਰਨ’ਤੇ, ਕਿ ਜਗਤ ਦੀ ਉਤਪੱਤੀ ਕਿਸ ਕਿਸ ਢੰਗ ਨਾਲ ਹੁੰਦੀ ਹੈ ਅਤੇ ਕਿਹੜੇ ਕਿਹੜੇ ਦੁਖ ਕਾਰਣ ਇਹ ਨਸ਼ਟ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਨੇ ਉਤਰ ਦਿੱਤਾ ਕਿ ਹਉਮੈ ਨਾਲ ਜਗਤ ਦੀ ਉਤਪੱਤੀ ਹੁੰਦੀ ਹੈ ਅਤੇ ਨਾਮ ਦੇ ਵਿਸਰਨ ਨਾਲ ਦੁਖ ਸਹਿਣਾ ਪੈਂਦਾ ਹੈ। ਗੁਰਮੁਖ ਵਿਅਕਤੀ ਬ੍ਰਹਮ-ਗਿਆਨ ਦੇ ਤੱਤ੍ਵ ਨੂੰ ਵਿਚਾਰ ਕੇ ਸ਼ਬਦ ਜਾਂ ਨਾਮ ਦੁਆਰਾ ਹਉਮੈ ਨੂੰ ਨਸ਼ਟ ਕਰਨ ਦੇ ਸਮਰਥ ਹੁੰਦਾ ਹੈ— ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ (ਗੁ.ਗ੍ਰੰ.946)।

            ਹਉਮੈ ਜਾਂ ਹੰਕਾਰ ਤੋਂ ਜਗਤ ਦੀ ਉਤਪੱਤੀ ਮੰਨਣ ਵਾਲੀ ਗੱਲ ਪੁਰਾਤਨ ਭਾਰਤੀ ਸਿੱਧਾਂਤ ਉਤੇ ਆਧਾਰਿਤ ਹੈ। ਸਾਂਖੑਯ-ਮਤ ਵਾਲੇ ਜਗਤ ਦੇ ਉਤਪੱਤੀ-ਕ੍ਰਮ ਵਿਚ ਪ੍ਰਕ੍ਰਿਤੀ ਤੋਂ ਮਹਤ ਅਤੇ ਮਹਤ ਤੋਂ ਹੰਕਾਰ ਅਤੇ ਫਿਰ ਇਸ ਤੋਂ ਪੰਜ ਗਿਆਨ-ਇੰਦ੍ਰੀਆਂ, ਪੰਜ ਕਰਮ-ਇੰਦ੍ਰੀਆਂ ਅਤੇ ਮਨ ਦੀ ਉਤਪੱਤੀ ਮੰਨਦੇ ਹਨ। ਵੇਦਾਂਤ ਵਾਲੇ ਵੀ ਇਸ ਗੱਲ ਨੂੰ ਸਵੀਕਾਰ ਕਰਕੇ ਚਲਦੇ ਹਨ। ਜਗਤ ਦੀ ਉਤਪੱਤੀ ਸੰਬੰਧੀ ‘ਯੋਗ-ਵਾਸਿਸ਼ਠ’ ਵੀ ਹੰਕਾਰ ਨੂੰ ਮਹੱਤਵ ਦਿੰਦਾ ਹੈ। ਪੁਰ ਗੁਰਬਾਣੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਨ ਤਾਂ ਪ੍ਰਕ੍ਰਿਤੀ ਨੂੰ ਕੋਈ ਸੁਤੰਤਰ ਤੱਤ੍ਵ ਮੰਨਿਆ ਗਿਆ ਹੈ ਅਤੇ ਨ ਹੀ ਮਹਤ ਨੂੰ ਕੋਈ ਵਖਰਾ ਸਥਾਨ ਦਿੱਤਾ ਗਿਆ ਹੈ।

            ਗੁਰੂ ਨਾਨਕ ਦੇਵ ਜੀ ਨੇ ਦਸਿਆ ਹੈ ਕਿ ਨਾਮ ਦੇ ਵਿਸਰਨ ਨਾਲ ਹਉਮੈ ਦੀ ਉਤਪੱਤੀ ਹੁੰਦੀ ਹੈ। ਗੁਰੂ ਅਮਰਦਾਸ ਜੀ ਨੇ ਨਾਮ ਅਤੇ ਹਉਮੈ ਨੂੰ ਪਰਸਪਰ ਵਿਰੋਧੀ ਮੰਨਿਆ ਹੈ। ਇਨ੍ਹਾਂ ਦਾ ਇਕ ਥਾਂ ਸਮ-ਭਾਵ ਨਾਲ ਟਿਕਣਾ ਸੰਭਵ ਨਹੀਂ ਹੈ— ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਵਸਹਿ ਇਕ ਠਾਇ (ਗੁ.ਗ੍ਰੰ.560)। ਹਉਮੈ ਕਰਨ ਵਾਲੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪਰ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤਾਂ ਹਉਮੈ ਦੀ ਹੋਂਦ ਮਿਟ ਜਾਂਦੀ ਹੈ— ਹਉਮੈ ਕਰੀ ਤਾ ਤੂ ਨਾਹੀ ਤੂ ਹੋਵਹਿ ਹਉ ਨਾਹਿ (ਗੁ.ਗ੍ਰੰ.1092)। ਸਪੱਸ਼ਟ ਹੈ ਕਿ ਹਉਮੈ ਦੇ ਮਿਟਣ ਨਾਲ ਹੀ ਵਿਅਕਤੀ ਸੰਸਾਰਿਕ ਪ੍ਰਪੰਚ ਤੋਂ ਛੁਟਕਾਰਾ ਪ੍ਰਾਪਤ ਕਰਕੇ ਪਰਮਾਤਮਾ ਨਾਲ ਅਭੇਦ ਹੁੰਦਾ ਹੈ।

            ਅਜਿਹਾ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਗਤ ਦੀ ਉਤਪੱਤੀ ਹਉਮੈ ਤੋਂ ਇਸ ਲਈ ਮੰਨੀ ਹੈ ਕਿ ਸੰਸਾਰਿਕ ਮਨੁੱਖਾਂ ਦੇ ਸਾਰੇ ਕਾਰਜ ਹਉਮੈ ਨਾਲ ਗ੍ਰਸੇ ਹੋਏ ਹਨ ਜਾਂ ਹਉਮੈ ਤੋਂ ਉਤਪੰਨ ਹੁੰਦੇ ਹਨ। ‘ਆਸਾ ਕੀ ਵਾਰ ’ ਵਿਚ ਉਨ੍ਹਾਂ ਨੇ ਦਸਿਆ ਹੈ ਕਿ ਹਉ ਵਿਚ ਮਨੁੱਖ ਸੰਸਾਰ ਵਿਚ ਜਨਮ ਲੈਂਦਾ ਹੈ, ਉਸੇ ਵਿਚ ਮਰਦਾ ਹੈ, ਉਸ ਵਿਚ ਹੀ ਸੰਸਾਰਿਕ ਕਾਰ-ਵਿਹਾਰ ਚਲਦਾ ਹੈ। ਇਸੇ ਕਰਕੇ ਉਹ ਨਰਕ ਜਾਂ ਸੁਅਰਗ ਦਾ ਭਾਗੀ ਬਣਦਾ ਹੈ। ਇਹੀ ਉਸ ਦੇ ਸੁਖ-ਦੁਖ ਦਾ ਕਾਰਣ ਹੈ, ਜਿਸ ਕਰਕੇ ਉਹ ਮੋਖ ਜਾਂ ਮੁਕਤੀ ਦੀ ਸਾਰ ਤਕ ਜਾਣਨ ਵਿਚ ਅਸਮਰਥ ਹੈ। ਫਲਸਰੂਪ ਮਨੁੱਖ ਜਨਮ ਮਰਨ ਦੇ ਚੱਕਰ ਵਿਚ ਪੈਂਦਾ ਹੈ। ਇਨ੍ਹਾਂ ਚੱਕਰਾਂ ਵਿਚ ਪੈਣ ਜਾਂ ਆਵਾਗਵਣ ਦੀ ਮਾਨਤਾ ਦੇ ਮੂਲ ਵਿਚ ਇਹ ਹਉਮੈ ਹੀ ਮੁੱਖ ਆਧਾਰ ਹੈ। ਜਦ ਤਕ ਇਸ ਹਉਮੈ ਦੇ ਵਾਸਤਵਿਕ ਸਰੂਪ ਨੂੰ ਸਮਝ ਕੇ ਇਸ ਦਾ ਤਿਆਗ ਨਹੀਂ ਕੀਤਾ ਜਾਂਦਾ, ਤਦ ਤਕ ਪਰਮਾਤਮਾ ਦੇ ਦੁਆਰ ਦਾ ਅਨੁਭਵ ਪ੍ਰਾਪਤ ਨਹੀਂ ਹੋ ਸਕਦਾ— ਹਉਮੈ ਬੂਝੈ ਤਾ ਦਰੁ ਸੂਝੈ ਗਿਆਨ ਵਿਹੂਣਾ ਕਥਿ ਕਥਿ ਲੂਝੇ (ਗੁ.ਗ੍ਰੰ.466)।

            ਸਪੱਸ਼ਟ ਹੈ ਕਿ ‘ਹਉਮੈ’ ਹੀ ਸੰਸਾਰ ਦੀ ਉਤਪੱਤੀ ਦਾ ਕਾਰਣ ਹੈ, ਕਿਉਂਕਿ ਕਰਮ-ਫਲਾਂ ਦਾ ਭੋਗ ਕਰਾਉਣ ਲਈ ਹੀ ਆਵਾਗਵਣ ਦਾ ਚੱਕਰ ਚਲਦਾ ਹੈ ਅਤੇ ਇਕ ਤੋਂ ਬਾਦ ਦੂਜੇ ਜਨਮ ਦੀ ਸੰਗਲੀ ਤੁਰੀ ਚਲੀ ਜਾਂਦੀ ਹੈ। ਡਾ. ਸ਼ੇਰ ਸਿੰਘ (‘ਗੁਰਮਤਿ ਦਰਸ਼ਨ’) ਦਾ ਵੀ ਮਤ ਹੈ ਕਿ —‘‘ਹਉਮੈ ਜੀਵਾਤਮਾ ਦੀ ਸੰਸਾਰੀ ਯਾਤ੍ਰਾ ਦਾ ਨਿਰੋਲ ਕਾਰਣ ਹੈ। ਰਜੋ , ਤਮੋ, ਸਤੋ ਦੇ ਬੇਅੰਤ ਪ੍ਰਕਾਰ ਦੇ ਮੇਲ ਕਰਕੇ ਅਨੇਕ ਤਰ੍ਹਾਂ ਦੀ ਰਚਨਾ ਬਣਦੀ ਰਹਿੰਦੀ ਹੈ। ਅਨੇਕ ਤਰ੍ਹਾਂ ਦੇ ਜੀਵ ਹੋਂਦ ਵਿਚ ਆਉਂਦੇ ਰਹਿੰਦੇ ਹਨ। ਅਨੇਕ ਤਰ੍ਹਾਂ ਦੇ ਕਰਮ ਹਉਮੈ ਦੇ ਅਸਰ ਹੇਠ ਕਮਾਉਂਦੇ ਹਨ। ਇਨ੍ਹਾਂ ਕਰਮਾਂ ਦੇ ਅਸਰ ਅਤੇ ਸੰਸਕਾਰ ਜੀਵਾਤਮਾ ਨੂੰ ਸੂਖਮ ਸ਼ਰੀਰ ਦੇ ਰੂਪ ਵਿਚ ਸਦਾ ਹੀ ਚੰਬੜੇ ਰਹਿੰਦੇ ਹਨ। ਇਸ ਤਰ੍ਹਾਂ ਭਿੰਨ ਭਿੰਨ ਜੂਨੀਆਂ ਵਿਚ ਇਕੋ ਆਤਮਾ ਜਨਮ ਲੈਂਦੀ ਰਹਿੰਦੀ ਹੈ, ਉਹੋ ਆਪਾ ਸਦਾ ਜਾਰੀ ਰਹਿੰਦਾ ਹੈ।’’

            ਫ਼ਲਸਫ਼ੇ ਦੀ ਭਾਸ਼ਾ ਵਿਚ ਹਉਮੈ ਇਕ ਮਨੋ-ਵ੍ਰਿਤੀ ਜਾਂ ਮਨੋ-ਵਿਕਾਰ ਹੈ, ਜੋ ਕਾਮ , ਕ੍ਰੋਧ , ਲੋਭ , ਮੋਹ ਦੇ ਨਾਲ ਮਿਲ ਕੇ ਆਉਂਦਾ ਹੈ। ਗੁਰਬਾਣੀ ਵਿਚ ਇਨ੍ਹਾਂ ਨੂੰ ‘ਪੰਜ-ਚੋਰ’ ਤਕ ਕਿਹਾ ਗਿਆ ਹੈ, ਕਿਉਂਕਿ ਇਹ ਮਨੁੱਖ ਦੀਆਂ ਚੰਗੀਆਂ ਵ੍ਰਿਤੀਆਂ ਨੂੰ ਬਦਲ ਕੇ ਉਸ ਨੂੰ ਦੁਰ-ਵ੍ਰਿਤੀਆਂ ਵਲ ਪ੍ਰੇਰਿਤ ਕਰ ਦਿੰਦੇ ਹਨ। ਇਨ੍ਹਾਂ ਮਨੋ-ਵਿਕਾਰਾਂ ਵਿਚੋਂ ਵੀ ਹਉਮੈ ਦਾ ਪ੍ਰਭਾਵ-ਖੇਤਰ ਬਹੁਤ ਵਿਆਪਕ ਹੈ। ਇਹ ਇਤਨਾ ਸੂਖਮ ਹੈ ਕਿ ਜੇ ਕੋਈ ਹਉਮੈ ਦਾ ਤਿਆਗ ਕਰਕੇ ਇਸ ਦਾ ਇਹਸਾਸ ਵੀ ਕਰੇ ਤਾਂ ਹਉਮੈ ਪ੍ਰਗਟ ਹੋ ਜਾਂਦੀ ਹੈ। ਹਉਮੈ ਵਿਚ ਕੀਤੇ ਕਰਮ ਹੀ ਜਨਮ-ਮਰਨ ਦੀ ਗਤੀ ਨੂੰ ਚਲਾਈ ਰਖਦੇ ਹਨ। ਇਸ ਲਈ ਜਗਤ ਦੀ ਉਤਪੱਤੀ ਅਤੇ ਜਗਤ ਦੀ ਹੋਂਦ ਨੂੰ ਬਣਾਈ ਰਖਣ ਵਿਚ ਹਉਮੈ ਅਤੇ ਉਸ ਦੇ ਪ੍ਰਭਾਵ ਅਧੀਨ ਕੀਤੇ ਕਰਮ ਮੂਲ ਕਾਰਣ ਹਨ।

            ਉਪਰਕੋਤ ਵਿਚਾਰ ਤੋਂ ਇਹ ਗੱਲ ਉਘੜਦੀ ਹੈ ਕਿ ਹਉਮੈ ਬਹੁਤ ਭਿਆਨਕ ਅਤੇ ਭੈੜਾ ਰੋਗ ਹੈ, ਇਸ ਨੂੰ ‘ਦੀਰਘ-ਰੋਗ’ ਵੀ ਕਿਹਾ ਗਿਆ ਹੈ—ਹਉਮੈ ਦੀਰਘ ਰੋਗੁ ਹੈ। ਇਸ ਤੋਂ ਪੈਦਾ ਹੋਣ ਵਾਲੇ ਦੁਖ ਦਾ ਹਰ ਪਾਸੇ ਪਸਾਰਾ ਹੈ। ਇਸ ਦੇ ਅਗੋਂ ਕਈ ਭੇਦ-ਉਪਭੇਦ ਹਨ, ਜਿਨ੍ਹਾਂ ਬਾਰੇ ਨਿਸਚੇ ਨਾਲ ਕੁਝ ਕਹਿ ਸਕਣਾ ਭਾਵੇਂ ਸੰਭਵ ਨਹੀਂ, ਪਰ ਇਤਨਾ ਸਾਫ਼ ਹੈ ਕਿ ਮਨੁੱਖ ਦੀਆਂ ਸਾਰੀਆਂ ਵਾਸਨਾਵਾਂ ਹਉਮੈ ਤੋਂ ਹੀ ਪ੍ਰੇਰਿਤ ਹੁੰਦੀਆਂ ਹਨ, ਇਸ ਲਈ ਵਾਸਨਾਵਾਂ ਦੀ ਅਨੰਤਤਾ ਵਾਂਗ ਹੀ ਹਉਮੈ ਦੇ ਭੇਦ ਵੀ ਅਨੰਤ ਹਨ।

            ਹਉਮੈ ਦੇ ਸਿੱਟੇ ਅਤੇ ਪ੍ਰਭਾਵ ਵੀ ਬਹੁਤ ਭੈੜੇ ਹਨ। ਇਸ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਹਉਮੈ ਤੋਂ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮਨਮਤ ਜਾਂ ਹਉਮੈ ਝੂਠੀ ਅਤੇ ਮਿਥਿਆ ਹੈ। ਵਾਸਤਵਿਕ ਸਤਿ ਕੇਵਲ ਪਰਮਾਤਮਾ ਹੈ। ਜੋ ਵਿਅਕਤੀ ਹਉਮੈ ਕਾਰਣ ਆਪਣੀ ਸੁਤੰਤਰ ਸੱਤਾ ਮੰਨਣ ਲਗਦੇ ਹਨ, ਉਹ ਦ੍ਵੈਤ ਭਾਵ ਕਰਕੇ ਨਸ਼ਟ ਹੁੰਦੇ ਹਨ। ਇਸ ਸੰਸਾਰ ਵਿਚ ਹਉਮੈ ਤੋਂ ਮੁਕਤ ਹੋ ਕੇ ਵਾਸਤਵਿਕ ਸਾਧਨਾ ਉਹੀ ਕਰ ਸਕਦਾ ਹੈ, ਜਿਸ ਦੇ ਭਾਗਾਂ ਵਿਚ ਅਜਿਹਾ ਲਿਖਿਆ ਗਿਆ ਹੈ— ਹਉਮੈ ਕਰਤਿਆ ਨਹ ਸੁਖੁ ਹੋਇ ਮਨਮਤਿ ਝੂਠੀ ਸਚਾ ਸੋਇ ਸਗਲ ਬਿਗੂਤੇ ਭਾਵੈ ਦੋਇ ਸੋ ਕਮਾਵੈ ਧੁਰਿ ਲਿਖਿਆ ਹੋਇ (ਗੁ.ਗ੍ਰੰ.222)।

            ਹਉਮੈ ਦਾ ਸਿੱਟਾ ਬੰਧਨ ਹੈ— ਹਉਮੈ ਬੰਧਨ ਬੰਧਿ ਭਵਾਵੈ (ਗੁ.ਗ੍ਰੰ.227)। ਇਸ ਲਈ ਹਉਮੈ ਨੂੰ ਨਸ਼ਟ ਕਰਨਾ ਮਨੁੱਖ ਲਈ ਬੜਾ ਜ਼ਰੂਰੀ ਹੈ। ਇਹ ਇਕ ਅਸਾਧ ਰੋਗ ਹੈ, ਪਰ ਅਧਿਆਤਮਿਕ ਸਾਧਕ ਜਾਂ ਸੱਚੇ ਸਰੂਪ ਵਾਲੇ ਮਨੁੱਖ ਲਈ ਹਉਮੈ ਦੀ ਬਿਰਤੀ ਨੂੰ ਮਾਰਨਾ, ਇਸ ਨੂੰ ਪ੍ਰਕਾਸ਼ਮਈ ਮਨ ਦੇ ਅਧੀਨ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਅਜਿਹਾ ਕੀਤੇ ਬਿਨਾ ਵਾਸਤਵਿਕ ਗਿਆਨ ਜਾਂ ਬ੍ਰਹਮ-ਗਿਆਨ ਦੀ ਪ੍ਰਾਪਤੀ ਸੰਭਵ ਨਹੀਂ। ਗੁਰੂ ਨਾਨਕ ਦੇਵ ਜੀ ਨੇ ਹਉਮੈ ਨੂੰ ਮਾਰਨ ਦੇ ਉਪਾਵਾਂ ਵਿਚੋਂ ਸਭ ਤੋਂ ਪਹਿਲਾ ਸਥਾਨ ਪਰਮਾਤਮਾ ਦੀ ਕਿਰਪਾ ਨੂੰ ਦਿੱਤਾ ਹੈ— ਜਾ ਹਰਿ ਪ੍ਰਭਿ ਕਿਰਪਾ ਧਾਰੀ ਤਾ ਹਉਮੈ ਵਿਚਹੁ ਮਾਰੀ (ਗੁ.ਗ੍ਰੰ.879)। ਈਸ਼ਵਰੀ ਕਿਰਪਾ ਨਾਲ ਹੀ ਗੁਰੂ ਦਾ ਮੇਲ ਹੁੰਦਾ ਹੈ, ਜੋ ਹਉਮੈ ਨੂੰ ਨਸ਼ਟ ਕਰਨ ਵਿਚ ਸਹਾਇਕ ਦਾ ਰੋਲ ਅਦਾ ਕਰਦਾ ਹੈ। ਹਉਮੈ ਦੇ ਵਿਨਾਸ਼ ਵਿਚ ਗੁਰੂ-ਸ਼ਬਦ (ਗੁਰੂ-ਉਪਦੇਸ਼) ਦੀ ਵੀ ਬਹੁਤ ਦੇਣ ਹੈ— ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ (ਗੁ.ਗ੍ਰੰ. 1009-10)।

            ਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਜੋ ਮਾਰ ਲੈਂਦਾ ਹੈ, ਉਹ ਫਿਰ ਦੂਜੀ ਵਾਰ ਨਹੀਂ ਮਰਦਾ। ਕਿਉਂਕਿ ਗੁਰੂ ਦੀ ਮਤ ਦੁਆਰਾ ਪਰਮਾਤਮਾ ਮਨ ਵਿਚ ਆ ਵਸਦਾ ਹੈ, ਜਿਸ ਕਰਕੇ ਪ੍ਰਾਣੀ ਆਪਣੀ ਸੰਪੂਰਣ ਕੁਲ ਦਾ ਉੱਧਾਰ ਕਰਨ ਦੇ ਯੋਗ ਹੋ ਜਾਂਦਾ ਹੈ— ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ਗੁਰ ਕੈ ਸਬਦੈ ਜੋ ਮਰੈ ਫਿਰਿ ਮਰੈ ਦੂਜੀ ਵਾਰ ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ (ਗੁ.ਗ੍ਰੰ1009)। ਜੋ ਲੋਗ ਮਨ ਵਿਚ ਹਉਮੈ ਨੂੰ ਰਖਦੇ ਹੋਇਆਂ ਹਰਿ-ਭਗਤੀ ਕਰਦੇ ਹਨ, ਉਹ ਹਰਿ-ਭਗਤੀ ਵਿਚ ਭਿਜ ਨਹੀਂ ਸਕਦੇ, ਉਨ੍ਹਾਂ ਨੂੰ ਅਧਿਆਤਮਿਕ ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਇਸ ਲਈ ਹਉਮੈ ਵਿਚ ਕੀਤੀ ਹੋਈ ਭਗਤੀ ਵਿਅਰਥ ਹੈ— ਹਉਮੈ ਭਗਤਿ ਕਰੇ ਸਭੁ ਕੋਇ ਨਾ ਮਨੁ ਭੀਜੈ ਨਾ ਸੁਖੁ ਹੋਇ ਕਹਿ ਕਹਿ ਕਹਣੁ ਆਪੁ ਜਾਣਾਏ ਬਿਰਥੀ ਭਗਤਿ ਸਭੁ ਜਨੁਮ ਗਵਾਏ (ਗੁ.ਗ੍ਰੰ.1278)

            ‘ਸਹਸਕ੍ਰਿਤੀ ਸਲੋਕ ’ ਪ੍ਰਕਰਣ ਵਿਚ ਅਹੰਕਾਰ ਨੂੰ ਸੰਬੋਧਨ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਸਪੱਸ਼ਟ ਕੀਤਾ ਹੈ ਕਿ ਹੇ ਜਨਮ-ਮਰਨ ਦੇ ਚੱਕਰ ਦੇ ਮੂਲ ਕਾਰਣ ਸਰੂਪ ਪਾਪਾਤਮਾ ! ਤੂੰ ਮਿਤਰਾਂ ਤੋਂ ਨਿਖੇੜਦਾ ਹੈਂ ਅਤੇ ਵੈਰੀਆਂ ਨੂੰ ਹੋਰ ਪੱਕਾ ਕਰਦਾ ਹੈਂ ਅਤੇ ਮਾਇਆ-ਜਾਲ ਵਿਚ ਉਲਝਾ ਦਿੰਦਾ ਹੈ। ਇਨ੍ਹਾਂ ਅਸਾਧ ਰੋਗਾਂ ਤੋਂ ਕੇਵਲ ਪਾਰਬ੍ਰਹਮ ਹੀ ਮੁਕਤ ਕਰਾ ਸਕਦਾ ਹੈ— ਹੇ ਜਨਮ ਮਰਣੰ ਮੂਲੰ ਅਹੰਕਾਰੰ ਪਾਪਾਤਮਾ.... (ਗੁ.ਗ੍ਰੰ.1358)

            ਸਾਰਾਂਸ ਇਹ ਕਿ ਮਨੁੱਖ ਨੂੰ ਮਾਇਕ ਪ੍ਰਪੰਚ ਵਿਚ ਉਲਝਾਉਣ ਵਾਲੀ ਸਰਬ ਪ੍ਰਮੁਖ ਬਿਰਤੀ ਹਉਮੈ ਹੈ। ਇਸ ਦਾ ਦਮਨ ਬਹੁਤ ਜ਼ਰੂਰੀ ਹੈ। ਹਉਮੈ ਨੂੰ ਤਿਆਗਣ ਨਾਲ ਜਿਥੇ ਮਨੁੱਖ ਆਪਣਾ ਅਧਿਆਤਮਿਕ ਭਵਿਖ ਉਜਲਾ ਕਰਦਾ ਹੈ, ਉਥੇ ਨਾਲ ਹੀ ਇਕ ਚੰਗਾ ਮਨੁੱਖ ਵੀ ਬਣਦਾ ਹੈ। ਇਕ ਚੰਗਾ ਮਨੁੱਖ ਵਾਤਾਵਰਣ ਉਤੇ ਚੰਗਾ ਅਸਰ ਪਾਉਂਦਾ ਹੈ। ਉਹ ਹੋਰਨਾਂ ਨੂੰ ਚੰਗਾ ਬਣਨ ਦੀ ਪ੍ਰੇਰਣਾ ਦਿੰਦਾ ਹੈ ਅਤੇ ਇਸ ਤਰ੍ਹਾਂ ਇਕ ਚੰਗੇ ਸਮਾਜ ਦਾ ਵਿਕਾਸ ਹੁੰਦਾ ਹੈ। ਇਹੀ ਮਨੁੱਖ ਦੀ ਵਿਵਹਾਰਿਕ ਸ੍ਰੇਸ਼ਠਤਾ ਹੈ, ਜਿਸ ਨੂੰ ਗ੍ਰਹਿਣ ਕਰਨ ਨਾਲ ਹੀ ਸੱਚਾ ਮਨੁੱਖ ਬਣਿਆ ਜਾ ਸਕਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹਉਮੈ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਉਮੈ: ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਅਕਸਰ ਉਹਨਾਂ ਦੀ ਅਧਿਆਤਮਿਕ ਸਥਿਤੀ ਲਈ ਵਰਤਿਆ ਗਿਆ ਹੈ ਜਿਨ੍ਹਾਂ ਨੇ ਮੁਕਤੀ ਦਾ ਰਾਹ ਅਤੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ ਹੈ। ਇਸ ਅੱਖਰ ਦਾ ਸ਼ਬਦੀ ਅਰਥ ਹੈ “ਮੈ ਹਾਂ” ਜਿਹੜੀ ਕਿ ਅਧਿਆਤਮਿਕ ਅਤੇ ਨੈਤਿਕ ਬਿਮਾਰੀ ਮੰਨੀ ਜਾਂਦੀ ਹੈ। ਗੁਰੂ ਅਮਰਦਾਸ ਜੀ ਦੱਸਦੇ ਹਨ: ਹਉਮੈ ਇਕ ਅਜਿਹੀ ਮੈਲ ਹੈ ਜਿਹੜੀ ਵਿਅਕਤੀ ਨੂੰ ਚੰਬੜੀ ਰਹਿੰਦੀ ਹੈ: ਇਸਨੂੰ ਧੋਣ ਤੇ ਸਾਰੇ ਯਤਨਾਂ ਦੇ ਬਾਵਜੂਦ ਇਹ ਨਹੀਂ ਲੱਥਦੀ ਅਤੇ ਕਾਬੂ ਆਏ ਵਿਅਕਤੀ ਨੂੰ ਤੜਫਾਉਂਦੀ ਰਹਿੰਦੀ ਹੈ-ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ॥ (ਗੁ.ਗ੍ਰੰ. 39)। ਹਉਮੈ ਮਨੁੱਖ ਨੂੰ ਪਰਮਾਤਮਾ ਵੱਲ ਜਾਣ ਨਹੀਂ ਦਿੰਦੀ। ਇਸ ਸੰਬੰਧ ਵਿਚ ਗੁਰੂ ਅਮਰਦਾਸ ਜੀ ਫਿਰ ਕਹਿੰਦੇ ਹਨ: ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ (ਗੁ.ਗ੍ਰੰ. 560)। ਗੁਰੂ ਰਾਮਦਾਸ ਜੀ ਸਪਸ਼ਟ ਰੂਪ ਵਿਚ ਹਉਮੈ ਨੂੰ “ਮਨਅੰਤਰਿ ਰੋਗ" ਕਹਿੰਦੇ ਹਨ। ਭਾਵ ਕਿ ਇਹ ਮਨੁੱਖ ਦੇ ਮਨ ਦਾ ਅੰਦਰਲਾ ਰੋਗ ਹੈ ਜੋ ਮਨਮੁਖ ਨੂੰ ਤੜਫਾਈ ਚੱਲਿਆ ਜਾਂਦਾ ਹੈ। ਮਨੁੱਖ ਦੇ ਮਨ ਨੂੰ ਹਉਮੈ ਦਾ ਘਾਤਕ ਰੋਗ ਲੱਗਾ ਹੋਇਆ ਹੈ ਜੋ ਮਨਮੁਖ ਅਤੇ ਨੀਵੇਂ ਮਨੁੱਖ ਲਈ ਘਬਰਾਹਟ ਅਤੇ ਉਦਾਸੀਨਤਾ ਦਾ ਕਾਰਨ ਹੈ (ਗੁ.ਗ੍ਰੰ. 301)। ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਨੂੰ ਕਾਬੂ ਕਰਕੇ ਇਹ ਬਿਮਾਰੀ ਹਮੇਸ਼ਾ ਰਹਿਣ ਵਾਲੀ ਬਣ ਜਾਂਦੀ ਹੈ ਅਤੇ ਮਨੁੱਖ ਦੇ ਸਾਰੇ ਜੀਵਨ ਤੇ ਭਾਰੂ ਬਣੀ ਰਹਿੰਦੀ ਹੈ-ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ॥ ਹਉ ਵਿਚਿ ਦਿਤਾ ਹਉ ਵਿਚਿ ਲਇਆ॥ ਹਉ ਵਿਚਿ ਪਾਪ ਪੁੰਨ ਵੀਚਾਰੁ॥ (ਗੁ. ਗ੍ਰੰ. 466)। ਗੁਰੂ ਰਾਮਦਾਸ ਇਸ ਨੂੰ ਅੰਦਰੂਨੀ ਬਿਮਾਰੀ ਦੱਸਕੇ ਇਸਦਾ ਪੱਕਾ ਇਲਾਜ ਦੱਸਦੇ ਹਨ-ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ॥ ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ (ਗੁ.ਗ੍ਰੰ. 301)। ਇਸ ਸੰਬੰਧ ਵਿਚ ਕਬੀਰ ਜੀ ਨਤੀਜੇ ਵਜੋਂ ਫ਼ਰਮਾਉਂਦੇ ਹਨ-ਕਹਨ ਕਹਾਵਨ ਨਹ ਪਤੀਅਈ ਹੈ॥ ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ॥ (ਗੁ.ਗ੍ਰੰ. 325)।

      ਇਸ ਤਰ੍ਹਾਂ ਹਉਮੈ ਇਕ ਅਧਿਆਤਮਿਕ ਰੋਗ ਹੈ, ਇਕ ਅਜਿਹੀ ਸਥਿਤੀ ਹੈ ਜਿਹੜੀ ਮਨਮੁਖ ਦੇ ਮਨ ਉੱਤੇ ਪ੍ਰਬਲ ਹੁੰਦੀ ਹੈ। ਇਸੇ ਤੋਂ ਹੀ ਸਾਰਾ ਅਗਿਆਨ, ਸੁਆਰਥ ਅਤੇ ਭ੍ਰਿਸ਼ਟਾਚਾਰ ਪੈਦਾ ਹੁੰਦਾ ਹੈ ਜੋ ਉਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਗੁਰੂ ਅਤੇ ਪਰਮਾਤਮਾ ਤੋਂ ਦੂਰ ਰਹਿ ਰਹੇ ਹਨ। ਇਸ ਦੇ ਮਾਰੂ ਅਸਰਾਂ ਤੇ ਕਾਬੂ ਪਾਉਣ ਲਈ ਮਨਮੁਖ ਨੂੰ ਜ਼ਰੂਰੀ ਤੌਰ ਤੇ ਗੁਰਮੁਖ ਬਣਨਾ ਚਾਹੀਦਾ ਹੈ: ਆਪਣੇ ਆਪ ਨੂੰ ਮਨ ਦੀ ਪਕੜ ਤੋਂ ਦੂਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਜਗ੍ਹਾ ਆਪਣਾ ਲਗਾਉ ਗੁਰੂ ਭਾਵ ਪਰਮਾਤਮਾ ਨਾਲ ਪੈਦਾ ਕਰਨਾ ਚਾਹੀਦਾ ਹੈ। ਜੋ ਇਸ ਤਰ੍ਹਾਂ ਨਿਰੰਤਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਪਰਮਾਤਮਾ ਦੇ ਪਿਆਰਿਆਂ ਨਾਲ ਮਿਲਕੇ ਉਸਦੀ ਵਡਿਆਈ ਗਾਉਂਦੇ ਹਨ ਉਹ ਉਸ ਬਿਮਾਰੀ ਤੋਂ ਬਚ ਜਾਂਦੇ ਹਨ ਜਿਹੜੀ ਉਹਨਾਂ ਨੂੰ ਦੁੱਖਾਂ ਦੀ ਜ਼ੰਜੀਰ ਨਾਲ ਬੰਨ੍ਹੀ ਰੱਖਦੀ ਹੈ। ਹਉਮੈ ਦੇ ਬੰਧਨਾਂ ਤੋਂ ਮੁਕਤ ਹੋ ਕੇ ਗੁਰਮੁਖ ਸ਼ਾਂਤੀ ਅਤੇ ਸਦੀਵੀ ਸਮਰਸਤਾ ਦੀ ਅਨੁਭੂਤੀ ਪ੍ਰਾਪਤ ਕਰਦੇ ਹਨ।

      ਸਿੱਖ ਸਿਧਾਂਤਾਂ ਵਿਚ ਹਉਮੈ ਦੇ ਸੰਕਲਪ ਦੀ ਮੂਲ ਮਹੱਤਤਾ ਉਸ ਸਮੇਂ ਸੌਖੀ ਤਰ੍ਹਾਂ ਸਮਝ ਆ ਜਾਂਦੀ ਹੈ ਜਦੋਂ ਵਿਅਕਤੀ ਇਸ ਤੱਥ ਨੂੰ ਧਿਆਨ ਨਾਲ ਦੇਖਦਾ ਹੈ ਕਿ ਕਿਵੇਂ ਵਾਰ-ਵਾਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ ਅਤੇ ਇਸ ਉੱਤੇ ਕਿਵੇਂ ਜ਼ੋਰ ਦਿੱਤਾ ਗਿਆ ਹੈ। ਇਹ ਸਮਝਣਾ ਵੀ ਸੌਖਾ ਹੋ ਜਾਂਦਾ ਹੈ ਕਿ ਆਮ ਅਰਥਾਂ ਵਿਚ ਇਹ ਮਨਮੁਖਤਾ ਵੱਲ ਝੁਕੀ ਹੋਈ ਮਨੁੱਖ ਜਾਤੀ ਨੂੰ ਸੰਬੋਧਨ ਵਜੋਂ ਕਿਸ ਤਰ੍ਹਾਂ ਵਰਤਿਆ ਗਿਆ ਹੈ।ਇਸ ਦਾ ਅੰਗਰੇਜ਼ੀ ਤਰਜਮਾ ਕਰਨਾ ਹੋਰ ਵੀ ਕਠਨ ਕੰਮ ਹੈ: ਇਸ ਦਾ ਕੋਈ ਵੀ ਤਸੱਲੀਬਖ਼ਸ਼ ਬਦਲਵਾਂ ਰੂਪ ਦਰਅਸਲ ਮੌਜੂਦ ਨਹੀਂ ਹੈ। ਜੋ ਕੁਝ ਉਪਲਬਧ ਹੈ ਉਹ ਸ਼ਬਦਾਂ ਦਾ ਇਕ ਅਜਿਹਾ ਇਕੱਠ ਹੈ ਜਿਹੜਾ ਹਉਮੈ ਦੀ ਜਾਣਕਾਰੀ ਦਾ ਸੰਚਾਰ ਕਰਦਾ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਇਕ ਹੀ ਸ਼ਬਦ ਦੇ ਰੂਪ ਵਿਚ ਦਿੱਸਦਾ ਹੈ ਪਰ ਹਉਮੈ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਸ਼ਬਦ ਹੈ ਜਿਸ ਵਿਚ ਇਕ ਕਿਰਿਆ ਹੈ ਅਤੇ ਇਕ ਸੰਗਿਆ ਜਾਂ ਨਾਂਵ ਹੈ। ਇਸਦੇ ਦੋ ਸ਼ਬਦ ਹਉਂ ਜੋ ਪ੍ਰਥਮ ਪੁਰਸ਼ ਕਿਰਿਆ ਹੈ ਅਤੇ ਮੈ (ਮੈਂ) ਜੋ ਖੜੀ ਬੋਲੀ ਅਤੇ ਪੰਜਾਬੀ ਵਿਚ ‘ਮੈਂ’ ਦਾ ਸਮਾਨਾਰਥਿਕ ਹੈ। ਇਸ ਨੂੰ ਨਤੀਜੇ ਵਜੋਂ ਅਸੀਂ “ਮੈਂ ਹਾਂ" ਅਰਥਾਂ ਵਿਚ ਲੈ ਸਕਦੇ ਹਾਂ। ਇਸਦਾ ਤਤਕਾਲੀ ਅਰਥ ਹੰਕਾਰ (ਈਗੋ) ਹੈ। ਇਸ ਪ੍ਰਤੀ ਦੋ ਇਤਰਾਜ਼ ਹੋ ਸਕਦੇ ਹਨ। ਪਹਿਲਾ ਤਾਂ ਇਹ ਹੈ ਕਿ ਈਗੋ (ego) ਨੂੰ ਸੰਸਕ੍ਰਿਤ ਅਹੰਕਾਰ ਦਾ ਅਨੁਵਾਦ ਪਹਿਲਾਂ ਹੀ ਮੰਨਿਆ ਜਾ ਚੁੱਕਾ ਹੈ ਜੋ ਵਰਨਾਤਮਿਕ ਹੈ ਗੁਣਾਤਮਿਕ ਨਹੀਂ ਹੈ। ਦੂਸਰਾ ਇਹ ਹੈ ਕਿ ਅੰਗਰੇਜ਼ੀ ਵਿਚ ਸਮੇਂ ਨਾਲ ਇਸਦੀ ਸੁਨਿਸ਼ਚਿਤਤਾ ਘੱਟ ਗਈ ਹੈ ਅਤੇ ਹੁਣ ਇਸਨੂੰ ਘੱਟੋ-ਘੱਟ ਤਿੰਨ ਅਰਥਾਂ ਵਿਚ ਵਰਤਿਆ ਜਾ ਸਕਦਾ ਹੈ: ਪਰੰਤੂ ਇਹ ਤਿੰਨੇ ਹੀ ਹਉਮੈ ਨਾਲ ਮੇਲ ਨਹੀਂ ਖਾਂਦੇ।

      ਇਕ ਵੱਡੀ ਸੰਭਾਵਨਾ ਹੈ ਘਮੰਡ (ਗੁਮਾਨ) ਜਿਸ ਲਈ ਮੈਕਸ ਆਰਥਰ ਮੈਕਾਲਿਫ਼ ਨੇ ਸ਼ਬਦ ਪ੍ਰਾਈਡ (pride) ਵਰਤਿਆ ਹੈ ਜਿਸ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਪ੍ਰਵਾਨ ਵੀ ਕੀਤਾ ਹੈ। ਕਾਨ੍ਹ ਸਿੰਘ ਨਾਭਾ ਆਪਣੀ ਪੁਸਤਕ ਗੁਰੁਮਤ ਮਾਰਤੰਡ ਵਿਚ ਹਉਮੈ ਅਤੇ ਹੰਕਾਰ ਨੂੰ ਇਕ ਮੰਨਦੇ ਹਨ ਅਤੇ ਇਹਨਾਂ ਸ਼ਬਦਾਂ ਨਾਲ ਮਿਲਦੇ ਜੁਲਦੇ ਹੋਰ ਸ਼ਬਦ ਅਭਿਮਾਨ, ਖ਼ੁਦੀ ਅਤੇ ਗੁਮਾਨ ਵੀ ਇਹਨਾਂ ਨੇ ਇਸ ਨਾਲ ਜੋੜ ਦਿੱਤੇ ਹਨ। ਇਹਨਾਂ ਸ਼ਬਦਾਂ ਦੀ ਚੋਣ ਦਾ ਭਾਵ ਹੈ ‘ਵਾਸਤਵਿਕ ਹੋਂਦ ’ ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਦੋਵਾਂ ਸ਼ਬਦਾਂ ‘ਤੇ ਕਦੇ ਕਦਾਈਂ ਹੀ ਲਾਗੂ ਹੁੰਦਾ ਹੈ: ਇਹਨਾਂ ਦਾ ਸੰਬੰਧ ‘ਕਾਰਨ’ ਅਤੇ ‘ਕਾਰਜ ’ ਵਰਗਾ ਜਾਪਦਾ ਹੈ ਅਤੇ ਇਕ ਦੂਜੇ ਦੀ ਸਮਾਨਤਾ ਵਰਗਾ ਨਹੀਂ ਹੈ।

      ਜਿਵੇਂ ਕਿ ਹਉਮੈ ਮਨਮੁਖ ਦੀ ਮੁਢਲੀ ਬਿਮਾਰੀ ਦੇ ਤੌਰ ਤੇ ਬਿਆਨ ਕੀਤੀ ਗਈ ਹੈ, ਸ਼ਬਦ ਗਰਬ ਅਤੇ ਹੰਕਾਰ ਨੂੰ ਸਮੱਸਿਆ ਦੀ ਜੜ੍ਹ ਦੇ ਤੌਰ ਤੇ ਵਰਤਣ ਦੀ ਬਜਾਇ ਘਮੰਡ ਦੇ ਰੂਪ ਵਿਚ ਇਕ ਅਮਿੱਟ ਨਤੀਜੇ ਵਜੋਂ ਵਰਤਿਆ ਗਿਆ ਹੈ। ਇੱਥੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਵਿਚ ਹੰਕਾਰ ਨੂੰ ਪੰਜ ਬੁਰਾਈਆਂ ਵਿਚੋਂ ਸਭ ਤੋਂ ਵੱਧ ਖ਼ਤਰਨਾਕ ਮੰਨਿਆ ਹੈ ਅਤੇ ਹਉਮੈ ਜੋ ਇਸ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੈ ਇਸੇ ਲਈ ਘਾਤਕ, ਗਹਿਰਾ ਅਧਿਆਤਮਿਕ ਅਤੇ ਨੈਤਿਕ ਰੋਗ ਹੈ। ਇਸ ਤਰ੍ਹਾਂ ਵਿਚਾਰਿਆਂ ਇਸ ਸ਼ਬਦ ਦਾ ਅਰਥ ਸਪਸ਼ਟ ਹੋ ਜਾਂਦਾ ਹੈ ਭਾਵੇਂ ਕਿ ਹੋਰ ਸ਼ਬਦਾਂ ਦੀ ਅਣਹੋਂਦ ਕਾਰਨ ਇਸ ਨੂੰ ਹੰਕਾਰ, ਘਮੰਡ ਆਦਿ ਕਹਿਣ ਵਿਚ ਵੀ ਕੋਈ ਦੋਸ਼ ਨਹੀਂ ਹੈ। ਇਹਨਾਂ ਦੀਆਂ ਹੋਰ ਸੰਭਾਵਨਾਵਾਂ ਵਿਚ ਸ਼ਾਮਲ ਹੈ “ਸਵੈ ਜਿੱਦੀ ਹੋਣਾ”, “ਸਵੈ ਕੇਂਦਰਿਤ ਹੋਣਾ”। ਸਿੱਟਾ ਜੋ ਜ਼ਿਆਦਾ ਠੀਕ ਜਾਪਦਾ ਹੈ ਉਹ ਇਹ ਹੈ ਕਿ ਹਉਮੈ ਨੂੰ ਕਿਸੇ ਹੋਰ ਭਾਸ਼ਾ ਵਿਚ ਤਰਜਮਾਇਆ ਨਹੀਂ ਜਾ ਸਕਦਾ। ਇਸ ਲਈ ਇਹਨਾਂ ਸ਼ਬਦਾਂ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿਚ ਲੱਭਣਾ ਜ਼ਿਆਦਾ ਉਚਿਤ ਹੋਵੇਗਾ। ਇਸ ਤਰ੍ਹਾਂ ਅਸੀਂ ਆਸ ਕਰ ਸਕਦੇ ਹਾਂ ਕਿ ਗੁਰੂ ਦੇ ਮਨੁੱਖੀ ਮਨ ਦੇ ਸੰਕਲਪ ਅਤੇ ਹਉਮੈ ਦੀ ਬਿਮਾਰੀ ਜਿਹੜੀ ਇਸ ਨੂੰ ਲੱਗਦੀ ਹੈ ਸਮਝੀ ਜਾ ਸਕਦੀ ਹੈ।


ਲੇਖਕ : ਡਬਲਯੂ.ਐਚ.ਮ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹਉਮੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹਉਮੈ (ਸੰ.। ਦੇਸ਼ ਭਾਸ਼ਾ। ਸੰਸਕ੍ਰਿਤ ਅਹੰ=ਮਤਿ=ਰੂਹਾਨੀ ਅਗ੍ਯਾਨ) ਮੈਂ ਪੁਨੇ ਦਾ ਭਾਵ ਜੋ ਅੰਦਰ ਸਥੂਲ ਰੂਪ ਧਾਰ ਲਵੇ। -ਮੈਂ- ਜਦ -ਮੈਂ ਨਹੀਂ- ਵੱਲ ਜਾਂਦੀ ਹੈ ਤਾਂ ਆਪਾ ਨਿਵਾਰਦੀ ਹੈ। -ਮੈਂ- ਜਦ -ਹਉਂ- ਵੱਲ ਝੁਕਦੀ -ਹਉਂ ਹਉਂ- ਵਿੱਚ ਦ੍ਰਿੜ੍ਹ ਹੋ ਜਾਂਦੀ ਹੈ ਤਦ ਆਪਾ ਦ੍ਰਿੜ੍ਹ ਕਰਦੀ ਹੈ, ਇਸ ਭਾਵ ਤੋਂ ਮੋਹ ਮਾਯਾ ਵਿਚ ਫਸਦੀ ਹੈ, ਇਹ -ਹਉਮੈ- ਹੈ, ਅਹੰਕਾਰ , ਅਭਿਮਾਨ। ਯਥਾ-‘ਹਉਮੈ ਦੀਰਘ ਰੋਗੁ ਹੈ’। ਤਥਾ-‘ਅੰਤਰਿ ਹਉਮੈ ਕੰਡਾ ਹੇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹਉਮੈ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਉਮੈ : ਹਉਮੈ ਸ਼ਬਦ ਦੇ ਅਰਥ ‘ਮੈਂ ਹਾਂ, ਮੈਂ, ਮੇਰੀ’ ਆਦਿ ਹਨ। ਇਹ ਸ਼ਬਦ ਖੁਦੀ ਦੇ ਨਾਲ ਜੁੜਦਾ ਹੈ। ਗੁਰੂ ਨਾਨਕ ਦੇਵ ਜੀ ਨੇ ‘ਹਉਮੈ’ ਨੂੰ ਇਕ ਦੀਰਘ ਮਾਨਸਿਕ ਰੋਗ ਮੰਨਿਆ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਹਉਮੈ ਜੀਵ ਨੂੰ ਪਰਮਾਤਮਾ ਤੋਂ ਦੂਰ ਰਖਦੀ ਹੈ। ਇਹ ਜੀਵ ਨੂੰ ਆਪਣੀ ਹਸਤੀ ਦੇ ਅਹਿਸਾਸ ਤੋਂ ਜਾਣੂੰ ਕਰਵਾਉਂਦਾ ਹੈ ਅਤੇ ਪਰਮਾਤਮਾ ਦੀ ਹਸਤੀ ਤੋਂ ਅਣਜਾਣ ਰਖਦਾ ਹੈ। ਜੀਵ ਵਿਸ਼ੇ ਵਿਕਾਰਾਂ ਵਿਚ ਫਸਿਆ ਰਹਿੰਦਾ ਹੈ ਅਤੇ ਕਾਮ, ਕ੍ਰੋਧ, ਲੋਭ , ਮੋਹ, ਹੰਕਾਰ ਇਸਨੂੰ ਚੱਕਰ ਵਿਚ ਫਸਾਈ ਰਖਦੇ ਹਨ। ਸੰਸਾਰ ਦੇ ਬਾਕੀ ਜੀਵਾਂ ਨਾਲ ਇਸ ਦਾ ਵੈਰ ਵਿਰੋਧ ਵੱਧ ਜਾਂਦਾ ਹੈ ਅਤੇ ਭੇਦ ਭਾਵ ਪੈਦਾ ਹੋ ਜਾਂਦਾ ਹੈ। ਜੀਵ ਕਿਸੇ ਨਾਲ ਪਿਆਰ ਅਤੇ ਕਿਸੇ ਨਾਲ ਨਫ਼ਰਤ ਕਰਨ ਲਗਦਾ ਹੈ।

          ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੀ ਅਸਲੀਅਤ ਨੂੰ ਪਛਾਣੇ ਅਤੇ ਹਉਮੈ ਨੂੰ ਤਿਆਗੇ। ਸ਼ੇਖ਼ ਸਾਅਦੀ ਨੇ ਕਿਹਾ ਹੈ ਕਿ ਹਉਮੈ ਜਾਂ ਗ਼ਰੂਰ ਕਰਨ ਦੀ ਆਦਤ ਮੂਰਖਾਂ ਦੀ ਹੁੰਦੀ ਹੈ, ਨੇਕ ਲੋਕ ਕਦੇ ਅਹੰਕਾਰ ਨਹੀਂ ਕਰਦੇ। ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਹਉਮੈ ਰਹਿਤ ਹੋ ਕੇ ਜੀਵਨ ਬਤੀਤ ਕਰੇ। ਜਦੋਂ ਜੀਵ ਪਰਮਾਤਮਾ ਦੇ ਹੁਕਮਾਂ ਦਾ ਅਨੁਸਾਰੀ ਹੋ ਜਾਵੇਗਾ ਤਾਂ ਉਹ ਪਰਮਾਤਮਾ ਦੀ ਹਸਤੀ ਤੋਂ ਬਿਨਾਂ ਹੋਰ ਕੁਝ ਨਹੀਂ ਵੇਖੇਗਾ ਅਤੇ ਉਸਦੀ ਨਿਜੀ ਹਊਮੈ ਖ਼ਤਮ ਹੋ ਜਾਵੇਗੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ––

                   ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨਾ ਕੋਇ।     

                   ਨਾਨਕ ਹੁਕਮੈ ਜੇ ਬੁਝੈ, ਤ ਹਉਮੈ ਕਹੈ ਨਾ ਕੋਇ।।

                                                          (ਜਪੁਜੀ)

          ਹ. ਪੁ. ––ਗੁ. ਨਾ. ਸ਼. ਰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.