ਹਕੀਕਤ ਰਾਇ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਹਕੀਕਤ ਰਾਇ. ਸਿਆਲਕੋਟ ਨਿਵਾਸੀ ਬਾਘ ਮੱਲ (ਬਾਗ ਮੱਲ) ਪੁਰੀ ਖਤ੍ਰੀ ਦੇ ਘਰ , ਸਿੱਖ ਪੁਤ੍ਰੀ ਗੌਰਾਂ ਦੇ ਉਦਰ ਤੋਂ ਸੰਮਤ ੧੭੮੧ ਵਿੱਚ ਹਕੀਕਤ ਰਾਇ ਦਾ ਜਨਮ ਹੋਇਆ. ਵਟਾਲਾ ਨਿਵਾਸੀ ਸਹਿਜਧਾਰੀ ਸਿੱਖ ਕਿਸਨ ਚੰਦ ਉੱਪਲ ਖਤ੍ਰੀ ਦੀ ਸੁਪੁਤ੍ਰੀ ਦੁਰਗਾ ਦੇਵੀ ਨਾਲ ਵਿਆਹ ਹੋਇਆ ਅਤੇ ਭਾਈ ਬੁਧ ਸਿੰਘ ਵਟਾਲੀਏ ਦੀ ਸੰਗਤਿ ਤੋਂ ਸਿੱਖਧਰਮ ਦੇ ਨਿਯਮਾਂ ਦਾ ਵਿਸ੍ਵਾਸੀ ਹੋਇਆ. ਪਿਤਾ ਨੇ ਪੁਤ੍ਰ ਨੂੰ ਉਸ ਸਮੇਂ ਦੀ ਰਾਜਭਾ ਪੜ੍ਹਾਉਣ ਲਈ ਸ਼ਹਿਰ ਦੇ ਮਕਤਬ ਵਿੱਚ ਬੈਠਾਇਆ. ਇੱਕ ਦਿਨ ਜਮਾਤ ਦੇ ਮੁਸਲਮਾਨ ਮੁੰਡਿਆਂ ਨਾਲ ਹਕੀਕਤ ਦੀ ਧਰਮਚਰਚਾ ਛਿੜ ਪਈ. ਮੁਸਲਮਾਨਾਂ ਨੇ ਦੇਵੀ ਨੂੰ ਕੁਝ ਅਯੋਗ ਸ਼ਬਦ ਕਹੇ, ਇਸ ਪੁਰ ਹਕੀਕਤ ਰਾਇ ਨੇ ਆਖਿਆ ਕਿ ਜੇ ਅਜੇਹੇ ਅਪਮਾਨ ਭਰੇ ਸ਼ਬਦ ਮੁਹੰਮਦ ਸਾਹਿਬ ਦੀ ਪੁਤ੍ਰੀ ਫ਼ਾਤਿਮਾ ਦੀ ਸ਼ਾਨ ਵਿੱਚ ਵਰਤੇ ਜਾਣ, ਤਾਂ ਤੁਹਾਨੂੰ ਕਿੰਨਾ ਦੁੱਖ ਹੋਵੇਗਾ. ਇਹ ਯੋਗ ਬਾਤ ਭੀ ਮੁੰਡਿਆਂ ਅਤੇ ਮੌਲਵੀ ਤੋਂ ਨਾ ਸਹਾਰੀ ਗਈ, ਅਰ ਸਿਆਲਕੋਟ ਦੇ ਹਾਕਮ ਅਮੀਰ ਬੇਗ ਤੋਂ ਹਕੀਕਤ ਰਾਇ ਦਾ ਚਾਲਾਨ ਲਹੌਰ ਦੇ ਸੂਬੇ ਪਾਸ ਕਰਵਾਇਆ. ਮੁਸਲਮਾਨ ਹਾਕਿਮਾਂ ਨੇ ਇਸ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ, ਪਰ ਹਕੀਕਤ ਨੇ ਇਨਕਾਰ ਕੀਤਾ. ਇਸ ਪੁਰ ਬਾਲਕ ਹਕੀਕਤ ਮਾਘ ਸੁਦੀ ੫ ਸੰਮਤ ੧੭੯੮ (ਸਨ ੧੮੪੧) ਨੂੰ ਖਾਨਬਹਾਦੁਰ (ਜਕਰੀਆਖ਼ਾਨ) ਗਵਰਨਰ ਦੇ ਹੁਕਮ ਨਾਲ ਕਤਲ ਕੀਤਾ ਗਿਆ. ਹਕੀਕਤ ਰਾਇ ਧਰਮੀ ਦੀ ਸਮਾਧਿ ਲਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਹੈ, ਜਿਸ ਤੇ ਬਸੰਤ ਪੰਚਮੀ ਦਾ ਹਰ ਸਾਲ ਭਾਰੀ ਮੇਲਾ ਜੁੜਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਕੀਕਤ ਰਾਇ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਕੀਕਤ ਰਾਇ (1724-1742): ਸਿਆਲਕੋਟ ਦੇ ਰੱਜੇ- ਪੁੱਜੇ ਖੱਤਰੀ ਬਾਘ ਮੱਲ ਪੁਰੀ ਅਤੇ ਗੌਰਾਂ ਦੇ ਘਰ ਜਨਮਿਆ ਸੀ। ਇਸਦਾ ਵਿਆਹ ਗੁਰਦਾਸਪੁਰ ਜ਼ਿਲੇ ਵਿਚ ਬਟਾਲਾ ਦੇ ਕਿਸ਼ਨ ਸਿੰਘ ਉੱਪਲ ਦੀ ਸਿੱਖ ਪੁੱਤਰੀ ਦੁਰਗਾ ਦੇਵੀ ਨਾਲ ਹੋਇਆ। ਸ਼ਰਧਾਲੂ ਸਿੱਖ ਪਰਵਾਰ ਵਿਚ ਵਿਆਹ ਹੋਣ ਕਰਕੇ ਹਕੀਕਤ ਰਾਇ ਸਿੱਖੀ ਦੇ ਪ੍ਰਭਾਵ ਹੇਠ ਆਇਆ। ਇਸਦਾ ਆਪਣਾ ਪਰਵਾਰ ਵੀ ਇਸ ਨਵੇਂ ਧਰਮ ਤੋਂ ਅਣਜਾਣ ਨਹੀਂ ਸੀ। ਗੁਰੂ ਕੀਆਂ ਸਾਖੀਆਂ ਅਨੁਸਾਰ 1660 ਵਿਚ ਜਦੋਂ ਗੁਰੂ ਹਰਿਰਾਇ ਜੀ ਕਸ਼ਮੀਰ ਜਾਂਦੇ ਹੋਏ ਸਿਆਲਕੋਟ ਠਹਿਰੇ ਸਨ ਤਾਂ ਹਕੀਕਤ ਰਾਇ ਦਾ ਦਾਦਾ , ਭਾਈ ਨੰਦ ਲਾਲ ਪੁਰੀ ਆਪਣੇ ਤਿੰਨਾਂ ਪੁੱਤਰਾਂ ਮੰਗਲ ਸੇਨ, ਬਾਘ ਮੱਲ ਅਤੇ ਭਾਗ ਮੱਲ ਸਮੇਤ ਗੁਰੂ ਜੀ ਨੂੰ ਨਮਸਕਾਰ ਕਰਨ ਆਇਆ ਸੀ। ਹਕੀਕਤ ਰਾਇ ਜਦੋਂ ਵੱਡਾ ਹੋਇਆ ਤਾਂ ਫ਼ਾਰਸੀ ਅਤੇ ਉਰਦੂ ਸਿੱਖਣ ਲਈ ਇਸ ਨੂੰ ਮੁਸਲਿਮ ਸਕੂਲ ਭੇਜਿਆ ਗਿਆ। ਇਕ ਦਿਨ ਇਸਦੇ ਮੁਸਲਮਾਨ ਜਮਾਤੀਆਂ ਨੇ ਹਿੰਦੂ ਦੇਵਤੇ ਅਤੇ ਦੇਵੀਆਂ ਨੂੰ ਨਿੰਦਿਆ। ਹਕੀਕਤ ਰਾਇ ਨੇ ਬਦਲਾ ਲੈਣ ਲਈ ਮੁਸਲਿਮ ਧਰਮ ਦੇ ਇਕ ਵਿਅਕਤੀ ਨੂੰ ਬੁਰਾ ਭਲਾ ਕਿਹਾ। ਧਰਮ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਇਸ ਨੂੰ ਕਾਜ਼ੀ ਸਾਮ੍ਹਣੇ ਲਿਆਂਦਾ ਗਿਆ ਜਿਸਨੇ ਇਸ ਨੂੰ ਲਾਹੌਰ ਦੇ ਮੁਖੀ ਕਾਜ਼ੀ ਕੋਲ ਭੇਜ ਦਿੱਤਾ। ਹਕੀਕਤ ਰਾਇ ਨੂੰ ਕਾਫ਼ੀ ਪੁਲਿਸ ਦੀ ਦੇਖ-ਰੇਖ ਹੇਠ ਸ਼ਹਿਰ ਲੈ ਜਾਇਆ ਗਿਆ। ਮੁੱਖ ਕਾਜ਼ੀ ਨੇ ਮੁਕੱਦਮਾ ਸੁਣਿਆ ਅਤੇ ਨਤੀਜੇ ਵਜੋਂ ਕਿਹਾ ਕਿ ਹਕੀਕਤ ਰਾਇ ਜਾਂ ਤਾਂ ਮੁਸਲਮਾਨ ਬਣ ਜਾਏ ਜਾਂ ਮੌਤ ਕਬੂਲ ਕਰ ਲਏ। ਹਕੀਕਤ ਰਾਇ ਨੇ ਆਪਣੇ ਵਡੇਰਿਆਂ ਦੇ ਧਾਰਮਿਕ ਵਿਸ਼ਵਾਸ (ਧਰਮ) ਨੂੰ ਛੱਡਣ ਤੋਂ ਨਾਂਹ ਕਰ ਦਿੱਤੀ। ਇਸਦੇ ਮਾਪਿਆਂ ਅਤੇ ਲਾਹੌਰ ਸ਼ਹਿਰ ਦੇ ਵਾਸੀਆਂ ਨੇ ਗਵਰਨਰ ਜ਼ਕਰੀਆ ਖ਼ਾਨ ਅਤੇ ਉਸਦੇ ਮੰਤਰੀ ਲਖਪਤ ਰਾਇ ਅੱਗੇ ਰਹਿਮ ਦੀ ਅਪੀਲ ਕੀਤੀ ਪਰ ਕੁਝ ਹੱਥ ਨਾ ਆਇਆ। ਦੂਜੇ ਪਾਸੇ ਹਕੀਕਤ ਰਾਇ ਆਪਣੇ ਧਰਮ ਨੂੰ ਕਿਸੇ ਵੀ ਕੀਮਤ ‘ਤੇ ਛੱਡਣ ਲਈ ਤਿਆਰ ਨਹੀਂ ਸੀ। ਦੋਸ਼ੀ ਕਰਾਰ ਦੇਣ ਵਾਲਿਆਂ ਦੇ ਆਦੇਸ਼ਾਂ ਅਨੁਸਾਰ ਪਹਿਲਾਂ ਇਸ ਨੂੰ ਇਕ ਥੰਮ੍ਹ ਨਾਲ ਬੰਨ੍ਹਿਆ ਗਿਆ ਅਤੇ ਫਿਰ ਕੋੜੇ ਮਾਰੇ ਗਏ। 29 ਜਨਵਰੀ, 1742 ਨੂੰ ਬਸੰਤ ਪੰਚਮੀ ਵਾਲੇ ਦਿਨ ਇਸ ਨੂੰ ਫਾਸੀ ਲਾਉਣ ਲਈ ਜੱਲਾਦ ਦੇ ਹਵਾਲੇ ਕਰ ਦਿੱਤਾ ਗਿਆ। ਪੰਥ ਪ੍ਰਕਾਸ਼ ਅਨੁਸਾਰ, ਸਿੱਖ ਉਸ ਕਾਜ਼ੀ ਉੱਪਰ ਟੁੱਟ ਕੇ ਪੈ ਗਏ ਜਿਸ ਨੇ ਹਕੀਕਤ ਰਾਇ ਵਿਰੁੱਧ ਫੱਤਵਾ ਦਿੱਤਾ ਸੀ: ਉਸ ਨੂੰ ਪਕੜ ਲਿਆਏ ਅਤੇ ਉਸਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ।
ਹਕੀਕਤ ਰਾਇ ਦਾ ਸਸਕਾਰ ਲਾਹੌਰ ਤੋਂ 3 ਕਿ.ਮੀ. ਪੂਰਬ ਵੱਲ ਸ਼ਾਹ ਬਿਲਾਵਲ ਦੇ ਮਕਬਰੇ ਦੇ ਨੇੜੇ ਕੀਤਾ ਗਿਆ। ਉਸ ਅਸਥਾਨ ‘ਤੇ ਉਸਦੀ ਸਮਾਧ ਬਣਾਈ ਗਈ ਤੇ ਸ਼ਰਧਾਲੂ ਸਾਲ ਭਰ ਇਸ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਆਉਂਦੇ ਰਹਿੰਦੇ ਹਨ। ਬਸੰਤ ਪੰਚਮੀ ਵਾਲੇ ਦਿਨ ਇਸ ਦੀ ਬਰਸੀ ਮਨਾਈ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਹਕੀਕਤ ਰਾਇ ਦੀ ਸਮਾਧ ਲਈ ਬੜੀ ਸ਼ਰਧਾ ਰੱਖਦੇ ਸਨ ਤੇ ਸਮਾਧ ਦੇ ਅਹਾਤੇ ਵਿਚ ਕਈ ਵਾਰੀ ਆਪਣਾ ਦਰਬਾਰ ਵੀ ਲਾ ਲੈਂਦੇ ਸਨ।
ਲੇਖਕ : ਭ.ਸ. ਅਤੇ ਅਨੁ.: ਰ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First