ਹਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਲ. ਸੰ. हल्. ਧਾ—ਜੋਤਣਾ. ਖਿੱਚਣਾ. ਲਕੀਰ ਕੱਢਣੀ। ੨ ਸੰਗ੍ਯਾ—ਜਮੀਨ ਵਾਹੁਣ ਦਾ ਸੰਦ. ਲਾਂਗਲ. ਦੇਖੋ, ਹਲੁ. ਅਤ੍ਰਿ ਸਿਮ੍ਰਿਤਿ ਦੇ ਸ਼: ੨੧੮ ਵਿੱਚ ਲਿਖਿਆ ਹੈ—ਅੱਠ ਬੈਲਾਂ ਦਾ ਹਲ ਧਰਮੀ ਲੋਕ ਚਲਾਉਂਦੇ ਹਨ, ਛੀ ਬੈਲਾਂ ਦਾ ਹਲ ਚਲਾਉਣਾ ਭੀ ਨਿੰਦਿਤ ਨਹੀਂ. ਨਿਰਦਈ ਚਾਰ ਬੈਲਾਂ ਦਾ ਹਲ ਚਲਾਉਂਦੇ ਹਨ ਅਤੇ ਦੋ ਬੈਲਾਂ ਦਾ ਹਲ ਚਲਾਉਣ ਵਾਲੇ ਗਊਹਤ੍ਯਾ ਕਰਦੇ ਹਨ. ਇਸੀ ਦੀ ਪੁ ਆਪਸਤੰਬ ਸਿਮ੍ਰਿਤਿ ਦੇ ਪਹਿਲੇ ਅਧ੍ਯਾਯ ਵਿੱਚ ਹੈ. ਪਾਰਾਸ਼ਰ ਸਿਮ੍ਰਿਤਿ ਦੇ ਦੂਜੇ ਅਧ੍ਯਾਯ ਦੇ ਸ਼ਲੋਕ ੮, ੯, ੧੦ ਵਿੱਚ ਭੀ ਐਸਾ ਹੀ ਲਿਖਿਆ ਹੈ। ੩ ਉਤਨੀ ਜ਼ਮੀਨ ਜਿਸ ਨੂੰ ਇੱਕ ਹਲ ਚੰਗੀ ਤਰਾਂ ਵਾਹਕੇ ਖੇਤੀ ਕਰ ਸਕੇ.1 “ਭੂਮਿ ਪਾਂਚ ਹਲ ਕੀ ਇਨ ਦੀਜੈ.” (ਗੁਪ੍ਰਸੂ) ਦੇਖੋ, ਚੜਸਾ ੨। ੪ ਵ੍ਯਾਕਰਣ ਅਨੁਸਾਰ ਅਚ ਰਹਿਤ ਅਰ. ਇਹ ਨਾਉਂ ਭੀ ਲਕੀਰ ਖਿੱਚਣ ਕਰਕੇ ਹੀ ਹੋਇਆ ਹੈ।2 ੫ ਦੇਖੋ, ਹ੍ਵਲੑ ਧਾ। ੬ ਅ਼ ਸਰਵ ਅਤੇ ਵਿ—ਕਿਆ. ਕੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹਲ : ਜ਼ਮੀਨ ਨੂੰ ਬੀਜਣਯੋਗ ਬਣਾਉਣ ਲਈ ਕੁੱਝ ਡੂੰਘਾਈ ਤਕ ਪੁੱਟਣਾ ਪੈਂਦਾ ਹੈ। ਇਸ ਤਰ੍ਹਾਂ ਪੁੱਟੀ ਜ਼ਮੀਨ ਪੋਲੀ ਹੋ ਜਾਂਦੀ ਹੈ। ਪੋਲੀ ਜ਼ਮੀਨ ਬੀਜ ਦੇ ਅੰਕੁਰਨ ਲਈ ਮੁਆਫ਼ਕ ਹੁੰਦੀ ਹੈ। ਮਨੁੱਖ ਪਹਿਲਾਂ ਪਹਿਲ ਜ਼ਮੀਨ ਪੁੱਟਣ ਲਈ ਪੱਥਰ ਦੇ ਤਿੱਖੇ ਸੰਦਾਂ ਦੀ ਵਰਤੋਂ ਕਰਦਾ ਰਿਹਾ। ਫਿਰ ਇਨ੍ਹਾਂ ਸੰਦਾਂ ਵਿਚ ਸਮੇਂ ਦੇ ਨਾਲ ਨਾਲ ਵਿਕਾਸ ਹੁੰਦਾ ਰਿਹਾ ਅਤੇ ਇਨ੍ਹਾਂ ਨੇ ਆਧੁਨਿਕ ਹਲਾਂ ਦਾ ਰੂਪ ਧਾਰ ਲਿਆ। ਭਾਰਤੀ ਹਲ ਪੱਛਮੀ ਦੇਸ਼ਾਂ ਦੇ ਕਲਟੀਵੇਟਰ ਜਿਹਾ ਹੈ।
ਹਲ ਕਿਸਾਨ ਦਾ ਪ੍ਰਮੁੱਖ ਸੰਦ ਹੈ ਜਿਸਦੀ ਵਰਤੋਂ ਸਾਰੇ ਭਾਰਤ ਵਿਚ ਕੀਤੀ ਜਾਂਦੀ ਹੈ। ਦੇਸੀ ਹਲ ਲਗਭਗ ਇਕੋ ਕਿਸਮ ਦੇ ਹਨ ਅਤੇ ਫ਼ਰਕ ਕੇਵਲ ਆਕਾਰ ਦਾ ਹੀ ਹੁੰਦਾ ਹੈ। ਇਹ ਆਕਾਰ ਕਿਸੇ ਵਿਸ਼ੇਸ਼ ਇਲਾਕੇ ਦੀ ਭੋਂ ਦੀ ਕਿਸਮ ਅਤੇ ਉੱਥੇ ਜੋਤੇ ਜਾਂਦੇ ਬਲਦਾਂ ਦੇ ਆਕਾਰ ਮੁਤਾਬਕ ਹੁੰਦਾ ਹੈ। ਭਾਰਤ ਵਿਚ ਭਾਰੇ ਹਲ ਕਾਲੀ ਮਿੱਟੀ ਵਾਲੇ ਇਲਾਕਿਆਂ ਵਿਚ ਵਰਤੇ ਜਾਂਦੇ ਹਨ।
ਹਲ ਤਿਕੋਣਾ ਜਿਹਾ ਹੁੰਦਾ ਹੈ। ਇਸ ਦੇ ਮਹੱਤਵਪੂਰਨ ਅਤੇ ਪ੍ਰਮੁੱਖ ਭਾਗ ਨੂੰ ਮੁੰਨਾ ਆਖਦੇ ਹਨ। ਮੁੰਨੇ ਦਾ ਉਤਲਾ ਭਾਗ ਕੁੱਬਦਾਰ ਅਤੇ ਪਤਲਾ ਹੁੰਦਾ ਹੈ ਜਿਸ ਨੂੰ ਜੰਘੀ ਵੀ ਆਖਦੇ ਹਨ। ਹਲ ਨੂੰ ਫੜ ਕੇ ਰੱਖਣ ਲਈ ਜੰਘੀ ਦੇ ਉਪਰਲੇ ਸਿਰੇ ਉੱਤੇ ਹੱਥੀਲੀ ਲਾਈ ਜਾਂਦੀ ਹੈ। ਮੁੰਨੇ ਦਾ ਜੰਘੀ ਤੋਂ ਹੇਠਲਾ ਭਾਗ ਚੌੜਾ ਹੁੰਦਾ ਜਾਂਦਾ ਹੈ। ਇਸ ਭਾਗ ਵਿਚ ਹੱਲ ਠੋਕੀ ਹੋਈ ਹੁੰਦੀ ਹੈ ਜੋ ਹੱਲ ਸੰਨ੍ਹਾ ਜੋੜ ਕੇ ਲਮੇਰੀ ਕੀਤੀ ਹੁੰਦੀ ਹੈ। ਇਸਦੀ ਲੰਬਾਈ 2.2 ਤੋਂ 3.2 ਮੀ. ਤਕ ਹੁੰਦੀ ਹੈ। ਹੱਲ ਦੇ ਸਿਰੇ ਉੱਤੇ ਤਿੰਨ ਗਲੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕਿੱਲੀ ਫਸਾ ਕੇ ਬਲਦਾਂ ਦੀ ਪੰਜਾਲੀ ਨਾਲ ਜੋੜਿਆ ਜਾਂਦਾ ਹੈ। ਜੇਕਰ ਹਲ ਉੱਚਾ (ਓਕੜੂ) ਕਰਨਾ ਹੋਵੇ ਤਾਂ ਕਿੱਲੀ ਸਭ ਤੋਂ ਪਿਛਲੀ ਗਲੀ ਵਿਚ ਫਸਾਈ ਜਾਂਦੀ ਹੈ ਅਤੇ ਜੇਕਰ ਹਲ ਡੂੰਘਾ ਲਾਉਣ ਹੋਵੇ ਤਾਂ ਕਿੱਲੀ ਸਿਰੇ ਵਾਲੀ ਗਲੀ ਵਿਚ ਫਸਾਈ ਜਾਂਦੀ ਹੈ। ਹੱਲ ਤੋਂ ਹੇਠ੍ਹਾਂ ਮੁੰਨੇ ਵਿਚ ਚਉ ਫਸਾਇਆ ਜਾਂਦਾ ਹੈ। ਚਉ ਲੱਕੜੀ ਦਾ ਹੁੰਦਾ ਹੈ ਪਰ ਇਸ ਉੱਤੇ ਲੋਹੇ ਦਾ ਫਾਲਾ ਕਸਿਆ ਹੁੰਦਾ ਹੈ ਜੋ ਤਿੱਖਾ ਹੋਣ ਕਰਕੇ ਜ਼ਮੀਨ ਵਿਚ ਆਸਾਨੀ ਨਾਲ ਧਸ ਜਾਂਦਾ ਹੈ ਅਤੇ ਚਉ ਨੂੰ ਘਸਣ ਤੋਂ ਵੀ ਬਚਾਉਂਦਾ ਹੈ।
ਹੇਠ੍ਹਾਂ ਦਿੱਤੀ ਸਾਰਨੀ ਤੋਂ ਵੱਖ ਵੱਖ ਪ੍ਰਾਂਤਾਂ ਵਿਚ ਵਰਤੇ ਜਾਂਦੇ ਹਲਾਂ ਦੇ ਭਾਰ, ਸਿਆੜ ਦੇ ਆਕਾਰ ਅਤੇ ਖਿਚਾਈ ਦਾ ਤੁਲਨਾਤਮਕ ਅੰਦਾਜ਼ਾ ਲੱਗ ਜਾਂਦਾ ਹੈ :––
ਹਲ ਦੀ ਕਿਸਮ ਭਾਰ ਕਿ. ਗ੍ਰਾਂ ਕੁੜ ਦੀ ਲੰਬਾਈ ਔਸਤ ਹਾਰਸ ਔਸਤਨ ਸਿਆੜ ਦੇ ਆਕਾਰ
ਕਿਸਮ ਵਿਚ ਲੰਬਾਈ (ਮੀ.) ਖਿਚਾਈ (ਕਿ.ਗ੍ਰਾ) ਪਾਵਰ ਚੌੜਾਈ (ਮਿ. ਮੀ.) ਡੂੰਘਾਈ (ਮਿ.ਮੀ)
ਬਰੇਲੀ 10.886 2.667 28.627 0.40 176 102
ਪੂਸਾ (ਬਿਹਾਰ) 15.422 4.597 27.408 0.43 258 168
ਅੰਗੁਲ ਉੜੀਸਾ) 10.886 2.159 46.720 0.73 281 152
ਸਬੋਰ (ਬੰਗਾਲ) 19.958 2.870 99.790 1.35 290 192
ਪਟਨਾ 11.340 3.717 53.977 0.81 279 189
ਕਰਨਾਲ 23.587 3.327 134.263 1.87 305 209
ਦੌਹਾਦ (ਬੰਬਈ) 13.154 3.022 158.758 2.67 231 237
ਕੋਇੰਬਟੋਰ 16.783 3.455 147.099 1.71 279 229
ਇੰਦੌਰ 25.855 3.150 182.798 1.71 241 267
ਇਸ ਨਾਲ ਜ਼ਮੀਨ ਦੀ ਪੁਟਾਈ 10 ਸੈਂ. ਮੀ. ਤੋਂ 20 ਸੈਂ. ਮੀ. ਤੇ ਚੌੜਾਈ 13 ਸੈਂ. ਮੀ. ਤੋਂ 18 ਸੈਂ. ਮੀ. ਤਕ ਹੋ ਸਕਦੀ ਹੈ। ਥੋੜ੍ਹੀ ਬਹੁਤੀ ਭਿੰਨਤਾ ਡਿਜ਼ਾਈਨ, ਭਾਰ ਜਾਂ ਹੱਲ ਦੀ ਲੰਬਾਈ ਕਾਰਨ ਹੁੰਦੀ ਹੈ। ਮਹਾਰਾਸ਼ਟਰ ਵਿਚ ਵਰਤਿਆ ਜਾਣ ਵਾਲਾ ਹਲ ਸਭ ਤੋਂ ਭਾਰਾ ਹੁੰਦਾ ਹੈ ਜਿਸ ਦੀ ਖਿਚਾਈ ਲਈ 2 ਤੋਂ 4 ਬਲਦਾਂ ਦੀਆਂ ਜੋੜੀਆਂ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਦੇਸੀ ਹਲ ਕਾਫ਼ੀ ਹਲਕੇ ਹੁੰਦੇ ਹਨ। ਇਹ ਜਾਂ ਤਾਂ ਜ਼ਿਮੀਦਾਰ ਆਪਦੇ ਮੋਢੇ ਤੇ ਚੁੱਕ ਕੇ ਜਾਂ ਬਲਦਾਂ ਦੀ ਪੰਜਾਲੀ ਤੇ ਰਖ ਕੇ ਲੈ ਜਾਂਦਾ ਹੈ। ਹਲ ਦੀ ਡੂੰਘਾਈ ਹੱਲ ਵਿਚਕਾਰਲੇ ਫਾਨੇ ਨਾਲ ਜਾਂ ਪੰਜਾਲੀ ਨਾਲ ਠੀਕ ਕੀਤੀ ਜਾ ਸਕਦੀ ਹੈ। ਜੇਕਰ ਹੱਲ ਅੱਗੇ ਵਧਾ ਕੇ ਲਾਈ ਜਾਵੇ ਤਾਂ ਪੁਟਾਈ ਡੂੰਘੀ ਹੋਵੇਗੀ । ਇਸੇ ਤਰ੍ਹਾਂ ਜੇਕਰ ਹੱਲ ਪਿਛੇ ਵਲ ਕਰਕੇ ਲਾਈ ਜਾਵੇ ਤਾਂ ਪੁਟਾਈ ਡੂਘੀ ਨਹੀਂ ਹੋਵੇਗੀ। ਕਿਉਂਕਿ ਦੇਸੀ ਹੱਲ ਸਿਰਫ਼ ਕਲਟੀਵੇਟਰ ਦਾ ਹੀ ਕੰਮ ਕਰਦਾ ਹੈ ਇਸ ਲਈ ਚੰਗਾ ਵਾਹਣ ਪ੍ਰਾਪਤ ਕਰਨ ਲਈ ਖੇਤ ਨੂੰ ਇਕ ਵਾਰ ਇਕ ਪਾਸੇ ਤੋਂ ਫਿਰ ਦੂਜੀ ਵਾਰ ਦੂਜੇ ਪਾਸੇ ਤੋਂ ਜਾਂ ਬਹੁਤ ਵਾਰ ਵਾਹੁਣ ਦੀ ਲੋੜ ਪੈਂਦੀ ਹੈ। ਦੇਸੀ ਹਲ ਨਾਲ ਘੱਟ ਡੂੰਘੇ ਸਿਆੜ ਬਣਾਏ ਜਾਂਦੇ ਹਨ ਤਾਂ ਜੋ ਅੰਤਰ ਕਾਸ਼ਤ ਵੇਲੇ ਬੀਜਾਈ ਕੀਤੀ ਜਾ ਸਕੇ। ਆਲੂ, ਮੂੰਗਫਲੀ, ਸ਼ਕਰਕੰਦੀ ਦੀ ਪੁਟਾਈ ਲਈ ਵੀ ਦੇਸੀ ਹਲ ਵਰਤਿਆ ਜਾਂਦਾ ਹੈ।
ਉਲਟਾਂਵਾਂ ਹਲ–– ਇਸ ਵਿਚ ਇਕ ਫਾਨਾ ਅਤੇ ਸਟੀਲ ਦਾ ਇਕ ਮੁੜਿਆ ਹੋਇਆ ਬੋਰਡ ਜਿਹਾ ਹੁੰਦਾ ਹੈ। ਇਸੇ ਲਈ ਇਸ ਨੂੰ ਅੰਗਰੇਜ਼ੀ ਵਿਚ ਮੋਲਡ ਬੋਰਡ ਪਲਾਓ ਕਿਹਾ ਜਾਂਦਾ ਹੈ। ਭਾਰਤ ਵਿਚ ਕਾਸ਼ਤ ਕਰਨ ਲਈ ਬਾਹਰਲੇ ਦੇਸ਼ਾਂ ਤੋਂ ਲਿਆਂਦੇ ਸੰਦਾਂ ਵਿਚੋਂ ਇਹ ਸਭ ਤੋਂ ਪਹਿਲਾ ਹੈ। ਇਸ ਵਿਚ ਇਕ ਵਰਗਾਕਾਰ ਸਿਆੜ ਪੁੱਟਿਆ ਜਾਂਦਾ ਹੈ ਅਤੇ ਮਿੱਟੀ ਥੋੜ੍ਹੀ ਜਿਹੀ ਜਾਂ ਪੂਰੀ ਤਰ੍ਹਾਂ ਇਕ ਪਾਸੇ ਉਲਟ ਜਾਂਦੀ ਹੈ। ਵੱਡੀਆਂ ਹੱਲਾਂ ਵਾਲੇ ਹਲਾਂ ਵਿਚ ਹੱਲ ਅਤੇ ਹੱਥੀ ਲੱਕੜ ਦੇ ਹੀ ਬਣੇ ਹੁੰਦੇ ਹਨ ਜਦ ਕਿ ਛੋਟੀਆਂ ਹਲਾਂ ਵਾਲੇ ਹਲਾਂ ਵਿਚ ਸਾਰਾ ਸੰਦ ਧਾਤ ਦਾ ਹੀ ਬਣਿਆ ਹੁੰਦਾ ਹੈ। ਇਹ ਹਲ ਉਨ੍ਹਾਂ ਇਲਾਕਿਆਂ ਵਿਚ ਬਹੁਤ ਵਰਤੇ ਜਾ ਰਹੇ ਹਨ ਜਿਥੇ ਹਰੀ ਖਾਦ ਜਾਂ ਸਤ੍ਹਾ ਤੇ ਉੱਗੀ ਹੋਈ ਬਨਸਪਤੀ ਨੂੰ ਹਲ ਵਾਹ ਕੇ ਜ਼ਮੀਨ ਵਿਚ ਹੀ ਦੱਬ ਦੇਣਾ ਹੋਵੇ ਤਾਂ ਜੋ ਹਰੀ ਬਨਸਪਤੀ ਗਲ ਕੇ ਚੰਗੀ ਰੂੜੀ ਬਣ ਸਕੇ। ਭਾਰੇ ਉਲਟਾਵੇਂ ਹਲਾਂ ਲਈ ਤਕੜੇ ਬਲਦਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਹਲਕੇ ਉਲਟਾਵੇਂ ਹਲਾਂ ਲਈ ਤਕੜੇ ਬਲਦਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਹਲਕੇ ਉਲਟਾਵੇਂ ਹਲਾਂ ਦੇ ਫਾਨੇ ਦੇਗੀ ਲੋਹੇ ਦੀ ਬਜਾਏ ਸਟੀਲ ਦੇ ਹੋਣੇ ਚਾਹੀਦੇ ਹਨ। ਇਸ ਹਲ ਦੀ ਵਧ ਰਹੀ ਵਰਤੋਂ ਨੇ ਕਈ ਥਾਵਾਂ ਤੇ ਦੇਸੀ ਹਲ ਦੀ ਵਰਤੋਂ ਘਟਾ ਦਿੱਤੀ ਹੈ। ਇਸ ਹਲ ਨਾਲ 12 ਸੈਂ. ਮੀ. ਤੋਂ 23 ਸੈਂ. ਮੀ. ਚੌੜੇ ਸਿਆੜ ਬਣਾਏ ਜਾ ਸਕਦੇ ਹਨ।
ਬਾਖਰ ਜਾਂ ਗੁੰਟਾਕ ਹਲ––ਇਨ੍ਹਾਂ ਨੂੰ ਅੰਗਰੇਜ਼ੀ ਵਿਚ ਬਲੇਡ ਹੈਰੋ ਕਿਹਾ ਜਾਂਦਾ ਹੈ। ਇਹ ਸੰਦ ਦੱਖਣੀ ਭਾਰਤ ਵਿਚ ਬਹੁਤ ਹੀ ਵਰਤਿਆ ਜਾਂਦਾ ਹੈ। ਇਹ ਮੁਢਲੀ ਪੁਟਾਈ ਲਈ ਬਹੁਤ ਲਾਭਵੰਦ ਸੰਦ ਹੈ। ਇਹ ਬੀਜ ਬੀਜਣ ਲਈ ਵੀ ਵਰਤਿਆ ਜਾਂਦਾ ਹੈ। ਇਸ ਮੁਢਲੀ ਪੁਟਾਈ ਲਈ ਬਹੁਤ ਲਾਭਵੰਦ ਸੰਦ ਹੈ। ਇਹ ਬੀਜ ਬੀਜਣ ਲਈ ਵੀ ਵਰਤਿਆ ਜਾਂਦਾ ਹੈ। ਇਸ ਦਾ ਸਟੀਲ ਬਲੇਡ 45 ਸੈਂ. ਮੀ. ਤੋਂ 90 ਸੈਂ. ਮੀ. ਲੰਬਾ ਅਤੇ 7.5 ਸੈਂ. ਮੀ. ਚੌੜਾ ਹੁੰਦਾ ਹੈ। ਇਸ ਨਾਲ 8 ਤੋਂ 10 ਸੈਂ. ਮੀ. ਡੂੰਘੀ ਪੁਟਾਈ ਹੋ ਸਕਦੀ ਹੈ। ਇਸ ਨਾਲ ਇਕ ਦਿਨ ਵਿਚ 0.8 ਤੋਂ 1.6 ਹੈਕਟੇਅਰ ਜ਼ਮੀਨ ਵਾਹੀ ਜਾ ਸਕਦੀ ਹੈ। ਇਸ ਦੀ ਵਰਤੋਂ ਨਰਬਦਾ ਨਦੀ ਤੋਂ ਉੱਤਰ ਵਲ ਅੱਗੇ ਨਹੀਂ ਕੀਤੀ ਜਾਂਦੀ ਪਰ ਕੁਝ ਹਿੱਸਿਆਂ ਜਿਵੇਂ ਝਾਂਸੀ ਅਤੇ ਗਵਾਲੀਅਰ ਵਿਚ ਹੁਣ ਇਸ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ,
ਉੱਤਰ-ਪ੍ਰਦੇਸ਼ ਅਤੇ ਬਿਹਾਰ ਵਿਚ ਇਸ ਦੀ ਵਰਤੋਂ ਸਬੰਧੀ ਤਜ਼ਰਬੇ ਕੀਤੇ ਜਾ ਰਹੇ ਹਨ।
ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਜਾਂ ਅਜਿਹੇ ਹੋਰ ਇਲਾਕਿਆਂ ਵਿਚ ਜਿੱਥੇ ਨਮੀ ਨੂੰ ਸੰਭਾਲਣਾ ਮੁਸ਼ਕਲ ਕੰਮ ਹੈ ਉਥੇ ਸਵੀਪ ਅਤੇ ਚਿਜ਼ਲ ਕਲਟੀਵੇਟਰ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜੋ ਬਹੁਤ ਹੱਦ ਤਕ ਭਾਰਤੀ ਬਾਖਰ ਨਾਲ ਮਿਲਦੀ ਜੁਲਦੀ ਹੈ। ਮਿਸਰ ਅਤੇ ਪੱਛਮੀ ਏਸ਼ੀਆ ਦੇ ਕਾਫ਼ੀ ਮੁਲਕਾਂ ਦੇ ਹਲ ਭਾਰਤੀ ਹਲਾਂ ਨਾਲ ਮਿਲਦੇ ਜੁਲਦੇ ਹੀ ਹਨ।
ਵੱਟਾਂ ਪਾਉਣ ਵਾਲੇ ਹਲ–– ਇਨ੍ਹਾਂ ਵਿਚ ਉਲਟਾਵੇਂ ਹਲ ਦੀ ਤਰ੍ਹਾਂ ਦੌ ਮੋਲਡ ਬੋਰਡ ਹੁੰਦੇ ਹਨ। ਇਹ ਤਿੰਨ ਆਕਾਰਾਂ ਵਿਚ ਹੀ ਮਿਲਦੇ ਹਨ, ਹਲਕੇ, ਦਰਮਿਆਨੇ ਅਤੇ ਭਾਰੇ। ਭਾਰੇ ਹਲ ਦੀ ਵਰਤੋਂ ਗੰਨੇ ਦੀ ਕਾਸ਼ਤ ਲਈ ਅਤੇ ਹਲਕੇ ਹਲ ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀ ਕਾਸ਼ਤ ਲਈ ਵਰਤੇ ਜਾਂਦੇ ਹਨ। ਕਈ ਵਿਕਸਿਤ ਹਲਾਂ ਵਿਚ ਦੋਵੇਂ ਮੋਲਡ ਬੋਰਡਾਂ ਨੂੰ ਲੋੜ ਅਨੁਸਾਰ ਅਗਾਂਹ ਪਿਛਾਂਹ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਜੋ ਸਬਜ਼ੀ ਬੀਜਣ ਦਾ ਕੰਮ, ਬਾਗ਼ਬਾਨੀ ਜਾਂ ਗੰਨੇ ਅਤੇ ਆਲੂਆਂ ਦੀ ਖੇਤੀ ਕਰਦੇ ਹੋਣ, ਵੱਟਾਂ ਪਾਉਣ ਵਾਲੇ ਹਲਾਂ ਦੀ ਬਹੁਤ ਲੋੜ ਪੈਂਦੀ ਹੈ।
ਟਰੈਕਟਰ ਨਾਲ ਚੱਲਣ ਵਾਲੇ ਹਲ––ਇਨ੍ਹਾਂ ਨੂੰ ਕਲਟੀਵੇਟਰ ਜਾਂ ਟਿੱਲਰ ਵੀ ਕਿਹਾ ਜਾਂਦਾ ਹੈ। ਟਰੈਕਟਰ ਦੀ ਵਰਤੋਂ ਨੇ ਜ਼ਮੀਨ ਵਾਹੁਣ ਦੇ ਕੰਮ ਵਿਚ ਤੇਜ਼ੀ ਅਤੇ ਆਸਾਨੀ ਲਿਆਂਦੀ ਹੈ। ਟਰੈਕਟਰ ਦੇ ਮਗਰ 7 ਤੋਂ ਲੈ ਕੇ 11 ਹਲ ਦੀ ਲਗਾਏ ਜਾ ਸਕਦੇ ਹਨ। ਥੋੜ੍ਹੀ ਹਾਰਸ ਪਾਵਰ ਵਾਲੇ ਟਰੈਕਟਰਾਂ ਦੇ ਪਿੱਛੇ 7 ਹਲ ਅਤੇ ਜ਼ਿਆਦਾ ਹਾਰਸ ਪਾਵਰ ਵਾਲੇ ਟਰੈਕਟਰਾਂ ਪਿੱਛੇ 11 ਹਲ ਵੀ ਲਗਾਏ ਜਾਂਦੇ ਹਨ। ਬਾਹਰਲੇ ਮੁਲਕਾਂ ਵਿਚ ਜਿੱਥੇ ਵੱਡੇ ਵੱਡੇ ਟਰੈਕਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਹਲਾਂ ਦੀ ਗਿਣਤੀ 35 ਵੀ ਹੋ ਸਕਦੀ ਹੈ।
ਡਿਸਕ ਹਲ–– ਇਹ ਜ਼ਮੀਨ ਨੂੰ ਬਹੁਤ ਹੀ ਚੰਗੀ ਤਰ੍ਹਾਂ ਬਾਰੀਕ ਕਰ ਸਕਣ ਵਾਲੇ ਹਲ ਹਨ। ਇਹ ਹਲ ਪਲੇਟਾਂ ਵਾਂਗ ਹੁੰਦੇ ਹਨ ਜੋ ਕੁਝ ਅੰਦਰ ਨੂੰ ਧਸੀਆਂ ਹੁੰਦੀਆਂ ਹਨ। ਇਨ੍ਹਾਂ ਦੀ ਗਿਣਤੀ ਵੀ ਟਰੈਕਟਰ ਦੀ ਹਾਰਸ ਪਾਵਰ ਤੇ ਨਿਰਭਰ ਕਰਦੀ ਹੈ। ਇਹ ਸਖ਼ਤ ਜ਼ਮੀਨ ਤੇ ਚੰਗੀ ਤਰ੍ਹਾਂ ਕੰਮ ਕਰ ਸਕਦੇ ਹਨ ਜਿੱਥੇ ਕਿ ਉਨਟਾਵਾਂ ਹਲ ਮੁਸ਼ਕਲ ਨਾਲ ਧਸਦਾ ਹੋਵੇ। ਉਨ੍ਹਾਂ ਜ਼ਮੀਨਾਂ ਵਿਚੋਂ ਜਿੱਥੇ ਕੰਕਰ, ਪੱਥਰ, ਡੂੰਘੀਆਂ ਤੇ ਸਖ਼ਤ ਜੜ੍ਹਾਂ ਹੋਣ ਉੱਥੇ ਵੀ ਇਹ ਹਲ ਕਾਫ਼ੀ ਸਫ਼ਲਤਾ ਨਾਲ ਵਰਤਿਆ ਜਾ ਸਕਦਾ ਹੈ। ਜ਼ਮੀਨ ਦੀ ਪੁਟਾਈ ਖੇਤ ਦੀ ਹਾਲਤ, ਡਿਸਕ ਦੇ ਵਿਆਸ ਅਤੇ ਡਿਸਕਾਂ ਦੇ ਭਾਰ ਉੱਤੇ ਨਿਰਭਰ ਕਰਦੀ ਹੈ।
ਹ. ਪੁ. ––ਹੈਂ. ਬੁ. ਐ. 563; ਐਨ. ਬ੍ਰਿ. 22 : 216.
ਪ੍ਰਿੰ. ਐਗ੍ਰਾ : 147.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 26568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no
ਹਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਲ, (ਮਾਝੀ) / ਪੁਲਿੰਗ : ਹਲ ਸਣੇ ਹਾਲੀ ਪੰਜਾਲੀ ਅਤੇ ਬਲਦਾਂ ਦੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-09-06-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First