ਹਸਨ ਅਬਦਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਸਨ ਅਬਦਾਲ. ਜਿਲਾ ਅਟਕ (Campbellpore) ਦਾ ਇੱਕ ਨਗਰ, ਜਿੱਥੇ ਥਾਣਾ ਅਤੇ ਰੇਲਵੇ ਸਟੇਸ਼ਨ ਹੈ, ਪਰ ਹੁਣ ਇਹ ਪੰਜਾਸਾਹਿਬ ਦੇ ਨਾਉਂ ਤੋਂ ਮਸ਼ਹੂਰ ਹੈ. ਹਸਨ ਅਬਦਾਲ ਪੇਸ਼ਾਵਰ ਤੋਂ ੭੯ ਮੀਲ ਅਤੇ ਰਾਵਲਪਿੰਡੀ ਤੋਂ ੨੯ ਮੀਲ ਹੈ. ਇੱਥੋਂ ਦੇ ਰਹਿਣ ਵਾਲੇ ਬਾਬਾ ਹਸਨ ਅਬਦਾਲ ਪੀਰ (ਵਲੀ ਕੰਧਾਰੀ) ਨੇ ਆਪਣੇ ਤਾਲ ਦਾ ਪਾਣੀ ਤ੍ਰਿਖਾਤੁਰ ਭਾਈ ਮਰਦਾਨੇ ਨੂੰ ਨਹੀਂ ਦਿੱਤਾ ਸੀ. ਸ਼੍ਰੀ ਗੁਰੂ ਨਾਨਕ ਦੇਵ ਨੇ ਸ਼ਕਤੀ ਨਾਲ ਤਾਲ ਦਾ ਜਲ ਆਪਣੀ ਵੱਲ ਖਿੱਚ ਲਿਆ. ਇਸ ਪੁਰ ਵਲੀ ਕੰਧਾਰੀ ਨੇ ਗੁੱਸੇ ਹੋ ਕੇ ਇੱਕ ਪਹਾੜੀ ਨੂੰ ਗੁਰੂ ਜੀ ਉੱਪਰ ਧਕੇਲ ਦਿੱਤਾ; ਜਗਤਗੁਰੂ ਨੇ ਆਪਣੇ ਪੰਜੇ ਨਾਲ ਉਸ ਨੂੰ ਰੋਕਿਆ. ਸ਼੍ਰੀ ਗੁਰੂ ਜੀ ਦੇ ਪੰਜੇ ਦਾ ਚਿੰਨ੍ਹ ਜਿੱਥੇ ਲੱਗਾ ਸੀ ਉੱਥੇ ਪੱਥਰ ਤੇ ਪੰਜੇ ਦਾ ਨਿਸ਼ਾਨ ਹੋਣ ਕਰਕੇ ਅਸਥਾਨ ਦਾ ਨਾਉਂ “ਪੰਜਾ ਸਾਹਿਬ” ਹੋ ਗਿਆ ਹੈ.

ਬਾਬਾ ਹਸਨ ਅਬਦਾਲ ਸੱਯਦ (ਸੈਯਦ) ਸਬਜ਼ਵਾਰ (ਇਲਾਕਾ ਖ਼ੁਰਾਸਾਨ) ਦਾ ਸੀ ਅਤੇ ਭਾਰਤ ਵਿੱਚ ਮਿਰਜ਼ਾ ਸ਼ਾਹਰੁਖ਼ ਨਾਲ ਆਇਆ ਸੀ. ਇਸ ਦਾ ਦੇਹਾਂਤ ਕੰਧਾਰ ਵਿੱਚ ਹੋਇਆ ਹੈ. ਦੇਖੋ, ਪੰਜਾ ਸਾਹਿਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਸਨ ਅਬਦਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਸਨ ਅਬਦਾਲ (ਪੰਜਾ ਸਾਹਿਬ) : ਪਾਕਿਸਤਾਨ ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪ੍ਰਸਿੱਧ ਧਾਰਮਿਕ ਅਸਥਾਨ ਹੈ। ਹਸਨ ਅਬਦਾਲ ਪਾਕਿਸਤਾਨ ਦਾ ਇਕ ਛੋਟਾ ਜਿਹਾ ਕਸਬਾ ਹੈ ਜੋ ਪਿਸ਼ਾਵਰ ਤੋਂ ਲਾਹੌਰ ਨੂੰ ਜਾਂਦੀ ਸੜਕ ਉੱਤੇ ਰਾਵਲਪਿੰਡੀ ਸ਼ਹਿਰ ਤੋਂ ਉੱਤਰ ਪੱਛਮ ਵੱਲ ਲਗਭਗ 55 ਕਿ. ਮੀ. (35 ਮੀਲ) ਦੀ ਵਿਥ ਤੇ ਵਸਿਆ ਹੋਇਆ ਹੈ। ਬਾਬਾ ਹਸਨ ਅਬਦਾਲ ਇਸ ਥਾਂ ਦਾ ਮਾਲਕ ਸੀ। ਗੁਰੂ ਨਾਨਕ ਦੇਵ ਜੀ ਦੇ ਕੰਧਾਰ ਪਹੁੰਚਣ ਤੇ ਉੱਥੇ ਮੁਸਲਮਾਨਾਂ ਦੇ ਪ੍ਰਸਿੱਧ ਪੀਰ ਵਲੀ ਮੁਹੰਮਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਾਅਰਫ਼ਤ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਸ ਨੇ ਗੁਰੂ ਸਾਹਿਬ ਨੂੰ ਵਲੀ ਅੱਲਾ ਸਮਝ ਕੇ ਸਲਾਮ ਕੀਤਾ ਤੇ ਕਿਹਾ ਕਿ ਉਸ ਦਾ ਮੁਰੀਦ ਵਲੀ ਕੰਧਾਰੀ ਹਿੰਦ ਵਿਚ ਇਕ ਵੱਡਾ ਪੀਰ ਹੈ। ਸੋ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਨੂੰ ਮਿਲਣ ਲਈ ਉਸ ਦੀ ਪਹਾੜੀ ਥੱਲੇ ਆ ਡੇਰਾ ਲਾਇਆ। ਉਸ ਥਾਂ ਤੇ ਉਨ੍ਹਾਂ ਦਿਨਾਂ ਵਿਚ ਪਾਣੀ ਦੀ ਬੜੀ ਤੰਗੀ ਸੀ ਪਰ ਜਿਥੇ ਉਹ ਦਰਵੇਸ਼ ਰਹਿੰਦਾ ਸੀ ਉਥੇ ਪਾਣੀ ਦਾ ਇਕ ਸੁੰਦਰ ਚਸ਼ਮਾ ਸੀ।

          ਗਣੇਸ਼ ਦਾਸ ਵਡ੍ਹੇਰਾ ਆਪਣੀ ਫ਼ਾਰਸੀ ਵਿਚ ਲਿਖੀ ਹੋਈ ਪੁਸਤਕ ਚਾਰ ਬਾਗ਼–ਏ–ਪੰਜਾਬ ਵਿਚ ਲਿਖਦਾ ਹੈ ਕਿ ਉਸ ਪਹਾੜੀ ਉੱਤੇ ਸਯੱਦ ਕੰਧਾਰੀ ਸ਼ਾਹਵਲੀ ਅੱਲਾ ਦੀ ਖ਼ਾਨਗਾਹ ਹੈ ਜਿੱਥੇ ਸਾਰੀ ਰਾਤ ਚਰਾਗ਼ ਜਲਦਾ ਰਹਿੰਦਾ ਹੈ। ਇਹ ਸੱਯਦ ਕੰਧਾਰੀ ਦੀ ਕਰਾਮਾਤ ਸਮਝੀ ਜਾਂਦੀ ਹੈ।

          ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨੇ ਸਮੇਤ ਘੁੰਮਦੇ–ਘੁੰਮਦੇ ਵਲੀ ਕੰਧਾਰੀ ਦੀ ਭਾਲ ਵਿਚ ਉੱਥੇ ਪੁੱਜੇ। ਗੁਰੂ ਸਾਹਿਬ ਨੇ ਮਰਦਾਨੇ ਨੂੰ ਪਾਣੀ ਲੈਣ ਲਈ ਵਲੀ ਕਧਾਰੀ ਦੇ ਚਸ਼ਮੇ ਵੱਲ ਭੇਜਿਆ। ਵਲੀ ਕੰਧਾਰੀ ਨੇ ਪੁਛਿਆ ਕਿ ਉਹ ਕੌਣ ਹੈ ? ਭਾਈ ਮਰਦਾਨੇ ਨੇ ਆਪਣੇ ਤੇ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਕਰਵਾਈ ਅਤੇ ਕਿਹਾ ਕਿ ਉਹ ਥੱਲੇ ਜਾ ਕੇ ਅਵਤਾਰੀ ਪੁਰਸ਼ ਗੁਰੂ ਨਾਨਕ ਸਾਹਿਬ ਨੂੰ ਮਿਲਣ। ਗੁਰੂ ਨਾਨਕ ਸਾਹਿਬ ਦੀ ਉਪਮਾ ਸੁਣ ਕੇ ਵਲੀ ਕੰਧਾਰੀ ਨੂੰ ਗੁੱਸਾ ਆ ਗਿਆ ਤੇ ਉਸ ਨੇ ਕਿਹਾ ਕਿ ਜੇ ਉਹ ਵਲੀ ਅੱਲਾ ਹੈ ਤਾਂ ਦੂਜਿਆਂ ਦੇ ਡੇਰਿਆਂ ਤੋਂ ਕਿਉਂ ਪਾਣੀ ਮੰਗਦਾ ਹੈ ? ਮਰਦਾਨਾ ਖਾਲੀ ਹੱਥ ਥੱਲੇ ਮੁੜ ਆਇਆ ਤੇ ਉਸਨੇ ਸਾਰੀ ਗੱਲ ਬਾਬਾ ਨਾਨਕ ਨੂੰ ਆ ਸੁਣਾਈ। ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਮੁੜ ਭੇਜਿਆ ਤੇ ਕਿਹਾ ਕਿ ਬੜੀ ਨਿਮਰਤਾ ਨਾਲ ਜਾ ਕੇ ਪਾਣੀ ਮੰਗੇ ਤੇ ਕਹੇ ਕਿ ਰੱਬ ਦਾ ਇਕ ਨਿਮਾਣਾ ਸੇਵਕ ਬੜੀ ਨਿਮਰਤਾ ਨਾਲ ਰੱਬੀ ਬਖ਼ਸ਼ਿਸ਼ ਵਜੋਂ ਪਾਣੀ ਦਾ ਜਾਚਕ ਹੈ। ਪਰ ਵਲੀ ਕੰਧਾਰੀ ਨੇ ਆਪਣਾ ਰਵੱਈਆ ਨਾ ਬਦਲਿਆ। ਰਵਾਇਤ ਹੈ ਕਿ ਗੁਰੂ ਨਾਨਕ ਨੇ ਆਪਣੇ ਲਾਗਿਓਂ ਹੀ ਪੱਥਰ ਹਟਾ ਕੇ ਇਕ ਥਾਂ ਤੋਂ ਪਾਣੀ ਕੱਢ ਲਿਆ। ਵਲੀ ਕੰਧਾਰੀ ਦੇ ਚਸ਼ਮੇ ਵਿਚੋਂ ਪਾਣੀ ਘਾਟਣ ਲਗ ਪਿਆ ਤੇ ਉਸ ਨੇ ਕ੍ਰੋਧ ਵਿਚ ਆ ਕੇ ਇਕ ਪੱਥਰ ਥੁੱਲ੍ਹੇ ਬਾਬੇ ਵੱਲ ਰੋੜ੍ਹ  ਦਿੱਤਾ। ਪਰ ਗੁਰੂ ਨਾਨਕ ਦੇਵ ਜੀ ਨੇ ਉਸ ਪੱਥਰ ਨੂੰ ਆਪਣੇ ਪੰਜੇ ਨਾਲ ਆਪਣੇ ਉਪਰ ਡਿੱਗਣ ਤੋਂ ਰੋਕ ਦਿੱਤਾ। ਰਵਾਇਤ ਹੈ ਕਿ ਪੱਥਰ ਉਤੇ ਲੱਗੇ ਹੋਏ ਪੰਜੇ ਦਾ ਨਿਸ਼ਾਨ ਗੁਰੂ ਸਾਹਿਬ ਦੇ ਹੱਥ ਦਾ ਨਿਸ਼ਾਨ ਹੈ। ਦਰਵੇਸ਼ ਕੰਧਾਰੀ ਨੂੰ ਜਦੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਥੱਲੇ ਉਤਰ ਕੇ ਗੁਰੂ ਸਾਹਿਬ ਦੇ ਸਾਹਮਣੇ ਆਇਆ ਤੇ ਮੁਆਫ਼ੀ ਮੰਗੀ। ਗੁਰੂ ਸਾਹਿਬ ਨਾਲ ਵਿਚਾਰ ਵਟਾਂਦਰਾ ਕੀਤਾ । ਗੁਰੂ ਸਾਹਿਬ ਨੇ ਵਲੀ ਕੰਧਾਰੀ ਨੂੰ ਹੰਕਾਰ ਤੇ ਈਰਖਾ ਤਿਆਗ ਕੇ ਲੋਕ–ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਇਤਿਹਾਸਕ ਘਟਨਾ ਤੋਂ ਬਾਦ ਹਸਨ ਅਬਦਾਲ ਦਾ ਨਾਂ ਸਿੱਖਾਂ ਨੇ ਪੰਜਾ ਸਾਹਿਬ ਰੱਖ ਦਿੱਤਾ। 1947 ਤਕ ਲੱਖਾਂ ਦੀ ਗਿਣਤੀ ਵਿਚ ਸਿੱਖ ਇਸ ਥਾਂ ਦੀ ਯਾਤਰਾ ਕਰਦੇ ਰਹੇ ਹਨ। ਅੱਜ ਕੱਲ੍ਹ ਪਾਕਿਸਤਾਨ ਸਰਕਾਰ ਦੀ ਆਗਿਆ ਨਾਲ ਹਰ ਸਾਲ ਦੁਨੀਆਂ ਭਰ ਵਿਚੋਂ ਲੋਕ ਤੀਰਥ ਯਾਤਰਾ ਲਈ ਉੱਥੇ ਜਾਂਦੇ ਹਨ। ਹਰ ਸਾਲ ਵਿਸਾਖੀ ਦੇ ਅਵਸਰ ਉੱਤੇ ਕਈ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪੰਜਾ ਸਾਹਿਬ ਪਹੁੰਚਦੀਆਂ ਹਨ ਅਤੇ ਇਸ ਮੌਕੇ ਤੇ ਅਨੇਕਾਂ ਮੁਸਲਮਾਨ ਵੀ ਸ਼ਰੀਕ ਹੁੰਦੇ ਹਨ। ਪਾਣੀ ਉਥੋਂ ਹੁਣ ਵੀ ਵਗਦਾ ਹੈ ਤੇ ਪੰਜੇ ਦਾ ਨਿਸ਼ਾਨ ਯਾਤਰੂਆਂ ਨੂੰ ਵੇਖਣ ਨੂੰ ਮਿਲਦਾ ਹੈ।

          ਹੁਣ ਉਥੇ ਸਰੋਵਰ, ਧਰਮਸ਼ਾਲਾ ਤੇ ਗੁਰਦਵਾਰਾ ਬਣਿਆ ਹੋਇਆ ਹੈ। ਇਹ ਗੁਰਦਵਾਰਾ ਹਸਨ ਅਬਦਾਲ ਦੇ ਰੇਲਵੇ ਸਟੇਸ਼ਨ ਤੋਂ ਕੋਈ ਇਕ ਕਿ. ਮੀ. ਦੱਖਣ ਪੱਛਮ ਵੱਲ ਹੈ। ਗੁਰਦਵਾਰੇ ਦੇ ਨਾਂ ਮਹਾਰਾਜਾ ਰਣਜੀਤ ਸਿੰਘ ਨੇ ਪੰਜ ਸੌ ਰੁਪਿਆ ਸਾਲਾਨਾ ਜਾਗੀਰ ਵੀ ਲਵਾਈ ਹੋਈ ਸੀ। ਇਸ ਦੇ ਕੋਲ ਹੀ ਪੇਸ਼ਾਵਰ ਦੀ ਸੰਗਤ ਨੇ ਇਕ ਸੁੰਦਰ ਸਰਾਂ ਵੀ ਬਣਵਾ ਦਿੱਤੀ ਹੈ। ਉਸ ਦੇ ਲਾਗੇ ਹੀ ਇਕ ਗੁੰਬਦ ਹੈ ਜਿਸ ਵਿਚ ਅਬੁਉਲ ਫ਼ਤਹ ਗਿਲਾਨੀ ਅਤੇ ਹਕੀਮ–ਏ–ਹਮਾਮ ਜਿਹੜੇ ਮੁਹੰਮਦ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਮੁਮਤਾਜ਼ ਸਨ, ਦੱਬੇ ਪਏ ਹਨ। ਹਸਨ ਅਬਦਾਲ ਦੇ ਕੋਲ ਹੀ ਪੂਰਬ ਦੱਖਣ ਵੱਲ ਇਕ ਆਬਸ਼ਾਰ ਹੈ ਅਤੇ ਪੂਰਬ ਉੱਤਰ ਵੱਲ ਹਜ਼ਾਰੇ ਦਾ ਇਲਾਕਾ ਲਗਦਾ ਹੈ। ਇਸ ਦੇ ਇਰਦ ਗਿਰਦ ਪਹਾੜੀ ਇਲਾਕਾ ਹੈ। ਵਲੀ ਕੰਧਾਰੀ ਦਾ ਮਕਬਰਾ ਇਹ ਪਹਾੜੀ ਉਪਰ ਕਾਫ਼ੀ ਉਚਾਈ ਤੇ ਬਣਿਆ ਹੋਇਆ ਹੈ। ਮੁਗ਼ਲ ਬਾਦਸ਼ਾਹ ਅਕਬਰ ਦਾ ਲਗਵਾਇਆ ਇਕ ਬਾਗ਼ ਵੀ ਇਸ ਦਾ ਕੋਲ ਹੈ ਜਿਸ ਦੇ ਨਾਲ ਹੀ ਲਾਲਾ ਰੁਖ ਦਾ ਮਕਬਰਾ ਹੈ।

          ਹ.ਪੁ. ––ਚਾਰ ਬਾਗ–ਏ–ਪੰਜਾਬ––ਗਨੇਸ਼ਦਾਸ ਵਡ੍ਹੇਰਾ ; ਡੀਵਾਈਨ ਮਾਸਟਰ ; ਸੇਵਾ ਰਾਮ ਸਿੰਘ ; ਜੀਵਨ ਗੁਰੂ ਨਾਨਕ ਦੇਵ ਜੀ––ਕਰਤਾਰ ਸਿੰਘ ; ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-10, ਹਵਾਲੇ/ਟਿੱਪਣੀਆਂ: no

ਹਸਨ ਅਬਦਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਸਨ ਅਬਦਾਲ  :        ਜ਼ਿਲਾ ਅਟਕ (ਪਾਕਿਸਤਾਨ) ਦਾ ਇਕ ਇਤਿਹਾਸਕ ਕਸਬਾ ਜਿਸ ਨਾਲ ਕਈ ਕਿਸਮ ਦੀਆਂ ਬੋਧੀ, ਮੁਸਲਮਾਨੀ ਅਤੇ ਸਿੱਖ ਰਵਾਇਤਾਂ ਸਬੰਧਤ ਹਨ। ਹਸਨ ਅਬਦਾਲ ਜੋ ਰਾਵਲਪਿੰਡੀ ਤੋਂ 29 ਕੁ ਮੀਲ (47 ਕਿ.ਮੀ.) ਦੂਰ ਹੈ, ਕਦੇ ਸਮਰਾਟ ਅਸ਼ੋਕ ਦੀ ਰਾਜਧਾਨੀ ਟੈਕਸਲਾ ਦਾ ਭਾਗ ਸੀ। ਟੈਕਸਲਾ ਦੀ ਥੇਹ (ਸ਼ਾਹ ਢੇਰੀ) ਤੋਂ ਹਸਨ ਅਬਦਾਲ ਡੇਢ ਕੁ ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਹਸਨ ਅਬਦਾਲ ਲਾਗਲੇ ਪਹਾੜ ਬਹੁਤ ਸਖਤ ਅਤੇ ਖੁਸ਼ਕ ਹਨ ਪਰ ਇਨ੍ਹਾਂ ਦੇ ਪੈਰਾਂ ਵਿਚ ਕਈ ਰਮਣੀਕ ਚਸ਼ਮੇ ਹਨ ਜਿਨ੍ਹਾਂ ਦਾ ਨਿਰਮਲ ਠੰਢਾ ਜਲ ਇਕ ਲੰਮੀ ਧਾਰਾ ਵਿਚ ਵਹਿੰਦਾ, ਅਖ਼ੀਰ 'ਵਾਰ' ਨਾਂ ਦੀ ਕੱਸੀ ਵਿਚ ਜਾ ਸਮਾਂਉਂਦਾ ਹੈ।

          ਇਸ ਕਸਬੇ ਦਾ ਅਜੋਕਾ ਨਾਉਂ ਹਸਨ ਅਬਦਾਲ ਇਸ ਨਾਉਂ ਦੇ ਇਕ ਮੁਸਲਮਾਨ ਪੀਰ ਤੋਂ ਪਿਆ ਜੋ ਖੁਰਾਸਾਨ ਦੇ ਇਕ ਨਗਰ ਸਬਜ਼ਵਾਰ ਦਾ ਨਿਵਾਸੀ ਸੀ। ਹਸਨ ਅਬਦਾਲ ਤਹਿਮੂਰ ਦੇ ਪੁੱਤਰ ਮਿਰਜ਼ਾ ਸ਼ਾਹਰੁਖ਼ ਦੀ ਫ਼ੌਜ ਨਾਲ ਭਾਰਤ ਆਇਆ ਸੀ ਅਤੇ ਇਸ ਰਮਣੀਕ ਸਥਾਨ ਉੱਤੇ ਇਕਾਂਤ ਵਿਚ ਤਪ ਕਰਨ ਲੱਗਾ ਜਿਥੇ ਹੁਣ ਇਕ ਖ਼ਾਨਗਾਹ ਮੌਜੂਦ ਹੈ। ਇਸ ਖ਼ਾਨਗਾਹ ਤੇ ਮੁਸਲਮਾਨ ਜ਼ਿਆਰਤ ਕਰਨ ਲਈ ਆਉਂਦੇ ਹਨ ਤੇ ਦੀਵੇ ਜਗਾਂਦੇ ਹਨ। ਜੀਵਨ ਦੇ ਅੰਤਲੇ ਦਿਨਾਂ ਵਿਚ ਬਾਬਾ ਹਸਨ ਅਬਦਾਲ ਵਾਪਸ ਕੰਧਾਰ ਚਲਾ ਗਿਆ ਅਤੇ ਉਥੇ ਹੀ ਉਸ ਦਾ ਦੇਹਾਂਤ ਹੋਇਆ। ਇਸੇ ਤੋਂ ਪੀਰ ਹਸਨ ਅਬਦਾਲ ਨੂੰ ਵਲੀ ਕੰਧਾਰੀ ਵੀ ਕਿਹਾ ਜਾਣ ਲੱਗਾ।

                ਸਿੱਖਾਂ ਵਿਚ ਇਹ ਕਸਬਾ ਪੰਜਾ ਸਾਹਿਬ ਦੇ ਨਾਉਂ ਨਾਲ ਪ੍ਰਸਿੱਧ ਹੈ। ਪੁਰਾਤੱਤਵ ਖੋਜੀਆਂ ਅਨੁਸਾਰ ਇਸ ਰਮਣੀਕ ਸਥਾਨ ਦੀ ਪ੍ਰਾਚੀਨ ਕਾਲ ਤੋਂ ਹੀ ਬੜੀ ਧਾਰਮਿਕ ਮਹਾਨਤਾ ਰਹੀ ਹੈ । ਹਿਊਨਸਾਂਗ ਸੱਤਵੀਂ ਸਦੀ ਈਸਵੀ ਵਿਚ ਬੋਧੀ ਅਸਥਾਨਾ ਦੀ ਯਾਤਰਾ ਕਰਦਾ ਇਥੇ ਵੀ ਆਇਆ ਸੀ। ਉਦੋਂ ਇਥੇ ਨਾਗ ਰਾਜਾ ਇਲਾਪਤ ਦਾ 76 ਮੀਲ (120 ਕਿ.ਮੀ.) ਦੇ ਘੇਰੇ ਵਿਚ ਇਕ ਵੱਡਾ ਸਰੋਵਰ ਸੀ ਜਿਸ ਵਿਚ ਕਈ ਰੰਗਾਂ ਦੇ ਸੁੰਦਰ ਕੰਵਲ ਖਿੜੇ ਹੋਏ ਸਨ। ਕਨਿੰਘਮ ਨੇ ਇਸ ਇਲਾਕੇ ਵਿਚੋਂ ਇਕ ਸਤੂਪ ਅਤੇ ਪੁਰਾਣੇ ਮੰਦਰ ਦੇ ਕੁਝ ਖੰਡਰ ਲੱਭੇ ਸਨ ਜੋ ਬੋਧੀ ਕਾਲ ਵਿਚ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਦਾ ਪ੍ਰਮਾਣ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-02-46-15, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ.; ਮ. ਕੋ. : 256; ਪੰ. ਲੋ. ਵਿ. ਕੋ. 4:815

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.