ਹਸਪਤਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਸਪਤਾਲ [ਨਾਂਪੁ] ਰੋਗੀਆਂ ਦਾ ਇਲਾਜ ਕਰਨ ਵਾਲ਼ੀ ਥਾਂ, ਦਵਾਖ਼ਾਨਾ, ਡਿਸਪੈਂਸਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਸਪਤਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hospital_ਹਸਪਤਾਲ: ਸੋਸ਼ਲ ਐਸ. ਜੀ. ਆਫ਼ ਆਸੀਸੀ ਸਿਸਟਰਜ਼ ਬਨਾਮ ਕੇ ਐਸ ਈ ਬੀ [(1988)। ਕੇਰਲ ਐਲ ਟੀ 727] ਅਨੁਸਾਰ ਹਸਪਤਾਲ ਮੁੱਖ ਤੌਰ ਤੇ ਬੀਮਾਰੀਆਂ ਦੀ ਤਸ਼ਖ਼ੀਸ, ਬੀਮਾਰਾਂ ਅਤੇ ਜ਼ਖ਼ਮੀਆਂ ਦੇ ਇਲਾਜ , ਮਾਨਸਿਕ ਅਪਸਾਧਾਰਨਤਾ, ਸਿਹਤ-ਸੁਰੱਖਿਆ ਅਤੇ ਸਰੀਰਕ ਸਵਸਥਤਾ ਲਈ ਬਣਾਇਆ ਜਾਂਦਾ ਹੈ ਉਸ ਵਿਚ ਅਮਲਾ ਰਖਿਆ ਜਾਂਦਾ ਅਤੇ ਉਸ ਨੂੰ ਸਾਜ਼-ਸਾਮਾਨ ਪ੍ਰਾਪਤ ਕਰਵਾਇਆ ਜਾਂਦਾ ਹੈ।
ਹਸਪਤਾਲ, ਕਲਿਨਿਕ ਜਾਂ ਦਵਾਖ਼ਾਨੇ ਵਿਚ ਅੰਤਰ ਦਸਦਿਆਂ ਐਂਪਲਾਈਜ਼ ਪ੍ਰਾਈਡੈਂਟ ਫ਼ੰਡ ਇਨਸਪੈਕਟਰ ਬਨਾਮ ਪਾਲੀਕਲਿਨਿਕ ਪ੍ਰਾ. ਲਿਮ. [(1988) ਕੇਰਲ ਐਲ ਟੀ 41] ਕਿਹਾ ਗਿਆ ਹੈ ਕਿ ਹਸਪਤਾਲ ਉਹ ਥਾਂ ਹੈ ਜਿਥੇ ਬੀਮਾਰਾਂ ਅਤੇ ਜ਼ਖ਼ਮੀਆਂ ਦਾ ਇਸ ਤਰ੍ਹਾਂ ਦਾ ਦਵਾ ਦਾਰੂ ਕੀਤਾ ਜਾਂਦਾ ਹੈ ਜਿਥੇ ਉਹ ਜਿੰਨਾ ਸਮਾਂ ਰਹਿੰਦੇ ਹਨ ਜਾਂ ਉਸ ਦੇ ਭਾਗ ਲਈ ਉਨ੍ਹਾਂ ਨੂੰ ਬੈੱਡ ਦੀ ਲੋੜ ਹੁੰਦੀ ਹੈ ਜਦ ਕਿ ਦਵਾਖ਼ਾਨਾ ਜਾਂ ਕਲਿਨਿਕ ਉਹ ਥਾਂ ਹੈ ਜਿਥੇ ਮਰੀਜ਼ ਆਉਂਦੇ ਹਨ ਅਤੇ ਹਰ ਫੇਰੀ ਤੋਂ ਬਾਦ ਆਪਣੇ ਘਰ ਪਰਤ ਜਾਂਦੇ ਹਨ। ਇਸ ਤਰ੍ਹਾਂ ਹਸਪਤਾਲ ਇਕ ਜਿਨਸ ਹੈ ਅਤੇ ਦਵਾਖ਼ਾਨਾ ਜਾਂ ਕਲਿਨਿਕ ਉਸ ਦੀ ਜਾਤੀ ਹੈ ਅਤੇ ਸਭ ਦਾ ਪ੍ਰਯੋਜਨ ਮਰੀਜ਼ਾਂ ਦਾ ਇਲਾਜ ਕਰਨਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹਸਪਤਾਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹਸਪਤਾਲ : ਹਸਪਤਾਲ ਉਸ ਸੰਸਥਾ ਨੂੰ ਕਹਿੰਦੇ ਹਨ ਜਿਸ ਵਿਚ ਰੋਗੀ ਦੇ ਰੋਗਾਂ ਦੀ ਜਾਂਚ ਅਤੇ ਇਲਾਜ ਲਈ ਪੂਰਾ ਪ੍ਰਬੰਧ ਹੁੰਦਾ ਹੈ। ਇਸ ਮੰਤਵ ਲਈ ਯੋਗ ਇਮਾਰਤ ਨੂੰ ਸਾਜ਼ ਸਾਮਾਨ ਨਾਲ ਲੈਸ ਕਰਕੇ ਅਤੇ ਅਮਲੇ ਰਾਹੀਂ ਬਹੁਤੇ ਬਿਮਾਰ ਅਤੇ ਜ਼ਖਮੀ ਮਰੀਜ਼ਾਂ ਨੂੰ ਦਾਖ਼ਲ ਕਰਕੇ ਦਵਾਦਾਰੂ (ਮੈਡੀਕਲ) ਅਤੇ ਸਰਜੀਕਲ ਇਲਾਜ ਕਰਨ ਲਈ ਪੂਰਾ ਇੰਤਜ਼ਾਮ ਹੁੰਦਾ ਹੈ। ਇਸ ਤੋਂ ਇਲਾਵਾ ਬੱਚੇ ਦੇ ਜਨਮ ਸਮੇਂ ਦਾ ਪ੍ਰਬੰਧ, ਬੱਚਾ ਤੇ ਜੱਚਾ ਦੀ ਦੇਖਭਾਲ, ਸਿਹਤ ਦੀ ਪੜ੍ਹਤਾਲ, ਬਿਮਾਰੀਆਂ ਦੀ ਰੋਕਥਾਮ ਅਤੇ ਪਰਿਵਾਰ ਨਿਯੋਜਨ ਦਾ ਪ੍ਰਬੰਧ ਵੀ ਹੁੰਦਾ ਹੈ।
ਲੋਕਾਂ ਦੀ ਸਿਹਤ ਦਾ ਧਿਆਨ ਰਖਣ ਦੀ ਜ਼ਿੰਮੇਵਾਰੀ ਹਰ ਇਕ ਸਮਾਜ ਦੀ ਹੁੰਦੀ ਹੈ ਅਤੇ ਇਸ ਲਈ ਲੋੜੀਂਦੀਆਂ ਸਹੂਲਤਾਂ ਉਥੋਂ ਦੇ ਲੋਕਾਂ ਦੀ ਆਰਥਕ ਅਤੇ ਸਮਾਜਕ ਉੱਨਤੀ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ। ਇਸੇ ਕਾਰਨ ਅਜੋਕੇ ਯੁਗ ਵਿਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਤੇ ਵਿਕਾਸਸ਼ੀਲ ਦੇਸ਼ਾਂ ਵਿਚ ਹਸਪਤਾਲ ਗਿਣਤੀ ਦੇ ਪੱਖੋਂ ਕਿਤੇ ਘੱਟ ਹਨ ਅਤੇ ਇਨ੍ਹਾਂ ਦਾ ਮਿਆਰ ਵੀ ਉਸ ਪੱਧਰ ਦਾ ਨਹੀਂ ਹੈ। ਵਿਕਸਤ ਦੇਸ਼ਾਂ ਵਿਚ ਡਾਕਟਰੀ ਵਿਗਿਆਨ ਦੀਆਂ ਨਵੀਨ ਕਾਢਾਂ ਨਾਲ ਨਵੇਂ ਨਵੇਂ ਮਹਿਕਮੇ ਹੋਂਦ ਵਿਚ ਆ ਰਹੇ ਹਨ, ਜਿਸ ਨਾਲ ਹਸਪਤਾਲਾਂ ਦਾ ਢਾਂਚਾ ਕਾਫ਼ੀ ਪੇਚੀਦਾ ਹੁੰਦਾ ਜਾ ਰਿਹਾ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਗਰੀਬ ਅਤੇ ਪਿੰਡਾਂ ਦੇ ਲੋਕ ਆਰਥਕ ਅਤੇ ਸਮਾਜਕ ਕਾਰਨਾਂ ਕਰਕੇ ਇਨ੍ਹਾਂ ਸੰਸਥਾਵਾਂ ਦੇ ਲਾਭ ਤੋਂ ਜਾਂ ਤਾਂ ਵਾਂਝੇ ਰਹੇ ਹਨ ਜਾਂ ਫਿਰ ਕੇਵਲ ਨਾਂ ਮਾਤਰ ਹੀ ਲਾਭ ਉਠਾ ਰਹੇ ਹਨ।
ਪੁਰਾਤਲ–ਕਾਲ ਵਿਚ ਹਸਪਤਾਲ–––ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਪਹਿਲੇ ਹਸਪਤਾਲ ਦੀ ਹੋਂਦ ਦਾ ਪਤਾ ਭਾਰਤ ਵਿਚ ਲਗਦਾ ਹੈ। ਬੁੱਧ ਕਾਲ ਦੇ ਇਤਿਹਾਸ ਵਿਚ ਹਸਪਤਾਲਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਨੂੰ ‘ਆਤੁਰਆਲਿਆ’ ਜਾਂ ‘ਆਰੋਗਯਸ਼ਾਲਾ’ ਕਿਹਾ ਜਾਦਾ ਸੀ। ਗੌਤਮ ਬੁੱਧ ਦੇ ਪੁੱਤਰ ਰਾਹੁਲ ਸਾਂਕ੍ਰਿਤਾਇਨ ਨੇ ਰੋਗੀਆਂ ਦੇ ਇਲਾਜ ਲਈ ਹਸਪਤਾਲ ਬਣਾਏ ਸਨ। ਸਮਰਾਟ ਅਸ਼ੋਕ ਨੇ ਤੀਸਰੀ ਸਦੀ ਈ. ਪੂ. ਵਿਚ ਭਾਰਤ ਵਿਚ 18 ਸਰਕਾਰੀ ਹਸਪਤਾਲ ਬਣਵਾਏ ਸਨ ਜਿਨ੍ਹਾਂ ਦੇ ਕੁਝ ਲੱਛਣ ਹੁਣ ਦੇ ਹਸਪਤਾਲਾਂ ਨਾਲ ਮਿਲਦੇ ਜੁਲਦੇ ਸਨ। ਇਨ੍ਹਾਂ ਵਿਚ ਸਫ਼ਾਈ ਦਾ ਖ਼ਾਸ ਧਿਆਨ ਰਖਿਆ ਜਾਂਦਾ ਸੀ ਅਤੇ ਮਰੀਜ਼ ਨੂੰ ਦਵਾ ਦਾਰੂ ਤੋਂ ਇਲਾਵਾ ਬੜੇ ਪਿਆਰ ਨਾਲ ਰਖਿਆ ਜਾਂਦਾ ਸੀ।
ਆਯੁਰਵੇਦ ਦੇ ਪੁਰਾਣੇ ਗ੍ਰੰਥਾਂ ਵਿਚ ਹਸਪਤਾਲ ਦੇ ਢਾਂਚੇ ਦਾ ਕਾਫ਼ੀ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ (ਚਰਕ ਸੰਹਿਤਾ)। ਉਸ ਵੇਲੇ ਖੁਲ੍ਹੇ ਤੇ ਹਵਾਦਾਰ ਕਮਰਿਆਂ ਵਾਲੀ ਹਸਪਤਾਲ ਦੀ ਇਮਾਰਤ ਇਕ ਚੰਗੇ ਇੰਜਨੀਅਰ ਦੀ ਨਿਗਰਾਨੀ ਹੇਠ ਬਣਾਈ ਜਾਂਦੀ ਸੀ। ਤੇਜ਼ ਹਵਾਵਾਂ ਤੋਂ ਇਸ ਦਾ ਬਚਾ ਕੀਤਾ ਜਾਂਦਾ ਸੀ। ਇਸ ਵਿਚ ਪਾਣੀ ਪੀਣ ਲਈ ਖੂਹ, ਖਾਣਾ ਪਕਾਉਣ ਲਈ ਰਸੋਈ, ਗੁਸਲਖਾਨੇ ਅਤੇ ਟੱਟੀਆਂ ਤੋਂ ਇਲਾਵਾ ਫਾਰਮੇਸੀ ਦਾ ਵੀ ਪ੍ਰਬੰਧ ਸੀ। ਇਹ ਇਮਾਰਤ ਧੂੰਏਂ, ਘੱਟੇ, ਸੂਰਜ ਦੀ ਤੇਜ਼ ਗਰਮੀ ਅਤੇ ਰੌਲੇ ਰੱਪੇ ਤੋਂ ਦੂਰ ਹੁੰਦੀ ਸੀ।
ਵੈਦ ਪ੍ਰੰਪਰਾ–– ਭਾਰਤ ਦੇ ਮਹਾਨ ਚਿਕਿਤਸਕਾਂ ਵਿਚੋਂ ਆਤ੍ਰੇ (ਲਗਭਗ 800 ਸਾਲ ਈਸਾ ਤੋਂ ਪਹਿਲਾਂ) ਸਭ ਤੋਂ ਪਹਿਲਾ ਮਹਾਨ ਫ਼ਿਜ਼ੀਸ਼ੀਅਨ (ਦਵਾ ਦਾਰੂ ਦਾ ਮਾਹਰ) ਮੰਨਿਆ ਜਾਂਦਾ ਹੈ ਜੋ ਕਿ ਤਕਸਿਲਾ ਵਿਸ਼ਵ ਵਿਦਿਆਲੇ ਵਿਚ ਡਾਕਟਰੀ ਵਿਗਿਆਨ ਪੜ੍ਹਾਉਂਦਾ ਸੀ ਜੀਵਕ (ਈਸਾ ਤੋਂ ਲਗਭਗ 700 ਸਾਲ ਪਹਿਲਾਂ) ਸਭ ਤੋਂ ਪਹਿਲਾ ਸਰਜਨ ਮੰਨਿਆ ਜਾਂਦਾ ਹੈ ਜਿਹੜਾ ਆਤ੍ਰੇ ਦਾ ਵਿਦਿਆਰਥੀ ਸੀ। ਸੁਸਰਤਾ ਭਾਰਤ ਦੇ ਪੁਰਾਣੇ ਮਹਾਨ ਸਰਜਨਾਂ ਵਿਚੋਂ ਇਕ ਸੀ। ਇਸੇ ਤਰ੍ਹਾਂ ਚਰਕ ਉਸ ਸਮੇਂ ਦਾ ਮਹਾਨ ਫਿਜ਼ੀਸ਼ੀਅਨ ਸੀ।
ਯੂਨਾਨੀ ਅਤੇ ਰੋਮਨ ਯੁੱਗ ਵਿਚ ਮੰਦਰਾਂ ਨੂੰ ਹਸਪਤਲਾਂ ਲਈ ਵਰਤਿਆ ਜਾਂਦਾ ਸੀ। ਇਸਾਈ ਮੱਤ ਦੇ ਸ਼ੁਰੂ ਹੋਣ ਨਾਲ ਹਸਪਤਾਲਾਂ ਵਿਚ ਕਾਫ਼ੀ ਵਾਧਾ ਹੋਇਆ ਅਤੇ ਇਹ ਚਰਚ ਦਾ ਇਕ ਅਟੁੱਟ ਅੰਗ ਬਣ ਗਏ। ਯੂਰਪ ਵਿਚ ਚਰਚ ਦੇ ਹਸਪਤਾਲਾਂ ਦਾ ਵਿਸਤਾਰ ਹੋਇਆ। ਪ੍ਰਦੇਸ਼ਿਕ ਲੜਾਈਆਂ ਦੇ ਦੌਰਾਨ ਫ਼ੌਜੀ ਹਸਪਤਾਲ ਵੀ ਹੋਂਦ ਵਿਚ ਆਏ।
ਆਧੁਨਿਕ ਹਸਪਤਾਲ ਦੇ ਵਿਕਾਸ ਲਈ 19ਵੀਂ ਸਦੀ ਦੀਆਂ ਤਿੰਨ ਮਹਾਨ ਹਸਤੀਆਂ ਫਲੋਰੈਂਸ ਨਾਈਟਿੰਗੇਲ, ਲੂਈ ਪਾਸਚਰ ਅਤੇ ਲਾਰਡ ਲਿਸਟਰ ਦਾ ਬੜਾ ਯੋਗਦਾਨ ਹੈ। ਫਲੋਰੈਂਸ ਨਾਈਟਿੰਗੇਲ ਨੇ ਨਰਸਿੰਗ ਸੇਵਾਵਾਂ ਨੂੰ ਇਕ ਸੁਚਾਰੂ ਰੂਪ ਦਿਤਾ ਜਦੋਂ ਕਿ ਲੂਈਸ ਪਾਸਚਰ ਨੇ ਜਰਮ ਸਿੱਧਾਂਤ ਦਾ ਵਿਕਾਸ ਕੀਤਾ ਅਤੇ ਲਾਰਡ ਲਿਸਟਰ ਨੇ ਕਿਰਮ ਰਹਿਤ ਸਰਜਰੀ ਦੇ ਵਿਕਾਸ ਵਿਚ ਕਾਫ਼ੀ ਯੋਗਦਾਨ ਪਾਇਆ।
ਆਧੁਨਿਕ ਹਸਪਤਾਲ
ਭਾਰਤ ਵਿਚ ਐਲੋਪੈਥੀ, ਆਯੁਰਵੈਦਿਕ, ਯੂਨਾਨੀ ਅਤੇ ਹੋਮਿਓਪੈਥੀ ਦੇ ਵਖ ਵਖ ਹਸਪਤਾਲ ਹਨ ਪਰ ਸਭ ਤੋਂ ਵੱਡੀ ਗਿਣਤੀ ਐਲੋਪੈਥੀ ਹਸਪਤਾਲਾਂ ਦੀ ਹੈ। ਭਾਰਤ ਵਿਚ ਐਲੋਪੈਥੀ ਹਸਪਤਾਲ ਬਰਤਾਨਵੀ ਬਸਤੀਵਾਦ ਦੇ ਵੇਲੇ ਕਾਇਮ ਹੋਏ। ਹਸਪਤਾਲ ਦਾ ਪ੍ਰਬੰਧ ਨਾ ਹੋਣ ਕਰਕੇ ਬਰਤਾਨਵੀ ਬਸਤੀਵਾਦ ਨੇ ਵੀ ਅਰੰਭ ਵਿਚ ਆਮ ਪ੍ਰਚਲਤ ਬਿਮਾਰੀਆਂ ਦੇ ਇਲਾਜ ਲਈ ਪੇਟੈਂਟ ਗੋਲੀਆਂ ਪਿੰਡ ਦੇ ਡਾਕਖਾਨੇ ਵਿਚ ਰੱਖੀਆਂ ਹੁੰਦੀਆਂ ਸਨ ਅਤੇ ਡਾਕਖ਼ਾਨੇ ਦਾ ਬਾਬੂ ਬਿਮਾਰੀ ਮੁਤਾਬਕ ਇਹ ਗੋਲੀਆਂ ਰੋਗੀਆਂ ਨੂੰ ਦੇ ਦਿੰਦਾ ਸੀ। ਇਸੇ ਕਰਕੇ ਅੱਜ ਵੀ ਵਡੇਰੀ ਉਮਰ ਦੇ ਲੋਕ ਹਸਪਤਾਲ ਨੂੰ ਡਾਕਖ਼ਾਨਾ ਹੀ ਆਖਦੇ ਹਨ।
ਭਾਰਤ ਦੀਆਂ ਸਿਹਤ ਸੇਵਾਵਾਂ ਦੇ ਵਿਕਾਸ ਲਈ ਬਰਤਾਨਵੀ ਬਸਤੀਵਾਦੀ ਸਰਕਾਰ ਨੇ 1946 ਵਿਚ ‘ਹੈਲਥ ਸਰਵੇ ਐਂਡ ਡਿਵੈੱਲਪਮੈਂਟ ਕਮੇਟੀ’ ਬਣਾਈ ਜਿਸ ਨੂੰ ‘ਬੋਹਰ ਕਮੇਟੀ’ ਦੇ ਨਾਂ ਨਾਲ ਜਾਣਿਆ ਜਾਦਾ ਹੈ। ਆਜ਼ਾਦੀ ਤੋਂ ਬਾਅਦ ‘ਬੋਹਰ ਕਮੇਟੀ’ ਦੀਆਂ ਸਿਫ਼ਾਰਸ਼ਾਂ ਸਿਹਤ ਸੇਵਾਵਾਂ ਨੂੰ ਨਿਰਧਾਰਤ ਕਰਦੀਆਂ ਰਹੀਆਂ। 1959 ਵਿਚ ਭਾਰਤ ਸਰਕਾਰ ਨੇ ਇਕ ਹੋਰ ਕਮੇਟੀ ‘ਹੈਲਥ ਸਰਵੇ ਅਤੇ ਪਲੈਨਿੰਗ ਕਮੇਟੀ’ ਬਣਾਈ ਜਿਸ ਨੂੰ ‘ਮੁਦਾਲਿਅਰ ਕਮੇਟੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਕਮੇਟੀ ਨੇ ਆਪਣੀ ਰਿਪੋਟਾਂ 1961 ਵਿਚ ਦਿੱਤੀ ਸੀ ਤੇ ਅਜ ਵੀ ਸਿਹਤ ਅਤੇ ਹਸਪਤਾਲ ਸੇਵਾਵਾਂ ਦੀ ਦਿਸ਼ਾ ਇਹੀ ਰਿਪੋਟ ਨਿਰਧਾਰਿਤ ਕਰਦੀ ਹੈ।
‘ਮੁਦਾਲਿਅਰ ਕਮੇਟੀ’ ਨੇ ਰੋਗ ਦੀ ਪਛਾਣ ਤੇ ਇਲਾਜ ਲਈ ਮੈਡੀਕਲ ਕਾਲਜਾਂ ਨਾਲ ਸਬੰਧਤ ਹਸਪਤਾਲ, ਵਿਸ਼ੇਸ਼ ਬਿਮਾਰੀਆਂ ਦੇ ਹਸਪਤਾਲ, ਜ਼ਿਲ੍ਹਾ ਅਤੇ ਤਅੱਲੁਕਾ ਪੱਧਰ ਦੇ ਹਸਪਤਾਲਾਂ ਦੀ ਸਿਫ਼ਾਰਸ਼ ਕੀਤੀ। ਇਸ ਦੇ ਨਾਲ ਨਾਲ ਦਿਹਾਤੀ ਇਲਾਕਿਆਂ ਵਿਚ ਕੇਂਦਰੀ ਸਿਹਤ ਕੇਂਦਰ ਬਣਾਉਣ ਦੀ ਸਿਫ਼ਾਰਸ਼ ਕੀਤੀ ਜਿਨ੍ਹਾਂ ਦਾ ਕੰਮ ਇਲਾਜ ਤੋਂ ਇਲਾਵਾ ਜ਼ਿਆਦਾਤਰ ਬਿਮਾਰੀਆਂ ਦੀ ਰੋਕ ਥਾਮ ਅਤੇ ਸਿਹਤ ਸੇਵਾਵਾਂ ਦਾ ਪੱਧਰ ਉਚੇਰਾ ਕਰਨਾ ਹੈ।
ਭਾਰਤ ਵਿਚ ਹਸਪਤਾਲਾਂ ਨੂੰ ਇਨ੍ਹਾਂ ਤੋਂ ਪ੍ਰਾਪਤ ਸੇਵਾਵਾਂ ਦੇ ਅਧਾਰ ਤੇ ਜਾਂ ਮੰਜਿਆਂ ਦੀ ਗਿਣਤੀ ਦੇ ਆਧਾਰ ਤੇ ਵੰਡ ਸਕਦੇ ਹਾਂ। ਕਿਉਂਕਿ ਸਿਹਤ ਸੇਵਾਵਾਂ ਦੇਣ ਦੀ ਜ਼ਿੰਮੇਵਾਰੀ ਕਾਨੂੰਨੀ ਤੌਰਾ ਤੇ ਸਰਕਾਰ ਦੀ ਹੈ, ਇਸ ਲਈ ਬਹੁ ਗਿਣਤੀ ਹਸਪਤਾਲ ਕੇਂਦਰੀ ਜਾਂ ਸਥਾਈ ਸਰਕਾਰਾਂ ਚਲਾਉਂਦੀਆਂ ਹਨ ਜਦੋਂ ਕਿ ਕੁਝ ਕੁ ਹਸਪਤਾਲਾਂ ਨੂੰ ਧਾਰਮਕ ਅਤੇ ਸਮਾਜਕ ਸੰਸਥਾਵਾਂ ਚਲਾਉਂਦੀਆਂ ਹਨ। ਇਨ੍ਹਾਂ ਵਿਚੋਂ ਰੈਡ ਕਰਾਸ ਅਤੇ ਚਰਚ ਦਾ ਕੰਮ ਵਧੇਰੇ ਸ਼ਲਾਘਾਯੋਗ ਹੈ।
ਹਸਪਤਾਲਾਂ ਨੂੰ ਅਸੀਂ ਵੱਡੇ ਆਧੁਨਿਕ ਹਸਪਤਾਲਾਂ , ਵਿਸ਼ੇਸ਼ ਬਿਮਾਰੀਆਂ ਦੇ ਹਸਪਤਾਲਾਂ, ਜ਼ਿਲ੍ਹਾ ਪੱਧਰ ਦੇ ਹਸਪਤਾਲਾਂ , ਤਹਿਸੀਲ ਪੱਧਰ ਦੇ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿਚ ਵੰਡ ਸਕਦੇ ਹਾਂ। ਇਨ੍ਹਾਂ ਸਾਰਿਆਂ ਵਿਚ ਇੰਨ–ਡੋਰ ਅਤੇ ਆਊਟ–ਡੋਰ ਵਿਭਾਗ ਹੁੰਦੇ ਹਨ। ਭਾਰਤ ਵਿਚ ਵੱਡੇ ਆਧੁਨਿਕ ਹਸਪਤਾਲ ਵੱਡੇ ਵੱਡੇ ਸ਼ਹਿਰਾਂ ਵਿਚ ਹਨ ਅਤੇ ਇਨ੍ਹਾਂ ਵਿਚੋਂ ਬਹੁਤੀ ਗਿਣਤੀ ਹਸਪਤਾਲ ਮੈਡੀਕਲ ਕਾਲਜਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚ 500 ਤੋਂ 1500 ਤਕ ਮਰੀਜ਼ਾਂ ਦੇ ਰਹਿਣ ਦਾ ਪ੍ਰਬੰਧ ਹੁੰਦਾ ਹੈ। ਇਨ੍ਹਾਂ ਵਿਚ ਮੈਡੀਸਨ, ਸਰਜਰੀ, ਅੱਖਾਂ, ਨੱਕ, ਕੰਨ, ਗਲੇ, ਹੱਡੀਆਂ ਦੀਆਂ ਬਿਮਾਰੀਆਂ, ਇਸਤਰੀਆਂ ਦੇ ਰੋਗ ਅਤੇ ਬੱਚੇ ਦੇ ਜਨਮ ਸਮੇਂ ਬੱਚਾ ਅਤੇ ਜੱਚਾ ਦੀ ਦੇਖ ਭਾਲ, ਚਮੜੀ ਅਤੇ ਗੁਪਤ ਰੋਗਾਂ, ਮਾਨਸਿਕ ਰੋਗਾਂ, ਦੰਦਾਂ ਦੀਆਂ ਬਿਮਾਰੀਆਂ, ਬੱਚਿਆਂ ਦੀਆਂ ਬਿਮਾਰੀਆਂ ਦੇ ਵਿਭਾਗਾਂ ਤੋਂ ਇਲਾਵਾ ਐਕਸਰੇ ਕਲੀਨੀਕਲ ਲੈਬਾਰਟਰੀ, ਪੈਥਾੱਲੋਜੀਕਲ ਲੈਬਾਰਟਰੀ, ਬਾਇਓ ਕੈਮੀਕਲ ਲੈਬਾਰਟਰੀ ਅਤੇ ਐੱਨਸਥੀਸੀਆ (ਸਰਜਰੀ ਲਈ ਮਰੀਜ਼ ਨੂੰ ਬੇਹੋਸ਼ ਜਾਂ ਅੰਗ ਸੁੰਨ ਕਰਨ ਦੀ ਕਲਾ), ਖ਼ੂਨ ਦਾ ਬੈਂਕ, ਪਰਿਵਾਰ ਨਿਯੋਜਨ ਦੇ ਕਲੀਨਿਕ, ਫਾਰਮੇਸੀ, ਫਿਜ਼ਿਓਥਰੇਪੀ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸੁਰੱਖਿਆ ਕਲੀਨਿਕ ਦਾ ਵੀ ਪ੍ਰਬੰਧ ਹੁੰਦਾ ਹੈ। ਇਨ੍ਹਾਂ ਵਿਭਾਗਾਂ ਵਿਚ ਕੰਮ ਕਰਦੇ ਡਾਕਟਰ ਆਪਣੇ ਆਪ ਦੇ ਵਿਸ਼ੇ ਵਿਚ ਉਚ–ਪੱਧਰੇ ਮਾਹਰ ਹੁੰਦੇ ਹਨ। ਇਹ ਸਿਖਿਆ ਘੱਟ ਤੋਂ ਘੱਟ ਐਮ. ਡੀ. ਜਾਂ ਐਮ. ਐਸ. ਦੀ ਡਿਗਰੀ ਹੁੰਦੀ ਹੈ। ਇਨ੍ਹਾਂ ਹਸਪਤਾਲਾਂ ਵਿਚ ਮਰੀਜ਼ਾਂ ਦੀ ਦੇਖ ਭਾਲ ਅਤੇ ਡਾਕਟਰੀ ਸਿਖਿਆ ਤੋਂ ਇਲਾਵਾ ਨਰਸਾਂ, ਫਾਰਮੇਸਿਸਟਾਂ, ਐਕਸਰੇ ਟੈਕਨੀਸ਼ਨਾਂ ਅਤੇ ਲੈਬਾਰਟਰੀ ਟੈਕਨੀਸ਼ਨਾਂ ਦੀ ਸਿਖਿਆ ਦਾ ਵੀ ਪ੍ਰਬੰਧ ਹੁੰਦਾ ਹੈ। ਕਈ ਵੱਡੇ ਹਸਪਤਾਲਾਂ ਵਿਚ ਦਵਾਈਆਂ ਬਣਾਉਣ ਲਈ ਫਾਰਮੇਸੀ, ਬਿਜਲੀ ਅਤੇ ਮਕੈਨੀਕਲ ਵਰਕਸ਼ਾਪ ਦਾ ਵੀ ਪ੍ਰਬੰਧ ਹੁੰਦਾ ਹੈ।
ਮਰੀਜ਼ ਡਾਕਟਰੀ ਸਲਾਹ ਲੈਣ ਲਈ ਆਊਟ–ਡੋਰ ਵਿਚ ਆਉਂਦੇ ਹਨ, ਜਿਥੇ ਵੱਖ ਵੱਖ ਬਿਮਾਰੀਆਂ ਵਾਲੇ ਮਾਹਰ ਐਕਸਰੇ, ਪੈਥਾੱਲੋਜੀਕਲ, ਕਲੀਨਿਕਲ, ਬੈਕਟੀਰੀਆਲੋਜੀਕਲ ਲੈਬਾਰਟਰੀਆਂ ਦੀ ਮਦਦ ਨਾਲ ਮਰੀਜ਼ ਦੀ ਜਾਂਚ ਕਰਦੇ ਹਨ ਅਤੇ ਜੇ ਉਸ ਦਾ ਇਲਾਜ ਘਰ ਵਿਚ ਰਹਿ ਕੇ ਹੋ ਸਕਦਾ ਹੋਵੇ ਤਾਂ ਮਰੀਜ਼ ਨੂੰ ਦਵਾਈ ਲਿਖ ਕੇ ਡਾਕਟਰੀ ਸਲਾਹ ਦੇ ਕੇ ਘਰ ਭੇਜ ਦਿੰਦੇ ਹਨ। ਮਰੀਜ਼ ਨੂੰ ਕਾਫ਼ੀ ਦਵਾਈਆਂ ਹਸਪਤਾਲ ਦੀਆਂ ਡਿਸਪੈਂਸਰੀਆਂ ਵਿਚੋਂ ਮਿਲ ਜਾਂਦੀਆਂ ਹਨ। ਜਿਨ੍ਹਾਂ ਮਰੀਜ਼ਾਂ ਦੀ ਮਰਜ਼ ਦੀ ਜਾਂਚ ਅਤੇ ਇਲਾਜ ਲਈ ਹਸਪਤਾਲ ਵਿਚ ਰਖਣਾ ਜ਼ਰੂਰੀ ਹੋਵੇ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਜਾਂਦਾ ਹੈ। ਮਰੀਜ਼ਾਂ ਦੇ ਰਖਣ ਵਾਲੇ ਹਿੱਸੇ ਨੂੰ ਇੰਨ–ਡੋਰ ਕਹਿੰਦੇ ਹਨ। ਗੰਭੀਰ ਹਾਲਤ ਵਾਲੇ ਮਰੀਜ਼ ਜਾਂ ਅਚਾਨਕ ਹਾਲਤ ਖ਼ਰਾਬ ਹੋ ਜਾਣ ਵਾਲੇ ਰੋਗੀਆਂ ਨੂੰ ਕੈਜ਼ੂਐਲਿਟੀ ਵਿਭਾਗ ਵਿਚ ਸਿੱਧੇ ਦਾਖਲ ਕਰ ਲਿਆ ਜਾਂਦਾ ਹੈ ਅਤੇ ਹਾਲਤ ਵਿਚ ਸੁਧਾਰ ਹੋਣ ਤੇ ਉਸ ਨੂੰ ਇੰਨ–ਡੋਰ ਵਿਚ ਸਬੰਧਿਤ ਵਿਭਾਗ ਵਿਚ ਭੇਜ ਦਿਤਾ ਜਾਂਦਾ ਹੈ।
ਮੈਡੀਕਲ ਸਾਇੰਸ ਦੇ ਵਿਕਾਸ ਨਾਲ ਅੱਜ ਕਲ੍ਹ ਪਰਮ–ਵਿਸ਼ੇਸ਼ਤਾ ਵਾਲੇ ਵਿਭਾਗਾਂ ਦਾ ਵੀ ਵਿਕਾਸ ਹੋ ਰਿਹਾ ਹੈ ਜਿਨ੍ਹਾਂ ਵਿਚ ਪਲਾਸਟਿਕ––ਅਤੇ ਰੀ–ਕੰਨਸਟਰਕਟਿਵ ਸਰਜਰੀ, ਕਾਰਡੀਆਲੋਜੀ, ਕਾਰਡੀਓਥੋਰੈਸਿਕ ਸਰਜਰੀ, ਨਿਊਰਾਲੋਜੀ, ਨਿਊਰੋਸਰਜਰੀ, ਨੈੱਫਰਾਲੋਜੀ, ਜੈਨੀਟੋਯੂਰੀਨਰੀ ਸਰਜਰੀ, ਬੱਚਿਆਂ ਦੀ ਸਰਜਰੀ, ਗੈਸਟ੍ਰੋਐਨਟ੍ਰਾੱਲੋਜੀ, ਕੋਥਾਲਟ ਰੇਡੀਓ ਥਰੈਪੀ ਵਰਗੇ ਵਿਭਾਗ ਵੀ ਵਿਕਸਤ ਹੋ ਰਹੇ ਹਨ। ਇਨ੍ਹਾਂ ਵਿਭਾਗਾਂ ਵਿਚ ਇਨ੍ਹਾਂ ਵਿਸ਼ੇਸ਼ ਬਿਮਾਰੀਆਂ ਦਾ ਇਲਾਜ ਇਨ੍ਹਾਂ ਬਿਮਾਰੀਆਂ ਨਾਲ ਸਬੰਧਤ ਉੱਚ–ਪੱਧਰੀ ਸਿਖਲਾਈ ਅਤੇ ਪੜ੍ਹਾਈ ਪ੍ਰਾਪਤ ਕੀਤੇ ਡਾਕਟਰ ਕਰਦੇ ਹਨ, ਜਿੰਨ੍ਹਾਂ ਦੀ ਗਿਣਤੀ ਇਸ ਸਮੇਂ ਦੇਸ਼ ਵਿਚ ਬਹੁਤ ਘੱਟ ਹੈ।
ਇਨ੍ਹਾਂ ਹਸਪਤਾਲਾਂ ਵਿਚ ਇਲਾਜ ਅਤੇ ਸਿਖਿਆ ਤੋਂ ਇਲਾਵਾ ਡਾਕਟਰੀ ਖੋਜ ਵੱਲ ਵੀ ਕਾਫ਼ੀ ਧਿਆਨ ਦਿਤਾ ਜਾਂਦਾ ਹੈ ਅਤੇ ਕਈ ਸੂਬਿਆਂ ਵਿਚ ਇਨ੍ਹਾਂ ਹਸਪਤਾਲਾਂ ਨੂੰ ਚਲਾਉਣ ਲਈ ‘ਡਾਇਰੈਕਟੋਰੇਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ’ ਕਾਇਮ ਕੀਤੇ ਗਏ ਹਨ।
ਇਨ੍ਹਾਂ ਤੋਂ ਇਲਾਵਾ ਖ਼ਾਸ ਬਿਮਾਰੀਆਂ ਲਈ ਵਖਰੇ ਆਧੁਨਿਕ ਹਸਪਤਾਲ ਵੀ ਹਨ। ਇਹ ਹਸਪਤਾਲ ਬਿਮਾਰੀਆਂ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ। ਖ਼ਾਸ ਬਿਮਾਰੀਆਂ ਦੇ ਹਸਪਤਲਾਂ ਵਿਚ ਬੱਚਿਆਂ ਦੇ ਜੱਚਾ–ਬੱਚਾ, ਟੀ.ਬੀ., ਦਿਮਾਗ਼ੀ ਬਿਮਾਰੀਆਂ, ਕੈਂਸਰ, ਕੋੜ੍ਹ, ਅੱਖਾਂ, ਅੰਗ ਮਾਰੇ ਹੋਏ ਰੋਗੀਆਂ ਅਤੇ ਛੂਤ ਦੀਆਂ ਬਿਮਾਰੀਆਂ ਦੇ ਹਸਪਤਾਲ ਸ਼ਾਮਲ ਹਨ। ਇਨ੍ਹਾਂ ਹਸਪਤਾਲਾਂ ਵਿਚ ਸਿਰਫ਼ ਉਸੇ ਇਕ ਵਿਸ਼ੇਸ਼ ਬਿਮਾਰੀ ਦੇ ਮਰੀਜ਼ਾਂ ਦਾ ਹੀ ਇਲਾਜ ਹੁੰਦਾ ਹੈ ਜਿਸ ਲਈ ਇਹ ਬਣਾਇਆ ਗਿਆ ਹੋਵੇ। ਇਸ ਲਈ ਇਨ੍ਹਾਂ ਹਸਪਤਾਲਾਂ ਵਿਚ ਉਸ ਇਕ ਬਿਮਾਰੀ ਨਾਲ ਸਬੰਧਿਤ ਸਾਰੀਆਂ ਆਧੁਨਿਕ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਹਸਪਤਾਲ ਇਨ੍ਹਾਂ ਵਿਸ਼ੇਸ਼ ਬਿਮਾਰੀਆਂ ਦੇ ਖੋਜ ਕੇਦਰ ਦਾ ਰੋਲ ਵੀ ਅਦਾ ਕਰਦੇ ਹਨ। ਕਈ ਵਾਰੀ ਇਹ ਹਸਪਤਾਲ ਵੀ ਮੈਡੀਕਲ ਕਾਲਜ ਨਾਲ ਸਬੰਧਿਤ ਹੁੰਦੇ ਹਨ। ਇਨ੍ਹਾਂ ਹਸਪਤਾਲਾਂ ਦੀ ਗਿਣਤੀ ਬਹੁਤ ਘੱਟ ਹੈ।
ਜ਼ਿਲ੍ਹਾ ਪੱਧਰ ਦੇ ਹਸਪਤਾਲ–– ਇਨ੍ਹਾਂ ਹਸਪਤਾਲਾਂ ਵਿਚ 100 ਤੋਂ 200 ਤਕ ਮਰੀਜ਼ ਰੱਖਣ ਦੀ ਸਹੂਲਤ ਹੁੰਦੀ ਹੈ। ਆਊਟ–ਡੋਰ ਸੇਵਾਵਾਂ ਤੋਂ ਇਲਾਵਾ ਇਨ੍ਹਾਂ ਹਸਪਤਾਲਾਂ ਵਿਚ ਮੈਡੀਕਲ, ਸਰਜਰੀ, ਬੱਚੇ ਦੇ ਜਨਮ ਸਮੇਂ ਦੀ ਡਾਕਟਰੀ ਸਹੂਲਤ ਅਤੇ ਜੱਚਾ ਤੇ ਬੱਚਾ ਦੀ ਦੇਖ ਭਾਲ ਅਤੇ ਕੁਝ ਹੋਰ ਬਿਮਾਰੀਆਂ ਦੇ ਵੀ ਇਕ ਇਕ ਮਾਹਰ ਡਾਕਟਰ ਦਾ ਇੰਤਜ਼ਾਮ ਹੁੰਦਾ ਹੈ। ਰੋਗ ਦੀ ਜਾਂਚ ਲਈ ਐਕਸਰੇ, ਖ਼ੂਨ ਬੈਂਕ ਅਤੇ ਲੈਬਾਰਟਰੀ ਦਾ ਵੀ ਇੰਤਜ਼ਾਮ ਹੁੰਦਾ ਹੈ।
ਤਹਿਸੀਲ ਹਸਪਤਾਲ ਜਾਂ ਤਅੱਲੁਕਾ ਹਸਪਤਾਲ–– ਇਹ ਹਸਪਤਾਲ ਵੀ ਜ਼ਿਲ੍ਹਾ ਪੱਧਰ ਵਰਗੇ ਹੀ ਹੁੰਦੇ ਹਨ ਪਰ ਇਨ੍ਹਾਂ ਵਿਚ 50-100 ਮਰੀਜ਼ ਦਾਖਲ ਕਰਨ ਦੀ ਸਹੂਲਤ ਹੁੰਦੀ ਹੈ ਅਤੇ ਵਿਸ਼ੇਸ਼ ਮਾਹਰਾਂ (ਸਰਜਰੀ, ਮੈਡੀਸਨ, ਇਸਤਰੀ ਰੋਗ ਅਤੇ ਬੱਚੇ ਦੀ ਪੈਦਾਇਸ਼) ਦੀ ਗਿਣਤੀ ਘਟ ਹੁੰਦੀ ਹੈ। ਬਾਕੀ ਸਹੂਲਤਾਂ ਵਿਚ ਕੋਈ ਖਾਸ ਫ਼ਰਕ ਨਹੀਂ ਹੁੰਦਾ । ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਹਸਪਤਾਲ ਪਰਿਵਾਰ ਨਿਯੋਜਨ ਬਾਰੇ ਜ਼ਿਆਦਾ ਧਿਆਨ ਦਿੰਦੇ ਹਨ। ਇਹ ਹਸਪਤਾਲ ਗੰਭੀਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਮੈਡੀਕਲ ਕਾਲਜਾਂ ਜਾਂ ਉਸ ਦੇ ਬਰਾਬਰ ਦੀ ਪੱਧਰ ਦੇ ਹਸਪਤਾਲ ਵਿਚ ਇਲਾਜ ਲਈ ਭੇਜ ਦਿੰਦੇ ਹਨ।
ਪ੍ਰਾਇਮਰੀ ਸਿਹਤ ਕੇਂਦਰ–– ਇਨ੍ਹਾਂ ਵਿਚ ਭਾਵੇਂ ਮਰੀਜ਼ ਦਾਖ਼ਲ ਕਰਨ ਦੀ ਸਹੂਲਤ ਜ਼ਰੂਰ ਹੁੰਦੀ ਹੈ ਪਰ ਇਨ੍ਹਾਂ ਦਾ ਮੂਲ ਕੰਮ ਬਿਮਾਰੀ ਦੇ ਇਲਾਜ ਤੋਂ ਜ਼ਿਆਦਾ ਬਿਮਾਰੀਆਂ ਦੀ ਰੋਕਥਾਮ ਅਤੇ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਹੁੰਦਾ ਹੈ। ਇਸ ਲਈ ਸਿਹਤ ਕੇਂਦਰਾਂ ਵਿਚ ਦੋ ਦੋ ਡਾਕਟਰਾਂ ਤੋਂ ਇਲਾਵਾ ਪਬਲਿਕ ਹੈਲਥ ਵਰਕਰ, ਲੇਡੀ ਹੈਲਥ ਵਿਜ਼ਟਰ ਅਤੇ ਸਹਾਇਕ ਹੈਲਥ ਵਰਕਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੁੰਦੀ ਹੈ। ਸੰਨ 1981 ਦੇ ਅੰਤ ਤੱਕ ਦੇਸ਼ ਵਿਚ 5,499 ਪ੍ਰਾਇਮਰੀ ਸਿਹਤ ਕੇਂਦਰ ਸਥਾਪਤ ਹੋ ਚੁਕੇ ਹਨ (ਜਦੋਂ ਕਿ 1951 ਵਿਚ ਇਕ ਵੀ ਨਹੀਂ ਸੀ) ਅਤੇ ਹਰ ਪੰਜ ਪ੍ਰਾਇਮਰੀ ਸਿਹਤ ਕੇਂਦਰਾਂ ਵਿਚੋਂ ਇਕ ਨੂੰ ਬਲਾਕ ਕੇਂਦਰ ਬਣਾਇਆ ਗਿਆ ਹੈ ਜਿਥੇ 30 ਮਰੀਜ਼ਾਂ ਦੇ ਰੱਖਣ ਦਾ ਇੰਤਜ਼ਾਮ ਹੈ। ਸੰਨ 1982-83 ਦੇ ਅੰਤ ਤਕ ਹਰ 5000 ਦੀ ਆਬਾਦੀ ਪਿੱਛੇ ਪ੍ਰਾਇਮਰੀ ਸਿਹਤ ਕੇਂਦਰ ਮੁਹੱਈਆ ਕੀਤਾ ਗਿਆ।
ਪ੍ਰਬੰਧ ਅਤੇ ਸਰਮਾਇਆ–– ਕਿਉਂਕਿ ਭਾਰਤੀ ਵਿਧਾਨ ਮੁਤਾਬਕ ਸਿਹਤ ਸੇਵਾ ਰਾਜ ਦੀ ਜ਼ਿਮੇਵਾਰੀ ਹੈ ਜਿਸ ਲਈ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੇਵਾਵਾਂ ਦਾ ਸਾਰਾ ਖਰਚਾ ਕੇਂਦਰੀ ਅਤੇ ਰਾਜ ਸਰਕਾਰਾਂ ਕਰਦੀਆਂ ਹਨ। ਗ਼ੈਰ ਸਰਕਾਰੀ ਹਸਪਤਾਲ ਦੂਸਰੇ ਵਸੀਲਿਆਂ ਤੋਂ ਇਲਾਵਾ ਸਰਕਾਰ ਕੋਲੋਂ ਵੀ ਮਾਲੀ ਮਦਦ ਲੈਂਦੇ ਹਨ। ਵੱਡੇ ਹਸਪਤਾਲਾਂ ਦੇ ਇੰਤਜ਼ਾਮ ਮੈਡੀਕਲ ਸੁਪਰਡੈਂਟ ਕਰਦੇ ਹਨ ਜੋ ਕਿ ਇਕ ਡਾਕਟਰ ਹੀ ਹੁੰਦਾ ਹੈ ਪਰ ਉਹ ਕੇਵਲ ਪ੍ਰਬੰਧਕੀ ਕੰਮ ਹੀ ਕਰਦਾ ਹੈ। ਅੱਜ ਕਲ੍ਹ ਹਸਪਤਾਲ ਪ੍ਰਬੰਧਕੀ ਸਿਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਇਹ ਸਿਖਿਆ ਪ੍ਰਾਪਤ ਡਾਕਟਰਾਂ ਦੀ ਗਿਣਤੀ ਬਹੁਤ ਹੀ ਘਟ ਹੈ। ਛੋਟੇ ਹਸਪਤਾਲਾਂ ਦਾ ਇੰਤਜ਼ਾਮ ਮੁੱਖ ਡਾਕਟਰੀ ਅਫ਼ਸਰ ਜਾਂ ਸੀਨੀਅਰ ਡਾਕਟਰ ਕਰਦਾ ਹੈ।
ਸਿਹਤ ਸੇਵਾ ਅਤੇ ਲੋਕ––ਵਿਕਾਸਸ਼ੀਲ ਦੇਸ਼ਾਂ ਵਿਚ ਵਿਕਸਤ ਅਤੇ ਸਮਾਜਵਾਦੀ ਦੇਸ਼ਾਂ ਨਾਲੋਂ ਸਿਹਤ ਸੇਵਾਵਾਂ ਕਿਤੇ ਪਛੜੀਆਂ ਹੋਈਆਂ ਹਨ। ਭਾਰਤ ਵਿਚ 1946 ਵਿਚ ਸਭ ਵੱਡੇ ਛੋਟੇ ਸਿਰਫ਼ 7400 ਹਸਪਤਾਲ ਅਤੇ ਡਿਸਪੈਂਸਰੀਆਂ ਸਨ ਜਦੋਂ ਕਿ 1981 ਵਿਚ ਇਨ੍ਹਾਂ ਦੀ ਗਿਣਤੀ 15,257 ਸੀ। 1951 ਵਿਚ ਹਰ ਇਕ ਹਜ਼ਾਰ ਲੋਕਾਂ ਪਿਛੇ ਹਸਪਤਾਲਾਂ ਵਿਚ ਸਿਰਫ 0.25 ਬਿਸਤਰੇ (ਦਾਖ਼ਲੇ ਦੀਆਂ ਸਹੂਲਤਾਂ) ਸਨ ਜਦੋਂ ਕਿ 1981 ਦੇ ਅੰਤ ਵਿਚ ਇਹ ਗਿਣਤੀ ਹਰ ਇਕ ਹਜ਼ਾਰ ਪਿਛੇ 0.83 ਹੋ ਗਈ ਹੈ। ਇਨ੍ਹਾਂ ਅੰਕੜਿਆਂ ਤੋਂ ਭਾਵੇਂ ਇਹ ਪਤਾ ਲਗਦਾ ਹੈ ਕਿ ਭਾਰਤ ਵਿਚ ਸਿਹਤ ਸੇਵਾਵਾਂ ਦਾ ਕਾਫ਼ੀ ਵਿਸਤਾਰ ਹੋਇਆ ਹੈ ਪਰ ਇਹ ਪ੍ਰਾਪਤੀ ਕੌਮੀ ਟੀਚੇ ਨਾਲੋਂ ਸਿਰਫ਼ ਅੱਧੀ ਹੈ। ਵਿਕਸਤ ਦੇਸ਼ਾਂ ਵਿਚ ਪ੍ਰਤੀ ਹਜ਼ਾਰ ਮਰੀਜ਼ਾਂ ਪਿਛੇ 5 ਤੋਂ 10 ਬਿਸਤਰਿਆਂ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਇਨ੍ਹਾਂ ਪ੍ਰਾਪਤ ਸੇਵਾਵਾਂ ਦਾ ਵੀ 80% ਹਿੱਸਾ ਸ਼ਹਿਰਾਂ ਵਿਚ ਹੈ ਜਿਥੇ ਦੇਸ਼ ਦੀ ਸਿਰਫ਼ 20% ਵਸੋਂ ਰਹਿੰਦੀ ਹੈ ਅਤੇ 20% ਸੇਵਾਵਾਂ ਪਿੰਡਾਂ ਵਿਚ ਹਨ ਜਿਥੇ ਦੇਸ਼ ਦੀ 80% ਵਸੋਂ ਰਹਿੰਦੀ ਹੈ। ਇਸ ਤੋਂ ਸਪਸ਼ਟ ਹੈ ਕਿ ਸਿਹਤ ਸੇਵਾਵਾਂ ਦੀ ਵੰਡ–ਕਾਣੀ ਹੈ। ਛੇਵੀਂ ਪੰਜ ਸਾਲਾ ਯੋਜਨਾ ਵਿਚ ਸਿਹਤ ਸੇਵਾਵਾਂ ਦਾ ਪਰਸਾਰ ਜ਼ਿਆਦਾਤਰ ਪਿੰਡਾਂ ਵਿਚ ਕੀਤਾ ਗਿਆ ਹੈ ਤਾਂ ਕਿ ਇਸ ਵਿਤਕਰੇ ਨੂੰ ਠੀਕ ਕੀਤਾ ਜਾ ਸਕੇ।
ਸਾਡੇ ਦੇਸ਼ ਵਿਚ ਕੌਮੀ ਬਜਟ ਦਾ ਤਕਰੀਬਨ 3% ਅਤੇ ਸੂਬਾਈ ਸਰਕਾਰਾਂ ਦੇ ਬਜਟ ਦਾ 3% ਤੋਂ 8% ਹਿੱਸਾ ਸਿਹਤ ਸੇਵਾ ਤੇ ਖ਼ਰਚ ਹੁੰਦਾ ਹੈ। ਇਹ ਖ਼ਰਚਾ ਵਿਕਸਤ ਅਤੇ ਸਮਾਜਵਾਦੀ ਦੇਸ਼ਾਂ ਦੇ ਮੁਕਾਬਲੇ ਬਹੁਤ ਘਟ ਹੈ। ਸਮਾਜਵਾਦੀ ਦੇਸ਼ਾਂ ਵਿਚ ਕੌਮੀ ਬਜਟ ਦਾ 30% ਤੋਂ 40% ਹਿੱਸਾ ਸਿਖਿਆ, ਸਿਹਤ ਅਤੇ ਸਮਾਜ ਭਲਾਈ ਤੇ ਖ਼ਰਚ ਕੀਤਾ ਜਾਂਦਾ ਹੈ ਜਦੋਂ ਕਿ ਸਾਡੇ ਦੇਸ਼ ਵਿਚ ਇਸ ਮੱਦ ਹੇਠ ਸਿਰਫ਼ 10% ਖਰਚਿਆ ਜਾਂਦਾ ਹੈ। ਸੰਨ 1981 ਤਕ ਕੇਂਦਰੀ ਸਿਹਤ ਯੋਜਨਾ ਦੇ ਤਹਿਤ 15 ਵੱਡੇ ਵੱਡੇ ਸ਼ਹਿਰਾਂ ਵਿਚ ਕੇਂਦਰੀ ਸਿਹਤ ਕੇਂਦਰ ਬਣਾਏ ਗਏ ਹਨ, ਜਿਥੋਂ 24.60 ਲੱਖ ਮਨੁੱਖ ਫ਼ਾਇਦਾ ਉਠਾ ਰਹੇ ਹਨ। ਦੇਸ਼ ਵਿਚ ਹੁਣ 106 ਮੈਡੀਕਲ ਕਾਲਜ ਚੱਲ ਰਹੇ ਹਨ। ਸੰਨ 1978-79 ਤਕ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ 1.72 ਲੱਖ ਡਾਕਟਰ ਅਤੇ 1.13 ਲੱਖ ਨਰਸਾਂ ਵੱਖ ਵੱਖ ਸਿਹਤ ਸੇਵਾਵਾਂ ਅਧੀਨ ਇਸ ਵੱਡਮੁਲੀ ਸੇਵਾ ਵਿਚ ਜੁਟੇ ਹੋਏ ਸਨ, ਸਰਕਾਰ ਹਰ ਨਵੇਂ ਸਾਲ ਦੇ ਬਜਟ ਵਿਚ ਬੀਤ ਚੁਕੇ ਸਾਲ ਦੇ ਬਜਟ ਨਾਲੋਂ ਵਧੇਰੇ ਰਕਮ ਖ਼ਰਚ ਕਰਨ ਦਾ ਉਪਰਾਲਾ ਕਰਦੀ ਹੈ।
ਹ. ਪੁ. ––ਚਰਕ ਸੰਮਹਿਤਾ ਬੁਕ –– 1Ch XV. ਅਠਵੀਂ ਐਡੀ (1070); ਪਾਰਕ ਜੇ. ਈ.––ਦੀ ਟੈਕਸਟ ਬੁਕ ਆਫ਼ ਪਰਿਵੈਨਟਿਵ ਐਂਡ ਸੋਸ਼ਲ ਮੈਡੀਸਨ ਚੌਥੀ ਐਡੀ. (1975) ; ਰਿਪੋਰਟ ਆਫ਼ ਹੈਲਥ ਸਰਵੇ ਐਂਡ ਪਲੈਨਿੰਗ ਕਮੇਟੀ (ਮੁਦਾਲੀਅਰ ਏ. ਐਲ. ਕਮੇਟੀ ਰਿਪੋਰਟ) ਮਨਿਸਟਰੀ ਆਫ਼ ਹੈਲਥ, ਗੌਰਮਿੰਟ ਆਫ਼ ਇੰਡੀਆ, ਨਿਊ ਦਿੱਲੀ–1961; ਹੈਲਥ ਸਰਵੇ ਐਂਡ ਡਿਵੈਲਪਮੈਂਟ ਕਮੇਟੀ (ਬੋਹਰ ਕਮੇਟੀ ਰਿਪੋਰਟ) 1946; ਐਬਸਟਰੈਕਟ ਫਰਾਮ ਡਰਾਫਟ ਛੇਵੀਂ ਪੰਜ ਸਾਲਾ ਯੋਜਨਾ (1978-83); ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ ਨਿਊ ਦਿਲੀ–1978; ਹੈਲਥ ਸੈਕਟਰ ਇੰਨ ਇੰਡੀਆ ; ਐਨ ਓਵਰ ਵਿਊ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ ਨਿਊ ਦਿੱਲੀ–1977; ਮਾਲਕੌਮ ਟੀ. ਮੈਨੀਆਚਰਕ ਹੋਸਪੀਟਲ ਔਰਗੇਨਾਈਜੇਸ਼ਨਲ ਐਂਡ ਮੈਨੇਜਮੈਂਟ ਤੀਜੀ ਐਡੀ–1969; ਐਨ. ਬ੍ਰਿ. ਮੈ. 8.
ਲੇਖਕ : ਪਿਆਰੇ ਮੋਹਨ ਸ਼ਰਮਾ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no
ਹਸਪਤਾਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਸਪਤਾਲ, (ਅੰਗਰੇਜ਼ੀ ਹੌਸਪੀਟਲ) / ਪੁਲਿੰਗ : ਹਸਪਤਾਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-12-10-45, ਹਵਾਲੇ/ਟਿੱਪਣੀਆਂ:
ਹਸਪਤਾਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਸਪਤਾਲ, (ਅੰਗਰੇਜ਼ੀ : ਹੌਸਪੀਟਲ) / ਪੁਲਿੰਗ : ੧.ਸ਼ਫਾਖਾਨਾ, ਉਹ ਥਾਂ ਜਿਥੇ ਬੀਮਾਰਾਂ ਦਾ ਇਲਾਜ ਕੀਤਾ ਜਾਂਦਾ ਹੈ
–ਹਸਪਤਾਲੀ, ਵਿਸ਼ੇਸ਼ਣ : ਹਸਪਤਾਲ ਸਬੰਧੀ, ਹਸਪਤਾਲ ਦਾ
–ਹਸਪਤਾਲੀ ਗੱਡੀ, ਇਸਤਰੀ ਲਿੰਗ : ਬੀਮਾਰ ਬੰਦੇ ਨੂੰ ਹਸਪਤਾਲ ਲੈ ਜਾਣ ਵਾਲੀ ਗੱਡੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-12-14-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First