ਹੁਕਮਨਾਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁਕਮਨਾਮਾ [ਨਾਂਪੁ] ਲਿਖਤੀ ਆਦੇਸ਼ , ਪਰਵਾਨਾ, ਆਗਿਆ-ਪੱਤਰ; ਸਿੱਖ ਗੁਰੂ ਸਾਹਿਬਾਨ ਦੀ ਉਹ ਚਿੱਠੀ ਜਿਸ ਵਿੱਚ ਉਹਨਾਂ ਆਪਣੇ ਸਿੱਖਾਂ ਨੂੰ ਕੋਈ ਹੁਕਮ ਦਿੱਤਾ ਹੋਵੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੁਕਮਨਾਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁਕਮਨਾਮਾ. ਫ਼ਾ .ਹੁਕਮਨਾਮਹ. ਸੰਗ੍ਯਾ—ਆਗ੍ਯਾਪਤ੍ਰ. ਉਹ ਖ਼ਤ ਜਿਸ ਵਿੱਚ ਹੁਕਮ ਲਿਖਿਆ ਹੋਵੇ। ੨ ਸ਼ਾਹੀ ਫੁਰਮਾਨ। ੩ ਸਤਿਗੁਰੂ ਦਾ ਆਗ੍ਯਾਪਤ੍ਰ. ਦੇਖੋ, ਤਿਲੋਕ ਸਿੰਘ.
ਗੁਰੂ ਸਾਹਿਬਾਨ ਦੇ ਸਮੇਂ ਜੋ ਸਤਿਗੁਰਾਂ ਦੇ ਆਗ੍ਯਾਪਤ੍ਰ ਸਿੱਖਾਂ ਵੱਲ ਭੇਜੇ ਜਾਂਦੇ ਸਨ, ਉਨ੍ਹਾਂ ਦੀ ‘ਹੁਕਮਨਾਮਾ’ ਸੰਗ੍ਯਾ ਸੀ. ਮਾਤਾ ਸੁੰਦਰੀ ਜੀ ਭੀ ਸੰਗਤਿ ਨੂੰ ਹੁਕਮਨਾਮੇ ਜਾਰੀ ਕਰਦੇ ਰਹੇ ਹਨ. ਗੁਰੂਪੰਥ ਦੇ ਪ੍ਰਬੰਧ ਵਿੱਚ ਚਾਰ ਤਖਤਾਂ ਤੋਂ ਭੀ ਹੁਕਮਨਾਮੇ ਭੇਜੇ ਜਾਂਦੇ ਰਹੇ ਅਤੇ ਹੁਣ ਜਾਰੀ ਹੁੰਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੁਕਮਨਾਮਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਹੁਕਮਨਾਮਾ: ਭਾਸ਼ਾਈ ਦ੍ਰਿਸ਼ਟੀ ਤੋਂ ‘ਹੁਕਮਨਾਮਾ’ ਸ਼ਬਦ ਅਰਬੀ ‘ਹੁਕਮ ’ ਅਤੇ ਫ਼ਾਰਸੀ ‘ਨਾਮਹ’ ਸ਼ਬਦ ਦਾ ਸੰਯੁਕਤ ਰੂਪ ਹੈ ਅਤੇ ਇਸ ਦਾ ਸਾਧਾਰਣ ਅਰਥ ਹੈ ‘ਫ਼ਰਮਾਇਸ਼ ਵਾਲਾ ਪੱਤਰ ’। ਸਿੱਖ ਗੁਰੂਆਂ ਜਾਂ ਧਾਰਮਿਕ ਆਗੂਆਂ ਦੁਆਰਾ ਆਪਣੇ ਸ਼ਰਧਾਲੂਆਂ ਜਾਂ ਸੇਵਕਾਂ ਵਲ ਲਿਖੇ ਗਏ ਪੱਤਰਾਂ ਨੂੰ ਵੀ ‘ਹੁਕਮਨਾਮਾ’ ਕਿਹਾ ਜਾਂਦਾ ਹੈ। ਇਨ੍ਹਾਂ ਹੁਕਮਨਾਮਿਆਂ ਦਾ ਇਕ ਸੰਗ੍ਰਹਿ ‘ਨੀਸਾਣ ਤੇ ਹੁਕਮਨਾਮੇ ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅੰਮ੍ਰਿਤਸਰ ਵਲੋਂ ਅਤੇ ਦੂਜਾ ‘ਹੁਕਮਨਾਮੇ’ ਪੰਜਾਬੀ ਯੂਨੀਵਰਸਿਟੀ , ਪਟਿਆਲਾ ਵਲੋਂ ਪ੍ਰਕਾਸ਼ਿਤ ਹੋ ਚੁਕਿਆ ਹੈ। ਕਦੇ ਕਦੇ ਪਤ੍ਰ-ਪਤ੍ਰਿਕਾਵਾਂ ਵਿਚ ਇਨ੍ਹਾਂ ਦੀਆਂ ਛਪੀਆਂ ਤਸਵੀਰਾਂ ਵੀ ਵੇਖੀਆਂ ਜਾਂਦੀਆਂ ਹਨ।
ਮੂਲ ਹੁਕਮਨਾਮੇ ਗੁਰੂਧਾਮਾਂ, ਸ਼ਰਧਾਲੂਆਂ ਦੇ ਘਰਾਂ ਅਤੇ ਪੁਸਤਕਾਲਿਆਂ ਵਿਚ ਸੁਰਖਿਅਤ ਹਨ। ਕਈ ਥਾਂਵਾਂ’ਤੇ ਜਾਅਲੀ ਹੁਕਮਨਾਮੇ ਵੀ ਮਿਲ ਜਾਂਦੇ ਹਨ ਜੋ ਧਨ ਕਮਾਉਣ ਦੀ ਰੁਚੀ ਅਧੀਨ ਲਿਖੇ ਗਏ ਪ੍ਰਤੀਤ ਹੁੰਦੇ ਹਨ। ਹੁਕਮਨਾਮੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਤੋਂ ਲਿਖੇ ਜਾਣੇ ਸ਼ੁਰੂ ਹੋਏ ਸਨ ਅਤੇ ਦਸਮ ਗੁਰੂ ਤੋਂ ਬਾਦ ਬਾਬਾ ਬੰਦਾ ਬਹਾਦਰ ਅਤੇ ਗੁਰੂ-ਪਤਨੀਆਂ ਤੋਂ ਇਲਾਵਾ ਪ੍ਰਮੁਖ ਤਖ਼ਤਾਂ ਤੋਂ ਵੀ ਹੁਣ ਤਕ ਜਾਰੀ ਕੀਤੇ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਪਹਿਲਾਂ ਹੁਕਮਨਾਮੇ ਆਮ ਤੌਰ ’ਤੇ ਗੁਰੂ ਸਾਹਿਬ ਆਪ ਹੀ ਲਿਖਦੇ ਸਨ ਪਰ ਦਸਮ ਗੁਰੂ ਵੇਲੇ ਹੁਕਮਨਾਮੇ ਲਿਖਾਰੀ ਲਿਖਦੇ ਸਨ ਅਤੇ ਗੁਰੂ ਸਾਹਿਬ ਉਨ੍ਹਾਂ ਉਤੇ ਆਪਣੇ ‘ਨੀਸਾਣ’ ਪਾਂਦੇ ਸਨ ਜਿਨ੍ਹਾਂ ਦੀ ਲਿਖਾਵਟ ਦਾ ਸਰੂਪ ਵਖਰਾ ਜਿਹਾ ਜਾਂ ਵਿਲੱਖਣ ਹੁੰਦਾ ਸੀ ।
‘ਨੀਸਾਣ’ ਸ਼ਬਦ ਫ਼ਾਰਸੀ ਦੇ ‘ਨਿਸ਼ਾਨ’ ਸ਼ਬਦ ਦਾ ਤਦਭਵ ਰੂਪ ਹੈ। ਪਰੰਪਰਾਗਤ ਵਿਧੀ ਅਨੁਸਾਰ ਸ਼ਾਹੀ ਫ਼ਰਮਾਨਾਂ ਉਤੇ ਬਾਦਸ਼ਾਹ ਦੀ ਮੋਹਰ ਲਗਾ ਕੇ ਜਾਂ ਬਾਦ ਵਿਚ ਫ਼ਾਰਸੀ ਲਿਪੀ ਦੇ ਅੱਧੇ ‘ਸੁਆਦ’ ਅੱਖਰ ਦਾ ਅਧਿਕਾਰੀ ਵਿਸ਼ੇਸ਼ ਦੁਆਰਾ ਚਿੰਨ੍ਹ ਪਾ ਕੇ ਫ਼ਰਮਾਨਾਂ ਦੀ ਪ੍ਰਮਾਣਿਕਤਾ ਸਥਿਰ ਕੀਤੀ ਜਾਂਦੀ ਸੀ। ਇਸੇ ਪਰੰਪਰਾ ਵਿਚ ਲਿਖਾਰੀਆਂ ਵਲੋਂ ਲਿਖੇ ਹੁਕਮਨਾਮਿਆਂ ਉਤੇ ਦਸਮ ਗੁਰੂ ਵਲੋਂ ਲਿਖੇ ਅੱਖਰ ‘ਨੀਸਾਣ’ ਅਖਵਾਉਂਦੇ ਹਨ। ਕਈ ਵਾਰ ਕਿਸੇ ਪੋਥੀ ਜਾਂ ਗ੍ਰੰਥ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਲਿਖ ਚੁਕਣ ਤੋਂ ਬਾਦ ਕਿਸੇ ਗੁਰੂ ਸਾਹਿਬ ਤੋਂ ਉਸ ਉਤੇ ਕੁਝ ਲਿਖਵਾ ਲਿਆ ਜਾਂਦਾ ਸੀ। ਉਹ ਪਵਿੱਤਰ ਲਿਖਿਤ ਸਿੱਖ ਸ਼ਬਦਾਵਲੀ ਵਿਚ ‘ਨੀਸਾਣ’ ਅਖਵਾਉਂਦੀ ਹੈ। ਇਹ ‘ਨੀਸਾਣ’ ਗੁਰੂ ਸਾਹਿਬ ਦੇ ਨਾਂ ਸੂਚਕ ਦਸਤਖ਼ਤ ਨਹੀਂ ਹੁੰਦੇ, ਸਗੋਂ ‘ੴ ਸਤਿਗੁਰੂ ਪ੍ਰਸਾਦਿ’ ਜਾਂ ਕੋਈ ਹੋਰ ਅਸੀਸ ਸੂਚਕ ਵਾਕ ਜਾਂ ਗੁਰਬਾਣੀ ਦੀ ਕੋਈ ਤੁਕ ਲਿਖ ਦਿੱਤੀ ਜਾਂਦੀ ਸੀ। ਬਹੁਤਿਆਂ ਹੁਕਮ- ਨਾਮਿਆਂ ਉਤੇ ‘ਨੀਸਾਣ’ ਗੁਰਮੁਖੀ ਦੀ ਚਪਰੇਲਾ ਜਾਂ ਸ਼ਿਕਸਤਾ ਲਿਖਿਤ ਵਿਚ ਹੁੰਦੇ ਸਨ।
ਇਨ੍ਹਾਂ ਹੁਕਮਨਾਮਿਆਂ ਦਾ ਪਾਠ ਅਤੇ ਬਣਤਰ ਸ਼ਾਹੀ ਫ਼ਰਮਾਨ ਵਾਂਗ ਹੁੰਦੀ ਹੈ। ‘ੴ ਸਤਿਗੁਰੂ ਪ੍ਰਸਾਦਿ’ ਆਦਿ ਮਾਂਗਲਿਕ ਉਕਤੀਆਂ ਤੋਂ ਬਾਦ ਹੁਕਮਨਾਮਾ ਲਿਖਣ ਵਾਲੇ ਗੁਰੂ ਸਾਹਿਬ ਜਾਂ ਆਗੂ ਤੋਂ ਸਮੁੱਚੀ ਸੰਗਤ ਨੂੰ ਸੰਬੋਧਨ ਕੀਤਾ ਜਾਂਦਾ ਸੀ ਜਿਸ ਵਲ ਉਹ ਹੁਕਮਨਾਮਾ ਭੇਜਿਆ ਜਾ ਰਿਹਾ ਹੋਵੇ। ਇਸ ਤੋਂ ਪਿਛੋਂ ਜਾਂ ਪਹਿਲੋਂ ਕਈ ਵਾਰ ਉਸ ਸੰਗਤ ਵਿਚਲੇ ਇਲਾਕੇ ਦੇ ਮੁਖੀ ਦੇ ਨਾਂ ਵੀ ਦਿੱਤੇ ਹੁੰਦੇ ਸਨ। ਫਿਰ ਅਸੀਸ ਲਿਖ ਕੇ ਫ਼ਰਮਾਇਸ਼ ਜਾਂ ਸੇਵਾ ਦਾ ਉਲੇਖ ਹੁੰਦਾ ਸੀ। ਕਈ ਵਾਰ ਜੇ ਫ਼ਰਮਾਇਸ਼ ਇਕ ਤੋਂ ਵਧ ਵਸਤੂ ਦੀ ਹੋਵੇ ਤਾਂ ਪਾਠ-ਪ੍ਰਵਾਹ ਤੋਂ ਹਟ ਕੇ ਖੱਬੇ ਪਾਸੇ ਹਾਸ਼ੀਏ ਵਿਚ ਵਸਤੂਆਂ ਦਾ ਵੇਰਵਾ ਦਿੱਤਾ ਜਾਂਦਾ ਸੀ। ਕਿਤੇ ਕਿਤੇ ਇਸ ਵਿਧੀ ਤੋਂ ਹਟਿਆ ਵੀ ਗਿਆ ਹੈ। ਜੇ ਮੇਵੜੇ (ਹੁਕਮਨਾਮਾ ਲਿਜਾਣ ਵਾਲੇ ਵਿਅਕਤੀ) ਨੂੰ ਕੁਝ ਭੇਟਾ ਕਰਨਾ ਹੋਵੇ ਤਾਂ ਉਹ ਵੀ ਅੰਤ ਉਤੇ ਲਿਖ ਦਿੱਤਾ ਜਾਂਦਾ ਸੀ। ਫ਼ਰਮਾਇਸ਼ਾਂ ਤੋਂ ਇਲਾਵਾ ਹੋਰ ਕੋਈ ਜ਼ਰੂਰੀ ਸੰਦੇਸ਼ ਭੇਜਣ ਲਈ ਵੀ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਇਨ੍ਹਾਂ ਹੁਕਮਨਾਮਿਆਂ ਦਾ ਆਕਾਰ ਵੱਡਾ ਹੁੰਦਾ ਗਿਆ।
ਇਤਿਹਾਸਿਕ ਮਹੱਤਵ ਦੇ ਪੱਖ ਤੋਂ ਇਨ੍ਹਾਂ ਹੁਕਮ- ਨਾਮਿਆਂ ਤੋਂ ਗੁਰੂ-ਘਰ ਦੀ ਮਾਇਕ ਅਵਸਥਾ, ਲੰਗਰ ਆਦਿ ਲਈ ਸਾਮਗ੍ਰੀ ਪ੍ਰਾਪਤ ਕਰਨ ਦੀ ਵਿਧੀ ਅਤੇ ਆਰਥਿਕ ਪ੍ਰਬੰਧ ਦਾ ਪਤਾ ਲਗਦਾ ਹੈ। ਡਾ. ਗੰਡਾ ਸਿੰਘ ਅਨੁਸਾਰ ‘ਇਨ੍ਹਾਂ ਹੁਕਮਨਾਮਿਆਂ ਦਾ ਆਮ ਉਦੇਸ਼, ਪ੍ਰਚਾਰ ਲਈ ਹਦਾਇਤਾਂ, ਗੁਰੂ-ਘਰ ਦੇ ਲੰਗਰ ਲਈ ਕਾਰ-ਭੇਟ , ਗੁਰੂ ਜੀ ਦੇ ਮੁੱਖ ਅਸਥਾਨ ਪਰ ਪਹੁੰਚਣ ਦਾ ਪ੍ਰਬੰਧ, ਸਿੱਖ ਸੰਗਤਾਂ ਪਰ ਆਪਣੀ ਖ਼ੁਸ਼ੀ ਦੇ ਪ੍ਰਗਟਾਵੇ ਰਾਹੀਂ ਗੁਰੂ ਅਤੇ ਸੰਗਤਾਂ ਦਾ ਮੇਲ ਕਾਇਮ ਰਖਣ, ਸਿੱਖਾਂ ਨੂੰ ਆਪਸ ਵਿਚ ਮੇਲ ਰਖਣ ਦਾ ਹੁਕਮ, ਵੇਲੇ ਕੁਵੇਲੇ ਲੋੜੀਂਦੀਆਂ ਵਸਤਾਂ ਲਈ ਫ਼ਰਮਾਇਸ਼ਾਂ, ਬਾਹਰ ਗੁਰ-ਪੁਰਬਾਂ ਲਈ ਸੰਗਤਾਂ ਨੂੰ ਉਤਸਾਹ, ਖ਼ਾਸ ਖ਼ਾਸ ਮੌਕਿਆਂ ਤੇ ਸੰਗਤਾਂ ਨੂੰ ਗੁਰੂ ਦੀ ਹਜ਼ੂਰੀ ਵਿਚ ਆਉਣ ਦਾ ਸੱਦਾ , ਸੰਗਤਾਂ ਨੂੰ ‘ਖ਼ਾਲਸਾ ’ ਕਰਣ ਦੀ ਇਤਲਾਹ, ਮਸੰਦਾਂ ਦੀ ਪ੍ਰਥਾ ਨੂੰ ਬੰਦ ਕਰ ਦਿਤੇ ਜਾਣ ਅਤੇ ਉਨ੍ਹਾਂ ਦੀ ਵਿਚੋਲਗੀ ਹਟਾ ਦੇਣ ਬਾਬਤ, ਬਾਹਰ ਦੀਆਂ ਸੰਗਤਾਂ ਨੂੰ ਖ਼ਬਰਾਂ ਪਹੁੰਚਾਉਣਾ ਆਦਿ ਸੀ। ਇਨ੍ਹਾਂ ਹੁਕਮਨਾਮਿਆਂ ਤੋਂ ਹੁੰਡੀਆਂ ਰਾਹੀਂ ਦਸਵੰਦ ਇਕੱਠਾ ਕਰਨ ਆਦਿ ਦਾ ਬੋਧ ਵੀ ਹੁੰਦਾ ਸੀ। ਦਸਮ ਗੁਰੂ ਤੋਂ ਬਾਦ ਹੁੰਡੀਆਂ ਜਾਂ ਫ਼ਰਮਾਇਸ਼ਾਂ ਵਾਲੀਆਂ ਵਸਤੂਆਂ ਦੀ ਪ੍ਰਾਪਤੀ ਦੀ ਰਸੀਦ ਵੀ ਭੇਜੀ ਜਾਂਦੀ ਸੀ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਦੋਂ ਸੰਦੇਸ਼ ਲੈ ਜਾਣ ਵਾਲੇ ਹੇਰਾ-ਫੇਰੀ ਕਰਨ ਲਗ ਪਏ ਸਨ। ਕੁਝ ਕੁ ਹੁਕਮਨਾਮਿਆਂ ਤੋਂ ਬਿਨਾ ਹੋਰ ਕਿਸੇ ਵਿਚ ਵੀ ਇਤਿਹਾਸਿਕ ਘਟਨਾਵਾਂ ਦਾ ਕੋਈ ਸਿਧਾ ਉਲੇਖ ਨਹੀਂ ਹੋਇਆ, ਪਰ ਫਿਰ ਵੀ ਇਨ੍ਹਾਂ ਹੁਕਮਨਾਮਿਆਂ ਵਿਚ ਲਿਖੀਆਂ ਫ਼ਰਮਾਇਸ਼ਾਂ ਤੋਂ ਇਤਿਹਾਸਿਕ ਤੱਥਾਂ ਦੇ ਸੰਕੇਤ ਜ਼ਰੂਰ ਮਿਲ ਸਕਦੇ ਹਨ। ਇਨ੍ਹਾਂ ਹਵਾਲਿਆਂ ਨਾਲ ਸਿੱਖ ਅੰਦੋਲਨਾਂ ਦੀ ਧਾਰਮਿਕ, ਭਾਈਚਾਰਿਕ ਅਤੇ ਰਾਜਨੈਤਿਕ ਗਤਿਵਿਧੀ ਦਾ ਬੋਧ ਹੁੰਦਾ ਸੀ।
ਇਹ ਹੁਕਮਨਾਮਾ ਪਰੰਪਰਾ ਹੁਣ ਵੀ ਜਾਰੀ ਹੈ। ‘ਅਕਾਲ ਤਖ਼ਤ ’ ਤੋਂ ਸਮੇਂ ਸਮੇਂ ਹੁਕਮਨਾਮੇ ਜਾਰੀ ਹੁੰਦੇ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਬਾਰੇ ਵਿਵਾਦ ਨੇ ਵੀ ਸਿਰ ਉਠਾਇਆ ਹੈ, ਕਿਉਂਕਿ ਇਨ੍ਹਾਂ ਦ ਜਾਰੀ ਹੋਣ ਵਿਚ ਰਾਜਨੀਤੀ ਜਾਂ ਧੜੇਬੰਦੀ ਨੇ ਪ੍ਰਵੇਸ਼ ਕਰ ਲਿਆ ਹੈ।
ਸਾਹਿਤਿਕ ਦ੍ਰਿਸ਼ਟੀ ਤੋਂ ਹੁਕਮਨਾਮਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਹ ਪੁਰਾਣੀ ਵਾਰਤਕ ਦੇ ਚਿੱਠੀ-ਪੱਤਰ ਵਾਲੇ ਨਮੂਨੇ ਦੇ ਪ੍ਰਤਿਨਿਧ ਹਨ। ਪਹਿਲੇ ਗੁਰੂਆਂ ਦੇ ਹੁਕਮਨਾਮਿਆਂ ਵਿਚ ਕਿਸੇ ਪ੍ਰਕਾਰ ਦੀ ਤਾਰੀਖ਼ ਨਹੀਂ ਦਿੱਤੀ ਜਾਂਦੀ ਸੀ, ਪਰ ਦਸਮ ਗੁਰੂ ਵੇਲੇ ਇਨ੍ਹਾਂ ਨੂੰ ਪੂਰੀ ਦਫ਼ਤਰੀ ਸ਼ਕਲ ਦੇ ਕੇ ਤਾਰੀਖ਼ ਅੰਕਿਤ ਕੀਤੀ ਜਾਣ ਲਗੀ। ਤਿਥੀ ਅਤੇ ਨਾਂ/ਥਾਂ ਦਾ ਵੇਰਵਾ ਦਿੱਤੇ ਹੋਣ ਕਾਰਣ ਇਹ ਹੁਕਮਨਾਮੇ ਸਾਹਿਤਿਕ ਪੱਖ ਤੋਂ ਪ੍ਰਮਾਣਿਕ ਕਹੇ ਜਾ ਸਕਦੇ ਹਨ। ਇਨ੍ਹਾਂ ਵਿਚ ਕਿਸੇ ਕਿਸਮ ਦੇ ਰਲੇ ਦੀ ਗੁੰਜਾਇਸ਼ ਨਹੀਂ ਕਿਉਂਕਿ ਅੰਤ’ਤੇ ਪੰਗਤੀਆਂ ਦੀ ਗਿਣਤੀ ਦੇ ਦਿੱਤੀ ਜਾਂਦੀ ਸੀ। ਅਸਲ ਲਿਖਿਤ ਦੇ ਰੂਪ ਵਿਚ ਉਪਲਬਧ ਹੋਣ ਕਰਕੇ ਇਹ ਕਿਸੇ ਪ੍ਰਕਾਰ ਦੇ ਸ਼ਕ/ਸੰਦੇਹ ਤੋਂ ਮੁਕਤ ਹਨ। ਮੁਗ਼ਲ ਬਾਦਸ਼ਾਹਾਂ ਦੇ ਹੁਕਮਨਾਮਿਆਂ ਦੀ ਪਰੰਪਰਾ ਵਿਚ ਇਨ੍ਹਾਂ ਹੁਕਮਨਾਮਿਆਂ ਵਿਚ ਵੀ ਵਾਰਤਕ ਵੰਨਗੀ ਦੀ ਲਗਭਗ ਘਾਟ ਹੈ। ਸਾਰੀ ਵਾਰਤਕ ਘੜੀ ਘੜਾਈ ਸ਼ਬਦਾਵਲੀ ਅਤੇ ਇਕ ਨਿਸਚਿਤ ਸੀਮਾ ਵਿਚ ਬੰਨ੍ਹੀ ਹੋਈ ਹੈ। ਉਂਜ ਪੰਜਾਬੀ ਸਾਹਿਤ ਵਿਚ ਚਿੱਠੀ-ਪੱਤਰ ਲਿਖਣ ਦੀ ਕਲਾ ਵਿਚ ਇਨ੍ਹਾਂ ਨੇ ਵਿਕਾਸ ਜ਼ਰੂਰ ਲਿਆਉਂਦਾ ਹੈ।
ਇਨ੍ਹਾਂ ਦੀ ਭਾਸ਼ਾ ਦਾ ਸਰੂਪ ਬ੍ਰਜ ਪ੍ਰਭਾਵਿਤ ਸਰਲ ਅਤੇ ਸੁਬੋਧ ਪੰਜਾਬੀ ਵਾਲਾ ਹੈ। ਇਨ੍ਹਾਂ ਹੁਕਮਨਾਮਿਆਂ ਤੋਂ ਗੁਰਮੁਖੀ ਲਿਪੀ ਦੇ ਸਰੂਪ ਦੇ ਕ੍ਰਮਿਕ ਵਿਕਾਸ ਦਾ ਗਿਆਨ ਵੀ ਹੁੰਦਾ ਹੈ। ਕਿਉਂਕਿ ਗੁਰੂ ਹਰਿ ਗੋਬਿੰਦ ਸਾਹਿਬ ਤੋਂ ਬਾਦ ਬਾਬਾ ਬੰਦਾ ਬਹਾਦਰ ਦੇ ਵੇਲੇ ਤਕ ਗੁਰਮੁਖੀ ਅੱਖਰਾਂ ਅਤੇ ਮਾਤ੍ਰਾਵਾਂ ਦੇ ਸਰੂਪ ਵਿਚ ਕਾਫ਼ੀ ਪਰਿਵਰਤਨ ਅਤੇ ਨਿਖਾਰ ਆ ਚੁਕਿਆ ਹੈ। ਇਸ ਤਰ੍ਹਾਂ ਇਹ ਹੁਕਮਨਾਮੇ ਇਤਿਹਾਸਿਕ ਅਤੇ ਸਾਹਿਤਿਕ ਮਹੱਤਵ ਤੋਂ ਇਲਾਵਾ ਸਿੱਖ-ਧਰਮ ਦੇ ਵਿਕਾਸ ਅਤੇ ਮਰਯਾਦਾ ਸੰਬੰਧੀ ਵੀ ਪ੍ਰਕਾਸ਼ ਪਾਉਂਦੇ ਹਨ ਅਤੇ ਗੁਰੂ ਸਾਹਿਬਾਨ ਦੁਆਰਾ ਲਿਖਿਤ ਅਤੇ ਚਿੰਨ੍ਹਤ ਹੋਣ ਕਰਕੇ ਸਿੱਖ-ਜਗਤ ਵਿਚ ਭਰਪੂਰ ਸ਼ਰਧਾ ਅਤੇ ਸਤਿਕਾਰ ਰਖਦੇ ਹਨ।
ਇਥੇ ਨਮੂਨੇ ਵਜੋਂ ਗੁਰੂ ਹਰਿਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ ਅਤੇ ਫੁਲਵੰਸ਼ੀ ਤਿਲੋਕੇ ਅਤੇ ਰਾਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੇ ਇਤਿਹਾਸਿਕ ਹੁਕਮਨਾਮਿਆਂ ਦੇ ਨਮੂਨੇ ਵੇਖੋ :
ਹੁਕਮਨਾਮਾ ਪਾ. ੬
(ਹਰਿਮੰਦਿਰ ਸਾਹਿਬ ਪਟਨਾ ਦੇ ਸੰਗ੍ਰਹਿ ਵਿਚੋਂ)
... ਭਾਈ ਜਾਪੂ ਭਾਈ ਗੁਰਦਾਸੁ ਮੁਰਾਰਿ ਭਾਈ ਜਾਤੀ ਭਾਈ ਦਿਆਲਾ ਗੁਰੂ ਗੁਰੂ ਜਪਣਾ ਜਨਮ ਸਵਰੂ ਸੰਗਤ ਦੀ ਕਾਮਨਾ ਪੂਰੀ ਹੋਗੁ ਸੰਗਤੀ ਦਾ ਰੁਜਗਾਰੁ ਹੋਗ ਸੰਗਤੀ ਕੀ ਕਾਰ ਜੁ ਲੇਹਾਗਾ ਗੁਰੂ ਦੀ ਆਗਿਆ ਹਇ ਕੀਰਤਨ ਕਰਣਾ ਇਕ ਦਾਸੁ ਭਲੀ ਜੁਗਤਿ ਰਹਣਾ ਮਾਸ ਮਛੀ ਦੇ ਨੇੜੇ ਨਾਹੀ ਆਵਣਾ ਪੂਰਬ ਦੀ ਸੰਗਤਿ ਗੁਰੂ ਦਾ ਖ਼ਾਲਸਾ ਹਇ ਉਪਰੰਤਿ ਗੁਰੂ ਦੀ ਆਗਿਆ ਹਇ ਭਾਈ ਜਾਪੂ ਭਾਈ ਗਰਦਾਸੁ ਤੁਸਾਂ ਸਭਨਾ ਰਲਕੇ ਸਾਰੇ ਪੂਰਬ ਦੀ ਕਾਰ ਕਰਣੀ ...।
ਹੁਕਮਨਾਮਾ ਪਾ. ੯
(ਭਾਈ ਉਗਰ ਸੈਣ , ਲਾਲ ਚੰਦ ਆਦਿ ਦੇ ਨਾਮ)
ਸ੍ਰੀ ਗੁਰੂ ਤੇਗ ਬਹਾਦਰ ਜੀਉ ਦੀ ਆਗਿਆ ਹੈ ਭਾਈ ਉਗਰ ਸੈਣੁ ਸ੍ਰਬਤਿ ਸੰਗਤਿ ਗੁਰੂ ਤੁਸਾਡੀ ਰਖੈਗਾ ਸੰਗਤਿ ਦੇ ਮਨੋਰਥ ਗੁਰੂ ਪੂਰੇ ਕਰੈਗਾ ਰਮਦਾਸ ਜਗਦੇਉ ਦਾ ਘਰੁ ਹੈ ਸੋ ਗੁਰੂ ਦਾ ਹੈ ਤੂ ਗੁਰੂ ਦਾ ਪੁਤੁ ਹੈ ਸਭਨਾ ਮਸੰਦਾ ਕਾ ਮੁਹਰੀ ਹੈ ਏਸੁ ਥਾਓ ਦੀ ਸਭ ਮਦਾਰ ਤੁਸਾ ਉਪਰਿ ਹੈ ਰਮਦਾਸ ਗੁਰ ਦਿਤੈ ਭਾਈ ਗੁਰੀਏ ਭਾਈ ਕਲਿਆਣ ਦਾਸ ਨੇ ਆਦਮੀ ਸਦਣਿ ਭੇਜੇ ਹਨਿ ਜਿਤੁਣੇ ਲਾਇਕ ਹੋਨਿਗੇ ਸਭੁ ਹਕੀਕਤਿ ਲਿਖਿ ਭੇਜਹਗੇ ਰਾਮਦਾਸ ਜੀ ਜੇਹੀ ਤੁਸਾ ਸੇਵਾ ਕੀਤੀ ਹੈ ਤੁਸੀ ਏਦੂ ਵਡਾ ਭਰੋਸਾ ਰਖਦੇ ਅਸਹੁ ਗੁਰੂ ਤੁਸਾਡੀ ਰਖੈਗਾ ਖੁਸੀ ਹੈ।
ਹੁਕਮਨਾਮਾ ਪਾ. ੧੦ (ਨੀਸਾਣ ਪਾ. ੧੦)
ੴ ਸਤਿਗੁਰੂ
ਭਾਈ ਤਿਲੌਕਾ ਭਾਈ ਰਾਮਾ ਸੰਗਤ ਗੁਰੂ ਰਖੈਗਾ ਤੁਸਾ ਅਸਵਾਰ ਲੈ ਕੇ ਆਵਦਾ ਜਰੂਰ ਆਵਣਾ ਤੇਰੇ ਉਤੇ ਅਸਾਡੀ ਖਰੀ ਮਿਹਰਵਾਨਗੀ ਅਸੈ ਤੁਸਾ ਆਵਣਾ ੧ ਜੋੜਾ ਰਖਵਾਣਾ।
(ਹੁਕਮਨਾਮੇ ਦਾ ਪਾਠ)
ੴ ਸਤਿਗੁਰੂ ਜੀ
ਸਿਰੀ ਗੁਰੂ ਜੀਉ ਕੀ ਆਗਿਆ ਹੈ ਭਾਈ ਤਿਲੋਕਾ ਰਾਮਾ ਸਰਬੱਤ ਸੰਗਤ ਗੁਰੂ ਰਖੈਗਾ ਤੁਧ ਜਮੀਅਤ ਲੈ ਕੇ ਅਸਾਡੇ ਹਜੂਰ ਆਵਣਾ ਮੇਰੀ ਤੇਰੇ ਉਪਰਿ ਬਹੁਤ ਖੁਸੀ ਹੈ ਤੇਰਾ ਘਰੁ ਮੇਰਾ ਹੈ ਤੁਧੁ ਹੁਕਮ ਦੇਖਦਿਆ ਹੀ ਛੇਤੀ ਅਸਾਡੇ ਹਜੂਰ ਆਵਣਾ ਤੇਰਾ ਘਰੁ ਮੇਰਾ ਅਸੈ ਤੁਧੁ ਸਿਤਾਬੀ ਹੁਕਮੁ ਦੇਖਦਿਆ ਹੀ ਆਵਣਾ। ਤੁਸਾ ਅਸਵਾਰ ਲੈ ਕੇ ਆਵਣਾ ਜਰੂਰ ਆਵਣਾ ਤੇਰੇ ਉਤੇ ਅਸਾਡੀ ਖਰੀ ਮਿਹਰਵਾਨਗੀ ਅਸੈ ਤੈ ਆਵਣਾ ਇਕ ੧ ਜੋੜਾ ਭੇਜਾ ਹੈ ਰਖਾਵਣਾ ਭਾਦੋ 2 ਸੰਮਤ 53
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਹੁਕਮਨਾਮਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁਕਮਨਾਮਾ: ਫ਼ਾਰਸੀ ਦੇ ਦੋ ਸ਼ਬਦਾਂ ‘ਹੁਕਮ` ਭਾਵ ਆਦੇਸ਼ ਅਤੇ ‘ਨਾਮਹ` ਭਾਵ ਪੱਤਰ ਦਾ ਸਮਾਸ ਹੈ। ਇਹ ਸਿੱਖ ਪਰੰਪਰਾ ਅਨੁਸਾਰ ਗੁਰੂਆਂ ਵੱਲੋਂ ਦੇਸ ਦੇ ਵੱਖ-ਵੱਖ ਭਾਗਾਂ ਵਿਚ ਸਿੱਖਾਂ ਅਤੇ ਸੰਗਤਾਂ ਨੂੰ ਭੇਜੇ ਗਏ ਲਿਖਿਤ ਆਦੇਸ਼ ਹਨ। ਇਹ ਸ਼ਬਦ ਵਰਤਮਾਨ ਵਿਚ ਸਿੱਖਾਂ ਦੇ ਸਰਬੋਤਮ ਧਾਰਮਿਕ ਅਸਥਾਨਾਂ ਪੰਜਾਂ ਤਖ਼ਤਾਂ- ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ , ਤਖ਼ਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ (ਪੰਜਾਬ), ਤਖ਼ਤ ਹਰਿਮੰਦਰ ਸਾਹਿਬ ਪਟਨਾ ਸਾਹਿਬ (ਬਿਹਾਰ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ , ਮਹਾਰਾਸ਼ਟਰ ਅਤੇ ਪੰਜਾਬ ਦੇ ਬਠਿੰਡਾ ਜ਼ਿਲੇ ਵਿਚ ਤਖ਼ਤ ਦਮਦਮਾ ਸਾਹਿਬ , ਤਲਵੰਡੀ ਸਾਬੋ ਤੋਂ ਸਮੇਂ-ਸਮੇਂ ਜਾਰੀ ਹੁੰਦੇ ਰਹੇ ਹਨ। ਇਤਿਹਾਸਿਕ ਵਿਅਕਤੀਆਂ ਜਿਵੇਂ ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ, ਗੁਰੂ ਗੋਬਿੰਦ ਸਿੰਘ ਦੀਆਂ ਵਿਧਵਾਵਾਂ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵੀ ਅਤੇ ਬੰਦਾ ਸਿੰਘ ਬਹਾਦਰ ਦੀਆਂ ਸਿੱਖਾਂ ਨੂੰ ਲਿਖੀਆਂ ਚਿੱਠੀਆਂ ਵੀ ਇਸੇ ਵਰਗ ਵਿਚ ਸ਼ਾਮਲ ਹਨ। ਪਿਛਲੇ ਗੁਰੂਆਂ ਦੇ ਕੁਝ ਹੁਕਮਨਾਮੇ ਜੋ ਉਹਨਾਂ ਸੰਗਤ ਅਤੇ ਪ੍ਰਮੁਖ ਸਿੱਖਾਂ ਦੇ ਨਾਂ ਲਿਖੇ ਹਨ ਅਜੋਕੇ ਸਮੇਂ ਵਿਚ ਲੱਭੇ ਅਤੇ ਦੋ ਪੁਸਤਕਾਂ ਦੇ ਰੂਪ ਵਿਚ ਛਾਪੇ ਗਏ ਹਨ। ਦੋਵਾਂ ਦਾ ਵਿਸ਼ਾ ਵਸਤੂ ਸਾਂਝਾ ਹੈ। ਪਹਿਲੀ ਪੁਸਤਕ ਦਾ ਸਿਰਲੇਖ ਹੈ ਹੁਕਮਨਾਮੇ ਜਿਹਨਾਂ ਨੂੰ ਗੰਡਾ ਸਿੰਘ ਨੇ ਸੰਪਾਦਿਤ ਕੀਤਾ ਹੈ ਅਤੇ ਪੰਜਾਬੀ ਯੂਨੀਵਰਸਿਟੀ , ਪਟਿਆਲਾ ਨੇ 1967 ਵਿਚ ਛਾਪਿਆ ਹੈ ਅਤੇ ਦੂਸਰੀ ਨੀਸਾਣ ਤੇ ਹੁਕਮਨਾਮੇ ਹੈ ਜਿਹਨਾਂ ਨੂੰ ਸ਼ਮਸ਼ੇਰ ਸਿੰਘ ਅਸ਼ੋਕ ਨੇ ਸੰਪਾਦਿਤ ਕੀਤਾ ਹੈ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅੰਮ੍ਰਿਤਸਰ ਨੇ 1967 ਵਿਚ ਛਾਪਿਆ ਹੈ। ਗੁਰੂ ਤੇਗ਼ ਬਹਾਦਰ ਦੇ ਹੁਕਮਨਾਮਿਆਂ ਦਾ ਇਕ ਵਖੱਰਾ ਸੰਗ੍ਰਹਿ ਹੁਕਮਨਾਮਾਸ ਦੇ ਸਿਰਲੇਖ ਹੇਠ ਦੇਵਨਾਗਰੀ ਲਿਪੀ ਵਿਚ ਅੰਗਰੇਜ਼ੀ ਅਨੁਵਾਦ ਸਹਿਤ 1976 ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪਿਆ ਗਿਆ ਹੈ। ਸਾਰੇ ਹੁਕਮਨਾਮੇ ਮੂਲ ਰੂਪ ਵਿਚ ਪੰਜਾਬੀ ਵਿਚ ਗੁਰਮੁਖੀ ਅੱਖਰਾਂ ਵਿਚ ਲਿਖੇ ਗਏ ਸਨ। ਗੁਰੂ ਹਰਿਗੋਬਿੰਦ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਬਹੁਤੇ ਹੁਕਮਨਾਮਿਆਂ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਉਹਨਾਂ ਦੇ ਆਪਣੇ ਹੱਥ ਨਾਲ ਲਿਖੇ ਹੋਏ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਸਮੇਂ ਇਸ ਦਾ ਮੂਲ ਪਾਠ ਇਕ ਲਿਖਾਰੀ ਰਾਹੀਂ ਲਿਖਿਆ ਜਾਂਦਾ ਸੀ ਜਦੋਂ ਕਿ ਗੁਰੂ ਜੀ ਇਸ ਹੁਕਮਨਾਮੇ ਦੇ ਸਭ ਤੋਂ ਉੱਪਰ ਇਕ ਪ੍ਰਮਾਣਿਕਤਾ ਦਾ ਚਿੰਨ੍ਹ-ਕੋਈ ਪੰਗਤੀਆਂ ਜਾਂ ਕੋਈ ਆਦੇਸ਼ ਲਿਖ ਦਿੰਦੇ ਸਨ। ਹੁਕਮਨਾਮਿਆਂ ਦੀ ਰੂਪ ਰੇਖਾ ਵਿਚ ਲਗ-ਪਗ ਇਕਸਾਰਤਾ ਹੈ। ਪਹਿਲੇ ਹੁਕਮਨਾਮਿਆਂ ਉੱਤੇ ਕੋਈ ਤਿਥੀ ਨਹੀਂ ਹੈ; 1691 ਤੋਂ ਅੱਗੇ ਵਾਲੇ ਹੁਕਮਨਾਮਿਆਂ ਉੱਤੇ ਆਮ ਤੌਰ ਤੇ ਤਿਥੀ ਪਈ ਹੋਈ ਹੈ ਅਤੇ ਕਈ ਵਾਰੀ ਨੰਬਰ ਵੀ ਲਿਖਿਆ ਹੋਇਆ ਹੈ। ਪਿੱਛੋਂ ਜਾ ਕੇ ਹੁਕਮਨਾਮਿਆਂ ਦੀਆਂ ਕੁਲ ਪੰਗਤੀਆਂ ਦਾ ਜੋੜ ਹੁਕਮਨਾਮੇ ਦੇ ਅਖੀਰ ਤੇ ਦੇਣ ਦਾ ਰਿਵਾਜ ਵੀ ਪ੍ਰਚਲਿਤ ਰਿਹਾ ਹੈ। ਲਿਖਾਰੀ ਇਹਨਾਂ ਸ਼ਬਦਾਂ ਨਾਲ ਮੂਲ ਰਚਨਾ ਦਾ ਅਰੰਭ ਕਰਦੇ ਸਨ ‘ਸ੍ਰੀ ਗੁਰੂ ਜੀ ਕੀ ਆਗਿਆ ਹੈ`: ਜਿਵੇਂ ਪਹਿਲਾਂ ੴ ਗੁਰੂ ਸਤਿ, ਪਿੱਛੋਂ ੴ ਸਤਿਗੁਰੂ ਸੰਖੇਪ ਵਿਚ ਦਿੱਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਬੰਦਾ ਸਿੰਘ ਬਹਾਦਰ (1670-1716) ਨੇ ਪ੍ਰਮਾਣਿਕਤਾ ਲਈ ਫ਼ਾਰਸੀ ਵਿਚ ਮੋਹਰ ਤਿਆਰ ਕਰਵਾਈ ਅਤੇ ਇਸ ਲਈ ਅਰੰਭਿਕ ਸੂਤ੍ਰ ਇਸ ਤਰ੍ਹਾਂ ਲਿਖਿਆ: ੴ ਫ਼ਤਿਹ ਦਰਸ਼ਨ, ਅਤੇ ਅੱਗੋਂ ਲਿਖਤ ਇਸ ਤਰ੍ਹਾਂ ਅਰੰਭ ਹੁੰਦੀ ਹੈ- ਸਚੇ ਸਾਹਿਬ ਦੀ ਆਗਿਆ ਹੈ। ਮਾਤਾ ਸੁੰਦਰੀ ਦੇ ਹੁਕਮਨਾਮੇ ਸ੍ਰੀ ਮਾਤਾ ਜੀ ਦੀ ਆਗਿਆ ਹੈ ਅਤੇ ਮਾਤਾ ਸਾਹਿਬ ਦੇਵੀ ਦੇ ਹੁਕਮਨਾਮੇ ਸ੍ਰੀ ਅਕਾਲ ਪੁਰਖ ਜੀ ਕਾ ਖ਼ਾਲਸਾ ਸ੍ਰੀ ਮਾਤਾ ਸਾਹਿਬ ਦੇਵੀ ਜੀ ਦੀ ਆਗਿਆ ਹੈ ਨਾਲ ਅਰੰਭ ਹੁੰਦੇ ਹਨ।
ਸਿੱਖਾਂ ਲਈ ਇਸ ਦੀ ਮਹੱਤਤਾ ਤੋਂ ਇਲਾਵਾ ਕਿ ਇਹ ਗੁਰੂਆਂ ਦੀ ਪਵਿੱਤਰ ਯਾਦ ਨਾਲ ਸੰਬੰਧਿਤ ਹਨ ਇਹ ਹੁਕਮਨਾਮੇ ਇਕ ਕੀਮਤੀ ਇਤਿਹਾਸਿਕ ਦਸਤਾਵੇਜ਼ ਹਨ। ਜਿਹਨਾਂ ਵਿਅਕਤੀਆਂ ਅਤੇ ਥਾਵਾਂ ਦੇ ਨਾਂ ਇਹਨਾਂ ਵਿਚ ਆਏ ਹਨ ਇਹਨਾਂ ਤੋਂ ਅਰੰਭ ਦੇ ਸਿੱਖ ਧਰਮ ਦੀ ਸਮਾਜਿਕ ਬਣਤਰ ਅਤੇ ਭੂਗੋਲਿਕ ਫੈਲਾਅ ਬਾਰੇ ਪਤਾ ਲੱਗਦਾ ਹੈ। ਸਭ ਤੋਂ ਪਹਿਲਾਂ ਦਾ ਜੋ ਹੁਕਮਨਾਮਾ ਲੱਭਿਆ ਹੈ ਇਹ ਇਕ ਪੱਤਰ ਹੈ ਜਿਸ ਉੱਤੇ ਗੁਰੂ ਹਰਿਗੋਬਿੰਦ ਜੀ (1595-1644) ਦੁਆਰਾ ਪਟਨਾ, ਆਲਮਗੰਜ, ਸ਼ੇਰਪੁਰ, ਬੀਨਾ ਅਤੇ ਬਿਹਾਰ ਵਿਚ ਮੁੰਗੇਰ ਦੀਆਂ ਸੰਗਤਾਂ ਨੂੰ ਸੰਬੋਧਿਤ ਕੀਤਾ ਗਿਆ ਹੈ ਅਤੇ ਇਹਨਾਂ ਸੰਗਤਾਂ ਨਾਲ ਸੰਬੰਧਿਤ ਘੱਟੋ-ਘੱਟ 62 ਪ੍ਰਸਿੱਧ ਸਿੱਖਾਂ ਦੇ ਨਾਂ ਇਸ ਉੱਤੇ ਲਿਖੇ ਹੋਏ ਹਨ। ਗੁਰੂ ਤੇਗ਼ ਬਹਾਦਰ ਜੀ (1621-75) ਅਤੇ ਗੁਰੂ ਗੋਬਿੰਦ ਸਿੰਘ ਜੀ (1666-1708) ਦੁਆਰਾ ਲਿਖੇ ਹੋਏ ਹੁਕਮਨਾਮੇ ਦੂਰ-ਦੁਰਾਡੇ ਜਿਵੇਂ ਪੂਰਬ ਵਿਚ ਢਾਕਾ , ਚਿੱਟਾਗਾਂਗ , ਸਿਲਹਟ ਅਤੇ ਪੱਛਮ ਵਿਚ ਪਟਨ ਅਜੋਕੇ ਪਾਕਿਸਤਾਨ ਦੇ ਪਾਕ ਪਟਨ ਦੀਆਂ ਸੰਗਤਾਂ ਨੂੰ ਸੰਬੋਧਿਤ ਹਨ। ਗੁਰੂਆਂ ਦੇ ਅਸ਼ੀਰਵਾਦਾਂ ਅਤੇ ਸ਼ਰਧਾਲੂਆਂ ਦੇ ਤੋਹਫ਼ਿਆਂ ਦੀ ਪ੍ਰਾਪਤੀ ਦੀ ਸੂਚਨਾ ਦੇਣ ਵਾਲੇ ਪੱਤਰਾਂ ਤੋਂ ਇਲਾਵਾ ਇਹਨਾਂ ਹੁਕਮਨਾਮਿਆਂ ਵਿਚ ਸਿੱਖਾਂ ਨੂੰ ਆਪਸੀ ਪ੍ਰੇਮ ਭਾਵ ਪੈਦਾ ਕਰਨ, ਅਰਦਾਸ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਭੇਟਾਵਾਂ ਕਿਸ ਕਿਸਮ ਦੀਆਂ ਲਿਆਉਣੀਆਂ ਹਨ। ਇਹਨਾਂ ਵਿਚ ਲਿਆਉਣ ਵਾਲੀਆਂ ਭੇਟਾਵਾਂ ਸੋਨੇ ਜਾਂ ਹੁੰਡੀਆਂ ਤੋਂ ਲੈ ਕੇ, ਪਾਲਤੂ ਜਾਨਵਰਾਂ, ਬਸਤਰਾਂ, ਹਥਿਆਰਾਂ, ਬੰਦੂਕਾਂ ਅਤੇ ਜੰਗੀ ਹਾਥੀਆਂ ਤਕ ਜਾਂਦੀਆਂ ਹਨ। ਕਈ ਵਾਰੀ ਇਹ ਵਸਤਾਂ ਭੇਜਣ ਲਈ ਸੰਖਿਪਤ ਰੂਪ ਵਿਚ ਲਿਖਿਆ ਗਿਆ ਹੈ। ਇਹ ਹੁਕਮਨਾਮੇ ਜਿਨ੍ਹਾਂ ਉੱਤੇ ਤਾਰੀਖ਼ਾਂ ਲਿਖੀਆਂ ਹੋਈਆਂ ਹਨ ਵਿਸ਼ੇਸ਼ ਵਾਪਰੀਆਂ ਘਟਨਾਵਾਂ ਦਾ ਕਾਲਕ੍ਰਮ ਨਿਸ਼ਚਿਤ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਜੋ ਚਿੱਠੀਆਂ ਗੁਰੂ ਜੀ ਨੇ ਸਿੱਖਾਂ ਨੂੰ ਮਸੰਦਾਂ ਨੂੰ ਨਾ ਮੰਨਣ ਜਾਂ ਉਹਨਾਂ ਨੂੰ ਭੇਟਾਵਾਂ ਨਾ ਦੇਣ ਅਤੇ ਇਸ ਦੀ ਬਜਾਇ ਆਪਣੀਆਂ ਭੇਟਾਵਾਂ ਵਸਾਖੀ ਅਤੇ ਦਿਵਾਲੀ ਦੇ ਮੌਕਿਆਂ ਤੇ ਸਿੱਧੀਆਂ ਗੁਰੂ ਕੋਲ ਲਿਆਉਣ ਲਈ ਲਿਖੀਆਂ ਹਨ, 1699 ਦੇ ਦੌਰਾਨ ਜਾਂ ਉਸ ਤੋਂ ਬਾਅਦ ਲਿਖੀਆਂ ਗਈਆਂ ਹਨ। ਇਸ ਤੋਂ ਇਹ ਤੱਥ ਸਾਬਤ ਹੁੰਦਾ ਹੈ ਕਿ ਮਸੰਦ ਸੰਸਥਾ ਨੂੰ ਗੁਰੂ ਜੀ ਨੇ ਖ਼ਤਮ ਕਰ ਦਿੱਤਾ ਅਤੇ ਨਾਲ ਹੀ ਨਾਲ 30 ਮਾਰਚ 1699 ਨੂੰ ਖ਼ਾਲਸੇ ਦੀ ਸਾਜਨਾ ਕਰ ਦਿੱਤੀ। ਲਗ-ਪਗ ਇਸੇ ਤਰ੍ਹਾਂ ਦੀਆਂ ਦੋ ਚਿੱਠੀਆਂ ਹਨ ਜਿਹੜੀਆਂ 1 ਕੱਤਕ 1769 ਬਿਕਰਮੀ/ 2 ਅਕਤੂਬਰ 1707 ਈ. ਨੂੰ ਲਿਖੀਆਂ ਮਿਲਦੀਆਂ ਹਨ। ਇਹ ਧੌਲ ਅਤੇ ਖਾਰਾ ਦੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਦੀ ਬਾਦਸ਼ਾਹ ਬਹਾਦਰ ਸ਼ਾਹ ਨਾਲ ਹੋਈ ਮੁਲਾਕਾਤ ਬਾਰੇ ਜ਼ਿਕਰ ਕਰਦੀਆਂ ਹਨ ਅਤੇ ਇਹਨਾਂ ਵਿਚ ਸਿੱਖ ਸੰਗਤ ਨੂੰ ਆਦੇਸ਼ ਕੀਤਾ ਗਿਆ ਹੈ ਕਿ ਜਦੋਂ ਗੁਰੂ ਜੀ ਕਹਲੂਰ (ਅਨੰਦਪੁਰ) ਆਉਣ ਤਾਂ ਸੰਗਤਾਂ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਹੋ ਕੇ ਆਉਣ। ਪਰੰਤੂ ਇਸ ਤਰ੍ਹਾਂ ਹੋਣਾ ਹੀ ਨਹੀਂ ਸੀ ਕਿਉਂਕਿ ਇਕ ਸਾਲ ਪਿੱਛੋਂ ਦੱਖਣ ਵਿਚ ਨਾਂਦੇੜ ਵਿਖੇ ਗੁਰੂ ਜੀ ਜੋਤੀ-ਜੋਤਿ ਸਮਾ ਗਏ ਸਨ। ਫਿਰ ਵੀ ਪੰਜਾਬ ਵੱਲ ਗੁਰੂ ਜੀ ਦੇ ਵਾਪਸ ਆਉਣ ਦੇ ਇਰਾਦੇ ਦਾ ਇਸ ਤੋਂ ਸਪਸ਼ਟ ਤੌਰ ਤੇ ਪਤਾ ਲੱਗਦਾ ਹੈ। ਇਹ ਹੁਕਮਨਾਮੇ ਭਾਸ਼ਾ ਵਿਗਿਆਨਿਕ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਨ ਹਨ ਅਤੇ ਗੁਰਮੁਖੀ ਲਿਪੀ ਅਤੇ ਪੰਜਾਬੀ ਗੱਦ ਦੇ ਵਿਕਾਸ ਨੂੰ ਲੱਭਣ ਵਿਚ ਮਹੱਤਵਪੂਰਨ ਸੰਕੇਤ ਇਹਨਾਂ ਤੋਂ ਮਿਲਦੇ ਹਨ।
ਲੇਖਕ : ਗ. ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹੁਕਮਨਾਮਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੁਕਮਨਾਮਾ : ਭਾਸ਼ਾਈ ਦ੍ਰਿਸ਼ਟੀ ਤੋਂ ‘ਹੁਕਮਨਾਮਾ’ ਸ਼ਬਦ ਅਰਬੀ ‘ਹੁਕਮ’ ਅਤੇ ਫ਼ਾਰਸੀ ‘ਨਮਹ’ ਸ਼ਬਦ ਦਾ ਸੰਯੁਕਤ ਰੂਪ ਹੈ ਅਤੇ ਇਸ ਦਾ ਸਾਧਾਰਣ ਅਰਥ ਹੈ ‘ਫ਼ਰਮਾਇਸ਼’ ਵਾਲਾ ਪੱਤਰ’। ਸਿੱਖ ਗੁਰੂਆਂ ਜਾਂ ਧਾਰਮਿਕ ਆਗੂਆਂ ਦੁਆਰਾ ਆਪਣੇ ਸ਼ਰਧਾਲੂਆਂ ਜਾਂ ਸੇਵਕਾਂ ਵੱਲ ਲਿਖੇ ਗਏ ਪੱਤਰਾਂ ਨੂੰ ਵੀ ‘ਹੁਕਮਨਾਮਾ’ ਕਿਹਾ ਜਾਂਦਾ ਹੈ। ਇਨ੍ਹਾਂ ਹੁਕਮਨਾਮਿਆਂ ਦਾ ਇਕ ਸੰਗ੍ਰਹਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਅਤੇ ਦੂਜਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋ ਚੁਕਿਆ ਹੈ। ਕਦੇ ਕਦੇ ਪੱਤਰ ਪੱਤ੍ਰਿਕਾਵਾਂ ਵਿਚ ਇਨ੍ਹਾਂ ਦੀਆਂ ਤਸਵੀਰਾਂ ਛਪਦੀਆਂ ਵੀ ਦੇਖੀਆਂ ਜਾਂਦੀਆਂ ਹਨ। ਮੂਲ ਹੁਕਮਨਾਮੇ ਗੁਰੂਧਾਮਾਂ, ਸ਼ਰਧਾਲੂਆਂ ਦੇ ਘਰਾਂ ਅਤੇ ਪੁਸਤਕਾਲਿਆਂ ਵਿਚ ਸੁਰੱਖਿਅਤ ਹਨ। ਕਈ ਥਾਂਵਾਂ ਤੇ ਜਾਅਲੀ ਹੁਕਮਨਾਮੇ ਵੀ ਮਿਲ ਜਾਂਦੇ ਹਨ ਜੋ ਧਨ ਕਮਾਉਣ ਦੀ ਰੁਚੀ ਅਧੀਨ ਲਿਖੇ ਗਏ ਪ੍ਰਤੀਤ ਹੁੰਦੇ ਹਨ। ਹੁਕਮਨਾਮੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਤੋਂ ਲਿਖੇ ਜਾਣੇ ਸ਼ੁਰੂ ਹੋਏ ਸਨ ਅਤੇ ਦਸਮ ਗੁਰੂ ਤੋਂ ਬਾਅਦ ਬਾਬਾ ਬੰਦਾ ਬਹਾਦਰ ਅਤੇ ਗੁਰੂ ਪਤਨੀਆਂ ਤੋਂ ਇਲਾਵਾ ਪ੍ਰਮੁੱਖ ਤਖ਼ਤਾ ਤੋਂ ਵੀ ਹੁਣ ਤਕ ਜਾਰੀ ਕੀਤੇ ਜਾਂਦੇ ਹਨ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਹੁਕਮਨਾਮੇ ਆਮ ਤੌਰ ਤੇ ਗੁਰੂ ਸਾਹਿਬ ਆਪ ਹੀ ਲਿਖਦੇ ਸਨ ਪਰ ਦਸਮ ਗੁਰੂ ਵੇਲੇ ਹੁਕਮਨਾਮੇ ਲਿਖਾਰੀ ਲਿਖਦੇ ਸਨ ਅਤੇ ਗੁਰੂ ਸਾਹਿਬ ਉਨ੍ਹਾਂ ਉੱਤੇ ਆਪਣੇ ‘ਨੀਸਾਣ’ ਪਾਂਦੇ ਸਨ ਜਿਨ੍ਹਾਂ ਦੀ ਲਿਖਾਵਟ ਦਾ ਸਰੂਪ ਵੱਖਰਾ ਜਿਹਾ ਜਾਂ ਵਿਲੱਖਣ ਹੁੰਦਾ ਸੀ।
‘ਨੀਸਾਣ’ ਸ਼ਬਦ ਫ਼ਾਰਸੀ ਦੇ ‘ਨਿਸ਼ਾਨ’ ਸ਼ਬਦ ਦਾ ਤਦਭਵ ਰੂਪ ਹੈ। ਪਰੰਪਰਾਗਤ ਵਿਧੀ ਅਨੁਸਾਰ ਸ਼ਾਹੀ ਫ਼ਾਰਮਾਨਾਂ ਉੱਤੇ ਬਾਦਸ਼ਾਹ ਦੀ ਮੋਹਰ ਲਗਾ ਕੇ ਜਾਂ ਬਾਅਦ ਵਿਚ ਫ਼ਾਰਸੀ ਲਿਪੀ ਦੀ ਅੱਧੇ ਸੁਆਦ ਅੱਖਰ ਦਾ ਅਧਿਕਾਰੀ ਦੁਆਰਾ ਚਿੰਨ੍ਹ ਪਾ ਕੇ ਫਰਮਾਨਾਂ ਦੀ ਪ੍ਰਮਾਣਿਕਤਾ ਸਥਿਰ ਕੀਤੀ ਜਾਂਦੀ ਸੀ। ਇਸੇ ਪਰੰਪਰਾ ਵਿਚ ਲਿਖਾਰੀਆਂ ਵੱਲੋ ਲਿਖੇ ਹੁਕਮਨਾਮੇ ਉੱਤੇ ਦਸਮ ਗੁਰੂ ਸਾਹਿਬ ਵੱਲੋਂ ਲਿਖੇ ਅੱਖਰ ‘ਨੀਸਾਣ’ ਅਖਵਾਉਂਦੇ ਹਨ। ਕਈ ਵਾਰ ਕਿਸੇ ਪੋਥੀ ਜਾਂ ਗ੍ਰੰਥ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਲਿਖ ਚੁੱਕਣ ਤੋਂ ਬਾਅਦ ਗੁਰੂ ਸਾਹਿਬ ਤੋਂ ਉਸ ਉੱਤੇ ਕੁਝ ਲਿਖਵਾ ਲਿਆ ਜਾਂਦਾ ਸੀ। ਉਹ ਪਵਿੱਤਰ ਲਿਖਤ ਸਿੱਖ ਸ਼ਬਦਾਵਲੀ ਵਿਚ ‘ਨੀਸਾਣ’ ਅਖਵਾਉਂਦੀ ਹੈ। ਇਹ ‘ਨੀਸਾਣ’ ਗੁਰੂ ਸਾਹਿਬ ਦੇ ਨਾਂ ਸੂਚਕ ਦਸਖ਼ਤ ਨਹੀਂ ਹੁੰਦੇ, ਸਗੋਂ ‘ੴ ਸਤਿਗੁਰੂ ਪ੍ਰਸਾਦਿ’ ਜਾਂ ਕੋਈ ਹੋਰ ਅਸੀਸ ਸੂਚਕ ਵਾਕ ਜਾਂ ਗੁਰਬਾਣੀ ਦੀ ਕੋਈ ਤੁਕ ਲਿਖ ਦਿੱਤੀ ਜਾਂਦੀ ਸੀ। ਬਹੁਤਿਆਂ ਹੁਕਮਨਾਮਿਆਂ ਉੱਤੇ ‘ਨੀਸਾਣ’ ਗੁਰਮੁਖੀ ਦੀ ਚਪਰੇਲਾ ਜਾਂ ਸ਼ਿਕਸਤਾ ਲਿਖਤ ਵਿਚ ਹੁੰਦੇ ਸਨ।
ਇਨ੍ਹਾਂ ਹੁਕਮਨਾਮਿਆਂ ਦੀ ਪਾਠ ਅਤੇ ਬਣਤਰ ਸ਼ਾਹੀ ਫਰਮਾਨ ਵਾਂਗ ਹੁੰਦੀ ਹੈ। ‘ੴ ਸਤਿਗੁਰੂ ਪOਸਾਦਿ’ ਆਦਿ ਮਾਂਗਲਿਕ ਉਕਤੀਆਂ ਤੋਂ ਬਾਅਦ ਹੁਕਮਨਾਮਾ ਲਿਖਣ ਵਾਲੇ ਗੁਰੂ ਸਾਹਿਬ ਜਾਂ ਆਗੂ ਤੋਂ ਸਮੁੱਚੀ ਸੰਗਤ ਨੂੰ ਸੰਬੋਧਨ ਕੀਤਾ ਜਾਂਦਾ ਹੈ ਜਿਸ ਵੱਲ ਉਹ ਹੁਕਮਨਾਮਾ ਭੇਜਿਆ ਜਾ ਰਿਹਾ ਹੋਵੇ। ਇਸ ਤੋਂ ਪਿੱਛੋਂ ਜਾਂ ਪਹਿਲੋਂ ਕਈ ਵਾਰ ਉਸ ਸੰਗਤ ਵਿਚ ਇਲਾਕੇ ਦੇ ਮੁੱਖੀ ਦੇ ਨਾਂ ਵੀ ਦਿੱਤੇ ਹੁੰਦੇ ਹਨ। ਫਿਰ ਅਸੀਸ ਲਿਖ ਕੇ ਫਰਮਾਇਸ਼ ਜਾਂ ਸੇਵਾ ਦਾ ਉਲੇਖ ਹੁੰਦਾ ਹੈ। ਕਈ ਵਾਰ ਜੇ ਫਰਮਾਇਸ਼ ਇਕ ਤੋਂ ਵੱਧ ਵਸਤੂ ਦੀ ਹੋਵੇ ਤਾਂ ਪਾਠ–ਪ੍ਰਵਾਹ ਤੋਂ ਹੱਟ ਕੇ ਖੱਬੇ ਪਾਸੇ ਹਾਸ਼ੀਏ ਵਿਚ ਵਸਤੂਆਂ ਦਾ ਵਰੇਵਾ ਦਿੱਤਾ ਜਾਂਦਾ ਹੈ। ਕਿਤੇ ਕਿਤੇ ਇਸ ਵਿਧੀ ਤੋਂ ਹਟਿਆ ਵੀ ਗਿਆ ਹੈ। ਜੇ ਮਵੇੜੇ (ਹੁਕਮਨਾਮਾ ਲਿਜਾਣ ਵਾਲੇ ਵਿਅਕਤੀ) ਨੂੰ ਕੁਝ ਭੇਟਾ ਕਰਨਾ ਹੋਵੇ ਤਾਂ ਉਹ ਵੀ ਅੰਤ ਉੱਤੇ ਲਿਖ ਦਿੱਤਾ ਜਾਂਦਾ ਹੈ। ਫਰਮਾਇਸ਼ਾਂ ਤੋਂ ਇਲਾਵਾ ਹੋਰ ਕੋਈ ਜ਼ਰੂਰੀ ਸੰਦੇਸ਼ ਭੇਜਣ ਲਈ ਵੀ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਇਨ੍ਹਾਂ ਹੁਕਮਨਾਮਿਆਂ ਦਾ ਆਕਾਰ ਵੱਡਾ ਹੁੰਦਾ ਗਿਆ ਹੈ।
ਇਤਿਹਾਸਕ ਮਹੱਤਵ ਦੇ ਪੱਖ ਤੋਂ ਇਨ੍ਹਾਂ ਹੁਕਮਨਾਮਿਆਂ ਤੋਂ ਗੁਰੂ ਘਰ ਦੀ ਮਾਇਕ ਅਵਸਥਾ, ਲੰਗਰ ਆਦਿ ਲਈ ਸਮੱਗਰੀ ਪ੍ਰਾਪਤ ਕਰਨ ਦੀ ਵਿਧੀ ਅਤੇ ਆਰਥਿਕ ਪ੍ਰਬੰਧ ਦਾ ਪਤਾ ਲੱਗਦਾ ਹੈ। ਡਾ. ਗੰਡਾ ਸਿੰਘ ਅਨੁਸਾਰ “ਇਨ੍ਹਾਂ ਹੁਕਮਨਾਮਿਆਂ ਦਾ ਆਮ ਉਦੇਸ਼, ਪ੍ਰਚਾਰ ਲਈ ਹਦਾਇਤਾ, ਗੁਰੂ ਘਰ ਦੇ ਲੰਗਰ ਲਈ ਕਾਰ ਭੇਟ, ਗੁਰੂ ਜੀ ਦੇ ਮੁੱਖ ਅਸਥਾਨ ਪਰ ਪਹੁੰਚਣ ਦਾ ਪ੍ਰਬੰਧ, ਸਿੱਖ ਸੰਗਤਾਂ ਪਰ ਆਪਣੀ ਖੁਸ਼ੀ ਦੇ ਪ੍ਰਗਟਾਵੇ ਰਾਹੀਂ ਗੁਰੂ ਅਤੇ ਸੰਗਤਾਂ ਦੇ ਮੇਲ ਕਾਇਮ ਰੱਖਣਾ, ਸਿੱਖਾਂ ਨੂੰ ਆਪਸ ਵਿਚ ਮੇਲ ਰੱਖਣ ਦਾ ਹੁਕਮ, ਵੇਲੇ ਕੁਵੇਲੇ ਲੋੜੀਂਦੀਆਂ ਵਸਤਾਂ ਲਈ ਫ਼ਰਮਾਇਸ਼ਾਂ, ਬਾਹਰ ਗੁਰ–ਪੁਰਬਾਂ ਲਈ ਸੰਗਤਾਂ ਨੂੰ ਉਤਸ਼ਾਹ, ਖ਼ਾਸ ਖ਼ਾਸ ਮੌਕਿਆਂ ਤੇ ਸੰਗਤਾਂ ਨੂੰ ਗੁਰੂ ਦੀ ਹਜ਼ੂਰੀ ਵਿਚ ਆਉਣ ਦਾ ਸੱਦਾ, ਸੰਗਤਾਂ ਨੂੰ ‘ਖਾਲਸਾ’ ਕਰਣ ਦੀ ਇਤਲਾਹ, ਮਸੰਦਾਂ ਦੀ ਪ੍ਰਥਾ ਨੂੰ ਬੰਦ ਕਰ ਦਿੱਤੇ ਜਾਣ ਅਤੇ ਉਨ੍ਹਾਂ ਦੀ ਵਿਚੋਲਗੀ ਹਟਾ ਦੇਣ ਬਾਬਤ, ਬਾਹਰ ਦੀਆਂ ਸੰਗਤਾਂ ਨੂੰ ਖ਼ਬਰਾਂ ਪਹੁੰਚਾਉਣਾ ਆਦਿ ਸੀ। ਇਨ੍ਹਾਂ ਹੁਕਮਨਾਮਿਆਂ ਤੋਂ ਹੁੰਡੀਆਂ ਰਾਹੀਂ ਦਸਵੰਦ ਇੱਕਠਾ ਕਰਨ ਆਦਿ ਦਾ ਬੋਧ ਵੀ ਹੁੰਦਾ ਸੀ। ਦਸਮ ਗੁਰੂ ਤੋਂ ਬਾਅਮ ਹੁੰਡੀਆਂ ਜਾਂ ਫ਼ਰਮਾਇਸ਼ਾਂ ਵਾਲੀਆਂ ਵਸਤੂਆਂ ਦੀ ਪ੍ਰਾਪਤੀ ਦੀ ਰਸੀਦ ਵੀ ਭੇਜੀ ਜਾਂਦੀ ਸੀ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਦੋਂ ਸੰਦੇਸ਼ ਲੈ ਜਾਣ ਵਾਲੇ ਹੇਰਾ–ਫੇਰੀ ਕਰਨ ਲੱਗ ਪਏ ਸਨ। ਕੁਝ ਕੁ ਹੁਕਮਨਾਮਿਆਂ ਤੋਂ ਬਿਨਾ ਹੋ ਕਿਸੇ ਵਿਚ ਵੀ ਇਤਿਹਾਸਕ ਘਟਨਾਵਾਂ ਦਾ ਕੋਈ ਸਿੱਧਾ ਉਲੇਖ ਨਹੀਂ ਹੋਇਆ, ਪਰ ਫਿਰ ਵੀ ਇਨ੍ਹਾਂ ਹੁਕਮਨਾਮਿਆਂ ਵਿਚ ਲਿਖੀਆਂ ਫ਼ਰਮਾਇਸ਼ਾਂ ਤੋਂ ਇਤਿਹਾਸਕ ਤੱਥਾਂ ਦੇ ਸੰਕੇਤ ਜ਼ਰੂਰ ਮਿਲ ਸਕਦੇ ਹਨ। ਇਨ੍ਹਾਂ ਹਵਾਲਿਆਂ ਨਾਲ ਸਿੱਖ ਅੰਦੋਲਨਾਂ ਦੀ ਧਾਰਮਿਕ, ਭਾਈਚਾਰਕ ਅਤੇ ਰਾਜਨੀਤਿਕ ਗਤੀਵਿਧੀ ਦਾ ਬੋਧ ਹੁੰਦਾ ਸੀ।
ਸਾਹੀਤਿਕ ਦ੍ਰਿਸ਼ਟੀ ਤੋਂ ਹੁਕਮਨਾਮਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਹ ਪੁਰਾਣੀ ਵਾਰਤਕ ਦੇ ਚਿੱਠੀ–ਪੱਤਰ ਵਾਲੇ ਨਮੂਨੇ ਦੇ ਪ੍ਰਤਿਨਿਧ ਹਨ। ਪਹਿਲੇ ਗੁਰੂਆਂ ਦੇ ਹੁਕਮਨਾਮਿਆਂ ਵਿਚ ਕਿਸੇ ਪ੍ਰਕਾਰ ਦੀ ਤਾਰੀਖ ਨਹੀਂ ਦਿੱਤੀ ਜਾਂਦੀ ਸੀ, ਪਰ ਦਸਮ ਗੁਰੂ ਵੇਲੇ ਇਨ੍ਹਾਂ ਨੂੰ ਪੂਰੀ ਦਫ਼ਤਰੀ ਸ਼ਕਲ ਦੇ ਕੇ ਤਾਰੀਖ ਅੰਕਿਤ ਕੀਤੀ ਜਾਣ ਲੱਗੀ। ਤਿੱਥੀ ਅਤੇ ਨਾਂ/ਥਾਂ ਦਾ ਵਰੇਵਾ ਦਿਤੇ ਹੋਣ ਕਾਰਣ ਇਹ ਹੁਕਮਨਾਮੇ ਸਾਹਿਤਿਕ ਪੱਖ ਤੋਂ ਪ੍ਰਮਾਣਿਕ ਕਹੇ ਜਾ ਸਕਦੇ ਹਨ। ਇਨ੍ਹਾਂ ਵਿਚ ਕਿਸੇ ਕਿਸਮ ਦੇ ਰਲੇ ਦੀ ਗੁੰਜਾਇਸ਼ ਨਹੀਂ ਕਿਉਂਕਿ ਅੰਤ ਤੇ ਪੰਗਤੀਆਂ ਦੀ ਗਿਣਤੀ ਦੇ ਦਿੱਤੀ ਜਾਂਦੀ ਸੀ। ਅਸਲ ਲਿਖਤ ਦੇ ਰੂਪ ਵਿਚ ਉਪਲਬਧ ਹੋਣ ਕਰਕੇ ਇਹ ਕਿਸੇ ਪ੍ਰਕਾਰ ਦੇ ਸ਼ੱਕ/ਸੰਦੇਹ ਤੋਂ ਮੁਕਤ ਹਨ। ਮੁਗ਼ਲ ਬਾਦਸ਼ਾਹਾਂ ਦੇ ਹੁਕਮਨਾਮਿਆਂ ਦੀ ਪਰੰਪਰਾ ਵਿਚ ਇਨ੍ਹਾਂ ਹੁਕਮਨਾਮਿਆਂ ਵਿਚ ਵੀ ਵਾਰਤਕ ਵੰਨਗੀ ਦੀ ਲਗਭਗ ਘਾਟ ਹੈ। ਸਾਰੀ ਵਾਰਤਕ ਘੜੀ ਘੜਾਈ ਸ਼ਬਦਾਵਲੀ ਅਤੇ ਇਕ ਨਿਸ਼ਚਿਤ ਹਦਬੰਦੀ ਵਿਚ ਬੰਨ੍ਹੀ ਹੋਈ ਹੈ। ਉਂਜ ਪੰਜਾਬੀ ਸਾਹਿੱਤ ਵਿਚ ਚਿੱਠੀ–ਪੱਤਰ ਲਿਖਣ ਦੀ ਕਲਾ ਵਿਚ ਇਨ੍ਹਾਂ ਨੇ ਵਿਕਾਸ ਜ਼ਰੂਰ ਲਿਆਂਦਾ ਹੈ। ਇਨ੍ਹਾਂ ਦੀ ਭਾਸ਼ਾ ਦਾ ਸਰੂਪ ਬ੍ਰਜ ਪ੍ਰਭਾਵਿਤ ਸਰਲ ਅਤੇ ਸੁਬੋਧ ਪੰਜਾਬੀ ਵਾਲਾ ਹੈ। ਇਨ੍ਹਾਂ ਹੁਕਮਨਾਮਿਆਂ ਤੋਂ ਗੁਰਮੁਖੀ ਲਿਪੀ ਦੇ ਸਰੂਪ ਦੇ ਕ੍ਰਮਿਕ ਵਿਕਾਸ ਦਾ ਗਿਆਨ ਵੀ ਹੁੰਦਾ ਹੈ। ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਅਦ ਬਾਬਾ ਬੰਦਾ ਬਹਾਦਰ ਦੇ ਵੇਲੇ ਤਕ ਗੁਰਮੁਖੀ ਅੱਖਰਾਂ ਅਤੇ ਮਾਤਰਾ ਦੇ ਸਰੂਪ ਵਿਚ ਕਾਫ਼ੀ ਪਰਿਵਰਤਨ ਅਤੇ ਨਿਖਾਰ ਆ ਚੁਕਿਆ ਹੈ। ਇਸ ਤਰ੍ਹਾਂ ਇਹ ਹੁਕਮਨਾਮੇ ਇਤਿਹਾਸਕ ਅਤੇ ਸਾਹਿਤਿਕ ਮਹੱਤਵ ਤੋਂ ਇਲਾਵਾ ਸਿੱਖ ਧਰਮ ਦੇ ਵਿਕਾਸ ਅਤੇ ਮਰਯਾਦਾ ਸੰਬੰਧੀ ਵੀ ਪ੍ਰਕਾਸ਼ ਪਾਉਂਦੇ ਹਨ ਅਤੇ ਗੁਰੂ ਸਾਹਿਬਾਂ ਦੁਆਰਾ ਲਿਖਤ ਅਤੇ ਚਿੰਨ੍ਹਤ ਹੋਣ ਕਰਕੇ ਸਿੱਖ ਜਗਤ ਵਿਚ ਭਰਪੂਰ ਸ਼ਰਧਾ ਅਤੇ ਸਤਿਕਾਰ ਰੱਖਦੇ ਹਨ।
[ਸਹਾ.ਗ੍ਰੰਥ–ਡਾ. ਗੰਡਾ ਸਿੰਘ (ਸੰਪ.): ‘ਹੁਕਮਨਾਮੇ’; ਸ਼ਮੇਸ਼ਰ ਸਿੰਘ ਅਸ਼ੋਕ (ਸੰਪ.): ‘ਗੁਰੂ ਖ਼ਾਲਸੇ ਦੇ ਨੀਸਾਣ ਤੇ ਹੁਕਮਨਾਮੇ’ ; ‘ਆਲੋਚਨਾ’,ਜੁਲਾਈ–ਅਗਸਤ1968]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no
ਹੁਕਮਨਾਮਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਹੁਕਮਨਾਮਾ (ਹੁਕਮਨਾਮੇ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਲਏ ਜਾਂਦੇ ਵਾਕ ਨੂੰ ਹੁਕਮਨਾਮਾ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਸਾਂ ਗੁਰੂਆਂ ਦੀ ਜੋਤ ਬਿਰਾਜਮਾਨ ਹੈ ਇਸ ਲਈ ਵਾਕ ਵਾਲਾ ਸ਼ਬਦ ਸਿੱਖਾਂ ਲਈ ਗੁਰੂ ਦੇ ਹੁਕਮਨਾਮੇ ਦਾ ਅਰਥ ਰੱਖਦਾ ਹੈ।
ਗੁਰੂ ਸਾਹਿਬਾਂ ਦੇ ਹੁਕਮਨਾਮਿਆਂ ਅਤੇ ਨੀਸਾਣਾਂ ਦਾ ਸਬੰਧ ਸਿੱਖਾਂ ਦੇ ਮਨ ਦੀਆਂ ਭਾਵਨਾਵਾਂ ਨਾਲ ਹੈ। ਇਤਿਹਾਸ ਅਨੁਸਾਰ ਸਮੇਂ ਸਮੇਂ ਸਿੱਖ ਗੁਰੂ ਸਾਹਿਬਾਨ ਆਪਣੇ ਸਿੱਖਾਂ ਦੇ ਨਾਂ ਲਿਖਤੀ ਸੰਦੇਸ਼ ਭੇਜਿਆ ਕਰਦੇ ਸਨ ਜਿਹੜੇ ਸਿੱਖਾਂ ਲਈ ਹੁਕਮਨਾਮੇ ਦਾ ਅਰਥ ਰੱਖਦੇ ਹਨ। ਅੱਜ ਵੀ ਕਈ ਹੁਕਮਨਾਮੇ ਗੁਰੂ ਸਾਹਿਬਾਨ ਦੇ ਹੱਥੀ ਲਿਖੇ ਪਾਏ ਜਾਂਦੇ ਹਨ। ਸਿੱਖ ਸੰਗਤਾਂ ਵਿਚ ਗੁਰੂ ਸਾਹਿਬਾਨ ਦੇ ਹੱਥੀ ਲਿਖੇ ਹੁਕਮਨਾਮਿਆਂ ਲਈ ਸ਼ਰਧਾ ਅਤੇ ਮਾਨਤਾ ਅਤੇ ਦਰਸ਼ਨਾਂ ਲਈ ਉਤਸ਼ਾਹ ਅਤੇ ਇੱਛਾ ਦਾ ਨਾਜਾਇਜ਼ ਮਾਇਕ ਫਾਇਦਾ ਉਠਾਉਣ ਲਈ ਕਈ ਲੋਕਾਂ ਨੇ ਨਕਲੀ ਹੁਕਮਨਾਮੇ ਘੜ ਲਏ ਹਨ। ਡਾ. ਗੰਡਾ ਸਿੰਘ ਤੇ ਹੋਰ ਇਤਿਹਾਸਕਾਰਾਂ ਨੇ ਹੁਕਮਨਾਮਿਆਂ ਸਬੰਧੀ ਖੋਜ ਪੜਤਾਲ ਕੀਤੀ ਹੈ।ਪੰਜਾਂ ਤਖ਼ਤਾਂ ਦੇ ਜਥੇਦਾਰ ਵੀ ਖ਼ਾਲਸਾ ਪੰਥ ਦੇ ਨਾਂ ਹੁਕਮਨਾਮੇ ਜਾਰੀ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋੋਂ ਬਾਅਦ ਮਾਤਾ ਸੁੰਦਰੀ ਜੀ ਵੀ ਸਿੱਖਾਂ ਦੇ ਨਾਂ ਹੁਕਮਨਾਮੇ ਜਾਰੀ ਕਰਦੇ ਰਹੇ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-30-02-57-02, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਹੁਕਮਨਾਮਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਹੁਕਮਨਾਮਾ : ਇਹ ਫ਼ਾਰਸੀ ਭਾਸ਼ਾ ਦਾ ਇੱਕ ਸ਼ਬਦ ਹੈ। ਮਹਾਨ ਕੋਸ਼ ਵਿੱਚ ਇਸ ਦੇ ਅਰਥ ਆਗਿਆ ਪੱਤਰ, ਸ਼ਾਹੀਫ਼ਰਮਾਨ, ਸਤਿਗੁਰੂ ਦਾ ਆਗਿਆ ਪੱਤਰ ਕੀਤੇ ਹਨ। ਇਹ ਸ਼ਬਦ ਮੁਗ਼ਲ ਹਕੂਮਤ ਦੇ ਸਮੇਂ ਵਰਤੋਂ ਵਿੱਚ ਆਇਆ ਲੱਗਦਾ ਹੈ ਪਰੰਤੂ ਮੁਗ਼ਲ ਹਕੂਮਤ ਜਿਸ ਅਰਥਾਂ ਵਿੱਚ ਇਸ ਸ਼ਬਦ ਦੀ ਵਰਤੋਂ ਕਰਦੀ ਸੀ ਉਹ ਅਰਥ ਵੱਖਰੇ ਸਨ। ਸਰਕਾਰੀ ਹੁਕਮ ਤਾਂ ਠੋਸਿਆ ਜਾਂਦਾ ਹੈ ਅਤੇ ਮੰਨਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਭਾਵੇਂ ਮਨ ਚਾਹੇ ਜਾਂ ਨਾ ਚਾਹੇ ਪਰੰਤੂ ਇੱਥੇ ਤਾਂ ਗੁਰੂ ਦਾ ਹੁਕਮ ਸ਼ਰਧਾ ਤੇ ਸਤਿਕਾਰ ਨਾਲ ਮੰਨਿਆ ਤੇ ਸਤਿਕਾਰਿਆ ਜਾਂਦਾ ਹੈ। ਗੁਰੂ ਦਾ ਹੁਕਮ ਤਾਂ ਸਿੱਖ ਸੰਗਤਾਂ ਦੇ ਭਲੇ ਤੇ ਕਲਿਆਣ ਲਈ ਹੁੰਦਾ ਹੈ। ਇਸ ਦਾ ਸੰਬੰਧ ਮਨੁੱਖ ਦੀ ਸੱਭਿਆਚਾਰਿਕ ਅਤੇ ਅਧਿਆਤਮਿਕ ਉਨਤੀ ਨਾਲ ਹੁੰਦਾ ਹੈ।
ਸਿੱਖ ਧਰਮ ਵਿੱਚ ਹੁਕਮਨਾਮੇ ਤੇ ਨੀਸਾਣ ਦੋ ਸ਼ਬਦ ਵਰਤੇ ਮਿਲਦੇ ਹਨ। ਹੁਕਮਨਾਮਾ, ਗੁਰੂ ਜੀ ਜਾਂ ਗੁਰੂ ਦੇ ਹਜ਼ੂਰੀ ਸਿੱਖਾਂ ਵੱਲੋਂ ਗੁਰੂ ਸ਼ਬਦਾਂ ਨੂੰ ਹੀ ਅੰਕਿਤ ਕੀਤਾ ਜਾਂਦਾ ਸੀ। ਇਸ ਲਿਖੇ ਗਏ ਹੁਕਮਨਾਮੇ ਤੇ ਗੁਰੂ ਜੀ ਇਸ ਦੀ ਪ੍ਰਮਾਣਿਕਤਾ ਲਈ ਆਪਣੇ ਵੱਲੋਂ ਨੀਸਾਣ ਪਾ ਦਿੰਦੇ ਸਨ। ਇਹ ਨੀਸਾਣ ਗੁਰੂ ਜੀ ਦੇ ਦਸਖ਼ਤ ਨਹੀਂ ਸਨ ਹੁੰਦੇ ਸਗੋਂ ਸੰਖੇਪ ਰੂਪ ਵਿੱਚ ਮੂਲ ਮੰਤਰ ਹੀ ਹੁੰਦਾ ਹੈ।
ਹੁਕਮਨਾਮਿਆਂ ਤੋਂ ਭਾਵ ਇੱਥੇ ਉਹ ਹੁਕਮ ਜਾਂ ਪੱਤਰ ਹਨ ਜਿਹੜੇ ਗੁਰੂ ਸਾਹਿਬਾਨ ਦੇ ਸਮੇਂ ਗੁਰੂ ਸਾਹਿਬਾਨ ਵੱਲੋਂ ਜਾਂ ਮਹਿਲਾਂ ਤੇ ਹੋਰ ਗੁਰੂ ਘਰ ਦੇ ਨਿਕਟਵਰਤੀ ਅਧਿਕਾਰਤ ਵਿਅਕਤੀਆਂ ਵੱਲੋਂ ਜਾਰੀ ਕੀਤੇ ਗਏ ਸਨ। ਇਹ ਹੁਕਮਨਾਮੇ ਸਾਨੂੰ ਦੋ ਪੁਸਤਕਾਂ ਵਿੱਚ ਸੰਗ੍ਰਹਿ ਕੀਤੇ ਮਿਲਦੇ ਹਨ :
1. ਹੁਕਮਨਾਮੇ - ਸੰਪਾਦਕ ਡਾ. ਗੰਡਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ।”
2. ਨੀਸਾਣ ਤੇ ਹੁਕਮਨਾਮੇ, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋ. ਗੁ. ਪ੍ਰੰ. ਕਮੇਟੀ, ਅੰਮ੍ਰਿਤਸਰ।
ਇਹਨਾਂ ਦੋਨਾਂ ਹੀ ਪੁਸਤਕਾਂ ਵਿੱਚ ਹੁਕਮਨਾਮਿਆਂ ਦੀ ਗਿਣਤੀ ਤੇ ਹੁਕਮਨਾਮੇ ਥੋੜ੍ਹੇ ਬਹੁਤ ਫ਼ਰਕ ਨਾਲ ਇਕੱਤਰ ਕੀਤੇ ਮਿਲਦੇ ਹਨ। ਹੁਕਮਨਾਮੇ ਪੁਸਤਕ ਵਿੱਚ ਇਹ ਗਿਣਤੀ ਹੇਠ ਲਿਖੇ ਅਨੁਸਾਰ ਹੈ :
1. ਗੁਰੂ ਅਰਜਨ ਦੇਵ -1
2. ਗੁਰੂ ਹਰਗੋਬਿੰਦ ਸਾਹਿਬ -4
3. ਬਾਬਾ ਗੁਰਦਿੱਤਾ -1
4. ਗੁਰੂ ਹਰਿ ਰਾਇ -1
5. ਗੁਰੂ ਹਰਕ੍ਰਿਸ਼ਨ -1
6. ਗੁਰੂ ਤੇਗ ਬਹਾਦਰ -23
7. ਮਾਤਾ ਗੁਜਰੀ -2
8. ਗੁਰੂ ਗੋਬਿੰਦ ਸਿੰਘ -34
9. ਬੰਦਾ ਸਿੰਘ ਬਹਾਦਰ -2
10. ਮਾਤਾ ਸੁੰਦਰੀ -9
11. ਮਾਤਾ ਸਾਹਿਬ ਕੌਰ -9
ਇਸ ਤੋਂ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ (ਬਿਹਾਰ), ਅਤੇ ਸਿੱਖ ਧਰਮ ਦੇ ਦੂਸਰੇ ਤਖ਼ਤਾਂ ਤੋਂ ਵੀ ਹੁਕਮਨਾਮੇ ਜਾਰੀ ਹੁੰਦੇ ਰਹੇ ਹਨ।
ਸ਼ਮਸ਼ੇਰ ਸਿੰਘ ਅਸ਼ੋਕ ਜੀ ਨੇ ਜਿਹੜੇ ਹੁਕਮਨਾਮੇ ਤੇ ਨੀਸਾਣ ਇਕੱਤਰਿਤ ਕੀਤੇ ਹਨ ਉਹ ਸ਼੍ਰੋਮਣੀ ਕਮੇਟੀ ਨੇ ਛਾਪੇ ਹਨ। ਇਸ ਸੰਗ੍ਰਹਿ ਵਿੱਚ ਪਹਿਲੇ ਸੰਗ੍ਰਹਿ ਨਾਲੋਂ ਹੇਠ ਲਿਖੇ ਹੁਕਮਨਾਮੇ ਵੱਧ ਹਨ :
1. ਹੁਕਮਨਾਮਾ ਬਾਬਾ ਸਾਹਿਬ ਸਿੰਘ ਜੀ ਬੇਦੀ
2. ਹੁਕਮਨਾਮਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
3. ਹੁਕਮਨਾਮਾ ਤਖ਼ਤ ਦਮਦਮਾ ਸਾਹਿਬ
4. ਦਸਮ ਗ੍ਰੰਥ ਦੇ ਦੋ ਪਤਰੇ
ਹੁਕਮਨਾਮਿਆਂ ਦੇ ਲਿਖਣ ਦਾ ਢੰਗ ਬੜਾ ਹੀ ਨਿਰਾਲਾ ਤੇ ਪ੍ਰਭਾਵਸ਼ਾਲੀ ਹੈ। ਹੁਕਮਨਾਮੇ ਦੇ ਸ਼ੁਰੂ ਵਿੱਚ ੴ ਗੁਰੂ, ੴ ਸਤਿਗੁਰੂ ਜਾਂ ਸਤਿਗੁਰੂ ਜੀਉ ਲਿਖ ਕੇ ਸ਼ੁਰੂ ਕੀਤਾ ਜਾਂਦਾ ਸੀ। ਇਸ ਤੋਂ ਅੱਗੇ ਹੁਕਮਨਾਮੇ ਦਾ ਲਿਖਾਰੀ ਇਸ ਪ੍ਰਕਾਰ ਲਿਖਦਾ ਹੈ।
ਸ੍ਰੀ ਸਤਿਗੁਰੂ (ਜਾਂ ਸ੍ਰੀ ਗੁਰੂ) ਜੀ ਦੀ ਆਗਿਆ ਹੈ...
ਇਸ ਉਪਰੰਤ ਕਿਸੇ ਉੱਤੇ ਜ਼ੋਰ ਦੇਣਾ ਹੋਵੇ ਤਾਂ ‘ਜ਼ਰੂਰ’ ਸ਼ਬਦ ਵਰਤਿਆ ਜਾਂਦਾ ਸੀ। ਲਿਖਤ ਖ਼ਤਮ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਅਸੀਸ ਦਿੱਤੀ ਜਾਂਦੀ ਸੀ। ਇਸ ਤੋਂ ਉਪਰੰਤ ਬਿਕਰਮੀ ਸੰਮਤ ਵਿੱਚ ਮਿਤੀ ਦਿੱਤੀ ਜਾਂਦੀ ਸੀ। ਉਪਰੰਤ ਸਤਰਾਂ ਦੀ ਗਿਣਤੀ ਦਿੱਤੀ ਜਾਂਦੀ ਸੀ। ਅੰਤ ਵਿੱਚ ਮੇਵੜੇ (ਡਾਕੀਏ ਜਾਂ ਹੁਕਮਨਾਮਾ ਲੈ ਕੇ ਜਾਣ ਵਾਲੇ) ਪ੍ਰਤਿ ਕੁਝ ਦੇਣ ਨੂੰ ਲਿਖਿਆ ਜਾਂਦਾ ਸੀ। ਇਸ ਤਰ੍ਹਾਂ ਹੁਕਮਨਾਮਿਆਂ ਵਿੱਚ ਕੋਈ ਵਾਧੂ ਸ਼ਬਦ ਅੰਕਿਤ ਨਹੀਂ ਕੀਤੇ ਜਾ ਸਕਦੇ ਸਨ, ਹੁਕਮਨਾਮਾ ਲਿਖਣ ਉਪਰੰਤ ਗੁਰੂ ਜੀ ਵੱਲੋਂ ਸਹੀ ਕਰਾਉਣਾ ਅਤਿ ਜ਼ਰੂਰੀ ਹੁੰਦਾ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਾਂ ਹੁਕਮਨਾਮੇ ਰਜਿਸਟਰ ਵਿੱਚ ਦਰਜ਼ ਕੀਤੇ ਜਾਂਦੇ ਸਨ ਤੇ ਉਹਨਾਂ ਉੱਪਰ ਕ੍ਰਮ-ਅੰਕ ਵੀ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਹਨਾਂ ਹੁਕਮਨਾਮਿਆਂ ਦਾ ਰਿਕਾਰਡ ਰਹਿੰਦਾ ਸੀ ਤੇ ਨਾਲ ਹੀ ਵਿਸ਼ਾ-ਵਸਤੂ ਦਾ ਵੀ ਰਿਕਾਰਡ ਹੁੰਦਾ ਸੀ। ਇਹ ਢੰਗ ਬੜਾ ਹੀ ਪ੍ਰਮਾਣਿਕ ਹੁੰਦਾ ਸੀ।
ਮਾਤਾਵਾਂ ਦੇ ਹੁਕਮਨਾਮਿਆਂ ਵਿੱਚ ਥੋੜ੍ਹਾ ਜਿਹਾ ਫ਼ਰਕ ਇਸ ਪ੍ਰਕਾਰ ਹੁੰਦਾ ਸੀ, ਇਹ ਹੁਕਮਨਾਮੇ ਜਾਂ ਤਾਂ ਗੁਰੂ ਦੀ ਗ਼ੈਰਹਾਜ਼ਰੀ ਜਾਂ ਫਿਰ ਗੁਰੂ ਜੀ ਤੋਂ ਬਾਅਦ ਲਿਖੇ ਗਏ ਸਨ। ਇਹਨਾਂ ਵਿੱਚ ਸ੍ਰੀ ਗੁਰੂ ਜੀ ਦੀ ਆਗਿਆ ਹੈ, ਦੀ ਥਾਂ ‘ਸ੍ਰੀ ਗੁਰੂ ਜੀ ਦਾ ਹੁਕਮ ਮੰਨਣਾ’, ‘ਮਾਤਾ ਜੀ ਦੀ ਖ਼ੁਸ਼ੀ ਵਾਚਣੀ’, ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਹੁਕਮਨਾਮਿਆਂ ਵਿੱਚ ਬੜੀ ਸੰਖੇਪਤਾ ਵਰਤੀ ਜਾਂਦੀ ਸੀ ਭਾਵ ਇੱਕ ਤੋਲਾ ਸੋਨਾ ਭੇਜਣ ਲਈ ਸੋਖੇ ਸ਼ਬਦ ੧ ਸ. ਭ (ਸੋਨਾ ਭੇਜਣਾ) ਆਦਿ ਸ਼ਬਦ ਵਰਤੇ ਜਾਂਦੇ ਹਨ, ਭੇਜਣ ਵਾਲੇ ਤੇ ਮੰਗਾਉਣ ਵਾਲੇ ਦਾ ਨਾਮ ਦਿੱਤਾ ਜਾਂਦਾ ਸੀ ਇਸ ਤੋਂ ਇਲਾਵਾ ਸਿੱਖ ਸੰਗਤਾਂ ਦੇ ਨਾਮ ਵੀ ਦਿੱਤੇ ਜਾਂਦੇ ਹਨ।
ਸਮੇਂ ਦੀ ਮੰਗ ਅਨੁਸਾਰ ਇਹਨਾਂ ਹੁਕਮਨਾਮਿਆਂ ਅੰਦਰ ਲੋੜੀਂਦੀਆਂ ਵਸਤਾਂ, ਸਿੱਖ ਸੰਗਤਾਂ ਨੂੰ ਆਦੇਸ਼, ਉਪਦੇਸ਼, ਰਹਿਤਾਂ, ਤੋਂ ਇਲਾਵਾ ਆਪਸੀ ਮੇਲ-ਮਿਲਾਪ ਰੱਖਣ ਲਈ ਹਿਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਸਨ। ਇਹਨਾਂ ਹੁਕਮਨਾਮਿਆਂ ਤੋਂ ਸਮਕਾਲੀ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਸਥਿਤੀ ਦਾ ਪਤਾ ਲਗਦਾ ਹੈ :
ਹੁਕਮਨਾਮਿਆਂ ਦਾ ਮੁੱਖ ਰੂਪ ਵਿੱਚ ਮੰਤਵ ਗੁਰਮਤਿ ਪ੍ਰਚਾਰ ਤੇ ਪ੍ਰਚਾਰ ਲਈ ਸਹਾਇਤਾ, ਗੁਰੂ ਦੇ ਲੰਗਰ ਲਈ ਕਾਰ ਭੇਟ, ਗੁਰੂ ਜੀ ਦੇ ਮੁਖ ਅਸਥਾਨ ਤੇ ਪਹੁੰਚਣ ਤੇ ਪ੍ਰਬੰਧ ਆਦਿ, ਸੰਗਤਾਂ ਵੱਲੋਂ ਕਾਰ ਭੇਟਾ ਦੀ ਪਹੁੰਚ ਬਾਰੇ ਜਾਣਕਾਰੀ, ਆਪਸੀ ਮੇਲ-ਮਿਲਾਪ, ਲੋੜੀਂਦੀਆਂ ਵਸਤਾਂ ਦੀ ਫ਼ਰਮਾਇਸ਼ ਤੇ ਪੂਰਤੀ ਲਈ ਸਾਧਨ, ਖ਼ਾਸਮ ਖ਼ਾਸ ਸਮਿਆਂ ਉੱਪਰ ਗੁਰੂ ਘਰ ਵਿੱਚ ਆਉਣ ਲਈ ਸੱਦਾ, ਸੰਗਤ ਨੂੰ ਖ਼ਾਲਸਾ ਕਰਨ ਅਤੇ ਸੂਚਨਾ, ਅਤੇ ਮਸੰਦਾਂ ਦਾ ਬਾਈਕਾਟ ਤੇ ਸੰਗਤ ਨੂੰ ਸਿੱਧਾ ਗੁਰੂ ਨਾਲ ਜੋੜਨਾ ਸੀ।
ਇਸ ਉਪਰੋਕਤ ਵਰਣਨ ਤੋਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਹੁਕਮਨਾਮਿਆਂ ਨੇ ਸਿੱਖ ਧਰਮ ਅੰਦਰ ਮਜ਼ਬੂਤੀ, ਸੰਗਠਨ ਤੇ ਰਹਿਤ-ਮਰਯਾਦਾ ਕਾਇਮ ਰੱਖਣ ਲਈ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ। ਇਹਨਾਂ ਹੁਕਮਨਾਮਿਆਂ ਤੋਂ ਕਈ ਪ੍ਰਕਾਰ ਦੀ ਜਾਣਕਾਰੀ ਤੇ ਇਤਿਹਾਸਿਕ ਤੱਥਾਂ ਦੀ ਪੁਸ਼ਟੀ ਹੁੰਦੀ ਹੈ।
ਹੁਕਮਨਾਮੇ ਜ਼ਿਆਦਾਤਰ ਸੰਗਤਾਂ ਦੇ ਨਾਮ ਤੇ ਹੀ ਲਿਖੇ ਜਾਂਦੇ ਸਨ ਜੈਸਾ ਕਿ, ਪੂਰਬ ਦੀ ਸੰਗਤ, ਬਨਾਰਸ ਦੀ ਸੰਗਤ, ਆਦਿ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੰਗਤਾਂ ਦੂਰ-ਦੁਰਾਡੇ ਕਿੱਥੇ-ਕਿੱਥੇ ਤੱਕ ਫੈਲੀਆਂ ਹੋਈਆਂ ਸਨ। ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਸੰਗਤਾਂ ਰਾਹੀਂ ਕਿਸ ਪ੍ਰਕਾਰ ਦੇ ਕਾਰਜ ਸੰਭਵ ਹੁੰਦੇ ਸਨ ਜਿਹੜੇ ਗੁਰੂ ਲਈ ਕੀਤੇ ਜਾ ਸਕਦੇ ਸਨ।
ਇਹਨਾਂ ਹੁਕਮਨਾਮਿਆਂ ਦੀ ਦੂਸਰੀ ਖ਼ੂਬੀ ਇਹ ਵੀ ਸੀ ਕਿ ਇਹਨਾਂ ਵਿੱਚ ਇਸਤਰੀਆਂ ਦੇ ਵੀ ਬਰਾਬਰ ਨਾਮ ਲਿਖੇ ਮਿਲਦੇ ਹਨ ਜੈਸਾ ਕਿ ਪਟਨਾ ਨਿਵਾਸੀ ਇੱਥੇ ਬੇਬੇ ਪੈੜੀ ਬਾਈ ਦਾ ਨਾਂ ਆਉਂਦਾ ਹੈ ਜਿਸ ਤੋਂ ਸਪਸ਼ਟ ਹੈ ਕਿ ਜਿੱਥੇ ਸਿੱਖ ਗੁਰੂ ਜੀ ਦੇ ਸ਼ਰਧਾਲੂ ਸਨ ਉੱਥੇ ਬੀਬੀਆਂ ਵੀ ਉਸੇ ਤਰ੍ਹਾਂ ਤੱਤਪਰ ਸਨ ਤੇ ਸਿੱਖੀ-ਪ੍ਰਚਾਰ ਵਿੱਚ ਭਾਗ ਲੈਂਦੀਆਂ ਹਨ। ਇਸੇ ਤਰ੍ਹਾਂ ਪਟਨਾ ਸਾਹਿਬ ਦੀ ਸੰਗਤ ਪ੍ਰਤਿ ਲਿਖੇ ਹੁਕਮਨਾਮਿਆਂ ਵਿੱਚ ਬੇਬੇ ਨੂਪੀ ਦਾ ਜ਼ਿਕਰ ਆਉਂਦਾ ਹੈ ਜਿਸ ਨੇ ਗੁਰੂ ਪਰਵਾਰ ਦੀ ਬੜੀ ਸੇਵਾ ਕੀਤੀ।
ਮਸੰਦਾਂ ਦੀਆਂ ਗੁਰੂ-ਘਰ ਵਿਰੋਧੀ ਹਰਕਤਾਂ ਨੂੰ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਵੱਲ ਹੁਕਮਨਾਮੇ ਭੇਜ ਕੇ ਸੁਚੇਤ ਕੀਤਾ ਅਤੇ ਹੁਕਮਨਾਮਿਆਂ ਰਾਹੀਂ ਸਪਸ਼ਟ ਕਰਦਿਆਂ ਕਿਹਾ ਕਿ ਹੁਣ ਸੰਗਤ ਹੀ ਗੁਰੂ ਦਾ ਖ਼ਾਲਸਾ ਹੈ ਅਤੇ ਇਸ ਖ਼ਾਲਸਾ ਜੀ ਨੇ ਮਸੰਦਾਂ ਨਾਲ ਕੋਈ ਮੇਲ ਨਹੀਂ ਰੱਖਣਾ। ਖ਼ਾਲਸੇ ਦੀ ਸਾਜਣਾ ਉਪਰੰਤ ਨਵੀਂ ਰਹਿਤ ਦਾ ਪ੍ਰਚਾਰ ਹੋਇਆ, ਸਿੱਖਾਂ ਨੂੰ ਕੇਸ ਰੱਖਣ ਦੀ ਸਖ਼ਤ ਤਾੜਨਾ ਕੀਤੀ ਗਈ। ਜਾਤ-ਪਾਤ ਦਾ ਤਿਆਗ ਕਰਨ ਤੇ ਤਮਾਕੂ ਤੋਂ ਪਰਹੇਜ਼, ਮਸੰਦਾਂ ਨੂੰ ਨਾ ਮੰਨਣਾ, ਪੁਰਾਣੀਆਂ ਕੁੱਲਾਂ-ਰੀਤਾਂ, ਮੂਰਤੀ-ਪੂਜਾ, ਊਚ-ਨੀਚ ਦੇ ਭੇਦ ਭਰਮ ਦਾ ਤਿਆਗ ਕਰਕੇ ਇੱਕ ਅਕਾਲਪੁਰਖ ਦਾ ਪੁਜਾਰੀ ਹੋਣ ਦਾ ਉਪਦੇਸ਼ ਦ੍ਰਿੜ੍ਹ ਕਰਾਇਆ। ਇਹ ਸਭ ਜਾਣਕਾਰੀ ਹੁਕਮਨਾਮਿਆਂ ਤੋਂ ਹੀ ਉਪਲਬਧ ਹੁੰਦੀ ਹੈ। ਹੁਕਮਨਾਮਿਆਂ ਤੋਂ ਹੀ ਸ਼ਸਤਰਾਂ ਨੂੰ ਸਦਾ ਅੰਗ-ਸੰਗ ਰੱਖਣ ਬਾਰੇ ਪਤਾ ਲੱਗਦਾ ਹੈ।
ਲੇਖਕ : ਸ਼ਮਸ਼ੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-25-03-23-54, ਹਵਾਲੇ/ਟਿੱਪਣੀਆਂ:
ਹੁਕਮਨਾਮਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੁਕਮਨਾਮਾ, (ਫ਼ਾਰਸੀ) / ਮੁਸਲਮਾਨਾਂ ਦੀ ਬੋਲੀ ਵਿੱਚ ਹੀ ਵਰਤਿਆ ਜਾਣ ਵਾਲਾ ਸ਼ਬਦ : ੧. ਆਗਿਆਪੱਤਰ, ਫਰਮਾਨ, ਪਰਵਾਨਾ ਲਿਖਤੀ ਹੁਕਮ; ੨. ਸਿੱਖ ਗੁਰੂ ਸਾਹਿਬਾਂ ਦੀ ਉਹ ਚਿੱਠੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਕਿਸੇ ਇੱਕ ਸਿੱਖ ਜਾਂ ਸਿੱਖਾਂ ਨੂੰ ਕੋਈ ਹੁਕਮ ਕੀਤਾ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-11-32-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First