ਹੈਨਰੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹੈਨਰੀ : ਹੈਨਰੀ ਜਿਸ ਨੂੰ ਅੰਗਰੇਜ਼ਾਂ ਨੇ ਹੈਨਰੀ ‘ਦਾ ਨੇਵੀਗੇਟਰ’ (ਹੈਨਰੀ ਜਹਾਜ਼ਰਾਨ) ਦਾ ਖ਼ਿਤਾਬ ਦਿਤਾ, ਪੁਰਤਗਾਲ ਦਾ ਪ੍ਰਸਿੱਧ ਜਹਾਜ਼ਰਾਨ ਹੋਇਆ ਹੈ। ਇਸ ਦਾ ਜਨਮ ਪੁਰਤਗਾਲ ਦੇ ਬਾਦਸ਼ਾਹ ਜਾਨ ਪਹਿਲੇ ਦੇ ਘਰ 4 ਮਾਰਚ, 1394 ਦੇ ਦਿਨ ਓਪੋਰਟੋ ਸ਼ਹਿਰ (ਪੁਰਤਗਾਲ) ਵਿਖੇ ਹੋਇਆ। ਇਹ ਬਾਦਸ਼ਾਹ ਜਾਨ ਪਹਿਲੇ ਦਾ ਤੀਜਾ ਲੜਕਾ ਸੀ। ਇਸਨੇ ਪੁਰਤਗਾਲ ਨੂੰ ਆਪਣੇ ਜ਼ਮਾਨੇ ਦਾ ਦੁਨੀਆ ਭਰ ਵਿਚ ਜਹਾਜ਼ਰਾਨੀ ਲਈ ਮਸ਼ਹੂਰ ਦੇਸ਼ ਬਣਾ ਦਿਤਾ। ਇਸਨੇ 1415 ਵਿਚ ਮੋਰਾਕੋ ਦੇ ਸਏਊਟਾ ਸ਼ਹਿਰ ਵਲ ਚੜ੍ਹਾਈ ਕਰਕੇ ਸ਼ਹਿਰ ਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਪਿੱਛੋਂ ਇਹ ਜਹਾਜ਼ਰਾਨੀ ਵਿਚ ਦਿਲਚਸਪੀ ਲੈਣ ਲੱਗਿਆ ਅਤੇ ਨਵੇਂ ਖੇਤਰਾਂ ਦੀ ਭਾਲ ਵਿਚ ਜੁਟ ਗਿਆ। ਇਸ ਦੀਆਂ ਖੋਜਾਂ ਦਾ ਉਦੇਸ਼ ਭਾਰਤ ਵਲ ਦਾ ਰਾਹ ਲੱਭਣਾ ਅਤੇ ਨਵੀਆਂ ਥਾਵਾਂ ਤੇ ਪੁਰਤਗੇਜ਼ੀਆਂ ਦਾ ਕਬਜ਼ਾ ਕਰਵਾਉਣਾ ਸੀ ਤਾਂ ਕਿ ਨਵੇਂ ਖੇਤਰਾਂ ਦੀ ਭਾਲ ਨਾਲ ਦੇਸ਼ ਵਿਚ ਧਨ ਇਕੱਠਾ ਕੀਤਾ ਜਾ ਸਕੇ।
ਹੌਲੀ-ਹੌਲੀ ਇਹ ਆਸਪਾਸ ਦੇ ਟਾਪੂਆਂ ਦੀਆਂ ਖੋਜਾਂ ਮਗਰੋਂ ਅਫ਼ਰੀਕਾ ਮਹਾਂਦੀਪ ਬਾਰੇ ਵੀ ਸੋਚਣ ਲੱਗ ਪਿਆ। ਆਪ ਤਾਂ ਇਹ ਮੋਰਾਕੇ ਤੇ ਤੈਨਜ਼ਿਅਰ ਤੋਂ ਅੱਗੇ ਨਾ ਗਿਆ ਪਰ ਇਸਨੇ ਦੂਰ ਦੂਰ ਤੱਕ ਜਹਾਜ਼ੀ ਬੇੜੇ ਭੇਜੇ। ਸੰਨ 1418-19 ਵਿਚ ਇਸ ਦੇ ਖੋਜੀ ਮੈਡੀਰਾ, 1434 ਈ. ਵਿਚ ਕੇਪ ਬਾਜਾਡਾਰ ਅਤੇ 1445 ਵਿਚ ਕੇਪਵਰਡ ਟਾਪੂਆਂ ਤਕ ਪਹੁੰਚ ਗਏ। ਸੰਨ 1445 ਵਿਚ ਕਪਤਾਨ ਡਿਨੀਸੁ ਡੀਆਸ ਸੈਨੇਗਾਲ (ਅਫ਼ਰੀਕਾ) ਤਕ ਵੀ ਚਲਾ ਗਿਆ। ਹੈਨਰੀ ਨੇ ਆਪਣਾ ਜੀਵਨ ਦੱਖਣ-ਪੱਛਮੀ ਪ੍ਰਾਂਤ ਦੇ ਸ਼ਹਿਰ ਸਾਗਰੀਸ਼ ਵਿਚ ਹੀ ਬਿਤਾਇਆ। ਇਥੇ ਰਹਿੰਦੇ ਹੋਏ ਇਸਨੇ ਪ੍ਰਸਿੱਧ ਜਹਾਜ਼ਰਾਨਾਂ, ਨਕਸ਼ਾ-ਨਵੀਸਾਂ, ਭੂਗੋਲਵੇਤਾਵਾਂ ਆਦਿ ਨੂੰ ਸਨਮਾਨਿਆ ਅਤੇ ਜਹਾਜ਼ਰਾਨੀ ਵਿਚ ਪੂਰੀ ਰੁਚੀ ਦਿਖਾਈ। ਇਥੋਂ ਹੀ ਇਹ ਅਫ਼ਰੀਕਾ ਮਹਾਂਦੀਪ ਵਲ ਜਹਾਜ਼ੀ ਬੇੜੇ ਭੇਜਦਾ ਰਿਹਾ ਅਤੇ ਗਿੱਨੀ ਨਾਲ ਵਪਾਰ ਵੀ ਕਰਦਾ ਰਿਹਾ। ਇੰਨੀ ਦੂਰ ਤਕ ਜਹਾਜ਼ ਭੇਜਣ ਦੌਰਾਨ ਜਹਾਜ਼ਾਂ ਦੀ ਮਸ਼ੀਨਰੀ ਵਿਚ ਜੋ ਵੀ ਤਰੁੱਟੀਆਂ ਪਾਈਆਂ ਜਾਂਦੀਆਂ ਸਨ, ਉਨ੍ਹਾਂ ਨੂੰ ਵੀ ਦੂਰ ਕੀਤਾ ਗਿਆ ਅਤੇ ਕੰਪਾਸ ਆਦਿ ਜੰਤਰਾਂ ਵਿਚ ਵੀ ਸੁਧਾਰ ਕੀਤੇ ਗਏ। ਇਸੇ ਦੌਰਾਨ ਪੁਰਤਗਾਲ ਦੇ ਜਹਾਜ਼ ਬਣਾਉਣ ਵਾਲਿਆਂ ਨੇ ‘ਕਾਰਵੈੱਲ’ ਨਾਂ ਦਾ ਨਵਾਂ ਜਹਾਜ਼ ਵੀ ਬਣਾਇਆ। ਇਸ ਦੀਆਂ ਖੋਜਾਂ ਸਦਕਾ ਹੀ ਇਸ ਤੋਂ ਪਿੱਛੋਂ ਦੇ ਪੁਰਤਗਾਲੀ ਖੋਜੀ ਵਾਸਕੋ ਡੀ ਗਾਮਾ ਅਤੇ ਬਾਰਥੋਲੋਮਿਉ ਡੀਆਜ਼ ਨਵੇਂ ਸਮੁੰਦਰੀ ਮਾਰਗ ਲੱਭਣ ਵਿਚ ਸਫ਼ਲ ਹੋਏ। ਸਾਗਰੀਸ਼ ਵਿਚ ਰਹਿੰਦੇ ਹੋਏ ਹੀ ਇਹ 13 ਨਵੰਬਰ, 1460 ਨੂੰ ਸਵਰਗਵਾਸ ਹੋ ਗਿਆ।
ਹ. ਪੁ.––ਐਨ. ਅਮੈ. 14 : 104 ; ਐਨ. ਬ੍ਰਿ. ਮੈ. 8 : 777
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First