ਹੈਨਰੀ ਜੇਮਜ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੈਨਰੀ ਜੇਮਜ਼ (1843–1916) : ਅੰਗਰੇਜ਼ੀ ਸਾਹਿਤ ਵਿੱਚ ਉਨ੍ਹੀਵੀਂ ਸਦੀ ਦੇ ਅੰਤਲੇ ਅਤੇ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦਾ ਇੱਕ ਪ੍ਰਸਿੱਧ ਨਾਵਲਕਾਰ ਹੈਨਰੀ ਜੇਮਜ਼ (Henry James) ਹੋਇਆ ਹੈ। ਜੇਮਜ਼ ਦੇ ਨਾਵਲਾਂ ਵਿੱਚ ਮੁੱਖ ਤੌਰ ਤੇ ਅਮਰੀਕੀ ਸਮਾਜ ਉੱਤੇ ਯੂਰਪੀਨ ਸਮਾਜਾਂ ਦੇ ਪ੍ਰਭਾਵ ਉਲੀਕੇ ਗਏ ਹਨ।

     ਹੈਨਰੀ ਜੇਮਜ਼ ਇੱਕ ਧਾਰਮਿਕ ਵਿਦਵਾਨ ਦਾ ਪੁੱਤਰ ਅਤੇ ਇੱਕ ਫ਼ਿਲਾਸਫ਼ਰ (ਵਿਲੀਅਮ ਜੇਮਜ਼) ਦਾ ਭਰਾ ਸੀ। ਉਸ ਦਾ ਜਨਮ ਨਿਊਯਾਰਕ ਵਿੱਚ ਵਾਸ਼ਿੰਗਟਨ ਪਲੇਸ ਦੇ ਇਲਾਕੇ ਵਿੱਚ 15 ਅਪ੍ਰੈਲ 1843 ਨੂੰ ਹੋਇਆ। ਜੇਮਜ਼ ਦਾ ਬਚਪਨ ਨਿਊਯਾਰਕ ਸ਼ਹਿਰ ਅਤੇ ਅਲਬਾਨੀ ਵਿੱਚ ਬੀਤਿਆ ਅਤੇ ਬਾਰ੍ਹਾਂ ਤੋਂ ਸਤਾਰ੍ਹਾਂ ਸਾਲ ਦੀ ਉਮਰ ਵਿਚਕਾਰ ਉਹ ਯੂਰਪ ਵਿੱਚ ਰਿਹਾ। ਉਸ ਦੀ ਪੜ੍ਹਾਈ ਘਰ ਵਿੱਚ ਹੀ ਲੰਦਨ, ਜਨੈਵਾ ਅਤੇ ਪੈਰਿਸ ਵਿੱਚ ਰਹਿੰਦਿਆਂ ਹੋਈ। ਜੇਮਜ਼ ਦੀ ਅਮਰੀਕਨ ਵਿੱਦਿਆ ਓਦੋਂ ਅਰੰਭ ਹੋਈ ਜਦੋਂ ਉਹ 1862 ਵਿੱਚ ਹਾਰਵਰਡ ਲਾਅ ਸਕੂਲ ਵਿੱਚ ਦਾਖ਼ਲ ਹੋਇਆ। 1864 ਵਿੱਚ ਉਸ ਦਾ ਪਰਿਵਾਰ ਬੋਸਟਨ ਵਿੱਚ ਅਤੇ ਕੁਝ ਅਰਸਾ ਮਗਰੋਂ ਕੈਂਬ੍ਰਿਜ ਵਿੱਚ ਟਿੱਕ ਗਿਆ। ਇਸ ਵਰ੍ਹੇ ਉਸ ਦੀ ਪਹਿਲੀ ਕਹਾਣੀ ਅਤੇ ਕੁਝ ਪੁਸਤਕਾਂ ਦੇ ਰੀਵਿਊ ਛਪੇ। ਜੇਮਜ਼ ਨੇ ਨੇਮ-ਬੱਧ ਢੰਗ ਨਾਲ ਅਟਲਾਂਟਿਕ ਮੰਥਲੀ ਵਿੱਚ 1865 ਵਿੱਚ ਲਿਖਣਾ ਅਰੰਭ ਕੀਤਾ। ਚਾਰ ਸਾਲ ਮਗਰੋਂ ਉਹ ਇੱਕ ਵਾਰੀ ਫਿਰ ਇੰਗਲੈਂਡ, ਫ਼੍ਰਾਂਸ ਅਤੇ ਇਟਲੀ ਗਿਆ ਅਤੇ 1870 ਵਿੱਚ ਅਮਰੀਕਾ ਮੁੜਨ ਉੱਤੇ ਉਸ ਨੇ ਆਪਣਾ ਪਹਿਲਾ ਨਾਵਲ ਵਾਚ ਐਂਡ ਵਾਰਡ ਛਪਵਾਇਆ। ਇਸ ਨਾਵਲ ਵਿੱਚ ਹੈਨਰੀ ਜੇਮਜ਼ ਨੇ ਬੋਸਟਨ ਦੇ ਉੱਚ ਵਰਗ ਦੇ ਜੀਵਨ ਨੂੰ ਪੇਸ਼ ਕੀਤਾ ਹੈ। ਜਦੋਂ ਜੇਮਜ਼ 29 ਸਾਲ ਦਾ ਹੋਇਆ ਤਾਂ ਉਹ ਇੱਕ ਵਾਰੀ ਫਿਰ ਯੂਰਪ ਗਿਆ, ਜਿੱਥੇ ਗਰਮੀਆਂ ਉਸ ਨੇ ਪੈਰਿਸ ਵਿੱਚ ਅਤੇ 1873 ਦਾ ਸਾਰਾ ਵਰ੍ਹਾ ਰੋਮ ਵਿੱਚ ਗੁਜ਼ਾਰਿਆ। ਇੱਥੇ ਰਹਿੰਦਿਆਂ ਉਸ ਨੇ ਰੋਡਰਿਕ ਹਡਸਨ ਨਾਂ ਦਾ ਨਾਵਲ ਲਿਖਣਾ ਅਰੰਭ ਕੀਤਾ। ਜਦੋਂ ਉਹ ਨਿਊਯਾਰਕ ਵਾਪਸ ਮੁੜਿਆ ਤਾਂ ਉਹ ਸਾਹਿਤਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਿਆ ਸੀ। ਹੈਨਰੀ ਜੇਮਜ਼ ਨੇ ਆਲੋਚਨਾਤਮਿਕ ਲੇਖ ਵੀ ਲਿਖੇ, ਜਿਹੜੇ ਨੇਸ਼ਨ ਅਤੇ ਨਾਰਥ ਅਮਰੀਕਨ ਰੀਵਿਊ ਵਿੱਚ ਛਪੇ। 1875 ਵਿੱਚ ਉਸ ਦੀਆਂ ਹੋਰ ਰਚਨਾਵਾਂ ਟਰਾਂਸਅਟਲਾਂਟਿਕ ਸਕੇਚਿਜ਼, ਏ ਪੈਸ਼ੇਨੇਟ ਪਿਲਗ੍ਰਿਮ ਆਦਿ ਵੀ ਛਪੀਆਂ। ਇਸ ਸਮੇਂ ਤੱਕ ਅਮਰੀਕਨ ਭੋਲੇਪਣ ਉੱਤੇ ਯੂਰਪੀਨਾਂ ਦਾ ਪ੍ਰਭਾਵ ਪੈਣ ਲੱਗ ਪਿਆ ਸੀ ਅਤੇ ਇਹ ਪ੍ਰਵਿਰਤੀ ਜੇਮਜ਼ ਦੇ ਮੁੱਖ ਨਾਵਲਾਂ ਵਿੱਚ ਉਘੜ ਕੇ ਵਿਖਾਈ ਦਿੰਦੀ ਰਹੀ ਹੈ।

     ਜੇਮਜ਼ ਦਾ ਜਨਮ ਭਾਵੇਂ ਅਮਰੀਕਾ ਵਿੱਚ ਹੋਇਆ ਸੀ ਪਰ ਉਸ ਦਾ ਦਿਲ ਯੂਰਪ ਵਿੱਚ ਸੀ। ਉਹ ਅਮਰੀਕਾ ਰਹਿੰਦਿਆਂ ਕਈ ਵਾਰ ਯੂਰਪ ਗਿਆ ਅਤੇ ਯੂਰਪ ਦੇ ਲੇਖਕ, ਕਵੀ ਅਤੇ ਕਲਾਕਾਰ ਉਸ ਦੇ ਗੂੜ੍ਹੇ ਮਿੱਤਰ ਬਣ ਚੁੱਕੇ ਸਨ। ਉਸ ਨੇ ਪੈਰਿਸ ਰਹਿੰਦਿਆਂ ਦਾ ਅਮਰੀਕਨ ਨਾਵਲ ਲਿਖਿਆ। 1879 ਵਿੱਚ ਜਦੋਂ ਉਸ ਦਾ ਨਾਵਲ ਡੇਜ਼ੀ ਮਿਲਰ ਛਪਿਆ ਤਾਂ ਜੇਮਜ਼ ਯੂਰਪ ਅਤੇ ਅਮਰੀਕਾ ਦੋਹਾਂ ਮਹਾਂਦੀਪਾਂ ਵਿੱਚ ਸਲਾਹਿਆ ਗਿਆ। ਇਸ ਨਾਵਲ ਵਿੱਚ ਵਰਤੀ ਵਿਧੀ ਅਤੇ ਜੁਗਤ ਨੂੰ ਜੇਮਜ਼ ਨੇ ਦਾ ਪੋਰਟਰੇਟ ਆਫ਼ ਏ ਲੇਡੀ ਵਿੱਚ ਦੁਹਰਾਇਆ। ਇਸ ਨਾਵਲ ਨੇ ਜੇਮਜ਼ ਨੂੰ ਇੱਕ ਹਰਮਨ ਪਿਆਰਾ ਨਾਵਲਕਾਰ ਬਣਾ ਦਿੱਤਾ। ਜੇਮਜ਼ ਨੇ ਆਪਣੇ ਪ੍ਰਸਿੱਧ ਨਾਵਲ 1879 ਤੋਂ 1882 ਵਿਚਕਾਰ ਲਿਖੇ। ਇਹਨਾਂ ਚਾਰ ਸਾਲਾਂ ਵਿੱਚ ਉਸ ਨੇ ਚਾਰ ਨਾਵਲ ਯੂਰਪੀਅਨ, ਵਾਸ਼ਿੰਗਟਨ ਸੁਕੇਅਰ, ਕਾਨਫੀਡੈਂਸ ਅਤੇ ਦਾ ਪੋਰਟਰੇਟ ਆਫ਼ ਏ ਲੇਡੀ ਲਿਖੇ। ਇਹਨਾਂ ਚਾਰਾਂ ਵਿੱਚ ਕੇਵਲ ਵਾਸ਼ਿੰਗਟਨ ਸੁਕੇਅਰ ਹੀ ਅਮਰੀਕਨ ਜੀਵਨ ਸੰਬੰਧੀ ਹੈ। 1886 ਤੱਕ ਹੈਨਰੀ ਜੇਮਜ਼ ਦੇ ਨਾਵਲ ਅਤੇ ਕਹਾਣੀਆਂ 14 ਜਿਲਦਾਂ ਵਿੱਚ ਛਾਪੇ ਗਏ। ਲੰਦਨ ਵਿੱਚ ਰਹਿੰਦਿਆਂ ਹੀ ਜੇਮਜ਼ ਨੇ 1886 ਵਿੱਚ ਦਾ ਬੋਸਟੋਨੀਅਨ ਅਤੇ ਦਾ ਪ੍ਰਿੰਸੈਸ ਕਾਸਾਮਸੀਮਾ ਨਾਵਲ ਲਿਖੇ, ਜਿਨ੍ਹਾਂ ਵਿੱਚ ਉਸ ਨੇ ਬੜੇ ਪ੍ਰਭਾਵਸ਼ਾਲੀ ਸਮਾਜਿਕ ਦ੍ਰਿਸ਼ ਅਤੇ ਵਿਸ਼ੇ ਪੇਸ਼ ਕੀਤੇ। ਅਗਲੇ ਸਾਲ ਦਾ ਰੇਵਰਬਰੇਟਰ ਅਤੇ ਏ ਲੰਦਨ ਲਾਈਫ ਨਾਂ ਅਧੀਨ ਦੋ ਲਘੂ ਨਾਵਲ ਪ੍ਰਕਾਸ਼ਿਤ ਹੋਏ। ਜੇਮਜ਼ ਦਾ ਚਹੇਤਾ ਨਾਵਲ ਦਾ ਟ੍ਰੈਜਿਕ ਮਿਊਜ਼ 1890 ਵਿੱਚ ਅਟਲਾਂਟਿਕ ਮੰਥਲੀ ਮੈਗਜ਼ੀਨ ਵਿੱਚ ਲੜੀਵਾਰ ਛਪਿਆ।

      1890 ਵਿੱਚ ਜੇਮਜ਼ ਨੇ ਨਾਟਕ ਲਿਖਣੇ ਅਰੰਭ ਕੀਤੇ ਅਤੇ ਅਗਲੇ ਪੰਜ ਸਾਲ ਉਹ ਨਾਟਕਾਂ ਅਤੇ ਰੰਗ-ਮੰਚ ਦੇ ਖੇਤਰਾਂ ਵਿੱਚ ਵਿਚਰਿਆ। ਐਡਵਰਡ ਕੋਂਪਟਨ ਨੇ ਉਸ ਦੇ ਨਾਵਲ ਦਾ ਅਮਰੀਕਨ ਨੂੰ ਇੱਕ ਨਾਟਕ ਵਜੋਂ ਪੇਸ਼ ਕੀਤਾ। ਜੇਮਜ਼ ਨੂੰ ਨਾਟਕ ਦੇ ਖੇਤਰ ਵਿੱਚ ਕੋਈ ਵਿਸ਼ੇਸ਼ ਸਫਲਤਾ ਨਾ ਪ੍ਰਾਪਤ ਹੋਈ ਅਤੇ 1895 ਵਿੱਚ ਲੰਦਨ ਵਿੱਚ ਸੈਂਟ ਜੇਮਜ਼ ਥੀਏਟਰ ਵਿੱਚ ਦਰਸ਼ਕਾਂ ਨੇ ਉਸ ਦਾ ਮਖੌਲ ਉਡਾਇਆ ਜਿਸ ਦੇ ਸਿੱਟੇ ਵਜੋਂ ਜੇਮਜ਼ ਨੇ ਰੰਗ-ਮੰਚ ਨੂੰ ਸਦਾ ਲਈ ਅਲਵਿਦਾ ਕਹਿ ਦਿੱਤੀ। ਕਈਆਂ ਨੇ ਭਾਵੇਂ ਜੇਮਜ਼ ਨੂੰ ਮੁੜ ਨਾਟਕ ਦੇ ਖੇਤਰ ਵੱਲ ਮੁੜਨ ਦੀ ਸਲਾਹ ਦਿੱਤੀ ਪਰ ਉਸ ਨੇ ਇਸ ਪਾਸੇ ਵੱਲ ਉੱਕਾ ਹੀ ਕੋਈ ਧਿਆਨ ਨਾ ਦਿੱਤਾ। ਜਿਹੜੇ ਨਾਟਕ ਜੇਮਜ਼ ਨੇ ਲਿਖੇ ਉਹ ਮਗਰੋਂ ਦੋ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਏ, ਪਰ ਇਹਨਾਂ ਦੀ ਕੋਈ ਉਲੇਖਯੋਗ ਚਰਚਾ ਨਾ ਹੋਈ।

     ਜੇਮਜ਼ ਕੰਵਾਰਾ ਹੀ ਰਿਹਾ। 1898 ਵਿੱਚ ਉਹ ਲੈਂਬ ਹਾਊਸ, ਰਾਈ ਵਿਖੇ ਰਹਿਣ ਲੱਗ ਪਿਆ, ਜਿੱਥੇ ਉਹ ਲਗਪਗ ਦੋ ਦਹਾਕੇ ਰਿਹਾ ਅਤੇ ਅੰਗਰੇਜ਼ੀ ਜੀਵਨ ਜਿਊਂਦਿਆਂ ਉਹ ਅੰਗਰੇਜ਼ੀ ਸਮਾਜ ਵਿੱਚ ਪਤਵੰਤਿਆਂ ਵਜੋਂ ਵਿਚਰਿਆ। ਉਹ ਦਿਨ ਭਰ ਮਿਹਨਤ ਕਰਦਾ ਸੀ ਅਤੇ ਸ਼ਾਮਾਂ ਨੂੰ ਆਪਣੇ ਮਨ-ਪ੍ਰਚਾਵੇ ਲਈ ਰਾਖਵੀਆਂ ਰੱਖਦਾ ਸੀ। ਇਸ ਸਮੇਂ ਉਸ ਨੇ ਦਾ ਟੂ ਮੈਜਿਕਸ ਨਾਂ ਦਾ ਕਹਾਣੀਆਂ ਦਾ ਇੱਕ ਸੰਗ੍ਰਹਿ ਛਾਪਿਆ, ਜਿਸ ਵਿੱਚ ਉਸ ਦੇ ਦੋ ਨਾਵਲੈਟ ਵੀ ਸ਼ਾਮਲ ਸਨ, ਜਿਨ੍ਹਾਂ ਦੇ ਨਾਂ ਦਾ ਟਰਨ ਆਫ਼ ਦਾ ਸਕਰਿਊ ਅਤੇ ਇਨ ਦਾ ਕੇਜ ਸਨ। ਜੇਮਜ਼ ਦਾ ਤੀਜਾ ਸਿਰਜਣਾਤਮਿਕ ਅਰਸਾ 1899 ਤੋਂ 1904 ਤੱਕ ਜਾਰੀ ਰਿਹਾ। ਇਸ ਅਰਸੇ ਦੌਰਾਨ ਜੇਮਜ਼ ਨੇ ਦਾ ਅਕਵਰਡ ਏਜ ਨਾਲ ਅਰੰਭ ਕੀਤਾ ਅਤੇ ਦਾ ਸੇਕਰਡ ਫਾਉਂਟ, ਦਾ ਵਿੰਗਜ਼ ਆਫ਼ ਦਾ ਡਵ, ਦਾ ਅੰਬੈਸਡਰਜ਼ ਅਤੇ ਦਾ ਗੋਲਡਨ ਬਾਊਲ ਆਦਿ ਪ੍ਰਸਿੱਧ ਨਾਵਲ ਲਿਖੇ। ਜੇਮਜ਼ ਨੇ ਆਪਣੇ ਨਾਵਲ ਦਾ ਅੰਬੈਸਡਰਜ਼ ਨੂੰ ਆਪਣੀ ਸਰਬੋਤਮ ਰਚਨਾ ਦੱਸਿਆ ਹੈ। ਨਾਵਲ ਕਲਾ ਦੇ ਸਿਰਜਣ ਕਾਲ ਵਿੱਚ ਜੇਮਜ਼ ਨੇ ਵਿਭਿੰਨ ਤਕਨੀਕੀ ਜੁਗਤਾਂ ਅਤੇ ਵਿਧੀਆਂ ਵਰਤੀਆਂ ਹਨ ਜਿਨ੍ਹਾਂ ਨੂੰ ਉਸ ਨੇ ਗਲਪ ਦੀ ਵਿਆਕਰਨ, ਦ੍ਰਿਸ਼ਟੀਕੋਣ, ਦ੍ਰਿਸ਼, ਨਾਟਕੀਕਰਨ, ਦ੍ਰਿਸ਼ਾਂ ਦੀ ਚੋਣ, ਸੰਰਚਨਾ ਅਤੇ ਪਰਿਪੇਖ ਆਦਿ ਦੇ ਵਿਭਿੰਨ ਸੰਕਲਪ ਦੱਸਿਆ ਹੈ। ਜੇਮਜ਼ ਦੀ ਨਾਵਲ ਕਲਾ ਨੂੰ ਸਮਝਣ ਵਾਸਤੇ ਜੇਮਜ਼ ਦੀਆਂ ਆਲੋਚਨਾਤਮਿਕ ਰਚਨਾਵਾਂ ਦਾ ਅਧਿਐਨ ਲਾਹੇਵੰਦ ਹੋ ਸਕਦਾ ਹੈ। ਆਪਣੀ ਨਾਵਲ ਕਲਾ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਜੀਵ ਦੀਆਂ ਮੁਢਲੀਆਂ ਕਦਰਾਂ- ਕੀਮਤਾਂ ਸਚਾਈ ਅਤੇ ਜੀਵਨ ਹਨ, ਜਿਨ੍ਹਾਂ ਨੂੰ ਵਿਭਿੰਨ ਪਰਿਪੇਖਾਂ ਤੋਂ ਪੇਸ਼ ਕਰਨ ਦੀ ਲੋੜ ਹੈ।

      1904 ਵਿੱਚ ਵੀਹ ਸਾਲ ਮਗਰੋਂ ਜੇਮਜ਼ ਅਮਰੀਕਾ ਗਿਆ। ਲਗਪਗ ਇੱਕ ਸਾਲ ਅਨੇਕਾਂ ਲੈਕਚਰ ਦੇਣ ਉਪਰੰਤ ਉਹ ਇੰਗਲੈਂਡ ਵਿੱਚ ਆਪਣੇ ਘਰ ਲੈਂਬ ਹਾਊਸ ਆ ਟਿਕਿਆ ਜਿੱਥੇ ਉਸ ਨੇ ਨਵੇਂ ਐਡੀਸ਼ਨ ਲਈ ਆਪਣੇ ਨਾਵਲਾਂ ਨੂੰ ਸੋਧਨ ਦਾ ਮਨ ਬਣਾਇਆ। ਉਸ ਨੇ ਆਪਣੇ ਨਾਵਲਾਂ ਦੀਆਂ ਭੂਮਿਕਾਵਾਂ ਵੀ ਲਿਖੀਆਂ। 1909 ਵਿੱਚ ਉਸ ਦੇ ਤੰਤੂ-ਪ੍ਰਬੰਧ ਵਿੱਚ ਵਿਗਾੜ ਪੈਣ ਲੱਗ ਪਿਆ ਪਰ ਉਹ ਫਿਰ ਵੀ ਲਿਖਦਾ ਰਿਹਾ ਅਤੇ ਉਸ ਦੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਦਾ ਫਾਈਨਰ ਗ੍ਰੇਨ ਪ੍ਰਕਾਸ਼ਿਤ ਹੋਇਆ। ਹੈਨਰੀ ਜੇਮਜ਼ ਨਿਊ ਹੈਂਮਸ਼ਾਇਰ ਵਿੱਚ ਸੀ, ਜਦੋਂ ਉਸ ਦਾ ਭਰਾ ਵਿਲੀਅਮ ਸੁਰਗਵਾਸ ਹੋ ਗਿਆ। ਵਾਪਸ ਮੁੜਨ ਤੋਂ ਪਹਿਲਾਂ ਹਾਰਵਰਡ ਯੂਨੀਵਰਸਿਟੀ ਨੇ ਉਸ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਅਤੇ ਅਗਲੇ ਵਰ੍ਹੇ ਆਕਸਫੋਰਡ ਯੂਨੀਵਰਸਿਟੀ ਨੇ ਵੀ ਉਸ ਨੂੰ ਆਨਰੇਰੀ ਡਿਗਰੀ ਦਿੱਤੀ। ਜੇਮਜ਼ ਨੇ ਆਪਣੇ ਸ੍ਵੈਜੀਵਨਕ ਸੰਸਮਰਨ ਪਹਿਲਾ ਵਿਸ਼ਵ ਯੁੱਧ ਅਰੰਭ ਹੋਣ ਤੋਂ ਪਹਿਲਾਂ ਲਿਖ ਲਏ ਸਨ ਜਿਹੜੇ ਏ ਸਮਾਲ ਬੁਆਏ ਐਂਡ ਅਦਰਜ਼ ਅਤੇ ਨੋਟਸ ਆਫ਼ ਏ ਸਨ ਐਂਡ ਬਰੱਦਰ ਨਾਵਾਂ ਅਧੀਨ ਛਪੇ। ਯੁੱਧ ਨੇ ਉਸ ਨੂੰ ਬੜਾ ਪੀੜਿਤ ਕੀਤਾ ਅਤੇ ਪੀੜਤਾਂ ਦੇ ਦੁੱਖ ਘਟਾਉਣ ਲਈ ਉਸ ਨੇ ਕਈ ਹਸਪਤਾਲਾਂ ਵਿੱਚ ਕੰਮ ਕੀਤਾ, ਲੇਖ ਲਿਖੇ ਅਤੇ ਪੈਸੇ ਇਕੱਠੇ ਕੀਤੇ। 26 ਜੁਲਾਈ 1915 ਨੂੰ ਜੇਮਜ਼ ਨੂੰ ਇੰਗਲੈਂਡ ਦਾ ਸ਼ਹਿਰੀ ਬਣਾਇਆ ਗਿਆ। ਇਸੇ ਸਾਲ ਦੇ ਅੰਤ ਵਿੱਚ ਉਸ ਨੂੰ ਦਿਲ ਦੇ ਦੌਰੇ ਅਤੇ ਨਮੂਨੀਏ ਦੀ ਤਕਲੀਫ਼ ਹੋਈ ਅਤੇ 28 ਫਰਵਰੀ 1916 ਨੂੰ ਉਹ ਚਲਾਣਾ ਕਰ ਗਿਆ। ਉਸ ਦੇ ਦਿਹਾਂਤ `ਤੇ ਯੂਰਪ ਅਤੇ ਅਮਰੀਕਾ ਵਿੱਚ ਡੂੰਘਾ ਸੋਗ ਮਨਾਇਆ ਗਿਆ।


ਲੇਖਕ : ਰਣਜੀਤ ਕੌਰ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.