ਹੈਲੀਡੇ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੀਡੇ (1925) : ਐਮ.ਏ.ਕੇ. ਹੈਲੀਡੇ ਸੰਸਾਰ ਦਾ ਪ੍ਰਮੁਖ ਭਾਸ਼ਾ-ਵਿਗਿਆਨੀ ਹੈ। ਭਾਸ਼ਾ-ਵਿਗਿਆਨ ਵਿੱਚ ਉਸ ਦਾ ਸਿਧਾਂਤ ਕਾਰਜੀ ਭਾਸ਼ਾ-ਵਿਗਿਆਨ ਹੈ। ਹੈਲੀਡੇ ਦਾ ਜਨਮ 1925 ਵਿੱਚ ਇੰਗਲੈਂਡ ਦੇ ਲੀਡਜ਼ ਸ਼ਹਿਰ ਵਿਖੇ ਹੋਇਆ। ਉਸ ਨੇ ਲੰਦਨ ਯੂਨੀਵਰਸਿਟੀ ਤੋਂ ਚੀਨੀ ਭਾਸ਼ਾ ਅਤੇ ਸਾਹਿਤ ਵਿੱਚ ਬੀ.ਏ. ਕੀਤੀ। ਫਿਰ ਚੀਨ ਵਿਖੇ ਪੀਕਿੰਗ ਅਤੇ ਲਿੰਗਨ ਯੂਨੀਵਰਸਿਟੀਆਂ ਵਿੱਚ ਭਾਸ਼ਾ-ਵਿਗਿਆਨ ਦੀ ਚੀਨੀ ਭਾਸ਼ਾ ਦੀ ਪੜ੍ਹਾਈ ਕੀਤੀ। ਬਾਅਦ ਵਿੱਚ ਕੈਂਬ੍ਰਿਜ ਵਿਖੇ ਭਾਸ਼ਾ-ਵਿਗਿਆਨ ਦੀ ਪੜ੍ਹਾਈ ਜਾਰੀ ਰੱਖੀ ਅਤੇ 1955 ਵਿੱਚ ਪੀ-ਐੱਚ.ਡੀ. ਦੀ ਡਿਗਰੀ ਹਾਸਲ ਕੀਤੀ।
ਕੈਂਬ੍ਰਿਜ ਅਤੇ ਈਡਨਬਰਗ ਵਿਖੇ ਸੇਵਾ ਕਰਨ ਤੋਂ ਬਾਅਦ 1963 ਵਿੱਚ ਯੂਨੀਵਰਸਿਟੀ ਕਾਲਜ ਲੰਦਨ ਵਿੱਚ ਕਮਿਊਨੀਕੇਸ਼ਨ ਰਿਸਰਚ ਸੈਂਟਰ ਦਾ ਡਾਇਰੈਕਟਰ ਨਿਯੁਕਤ ਹੋਇਆ ਅਤੇ ਦੋ ਵੱਡੇ ਖੋਜ ਪ੍ਰਾਜੈਕਟਾਂ `ਤੇ ਕੰਮ ਕੀਤਾ। 1965 ਵਿੱਚ ਹੈਲੀਡੇ ਨੂੰ ਭਾਸ਼ਾ-ਵਿਗਿਆਨ ਦਾ ਪ੍ਰੋਫ਼ੈਸਰ ਬਣਾਇਆ ਗਿਆ ਅਤੇ ਇਸ ਵਿਸ਼ੇ ਵਿੱਚ ਨਵਾਂ ਵਿਭਾਗ ਖੋਲ੍ਹਣ ਦੀ ਜ਼ੁੰਮੇਵਾਰੀ ਦਿੱਤੀ ਗਈ।
ਹੈਲੀਡੇ ਨੇ ਇਲੀਅਨ, ਸਿਡਨੀ, ਇੰਡੋਨੇਸ਼ੀਆ, ਯੇਲ, ਨਾਇਰੋਬੀ, ਕੈਲੀਫੋਰਨੀਆ ਆਦਿ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। ਇਸ ਤੋਂ ਇਲਾਵਾ ਹੈਲੀਡੇ ਚੀਨ, ਭਾਰਤ ਅਤੇ ਕਈ ਹੋਰ ਏਸ਼ਿਆਈ ਦੇਸ਼ਾਂ ਵਿੱਚ ਅਕਾਦਮਿਕ ਭਾਸ਼ਾਵਾਂ ਅਤੇ ਕਾਨਫਰੰਸਾਂ ਦੇ ਉਦਘਾਟਨੀ ਭਾਸ਼ਣਾ ਲਈ ਗਿਆ। ਭਾਰਤ ਵਿੱਚ ਉਸ ਨੂੰ ਦੇਸ਼ ਦੇ ਵਿਸ਼ਵ ਪ੍ਰਸਿੱਧ ਸੈਂਟਰਲ ਇੰਸਟੀਚਿਊਟ ਆਫ਼ ਇੰਗਲਿਸ਼ ਐਂਡ ਫਾਰਨ ਲੈਂਗੁਏਜਿਜ਼ ਹੈਦਰਾਬਾਦ ਵੱਲੋਂ ਆਨਰੇਰੀ ਫੈਲੋਸ਼ਿਪ ਦਿੱਤੀ ਗਈ।
ਹੈਲੀਡੇ ਹੁਣ ਵੀ ਸਰਗਰਮ ਭਾਸ਼ਾ-ਵਿਗਿਆਨੀ ਹੈ ਅਤੇ ਉਸ ਦੇ ਵਿਚਾਰ ਭਾਸ਼ਾ-ਵਿਗਿਆਨ ਵਿੱਚ ਅਹਿਮ ਸਥਾਨ ਰੱਖਦੇ ਹਨ। ਉਸ ਨੇ ਭਾਸ਼ਾ ਦੇ ਕਾਰਜਾਂ ਸੰਬੰਧੀ ਮਸ਼ਹੂਰ ਮਾਨਵ ਵਿਗਿਆਨੀ ਮਲੀਨੋਵਸਕੀ ਅਤੇ ਇੰਗਲੈਂਡ ਵਿੱਚ ਭਾਸ਼ਾ-ਵਿਗਿਆਨੀ ਜੇ.ਆਰ. ਫਾਰਥ ਦੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਾਰਜੀ ਭਾਸ਼ਾ-ਵਿਗਿਆਨ ਦੇ ਸਿਧਾਂਤ ਦਾ ਮੁੱਢ ਬੰਨ੍ਹਿਆ।
ਕਾਰਜੀ ਭਾਸ਼ਾ-ਵਿਗਿਆਨ ਭਾਸ਼ਾ ਨੂੰ ਮਨੁੱਖੀ ਅਨੁਭਵ ਦਾ ਨਾ ਸਿਰਫ਼ ਹਿੱਸਾ ਸਗੋਂ ਮਨੁੱਖੀ ਅਨੁਭਵ ਨੂੰ ਸਿਰਜਣ ਅਤੇ ਤਰਤੀਬਣ ਦਾ ਸ੍ਰੋਤ ਵੀ ਮੰਨਦਾ ਹੈ ਜਦ ਕਿ ਵੀਹਵੀਂ ਸਦੀ ਦੇ ਦੂਜੇ ਪੱਛਮੀ ਭਾਸ਼ਾ ਸਿਧਾਂਤਾਂ ਵਿੱਚ ਮਨੁੱਖੀ ਅਨੁਭਵ ਨਾਲੋਂ ਭਾਸ਼ਾ ਨੂੰ ਅਲੱਗ ਕਰ ਕੇ ਇੱਕ ਸੁਤੰਤਰ ਇਕਾਈ ਵਜੋਂ ਸਮਝਣ ਦਾ ਰੁਝਾਨ ਭਾਰੂ ਹੈ। ਜਿੱਥੇ ਦੂਜੇ ਸਿਧਾਂਤਾਂ ਵਿੱਚ ਭਾਸ਼ਾ ਨੂੰ ਨਿਰੋਲ ਸੰਰਚਨਾਤਮਿਕ ਮੰਨਿਆ ਜਾਂਦਾ ਹੈ। ਕਾਰਜੀ ਭਾਸ਼ਾ-ਵਿਗਿਆਨ ਸਿਧਾਂਤ ਭਾਸ਼ਾ ਨੂੰ ਸੰਰਚਨਾ ਅਤੇ ਪ੍ਰਣਾਲੀ ਮੰਨਦਾ ਹੈ ਅਤੇ ਭਾਸ਼ਾ ਦੀ ਵੱਖ- ਵੱਖ ਸਮਾਜਿਕ ਸੰਦਰਭਾਂ ਵਿੱਚ ਵਰਤੋਂ `ਤੇ ਜ਼ੋਰ ਦਿੰਦਾ ਹੈ। ਭਾਸ਼ਾ ਦੀ ਵਰਤੋਂ `ਤੇ ਆਧਾਰਿਤ ਭਾਸ਼ਾ ਦੇ ਕਾਰਜ ਹੀ ਭਾਸ਼ਾ ਦੀ ਬਣਤਰ ਦਾ ਮੂਲ ਹਨ। ਇਸ ਤਰ੍ਹਾਂ ਇਸ ਵਿਚਾਰ ਅਨੁਸਾਰ ਭਾਸ਼ਾ ਨਿਰਪੇਖ ਜਾਂ ਉਦਾਸੀਨ ਨਹੀਂ। ਇਸ ਸਿਧਾਂਤ ਅੰਦਰ ਵਿਆਕਰਨ ਅਤੇ ਅਰਥ ਅੱਡ-ਅੱਡ ਨਹੀਂ ਹਨ। ਇਸ ਲਈ ਕਾਰਜੀ ਵਿਆਕਰਨ ਅਰਥ `ਤੇ ਆਧਾਰਿਤ ਵਿਆਕਰਨ ਹੈ। ਅਸਲ ਵਿੱਚ ਅਰਥ ਇਸ ਦਾ ਆਧਾਰ ਹਨ। ਇਸ ਦਾ ਅਰਥ ਇਹ ਨਹੀਂ ਕਿ ਵਾਕ-ਬਣਤਰ ਦੇ ਕੋਈ ਨਿਯਮ ਨਹੀਂ ਹੁੰਦੇ। ਸਗੋਂ ਇਹ ਹੈ ਕਿ ਇਹ ਨਿਯਮ ਅਰਥ ਅਤੇ ਕਾਰਜ ਵੱਲ ਸੇਧਤ ਹੁੰਦੇ ਹਨ। ਇਸ ਲਈ ਕਿਸੇ ਰਚਨਾ ਜਾਂ ਪਾਠ ਵਿੱਚ ਅਰਥ ਸਿਰਜਣ ਲਈ ਭਾਸ਼ਾ ਇਕਾਈਆਂ ਦੇ ਕਾਰਜ ਦੀ ਨਿਸ਼ਾਨਦੇਹੀ ਜ਼ਰੂਰੀ ਹੈ।
ਹੈਲੀਡੇ ਦੇ ਕਹਿਣ ਅਨੁਸਾਰ ਭਾਸ਼ਾ ਇੱਕ ‘ਸਮਾਜਿਕ ਚਿੰਨ੍ਹ ਪ੍ਰਬੰਧ’ ਹੈ ਅਤੇ ਅਰਥਾਂ ਦਾ ਸ੍ਰੋਤ ਹੈ। ਹੈਲੀਡੇ ਦਾ ਭਾਸ਼ਾਈ ਸਿਧਾਂਤ Systemic Functional Theory ਵਜੋਂ ਜਾਣਿਆ ਜਾਂਦਾ ਹੈ ਜੋ ਵੀਹਵੀਂ ਸਦੀ ਵਿੱਚ ਅਮਰੀਕੀ ਭਾਸ਼ਾ-ਵਿਗਿਆਨੀਆਂ ਬਲੂਮਫੀਲਡ ਦੀ Structural Theory ਅਤੇ ਚੌਮਸਕੀ ਦੀ TG Theory ਤੋਂ ਇਲਾਵਾ ਤੀਜਾ ਮਹੱਤਵਪੂਰਨ ਸਿਧਾਂਤ ਜਾਂ ਸੰਪਰਦਾਇ School of Thought ਬਣਦਾ ਹੈ।
ਕਾਰਜੀ ਭਾਸ਼ਾਈ ਸਿਧਾਂਤ ਆਪਣੇ-ਆਪ ਵਿੱਚ ਇੱਕ ਸਮਾਜਿਕ ਸਿਧਾਂਤ ਹੈ। ਇਹ ਮੰਨਦਾ ਹੈ ਕਿ ਮਨੁੱਖ ਸੁਭਾਅ ਦੇ ਤੌਰ ਤੇ ਹਕੀਕਤ/ਯਥਾਰਥ ਅਤੇ ਆਪਣੇ ਅਨੁਭਵ ਨੂੰ ਗੁੰਝਲਦਾਰ ਸਮਾਜਿਕ ਚਿੰਨ੍ਹਕ ਵਰਤਾਰਿਆਂ ਰਾਹੀਂ ਪ੍ਰਗਟ ਕਰਦਾ ਹੈ। ਬਾਕੀ ਸੱਭਿਆਚਾਰਿਕ ਅਤੇ ਸਮਾਜਿਕ ਚਿੰਨ੍ਹ ਪ੍ਰਬੰਧਾਂ ਤੋਂ ਇਲਾਵਾ, ਮਨੁੱਖ ਕੋਲ ਪ੍ਰਮੁੱਖ ਚਿੰਨ੍ਹ ਪ੍ਰਬੰਧ ਭਾਸ਼ਾ ਹੈ। ਇਸ ਅਰਥ ਵਿੱਚ ਭਾਸ਼ਾ ਅਧਿਐਨ ਦਾ ਮਤਲਬ ਹੈ ਉਹਨਾਂ ਕੁਝ ਮਹੱਤਵਪੂਰਨ ਅਤੇ ਵਿਆਪਕ ਵਰਤਾਰਿਆਂ ਨੂੰ ਖੋਲ੍ਹਣਾ ਜਿਨ੍ਹਾਂ ਰਾਹੀਂ ਮਨੁੱਖ ਆਪਣਾ ਸੰਸਾਰ ਸਿਰਜਦੇ ਹਨ। ਪ੍ਰਬੰਧਕੀ ਕਾਰਜੀ ਵਿਆਕਰਨ ਦੇ ਤਿੰਨ ਮਹੱਤਵਪੂਰਨ ਪਹਿਲੂ ਹਨ : ਪਹਿਲਾ ਇਹ ਕਿ ਵਿਆਕਰਨ ਅਤੇ ਅਰਥ ਅਨਿਖੜਵੇਂ ਹਨ, ਦੂਜੇ ਵਿਆਕਰਨ ਦਾ ਸੰਬੰਧ ਸਿਰਫ਼ ਲਿਖਤੀ ਭਾਸ਼ਾ ਨਾਲ ਹੀ ਨਹੀਂ ਸਗੋਂ ਲਿਖਤੀ ਅਤੇ ਬੋਲ-ਚਾਲ ਦੋਵਾਂ ਤਰ੍ਹਾਂ ਦੀ ਭਾਸ਼ਾ ਨਾਲ ਹੈ (ਤਾਂ ਕਿ ਦੋਵਾਂ ਵਿੱਚ ਅੰਤਰ ਨੂੰ ਉਜਾਗਰ ਕੀਤਾ ਜਾ ਸਕੇ)। ਤੀਜੇ, ਕਿਸੇ ਮੂਲ ਪਾਠ ਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਰਵੇਖਣ ਇਸ ਲਈ ਜ਼ਰੂਰੀ ਹੈ ਤਾਂ ਕਿ ਇਹ ਸਮਝਿਆ ਜਾ ਸਕੇ ਕਿ ਕਿਸ ਤਰ੍ਹਾਂ ਭਾਸ਼ਾਈ ਪੈਟਰਨ ਇਸ ਨੂੰ ਕਿਸੇ ਖ਼ਾਸ ਸ਼ੈਲੀ ਵਿੱਚ ਢਾਲਦੇ ਹਨ ਅਤੇ ਕਿਸ ਤਰ੍ਹਾਂ ਇਹ ਕਿਸੇ ਸਥਿਤੀ ਸੰਦਰਭ ਵਿੱਚ ਉਪਜਦੀ ਹੈ।
ਹੈਲੀਡੇ ਦੇ ਪ੍ਰਬੰਧਕੀ ਕਾਰਜੀ ਸਿਧਾਂਤ ਮੁਤਾਬਕ ਹਰ ਮੂਲ ਪਾਠ ਦਾ ਕੋਈ ਨਾ ਕੋਈ ਸੰਦਰਭ ਹੁੰਦਾ ਹੈ ਜਿਸ ਦਾ ਅਰਥ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕੋਈ ਮੂਲ ਪਾਠ ਹੁੰਦਾ ਹੈ। ਹਰ ਪਾਠ ਦੀ ਪਿੱਠ-ਭੂਮੀ ਵਿੱਚ ਸਮਾਜਿਕ, ਸੱਭਿਆਚਾਰਿਕ ਹਾਲਾਤ ਹੁੰਦੇ ਹਨ ਜਿਨ੍ਹਾਂ ਤੋਂ ਪਾਠ ਉਗਮਦਾ ਹੈ ਅਤੇ ਇੱਕ ਖ਼ਾਸ ਰੂਪ ਜਾਂ ਮੁਹਾਂਦਰਾ ਅਖ਼ਤਿਆਰ ਕਰਦਾ ਹੈ। ਇਸ ਤੋਂ ਸਾਨੂੰ ਪਾਠ ਦੀ ਸ਼ੈਲੀ ਦਾ ਪਤਾ ਲੱਗਦਾ ਹੈ। ਸਥਿਤੀ ਸੰਦਰਭ ਨੂੰ ਤਿੰਨ ਪੱਖਾਂ ਤੋਂ ਜਾਂਚਿਆ ਜਾ ਸਕਦਾ ਹੈ ਜਾਂ ਇੰਜ ਕਹਿ ਲਵੋ ਕਿ ਇਸ ਦੇ ਤਿੰਨ ਪੱਖ ਜਾਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਹੇਠ ਲਿਖੇ ਅਨੁਸਾਰ ਹਨ :
ਪ੍ਰਵਚਨ ਦਾ ਖੇਤਰ : ਜੋ ਕੁਝ ਵਾਪਰਦਾ ਦਰਸਾਇਆ ਜਾਂਦਾ ਹੈ ਉਸ ਨਾਲ ਸੰਬੰਧਿਤ ਹੈ। ਇਸ ਪੱਖੋਂ ਭਾਸ਼ਾ ਰਾਹੀਂ ਸਮਾਜਿਕ ਪ੍ਰਕਿਰਿਆਵਾਂ, ਉਹਨਾਂ ਨੂੰ ਕਰਨ ਵਾਲੇ, ਉਹਨਾਂ ਤੋਂ ਪ੍ਰਭਾਵਿਤ ਅਤੇ ਵਿਸ਼ਾ-ਵਸਤੂ ਦੀ ਪੇਸ਼ਕਾਰੀ ਹੁੰਦੀ ਹੈ ਜਿਵੇਂ ਕਿਹਾ ਜਾ ਸਕਦਾ ਹੈ ਕਿ ਕਿਸੇ ਪਾਠ ਦਾ ਪ੍ਰਵਚਨ ਖੇਤਰ ਕਾਨੂੰਨ ਹੈ ਜਾਂ ਧਰਮ ਹੈ ਜਾਂ ਪਿਆਰ ਕਵਿਤਾ ਹੈ।
ਪ੍ਰਵਚਨ ਦਾ ਵੇਗ : ਇਸ ਨਾਲ ਸੰਬੰਧਿਤ ਹੈ ਕਿ ਪ੍ਰਵਚਨ ਵਿੱਚ ਭਾਗ ਲੈਣ ਵਾਲਿਆਂ ਦੇ ਆਪਸੀ ਸਮਾਜਿਕ ਸੰਬੰਧ ਅਤੇ ਰੁਤਬੇ ਕਿਹੋ ਜਿਹੇ ਹਨ। ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ, ਆਪਸ ਵਿੱਚ ਉਹਨਾਂ ਦੀ ਕਿੰਨੀ ਕੁ ਸਮਾਜਿਕ ਮਾਨਸਿਕ ਨੇੜਤਾ ਜਾਂ ਦੂਰੀ ਹੈ, ਆਦਿ। ਜਿਵੇਂ ਕਿ ਕੋਈ ਭਾਗ ਬੁਲਾਰਾ ਹੈ ਅਤੇ ਦੂਜਾ ਸ੍ਰੋਤਾ ਹੈ ਜਾਂ ਕਿ ਬੁਲਾਰਾ ਲੋਕਾਂ ਦੇ ਸਮੂਹ/ਸੰਗਤ ਨੂੰ ਮੁਖਾਤਬ (ਜਿਵੇਂ ਕਿ ਧਾਰਮਿਕ ਵਿਖਿਆਨਾਂ ਵਿੱਚ ਹੁੰਦਾ ਹੈ) ਜਾਂ ਇੱਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮੁਖਾਤਬ ਹੈ ਜਾਂ ਇੱਕ ਛੋਟਾ ਮੁਲਾਜ਼ਮ ਆਪਣੇ ਤੋਂ ਉੱਚੇ ਪਦ ਵਾਲੇ ਅਫ਼ਸਰ ਨੂੰ ਮੁਖਾਤਬ ਹੈ ਆਦਿ।
ਪ੍ਰਵਚਨ ਦਾ ਤੌਰ-ਤਰੀਕਾ ਜਾਂ ਢੰਗ : ਇਹ ਤੀਜਾ ਪੱਖ ਹੈ ਜੋ ਕਿ ਇਸ ਗੱਲ ਨਾਲ ਸੰਬੰਧਿਤ ਹੈ ਕਿ ਭਾਸ਼ਾ ਨੂੰ ਕਿਸ ਰੂਪ ਵਿੱਚ ਅਤੇ ਕਿਸ ਲਈ ਵਰਤਿਆ ਜਾ ਰਿਹਾ ਹੈ ਜਾਂ ਭਾਸ਼ਾ ਦਾ ਕੀ ਰੋਲ ਹੈ। ਪ੍ਰਵਚਨ ਵਿੱਚ ਭਾਗ ਲੈਣ ਵਾਲੇ ਭਾਸ਼ਾ ਨਾਲ ਕੀ ਕਰਨਾ ਲੋਚਦੇ ਹਨ ਅਤੇ ਕਿਸ ਸ਼ਕਲ ਵਿੱਚ ਚਾਹੁੰਦੇ ਹਨ। ਜਿਵੇਂ ਲਿਖਤੀ ਪ੍ਰਵਚਨ ਜਾਂ ਬੋਲਿਆ ਪ੍ਰਵਚਨ।
ਇਹ ਤਿੰਨੇ ਵਿਸ਼ੇਸ਼ਤਾਵਾਂ ਕਿਸੇ ਵੀ ਕਿਸਮ ਦੇ ਮੂਲ ਪਾਠ ਦੀ ਨਿਸ਼ਾਨਦੇਹੀ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਸ ਤਰ੍ਹਾਂ ਮੂਲ ਪਾਠਾਂ ਵਿੱਚ ਸੰਦਰਭ, ਸਥਿਤੀ ਸੰਦਰਭ ਦੀਆਂ ਤਿੰਨ ਵਿਸ਼ੇਸ਼ਤਾਵਾਂ ਅਤੇ ਮਾਪਦੰਡ ਸਾਡੀਆਂ ਭਾਸ਼ਾਈ ਇਕਾਈਆਂ ਦੀ ਚੋਣ ਨੂੰ ਪ੍ਰਭਾਵਿਤ ਕਰਦੇ ਹਨ ਕਿਉਂਕਿ ਇਹ ਭਾਸ਼ਾ ਦੇ ਤਿੰਨ ਮੁੱਖ ਕਾਰਜਾਂ ਨੂੰ ਪ੍ਰਤਿਬਿੰਬਤ ਕਰਦੇ ਹਨ :
1. ਜੋ ਵਾਪਰ ਰਿਹਾ ਹੈ ਜਾਂ ਵਾਪਰੇਗਾ ਜਾਂ ਵਾਪਰ ਚੁੱਕਾ ਹੈ, ਦੇ ਬਾਰੇ ਵਿੱਚ ਗੱਲ-ਬਾਤ ਕਰਨ ਲਈ।
2. ਆਪਣੇ ਨਜ਼ਰੀਏ ਨੂੰ ਪੇਸ਼ ਕਰਨ ਲਈ ਜਾਂ ਆਪਸੀ ਵਾਰਤਾਲਾਪ ਲਈ।
3. ਪਹਿਲੇ ਦੋ ਉਦੇਸ਼ਾਂ ਦੀ ਪੂਰਤੀ ਲਈ ਕਾਰਜਾਂ ਨੂੰ ਕ੍ਰਮਵਾਰ ਭਾਵਾਤਮਕ, ਵਾਰਤਾਲਾਪੀ ਅਤੇ ਪਾਠਗਤ ਕਾਰਜਾਂ ਦਾ ਨਾਂ ਦਿੱਤਾ ਗਿਆ ਹੈ। ਭਾਵੇਂ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਹੈਲੀਡੇ ਤੋਂ ਪਹਿਲਾਂ ਭਾਸ਼ਾ ਦੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਇਹਨਾਂ ਦੀ ਵਿਆਖਿਆ ਕੀਤੀ ਪਰ ਉਹਨਾਂ ਨੇ ਭਾਸ਼ਾ ਦੇ ਕਾਰਜਾਂ ਨੂੰ ਭਾਸ਼ਾ ਤੋਂ ਅਲੱਗ ਭਾਸ਼ਾ ਦੀ ਵਰਤੋਂ ਦੇ ਤੌਰ ਤੇ ਸਮਝਿਆ। ਹੈਲੀਡੇ ਭਾਸ਼ਾਈ ਕਾਰਜਾਂ ਨੂੰ ਭਾਸ਼ਾ ਨਾਲ ਇੱਕ-ਮਿੱਕ ਕਰ ਕੇ ਹੀ ਸਮਝਦਾ ਹੈ। ਭਾਸ਼ਾਈ ਕਾਰਜ ਭਾਸ਼ਾ ਦੀ ਮੁਢਲੀ ਖ਼ਾਸੀਅਤ ਹੈ। ਭਾਸ਼ਾ ਦੇ ਭਾਵਾਤਮਕ ਕਾਰਜ ਦਾ ਸੰਬੰਧ ਮਨੁੱਖ ਦੇ ਅੰਦਰੂਨੀ ਅਤੇ ਬਾਹਰੀ ਅਨੁਭਵ ਨੂੰ ਪੇਸ਼ ਕਰਨ ਨਾਲ ਹੈ। ਅੰਦਰੂਨੀ ਅਨੁਭਵ ਦਾ ਅਰਥ ਹੈ ਸਾਡੇ ਮਨ ਵਿੱਚ ਕੀ ਵਾਪਰ ਰਿਹਾ ਹੈ ਅਤੇ ਬਾਹਰੀ ਅਨੁਭਵ ਦਾ ਅਰਥ ਹੈ ਸਾਡੇ ਤੋਂ ਬਾਹਰ ਬ੍ਰਹਿਮੰਡ ਵਿੱਚ ਕੀ ਹੈ? ਇਸ ਤਰ੍ਹਾਂ ਇਹ ਪ੍ਰਵਚਨ ਖੇਤਰ ਨਾਲ ਸੰਬੰਧ ਰੱਖਦਾ ਹੈ।
ਵਾਰਤਾਲਾਪੀ ਕਾਰਜ ਭਾਸ਼ਾ ਦੀ ਵਰਤੋਂ ਆਦਾਨ- ਪ੍ਰਦਾਨ ਨੂੰ ਪੇਸ਼ ਕਰਨ ਲਈ ਕਰਦਾ ਹੈ। ਇਸ ਕਾਰਜ ਦਾ ਸੰਬੰਧ ਗੱਲ-ਬਾਤ ਵਿੱਚ ਹਿੱਸਾ ਲੈਣ ਵਾਲਿਆਂ ਦੇ ਰਵੱਈਏ ਜਾਂ ਉਹਨਾਂ ਦੇ ਕਿਸੇ ਘਟਨਾ ਦੇ ਹੋਣ ਜਾਂ ਵਾਪਰਨ ਦੀ ਸੰਭਾਵਨਾ ਬਾਰੇ ਰਾਇ ਨਾਲ ਹੈ। ਇਹ ਕਾਰਜ ਪ੍ਰਵਚਨ ਦੇ tenor ਨਾਲ ਸੰਬੰਧਿਤ ਹੈ।
ਪਾਠਗਤ ਕਾਰਜ ਭਾਸ਼ਾ ਦੀ ਵਰਤੋਂ ਅਨੁਭਵ ਅਤੇ ਪ੍ਰਕਿਰਿਆਵਾਂ ਨਾਲ ਸੰਬੰਧਿਤ ਅਰਥਾਂ ਨੂੰ ਤਰਤੀਬ ਦੇ ਕੇ ਸਪਸ਼ਟ, ਇੱਕਸਾਰ ਅਤੇ ਇੱਕਮੁੱਠ ਰਚਨਾ/ਪਾਠ ਉਸਾਰਨ ਲਈ ਕਰਦਾ ਹੈ ਜੋ ਕਿ ਲਿਖਤੀ ਜਾਂ ਬੋਲ-ਚਾਲ ਦੇ ਰੂਪ ਵਿੱਚ ਹੋ ਸਕਦਾ ਹੈ।
ਲੇਖਕ : ਸੁਖਦੇਵ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First