ਹੰਢਿਆਇਆ ਪਿੰਡ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਹਢਿਆਇਆ/ਹੰਢਿਆਇਆ (ਪਿੰਡ): ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਬਰਨਾਲਾ-ਮਾਨਸਾ ਸੜਕ ਉਤੇ ਸਥਿਤ ਅਤੇ ਬਰਨਾਲੇ ਤੋਂ ਲਗਭਗ 4 ਕਿ.ਮੀ. ਦੱਖਣ-ਪੱਛਮ ਵਿਚ ਬਾਬਾ ਆਲਾ ਸਿੰਘ ਦੇ ਭਰਾ ਬਾਬਾ ਸੁਭਾ ਦਾ ਵਸਾਇਆ ਇਕ ਪਿੰਡ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਚਰਣਾਂ ਦੀ ਛੋਹ ਪ੍ਰਾਪਤ ਹੋਈ ਸੀ। ਕਹਿੰਦੇ ਹਨ ਕਿ ਸੰਨ 1665 ਈ. ਵਿਚ ਇਥੋਂ ਲਿੰਘਦੇ ਹੋਏ ਨੌਵੇਂ ਗੁਰੂ ਜੀ ਟੋਭੇ ਦੇ ਕੰਢੇ ਇਕ ਝੰਗੀ ਵਿਚ ਕੁਝ ਸਮੇਂ ਲਈ ਠਹਿਰੇ ਸਨ। ਇਸ ਟੋਭੇ ਵਿਚ ਚਮੜਾ ਰੰਗਣ ਵਾਲੇ ਡੰਗਰਾਂ ਦੀਆਂ ਹੱਡੀਆਂ ਅਤੇ ਚਮੜੀ ਸੁਟਦੇ ਸਨ। ਉਥੇ ਬੈਠਿਆਂ ਗੁਰੂ ਜੀ ਕੋਲ ਇਕ ਤਾਪ-ਗ੍ਰਸਤ ਬੰਦਾ ਆਇਆ। ਰੋਗ ਦੂਰ ਕਰਨ ਲਈ ਗੁਰੂ ਜੀ ਨੇ ਉਸ ਨੂੰ ਟੋਭੇ ਵਿਚ ਇਸ਼ਨਾਨ ਕਰਨ ਲਈ ਕਿਹਾ। ਇਸ਼ਨਾਨ ਕਰਨ’ਤੇ ਉਹ ਠੀਕ ਹੋ ਗਿਆ। ਇਸ ਚਮਤਕਾਰ ਨੂੰ ਵੇਖ ਕੇ ਪਿੰਡ ਦੀ ਲੁਕਾਈ ਉਥੇ ਇਕੱਠੀ ਹੋ ਗਈ ਅਤੇ ਟੋਭੇ ਵਿਚ ਇਸ਼ਨਾਨ ਕਰਕੇ ਆਪਣੇ ਰੋਗ ਦੂਰ ਕਰਨ ਲਗੀ। ਗੁਰੂ ਜੀ ਦੀ ਉਨ੍ਹਾਂ ਨੇ ਬਹੁਤ ਸੇਵਾ ਕੀਤੀ।
ਪਟਿਆਲਾ ਰਿਆਸਤ ਦੇ ਮਹਾਰਾਜਾ ਕਰਮ ਸਿੰਘ (1798-1845 ਈ.) ਨੇ ਉਥੇ ਗੁਰੂ-ਧਾਮ ਅਤੇ ਸਰੋਵਰ ਬਣਵਾਇਆ ਅਤੇ ਨਾਲ 90 ਕਿੱਲੇ ਜ਼ਮੀਨ ਵੀ ਲਗਵਾਈ। ਇਸ ਗੁਰੂ-ਧਾਮ ਦਾ ਨਾਂ ‘ਗੁਰਦੁਆਰਾ ਸਾਹਿਬ ਗੁਰੂਸਰ ਪਾਤਿਸ਼ਾਹ ਨੌਵੀਂ’ ਹੈ। ਹੁਣ ਵੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਸ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਰੋਗ ਦੂਰ ਹੋ ਜਾਂਦੇ ਹਨ। ਮਸਿਆ ਵਾਲੇ ਦਿਨ ਇਥੇ ਬਹੁਤ ਭਾਰੀ ਇਕੱਠ ਹੁੰਦਾ ਹੈ। ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਇਥੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First