ਹੱਥ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਥ (ਨਾਂ,ਪੁ) ਪੂਰੇ ਕੱਦ-ਕਾਠ ਦੇ ਬੰਦੇ ਦੀ ਅਰਕ ਤੋਂ ਵਿਚਕਾਰਲੀ ਉਂਗਲ ਤੱਕ ਦੀ ਲਮਾਈ; ਬਾਂਹ ਦੇ ਮੁੂਹਰਲੇ ਹਿੱਸੇ ਦੀ ਹਥੇਲੀ; ਉਂਗਲੀਆਂ, ਨਹੁੰ ਅਤੇ ਗੁੱਟ ਦੇ ਸਮੁੱਚ ਵਾਲਾ ਸਰੀਰਕ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੱਥ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਥ [ਨਾਂਪੁ] ਬਾਂਹ ਦਾ ਗੁੱਟ ਤੋਂ ਅਗਲਾ ਭਾਗ; ਅੱਧੇ ਗਜ਼ ਦਾ ਮਾਪ; ਵੱਲ , ਤਰਫ਼; ਵਸ, ਇਖ਼ਤਿਆਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੱਥ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਥ. ਦੇਖੋ, ਹਸ੍ਤ. “ਕਰੇ ਭਾਵ ਹੱਥੰ.” (ਵਿਚਿਤ੍ਰ) ੨ ਹਾਥੀ ਦਾ ਸੰਖੇਪ. “ਹਰੜੰਤ ਹੱਥ.” (ਕਲਕੀ) ੩ ਹਾਥੀ ਦੀ ਸੁੰਡ. “ਹਾਥੀ ਹੱਥ ਪ੍ਰਮੱਥ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੱਥ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹੱਥ : ਕੁਝ ਖ਼ਾਸ ਰੀੜ੍ਹਧਾਰੀ ਪ੍ਰਾਣੀਆਂ ਦੀਆਂ ਬਾਹਾਂ ਦੇ ਅਗਲੇ ਸਿਰੇ ਤੇ ਪਕੜਨ ਲਈ ਇਕ ਅੰਗ ਹੁੰਦਾ ਹੈ, ਜਿਸਨੂੰ ਹੱਥ ਕਿਹਾ ਜਾਂਦਾ ਹੈ। ਸਾਰੇ ਥਣ–ਧਾਰੀ ਪ੍ਰਾਣੀਆਂ ਵਿਚੋਂ ਕਾਰਗਰ ਹੱਥ ਸਿਰਫ਼ ਮਨੁੱਖ ਪਾਸ ਹੈ ਜਾਂ ਫਿਰ ਇਸ ਨਾਲ ਮਿਲਦੀ ਜਾਤੀ ਬਾਂਦਰਾਂ ਕੋਲ। ਮਨੁੱਖ ਦੀ ਅਥਾਹ ਸ਼ਕਤੀ ਵਿਚ ਹੱਥ ਦਾ ਕਾਫ਼ੀ ਯੋਗਦਾਨ ਹੈ। ਹੱਥ ਮਨੁੱਖ ਦੀ ਸਿਰਜਾਣਤਮਕ ਤੇ ਕਲਾਤਮਕ ਸ਼ਕਤੀ ਦਾ ਇਕ ਸੋਮਾ ਹੈ। ਮਨੁੱਖ ਦੀ ਦਿਮਾਗ਼ੀ ਚੇਤਨਤਾ ਵਿਚ ਹੱਥ ਦੀ ਵਰਤੋਂ ਨੇ ਇਕ ਅਹਿਮ ਹਿੱਸਾ ਪਾਇਆ ਹੈ।
ਹੱਥ ਦੀ ਬਣਤਰ ਪੈਰ ਨਾਲ ਮੇਲ ਖਾਂਦੀ ਹੈ, ਪਰੰਤੂ ਇਸਦੀ ਹਰਕਤ ਤੇ ਹਿਲਜੁਲ ਪੈਰ ਨਾਲੋਂ ਕਈ ਗੁਣਾ ਵੱਧ ਹੈ। ਹੱਥ ਦੇ ਅੰਗੂਠੇ ਦੀ ਬਣਤਰ, ਪੈਰ ਦੇ ਅੰਗੂਠੇ ਤੋਂ ਬਿਲਕੁਲ ਵੱਖਰੀ ਹੈ। ਹੱਥ ਦਾ ਅੰਗੂਠਾ ਅੱਗੇ ਵਲ ਵਧਾ ਕੇ ਸਾਰੀਆਂ ਉਂਗਲੀਆਂ ਨੂੰ ਛੋਹ ਸਕਦਾ ਹੈ। ਇਹ ਛੋਹ ਅਤੇ ਸਾਂਝ ਸਦਕਾ ਉਂਗਲੀਆਂ ਕਲਮ ਫੜ ਸਕਦੀਆਂ ਹਨ ਤੇ ਕਹੀ ਚਲਾ ਸਕਦੀਆਂ ਹਨ। ਇਸੇ ਕਾਰਨ, ਹੱਥ ਹਰ ਗੁੰਝਲਦਾਰ ਮਸ਼ੀਨਰੀ ਅਤੇ ਇਸ ਦੇ ਅਤਿ ਛੋਟੇ ਪੁਰਜ਼ਿਆਂ ਨੂੰ ਵਰਤ ਸਕਦਾ ਹੈ।
ਆਦਮੀ ਦੇ ਹੱਥ ਵਿਚ 27 ਹੱਡੀਆਂ ਹੁੰਦੀਆਂ ਹਨ। ਸਭ ਤੋਂ ਪਹਿਲੇ ਹਿੱਸੇ ਗੁੱਟ ਵਿਚ 8 ਹੱਡੀਆਂ (ਕਾਰਪਲਜ਼) ਹੁੰਦੀਆਂ ਹਨ। 5 ਲੰਮੀਆਂ ਨਲਕੀ ਅਕਾਰ ਹੱਡੀਆਂ (ਮੈਟਾਕਾਰਪਲ) ਅਤੇ 14 ਛੋਟੀਆਂ ਨਲਕੀ ਅਕਾਰ ਹੱਡੀਆਂ ਹੁੰਦੀਆਂ ਹਨ। ਫੈਲੈਂਜਿਜ਼ ਇਕੱਠੇ ਹੋ ਕੇ ਉਂਗਲਾਂ ਬਣਾਉਂਦੇ ਹਨ। ਅੰਗੂਠੇ ਵਿਚ ਦੋ, ਦੂਜੀਆਂ ਚਾਰ ਉਂਗਲੀਆਂ ਵਿਚ ਤਿੰਨ ਤਿੰਨ ਫੈਲੈਂਜਿਜ਼ ਹੁੰਦੇ ਹਨ। ਅਖ਼ੀਰਲੀ ਉਂਗਲ ਹੱਡੀ ਦਾ ਅਗਲਾ ਹਿੱਸਾ ਖ਼ਾਲੀ ਹੁੰਦਾ ਹੈ, ਇਸ ਲਈ ਹਰ ਉਂਗਲੀ ਵਿਚ ਤਿੰਨ ਜੋੜ ਹੁੰਦੇ ਹਨ। ਕਾਰਪਾਲ ਹੱਡੀਆਂ ਛੋਟੀਆਂ, ਚਪਟੀਆਂ ਤੇ ਚਾਰ ਚਾਰ ਕਰਕੇ ਦੋ ਲਾਈਨਾਂ ਵਿਚ ਵੰਡੀਆਂ ਹੋਈਆਂ ਹੁੰਦੀਆਂ ਹਨ। ਚਾਰ ਅਗਲੀ ਲਾਈਨ ਵਿਚ ਅਤੇ ਚਾਰ ਪਿਛਲੀ ਲਾਈਨ ਵਿਚ। ਪਿਛਲੀ ਲਾਈਨ ਦਾ ਉਪਰਲਾ ਹਿੱਸਾ ਬਾਂਹ ਹੱਡੀਆਂ ਦੇ ਹੇਠਲੇ ਸਿਰੇ ਨਾਲ ਵੀਣੀ ( ਗੁੱਟ) ਜੋੜ ਬਣਾਉਂਦਾ ਹੈ। ਇਸ ਜੋੜ ਸਦਕੇ ਹੱਥ ਅੱਗੇ ਪਿੱਛੇ, ਸੱਜੇ ਖੱਬੇ ਤੇ ਗੋਲ ਅਕਾਰ ਵਿਚ ਘੁੰਮ ਸਕਦਾ ਹੈ।
ਗੁੱਟ ਹੱਡੀਆਂ ਦੇ ਅਗਲੇ ਪਾਸੇ ਇਕ ਚੌੜੀ ਸੁਰੰਗ ਜਿਹੀ ਬਣਦੀ ਹੈ। ਬਾਂਹ ਦੇ ਮਾਸ ਪੱਠਿਆਂ ਦੇ ਲੱਸੇ ਇਸ ਵਿਚੋਂ ਲੰਘ ਕੇ ਹੱਥ ਵਿਚ ਦਾਖ਼ਲ ਹੁੰਦੇ ਹਨ। ਇਹ ਲੱਸੇ ਉਂਗਲ ਹੱਡੀਆਂ ਦੇ ਸਿਰੇ ਪਾਸਿਆਂ ਨਾਲ ਜਾ ਜੁੜਦੇ ਹਨ। ਆਪਣੇ ਸੰਗੋੜ ਇਹ ਉਂਗਲਾਂ ਨੂੰ ਅੱਗੇ ਵਲ ਮੋੜਦੇ ਹਨ। ਇਨ੍ਹਾਂ ਲੱਸਿਆਂ ਦੁਆਲੇ, ਪਤਲੀ ਜਿਹੀ ਰਿਸਾਈ ਝਿੱਲੀ ਹੈ ਜਿਹਦੇ ਵਿਚ ਰਸ ਹੁੰਦਾ ਹੈ, ਜਿਸ ਕਾਰਨ ਇਹ ਲੱਸੇ ਖੂਹ ਦੀ ਮਾਹਲ ਵਾਂਗ ਬਿਨਾਂ ਰਗੜ ਤੋਂ ਉੱਪਰ ਹੇਠ੍ਹਾਂ ਹਿਲ ਸਕਦੇ ਹਨ।
ਉਂਗਲਾਂ ਨੂੰ ਪਿੱਛੇ ਮੋੜਨ ਵਾਲੇ ਪੱਠੇ ਵੀ ਬਾਂਹ ਵਿਚੋਂ ਉਠਦੇ ਹਨ ਤੇ ਉਨ੍ਹਾਂ ਦੀਆਂ ਲਾਸਾਂ ਉਂਗਲਾਂ ਦੇ ਪੁੱਠੇ ਪਾਸੇ ਉੱਤੇ ਮੁਕਦੀਆਂ ਹਨ। ਇਨ੍ਹਾਂ ਦੀਆਂ ਆਪਣੀਆਂ ਰਿਸਾਵੀ ਝਿੱਲੀਆਂ ਹਨ।
ਗੁੱਟ ਤੋਂ ਅੱਗੇ ਹਥੇਲੀ ਹੈ। ਇਹਦੀਆਂ ਲੰਮੀਆਂ ਉਂਗਲਾਂ ਵਰਗੀਆਂ ਪੰਜ ਹੱਡੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮੈਟਾਕਾਰਪਲ ਕਹਿੰਦੇ ਹਨ। ਹਰ ਮੈਟਾਕਾਰਪਲ ਹੱਡੀ ਦਾ ਪਿਛਲਾ ਸਿਰਾ ਗੁੱਟ ਹੱਡੀਆਂ ਨਾਲ ਤੇ ਅਗਲਾ ਹਿੱਸਾ ਪਹਿਲੀ ਉਂਗਲ ਹੱਡੀ ਨਾਲ ਜੁੜਿਆ ਹੋਇਆ ਹੁੰਦਾ ਹੈ। ਚਾਰ ਮੈਟਾਕਾਰਪਲ ਹੱਡੀਆਂ ਦੇ ਪਿਛਲੇ ਸਿਰੇ ਆਪਸ ਵਿਚ ਜੁੜੇ ਹੁੰਦੇ ਹਨ, ਪਰ ਅੰਗੂਠੇ ਦੀ ਮੈਟਾਕਾਰਪਲ ਵੱਖਰੀ ਹੈ, ਕਿਉਂ ਜੋ ਅੰਗੂਠੇ ਨੂੰ ਹਰਕਤ ਦੀ ਲੋੜ ਹੈ।
ਮੈਟਾਕਾਰਪਲ ਹੱਡੀਆਂ ਦੇ ਵਿਚਕਾਰ, ਇਨ੍ਹਾਂ ਦੇ ਧੜ ਤੋਂ ਨਿੱਕੇ ਨਿੱਕੇ ਇਨਟਰਿਉਸ਼ਿਆਈ ਮਾਸ ਪੱਠੇ ਉਠਦੇ ਹਨ। ਇਨ੍ਹਾਂ ਪੱਠਿਆਂ ਦੇ ਅਗਲੇ ਸਿਰੇ, ਪਹਿਲੀ ਉਂਗਲ ਹੱਡੀ ਉੱਤੇ ਜਾ ਕੇ ਮੁਕਦੇ ਹਨ। ਇਹ ਪੱਠੇ ਵੀ ਹੱਥ ਹਰਕਤ ਵਿਚ ਹਿੱਸਾ ਪਾਉਂਦੇ ਹਨ।
ਹੱਥ ਦੇ ਸਿੱਧੇ ਪਾਸੇ, ਚਮੜੀ ਭਾਵੇਂ ਮੋਟੀ ਹੈ, ਫਿਰ ਵੀ ਇਸਦੀ ਸੂਝ ਤਿੱਖੀ ਹੈ, ਖ਼ਾਸ ਕਰ ਉਂਗਲ ਪੋਟਿਆਂ ਦੀ। ਪੁੱਠੇ ਪਾਸੇ ਦੀ ਚਮੜੀ ਕਾਫ਼ੀ ਪਤਲੀ ਹੈ ਇਥੋਂ ਤਕ ਕਿ ਇਹਦੇ ਵਿਚ ਤਾਂ ਸ਼ਿਰਾਵਾਂ ਵੀ ਦਿਸਦੀਆਂ ਹਨ। ਹੱਥ ਵਿਚ ਛੋਹ ਸ਼ਕਤੀ, ਦਬਾਓ ਅਤੇ ਤਾਪਮਾਨ ਮਹਿਸੂਸ ਕਰਨ ਦੀ ਸ਼ਕਤੀ ਹੁੰਦੀ ਹੈ।
ਹੱਥ ਦੀਆਂ ਲਹੂ ਨਾਲੀਆਂ ਅਤੇ ਨਰਵ ਤੰਤੂ ਬਾਂਹ ਦੀਆਂ ਨਲੀਆਂ ਤੇ ਤੰਤੂਆਂ ਦਾ ਹੀ ਅੰਤਮ ਭਾਗ ਹਨ। ਜੇ ਕਦੇ ਦਬਾਓ ਜਾਂ ਸੱਟ ਫੇਟ ਨਾਲ ਬਾਂਹ ਅੰਦਰ ਲਹੂ ਨਲੀ ਜਾਂ ਤੰਤੂ ਫਿਸ ਜਾਂ ਕੱਟ ਜਾਏ ਤਾਂ ਉਸ ਨਾਲ ਲਹੂ ਅਤੇ ਸੂਝ ਗਵਾ ਕੇ ਹੱਥ ਵੀ ਨਕਾਰਾ ਹੋ ਜਾਂਦਾ ਹੈ।
ਹੱਥ, ਬਾਂਹ ਦਾ ਅੰਤਲਾ ਤੇ ਜ਼ਰੂਰੀ ਭਾਗ ਹੈ। ਹੱਥ ਦੀਆਂ ਉਂਗਲਾਂ ਦੇ ਨਿਸ਼ਾਨ ਮਨੁੱਖ ਦੀ ਪਹਿਚਾਨ ਦਾ ਵੱਡਾ ਸਾਧਨ ਹਨ, ਪਰ ਇਹਦੀ ਹੋਂਦ ਬਾਂਹ ਅਤੇ ਸਾਰੇ ਤਨ ਦੀ ਸਨਅਤੀ ਨਾਲ ਹੀ ਕਾਇਮ ਹੈ। ਹੱਥ ਸਾਰੇ ਤਨ ਲਈ ਕਮਾਉਂਦਾ ਹੈ ਤੇ ਇਸ ਕਮਾਈ ਨਾਲ ਹੱਥ ਦੀ ਪਾਲਣਾ ਕਰਦਾ ਹੈ।
ਹ. ਪੁ. ––ਐਨ. ਬ੍ਰਿ. ਮਾ. 4 : 883; ਮੈਕ. ਐਨ. ਸ. ਟ. 6 : 333, ਐਨ. ਅਮੈ. 13 : 671.
ਲੇਖਕ : ਡਾ. ਜਸਵੰਤ ਗਿੱਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no
ਹੱਥ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੱਥ, ਪੁਲਿੰਗ : ੧. ਬਾਂਹ ਦਾ ਗੁੱਟ ਤੋਂ ਅੱਗੇ ਦਾ ਹਿੱਸਾ, ਦਸਤਪੰਜਾ; ੨. ਅੱਧੇ ਗਜ਼ ਦਾ ਮਾਪ, ੨੪ ਉਂਗਲਾਂ ਦਾ ਨਾਪ, (ਲਹਿੰਦੀ) : ਅਰਕ ਤੋਂ ਵਿਚਲੀ ਉਂਗਲੀ ਦੇ ਸਿਰੇ ਤਕ ਤੇ ਫੇਰ ਉਸ ਵਿੱਚ ਵਿਚਲੀ ਉਂਗਲੀ ਦੀ ਲੰਬਾਈ ਜਮ੍ਹਾਂ ਕਰ ਕੇ ਬਣਿਆ ਸਾਰਾ ਨਾਪ; ੩. ਪਾਸਾ, ਤਰਫ਼; ੪. ਰੇਲ ਦਾ ਸਿਗਨਲ; ੫. ਕਬਜ਼ਾ;੬. ਵੱਸ, ਅਖਤਿਆਰ, ੭. (ਲਹਿੰਦੀ) : ਕਸੂਰ, ਦੋਸ਼; ੮. ਹਥੀਂ, ਰਾਹੀਂ, ੯. ਵਾਰੀ (ਤਾਸ਼ ਆਦਿ ਖੇਡਾਂ ਵਿਚ)
–ਹੱਥ ਉਠਾਉਣਾ, ਮੁਹਾਵਰਾ : ੧. ਹੱਥ ਚੁੱਕਣਾ, ਹੱਥ ਉਚਾ ਕਰਨਾ, ੨. ਰਾਏ ਦੇਣਾ; ੩. ਮਾਰਨ ਨੂੰ ਤਿਆਰ ਹੋਣਾ; ੪. ਮਾਰਨਾ, ਵਾਰ ਕਰਨਾ; ੫. ਹੱਥ ਹਟਾਉਣਾ, ਹੱਥ ਅਲੱਗ ਕਰ ਲੈਣਾ
–ਹੱਥ ਉਧਾਰ, ਵਿਸ਼ੇਸ਼ਣ / ਪੁਲਿੰਗ : ਬਿਨਾਂ ਲਿਖਤ ਪੜ੍ਹਤ ਥੋੜੇ ਦਿਨਾਂ ਲਈ ਲਿਆ ਜਾਂ ਫੜਿਆ ਹੋਇਆ (ਰੁਪਿਆ), ਬਿਨਾਂ ਲਿਖਤ ਅਤੇ ਸੂਦ ਲਿਆ ਦਿੱਤਾ ਹੋਇਆ ਰੁਪਿਆ
–ਹੱਥ ਆਉਣਾ, ਹੱਥ ਆ ਜਾਣਾ, ਮੁਹਾਵਰਾ : ਮਿਲਣਾ, ਮਿਲ ਜਾਣਾ, ਕਬਜ਼ੇ ਵਿੱਚ ਹੋ ਜਾਣਾ, ਫੜਿਆ ਜਾਣਾ
–ਹੱਥ ਅੱਡਣਾ, ਮੁਹਾਵਰਾ : ਹੱਥ ਪਸਾਰਨਾ, ਹੱਥ ਡਾਹੁਣਾ, ਕੁਝ ਮੰਗਣਾ
–ਹਥ ਆਵਣਾ, (ਲਹਿੰਦੀ) / ਮੁਹਾਵਰਾ : ਹੱਥ ਆਉਣਾ
–ਹੱਥ ਸਹਾਰਦਾ, ਵਿਸ਼ੇਸ਼ਣ : ਖੂਹ ਨਵਾਇਆ, ਥੋੜਾ ਗਰਮ, ਨੀਮ ਗਰਮ
–ਹੱਥ ਸੰਗੋੜਨਾ, ਮੁਹਾਵਰਾ : ਕਿਰਸ ਕਰਨਾ, ਸਰਫਾ ਕਰਨਾ
–ਹੱਥ ਸਿਆਣਨਾ, ਮੁਹਾਵਰਾ : ਹੱਥ ਤੇ ਪੈਣਾ, ਗਾਂ ਮੱਝ ਦਾ ਕਿਸੇ ਖਾਸ ਬੰਦੇ ਦੇ ਹੱਥੋਂ ਹੀ ਮਿਲਣਾ ਤੇ ਓਪਰੇ ਹੱਥੋਂ ਛੜ ਮਾਰ ਜਾਣਾ
–ਹੱਥ ਸਿਧੇ ਕਰਨਾ, ਮੁਹਾਵਰਾ : ਕੋਈ ਹੁਨਰ ਸਿਖਣਾ
–ਹਥ ਸੁਲੱਖਣਾ ਹੋਣਾ, ਮੁਹਾਵਰਾ : ਕਿਸੇ ਦੇ ਹੱਥੋਂ ਕੋਈ ਚੀਜ਼ ਮਿਲਿਆਂ ਸੁਖ ਜਾਂ ਫਾਇਦਾ ਹੋਣਾ
–ਹੱਥਸੌੜ, ਇਸਤਰੀ ਲਿੰਗ : ਹੱਥ ਦੀ ਤੰਗੀ, ਪੈਸੇ ਦੀ ਬਹੁਤ ਕਮੀ, ਗ਼ਰੀਬੀ, ਮੁਫ਼ਲਸੀ
–ਹੱਥ ਹਲਾਉਣਾ, ਮੁਹਾਵਰਾ : ਹੱਥ ਹਿਲਾਉਣਾ
–ਹੱਥ ਹਿਲਾਉਣਾ, ਮੁਹਾਵਰਾ : ੧. ਕੋਈ ਕੰਮਕਾਰ ਕਰਨਾ, ਮਿਹਨਤ ਮਜੂਰੀ ਕਰਨਾ; ੨. ਇਸ਼ਾਰਾ ਕਰਨਾ
–ਹੱਥ ਹੁਦਾਰ, ਵਿਸ਼ੇਸ਼ਣ / ਪੁਲਿੰਗ : ਹੱਥ ਉਧਾਰ
–ਹੱਥ ਹੇਠ ਆਉਣਾ, ਮੁਹਾਵਰਾ : ੧. ਹੱਥ ਦਾ ਕਿਸੇ ਚੀਜ਼ ਥੱਲੇ ਜਾਂ ਕਿਸੇ ਚੀਜ਼ ਦਾ ਹੱਥ ਥੱਲੇ ਆ ਜਾਣਾ; ੧. ਕਾਬੂ ਆਉਣਾ, ਵੱਸ ਜਾਂ ਮਾਰ ਅੰਦਰ ਆਉਣਾ
–ਹੱਥ ਹੇਠ ਹੋਣਾ, ਮੁਹਾਵਰਾ : ਨੇੜੇ ਜਾਂ ਲਾਗੇ ਹੋਣਾ, ਪਹੁੰਚ ਅੰਦਰ ਆਉਣਾ, ਕਬਜ਼ੇ ਜਾਂ ਵੱਸ ਵਿੱਚ ਹੋਣਾ
–ਹੱਥ ਹੇਠ ਕਰਨਾ, ਮੁਹਾਵਰਾ : ਕਾਬੂ ਜਾਂ ਵੱਸ ਜਾਂ ਕਬਜ਼ੇ ਵਿੱਚ ਲਿਆਉਣਾ, ਕਿਸੇ ਪਾਸੋਂ ਲੈ ਛੱਡਣਾ
–ਹੱਥ ਹੇਠ ਰੱਖਣਾ, ਮੁਹਾਵਰਾ : ਕਾਬੂ ਵਿੱਚ ਰੱਖਣਾ, ਤਿਆਰ ਰੱਖਣਾ
–ਹਥ ਹੌਲਾ ਹੋਣਾ, ਮੁਹਾਵਰਾ : ਹੱਥ ਸੁਲੱਖਣਾ ਹੋਣਾ
–ਹੱਥ ਹੌਲਾ ਕਰਨਾ, ਮੁਹਾਵਰਾ : ੧. ਝਾੜਾ ਕਰਨਾ, ਕਿਸੇ ਦਾ ਦੁਖ ਦਰਦ ਮੰਤਰ ਪੜ੍ਹ ਕੇ ਦੂਰ ਕਰ ਦੇਣਾ; ੨. ਮਾਰਨਾ, ਸੌੜ੍ਹ ਲਾਉਣਾ, ਤੌਣੀਂ ਚਾੜ੍ਹਨਾ
–ਹੱਥ ਹੌਲਾ ਕਰਾਉਣਾ, ਮੁਹਾਵਰਾ : ੧. ਕਿਸੇ ਪਾਸੋਂ ਮੰਤਰ ਦੇ ਬਲ ਤਕਲੀਫ ਰਫਾ ਕਰਾਉਣਾ; ੨. ਮਾਰ ਖਾਣਾ
–ਹੱਥ ਕੰਙਣ ਨੂੰ ਆਰਸੀ ਕੀ ? ਅਖੌਤ : ਪਰਤੱਖ ਨੂੰ ਪਰਮਾਣ ਦੀ ਲੋੜ ਨਹੀਂ
–ਹੱਥ ਕੱਟਣਾ, ਮੁਹਾਵਰਾ : ੧. ਤਲਵਾਰ ਆਦਿ ਨਾਲ ਹੱਥ ਨੂੰ ਸਰੀਰ ਨਾਲੋਂ ਵੱਖਰਾ ਕਰਨਾ; ੨. ਬੇਅਖਤਿਆਰ ਹੋ ਕੇ ਹੱਥਾਂ ਨੂੰ ਦੰਦੀਆਂ ਵਢਣਾ, ਹੱਥੋਂ ਨਿਕਲ ਗਏ ਮੌਕੇ ਜਾਂ ਗੱਲ ਲਈ ਪਛੋਤਾਵਾ ਕਰਨਾ; ੩. ਹੱਥਾਂ ਦੀ ਲਿਖਤ ਦੇ ਦੇਣਾ
–ਹੱਥ ਕੱਟ ਦੇਣਾ, ਮੁਹਾਵਰਾ : ਹੱਥ ਵਢ ਕੇ ਦੇਣਾ, ਲਿਖਤੀ ਕਰਾਰ ਕਰਨਾ, ਕਿਸੇ ਲਿਖਤ ਤੇ ਦਸਖ਼ਤ ਕਰ ਦੇਣਾ
–ਹੱਥ ਕਟਾਉਣਾ, ਮੁਹਾਵਰਾ : ਹੱਥ ਵੱਢ ਕੇ ਦੇਣਾ, ਲਿਖਤੀ ਮੰਨ ਜਾਣਾ, ਹੱਥਾਂ ਦੀ ਲਿਖਤ ਦੇਣਾ
–ਹਥਕੰਡਾ ਕਰਨਾ, ਹਥਕੰਡਾ ਖੇਡਣਾ, ਮੁਹਾਵਰਾ : ਚਲਾਕੀ ਤੋਂ ਕੰਮ ਲੈਣਾ, ਫਰੇਬ ਜਾਂ ਧੋਖਾ ਦੇਣਾ
–ਹੱਥ ਕੱਢਣਾ, ਮੁਹਾਵਰਾ : ਹੱਥ ਫੈਲਾਉਣਾ, ਕੋਈ ਚੀਜ਼ ਲੈਣ ਲਈ ਹੱਥ ਅੰਦਰੋਂ ਬਾਹਰ ਕਰਨਾ
–ਹੱਥ ਕੰਨਾਂ ਨੂੰ ਲਾਉਣਾ, ਮੁਹਾਵਰਾ : ਤੋਬਾ ਕਰਨਾ, ਕੁਫਰ ਸਮਝਣਾ, ਕਿਸੇ ਦੋਸ਼ ਤੋਂ ਇਨਕਾਰੀ ਹੋਣਾ
–ਹੱਥ ਕੱਪ ਦੇਣਾ, (ਪੋਠੋਹਾਰੀ) / ਮੁਲਤਾਨੀ : ਆਪਣੇ ਹੱਥ ਦੀ ਲਿਖਤ ਦੇਣਾ
–ਹੱਥ ਕੰਬਣਾ, ਮੁਹਾਵਰਾ : ਕੋਈ ਕੋਈ ਕੰਮ ਕਰਨੋਂ ਡਰਨਾ, ਕੋਈ ਚੀਜ਼ ਦੇਂਦਿਆ ਦਿਲ ਥੋੜਾ ਹੋਣਾ
–ਹੱਥ ਕਰ ਜਾਣਾ, ਮੁਹਾਵਰਾ : ਧੋਖਾ ਦੇਣਾ, ਚਾਲਬਾਜ਼ੀ ਖੇਡ ਜਾਣਾ
–ਹੱਥ ਕਰਨਾ, ਮੁਹਾਵਰਾ : ਚਲਾਕੀ ਕਰਨਾ, ਚਾਲਬਾਜ਼ੀ ਖੇਡਣਾ
–ਹਥਕਰੋਲਾ, ਪੁਲਿੰਗ : ਫੋਲਾਫਾਲੀ
–ਦੋ ਹੱਥ ਕਰਨਾ, ਮੁਹਾਵਰਾ : ਟੱਕਰਨਾ, ਜਵਾਬੀ ਚੋਟ ਕਰਨਾ
–ਹੱਥਕਲਾ, ਇਸਤਰੀ ਲਿੰਗ : ੧. ਚਿਟਕਣੀ, ਹੋੜਾ, ਬਿੱਲੀ
–ਹਥਕੜੀ, ਇਸਤਰੀ ਲਿੰਗ : ਲੋਹੇ ਦਾ ਕੜਾ ਜਾਂ ਜ਼ੰਜੀਰ ਜੋ ਮੁਜ਼ਰਮ ਨੂੰ ਕਾਬੂ ਰੱਖਣ ਲਈ ਉਸ ਦੇ ਹੱਥ ਵਿੱਚ ਪਾਇਆ ਜਾਂਦਾ ਹੈ
–ਹੱਥ ਕਾਰ ਵੱਲ ਦਿਲ ਯਾਰ ਵੱਲ, ਅਖੌਤ : ਕਿਸੇ ਦਾ ਦਿਲੀ ਪਿਆਰ ਦਰਸਾਉਣ ਲਈ ਇਹ ਅਖਾਣ ਬੋਲਦੇ ਹਨ, ਜਹਾਂ ਕਿਸੀ ਕੀ ਲਗਨ ਹੈ ਤਹਾਂ ਕਿਸੀ ਕਾ ਰਾਮ
–ਹੱਥ ਖਲਾ ਕਰਨਾ, ਹੱਥ ਖੜਾ ਕਰਨਾ, ਮੁਹਾਵਰਾ : ਖੜੇ ਹੋਣ ਲਈ ਇਸ਼ਾਰਾ ਕਰਨਾ (ਲਾਰੀ ਲਈ–), ਆਪਣਾ ਨਿਸ਼ਾਨ ਦੇਣਾ (ਦੂਰੋਂ–), ਵੋਟ ਜਾਂ ਰਾਏ ਦੇਣਾ, ਜਮਾਤ ਵਿੱਚ ਵਿਦਿਆਰਥੀ ਦਾ ਪਰਗਟ ਕਰਨਾ ਕਿ ਉਸ ਨੂੰ ਸਵਾਲ ਦਾ ਜਵਾਬ ਆਉਂਦਾ ਹੈ
–ਹੱਥ ਖਾਲੀ ਹੋਣਾ, ਮੁਹਾਵਰਾ : ੧. ਕੋਲ ਕੁਝ ਨਾ ਹੋਣਾ, ਕੋਲ ਨਾ ਹੋਣਾ; ੨. ਪਾਸ ਸੋਟਾ ਨਾ ਹੋਣਾ, ਹਥਿਆਰ ਕੋਲ ਨਾ ਹੋਣਾ
–ਹੱਥ ਖਾਲੀ ਰੱਬ ਵਾਲੀ, ਅਖੌਤ : ਬੇਜ਼ਰ ਦਾ ਰੱਬ ਰਾਖਾ ਹੈ
–ਹੱਥ ਖਿੱਚਣਾ, ਮੁਹਾਵਰਾ : ਕੋਈ ਕੰਮ ਕਰਦੇ ਕਰਦੇ ਰੁਕ ਜਾਣਾ, ਕੰਜੂਸੀ ਕਰਨਾ, ਦੇਣ ਵਲੋਂ ਸੰਕੋਚ ਦੱਸਣਾ ਜਾਂ ਕਰਨਾ
–ਹੱਥ ਖੁਲ੍ਹਾ ਹੋਣਾ, ਮੁਹਾਵਰਾ : ਸੰਜੂਹੜਾ ਨਾ ਹੋਣਾ, ਫਜ਼ੂਲ ਖਰਚੀ ਦੀ ਆਦਤ ਹੋਣਾ
–ਹੱਥ ਖੁਲ੍ਹਾ ਹੋਇਆ ਹੋਣਾ, ਧੱਕੇ ਮੁਕੇ ਦੀ ਆਦਤ ਵਧੀ ਹੋਈ ਹੋਣਾ
–ਹੱਥ ਖੁਲ ਜਾਣਾ, ਮੁਹਾਵਰਾ : ਧੱਕੇ ਮੁਕੇ ਦੀ ਆਦਤ ਹੋ ਜਾਣਾ
–ਹੱਥ ਖੁਲ੍ਹਾ ਰੱਖਣਾ, ਮੁਹਾਵਰਾ : ਦੇਣ ਲਗਿਆਂ ਸਰਫਾ ਨਾ ਹੋਣਾ
–ਹਥ ਖੇਡਣਾ, ਮੁਹਾਵਰਾ : ਚਲਾਕੀ ਕਰਨਾ, ਫਰੇਬ ਕਰ ਜਾਣਾ, ਠੱਗ ਕੇ ਲੈ ਜਾਣਾ
–ਹੱਥ ਗਰਮ ਕਰਨਾ (ਕਿਸੇ ਦਾ) ਮੁਹਾਵਰਾ : ਰਿਸ਼ਵਤ ਦੇਣਾ, ਮੁੱਠੀ ਗਰਮ ਕਰਨਾ
–ਹੱਥ ਗਰੋਲਾ, (ਪੋਠੋਹਾਰੀ) / ਪੁਲਿੰਗ : ਫੋਲਾਫਾਲੀ
–ਹੱਥ ਘਤਣਾ, (ਲਹਿੰਦੀ) / ਮੁਹਾਵਰਾ : ਹਥ ਪਾਉਣਾ, ਫੜਨਾ
–ਹੱਥ ਘਲਣਾ, (ਕਿਸੇ ਦੇ) / ਮੁਹਾਵਰਾ : ਕਿਸੇ ਰਾਹੀਂ ਭੇਜਣਾ
–ਹੱਥ ਘੜੀ, ਇਸਤਰੀ ਲਿੰਗ : ਗੁਟਘੜੀ, ਗੁੱਟ ਉੱਤੇ ਬੰਨ੍ਹਣ ਵਾਲੀ ਘੜੀ
–ਹੱਥ ਘੁਟਣਾ, ਮੁਹਾਵਰਾ : ਤੰਗੀ ਨਾਲ ਖ਼ਰਚ ਕਰਨਾ, ਦੇਣੋਂ ਸੰਕੋਚ ਕਰਨਾ ਦੂਜੇ ਦੇ ਹੱਥ ਨੂੰ ਆਪਣੇ ਵਿੱਚ ਲੈ ਕੇ ਘੁਟ ਕੇ ਕੋਈ ਗੱਲ ਸਮਝਾਉਣਾ
–ਹੱਥ ਘੁਟਣੀ, ਇਸਤਰੀ ਲਿੰਗ : ਤਪਾਕ, ਗਰਮਜੋਸ਼ੀ
–ਹੱਥ ਚੱਕਣਾ, (ਪੁਆਧੀ) / ਮੁਹਾਵਰਾ : ਮਾਰਨ ਲਈ ਹੱਥ ਉੱਚਾ ਕਰਨਾ
–ਹੱਥ ਚਲਾਕੀ, ਇਸਤਰੀ ਲਿੰਗ : ੧. ਉਸਤਾਦੀ, ਹਿਕਮਤ, ਹਥਫੇਰੀ; ੨. ਮਾਰਨ ਨੂੰ ਛੋਹਲਾ ਹੋਣ ਦਾ ਭਾਵ (ਬੱਚਿਆਂ ਸਬੰਧੀ)
–ਹੱਥ ਚੜ੍ਹਨਾ, ਮੁਹਾਵਰਾ : ਹੱਥ ਲਗਣਾ, ਹਥ ਆਉਣਾ, ਮਾਰ ਜਾਂ ਪਕੜ ਵਿੱਚ ਆਉਣਾ, ਕਾਬੂ ਆਉਣਾ
–ਹੱਥ ਚਾਵਣਾ, (ਲਹਿੰਦੀ) / ਮੁਹਾਵਰਾ : ਹਥ ਚੁੱਕਣਾ, ਛੱਡਣਾ, ਅਲਿਹਦਾ ਹੋ ਜਾਣਾ, ਵਾਸਤਾ ਨਾ ਰੱਖਣਾ
–ਹੱਥ ਚੁਕਣਾ, ਮੁਹਾਵਰਾ : ਮਾਰਨ ਨੂੰ ਪੈਣਾ, ਵਾਰ ਕਰਨਾ, ਹਮਲਾ ਕਰਨਾ
–ਹੱਥ ਚੁੱਕ ਲੈਣਾ, ਮਹਾਵਰਾ : ੧. ਲੜਾਈ ਅਰੰਭ ਕਰ ਦੇਣਾ; ੨. ਹੱਥ ਹਟਾ ਲੈਣਾ, ਹਟ ਜਾਣਾ, ਟਲ ਜਾਣਾ
–ਹੱਥਛੁਟਾ, ਵਿਸ਼ੇਸ਼ਣ / ਪੁਲਿੰਗ : ਮਾਰਨ ਨੂੰ ਦਲੇਰ, ਝੱਟ ਵਾਰ ਕਰ ਦੇਣ ਵਾਲਾ (ਬੱਚਾ)
–ਹੱਥਛੂਟ, ਪੁਲਿੰਗ : ੧. ਤਲਵਾਰ ਜਾਂ ਸੋਟੀ ਦਾ ਵਾਰ; ੨. ਮਾਰਨ ਵਾਲਾ (ਕ੍ਰਿਤ ਭਾਈ ਬਿਸ਼ਨਦਾਸ ਪੁਰੀ); ੩. ਮੁੱਕਾ ਸੋਟਾ ਆਦਿ ਝੱਟ ਮਾਰ ਦੇਣ ਦੀ ਆਦਤ ਵਾਲਾ (ਮ. ਸਿੰਘ)
–ਹੱਥ ਜਸ ਹੋਣਾ, ਮੁਹਾਵਰਾ : ਕਿਸੇ ਦੇ ਹੱਥੋਂ ਮਿਲੀ ਦਵਾਈ ਦਾ ਜ਼ਰੂਰ ਹੀ ਗੁਣਕਾਰੀ ਹੋਣਾ; ਹੱਥ ਵਿੱਚ ਬਰਕਤ ਹੋਣਾ, ਜਿਸ ਕੰਮ ਨੂੰ ਹੱਥ ਪਾਵੇ ਉਹ ਪੂਰਾ ਹੋ ਜਾਣਾ
–ਹੱਥ ਜੋੜਨਾ, (ਪੁਆਧੀ) / ਮੁਹਾਵਰਾ : ਰਿਸ਼ਤੇ ਦੀ ਸਾਂਝ ਹੋ ਜਾਣਾ, ਸਾਕਾਦਾਰੀ ਬਣ ਜਾਣਾ, ਵਾਹ ਪੈਣਾ
–ਹੱਥ ਜੋੜਨਾ, ਮੁਹਾਵਰਾ : ਆਦਰ ਜਾਂ ਬੇਨਤੀ ਵਜੋਂ ਹੱਥਾਂ ਦੀਆਂ ਤਲੀਆਂ ਮਿਲਾਉਣਾ, ਮਿੰਨਤਾਂ ਕਰਨਾ, ਲਿਲ੍ਹਕੜੀਆਂ ਕੱਢਣਾ, ਮਾਫੀ ਮੰਗਣਾ
–ਦੂਰੋਂ ਹੀ ਹੱਥ ਜੋੜਨਾ, ਮੁਹਾਵਰਾ : ਦੂਰ ਰਹਿਣਾ ਪਸੰਦ ਕਰਨਾ, ਰੱਬ ਪਰੇ ਹੀ ਰਖੇ ਜਾਂ ਰੱਬ ਬਚਾਈ ਰਖੇ ਦਾ ਭਾਵ ਪਰਗਟ ਕਰਨਾ
–ਹੱਥ ਜੋੜੀ, ਇਸਤਰੀ ਲਿੰਗ : ਇੱਕ ਜੜ੍ਹ ਜਿਸ ਦਾ ਤਵੀਤ ਬਣਾਉਂਦੇ ਹਨ
–ਹੱਥ ਝਾੜਨਾ, (ਪੁਆਧੀ) / ਮੁਹਾਵਰਾ : ਅਮੀਰ ਦਾ ਗ਼ਰੀਬ ਦੀ ਮਦਦ ਕਰਨਾ, ਕਿਸੇ ਨੂੰ ਕੁਝ ਦੇਣਾ
–ਹੱਥ ਝੂਠਾ ਹੋਣਾ, ਹੱਥ ਝੂਠਾ ਪੈਣਾ, ਮੁਹਾਵਰਾ : ਹੱਥ ਦਾ ਸੌਂ ਜਾਂ ਸੁੰਨ ਹੋ ਜਾਣਾ, ਹੱਥ ਦਾ ਕੋਈ ਕੰਮ ਕਰਨੋਂ ਰਹਿ ਜਾਣਾ
–ਹੱਥ ਟੱਡਣਾ, ਮੁਹਾਵਰਾ : ਹੱਥ ਅੱਡਣਾ, ਹੱਥ ਪਸਾਰਨਾ, ਮੰਗਣ ਲਈ ਹੱਥ ਅੱਗੇ ਕਰਨਾ, ਹੱਥ ਡਾਉਣਾ
–ਹੱਥ ਠੂਠਾ ਤੇ ਦੇਸ ਮੋਕਲਾ, ਅਖੌਤ : ਮੰਗਣ ਵਾਲੇ ਲਈ ਸਾਰਾ ਦੇਸ਼ ਹੀ ਆਪਣਾ ਹੈ
–ਹੱਥਠੋਕਾ, ਪੁਲਿੰਗ : ਹਥਿਆਰ, ਕਠਪੁਤਲੀ, ਕਿਸੇ ਦੇ ਹਥੋਂ ਉਸ ਦੇ ਮਤਲਬ ਲਈ ਵਰਤਿਆ ਜਾ ਸਕਣ ਵਾਲਾ ਬੰਦਾ; ਮੌਕੇ ਕੁਮੌਕੇ ਦੀ ਲੋੜ ਲਈ ਪੱਲੇ ਬੰਨ੍ਹੀ ਰਕਮ
–ਹੱਥ ਡਾਹੁਣਾ, ਮੁਹਾਵਰਾ : ਹੱਥ ਪਸਾਰਨਾ, ਮੰਗਣਾ
–ਹੱਥ ਡੋਰ ਦੇਣਾ, (ਕਿਸੇ ਦੇ) / ਮੁਹਾਵਰਾ : ਆਪਣੇ ਆਪ ਨੂੰ ਕਿਸੇ ਦੇ ਅਖ਼ਤਿਆਰ ਵਿੱਚ ਕਰ ਦੇਣਾ
–ਹੱਥ ਤੰਗ ਹੋਣਾ, ਮੁਹਾਵਰਾ : ਕੋਲ ਰੁਪਿਆ ਪੈਸਾ ਨਾ ਹੋਣਾ, ਮੁਸ਼ਕਲ ਨਾਲ ਗੁਜ਼ਾਰਾ ਚਲਣਾ, ਧਨ ਦੀ ਘਾਟ ਹੋਣਾ
–ਹੱਥ ਤੰਗ ਥੀਵਣਾ, (ਲਹਿੰਦੀ) / ਮੁਹਾਵਰਾ : ਹੱਥ ਤੰਗ ਹੋਣਾ, ਖ਼ਰਚ ਮੁਕਣਾ
–ਹੱਥ ਤੇ ਸਰੋਂ ਜਮਾਉਣਾ, ਮੁਹਾਵਰਾ : ਪਰਤੱਖ ਕਰਾਮਾਤ ਵਿਖਾਉਣਾ
–ਹੱਥ ਤੇ ਹੱਥ ਧਰ ਬੈਠਣਾ, ਉਪਰਾਲਾ ਛੱਡ ਬਹਿਣਾ; ਕੋਈ ਕੰਮ ਨਾ ਕਰਨਾ ਵਿਹਲੇ ਰਹਿਣਾ
–ਹੱਥ ਤੇ ਹੱਥ ਮਾਰ ਕੇ, ਕਿਰਿਆ ਵਿਸ਼ੇਸ਼ਣ : ਵੇਖਦਿਆਂ, ਸਾਮ੍ਹਣੇ
–ਹੱਥ ਤੇ ਹੱਥ ਮਾਰਨਾ, ਮੁਹਾਵਰਾ : ਧੋਖਾ ਦੇਣਾ, ਚਲਾਕੀ ਕਰਨਾ, ਕਮਾਲ ਹੁਸ਼ਿਆਰੀ ਵਿਖਾਉਣਾ, ਗਲਾਂ ਬਾਤਾਂ ਨਾਲ ਦੂਜੇ ਦੀ ਚੀਜ਼ ਕਾਬੂ ਕਰਨਾ
–ਹੱਥ ਤੇ ਚੜ੍ਹਨਾ, ਮੁਹਾਵਰਾ : ਦੂਜੇ ਦੇ ਮਗਰ ਲੱਗਣਾ, ਅਡੇ ਲਗਣਾ, ਫਰੇਬ ਵਿੱਚ ਆਉਣਾ, ਗੁਮਰਾਹ ਹੋ ਜਾਣਾ
–ਹੱਥ ਤੇ ਚੜ੍ਹਾ ਲੈਣਾ, ਮੁਹਾਵਰਾ : ਅਡੇ ਲਾ ਲੈਣਾ
–ਹੱਥ ਤੇ ਚਾੜ੍ਹਨਾ, ਮੁਹਾਵਰਾ : ਅਡੇ ਲਾ ਲੈਣਾ
–ਹੱਥ ਤੇ ਧਰਨਾ, ਮੁਹਾਵਰਾ : ਕੁਝ ਦੇਣਾ
–ਹੱਥ ਤੇ ਧਰੀ ਫਿਰਨਾ, ਮੁਹਾਵਰਾ : ਬਹੁਤ ਕਾਮਵਸ ਹੋਣਾ
–ਹੱਥ ਦਸਣਾ, ਮੁਹਾਵਰਾ : ੧. ਨਬਜ਼ ਵਿਖਾਉਣਾ; ੨. ਸਖ਼ਤੀ ਨਾਲ ਪੇਸ਼ ਆਉਣਾ
–ਹੱਥ ਦਾ ਸੁੱਚਾ, ਵਿਸ਼ੇਸ਼ਣ : ਦਿਆਨਤਦਾਰ, ਈਮਾਨਦਾਰ, ਪੂਰਾ ਤੋਲਣ ਵਾਲਾ
–ਹੱਥ ਦਾ ਸੁਥਰਾ, ਵਿਸ਼ੇਸ਼ਣ : ਕਾਰੀਗਰ, ਕੰਮ ਦਾ ਸਿਆਣਾ
–ਹੱਥ ਦਿਖਾਉਣਾ, ਮੁਹਾਵਰਾ : ਨਬਜ਼ ਵਿਖਾਉਣਾ, ਬੀਮਾਰੀ ਦੀ ਤਸ਼ਖੀਸ ਕਰਾਉਣਾ
–ਹੱਥ ਦੀ ਹਥ ਵਿੱਚ ਰਹਿ ਗਈ ਮੂੰਹ ਵਿੱਚ ਰਹੀ ਗ੍ਰਾਹ, ਲਖ ਲਾਨ੍ਹਤ ਹੈ ਉਸ ਨੂੰ ਸੁਥਰਿਆ ਜੋ ਦਮ ਦਾ ਕਰੇ ਵਸਾਹ, ਅਖੌਤ : ਕੋਈ ਚੰਗਾ ਭਲਾ ਆਦਮੀ ਅਚਨਚੇਤ ਕਾਲ ਵਸ ਹੋ ਜਾਏ ਤਾਂ ਕਹਿੰਦੇ ਹਨ
–ਹੱਥ ਦੀ ਮਿਹਨਤ, ਇਸਤਰੀ ਲਿੰਗ : ਹੱਥਾਂ ਦਾ ਕੰਮ ਕਿਰਤ
–ਹੱਥ ਦੀ ਮੈਲ, ਇਸਤਰੀ ਲਿੰਗ : ਧਨ ਦੌਲਤ, ਮਾਇਆ, ਰੁਪਿਆ ਪੈਸਾ ਜੋ ਹੱਥਾਂ ਦੀ ਕਾਰ ਨਾਲ ਪੈਦਾ ਕੀਤਾ ਜਾ ਸਕਦਾ ਹੈ
–ਹਥ ਦੇਖਣਾ, ਮੁਹਾਵਰਾ : ਨਬਜ਼ ਦੀ ਚਾਲ ਜਾਚਣਾ, ਬੀਮਾਰੀ ਤਸ਼ਖੀਸ ਕਰਨਾ
–ਹੱਥ ਦੇਣਾ, ਮੁਹਾਵਰਾ : ੧. ਸਹਾਰਾ ਦੇਣਾ, ਮਦਦ ਕਰਨਾ, ਦਸਤਗੀਰੀ ਕਰਨਾ, ਸਹਾਇਕ ਹੋਣਾ; ੨. ਮਰਨੇ ਤੇ ਪਰਚਾਉਣੀ ਲਈ ਆਇਆਂ ਨੂੰ ਹੱਥ ਨਾਲ ਜਾਣ ਦਾ ਇਸ਼ਾਰਾ ਕਰਨਾ; ੩. ਇਕਰਾਰ ਕਰਨਾ (ਲਿਆ ਦੇ ਹੱਥ ਜੇ ਇਹ ਗਲ ਹੈ ਤਾਂ); ੪. ਟਰੈਫਿਕ ਦੇ ਸਿਪਾਹੀ ਦਾ ਲੰਘ ਜਾਂ ਰੁਕ ਜਾਣ ਲਈ ਇਸ਼ਾਰਾ ਕਰਨਾ; ੫. ਟਾਂਗਾ ਡਰਾਈਵਰ ਜਾਂ ਲਾਰੀ ਡਰਾਈਵਰ ਦਾ ਹੱਥ ਕੱਢ ਕੇ ਦੱਸਣਾ ਕਿ ਉਸ ਕਿਸ ਪਾਸੇ ਨੂੰ ਮੁੜਨਾ ਹੈ;੬. ਮੰਡੀਆਂ ਵਿਚ ਦਲੀਲਾਂ ਦਾ ਇੱਕ ਦੂਜੇ ਨੂੰ ਹੱਥ ਨਾਲ ਗੁਪਤੀ ਤੌਰ ਤੇ ਦਰ ਤੈ ਕਰ ਲੈਣ ਲਈ ਕਹਿਣਾ; ੭. ਹੱਥ ਨਾਲ ਕੋਈ ਚੀਜ਼ ਅੰਦਰੋਂ ਬਾਹਰ ਆਉਣੋਂ ਰੋਕਣਾ
–ਹਥ ਦੇ ਦੇਣਾ (ਵਿਚ), ਮੁਹਾਵਰਾ : ਆਪਣੇ ਨੂੰ ਜਾਣ ਕੇ ਜਾਂ ਦੂਜੇ ਦੇ ਹਥ ਨੂੰ ਬੇਇਤਿਆਤੀ ਨਾਲ ਮਸ਼ੀਨ ਟੋਕੇ ਆਦਿ ਵਿੱਚ ਅੜਾ ਜਾਂ ਫ਼ਸਾ ਕੇ ਜ਼ਖ਼ਮੀ ਕਰ ਦੇਣਾ
–ਹਥ ਦੇ ਬਹਿਣਾ (ਵਿਚ), ਮੁਹਾਵਰਾ : ਆਪਣੀ ਬੇਇਤਿਆਤੀ ਨਾਲ ਮਸ਼ੀਨ ਟੋਕੇ ਆਦਿ ਵਿੱਚ ਹੱਥ ਨੂੰ ਜ਼ਖਮੀ ਕਰ ਬਹਿਣਾ
–ਹੱਥ ਦੇ ਲੈਣਾ, (ਅਗੇਤਰ) / ਮੁਹਾਵਰਾ : ਹੱਥ ਦੀ ਸਹਾਇਤਾ ਨਾਲ ਰੋਕ ਜਾਂ ਥੰਮ੍ਹ ਲੈਣਾ
–ਹੱਥ ਦੇਵਣਾ, (ਲਹਿੰਦੀ) / ਮੁਹਾਵਰਾ : ਹੱਥ ਦੇਣਾ
–ਹੱਥ ਧਰਨਾ, ਮੁਹਾਵਰਾ : ੧. ਦੱਸਣਾ; ੨. ਚੁਣਨਾ; ੩. ਮੱਲਣਾ
–ਹੱਥ ਧਰਨਾ ਸਿਰ ਤੇ, ਮੁਹਾਵਰਾ : ਸਰਪ੍ਰਸਤੀ ਕਰਣਾ, ਰੱਛਿਆ ਕਰਨਾ, ਦਿਲਾਸਾ ਦੇਣਾ
–ਹੱਥ ਧੋ ਕੇ ਪਿੱਛੇ ਪੈਣਾ, ਮੁਹਾਵਰਾ : ਕੋਈ ਕੰਮ ਲੱਗ ਕੇ ਕਰਨਾ, ਖਹਿੜਾ ਨਾ ਛੱਡਣਾ, ਲਗਾਤਾਰ ਸਤਾਈ ਜਾਂ ਵੈਰ ਕਰੀ ਜਾਣਾ, ਮਗਰ ਪੈ ਜਾਣਾ
–ਹੱਥ ਧੋਣਾ, ਮੁਹਾਵਰਾ : ਬੇਉਮੈਦ ਹੋਣਾ, ਕਿਸੇ ਚੀਜ਼ ਤੋਂ ਵਾਂਜੇ ਜਾਣਾ
–ਹੱਥ ਧੋਵਣਾ, (ਲਹਿੰਦੀ) / ਮੁਹਾਵਰਾ : ਹੱਥ ਧੋਣਾ
–ਹੱਥ ਧੋ ਬਹਿਣਾ (ਕਿਸੇ ਚੀਜ਼ ਤੋਂ), ਹੱਥ ਧੋ ਬੈਠਣਾ (ਕਿਸੇ ਚੀਜ਼ ਤੋਂ), ਮੁਹਾਵਰਾ : ਨਿਰਾਸ਼ ਹੋ ਜਾਣਾ, ਉਮੈਦ ਨਾ ਰਹਿਣਾ, ਗਵਾ ਦੇਣਾ, ਖੋ ਦੇਣਾ
–ਹੱਥ ਨਾ ਝਲਣਾ, ਮੁਹਾਵਰਾ : ਲਾਗੇ ਨਾ ਛੁਹਣ ਦੇਣਾ, ਬਹੁਤ ਕੰਡ ਵਾਲਾ ਹੋਣਾ
–ਹੱਥਨਾਟਕ, ਪੁਲਿੰਗ : ਹੱਥ ਚਲਾਕੀ, ਹੱਥ ਫੇਰੀ
–ਹੱਥ ਨਾ ਪੱਲੇ ਬਜ਼ਾਰ ਖੜੀ –ਹੱਲੇ, ਅਖੌਤ : ਨਖਾਂਦਾ ਆਦਮੀ ਜ਼ਾਹਰਦਾਰੀ ਅਸੂਦਿਆਂ ਵਾਲੀ ਰਖੇ ਤਾਂ ਕਹਿੰਦੇ ਹਨ, ਭੁਖਾ ਸ਼ੁਕੀਨ ਤੇ ਬੋਝੇ ਵਿੱਚ ਗਾਜਰਾਂ
–ਹੱਥ ਨਾ ਰੱਖਣ ਦੇਣਾ, ਮੁਹਾਵਰਾ : ਛੂਹਣ ਨਾ ਦੇਣਾ, ਬਹੁਤ ਕੰਡ ਕਰਨਾ, ਬਹੁਤ ਫੁਰਤੀਲਾ ਜਾਂ ਛੁਹਲਾ ਹੋਣਾ
–ਹੱਥ ਨੂੰ ਹੱਥ ਸਿਆਣਦਾ ਹੈ, ਅਖੌਤ : ਜੇਹੇ ਜੇਹਾ ਸਲੂਕ ਕੋਈ ਕਿਸੇ ਨਾਲ ਕਰਦਾ ਹੈ ਅਗੋਂ ਉਹੋ ਜਿਹਾ ਸਲੂਕ ਕੋਈ ਉਸਦੇ ਨਾਲ ਕਰਦਾ ਹੈ, ਆਪਣੀ ਮੱਝ ਦਾ ਦੁੱਧ ਸੌ ਕੋਹ ਤੇ ਜਾ ਪੀਂਦਾ ਹੈ।
–ਹੱਥ ਨੂੰ ਹੱਥ ਪਛਾਣਦਾ ਹੈ, ਅਖੌਤ : ਜੇਹੇ ਜੇਹੀ ਕੋਈ ਕਿਸੇ ਨਾਲ ਕਰੇ ਉਹੋ ਜੇਹੀ ਅਗੋਂ ਉਹਦੇ ਨਾਲ ਹੋ ਜਾਏ ਤਾਂ ਕਹਿੰਦੇ ਹਨ
–ਹੱਥ ਪਸਾਰਨਾ, ਮੁਹਾਵਰਾ : ਮੰਗਣ ਲਈ ਹੱਥ ਅੱਗੇ ਕਰਨਾ
–ਹੱਥ ਪਸਾਰਿਆ ਨਾ ਦਿਸਣਾ, ਮੁਹਾਵਰਾ : ਬਹੁਤ ਹਨ੍ਹੇਰਾ ਹੋਣਾ
–ਹੱਥ ਪਰਤਾਉਣਾ, ਮੁਹਾਵਰਾ : ਜ਼ੋਰ ਅਜ਼ਮਾਈ ਕਰਨਾ, ਅਜ਼ਮਾਇਸ਼ ਕਰਨਾ
–ਹੱਥ ਪੱਲੇ, ਕਿਰਿਆ ਵਿਸ਼ੇਸ਼ਣ : ਪਾਸ, ਕੋਲ, ਕਬਜ਼ੇ ਵਿੱਚ
–ਹੱਥ ਪੱਲੇ ਪੈਣਾ (ਕੁਝ–), ਮੁਹਾਵਰਾ : ਹਾਸਲ ਹੋਣਾ, ਮਿਲਣਾ, ਵਸੂਲ ਹੋਣਾ, ਸਮਝ ਵਿੱਚ ਆਉਣਾ
–ਹੱਥ ਪਵਾਉਣਾ, (ਪੋਠੋਹਾਰੀ) / ਮੁਹਾਵਰਾ : ਕੰਮ ਵਿੱਚ ਸਹਾਇਤਾ ਕਰਨਾ
–ਹਥ ਪੜ੍ਹਥੀਂ, ਕਿਰਿਆ ਵਿਸ਼ੇਸ਼ਣ : ੧. ਹਥੀ ਪੜਹਥੀਂ, ਕੁਝ ਆਪਣੇ ਹਥੀਂ ਕੁਝ ਦੂਜੇ ਦੇ ਹਥੀਂ, ਹਥੋ ਹਥੀ, ਬਹੁਤੇ ਹੱਥੀਂ, ਇੱਕ ਦੇ (ਕੋਈ ਚੀਜ਼) ਦੂਜੇ ਨੂੰ ਫੜਾਉਣ ਨਾਲ; ੨. ਹੱਥ ਉਧਾਰ ਵਜੋਂ
–ਹੱਥ ਪਾਉਣਾ, ਮੁਹਾਵਰਾ : ੧. ਕੰਮ ਸ਼ੁਰੂ ਕਰਨਾ; ੨. ਕਿਸੇ ਕੰਮ ਨੂੰ ਚੁਕਣਾ ਜਾਂ ਜ਼ੁੰਮੇ ਲੈਣਾ; ੩. ਫੜ ਲੈਣਾ, ਬੁਰੀ ਨਿਯਤ ਨਾਲ ਫੜਨਾ, ਛੇੜਖਾਨੀ ਕਰਨਾ; ੪. ਚੁਰਾਉਣਾ, ਚੁਰਾਉਣ ਲੱਗਣਾ; ੫. ਹੱਥ ਅੰਦਰ ਦਾਖਲ ਕਰਨਾ;
–ਹੱਥ ਪਾਇਆ, ਪੋਠੋਹਾਰੀ / ਵਿਸ਼ੇਸ਼ਣ : ਜਿਸ ਨੂੰ ਚੋਰੀ ਕਰਨ ਦੀ ਆਦਤ ਹੋਵੇ
–ਹੱਥ ਪੀਲੇ ਕਰਨਾ, ਮੁਹਾਵਰਾ : ਧੀ ਭੈਣ ਦਾ ਵਿਆਹ ਕਰਨਾ
–ਹੱਥ ਪੁਰਾਣੇ ਖੌਂਸੜੇ ਬਸੰਤੇ, –ਹੋਰੀਂ ਆਏ ਜੇ, ਅਖੌਤ : ਜੇਹੇ ਗਏ ਸਨ ਤੇਹੇ ਆ ਗਏ, ਕਮਾਉਣ ਗਏ ਦਾ ਖਾਲਮਖਾਲੀ ਮੁੜਨਾ, ਬੁਰੇ ਹਾਲ ਵਿੱਚ ਗਏ ਤੇ ਬੁਰੇ ਹਾਲ ਹੀ ਆ ਗਏ
–ਹੱਥ ਪੈਣਾ, ਮੁਹਾਵਰਾ : ੧. ਕੋਈ ਚੀਜ਼ ਹੱਥ ਵਿੱਚ ਆਉਣਾ, ਕਿਸੇ ਚੀਜ਼ ਨੂੰ ਹੱਥ ਅੜਨਾ; ੨. ਕੋਈ ਸਹਾਰਾ ਮਿਲਣਾ, ਲੱਭ ਜਾਣਾ; ੩. ਕੋਈ ਚੀਜ਼ ਮਿਲ ਸਕਣਾ; ੪. ਕੋਈ ਕੰਮ ਕਰਨ ਦੇ ਯੋਗ ਹੋਣਾ; ੫. ਕਿਸੇ ਵੱਡੇ ਆਦਮੀ ਜਾਂ ਅਧਿਕਾਰੀ ਤਕ ਪਹੁੰਚ ਹੋਣਾ; ਕਿਸੇ ਨਾਲ ਰਸੂਖ ਹੋਣਾ;੬. ਗਾਂ ਮਝ ਨੂੰ ਕਿਸੇ ਖਾਸ ਆਦਮੀ ਦੇ ਹੱਥੋਂ ਮਿਲਣ ਦੀ ਗੇਝ ਹੋ ਜਾਣਾ
–ਹੱਥ ਪੈਰ, ਪੁਲਿੰਗ : ਲੱਤਾਂ ਬਾਹਵਾਂ
–ਹੱਥ ਪੈਰ ਹਿਲਾਉਣਾ, ਮੁਹਾਵਰਾ : ੧. ਮਿਹਨਤ ਕਰਨਾ, ਕਮਾਉਣਾ; ੨. ਕਸਰਤ ਕਰਨਾ; ੩. ਤ੍ਰਦਦ ਕਰਨਾ, ਜਤਨ ਕਰਨਾ, ਨੱਸ ਭੱਜ ਕਰਨਾ
–ਹੱਥ ਪੈਰ ਚੱਲਣੇ, ਮੁਹਾਵਰਾ : ਕੰਮ ਕਰਨ ਜੋਗੇ ਹੋਣਾ
–ਹੱਥ ਪੈਰ ਜੋੜਨਾ, ਮੁਹਾਵਰਾ : ਹਾੜ੍ਹੇ ਕੱਢਣਾ, ਲਿਲ੍ਹਕੜੀਆਂ ਲੈਣਾ, ਤਰਲੇ ਮਿੰਨਤਾਂ ਕਰਨਾ
–ਹੱਥ ਪੈਰ ਠੰਢੇ ਹੋਣਾ, ਮੁਹਾਵਰਾ : ਮਰਨ ਤੋਂ ਪਹਿਲਾਂ ਜਾਂ ਹੋਰ ਕਿਸੇ ਕਾਰਣ ਸਰੀਰ ਦਾ ਨਿਸਾਤਲ ਜਾਣਾ, ਮਰਨ ਕਿਨਾਰੇ ਹੋ ਜਾਣਾ, ਮਰਨਾਊ ਰੋਣਾ, ਘੁਰੜੂ ਵਜਣ ਦਾ ਸਮਾਂ ਆ ਪਹੁੰਚਣਾ
–ਹੱਥ ਪੈਰ ਪਾ ਦੇਣਾ, ਮੁਹਾਵਰਾ : ਫਿਕਰ ਲਾ ਦੇਣਾ, ਘਬਰਾ ਦੇਣਾ
–ਹੱਥ ਪੈਰ ਪੈ ਜਾਣਾ, ਮੁਹਾਵਰਾ : ੧. ਸਰੀਰਕ ਅੰਗਾਂ ਦਾ ਕੰਮ ਕਰਨੋਂ ਰਹਿ ਜਾਣਾ ਜਾਂ ਛੇਤੀ ਥੱਕ ਜਾਣਾ, ਹੱਥ ਪੈਰ ਫੁੱਲ ਜਾਣਾ
–ਹੱਥ ਪੈਰ ਮਾਰਨਾ, ਮੁਹਾਵਰਾ : ੧. ਹੱਥਾਂ ਪੈਰਾਂ ਨੂੰ ਹਿਲਾਉਣਾ (ਤਰਨ ਵਾਸਤੇ), ਜਤਨ ਕਰਨਾ
–ਹੱਥ ਫਰੋਲਾ, ਪੁਲਿੰਗ : ਫੋਲਾਫਾਲੀ
–ਹੱਥ ਫੜਨਾ, ਮੁਹਾਵਰਾ : ੧. ਦੂਜੇ ਦੇ ਹੱਥ ਨੂੰ ਆਪਣੇ ਹੱਥ ਵਿੱਚ ਲੈਣਾ; ੨. ਦਸਤਗੀਰੀ ਕਰਨਾ, ਰੱਖਿਆ ਵਿੱਚ ਲੈਣਾ, ਸਹਾਰਾ ਦੇਣਾ; ੩. ਰੋਕਣਾ, ਹਟਾਉਣਾ, ਵਰਜਣਾ
–ਹੱਥਫੁਲ, ਪੁਲਿੰਗ : ਇੱਕ ਗਹਿਣਾ
–ਹੱਥ ਫੇਰ ਜਾਣਾ, ਮੁਹਾਵਰਾ : ਮਾਲ ਲੁੱਟ ਲੈ ਜਾਣਾ, ਦਾ ਲਾ ਜਾਣਾ
–ਹੱਥ ਫੇਰਨਾ, ਮੁਹਾਵਰਾ: ੧. ਲੁੱਟਣ, ਦਾਅ ਲਾਉਣਾ; ੨. ਪਲੋਸਣਾ, ਪਿਆਰ ਕਰਨਾ; ੩. ਪੋਚਾ ਦੇਣਾ
–ਹੱਥ ਫੇਰੀ, ਇਸਤਰੀ ਲਿੰਗ : ਧੋਖਾ, ਚਲਾਕੀ
–ਹੱਥ ਫੇਰੀ ਕਰਨਾ, ਮੁਹਾਵਰਾ : ਹੇਰਾ ਫੇਰੀ ਕਰਨਾ, ਬੇਈਮਾਨੀ ਕਰਨਾ, ਚਲਾਕੀ ਨਾਲ ਲੁੱਟਣਾ
–ਹੱਥ ਬਟਾਉਣਾ, ਮੁਹਾਵਰਾ : ਹੱਥ ਵਟਾਉਣਾ, ਕੰਮ ਵਿੱਚ ਸਹਾਇਕ ਹੋਣਾ
–ਹੱਥਬਦਲ, ਪੁਲਿੰਗ : ਕਿਸੇ ਚੀਜ਼ ਦਾ ਇੱਕ ਬੰਦੇ ਕੋਲੋਂ ਦੂਸਰੇ ਕੋਲ ਜਾਣ ਦਾ ਭਾਵ, ਤਬਾਦਲਾ
–ਹੱਥ ਬੱਧਾ ਗੁਲਾਮ, ਪੁਲਿੰਗ : ਤਾਬਿਆਦਾਰ, ਹੱਥੀਂ ਬੱਧੀ ਗੁਲਾਮ, ਜੋ ਕਿਸੇ ਗੱਲੋਂ ਨਾਬਰ ਨਾ ਹੋਏ
–ਹੱਥ ਬੰਨ੍ਹ ਕੇ ਖੜੇ ਹੋਣਾ, ਮੁਹਾਵਰਾ : ਭੁਲ ਬਖਸ਼ਾਉਣ ਜਾਂ ਬੇਨਤੀ ਕਰਨ ਲਈ ਹੱਥ ਜੋੜ ਖਲੋਣਾ
–ਹੱਥ ਬੰਨ੍ਹ ਖਲੋਣਾ, ਮੁਹਾਵਰਾ : ਅਰਜ਼ ਕਰਨ ਜਾਂ ਭੁੱਲ ਬਖਸ਼ਾਉਣ ਲਈ ਖੜੋ ਜਾਣਾ
–ਹੱਥ ਬੰਨ੍ਹਣਾ, ਮੁਹਾਵਰਾ : ੧. ਬੇਨਤੀ ਕਰਨਾ, ਹੱਥ ਜੋੜਨਾ, ੨. ਆਪਣੇ ਆਪ ਨੂੰ ਅਧੀਨ ਜ਼ਾਹਰ ਕਰਨਾ
–ਹੱਥੀ ਬੰਨ੍ਹੀ ਖੜੇ ਰਹਿਣਾ, ਮੁਹਾਵਰਾ : ਤਾਬਿਆਦਾਰੀ ਚੁੱਕਣਾ
–ਹੱਥ ਭਰਨਾ,(ਕਿਸੇ ਚੀਜ਼ ਨਾਲ), ਕਿਰਿਆ ਸਕਰਮਕ : ੧. ਹੱਥ ਲਿਬੜਨਾ, ਕੋਈ ਚੀਜ਼ ਹੱਥਾਂ ਨੂੰ ਲੱਗ ਜਾਣਾ; (ਮੁਹਾਵਰਾ) ੨. ਵਿਆਹ ਧਰਨਾ, ਵਿਆਹ ਦਾ ਕੰਮ ਅਰੰਭਣਾ, ਹਥ ਭਰੇ ਦੀ ਰਸਮ ਕਰਨਾ
–ਹੱਥ ਮੱਥੇ ਤੇ ਮਾਰਨਾ, ਮੁਹਾਵਰਾ : ਤੰਗ ਪੈਣਾ, ਖਿੱਝਣਾ
–ਹੱਥ ਮੱਥੇ ਤੇ ਰੱਖਣਾ, ਮੁਹਾਵਰਾ : ਸੋਚੀਂ ਪੈਣਾ
–ਹੱਥ ਮਰੋੜਨਾ , ਮੁਹਾਵਰਾ : ਹੱਥ ਨੂੰ ਵਟ ਚਾੜ੍ਹਨਾ, ਪਛੋਤਾਵਾ ਕਰਨਾ
–ਹੱਥ ਮਲਣਾ, ਮੁਹਾਵਰਾ : ਪਛਤਾਵਾ ਕਰਨਾ
–ਹੱਥ ਮਲਾਉਣਾ, ਮੁਹਾਵਰਾ : ਹੱਥ ਮਿਲਾਉਣਾ
–ਹੱਥ ਮਾਰਨਾ, ਮੁਹਾਵਰਾ : ੧. ਚੀਜ਼ਾਂ ਨੂੰ ਛੇੜਨਾ ਜਾਂ ਫੜਨਾ, ਉੱਥਲ ਪੁੱਥਲ ਕਰਨਾ; ੨. ਮੌਕੇ ਦਾ ਪੂਰਾ ਫਾਇਦਾ ਉਠਾਉਣਾ; ੩. ਬਹੁਤ ਕਮਾਈ ਕਰ ਜਾਣਾ; ੪. ਹੱਥ ਦੇ ਇਸ਼ਾਰੇ ਨਾਲ ਕਿਸੇ ਗੱਲੋਂ ਮਨ੍ਹਾ ਕਰਨਾ; ੫. ਆਪਣੇ ਵਲ ਬੁਲਾਉਣਾ;੬. ਛੇਤੀ ਕੰਮ ਕਰਨਾ; ੭. ਟੋਹਣਾ, ਹੱਥ ਨਾਲ ਟੋਲਣਾ, ਲੱਭਣਾ, ਤਲਾਸ਼ ਕਰਨਾ
–ਹੱਥ ਭਰੇ ਦੇ ਕਪੜੇ, ਪੁਲਿੰਗ : ਉਹ ਕਪੜੇ ਜੋ ਕੁੜੀ ਜਾਂ ਮੁੰਡੇ ਦੇ ਨਾਨਕੇ ਲਾਗੀ ਹੱਥ ਪਹਿਲਾਂ ਘਲ ਦਿੰਦੇ ਹਨ ਤੇ ਕੁੜੀ ਜਾਂ ਮੁੰਡੇ ਦੇ ਮਾਈਏਂ ਪੈਣ ਪਰ ਉਸ ਦੀ ਮਾਂ ਪਹਿਨਦੀ ਹੈ। ਇਹ ਅਕਸਰ ਲਾਲ ਰੰਗ ਦੇ ਹੁੰਦੇ ਹਨ
–ਹਥ ਮਾਰ ਮਾਰ, ਕਿਰਿਆ ਵਿਸ਼ੇਸ਼ਣ : ਇਸ਼ਾਰੇ ਕਰ ਕਰ ਕੇ, ਬੜਾ ਸਮਝਾ ਸਮਝਾ ਕੇ, ਬੜੀ ਸ਼ੇਖੀ ਤੇ ਹੱਥਾਂ ਦੀਆਂ ਬੇਲੋੜੀਆਂ ਹਰਕਤਾਂ ਨਾਲ, ਲੜਦਿਆਂ ਵਾਂਙੂ
–ਹਥ ਮਾਰੀ ਕਰ ਜਾਣਾ, ਹਥ ਮਾਰੀ ਕਰਨਾ, ਮੁਹਾਵਰਾ : ਚਲਾਕੀ ਕਰਨਾ, ਫਰੇਬ ਖੇਡਣਾ, ਵਸਾਹ ਦੇ ਕੇ ਲੁੱਟ ਲੈਣਾ, ਥੁੱਕ ਲਾ ਜਾਣਾ
–ਹਥ ਮਲਣਾ, ਮੁਹਾਵਰਾ : ਪਛਤਾਉਣਾ
–ਹੱਥ ਮਿਲਾਉਣਾ, ਕਿਰਿਆ ਸਕਰਮਕ : ਮਿਲਣ ਵੇਲੇ ਇੱਕ ਦੂਜੇ ਦਾ ਹੱਥ ਵਿੱਚ ਹੱਥ ਲੈਣਾ, ਦਸਤ ਪੰਜਾ ਲੈਣਾ
–ਹੱਥਰਸ, ਪੁਲਿੰਗ : ਹਸਤਦੋਸ਼, ਮੁਸ਼ਤਜ਼ਨੀ, ਜਲਕ, ਗਲਤਕਾਰੀ
–ਹੱਥਰਸੀ, ਇਸਤਰੀ ਲਿੰਗ : ਹੱਥਰਸ
–ਹੱਥ ਰੱਖਣਾ, (ਸਿਰ ਤੇ, ਮਗਰ), ਮੁਹਾਵਰਾ : ਸਹਾਇਤਾ ਕਰਨਾ, ਸਰਪ੍ਰਸਤੀ ਕਰਨਾ
–ਹੱਥ ਰੱਖਾ, ਪੁਲਿੰਗ : ੧. ਹੱਥ ਟਿਕਾਉਣ ਨੂੰ ਚੀਜ਼ ਜਾਂ ਥਾਂ; ੨. ਢੋਲ ਦਾ ਕੱਜਣ; ੩. ਮਸ਼ੂਕ, ਪਿਆਰਾ, ਪ੍ਰੀਤਮ, ਯਾਰ; ੪. ਜਿਸ ਮਨੁੱਖ ਤੋਂ ਕੋਈ ਕੰਮ ਕਢਿਆ ਜਾਵੇ, ਹਥਠੋਕਾ
–ਹੱਥ ਰੰਗਣਾ, ਮੁਹਾਵਰਾ : ੧. ਹੱਥਾਂ ਨੂੰ ਮਹਿੰਦੀ ਲਾਉਣਾ; ੨. ਮਹਿੰਦੀ ਲਾਉਣਾ, ਵਿਆਹ ਕਰਨਾ (ਲੜਕੀ ਦਾ); ੩. ਖੂਬ ਲੁੱਟਣਾ, ਨਫ਼ਾ ਕਮਾਣਾ, ਖੂਬ ਕਮਾਈ ਕਰਨਾ ਯੋਗ ਭਾਵੇਂ ਅਯੋਗ
–ਹੱਥ ਰੇੜ੍ਹੀ, (ਸਿਹਤ ਵਿਗਿਆਨ) / ਇਸਤਰੀ ਲਿੰਗ : ਇੱਕ ਹਲਕੀ ਰੇੜ੍ਹੀ ਜੋ ਆਦਮੀ ਹੱਥੀਂ ਰੇੜ੍ਹ ਸਕਦਾ ਹੋਵੇ ਜਿਸ ਤਰ੍ਹਾਂ ਦੀਆਂ ਸ਼ਹਿਰਾਂ ਵਿੱਚ ਮਾਲ ਢੋਣ ਜਾਂ ਸੌਦੇ ਵੇਚਣ ਵਾਲੇ ਲਈ ਫਿਰਦੇ ਹਨ
–ਹੱਥਲ, ਵਿਸ਼ੇਸ਼ਣ : ੧. ਖਾਲੀ ਹੱਥ, ਖਾਲਮਖਾਲੀ; ੨. ਬੇਕਾਰ, ਵਿਹਲਾ, ਗਊ ਮੱਝ ਜੋ ਖਾਸ ਆਦਮੀ ਦੇ ਹੱਥੋਂ ਹੀ ਮਿਲੇ
–ਹੱਥ ਲੱਗ ਜਾਣਾ, ਮੁਹਾਵਰਾ : ਕਾਬੂ ਆਉਣਾ, ਸਹਿਜ ਸੁਭਾ ਪਰਾਪਤ ਹੋ ਜਾਣਾ, ਮਿਲ ਜਾਣਾ, ਨਸੀਹਤ ਮਿਲਣਾ
–ਹੱਥ ਲੱਗਣਾ, ਮੁਹਾਵਰਾ : ੧. ਕੁੱਟ ਪੈਣਾ; ੨. ਲੁੱਟੇ ਜਾਣਾ, ਕਿਸੇ ਦੇ ਹੱਥੋਂ ਨੁਕਸਾਨ ਹੋਣਾ, ਨਸੀਹਤ ਮਿਲਣਾ
–ਹੱਥ ਲੱਗਣਾ, ਮੁਹਾਵਰਾ : ੧. ਠੱਗਿਆ ਜਾਣਾ, ਨੁਕਸਾਨ ਹੋਣਾ; ੨. ਵਾਹ ਪੈਣਾ; ੩. ਮਾਰ ਪੈਣਾ; ੪. ਮਿਲਣਾ; ੫. ਛੁਹਣਾ; ੬. ਹਾਸਲ ਆਉਣਾ (ਹਿਸਾਬ)
–ਹੱਥ ਲਗਣੇ, ਮੁਹਾਵਰਾ : ੧. ਮਾਰ ਪੈਣਾ, ਨਸੀਹਤ ਮਿਲਣਾ; ੨. ਹਾਸਲ ਆਉਣਾ (ਹਿਸਾਬ)
–ਅੰਮਾਂ ਤੇਰੇ ਹੱਥ ਕੂਲੇ ਨੇ ਬੱਚਾ ਲੱਗਣ ਤਾਂ ਜਾਣੇਂ, ਅਖੌਤ : ਕਿਸੇ ਨਾਲ ਵਾਹ ਪਿਆਂ ਹੀ ਉਸ ਦੀਆਂ ਆਦਤਾਂ ਦਾ ਪਤਾ ਲੱਗਦਾ ਹੈ
–ਹੱਥ ਲਗਾਉਣਾ, ਮੁਹਾਵਰਾ : ਹੱਥ ਲਾਉਣਾ
–ਹੱਥ ਲੰਮੇ ਹੋਣਾ, ਮੁਹਾਵਰਾ : ਦੂਰ ਤੱਕ ਪਹੁੰਚ ਜਾਂ ਰਸਾਈ ਹੋਣਾ
–ਹੱਥ ਲੂਬੌਣਾ, (ਪੁਆਧੀ) / ਮੁਹਾਵਰਾ : ਅਰੰਭ ਕਰਾਉਣਾ, ਸ਼ੁਰੂ ਕਰਾਉਣਾ, ਮਣਸਾਉਣਾ
–ਹੱਥਲਾ, ਵਿਸ਼ੇਸ਼ਣ : ਹੱਥ ਵਿਚਲਾ, ਆਰੰਭ ਕੀਤਾ ਹੋਇਆ
–ਹੱਥ ਲਾਉਣਾ, ਮੁਹਾਵਰਾ : ੧. ਛੋਹਣਾ, ਸ਼ੁਰੂ ਕਰਨਾ; ੨. ਮਾਰਨਾ ਕੁਟਣਾ, ਨਸੀਹਤ ਦੇਣਾ
–ਹੱਥ ਲਵਾਉਣਾ, ਮੁਹਾਵਰਾ :੧. ਹੱਥ ਲਵਾ ਕੇ ਕੋਈ ਚੀਜ਼ ਦੇਣਾ, ਮਣਸਾਉਣਾ; ੨. ਧੋਖਾ ਦੇਣਾ, ਠੱਗਣਾ, ਲੁੱਟਣਾ
–ਹੱਥ ਲਾਇਆਂ ਮੈਲਾ ਹੋਣਾ, ਮੁਹਾਵਰਾ : ਸਰੀਰ ਬੜਾ ਕੋਮਲ ਤੇ ਸੁੰਦਰ ਹੋਣਾ, ਗੋਰਾ ਨਿਸ਼ੋਹ ਹੋਣਾ
–ਹੱਥ ਲਿਖਤ, ਵਿਸ਼ੇਸ਼ਣ :ਹੱਥ ਨਾਲ ਲਿਖੀ ਹੋਈ ਪੁਸਤਕ, ਖਰੜਾ
–ਹੱਥਲੇਵਾ, ਪੁਲਿੰਗ : ਲਾੜੇ ਦਾ ਲਾੜੀ ਦਾ ਹੱਥ ਆਪਣੇ ਹੱਥ ਵਿੱਚ ਫੜਨ ਦੀ ਰਸਮ
–ਹੱਥ ਵਖਾਉਣਾ, ਮੁਹਾਵਰਾ : ਹੱਥ ਵਿਖਾਉਣਾ
–ਹੱਥ ਵਟਾਉਣਾ, ਹੱਥ ਵਟਾਣਾ, ਮੁਹਾਵਰਾ : ੧. ਦੂਜੇ ਦੇ ਕੰਮ ਵਿੱਚ ਉਸ ਦੀ ਸਹਾਇਤਾ ਕਰਨਾ; ੨. ਚੀਜ਼ਾਂ ਦਾ ਖਾਸ ਕਰ ਕੇ ਸਿੱਕੇ (ਚੱਲਣ) ਦਾ ਇੱਕ ਤੋਂ ਦੂਜੇ ਪਾਸ ਜਾਣਾ, ਹੱਥਬਦਲੀ ਕਰਨਾ
–ਹੱਥ ਵਢ ਕੇ ਦੇਣਾ, ਮੁਹਾਵਰਾ : ਲਿਖਤੀ ਕਰਾਰ ਕਰਨਾ, ਦਸਤਖ਼ਤ ਕਰ ਬੈਠਣਾ
–ਹੱਥ ਵਢ ਵਢ ਖਾਣਾ, ਮੁਹਾਵਰਾ : ਪਛਤਾਉਣਾ
–ਹੱਥ ਵਿਖਾਉਣਾ, ਮੁਹਾਵਰਾ : ੧. ਬਹਾਦਰੀ ਨਾਲ ਲੜਨਾ; ੨. ਕਰਤਬ ਕਰ ਕੇ ਦਸਣਾ; ੩. ਜੋਤਸ਼ੀ ਪਾਸੋਂ ਹੱਥ ਵਿਖਾ ਕੇ ਟੇਵਾ ਲਵਾਉਣਾ, ਪੁੱਛ ਪਵਾਉਣਾ; ੪. ਨਬਜ਼ ਵਿਖਾਉਣਾ
–ਹੱਥ ਵਿੱਚ ਕਰਨਾ, ਮੁਹਾਵਰਾ : ੧. ਕਬਜ਼ੇ ਵਿੱਚ ਕਰਨਾ, ਵਸ ਜਾਂ ਕਾਬੂ ਵਿੱਚ ਕਰ ਲੈਣਾ, ੨. ਤਿਆਰ ਰੱਖਣਾ; ੩. ਆਪਣੀ ਰਾਏ ਦਾ ਬਣਾਉਣਾ, ਆਪਣਾ ਪੱਖੀ ਬਣਾਉਣਾ
–ਹੱਥ ਵਿੱਚ ਠੂਠਾ ਲੈਣਾ ਮੁਹਾਵਰਾ : ਫ਼ਕੀਰ ਹੋਣਾ, ਮੰਗਣ ਚੜ੍ਹਨਾ
–ਹੱਥ ਵਿੱਚ ਲਿਆ ਕਾਸਾ ਤੇ ਪੇਟ ਦਾ ਕੀ ਸਾਸਾ ਅਖੌਤ : ਹੱਥ ਠੂਠਾ ਦੇਸ ਮੋਕਲਾ
–ਹੱਥੜਿਉ ਨਾ ਕਿਰਾਂ ਤੇ ਮੁਖੜਿਉਂ ਹੀ ਹਿੜਾਂ, ਅਖੌਤ : ਜਦੋਂ ਕੋਈ ਆਦਮੀ ਮੂੰਹੋਂ ਹੀ ਲਉ ਜੀ ਲਉ ਜੀ ਕਰੀ ਜਾਏ ਤੇ ਹਥੋਂ ਕੁਝ ਨਾ ਦੇਵੇ ਤਾਂ ਕਹਿੰਦੇ ਹਨ
–ਹੱਥਾਂ ਤੇ ਸਰ੍ਹੋਂ ਜਮਾਉਣਾ, ਮੁਹਾਵਰਾ : ਪਰਤੱਖ ਕਰਾਮਾਤ ਵਿਖਾਉਣਾ
–ਹੱਥਾਂ ਤੇ ਚੜ੍ਹਾਉਣਾ, ਮੁਹਾਵਰਾ : ਕਾਬੂ ਕਰਨਾ, ਆਪਣੇ ਢਹੇ ਚਾੜ੍ਹ ਲੈਣਾ, ਆਪਣੇ ਅੱਡੇ ਲਾਉਣਾ, ਟੇਟੇ ਚਾੜ੍ਹ ਲੈਣਾ
–ਹੱਥਾਂ ਤੇ ਚਾੜ੍ਹਨਾ, ਮੁਹਾਵਰਾ : ਅੱਡੇ ਲਾਉਣਾ
–ਹੱਥਾਂ ਤੇ ਪਾਉਣਾ, ਮੁਹਾਵਰਾ : ਆਪਣੇ ਖਿਆਲ ਦਾ ਬਣਾ ਲੈਣਾ, ਆਪਣੇ ਕਹੇ ਵਿੱਚ ਕਰ ਲੈਣਾ
–ਹੱਥਾਂ ਦੀਆਂ ਦਿਤੀਆਂ ਦੰਦੀਂ ਖੋਲ੍ਹਣਾ, ਮੁਹਾਵਰਾ : ਆਪਣੀ ਕੀਤੀ ਆਪਣੇ ਹੀ ਪੇਸ਼ ਆਉਣਾ
–ਹੱਥਾਂ ਦੀਆਂ ਦਿਤੀਆਂ ਦੰਦੀ ਖੋਲ੍ਹਣੀਆਂ ਪੈਂਦੀਆਂ ਨੇ, ਅਖੌਤ : ਆਪ ਹੀ ਕੰਮ ਵਿਗਾੜ ਕੇ ਮੁੜ ਆਪ ਨੂੰ ਹੀ ਔਖਿਆਂ ਹੋਕੇ ਸੋਧਣਾ ਪਏ ਤਾਂ ਕਹਿੰਦੇ ਹਨ
–ਹੱਥਾਂ ਦੀ ਮੈਲ, ਇਸਤਰੀ ਲਿੰਗ : ਰੁਪਿਆ ਪੈਸਾ, ਧਨ ਦੌਲਤ, ਮਾਇਆ
–ਹੱਥਾਂ ਤੇ ਤੋਤੇ ਉਡਣਾ, ਘਾਬਰ ਜਾਣਾ
–ਹੱਥਾਂ ਨੂੰ ਵਢ ਵਢ ਖਾਣਾ, ਮੁਹਾਵਰਾ : ਗ਼ਲਤੀ ਤੇ ਨਿਹੈਤ ਪਸ਼ਚਾਤਾਪ ਕਰਨਾ
–ਹੱਥਾਂ ਪੈਰਾਂ ਵਿਚ ਹੋ ਜਾਣਾ, ਮੁਹਾਵਰਾ : ਅਚਨਚੇਤ ਸਰੀਰ ਨਿਰਬਲ ਹੋ ਕੇ ਜਾਨ ਦਾ ਖਤਰਾ ਪੈ ਜਾਣਾ
–ਹੱਥਾਂ ਬਾਝ ਕਰਾਰਿਆਂ ਵੈਰੀ ਮਿਤ ਨਾ ਹੋਣਾ, ਅਖੌਤ : ਵੈਰੀ ਨੂੰ ਤਗੜਿਆਂ ਹੋ ਕੇ ਹੀ ਟਕਰਨਾ ਚਾਹੀਦਾ ਹੈ
–ਹਥਾਂ ਪੈਰਾਂ ਦੀ ਪਾ ਦੇਣਾ, ਮੁਹਾਵਰਾ : ਘਬਰਾ ਦੇਣਾ
–ਹਥਾਂ ਪੈਰਾਂ ਦੀ ਪੈਣਾ, ਮੁਹਾਵਰਾ : ਘਬਰਾ ਜਾਣਾ
–ਹੱਥਾਂ ਵੱਲ ਤੱਕਣਾ, ਮੁਹਾਵਰਾ : ਦੂਜੇ ਤੇ ਆਸ ਲਾ ਕੇ ਬੈਠਣਾ, ਮੁਥਾਜ ਹੋਣਾ
–ਹੱਥਾਂ ਵਿੱਚ ਹਥ ਪਾਉਣਾ, ਮੁਹਾਵਰਾ : ਕਰੀਂਗੜੀ ਪਾਉਣਾ, ਹੱਥ ਵਿੱਚ ਹੱਥ ਲੈਣਾ
–ਹੱਥਾਂ ਵਿੱਚ ਖੇਡਣਾ ਹੱਥਾਂ ਵਿੱਚ ਖੇਲਣਾ, ਮੁਹਾਵਰਾ : ਕਿਸੇ ਦੇ ਢਹੇ ਚੜ੍ਹੇ ਹੋਣਾ, ਕਿਸੇ ਦੇ ਇਸ਼ਾਰੇ ਤੇ ਚੱਲਣਾ
–ਹੱਥੀਂ, ਕਿਰਿਆ ਵਿਸ਼ੇਸ਼ਣ : ੧. ਹੱਥਾਂ ਰਾਹੀਂ, ਹੱਥਾਂ ਤੋਂ, ਹਥਾਂ ਨਾਲ, ਆਪਣੇ ਹੱਥਾਂ ਨਾਲ; ੨. ਦਸਤੀ; ੩. ਰਾਹੀਂ, ਵਸੀਲੇ
–ਹੱਥੀਂ ਛਾਵਾਂ ਕਰਨਾ, ਮੁਹਾਵਰਾ : ਬੜਾ ਸਤਕਾਰ ਭਰਿਆ ਸਲੂਕ ਕਰਨਾ, ਬੜੀ ਆਉ ਭਗਤ ਕਰਨਾ
–ਇਨ੍ਹੀਂ ਹੱਥੀਂ ਦੇਣਾ ਉਨ੍ਹੀਂ ਹਥੀਂ ਲੈਣਾ, ਇਸ ਹੱਥ ਦੇ ਉਸ ਹਥ ਲੈ, ਅਖੌਤ : ੧. ਆਪਣੇ ਕੀਤੇ ਦਾ ਤੁਰੰਤ ਫਲ਼ ਪਾਉਣਾ; ੨. ਜੈਸਾ ਕੋਈ ਕਿਸੇ ਨਾਲ ਵਰਤਾਉ ਕਰਦਾ ਹੈ ਉੱਤਰ ਵਿਚ ਅਗੋਂ ਉਹ ਵੀ ਉਜੇਹਾ ਹੀ ਕਰਦਾ ਹੈ; ੩. ਸੌਦੇ ਦੀ ਨਕਦ ਕੀਮਤ ਦੇ ਕੇ ਸੌਦਾ ਲੈਣਾ
–ਦੋਹੀਂ ਹਥੀਂ ਲੱਡੂ ਹੋਣਾ, ਮੁਹਾਵਰਾ : ਹਰ ਹਾਲਤ ਵਿਚ ਫਾਇਦਾ ਹੀ ਫਾਇਦਾ ਹੋਣਾ
–ਦੋਹੀਂ ਦੋਹੀਂ ਹਥੀਂ, ਕਿਰਿਆ ਵਿਸ਼ੇਸ਼ਣ : ਦਬਾ ਸਟ, ਆਪਣੇ ਸਾਰੇ ਜਤਨ ਨਾਲ
–ਹਥੀਂ ਪਾਲਣਾ, ਕਿਰਿਆ ਸਕਰਮਕ : ਖ਼ੁਦ ਪਰਵਰਸ਼ ਕਰਨਾ, ਆਪ ਪਾਲਣਾ, ਆਪਣੇ ਬੱਚਿਆਂ ਵਾਂਙੂੰ ਪਾਲਣਾ
–ਹਥੀਂ ਪੈਣਾ, ਮੁਹਾਵਰਾ : ਗਲ ਪੈਣਾ, ਲੜਨਾ, ਹਥੋ ਪਾਈ ਕਰਨਾ
–ਹਥੀਂ ਬਧਾ ਗੁਲਾਮ, ਪੁਲਿੰਗ : ਆਗਿਆਕਾਰ, ਤਾਬਿਆਦਾਰ, ਸੇਵਕ
–ਹਥੇਂ, (ਲਹਿੰਦੀ) / ਕਿਰਿਆ ਵਿਸ਼ੇਸ਼ਣ : ਹਥੀਂ, ਰਾਹੀਂ, ਦਸਤੀ
–ਹਥੇਂ ਪਾਉਣਾ, (ਲਹਿੰਦੀ) / ਮੁਹਾਵਰਾ : ਅਡੇ ਲਉਣਾ, ਮਗਰ ਲਾ ਲੈਣਾ, ਗਿਝਾਉਣਾ
–ਹਥੋ, ਹਥੋਂ, ਕਿਰਿਆ ਵਿਸ਼ੇਸ਼ਣ : ੧. ਹਥਾਂ ਤੋਂ; ੨. ਹਥ ਵਿਚੋਂ; ੩. ਵਿਸ਼ੇਸ਼ਣ : ਪੱਲਿਉਂ, ਪਾਸੋਂ; ੩. (ਲਹਿੰਦੀ) / ਅਵਯ : ਸਗੋਂ, ਉਲਟਾ, ਹਡੋਂ, ਮੂਲੋਂ
–ਹਥੇ ਹਥ, ਕਿਰਿਆ ਵਿਸ਼ੇਸ਼ਣ : ਰਲ ਕੇ, ਇਕ ਦੂਜੇ ਦੀ ਸਹਾਇਤਾ ਨਾਲ, ਜਲਦੀ ਜਲਦੀ
–ਹਥੋ ਹਥ ਨਬੇੜਾ ਨਾ ਝਗੜਾ ਨਾ ਝੇੜਾ, ਅਖੌਤ : ਹੁਦਾਰ ਤੋਂ ਝਗੜਾ ਪਏ ਤਾਂ ਕਹਿੰਦੇ ਹਨ, ਨਕਦ ਬਨਕਦੀ ਸੌਦੇ ਦੀ ਸਿਫ਼ਤ ਹੈ
–ਹਥੋ ਹਥੀ, ਹਥੋਂ ਹਥੀਂ, ਕਿਰਿਆ ਵਿਸ਼ੇਸ਼ਣ : ਝਟਪਟ, ਛੇਤੀ ਨਾਲ, ਰਲ ਮਿਲ ਕੇ, ਇਕ ਦੂਜੇ ਦੀ ਸਹਾਇਤਾ ਨਾਲ
–ਹਥੋ ਹਥੀ ਉਡ ਜਾਣਾ, ਹਥੋਂ ਹਥੀ ਲੱਗ ਜਾਣਾ, ਹਥੋਂ ਹਥੀ ਵਿਕ ਜਾਣਾ, ਮੁਹਾਵਰਾ : ਬਹੁਤ ਛੇਤੀ ਵਿਕ ਜਾਣਾ
–ਹਥੋਂ ਝੜਨਾ, ਮੁਹਾਵਰਾ : ਕੁਝ ਦੇਣਾ
–ਹਥੋਂ ਨਿਕਲ ਜਾਣਾ (ਕਿਸੇ ਦੇ) , ਮੁਹਾਵਰਾ : ਵੱਸ ਵਿਚ ਨਾ ਰਹਿਣਾ
–ਹਥੋਂ ਨਿਕਲਣਾ (ਕਿਸੇ ਦਾ), ਮੁਹਾਵਰਾ : ਬਚ ਕੇ ਨਿਕਲਣ ਜਾਣਾ
–ਹਥੋਂ ਨਿਕਲਣਾ (ਕੰਮ), ਮੁਹਾਵਰਾ : ੧. ਕਿਸੇ ਕੰਮ ਦਾ ਤਜਰਬਾ ਹੋ ਜਾਣਾ; ੨. ਅਖ਼ਤਿਆਰ ਜਾਂ ਵੱਸ ਵਿਚ ਨਾ ਰਹਿਣਾ
–ਹਥੋਂ ਬਾਹਰ ਹੋਣਾ, ਮੁਹਾਵਰਾ : ਬੇਵੱਸੀ ਹੋ ਜਾਣਾ
–ਹਥੋਂ ਲਵਾਉਣਾ, ਮੁਹਾਵਰਾ : ਮਣਸਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-10-10-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First