ਖ਼ਾਨ ਛਾਪਰੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਨ ਛਾਪਰੀ: (ਛਾਪਰੀ ਕਰਕੇ ਵੀ ਜਾਣਿਆ ਜਾਂਦਾ ਹੈ), ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਗੋਇੰਦਵਾਲ (31°-22`ਉ, 75°-9`ਪੂ) ਦੇ ਪੱਛਮ ਵਿਚ 8 ਕਿਲੋਮੀਟਰ ਦੂਰ ਇਕ ਛੋਟਾ ਜਿਹਾ ਪਿੰਡ ਹੈ ਜਿਸ ਨੂੰ ਗੁਰੂ ਅੰਗਦ ਦੇਵ , ਗੁਰੂ ਅਮਰਦਾਸ , ਗੁਰੂ ਅਰਜਨ ਦੇਵ ਅਤੇ ਗੁਰੂ ਹਰਿਗੋਬਿੰਦ ਜੀ ਦੀ ਚਰਨ-ਛੁਹ ਪ੍ਰਾਪਤ ਹੈ। ਇਸ ਪਿੰਡ ਦਾ ਅਸਲੀ ਨਾਂ ਖ਼ਾਨਪੁਰ ਹੈ ਜੋ ਕਿਸੇ ਵੇਲੇ ਉੱਜੜਿਆ ਹੋਇਆ ਉੱਚਾ ਥੇਹ ਸੀ। ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼ ਅਨੁਸਾਰ ਜਦੋਂ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਰਿਹਾ ਕਰਦੇ ਸਨ ਤਾਂ ਇਕ ਵਾਰ ਇੱਥੇ ਬੜਾ ਭਾਰੀ ਕਾਲ ਪਿਆ। ਰਿੱਧੀਆਂ ਸਿੱਧੀਆਂ ਰੱਖਣ ਵਾਲੇ ਅਤੇ ਗੁਰੂ ਜੀ ਦੀ ਮਹਿਮਾ ਕਾਰਨ ਈਰਖ਼ਾ ਕਰਨ ਵਾਲੇ ਇਕ ਯੋਗੀ, ਨੇ ਜ਼ਿਮੀਂਦਾਰਾਂ ਨੂੰ ਗੁਰੂ ਜੀ ਦੇ ਵਿਰੁੱਧ ਭੜਕਾ ਦਿੱਤਾ ਅਤੇ ਕਿਹਾ “ਤੁਸੀਂ ਮੇਰੇ ਵਰਗੇ ਤਪੱਸਵੀ ਨੂੰ ਛੱਡ ਕੇ ਇਕ ਖੱਤਰੀ (ਗੁਰੂ ਅੰਗਦ ਦੇਵ) ਨੂੰ ਗੁਰੂ ਮੰਨਦੇ ਹੋ। ਹੁਣ ਮੀਂਹ ਲਈ ਉਸ ਕੋਲ ਜਾਓ ਜਾਂ ਉਸ ਨੂੰ ਇੱਥੋਂ ਕੱਢ ਦਿਓ ਅਤੇ ਮੈਂ ਤੁਹਾਡੇ ਲਈ ਮੀਂਹ ਪੁਆ ਦੇਵਾਂਗਾ।” ਜਦੋਂ ਜ਼ਿਮੀਂਦਾਰ ਗੁਰੂ ਜੀ ਕੋਲ ਇਸ ਸਮੱਸਿਆ ਨੂੰ ਲੈ ਕੇ ਗਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਫ਼ੁਰਮਾਇਆ, “ਮੀਂਹ ਅਤੇ ਸੋਕਾ ਪਰਮਾਤਮਾ ਦੀ ਇੱਛਾ ਅਨੁਸਾਰ ਹੁੰਦਾ ਹੈ। ਕੇਵਲ ਮੇਰੇ ਕਹਿਣ ਨਾਲ ਮੀਂਹ ਨਹੀਂ ਪੈ ਜਾਂਦਾ।” ਇਹ ਕਹਿ ਕੇ ਗੁਰੂ ਅੰਗਦ ਦੇਵ ਜੀ ਭਾਈ ਬੁੱਢਾ ਜੀ ਨੂੰ ਨਾਲ ਲੈ ਕੇ ਖਡੂਰ ਤੋਂ ਚੱਲੇ ਗਏ ਅਤੇ ਖ਼ਾਨਪੁਰ ਦੇ ਥੇਹ ਤੇ ਆਪਣਾ ਅਸਥਾਈ ਟਿਕਾਣਾ ਕਰ ਲਿਆ। ਫਿਰ ਵੀ ਖਡੂਰ ਵਿਚ ਮੀਂਹ ਨਾ ਪਿਆ ਤਾਂ ਲੋਕ ਯੋਗੀ ਦੇ ਵਿਰੁੱਧ ਹੋ ਗਏ। ਇਤਨੇ ਸਮੇਂ ਵਿਚ ਬਾਬਾ ਅਮਰਦਾਸ (ਜੋ ਬਾਅਦ ਵਿਚ ਸਿੱਖਾਂ ਦੇ ਤੀਸਰੇ ਗੁਰੂ ਬਣੇ), ਗੋਇੰਦਵਾਲ ਤੋਂ ਖਡੂਰ ਆ ਗਏ, ਉਹਨਾਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਲਈ। ਉਹਨਾਂ ਨੇ ਜ਼ਿਮੀਂਦਾਰਾਂ ਨੂੰ ਗੁਰੂ ਜੀ ਨਾਲ ਕੀਤੇ ਭੈੜੇ ਵਤੀਰੇ ਕਾਰਨ ਝਿੜਕਿਆ। ਹੋਇਆ ਇਹ ਕਿ ਜਦੋਂ ਲੋਕ ਯੋਗੀ ਦੀ ਖੁੰਬ ਠੱਪ ਰਹੇ ਸਨ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ। ਬਾਬਾ ਅਮਰਦਾਸ ਅਤੇ ਪਛਤਾਉਂਦੇ ਹੋਏ ਜ਼ਿਮੀਂਦਾਰ ਖ਼ਾਨਪੁਰ ਗਏ ਅਤੇ ਗੁਰੂ ਜੀ ਨੂੰ ਵਾਪਸ ਖਡੂਰ ਸਾਹਿਬ ਲੈ ਕੇ ਆਏ।
ਇਕ ਵਾਰੀ ਸਰਦੀ ਦੇ ਮੌਸਮ ਸਮੇਂ ਗੁਰੂ ਅਰਜਨ ਦੇਵ ਜੀ (1563-1606) ਆਪਣੇ ਕੁਝ ਸਿੱਖਾਂ ਨਾਲ ਇਸ ਇਲਾਕੇ ਵਿਚ ਘੁੰਮ ਰਹੇ ਸਨ ਤਾਂ ਅਚਾਨਕ ਮੀਂਹ ਅਤੇ ਤੂਫ਼ਾਨ ਵਿਚ ਘਿਰ ਗਏ। ਖ਼ਾਨਪੁਰ ਦੇ ਇਕ ਗ਼ਰੀਬ ਵਾਸੀ ਭਾਈ ਹੇਮਾ ਨੇ ਉਹਨਾਂ ਨੂੰ ਆਪਣੀ ਟੁੱਟੀ ਫੁੱਟੀ ਝੁੱਗੀ (ਪੰਜਾਬੀ ਵਿਚ ਛਪਰੀ) ਵਿਚ ਠਹਿਰਨ ਲਈ ਪੇਸ਼ਕਸ਼ ਕੀਤੀ। ਛਪਰੀ ਪਵਿੱਤਰ ਹੋ ਗਈ ਅਤੇ ਖ਼ਾਨਪੁਰ ‘ਖ਼ਾਨ ਛਾਪਰੀ’ ਬਣ ਗਿਆ। ਗੁਰੂ ਹਰਿਗੋਬਿੰਦ ਜੀ ਵੀ ਮਾਲਵੇ ਜਾਂਦੇ ਹੋਏ ਇੱਥੇ ਪਧਾਰੇ ਸਨ। ਉਹਨਾਂ ਦੀ ਆਮਦ ਦੀ ਯਾਦ ਵਿਚ ‘ਗੁਰਦੁਆਰਾ ਛਾਪਰੀ ਸਾਹਿਬ’ ਬਣਾਇਆ ਗਿਆ। ‘ਗੁਰਦੁਆਰਾ ਛਾਪਰੀ ਸਾਹਿਬ’ ਦੀ ਮੌਜੂਦਾ ਇਮਾਰਤ 1970 ਵਿਚ ਉਸਾਰੀ ਗਈ। ਇਸ ਇਮਾਰਤ ਵਿਚ ਸੰਗਮਰਮਰ ਦੇ ਫ਼ਰਸ਼ ਵਾਲਾ ਹਾਲ ਹੈ ਜਿਸ ਦੇ ਵਿਚਕਾਰ ਪ੍ਰਕਾਸ਼ ਅਸਥਾਨ ਹੈ। ਪ੍ਰਕਾਸ਼ ਅਸਥਾਨ ਉੱਪਰ ਇਕ ਗੁੰਬਦ ਹੈ ਜਿਸ ਉੱਪਰ ਚੀਨੀ ਮਿੱਟੀ ਦੇ ਟੁਕੜੇ ਲੱਗੇ ਹੋਏ ਹਨ ਅਤੇ ਉੱਪਰ ਸੁਨਹਿਰੀ ਕਲਸ ਲੱਗਾ ਹੋਇਆ ਹੈ। ਹਾਲ ਦੇ ਸਾਮ੍ਹਣੇ ਇਕ ਖੁੱਲ੍ਹਾ , ਸੰਗਮਰਮਰ ਵਾਲਾ ਵਿਹੜਾ ਹੈ ਅਤੇ ਇਕ ਛੋਟਾ ਜਿਹਾ ਅੱਠ ਕੋਣਾ ਸਰੋਵਰ ਹੈ। ਗੁਰਦੁਆਰੇ ਦੀ ਸੇਵਾ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਿਕ ਕਮੇਟੀ ਰਾਹੀਂ ਕੀਤੀ ਜਾਂਦੀ ਹੈ।
ਲੇਖਕ : ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First