ਖ਼ਾਲਸਾ ਨੈਸ਼ਨਲ ਪਾਰਟੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖ਼ਾਲਸਾ ਨੈਸ਼ਨਲ ਪਾਰਟੀ: ਇਸ ਪਾਰਟੀ ਦੀ ਸਥਾਪਨਾ ਸੰਨ 1936 ਈ. ਵਿਚ ਹੋਈ ਅਤੇ ਇਸ ਦੇ ਮੁੱਖ ਕਰਣਧਾਰ ਦੋ ਸਿੱਖ ਰਈਸ ਸਨ— ਸਰ ਸੁੰਦਰ ਸਿੰਘ ਮਜੀਠੀਆ ਅਤੇ ਸਰ ਜੋਗਿੰਦਰ ਸਿੰਘ। ਇਸ ਦਾ ਮੁੱਖ ਉਦੇਸ਼ ਸੀ ਅੰਗ੍ਰੇਜ਼ ਸਰਕਾਰ ਦੁਆਰਾ ਸੰਨ 1935 ਈ. ਵਿਚ ਲੈਜਿਸਲੇਟਿਵ ਅਸੈਂਬਲੀ ਦੀਆਂ ਚੋਣਾਂ ਲਈ ਤਿਆਰ ਕੀਤੀ ਗਈ ਨਵੀਂ ਸਕੀਮ ਅਨੁਸਾਰ ਪੰਜਾਬ ਦੀਆਂ ਚੋਣਾਂ ਵਿਚ ਹਿੱਸਾ ਲੈਣਾ। ਇਸ ਪਾਰਟੀ ਦਾ ਮੈਂਬਰ ਹਰ ਉਹ ਸਿੱਖ ਬਣ ਸਕਦਾ ਸੀ, ਜਿਸ ਦੀ ਉਮਰ 21 ਸਾਲ ਤੋਂ ਘਟ ਨ ਹੋਵੇ ਅਤੇ ਜੋ ਪਾਰਟੀ ਦੇ ਸਿੱਧਾਂਤਾਂ ਨੂੰ ਸਵੀਕਾਰ ਕਰੇ। ਇਸ ਪਾਰਟੀ ਦਾ ਕੇਂਦਰ ਅੰਮ੍ਰਿਤਸਰ ਵਿਚ ਰਖਿਆ ਗਿਆ। ਇਸ ਪਾਰਟੀ ਦੀ ਮੁੱਖ ਅਤੇ ਜ਼ਿਲ੍ਹਾ ਕਮੇਟੀਆਂ ਨੂੰ ਸੇਧ ਦੇਣ ਲਈ 31 ਮੈਂਬਰਾਂ ਦੀ ਇਕ ਕਾਰਜਕਾਰੀ ਕਮੇਟੀ ਬਣਾਈ ਗਈ।
ਇਸ ਪਾਰਟੀ ਦੇ ਮੁੱਖ ਉਦੇਸ਼ਾਂ ਵਿਚ ਸ਼ਾਮਲ ਸਨ— ਸਿੱਖੀ ਦੇ ਸਿੱਧਾਂਤਾਂ ਅਨੁਸਾਰ ਜੀਵਨ ਜੀਉਣਾ, ਸਵਰਾਜ ਦੀ ਪ੍ਰਾਪਤੀ ਲਈ ਉਦਮ ਕਰਨਾ, ਕਮਿਊਨਲ ਐਵਾਰਡ ਨੂੰ ਖ਼ਤਮ ਕਰਾ ਕੇ ਨਿਆਇ ਸੰਗਤ ਵਿਧੀ ਅਪਣਾਉਣ ਲਈ ਸਰਕਾਰ ਨੂੰ ਮਜ਼ਬੂਰ ਕਰਨਾ, ਜਨਤਾ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁਕਣਾ , ਵਖ ਵਖ ਧਰਮਾਂ ਵਾਲਿਆਂ ਵਿਚ ਸਦ-ਭਾਵਨਾ ਪੈਦਾ ਕਰਨਾ, ਵਿਚਾਰ ਪ੍ਰਗਟਾਉਣ ਵਿਚ ਪੂਰੀ ਆਜ਼ਾਦੀ ਹੋਣਾ, ਪਛੜੀਆਂ ਹੋਈਆਂ ਜਾਤੀਆਂ ਦੇ ਹੱਕਾਂ ਦੀ ਰਖਿਆ ਕਰਨਾ, ਟੈਕਸਾਂ ਦੇ ਭਾਰ ਨੂੰ ਘਟਾਉਣਾ, ਆਮਦਨ ਦੇ ਸਾਧਨਾਂ ਨੂੰ ਵਧਾਉਣਾ, ਜ਼ਰਾਇਤੀ ਵਸਤੂਆਂ ਲਈ ਮਾਰਕਿਟ ਦੀ ਉਚਿਤ ਵਿਵਸਥਾ ਕਰਨਾ, ਸੰਨਤ ਨੂੰ ਤਰੱਕੀ ਦੇਣਾ, ਆਮ ਵਿਦਿਆ ਅਤੇ ਤਕਨੀਕੀ ਸਿਖਿਆ ਵਿਚ ਵਿਕਾਸ ਕਰਨਾ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੀ ਉਨਤੀ ਲਈ ਯਤਨ ਕਰਨਾ, ਫ਼ੌਜ ਵਿਚ ਹਿੰਦੁਸਤਾਨੀਆਂ, ਖ਼ਾਸ ਕਰਕੇ ਸਿੱਖਾਂ, ਦੀ ਗਿਣਤੀ ਵਧਾਉਣਾ ਅਤੇ ਸਿੱਖਾਂ ਲਈ ਸਥਾਨਕ, ਪ੍ਰਾਂਤਿਕ ਅਤੇ ਕੌਮੀ ਪੱਧਰ ਉਤੇ ਪੂਰੀ ਤਰ੍ਹਾਂ ਪ੍ਰਤਿਨਿਧਤਾ ਦੀ ਵਿਵਸਥਾ ਕਰਨਾ ਆਦਿ।
ਖ਼ਾਲਸਾ ਨੈਸ਼ਨਲ ਪਾਰਟੀ ਹਰ ਉਸ ਪਾਰਟੀ ਨਾਲ ਚੋਣਾਂ ਸੰਬੰਧੀ ਤਾਲ-ਮੇਲ ਕਾਇਮ ਕਰ ਸਕਦੀ ਸੀ ਜੋ ਕਮਿਊਨਲ ਐਵਾਰਡ ਨੂੰ ਖ਼ਤਮ ਕਰਨ ਦਾ ਹੁੰਗਾਰਾ ਭਰਦੀ। ਸੰਨ 1937 ਈ. ਵਿਚ ਹੋਈਆਂ ਚੋਣਾਂ ਵਿਚ ਇਸ ਪਾਰਟੀ ਨੂੰ 33 ਸੀਟਾਂ ਵਿਚ 14 ਸੀਟਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚ 12 ਪੇਂਡੂ ਹਲਕਿਆਂ ਦੀਆਂ ਸਨ। ਬਾਕੀ ਸੀਟਾਂ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਪੇਟੇ ਪਈਆਂ। ਇਸ ਪਾਰਟੀ ਨੇ ਯੂਨੀਅਨਿਸਟ ਪਾਰਟੀ ਨੂੰ ਆਪਣਾ ਸਹਿਯੋਗ ਪ੍ਰਦਾਨ ਕੀਤਾ। ਸਿੱਟੇ ਵਜੋਂ 1 ਅਪ੍ਰੈਲ 1937 ਈ. ਨੂੰ ਬਣਾਏ ਗਏ ਮੰਤਰੀ-ਮੰਡਲ ਵਿਚ ਸਰ ਸੁੰਦਰ ਸਿੰਘ ਮਜੀਠੀਆ ਨੂੰ ਮਾਲ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ। ਉਸ ਨੇ ਕਈ ਤਰ੍ਹਾਂ ਦੇ ਸੁਧਾਰ ਲਿਆਉਣ ਦੇ ਯਤਨ ਕੀਤੇ। ਸੰਨ 1941 ਈ. ਵਿਚ ਸਰ ਸੁੰਦਰ ਸਿੰਘ ਮਜੀਠੀਆ ਦੇ ਕਾਲ-ਵਸ ਹੋਣ ਤੋਂ ਬਾਦ ਇਸੇ ਪਾਰਟੀ ਦੇ ਮੈਂਬਰ ਸ. ਦਸੌਂਧਾ ਸਿੰਘ ਨੂੰ ਮੰਤਰੀ ਬਣਾਇਆ ਗਿਆ। ਮਾਰਚ 1942 ਈ. ਵਿਚ ਅਕਾਲੀ- ਯੂਨੀਅਨਿਸਟ ਸਮਝੌਤੇ ਕਾਰਣ ਦਸੌਂਧਾ ਸਿੰਘ ਦੀ ਥਾਂ ਸ. ਬਲਦੇਵ ਸਿੰਘ ਮੰਰਤੀ ਬਣਿਆ। ਯੂਨੀਅਨਿਸਟ ਪਾਰਟੀ ਵਿਚ ਧੜੇਬੰਦੀ ਹੋ ਜਾਣ ਕਾਰਣ ਸਮਝੌਤਾ ਟੁਟ ਗਿਆ। ਅਕਾਲੀ ਪਾਰਟੀ ਨੇ ਯੂਨੀਅਨਿਸਟ ਪਾਰਟੀ ਨਾਲ ਫਿਰ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੁਸਲਿਮ ਲੀਗ ਦੀ ਚੜ੍ਹ ਮਚੀ ਅਤੇ ਜਨਵਰੀ 1946 ਈ. ਵਿਚ ਹੋਈਆਂ ਚੋਣਾਂ ਵਿਚ ਇਸ ਪਾਰਟੀ ਦਾ ਅੰਤ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਖ਼ਾਲਸਾ ਨੈਸ਼ਨਲ ਪਾਰਟੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖ਼ਾਲਸਾ ਨੈਸ਼ਨਲ ਪਾਰਟੀ: ਦੋ ਸਿੱਖ ਰਈਸਾਂ, ਸਰ ਸੁੰਦਰ ਸਿੰਘ ਮਜੀਠੀਆ ਅਤੇ ਸਰ ਜੋਗੇਂਦ੍ਰ ਸਿੰਘ ਦੁਆਰਾ 1936 ਵਿਚ ਸਥਾਪਿਤ ਕੀਤੀ ਗਈ ਸੀ। ਇਸ ਨੂੰ ਸਥਾਪਿਤ ਕਰਨ ਦਾ ਪ੍ਰਮੁਖ ਉਦੇਸ਼ ਅੰਗਰੇਜ਼ਾਂ ਦੁਆਰਾ ਭਾਰਤ ਸਰਕਾਰ ਦੇ ਐਕਟ 1935 ਅਧੀਨ ਅਰੰਭੇ ਸੁਧਾਰਾਂ ਦੀ ਨਵੀਂ ਸਕੀਮ ਅਧੀਨ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਸੀ। ਇਸ ਨੂੰ ਚਲਾਉਣ ਵਾਸਤੇ ਅਪਣਾਏ ਗਏ ਨਿਯਮਾਂ ਅਨੁਸਾਰ ਪਾਰਟੀ ਦੀ ਮੈਂਬਰਸ਼ਿਪ 21 ਸਾਲ ਤੋਂ ਵਧੇਰੇ ਉਮਰ ਦੇ ਸਭ ਵਿਅਕਤੀਆਂ ਲਈ ਖੁੱਲ੍ਹੀ ਸੀ ਜੋ ਪਾਰਟੀ ਦੇ ਸਿਧਾਂਤਾਂ, ਪ੍ਰੋਗਰਾਮਾਂ ਅਤੇ ਰੀਤੀ ਰਿਵਾਜਾਂ ਨੂੰ ਮੰਨਣ ਦੇ ਇੱਛੁਕ ਸਨ। ਪਾਰਟੀ ਦਾ ਕੇਂਦਰੀ ਸੰਗਠਨ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ। ਕੇਂਦਰ ਅਤੇ ਹਰ ਜ਼ਿਲੇ ਵਿਚਲੇ ਕੰਮ ਨੂੰ ਇਕ ਕਾਰਜਕਾਰੀ ਕਮੇਟੀ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਸੀ। ਕੇਂਦਰੀ ਕਾਰਜਕਾਰੀ ਕਮੇਟੀ ਵਿਚ ਪਾਰਟੀ ਪ੍ਰਧਾਨ ਸਮੇਤ 31 ਮੈਂਬਰਾਂ ਤੋਂ ਜ਼ਿਆਦਾ ਨਹੀਂ ਹੋ ਸਕਦੇ ਸਨ। ਹਰ ਇਕ ਜ਼ਿਲੇ ਵਿਚ ਇਕ ਪ੍ਰਧਾਨ ਅਤੇ ਇਕ ਸਕੱਤਰ ਅਹੁਦੇਦਾਰ ਹੁੰਦਾ ਸੀ ਅਤੇ ਕਾਰਜਕਾਰੀ ਕਮੇਟੀ ਵਿਚ ਜ਼ਿਲਾ ਸੰਗਠਨ ਦੁਆਰਾ ਚੁਣੇ ਘੱਟੋ-ਘੱਟ ਪੰਜ ਮੈਂਬਰ ਜ਼ਰੂਰ ਹੁੰਦੇ ਸਨ।
ਪਾਰਟੀ ਦੇ ਪੰਜ-ਨੁਕਾਤੀ ਸਿਧਾਂਤ ਇਸ ਤਰ੍ਹਾਂ ਸਨ: (1) ਸਿੱਖ ਧਰਮ ਦੇ ਆਦਰਸ਼ਾਂ ਦੇ ਬੋਧ ਲਈ ਕੰਮ ਕਰਨਾ ਜਿਵੇਂ ਸਹਿਨਸ਼ੀਲਤਾ ਦਾ ਪ੍ਰਸਾਰ , ਨਿੱਜੀ ਅਜ਼ਾਦੀ ਅਤੇ ਭਾਈਚਾਰਿਕ ਅਹਿਸਾਸ; (2) ਸਵਰਾਜ ਦੀ ਪ੍ਰਾਪਤੀ ਲਈ ਕੰਮ ਕਰਨਾ; (3) ਕਮਿਊਨਲ ਐਵਾਰਡ ਦੇ ਖ਼ਾਤਮੇ ਲਈ ਕੰਮ ਕਰਨਾ ਅਤੇ ਇਸ ਦਾ ਨਿਆਂਪੂਰਨ ਅਤੇ ਕੌਮੀ ਬਦਲ ਲੱਭਣਾ; (4) ਫਿਰਕੂ ਸਰਦਾਰੀ ਦੀ ਸਥਾਪਨਾ ਤੋਂ ਪੰਜਾਬ ਨੂੰ ਬਚਾਉਣ ਲਈ ਸਿੱਖ ਪੰਥ ਦੇ ਸਾਰੇ ਵਰਗਾਂ ਨੂੰ ਇੱਕਮੁੱਠ ਕਰਨ ਦਾ ਯਤਨ ਕਰਨਾ; ਅਤੇ (5) ਜਨ- ਸਧਾਰਨ ਦਾ ਸਮਾਜਿਕ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ ਕੰਮ ਕਰਨਾ।
ਪਾਰਟੀ ਦੇ ਪ੍ਰੋਗਰਾਮਾਂ ਦੀ ਪੰਦਰਾਂ-ਨੁਕਾਤੀ ਰੂਪ- ਰੇਖਾ ਉਲੀਕੀ ਗਈ। ਇਸ ਵਿਚ ਸ਼ਾਮਲ ਕੀਤੇ ਗਏ ਸਿਧਾਂਤ ਅਤੇ ਉਦੇਸ਼ ਇਸ ਤਰ੍ਹਾਂ ਸਨ: ਹਰ ਇਕ ਕੌਮ ਦੀ ਬੋਲਣ ਦੀ ਅਜ਼ਾਦੀ ਅਤੇ ਸਿਵਲ ਸੁਤੰਤਰਤਾ ਲਈ ਅਨੁਕੂਲ ਸਥਿਤੀ ਉਤਪੰਨ ਕਰਨਾ, ਵੱਖ-ਵੱਖ ਕੌਮਾਂ ਵਿਚਕਾਰ ਤਾਲਮੇਲ ਵਧਾਉਣਾ ਅਤੇ ਨੀਵੀਆਂ ਜਾਤਾਂ ਸਮੇਤ ਘੱਟ ਗਿਣਤੀਆਂ ਦੇ ਹਿਤਾਂ ਦੀ ਰੱਖਿਆ ਕਰਨਾ। ਆਮ ਆਰਥਿਕ ਖੇਤਰ ਵਿਚ ਜੋ ਪ੍ਰੋਗਰਾਮ ਦਿੱਤਾ ਗਿਆ ਉਹ ਇਸ ਤਰ੍ਹਾਂ ਸੀ: ਸ਼ਹਿਰੀ ਅਤੇ ਪੇਂਡੂ ਯਤਨਾਂ ਦੁਆਰਾ ਰਾਜ ਦੇ ਸਾਧਨਾਂ ਦਾ ਵਿਕਾਸ ਕਰਨਾ; ਰੇਲਵੇ ਦਾ ਆਧੁਨਿਕੀਕਰਨ; ਪ੍ਰਸ਼ਾਸਨ ਦੇ ਖਰਚੇ ਘਟਾਉਣਾ ਅਤੇ ਟੈਕਸਾਂ, ਜ਼ਮੀਨੀ ਮਾਲੀਏ ਅਤੇ ਪਾਣੀ ਦੀਆਂ ਕੀਮਤਾਂ ਦੇ ਬੋਝ ਤੋਂ ਰਾਹਤ ਦਿਵਾਉਣਾ ਅਤੇ ਕਰਜ਼ਦਾਰੀ ਤੋਂ ਰਾਹਤ ਦਿਵਾਉਣ ਲਈ ਕੰਮ ਕਰਨਾ। ਪਿੰਡਾਂ ਵਿਚ ਇਹਨਾਂ ਨੇ ਪੇਂਡੂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੇ ਆਪ ਨੂੰ ਵਚਨ-ਬੱਧ ਕੀਤਾ ਸੀ। ਇਸ ਮੰਤਵ ਹਿਤ ਕੰਮ ਕਰਨ ਦਾ ਦ੍ਰਿੜ ਨਿਸ਼ਚਾ ਕੀਤਾ ਜਿਸ ਵਿਚ ਇਹਨਾਂ ਨੇ ਵਪਾਰ ਦੇ ਤਰੀਕਿਆਂ ਵਿਚ ਸੁਧਾਰ , ਖੇਤੀਬਾੜੀ ਦੇ ਉਤਪਾਦਨ ਦੀਆਂ ਕੀਮਤਾਂ ਵਿਚ ਵਾਧਾ, ਖੇਤੀਬਾੜੀ ਲਈ ਕਰਜ਼ੇ ਦੀ ਸਹੂਲਤ ਜੁਟਾਉਣਾ, ਵੱਡੇ ਪੱਧਰ ਅਤੇ ਘਰੇਲੂ ਉਦਯੋਗ ਦਾ ਵਿਕਾਸ, ਬੇਰੁਜ਼ਗਾਰਾਂ ਨੂੰ ਨੌਕਰੀ ਲਈ ਨਵੇਂ ਰਾਹ ਖੋਲ੍ਹਣਾ ਆਦਿ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ। ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਵਿਚ ਇਸ ਪਾਰਟੀ ਨੇ ਧਾਰਮਿਕ ਕੱਟੜਤਾ ਤੋਂ ਅਜ਼ਾਦ, ਕਿੱਤਾ-ਮੁਖੀ ਅਤੇ ਉਦਯੋਗੀ ਸਿੱਖਿਆ ਪ੍ਰਦਾਨ ਕਰਨ ਅਤੇ ਗੁਰਮੁਖੀ ਲਿਪੀ ਵਿਚ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਵਿਸ਼ੇਸ਼ ਯਤਨ ਕਰਨ ਨੂੰ ਆਪਣਾ ਨਿਸ਼ਾਨਾ ਮਿਥਿਆ। ਅੰਗਰੇਜ਼ ਬਸਤੀਵਾਦੀ ਪ੍ਰਸ਼ਾਸਨ ਦੇ ਸੰਬੰਧ ਵਿਚ ਪਾਰਟੀ ਨੇ ਭਾਰਤੀ ਫ਼ੌਜ ਵਿਚ ਭਾਰਤੀ ਨਾਗਰਿਕਾਂ ਦੀ ਨਫਰੀ ਵਧਾ ਕੇ ਰੱਖਿਆ ਫ਼ੌਜਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਭਾਰਤੀਆਂ ਨੂੰ ਉੱਚੇ ਪਦਾਂ ਤੇ ਤਰੱਕੀ ਦੇਣ ਦੀ ਮੰਗ ਵੀ ਕੀਤੀ। ਪਾਰਟੀ ਨੇ ਸਿੱਖ ਕੌਮ ਦੇ ਹਿਤਾਂ ਦੀ ਰੱਖਿਆ ਲਈ ਇਹਨਾਂ ਨੂੰ ਫ਼ੌਜ ਵਿਚ ਭਰਤੀ ਕਰਨ ਅਤੇ ਇਹਨਾਂ ਦੀ ਰਾਸ਼ਟਰੀ, ਖੇਤਰੀ ਅਤੇ ਸਥਾਨਿਕ ਪੱਧਰ ਤੇ ਪ੍ਰਤਿਨਿਧਤਾ ਸੁਰੱਖਿਅਤ ਰੱਖਣ ਲਈ ਕਿਹਾ।
ਚੁਣਾਵੀ ਰਾਜਨੀਤੀ ਦੇ ਸੰਬੰਧ ਵਿਚ ਪਾਰਟੀ ਪ੍ਰੋਗਰਾਮ ਦਾ ਛੇਵਾਂ ਨੁਕਤਾ ਦੱਸਦਾ ਹੈ ਕਿ ‘‘ਖ਼ਾਲਸਾ ਨੈਸ਼ਨਲ ਪਾਰਟੀ ਕਮਿਊਨਲ ਅਵਾਰਡ ਦੇ ਖ਼ਾਤਮੇ ਤਕ , ਬਗ਼ੈਰ ਕਿਸੇ ਫਿਰਕੂ ਪਾਰਟੀ ਵਿਚ ਸ਼ਾਮਲ ਹੋਏ, ਸਮਾਨ ਉਦੇਸ਼ਾਂ ਅਤੇ ਮਨੋਰਥਾਂ ਲਈ ਕੰਮ ਕਰਨ ਵਾਲੀ ਕਿਸੇ ਵੀ ਪਾਰਟੀ ਨੂੰ ਸਹਿਯੋਗ ਦੇਵੇਗੀ।” ਇਸ ਸਿਧਾਂਤ ਨੂੰ ਸਾਮ੍ਹਣੇ ਰੱਖਦੇ ਹੋਏ ਅਤੇ ਸਮੁੱਚੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪਾਰਟੀ ਨੇ ਕੇਂਦਰੀ ਸੰਗਠਨ ਨੂੰ ਇਕ ਸੰਸਦੀ ਬੋਰਡ ਸਥਾਪਿਤ ਕਰਨ ਦਾ ਅਧਿਕਾਰ ਦਿੱਤਾ। ਇਸ ਬੋਰਡ ਦਾ ਉਦੇਸ਼ ਭਾਰਤ ਸਰਕਾਰ ਐਕਟ 1935 ਦੀ ਮਦ ਅਧੀਨ ਉਮੀਦਵਾਰਾਂ ਦੀ ਚੋਣ ਕਰਨਾ ਸੀ।
ਚੋਣਾਂ ਵਿਚ, ਪੰਜਾਬ ਵਿਧਾਨ ਸਭਾ ਵਿਚਲੀਆਂ 33 ਸਿੱਖ ਚੋਣ ਹਲਕਿਆਂ ਦੀਆਂ ਕੁੱਲ ਸੀਟਾਂ ਵਿਚੋਂ, ਖ਼ਾਲਸਾ ਨੈਸ਼ਨਲਿਸਟਾਂ ਨੇ ਚੌਦਾਂ ਸੀਟਾਂ-ਗਿਆਰ੍ਹਾਂ ਪੇਂਡੂ, ਦੋ ਸ਼ਹਿਰੀ ਅਤੇ ਇਕ ਹੋਰ (ਇਸਤਰੀਆਂ, ਜ਼ਿਮੀਦਾਰ)-ਪ੍ਰਾਪਤ ਕੀਤੀਆਂ। ਬਾਕੀ ਦੀਆਂ ਸਿੱਖ ਸੀਟਾਂ ਵੰਡੀਆਂ ਗਈਆਂ: 10 ਪੇਂਡੂ ਸ਼੍ਰੋਮਣੀ ਅਕਾਲੀ ਦਲ ਕੋਲ ਗਈਆਂ ਅਤੇ ਚਾਰ ਪੇਂਡੂ ਅਤੇ ਇਕ ਹੋਰ ਉਹਨਾਂ ਦੇ ਸਹਿਯੋਗੀ ਕਾਂਗਰਸ ਸੋਸ਼ਲਿਸਟਾਂ ਕੋਲ, ਤਿੰਨ ਪੇਂਡੂ ਅਜ਼ਾਦ ਉਮੀਦਵਾਰਾਂ ਕੋਲ ਅਤੇ ਇਕ ਪੇਂਡੂ ਸੋਸ਼ਲਿਸਟਾਂ ਕੋਲ ਗਈ। ਵਿਧਾਨ ਸਭਾ ਦੇ ਨਵੇਂ ਚੁਣੇ ਖ਼ਾਲਸਾ ਨੈਸ਼ਨਲਿਸਟ ਮੈਂਬਰਾਂ ਨੇ ਰਾਜਾ ਨਰੇਂਦਰ ਨਾਥ ਦੀ ਅਗਵਾਈ ਵਾਲੇ ਹਿੰਦੂ ਇਲੈਕਟੋਰਲ ਬੋਰਡ ਦੇ ਗਰੁੱਪ ਨਾਲ ਮਿਲ ਕੇ ਉਸ ਸਮੇਂ ਸੂਬਾਈ ਸਰਕਾਰ ਬਣਾਉਣ ਲਈ ਯੂਨੀਅਨਿਸਟ ਪਾਰਟੀ ਨਾਲ ਸਹਿਯੋਗ ਕੀਤਾ ਜੋ ਕਿ 175 ਸੀਟਾਂ ਵਿਚੋਂ 95 ਸੀਟਾਂ ਜਿੱਤਣ ਵਾਲੀ ਪੇਂਡੂ ਅਤੇ ਮੁਸਲਿਮ ਗਠਬੰਧਨ ਵਾਲੀ ਪ੍ਰਮੁਖ ਪਾਰਟੀ ਸੀ।
ਜਦੋਂ 1 ਅਪ੍ਰੈਲ 1937 ਨੂੰ ਨਵੇਂ ਮੰਤਰੀ- ਮੰਡਲ ਦਾ ਗਠਨ ਕੀਤਾ ਗਿਆ ਤਾਂ ਸਰ ਸੁੰਦਰ ਸਿੰਘ ਮਜੀਠੀਆ ਨੇ ਮਾਲ-ਮੰਤਰੀ ਵਜੋਂ ਸਹੁੰ ਚੁੱਕੀ। 1938 ਵਿਚ ਉਸਨੇ ਚਾਰ ਵੱਡੇ ਭੂਮੀ ਸੁਧਾਰ ਬਿਲਾਂ ਦੀ ਲੜੀ ਵਿਚੋਂ ਇਕ, ਗਿਰਵੀ ਜ਼ਮੀਨਾਂ ਦੀ ਬਹਾਲੀ, ਬਿੱਲ ਪੇਸ਼ ਕੀਤਾ। ਇਸ ਬਿੱਲ ਦੇ ਪੇਂਡੂ ਅਤੇ ਸ਼ਹਿਰੀ ਆਰਥਿਕ ਹਿਤਾਂ ਵਿਚਕਾਰ ਸੰਤੁਲਨ ਉੱਪਰ ਇਸ ਦੇ ਸੰਭਾਵੀ ਪ੍ਰਭਾਵਾਂ ਹਿਤ ਕੀਤੀ ਬਹਿਸ ਨੇ ਪਾਰਟੀ ਦੇ ਵਿਧਾਨ ਸਭਾ ਪ੍ਰਤਿਨਿਧਾਂ ਵਿਚ ਫੁੱਟ ਪਾ ਦਿੱਤੀ ਭਾਵੇਂ ਕਿ ਬਿੱਲ ਦੀਆਂ ਸ਼ਰਤਾ ਸਰਕਾਰ ਅਤੇ ਪਾਰਟੀ ਦੇ ਪੇਂਡੂ ਪ੍ਰਭਾਵੀ ਪ੍ਰੋਗਰਾਮਾਂ ਦੇ ਅਨੁਕੂਲ ਸਨ। ਕਿਰਸਾਣੀ ਨਾਲ ਸੰਬੰਧਿਤ ਬਿੱਲ ਪਾਸ ਕਰ ਦਿੱਤੇ ਗਏ ਪਰੰਤੂ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਨਾਲ ਮੁਸਲਮਾਨਾਂ ਦੀ ਅੱਡ ਹੋਣ ਦੀ ਮੰਗ ਅਤੇ ਲੰਮੀ ਮੁਕੱਦਮੇਬਾਜ਼ੀ ਨੇ ਇਹਨਾਂ ਦੇ ਪ੍ਰਭਾਵ ਨੂੰ ਬਹੁਤ ਸੀਮਿਤ ਕਰ ਦਿੱਤਾ ਸੀ।
ਸਿੱਖ ਰਾਜਨੀਤੀ ਵਿਚ ਇਕ ਹੋਰ ਮਹੱਤਵਪੂਰਨ ਵੰਡ 1930 ਦੇ ਅਖੀਰ ਵਿਚ ਸਾਮ੍ਹਣੇ ਆਈ ਜਦੋਂ ਯੂਨੀਅਨਿਸਟਾਂ, ਜਿਸ ਵਿਚ ਖ਼ਾਲਸਾ ਨੈਸ਼ਨਲਿਸਟ ਸ਼ਾਮਲ ਸਨ, ਦੇ ਵਿਰੋਧ ਵਿਚ ਆਰਜ਼ੀ ਤੌਰ ਤੇ ਇਕਜੁੱਟ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚ ਦੁਫੇੜ ਪੈ ਗਿਆ। 1936-37 ਦੀ ਚੋਣ ਮੁਹਿੰਮ ਦੌਰਾਨ ਅਕਾਲੀਆਂ ਨੇ ਖ਼ਾਲਸਾ ਨੈਸ਼ਨਲ ਪਾਰਟੀ ਨੂੰ ਪ੍ਰਮੁਖ ਤੌਰ ਤੇ ਚੀਫ਼ ਖ਼ਾਲਸਾ ਦੀਵਾਨ ਅਤੇ ਵੱਡੇ ਜ਼ਿਮੀਦਾਰਾਂ ਵਰਗੇ ਰੂੜ੍ਹੀਵਾਦੀ ਤੱਤਾਂ ਦੇ ਰਾਜਨੀਤਿਕ ਹਥਿਆਰ ਵਜੋਂ ਪੇਸ਼ ਕੀਤਾ। ਫਿਰ ਵੀ ਦੋਵੇਂ ਸਿੱਖ ਪਾਰਟੀਆਂ ਨੇ ਕੁਝ ਮੁਢਲੇ ਮੁੱਦਿਆਂ ਲਈ ਸਾਂਝੇ ਤੌਰ ਤੇ ਸੰਘਰਸ਼ ਕੀਤਾ, ਜਿਵੇਂ ਕਿ ਦੋਵਾਂ ਨੇ ਕਮਿਊਨਲ ਐਵਾਰਡ ਦਾ ਵਿਰੋਧ ਕੀਤਾ ਜਿਸ ਨਾਲ ਪੰਜਾਬ ਦੇ ਮੁਸਲਮਾਨਾਂ ਨੂੰ 1919 ਵਿਚ ਮੋਂਟਫ਼ੋਰਡ ਐਕਟ ਅਧੀਨ ਪਹਿਲਾਂ ਹੀ ਦਿੱਤਾ ਹੋਇਆ ਸੰਵਿਧਾਨਿਕ ਬਹੁਗਿਣਤੀ ਅਧਿਕਾਰ ਤਾਂ ਭਾਵੇਂ ਕਾਇਮ ਰਿਹਾ ਪਰ ਸਿੱਖਾਂ ਦੀ ਫ਼ੌਜ ਵਿਚ ਭਰਤੀ ਲਈ ਸਹਾਇਤਾ ਮਿਲੀ। ਦੂਜੇ ਵਿਸ਼ਵ ਯੁੱਧ ਦੇ ਅਰੰਭ ਹੋਣ ਨਾਲ ਇਹ ਇਕ ਨਿਰਨਾਜਨਕ ਪ੍ਰਸ਼ਨ ਬਣਿਆ ਜਿਸ ਨੇ ਅਕਾਲੀਆਂ ਦੇ ਕਾਂਗਰਸ ਤੋਂ ਸਹਿਯੋਗ ਵਾਪਸ ਲੈਣ ਦੇ ਫ਼ੈਸਲੇ ਹਿਤ ਯੋਗਦਾਨ ਪਾਇਆ। 1941 ਵਿਚ ਸਰ ਸੁੰਦਰ ਸਿੰਘ ਮਜੀਠੀਆ ਦੇ ਅਕਾਲ ਚਲਾਣੇ ਨਾਲ ਪਾਰਟੀ ਕਮਜ਼ੋਰ ਹੋ ਗਈ ਭਾਵੇਂ ਕਿ ਮੰਤਰੀ ਪ੍ਰੀਸ਼ਦ ਵਿਚ ਉਸ ਦੀ ਪਾਰਟੀ ਦੇ ਇਕ ਹੋਰ ਮੈਂਬਰ ਦਸੌਂਧਾ ਸਿੰਘ ਨੂੰ ਸਥਾਨ ਮਿਲ ਗਿਆ ਸੀ। ਇਹ ਆਰਜ਼ੀ ਹਾਲਾਤ ਮਾਰਚ 1942 ਦੇ ਅਖੀਰ ਵਿਚ ਖ਼ਤਮ ਹੋ ਗਏ ਜਦੋਂ ਅਕਾਲੀ ਨੇਤਾ ਬਲਦੇਵ ਸਿੰਘ ਨੇ ਇਕ ਨਵਾਂ ਅਕਾਲੀ-ਯੂਨੀਅਨਿਸਟ ਸਮਝੌਤਾ ਕਰ ਕੇ ਦਸੌਂਧਾ ਸਿੰਘ ਨੂੰ ਮੰਤਰੀ ਪ੍ਰੀਸ਼ਦ ਵਿਚੋਂ ਕੱਢ ਕੇ ਉਸ ਦੀ ਥਾਂ ਲੈ ਲਈ ਸੀ। ਖ਼ਾਲਸਾ ਨੈਸ਼ਨਲਿਸਟ ਮੈਂਬਰ ਨਵੇਂ ਪ੍ਰਬੰਧਕੀ ਗਠਬੰਧਨ ਨਾਲ ਜੁੜ ਗਏ ਜਿਹੜਾ ਮੁਸਲਿਮ ਲੀਗ ਦੇ ਜ਼ੋਰ ਫੜਨ ਕਰਕੇ ਖ਼ਾਲਸਾ ਯੂਨੀਅਨਿਸਟ ਪਾਰਟੀ ਵਿਚ ਦਰਾਰ ਪੈਣ ਕਾਰਨ ਟੁੱਟ ਗਿਆ। ਜਨਵਰੀ 1946 ਵਿਚ ਦੂਜੀਆਂ ਖੇਤਰੀ ਚੋਣਾਂ ਦੇ ਸਮੇਂ ਤਕ ਨੈਸ਼ਨਲਿਸਟ ਪਾਰਟੀ ਪੰਜਾਬ ਵਿਚੋਂ ਅਲੋਪ ਹੋ ਗਈ।
ਲੇਖਕ : ਜੀ.ਆਰ.ਥਰ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First