ਦਮਦਮਾ ਸਾਹਿਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਮਦਮਾ ਸਾਹਿਬ [ਨਿਪੁ] ਗੁਰੂ ਗੋਬਿੰਦ ਸਿੰਘ ਨਾਲ਼ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਜੋ ਤਲਵੰਡੀ ਸਾਬੋ ਕੀ ਦੇ ਨੇੜੇ ਸਥਿਤ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਦਮਦਮਾ ਸਾਹਿਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਮਦਮਾ ਸਾਹਿਬ. ਸਤਿਗੁਰੂ ਦੇ ਵਿਰਾਜਣ ਦਾ ਉੱਚਾ ਬੁਰਜ , ਥੜਾ (ਚਬੂਤਰਾ) ਖ਼ਾ ਕਰਕੇ ਇਸ ਨਾਮ ਦੇ ਪ੍ਰਸਿੱਧ ਗੁਰਧਾਮ ਇਹ ਹਨ:—
(੧) ਰਿਆਸਤ ਪਟਿਆਲਾ , ਨਜਾਮਤ ਬਰਨਾਲਾ, ਤਸੀਲ ਭਟਿੰਡਾ, ਥਾਣਾ ਰਾਮਾ ਦੇ ਪਿੰਡ ਸਾਬੋਕੀ ਤਲਵੰਡੀ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ , ਜਿਸ ਨੂੰ ਸਿੱਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ. ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇੱਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਸ੍ਵਾਮੀ ਦਾ ਦਰਸ਼ਨ ਕਰਨ ਆਏ. ਦਸ਼ਮੇਸ਼ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਣ ਪਾਠ ਲਿਖਵਾਇਆ.1 ਫੂਲਵੰਸ਼ ਦੇ ਰਤਨ ਤਿਲੋਕ ਸਿੰਘ ਅਤੇ ਰਾਮ ਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਤੋਂ ਅਮ੍ਰਿਤ ਪਾਨ ਕੀਤਾ. ਜੰਗਲ ਨੂੰ ਸਰਸਬਜ਼ ਕਰਨ ਲਈ ਨਹਿਰਾਂ ਦਾ ਵਰ ਭੀ ਇਸੇ ਥਾਂ ਬਖ਼ਸ਼ਿਆ ਹੈ. ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਜ਼ਾਦਪੁਰ ਦੇ ਹੱਥ ਹੈ.2
ਇੱਥੇ ਵੈਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ. ਗੁਰਪੁਰ ਨਿਵਾਸੀ ਸੰਤ ਅਤਰ ਸਿੰਘ ਜੀ ਨੇ ਇਸ ਗੁਰਧਾਮ ਦੀ ਬਹੁਤ ਸੇਵਾ ਕਰਵਾਈ ਹੈ. ਦਮਦਮਾ ਸਾਹਿਬ ਸਿੱਖ ਲਿਖਾਰੀਆਂ ਅਤੇ ਗ੍ਯਾਨੀਆਂ ਦੀ ਟਕਸਾਲ ਹੈ. ਮਹਾਰਾਜਾ ਨਾਭਾ ਵੱਲੋਂ ਸੌ ਰੁਪਯਾ ਮਹੀਨਾ ਲੰਗਰ ਲਈ ਮਿਲਦਾ ਹੈ.
ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਮਾਈਸਰਖਾਨੇ ਤੋਂ ਦਸ ਮੀਲ ਦੱਖਣ ਪੱਛਮ ਹੈ, ਰਾਮਾ ਸਟੇਸ਼ਨ ਬੀ.ਬੀ. ਐਂਡ ਸੀ. ਆਈ ਰੇਲਵੇ ਤੋ. ਸੱਤ ਮੀਲ ਹੈ.
ਇਸ ਪਿੰਡ (ਤਲਵੰਡੀ ਸਾਬੋ) ਵਿੱਚ ਡੱਲ ਸਿੰਘ ਨੂੰ ਬਖ਼ਸ਼ੀਆਂ ਗੁਰੁ ਵਸਤੂਆਂ, ਸਰਦਾਰ ਸ਼ਮਸ਼ੇਰ ਸਿੰਘ ਪਾਸ ਇਹ ਹਨ:—
ਇੱਕ ਖੜਗ , ਦੋ ਦਸਤਾਰਾਂ, ਦੋ ਚੋਲੇ, ਦੋ ਪਜਾਮੇ, ਇੱਕ ਬਾਜ਼ ਦਾ ਡੋਰਾ , ਇਨ੍ਹਾਂ ਵਸਤਾਂ ਦਾ ਦਰਸ਼ਨ ਹਰੇਕ ਚਾਨਣੀ ਦਸਮੀ ਨੂੰ ਹੁੰਦਾ ਹੈ. ਦੇਖੋ, ਡੱਲਾ ੨.
ਇੱਥੇ ਹੋਰ ਗੁਰਅਸਥਾਨ ਇਹ ਹਨ:—
(ੳ) ਜੰਡਸਰ. ਪਿੰਡ ਤੋਂ ਅੱਧ ਮੀਲ ਉੱਤਰ ਦਸ਼ਮ ਗੁਰੂ ਜੀ ਦਾ ਅਸਥਾਨ, ਇੱਥੇ ਬੈਠਕੇ ਗੁਰੂ ਸਾਹਿਬ ਨੇ ਨੌਕਰਾਂ ਨੂੰ ਤਨਖ਼੍ਵਾਹ ਵੰਡੀ. ਜਿਸ ਜੰਡ ਨਾਲ ਘੋੜਾ ਬੱਧਾ ਸੀ ਉਹ ਹੁਣ ਮੌਜੂਦ ਹੈ.
(ਅ) ਟਿੱਬੀ ਸਾਹਿਬ. ਪਿੰਡ ਤੋਂ ਅੱਧ ਮੀਲ ਉੱਤਰ ਸ਼੍ਰੀ ਦਸ਼ਮੇਸ਼ ਜੀ ਦਾ ਉਹ ਅਸਥਾਨ, ਜਿੱਥੇ ਹੋਲਾ ਮਹੱਲਾ ਖੇਡਿਆ ਸੀ. ਇਸ ਦੇ ਪਾਸ ਦੇ ਸਰੋਵਰ ਦਾ ਨਾਉਂ ਮਹੱਲਸਰ ਹੈ.
(ੲ) ਮੰਜੀ ਸਾਹਿਬ. ਇਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੌ ਦਿਨ ਵਿਰਾਜੇ ਸਨ. ਵਡੇ ਦਰਬਾਰ ਪਾਸ ਸੁਨਹਿਰੀ ਕਲਸ ਵਾਲਾ ਗੁਰਦ੍ਵਾਰਾ ਬਣਿਆ ਹੋਇਆ ਹੈ.
(ਸ) ਮੰਜੀ ਸਾਹਿਬ ਨੰ: ੨. ਗੁਰੂਸਰ ਸਰੋਵਰ ਦੇ ਦੱਖਣ ਵੱਲ ਗੁਰੂ ਤੇਗਬਹਾਦੁਰ ਸਾਹਿਬ ਦਾ ਅਸਥਾਨ. ਇਹ ਤਾਲ ਖੁਦਵਾਉਣ ਸਮੇਂ ਸਤਿਗੁਰੂ ਨੇ ਆਪਣੇ ਦੋਸ਼ਾਲੇ ਵਿੱਚ ਕਾਰ ਕੱਢੀ ਸੀ.
(ਹ) ਲਿੱਖਣਸਰ. ਵਡੇ ਦਰਬਾਰ ਦੇ ਪਾਸ ਹੀ ਪੂਰਵ ਵੱਲ ਦਸ਼ਮੇਸ਼ ਦਾ ਅਸਥਾਨ ਹੈ. ਕਲਗੀਧਰ ਇੱਥੇ ਲਿੱਖਣਾਂ (ਕਲਮਾਂ) ਘੜਕੇ ਫਰਮਾਇਆ ਕਰਦੇ ਸਨ ਕਿ ਇਹ ਵਿਦ੍ਯਾ ਦੀ ਟਕਸਾਲ ਹੋਵੇਗੀ. ਯਥਾ—
ਇਹ ਹੈ ਪ੍ਰਗਟ ਹਮਾਰੀ ਕਾਸੀ।
ਪੜ੍ਹਹੈਂ ਇਹਾਂ ਢੋਰ ਮਤਿਰਾਸੀ।
ਲੇਖਕ ਗੁਨੀ ਕਵਿੰਦ ਗਿਆਨੀ ।
ਬੁੱਧਿਸਿੰਧੁ ਹ੍ਵੈਹੈਂ ਇਤ ਆਨੀ।।
ਤਿਨ ਕੇ ਕਾਰਨ ਕਲਮ ਗਢ, ਦੇਤ ਪ੍ਰਗਟ ਹਮ ਡਾਰ ,
ਸਿੱਖ ਸਖਾ ਇਤ ਪੜ੍ਹੈਂਗੇ ਹਮਰੇ ਕਈ ਹਜ਼ਾਰ.
(ਗੁਵਿ ੧੦)
(੨) ਪਿੰਡ ਕਾਂਵਾਂ ਤੋਂ ਅੱਧ ਮੀਲ ਦੇ ਕ਼ਰੀਬ ਉੱਤਰ ਪੱਛਮ ਅਤੇ ਖਡੂਰ ਤੋਂ ਦੋ ਕੋਹ ਦੱਖਣ ਪੂਰਬ ਗੁਰੂ ਅਮਰਦਾਸ ਸਾਹਿਬ ਦਾ ਅਸਥਾਨ, ਜਿੱਥੋਂ ਤੀਕ ਪਿਛਲਖੁਰੀਂ ਬਿਆਸ (ਵਿਪਾਸ਼ਾ) ਦਾ ਜਲ ਗੁਰੂ ਅੰਗਦ ਸਾਹਿਬ ਦੇ ਸਨਾਨ ਲਈ ਲਿਆਉਣ ਜਾਇਆ ਕਰਦੇ ਸਨ.
(੩) ਵਡਾਲੀ ਤੋਂ ਇੱਕ ਫਰਲਾਂਗ ਦੱਖਣ, ਛੀਵੇਂ ਸਤਿਗੁਰੂ ਦਾ ਚਬੂਤਰਾ, ਜਿੱਥੇ ਇੱਕ ਸੂਰ ਮਾਰਕੇ ਵਿਸ਼੍ਰਾਮ ਕੀਤਾ ਸੀ.
(੪) ਸ਼੍ਰੀ ਹਰਿਗੋਬਿੰਦਪੁਰੇ ਛੀਵੇਂ ਸਤਿਗੁਰੂ ਦਾ ਅਸਥਾਨ, ਜਿੱਥੇ ਦਿਵਾਨ ਲਾਇਆ ਕਰਦੇ ਸਨ.
(੫) ਊਂਨੇ ਪਾਸ ਬਾਗ਼ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ.
(੬) ਕੀਰਤਪੁਰ ਵਿੱਚ ਗੁਰੂ ਹਰਿਰਾਇ ਸਾਹਿਬ ਦੇ ਦੀਵਾਨ ਦਾ ਅਸਥਾਨ.
(੭) ਗੁਰੂ ਤੇਗਬਹਾਦੁਰ ਜੀ ਦਾ ਆਸਾਮ ਵਿੱਚ ਧੂਬੜੀ ਨਗਰ ਪਾਸ ਉੱਚਾ ਦਮਦਮਾ, ਜੋ ਬ੍ਰਹਮਪੁਤ੍ਰ ਦੇ ਕਿਨਾਰੇ ਹੈ. ਦੇਖੋ, ਧੂਬਰੀ.
(੮) ਅਮ੍ਰਿਤਸਰ ਮਾਲਮੰਡੀ ਪਾਸ ਗੁਰੂ ਤੇਗ ਬਹਾਦੁਰ ਸਾਹਿਬ ਦੇ ਵਿਰਾਜਣ ਦਾ ਅਸਥਾਨ. ਇਸ ਥਾਂ ਕੁਝ ਸਮਾਂ ਠਹਿਰਕੇ ਗੁਰੂ ਸਾਹਿਬ ਵੱਲੇ ਗਏ ਹਨ.
(੯) ਆਨੰਦਪੁਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਰਾਜਣ ਦਾ ਅਸਥਾਨ.
(੧੦) ਦਿੱਲੀ ਵਿੱਚ ਦਸ਼ਮੇਸ਼ ਦਾ ਪਵਿਤ੍ਰ ਅਸਥਾਨ. ਦੇਖੋ, ਦਿੱਲੀ ੬.
(੧੧) ਦੇਖੋ, ਰਕਬਾ ੪. ***
(੧੨) ਦੇਖੋ, ਡੋਗਰੀ ੨.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਮਦਮਾ ਸਾਹਿਬ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦਮਦਮਾ ਸਾਹਿਬ: ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿਚ ਸਥਿਤ ਇਕ ਗੁਰੂ-ਧਾਮ ਜੋ ਸਿੱਖ ਧਰਮ ਦਾ ਪੰਜਵਾਂ ਤਖ਼ਤ ਵੀ ਮੰਨਿਆ ਜਾਂਦਾ ਹੈ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰ. 32 ਮਿਤੀ 18 ਨਵੰਬਰ 1966 ਈ. ਪਾਸ ਕੀਤਾ ਹੋਇਆ ਹੈ। ਇਸ ਗੁਰੂ- ਧਾਮ ਦੇ ਨਾਂ ਤੇ ਹੁਣ ਨਗਰ ਦਾ ਨਾਂ ਵੀ ਇਹੀ ਹੋ ਗਿਆ ਹੈ। ਤਲਵੰਡੀ ਸਾਬੋ ਦੇ ਨਾਂ ਨਾਲ ਜਾਣੇ ਜਾਂਦੇ ਇਸ ਨਗਰ ਦਾ ਮਹੱਤਵ ਇਸ ਕਰਕੇ ਹੈ ਕਿ ਇਥੋਂ ਦੇ ਨਿਵਾਸੀ ਚੌਧਰੀ ਡੱਲੇ ਨਾਂ ਦੇ ਸਿੱਖ ਦੇ ਪ੍ਰੇਮ ਕਾਰਣ ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ ਸਾਢੇ ਨੌਂ ਮਹੀਨੇ ਇਥੇ ਨਿਵਾਸ ਕੀਤਾ। ਰਵਾਇਤ ਹੈ ਕਿ ਦਸਮ ਗੁਰੂ ਜੀ ਨੇ ਨੌਵੇਂ ਗੁਰੂ ਜੀ ਦੀ ਬਾਣੀ ਨੂੰ ਗ੍ਰੰਥ ਸਾਹਿਬ ਵਿਚ ਇਥੇ ਹੀ ਭਾਈ ਮਨੀ ਸਿੰਘ ਹੱਥੀਂ ਸ਼ਾਮਲ ਕਰਵਾ ਕੇ ਪੁਨਰ-ਸੰਪਾਦਨ ਕੀਤਾ। ਉਹ ਬੀੜ ਹੁਣ ‘ਦਮਦਮੀ ਬੀੜ’ (ਵੇਖੋ) ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਜਗ੍ਹਾ ਨੂੰ ਗੁਰੂ ਸਾਹਿਬ ਨੇ ਸਿੱਖਾਂ ਦੀ ਕਾਸ਼ੀ ਵਜੋਂ ਮਾਨਤਾ ਦਿੱਤੀ ਸੀ। ਇਥੇ ਹੀ ਦਿੱਲੀ ਤੋਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੋਵਾਂ ਜੀ ਗੁਰੂ ਜੀ ਦੇ ਦਰਸ਼ਨ ਲਈ ਭਾਈ ਮਨੀ ਸਿੰਘ ਦੇ ਨਾਲ ਆਏ ਸਨ। ਫੂਲ-ਵੰਸ਼ ਦੇ ਰਾਮੇ ਅਤੇ ਤਿਲੋਕੇ ਨੇ ਇਥੇ ਹੀ ਗੁਰੂ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ ਅਤੇ ਮਾਲਵਾ ਖੇਤਰ ਦੇ ਰਾਜੇ ਬਣਨ ਦਾ ਵਰ ਪ੍ਰਾਪਤ ਕੀਤਾ। ਇਥੇ ਹੀ ਗੁਰੂ ਜੀ ਨੇ ਮਾਲਵੇ ਦੇ ਜੰਗਲ ਨੂੰ ਉਪਜਾਊ ਧਰਤੀ ਵਿਚ ਬਦਲਣ ਦਾ ਵਰਦਾਨ ਦਿੱਤਾ ਸੀ। ਇਸ ਧਰਮ -ਧਾਮ ਉਤੇ ਗੁਰੂ ਸਾਹਿਬ ਦੀ ਇਕ ਬੰਦੂਕ ਸੁਰਖਿਅਤ ਹੈ, ਜਿਸ ਦਾ ਸੰਬੰਧ ਭਾਈ ਡੱਲੇ ਦੀ ਪਰਖ ਨਾਲ ਜੋੜਿਆ ਜਾਂਦਾ ਹੈ। ਗੁਰੂ ਸਾਹਿਬ ਦੀ ਇਕ ਕ੍ਰਿਪਾਨ ਅਤੇ ਇਕ ਸ਼ੀਸ਼ਾ ਵੀ ਪਿਆ ਹੋਇਆ ਹੈ। ਇਥੇ ਬਾਬਾ ਦੀਪ ਸਿੰਘ ਦਾ ਇਕ ਖੜਗ ਵੀ ਸੁਰਖਿਅਤ ਹੈ। ਇਥੇ ਰਹਿ ਕੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ ਅਤੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਨੂੰ ਟਕਸਾਲ ਕਾਇਮ ਕਰਨ ਲਈ ਆਦੇਸ਼ ਦਿੱਤੇ ।
ਦਮਦਮਾ ਸਾਹਿਬ ਵਿਚ ਹੇਠ ਲਿਖੇ ਧਰਮ-ਧਾਮ ਅਤੇ ਸਰੋਵਰ ਹਨ :
(1) ਗੁਰਦੁਆਰਾ ਮੰਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਿਸ਼ਾਹੀ ਨੌਵੀਂ ਜਿਸ ਨੂੰ ‘ਦਰਬਾਰ ਸਾਹਿਬ ’ ਵੀ ਕਹਿੰਦੇ ਹਨ। ਇਥੇ ਗੁਰੂ ਤੇਗ ਬਹਾਦਰ ਜੀ ਮਾਲਵਾ ਪ੍ਰਦੇਸ਼ ਦੀ ਪ੍ਰਚਾਰ ਯਾਤ੍ਰਾ ਵੇਲੇ ਠਹਿਰੇ ਸਨ ਅਤੇ ਸੰਗਤ ਨੂੰ ਧਰਮ-ਉਪਦੇਸ਼ ਦਿੱਤਾ ਸੀ।
(2) ਗੁਰੂਸਰ ਸਰੋਵਰ—ਇਸ ਸਰੋਵਰ ਦੀ ਖੁਦਾਈ ਗੁਰੂ ਤੇਗ ਬਹਾਦਰ ਜੀ ਨੇ ਕਰਵਾਈ ਸੀ ਅਤੇ ਬਾਦ ਵਿਚ ਦਸਮ ਗੁਰੂ ਜੀ ਨੇ ਇਸ ਨੂੰ ਹੋਰ ਡੂੰਘਾ ਕਰਵਾਇਆ।
(3) ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਨੌਵੀਂ ਅਤੇ ਦਸਵੀਂ— ਇਥੇ ਗੁਰੂ ਤੇਗ ਬਹਾਦਰ ਜੀ ਨੇ ‘ਗੁਰੂਸਰ ’ ਦੀ ਖੁਦਾਈ ਦੇ ਕੰਮ ਦੀ ਨਿਗਰਾਨੀ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਵੀ ਇਸ ਥਾਂ ਉਤੇ ਪਧਾਰੇ ਸਨ। ਇਸ ਦੀ ਵਰਤਮਾਨ ਇਮਾਰਤ ਬੁੰਗਾ ਮਸਤੂਆਣਾ ਦੇ ਸੰਤ ਸੇਵਕ ਜੱਥੇ ਨੇ ਬਣਵਾਈ ਹੈ।
(4) ਤਖ਼ਤ ਸ੍ਰੀ ਦਮਦਮਾ ਸਾਹਿਬ— ਉਹ ਸਥਾਨ ਜਿਥੇ ਗੁਰੂ ਗੋਬਿੰਦ ਸਿੰਘ ਹਰ ਰੋਜ਼ ਦੀਵਾਨ ਸਜਾ ਕੇ ਜਿਗਿਆਸੂਆਂ ਨੂੰ ਉਪਦੇਸ਼ ਦਿੰਦੇ ਸਨ। ਇਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਤਿਆਰ ਕੀਤੀ ਗਈ ਸੀ।
(5) ਗੁਰਦੁਆਰਾ ਨਿਵਾਸ ਅਸਥਾਨ ਦਮਦਮਾ ਸਾਹਿਬ ਪਾਤਿਸ਼ਾਹੀ ਦਸਵੀਂ— ਦਰਬਾਰ ਸਾਹਿਬ ਦੇ ਨੇੜੇ ਇਕ ਬੁਰਜ-ਨੁਮਾ ਇਮਾਰਤ ਜਿਥੇ ਦਸਮ ਗੁਰੂ ਜੀ ਦਾ ਨਿਵਾਸ ਸੀ।
(6) ਗੁਰਦੁਆਰਾ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ —ਜਿਥੇ ਦੋਵੇਂ ਮਾਤਾਵਾਂ ਠਹਿਰੀਆਂ ਸਨ।
(7) ਗੁਰਦੁਆਰਾ ਲਿਖਣਸਰ—ਇਥੇ ਇਕ ਟੋਭੇ ਦੇ ਕੰਢੇ ਬੈਠ ਕੇ ਦਸਮ ਗੁਰੂ ਜੀ ਕਲਮਾਂ ਘੜ ਘੜ ਕੇ ਟੋਭੇ ਵਿਚ ਸੁਟਦੇ ਜਾਂਦੇ ਸਨ ਅਤੇ ਫੁਰਮਾਂਦੇ ਸਨ ਕਿ ਇਹ ਥਾਂ ਕਦੇ ਵਿਦਵਾਨਾਂ ਦੀ ਟਕਸਾਲ ਬਣੇਗੀ।
(8) ਗੁਰਦੁਆਰਾ ਜੰਡਸਰ— ਤਖ਼ਤ ਸਾਹਿਬ ਤੋਂ ਅਧੇ ਕਿ.ਮੀ. ਦੀ ਵਿਥ ਉਤੇ ਉਹ ਥਾਂ ਜਿਥੇ ਦਸਮ ਗੁਰੂ ਜੀ ਨੇ ਯੋਧਿਆਂ ਨੂੰ ਤਨਖ਼ਾਹ ਵੰਡੀ ਸੀ।
(9) ਟਿੱਬੀ ਸਾਹਿਬ— ਮਹੱਲਸਰ ਦੇ ਨੇੜੇ ਜਿਥੇ ਗੁਰੂ ਜੀ ਨੇ ਹੋਲਾ ਮਹੱਲਾ ਖੇਡਿਆ ਸੀ।
(10) ਨਾਨਕਸਰ—ਤਖ਼ਤ ਸਾਹਿਬ ਅਤੇ ਜੰਡਸਰ ਦੇ ਵਿਚਾਲੇ ਇਕ ਸਥਾਨ ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਕਿਸੇ ਉਦਾਸੀ ਵੇਲੇ ਆ ਕੇ ਰੁਕੇ ਸਨ।
(11) ਬੁਰਜ ਬਾਬਾ ਦੀਪ ਸਿੰਘ—ਤਖ਼ਤ ਸਾਹਿਬ ਦੇ ਨੇੜੇ ਇਕ ਬੁਰਜ ਜੋ ਬਾਬਾ ਦੀਪ ਸਿੰਘ ਜੀ ਨੇ ਉਸਾਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਨੂੰ ਕੀਤੇ ਪ੍ਰਸਥਾਨ ਤੋਂ ਬਾਦ ਬਾਬਾ ਜੀ ਇਸ ਸਥਾਨ ਉਤੇ ਰਹਿ ਕੇ ਗੁਰੂ-ਧਾਮਾਂ ਦੀ ਦੇਖ-ਭਾਲ ਕਰਦੇ ਸਨ।
(12) ਸਮਾਧ ਭਾਈ ਡੱਲ ਸਿੰਘ— ਤਖ਼ਤ ਸਾਹਿਬ ਦੇ ਨੇੜੇ ਉਹ ਥਾਂ ਜਿਥੇ ਚੌਧਰੀ ਡੱਲਾ ਦਾ ਸਸਕਾਰ ਕੀਤਾ ਗਿਆ ਸੀ।
(13) ਥੜਾ ਸਾਹਿਬ ਭਾਈ ਬੀਰ ਸਿੰਘ ਅਤੇ ਧੀਰ ਸਿੰਘ—ਬੁਰਜ ਬਾਬਾ ਦੀਪ ਸਿੰਘ ਦੇ ਨੇੜੇ ਉਹ ਥਾਂ ਜਿਥੇ ਦੋ ਰੰਘਰੇਟੇ ਸਿੱਖਾਂ (ਪਿਉ-ਪੁੱਤਰਾਂ) ਨੇ ਗੁਰੂ ਜੀ ਦੁਆਰਾ ਨਵੀਂ ਬੰਦੂਕ ਦਾ ਨਿਸ਼ਾਣਾ ਪਰਖਣ ਲਈ ਆਪਣੇ ਆਪ ਨੂੰ ਹੋੜ ਨਾਲ ਪੇਸ਼ ਕੀਤਾ ਸੀ।
ਉਪਰੋਕਤ ਸਾਰੇ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ।
ਇਨ੍ਹਾਂ ਤੋਂ ਇਲਾਵਾ ਸੰਨ 1923 ਈ. ਵਿਚ ਸੰਤ ਅਤਰ ਸਿੰਘ ਦੁਆਰਾ ਉਸਾਰਿਆ ਗਿਆ ‘ਬੁੰਗਾ ਮਸਤੂਆਣਾ ਸਾਹਿਬ’ ਵੀ ਮਹੱਤਵਪੂਰਣ ਸਥਾਨ ਹੈ ਜਿਥੇ ਨੌਜਵਾਨ ਸਿੰਘਾਂ ਨੂੰ ਸਿੱਖ ਧਰਮ ਦਾ ਗਿਆਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਬੁੰਗੇ ਵੀ ਬਣੇ ਹੋਏ ਹਨ, ਜਿਵੇਂ ਮਲਵਈ ਬੁੰਗਾ, ਮਦਰਸਾ ਬੁੰਗਾ, ਝੰਡਾ ਬੁੰਗਾ , ਰਵਿਦਾਸੀਆਂ ਦਾ ਬੁੰਗਾ, ਗਿਆਨੀਆਂ ਦਾ ਬੁੰਗਾ ਆਦਿ।
ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਵਣੀ ਵੀ ਵਿਸ਼ੇਸ਼ ਉੱਲੇਖਯੋਗ ਸਥਾਨ ਹੈ। ਚੌਧਰੀ ਡੱਲੇ ਦੇ ਵੰਸ਼ਜਾਂ ਪਾਸ ਦਸਮ ਗੁਰੂ ਜੀ ਦੀਆਂ ਬਖ਼ਸ਼ੀਆਂ ਕੁਝ ਇਤਿਹਾਸਿਕ ਵਸਤੂਆਂ ਸੰਭਾਲੀਆਂ ਹੋਈਆਂ ਹਨ, ਜਿਵੇਂ ਇਕ ਖੜਗ, ਦੋ ਦਸਤਾਰਾਂ, ਦੋ ਚੋਲੇ , ਦੋ ਪਜਾਮੇ, ਬਾਜ਼ ਦਾ ਇਕ ਡੋਰਾ ਆਦਿ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First