ਬੂਟਿੰਗ ਪ੍ਰਕਿਰਿਆ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Booting Process

ਜਦੋਂ ਅਸੀਂ ਕੰਪਿਊਟਰ ਨੂੰ ਚਾਲੂ ਕਰਦੇ ਹਾਂ ਤਾਂ ਕੁਝ ਸਕਿੰਟਾਂ ਲਈ ਅਜਿਹਾ ਲੱਗਦਾ ਹੈ ਕਿ ਕੰਪਿਊਟਰ ਕੁਝ ਵੀ ਨਹੀਂ ਕਰ ਰਿਹਾ। ਕੰਪਿਊਟਰ ਵਿੱਚ ਉਸ ਸਮੇਂ ਕੁਝ ਗਤੀਵਿਧੀਆਂ ਚਾਲੂ ਹੋ ਜਾਂਦੀਆਂ ਹਨ ਤਾਂ ਜੋ ਅਸੀਂ ਇਸ ਨੂੰ ਵਰਤੋਂ ਵਿੱਚ ਲਿਆ ਸਕੀਏ। ਇਹਨਾਂ ਗਤੀਵਿਧੀਆਂ ਨੂੰ ਆਮ ਕਰਕੇ ਕੰਪਿਊਟਰ ਦੀ ਬੂਟਿੰਗ ਕਿਹਾ ਜਾਂਦਾ ਹੈ। ਇਹਨਾਂ ਗਤੀਵਿਧੀਆਂ ਵਿੱਚ ਬੂਟ ਪ੍ਰੋਸੈਸ ਤੋਂ ਇਲਾਵਾ ਇਕ ਹੋਰ ਕੰਮ ਵੀ ਸ਼ਾਮਿਲ ਹੈ।

ਬੂਟ ਪ੍ਰੋਸੈਸ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹਾਰਡਵੇਅਰ ਹਿੱਸਿਆਂ ਦਾ ਨਿਰੀਖਣ ਹੁੰਦਾ ਹੈ ਕਿ ਉਹ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ। ਇਸ ਨੂੰ ਪਾਵਰ ਆਨ ਸੈਲਫ ਟੈਸਟ (POST) ਕਹਿੰਦੇ ਹਨ।

ਬੂਟਿੰਗ ਲਈ ਡੌਸ ਦੀਆਂ ਤਿੰਨ ਜ਼ਰੂਰੀ ਫਾਈਲਾਂ ਮੇਨ ਮੈਮਰੀ ਵਿੱਚ ਲੋਅਡ ਹੁੰਦੀਆਂ ਹਨ। ਇਹ ਫਾਈਲਾਂ ਹਨ:

·•IO. SYS

·•MSDOS.SYS (ਜਾਂ IBMDOS.SYS)

·•COMMAND.COM

ਇਸ ਤਰ੍ਹਾਂ ਬੂਟਿੰਗ ਲਈ ਲੜੀਬੱਧ ਕਿਰਿਆਵਾਂ ਹੁੰਦੀਆਂ ਹਨ। ਬੂਟਿੰਗ ਪ੍ਰੋਸੈਸ ਲਈ ਵੱਖ-ਵੱਖ ਕਦਮ ਇਸ ਪ੍ਰਕਾਰ ਉਠਾਏ ਜਾਂਦੇ ਹਨ:

ਕੰਪਿਊਟਰ ਰੋਮ ਵਿੱਚ ਸਟੋਰ ਹਦਾਇਤਾਂ ਦੀ ਵਰਤੋਂ ਬੂਟਿੰਗ ਲਈ ਕਰਦਾ ਹੈ। ਇਹ ਕੰਪਿਊਟਰ ਨੂੰ ਡਰਾਈਵ A ਤੋਂ ਡਰਾਈਵ C ਤਕ (ਇਸ ਕ੍ਰਮ ਨੂੰ ਬਦਲ ਸਕਦੇ ਹਾਂ) ਡੌਸ ਫਾਈਲਾਂ ਨੂੰ ਲੱਭਣ ਲਈ ਨਿਰਦੇਸ਼ਨ ਕਰਦਾ ਹੈ।

ਆਮ ਕਰਕੇ ਲੱਭਣ ਦੇ ਕ੍ਰਮ ਅਤੇ ਹੋਣ ਵਾਲੇ ਕਾਰਜ ਹੇਠ ਲਿਖੇ ਢੰਗਾਂ ਨਾਲ ਹੁੰਦੇ ਹਨ:

(i) ਡੌਸ ਫਾਈਲਾਂ ਨੂੰ ਪਹਿਲਾਂ ਡਰਾਈਵ A ਵਿੱਚ ਲੱਭਿਆ ਜਾਂਦਾ ਹੈ। ਜੇ ਮਿਲ ਜਾਣ ਤਾਂ ਡਰਾਈਵ A ਨੂੰ ਕਰੰਟ ਡਰਾਈਵ ਮੰਨ ਲਿਆ ਜਾਂਦਾ ਹੈ।

(ii) ਜੇ ਡੌਸ ਦੀਆਂ ਫਾਈਲਾਂ A ਵਿੱਚ ਨਾ ਮਿਲਣ ਤਾਂ C ਵਿੱਚ ਲੱਭਿਆ ਜਾਂਦਾ ਹੈ। ਜੇ ਫਾਈਲਾਂ C ਵਿੱਚ ਮਿਲ ਜਾਣ ਤਾਂ C ਨੂੰ ਕਰੰਟ ਡਰਾਈਵ ਮੰਨਿਆ ਜਾਂਦਾ ਹੈ। ਬਾਕੀ ਡਰਾਈਵਜ਼ ਲਈ ਵੀ ਇਹ ਪ੍ਰਕਿਰਿਆ ਅਪਣਾਈ ਜਾਂਦੀ ਹੈ।

(iii) ਜੇ ਡੌਸ ਫਾਈਲਾਂ ਕਿਸੇ ਡਰਾਈਵ ਵਿੱਚ ਨਾ ਮਿਲਣ ਤਾਂ ਹੇਠ ਲਿਖਿਆ ਤਰੁੱਟੀ ਸੰਦੇਸ਼ ਪ੍ਰਦਰਸ਼ਿਤ      ਹੋਵੇਗਾ:

Non-System disk or disk error

(iv) ਜੇ ਫਲੌਪੀ A ਡਰਾਈਵ ਵਿੱਚ ਹੋਵੇ ਪਰ ਇਸ ਵਿੱਚ DOS ਫਾਈਲਾਂ ਨਾ ਹੋਣ ਤਾਂ C ਡਰਾਈਵ ਵਿੱਚ ਫਾਈਲਾਂ ਨੂੰ ਨਹੀਂ ਲੱਭਿਆ ਜਾਂਦਾ। ਹੇਠਲਾ ਤਰੁੱਟੀ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ:

Non System disk or disk error

Replace and press any key when ready

ਇਸ ਲਈ ਹਦਾਇਤ ਕੀਤੀ ਜਾਂਦੀ ਹੈ ਕਿ ਜਾਂ ਤਾਂ DOS ਫਾਈਲਾਂ ਫਲੌਪੀ ਵਿੱਚ ਹੀ ਹੋਣ ਜਾਂ ਫਲੌਪੀ ਨੂੰ ਡਰਾਈਵ A ਵਿੱਚ ਦਾਖ਼ਲ ਨਾ ਕਰੋ।

ਇਕ ਵਾਰ DOS ਫਾਈਲਾਂ ਕਿਸੇ ਡਰਾਈਵ ਵਿੱਚ ਲੱਭ ਪੈਣ ਤਾਂ ਸਭ ਤੋਂ ਪਹਿਲਾਂ ਇਸ ਦਾ ਬੂਟ ਸੈਕਟਰ (ਇਹ ਸਭ ਤੋਂ ਪਹਿਲਾ ਸੈਕਟਰ ਹੈ) ਪੜ੍ਹਿਆ ਜਾਂਦਾ ਹੈ। ਬੂਟ ਸੈਕਟਰ ਵਿੱਚ ਬੂਟ ਸਟਰੈਪ ਲੋਅਡਰ ਨਾਂ ਦਾ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਬੂਟਿੰਗ ਲਈ ਵੱਖ-ਵੱਖ ਹਦਾਇਤਾਂ ਹੁੰਦੀਆਂ ਹਨ। ਇਹ ਪ੍ਰੋਗਰਾਮ ਕੰਪਿਊਟਰ ਦੀ ਮੇਨ ਮੈਮਰੀ ਵਿੱਚ ਲੋਅਡ ਹੋ ਜਾਂਦਾ ਹੈ ਅਤੇ ਇਸ ਦੀਆਂ ਹਦਾਇਤਾਂ ਹੇਠ ਲਿਖੀ ਲੜੀ ਵਿੱਚ ਪਾਲਨ ਹੁੰਦੀਆਂ ਹਨ:

i) ਸਭ ਤੋਂ ਪਹਿਲਾਂ ਬੂਟ ਸੈਕਟਰ ਦੀਆਂ ਹਦਾਇਤਾਂ ਕੰਪਿਊਟਰ ਨੂੰ ਦੋ ਛੁਪਾਈਆਂ ਗਈਆਂ ਫਾਈਲਾਂ IO.SYS ਅਤੇ MS DOS.SYS ਨੂੰ ਮੇਨ ਮੈਮਰੀ ਵਿੱਚ ਲੋਅਡ ਕਰਨ ਲਈ ਨਿਰਦੇਸ਼ ਦਿੰਦੀਆਂ ਹਨ।

ii) ਦੂਜੇ ਕਦਮ ਵਿੱਚ ਕਰੰਟ ਡਰਾਈਵ ਦੀ ਮੇਨ ਜਾਂ ਰੂਟ ਡਾਇਰੈਕਟਰੀ ਵਿੱਚ CONFIG.SYS ਫਾਈਲ ਨੂੰ ਲੱਭਿਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੰਪਿਊਟਰ ਸਿਸਟਮ ਨੂੰ ਰੂਪ ਦੇਣ (ਕੌਨਫੀਗਰ ਕਰਨ) ਲਈ ਕੋਈ ਖ਼ਾਸ ਹਦਾਇਤਾਂ ਤਾਂ ਨਹੀਂ ਹਨ। ਇਹ ਫਾਈਲ ਉਸ ਵਿੱਚ ਹੋ ਵੀ ਸਕਦੀ ਹੈ ਤੇ ਨਹੀਂ ਵੀ।

iii) ਤੀਸਰੇ ਕਦਮ ਵਿੱਚ COMMAND.COM ਫਾਈਲ ਮੁੱਖ ਮੈਮਰੀ ਵਿੱਚ ਲੋਅਡ ਹੁੰਦੀ ਹੈ। ਇਸ ਫਾਈਲ ਵਿੱਚ ਅੰਦਰੂਨੀ DOS ਕਮਾਂਡਾਂ ਅਤੇ I/O ਪ੍ਰੋਸੈਸਿੰਗ ਵਿਸ਼ੇਸ਼ਤਾਵਾਂ ਹੁੰਦੀਆਂ ਹਨ। 

iv) ਚੌਥੇ ਕਦਮ ਵਿੱਚ ਫਾਈਲ AUTO EXE.BAT ਦੀ ਭਾਲ ਕੀਤੀ ਜਾਂਦੀ ਹੈ। ਜੇ ਮਿਲ ਜਾਵੇ ਤਾਂ ਇਸ ਫਾਈਲ ਦੇ ਭਾਗ ਪਾਲਨ ਹੁੰਦੇ ਹਨ। ਇਸ ਫਾਈਲ ਵਿੱਚ ਉਹਨਾਂ ਆਦੇਸ਼ਾਂ ਬਾਰੇ ਜਾਣਕਾਰੀ ਹੁੰਦੀ ਹੈ ਜੋ ਵਰਤੋਂਕਾਰ ਚਾਹੁੰਦਾ ਹੈ ਕਿ ਬੂਟਿੰਗ ਸਮੇਂ ਆਪਣੇ ਆਪ ਪਾਲਨ ਹੋ ਜਾਣ।

v) ਅੰਤਿਮ ਕਦਮ ਵਿੱਚ ਡਰਾਈਵ ਨੇਮ ਨੂੰ (ਜਿਸ ਤੋਂ ਬਾਅਦ C:\>ਚਿੰਨ੍ਹ ਹੁੰਦਾ ਹੈ) ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਆਮ ਕਰਕੇ ਇਹ C ਡਰਾਈਵ ਹੁੰਦੀ ਹੈ। ਇਸ ਲਈ C:\> ਚਿੰਨ੍ਹ ਪ੍ਰਦਰਸ਼ਿਤ ਹੋਵੇਗਾ।

ਇਸ ਚਿੰਨ੍ਹ ਨੂੰ ਡੌਸ ਪਰਾਮਟ ਕਹਿੰਦੇ ਹਨ ਤੇ ਇਹ ਦੱਸਦਾ ਹੈ ਕਿ ਕੰਪਿਊਟਰ ਕੰਮ ਕਰਨ ਲਈ ਤਿਆਰ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.